Friday, January 30, 2009

ਗੁਰਨਾਮ ਗਿੱਲ ਦਾ ਅੰਗਰੇਜ਼ੀ ਨਾਵਲ Life Under One Roof ਰਿਲੀਜ਼


----------------------------------
ਲੇਖਕ ਗੁਰਨਾਮ ਗਿੱਲ ਦਾ ਅੰਗਰੇਜ਼ੀ ਨਾਵਲ ' ਲਾਈਫ਼ ਅੰਡਰ ਵਨ ਰੂਫ਼' ਰਿਲੀਜ਼
ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ ਦੀ ਫਗਵਾੜਾ ਬ੍ਰਾਂਚ ਵਲੋਂ ਗੁਰਨਾਮ ਗਿੱਲ ਦਾ ਨਵਾਂ ਨਾਵਲ ਰਿਲੀਜ਼ ਕੀਤਾ ਗਿਆ। ਇਹ ਨਾਵਲ ਅੰਗਰੇਜ਼ੀ ਵਿੱਚ ਹੈ; ਟਾਈਟਲ ਹੈ LIFE UNDER ONE ROOF

ਹੇਠਲੀ ਤਸਵੀਰ ਵਿੱਚ ਖੱਬੇ ਪਾਸੇ ਮਿਸਿਜ਼ ਤੇਜਿੰਦਰ ਕੌਰ ਗਿੱਲ ਨਾਵਲ ਦੀ ਕਾਪੀ ਜਲੰਧਰ ਦੇ ਡਿਪਟੀ ਕਮਿਸ਼ਨਰ ਸ: ਅਜੀਤ ਸਿੰਘ ਪੰਨੂ ਨੂੰ ਭੇਂਟ ਕਰਦੇ ਹੋਏ ਦੇਖੇ ਜਾ ਸਕਦੇ ਹਨ। ਸੱਜੀ ਤਸਵੀਰ ਵਿੱਚ ਅਮਰਜੀਤ ਸਿੰਘ ਸਮਰਾ MLA ਸਾਬਕਾ ਕੈਬਿਨਟ ਮਨਿਸਟਰ ਪੰਜਾਬ ਗੁਰਨਾਮ ਗਿੱਲ ਨੂੰ ਸਨਮਾਨਿਤ ਕਰਦੇ ਹੋਏ। ਨਾਲ਼ ਸੁਖਚੈਨ ਸਿੰਘ ਗਿੱਲ SSP ਖੜੇ ਦਿਖਾਈ ਦੇ ਰਹੇ ਹਨ।

ਜਸਵਿੰਦਰ ਸਿੰਘ (ਪ੍ਰਧਾਨ)




Tuesday, January 20, 2009

ਸ਼ਾਇਰ ਦਵਿੰਦਰ ਪੂਨੀਆ ਦੀਆਂ ਦੋ ਕਿਤਾਬਾਂ ਸਮਰਾਲ਼ਾ ਵਿੱਚ ਰਿਲੀਜ਼





ਸ਼ਾਇਰ ਦਵਿੰਦਰ ਪੂਨੀਆ ਦੀਆਂ ਦੋ ਕਿਤਾਬਾਂ ਸਮਰਾਲ਼ਾ ਵਿੱਚ ਰਿਲੀਜ਼

ਮਿਤੀ 11 ਜਨਵਰੀ 2009 ਨੂੰ ਸੈਕੰਡਰੀ ਸ੍ਕੂਲ ਸਮਰਾਲਾ ਵਿਖੇ ਕੈਨੇਡਾ ਵਸਦੇ ਸ਼ਾਇਰ ਦਵਿੰਦਰ ਪੂਨੀਆ ਦੀਆਂ ਦੋ ਕਾਵਿ ਕਿਤਾਬਾਂ ‘ਕਿ ਗ਼ਲਤ ਹੈ ਕਿ ਸਹੀ’ (ਗ਼ਜ਼ਲ ਅਤੇ ਤ੍ਰਿਵੇਣੀ ਸੰਗ੍ਰਹਿ) ਅਤੇ ‘ਚਿਹਰਿਆਂ ਦੇ ਲੈਂਡਸਕੇਪ’ (ਨਜ਼ਮ ਸੰਗ੍ਰਹਿ) ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਪ੍ਰੋ. ਬਲਦੀਪ, ਡਾ. ਗੁਲਜ਼ਾਰ ਮੁਹੰਮਦ ਗੌਰੀਆ, ਸ. ਅਮਰਜੀਤ ਸਾਥੀ, ਸ.ਗੁਰਮੀਤ ਸੰਧੂ, ਸ੍ਰੀ ਸੁਭਾਸ਼ ਕਲਾਕਾਰ, ਸ੍ਰੀ ਸਤੀਸ਼ ਗੁਲਾਟੀ, ਸ੍ਰੀ ਸੁਰਿੰਦਰ ਰਾਮਪੁਰੀ ਅਤੇ ਸ੍ਰੀ ਐੱਸ. ਨਸੀਮ ਆਦਿ ਸਾਹਿਤਕਾਰਾਂ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਤੇ ਇਲਾਕੇ ਦੇ ਉੱਘੇ ਲੇਖਕ, ਬੁਧੀਜੀਵੀ, ਪਤਵੰਤੇ ਸੱਜਣਾਂ ਤੋਂ ਬਿਨਾ ਸ਼ਾਇਰ ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਅਤੇ ਦੋਸਤ ਵੀ ਹਾਜ਼ਰ ਸਨ।

ਪ੍ਰੋ. ਹਮਦਰਦਵੀਰ ਨੇ ਪੇਪਰ ਪੜ੍ਹਿਆ ਅਤੇ ਦੋਵੇਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾ ਨੇ ਦਵਿੰਦਰ ਨੂੰ ਨਵੀਂ ਕਿਸਮ ਦਾ ਸ਼ਇਰ ਕਿਹਾ ਅਤੇ ਖਾਸ ਤੌਰ ਤੇ ਤ੍ਰਿਵੇਣੀਆਂ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰੋ. ਬਲਦੀਪ ਨੇ ਉਸਦੀਆਂ ਨਜ਼ਮਾਂ ਬਾਰੇ ਦੱਸਿਆ ਕਿ ਕਵੀ ਵਿਚ ਅੰਤਰ ਮਨ ਦੀ ਪੀੜਾ ਵੀ ਹੈ ਅਤੇ ਸੁੱਖਾਂ ਦੇ ਸੰਭਾਵੀ ਸੁਨੇਹੇ ਵੀ ਹਨ। ਗੌਰੀਆ ਸਾਹਿਬ ਨੇ ਗ਼ਜ਼ਲਾਂ ਅਤੇ ਤ੍ਰਿਵੇਣੀਆਂ ਵਿਚਲੀ ਨਵੀਨਤਾ ਦੀ ਗੱਲ ਕੀਤੀ। ਪ੍ਰੋ. ਦਲਜੀਤ ਰਿਆਇਤ ਨੇ ਨਜ਼ਮਾਂ ਦੇ ਨਵੇਂ ਅਰਥਾਂ ਬਾਰੇ ਚਾਨਣਾ ਪਾਇਆ। ਸੁਭਾਸ਼ ਕਲਾਕਾਰ ਨੇ ਉਸਨੂੰ ਸ਼ਾਇਰੀ ਦੇ ਮੈਦਾਨ ਦਾ ਨਵਾਂ ਸਿਪਾਹੀ ਕਿਹਾ। ਐੱਸ. ਨਸੀਮ ਨੇ ਗ਼ਜ਼ਲ ਬਾਰੇ ਪਰਚਾ ਪੜ੍ਹਿਆ ਅਤੇ ਸ਼ਇਰ ਨੂੰ ਸੰਭਾਵਨਾ ਭਰਪੂਰ ਦੱਸਿਆ। ਨਿਰੰਜਨ ਸੂਖਮ, ਜਗਤਾਰ ਸੇਖਾ,ਅਮਰਜੀਤ ਸਾਥੀ, ਗਗਨਦੀਪ ਸ਼ਰਮਾ ਅਤੇ ਉੱਘੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਦਵਿੰਦਰ ਬਾਰੇ ਅਤੇ ਉਸਦੇ ਕਾਵਿ ਬਾਰੇ ਵਿਚਾਰ ਭਰਪੂਰ ਚਰਚਾ ਵਿਚ ਹਿੱਸਾ ਪਾਇਆ।

ਇਸ ਮੌਕੇ ਤੇ ਦਵਿੰਦਰ ਨੇ ਆਪਣੀਆਂ ਪੁਸਤਕਾਂ ਆਪਣੀ ਪਤਨੀ ਸ੍ਰੀਮਤੀ ਹਰਸ਼ਪਿੰਦਰ ਪੂਨੀਆ ਅਤੇ ਆਪਣੇ ਪਿਤਾ ਸ: ਚੂਹੜ ਸਿੰਘ ਅਤੇ ਮਾਤਾ ਸ੍ਰੀਮਤੀ ਚਰਨਜੀਤ ਕੌਰ ਨੂੰ ਭੇਟ ਕੀਤੀਆਂ। ਇਹ ਕਿਤਾਬ ਰਿਲੀਜ਼ ਸਮਾਗਮ ਯਾਦਗਾਰੀ ਹੋ ਨਿੱਬੜਿਆ। ਲੇਖਕ ਦਵਿੰਦਰ ਪੂਨੀਆ ਵੱਲੋਂ ਇਸ ਮੌਕੇ ਤੇ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਹੈ।

Sunday, January 18, 2009

"ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਹਾਲ" ਦੀ ਚੋਣ ਸਰਬਸੰਮਤੀ ਨਾਲ ਹੋਈ

ਰਿਪੋਰਟ: ਅਜ਼ੀਮ ਸ਼ੇਖਰ

ਭਾਰਤ ਤੋਂ ਬਾਹਰ ਦੂਸਰੇ ਪੰਜਾਬ ਦੇ ਨਾਂ ਨਾਲ ਜਾਣੇ ਜਾਂਦੇ ਪ੍ਰਸਿੱਧ ਇਲਾਕੇ ਸਾਊਥਹਾਲ (ਲੰਡਨ) ਵਿੱਚ ਸਾਹਿਤਕ ਗਤੀਵਿਧੀਆਂ ਨੂੰ ਮੁੱਖ ਰੱਖਦਿਆਂ ਪਿਛਲੇ ਦਿਨੀਂ ਇਥੋਂ ਦੇ ਲੇਖਕਾਂ ਦੀ ਚੋਣ ਲਈ ਭਰਵੀਂ ਮੀਟਿੰਗ ਹੋਈ। ਜਿਸ ਵਿੱਚ 'ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਹਾਲ' ਨਾਂ ਦੀ ਨਵੀਂ ਸਾਹਿਤਕ ਜਥੇਬੰਦੀ ਹੋਂਦ ਵਿੱਚ ਆਈ। ਇਸ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਸਮੂਹ ਲੇਖਕਾਂ ਵੱਲੋਂ ਨਵੇਂ ਆਹੁਦੇਦਾਰਾਂ ਦੀ ਚੋਣ ਇਸ ਪ੍ਰਕਾਰ ਕੀਤੀ ਗਈ :-


ਜਾਣੇ ਪਛਾਣੇ ਸ਼੍ਰੋਮਣੀ ਸਾਹਿਤਕਾਰ ਸਰਵ ਸ੍ਰੀ ਪ੍ਰੀਤਮ ਸਿੱਧੂ ਨੂੰ ਪ੍ਰਧਾਨ, ਨੌਜਵਾਨ ਸ਼ਾਇਰ ਅਜ਼ੀਮ ਸ਼ੇਖਰ ਜਨਰਲ ਸਕੱਤਰ, ਸਹਾਇਕ ਸਕੱਤਰ ਰਾਜਿੰਦਰਜੀਤ ਅਤੇ ਖਜ਼ਾਨਚੀ ਮਨਪ੍ਰੀਤ ਸਿੰਘ ਬੱਧਨੀਕਲਾਂ।
ਇਸ ਤੋਂ ਬਿਨਾਂ ਕਾਰਜਕਾਰਨੀ ਕਮੇਟੀ ਵਿੱਚ ਮਾਣਯੋਗ ਸ੍ਰੀ ਹਰਜੀਤ ਅਟਵਾਲ, ਸ੍ਰੀ ਅਵਤਾਰ ਉੱਪਲ, ਸ਼੍ਰੋਮਣੀ ਸਾਹਿਤਕਾਰ ਸ਼੍ਰੀ ਸ਼ਿਵਚਰਨ ਗਿੱਲ, ਕੁਲਵੰਤ ਕੌਰ ਢਿੱਲੋਂ, ਰਾਜਿੰਦਰ ਕੌਰ, ਸੁਖਬੀਰ ਸੋਢੀ ਅਤੇ ਸ੍ਰੀ ਰਣਧੀਰ ਸੰਧੂ ਦੀ ਚੋਣ ਕੀਤੀ ਗਈ । ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਲੇਖਕਾ ਡਾ: ਅਮਰਜਯੋਤੀ, ਜੱਗੀ ਕੁੱਸਾ ਅਤੇ ਮਨਦੀਪ ਖੁਰਮੀ ਵੀ ਹਾਜ਼ਰ ਸਨ। ਲੇਖਕਾਂ ਅਤੇ ਪਾਠਕਾਂ ਦੇ ਸੰਪਰਕ ਲਈ ਛੇਤੀ ਹੀ "ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਹਾਲ" ਦੀ ਇੱਕ ਵੈੱਬ-ਸਾਈਟ ਤਿਆਰ ਕਰਕੇ ਸਭਾ ਦੇ ਉਦੇਸ਼ਾਂ ਅਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ।

Tuesday, January 13, 2009

ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮੀਟਿੰਗ ਰਿਪੋਰਟ

ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਮੀਟਿੰਗ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸਮਰਪਤ

ਰਿਪੋਰਟ: ਜਰਨੈਲ ਸਿੰਘ ਸੇਖਾ

ਸਰੀ, ਕੈਨੇਡਾ :-11 ਜਨਵਰੀ, 09 ਨੂੰ ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤ੍ਰਤਾ, ਡਾ. ਦਰਸ਼ਨ ਗਿੱਲ ਅਤੇ ਜਰਨੈਲ ਸਿੰਘ ਦੀ ਸੰਚਾਲਨਾ ਹੇਠ, ਨਿਊਟਨ ਲਾਇਬ੍ਰੇਰੀ ਸਰ੍ਹੀ ਵਿਚ ਹੋਈ। ਗਿਆਰਾਂ ਜਨਵਰੀ ਮੇਵਾ ਸਿੰਘ ਲਪੋਕੇ ਦਾ ਸਹੀਦੀ ਦਿਨ ਹੋਣ ਕਰਕੇ ਸੋਹਣ ਸਿੰਘ ਪੂਨੀ ਨੇ ਉਹਨਾਂ ਦੀ ਜੀਵਨੀ ‘ਤੇ ਚਾਨਣ ਪਾਉਂਦਿਆਂ, ਉਹਨਾਂ ਕਾਰਨਾਂ ਬਾਰੇ ਦੱਸਿਆ ਕਿ ਉਹਨਾਂ ਕਿਉਂ ਹਾਪਕਿਨਸਨ ਦਾ ਕਤਲ ਕੀਤਾ ਅਤੇ ਆਪ ਹੱਸਦਿਆਂ ਫਾਂਸੀ ਦਾ ਰੱਸਾ ਚੁੰਮਿਆ ।

ਪਿਛਲੇ ਹਫ਼ਤੇ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਚਿਤ੍ਰਕਾਰ ਕੰਵਰ ਇਮਤਿਆਜ਼ ਇਸ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜਰਨੈਲ ਸਿੰਘ ਸੇਖਾ ਨੇ ਸ਼ਰਧਾਂਜਲੀ ਵਜੋਂ ਉਹਨਾਂ ਬਾਰੇ ਕੁਝ ਸ਼ਬਦ ਬੋਲੇ ਅਤੇ ਉਸ ਮਗਰੋਂ ਸਾਰਿਆਂ ਖੜ੍ਹੇ ਹੋ ਕੇ ਦੋਹਾਂ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ।

ਚੰਡੀਗੜ੍ਹ ਤੋਂ ਆਏ ਪ੍ਰੋ. ਦਵਿੰਦਰਜੀਤ ਕੌਰ ਅਤੇ ਉਹਨਾਂ ਦੇ ਪਤੀ ਐਡਵੋਕੇਟ ਬਲਬੀਰ ਸਿੰਘ ਦਾ ਪਹਿਲੀ ਵਾਰ ਮੰਚ ਦੀ ਮੀਟਿੰਗ ਵਿਚ ਆਉਣ ‘ਤੇ ਮੰਚ ਮੈਂਬਰਾਂ ਵੱਲੋ ਸੁਆਗਤ ਕੀਤਾ ਗਿਆ।

ਇਸ ਵਾਰ ਦੇ ਭਾਸ਼ਨ ਵਿਚ ਸਾਧੂ ਬਿਨਿੰਗ ਨੇ ਮੰਚ ਮੈਂਬਰਾਂ ਨਾਲ ਆਪਣੀ ਚੀਨ ਯਾਤਰਾ ਦੇ ਅਨੁਭਵ ਸਾਂਝੇ ਕੀਤੇ। ਸਾਧੂ ਨੇ ਦੱਸਿਆ ਕਿ ਸਫਾਈ ਪੱਖੋਂ, ਸੰਸਾਰ ਦਾ ਹੋਰ ਕੋਈ ਸ਼ਹਿਰ, ਚੀਨੀ ਸ਼ਹਿਰਾਂ ਦਾ ਮਕਾਬਲਾ ਨਹੀਂ ਕਰ ਸਕਦਾ। ਧਰਮ ਦਾ ਦਿਖਾਵਾ ਕਿਤੇ ਨਹੀਂ ਦਿਸਦਾ। ਉੱਥੇ ਬੋਲਣ ਦੀ ਅਜ਼ਾਦੀ ਹੈ ਬਸ਼ਰਤੇ ਕਿ ਸਰਕਾਰ ਦੇ ਬਰਖ਼ਲਾਫ਼ ਕੁਝ ਨਾ ਬੋਲਿਆ ਜਾਂਦਾ ਹੋਵੇ। ਲੋਕਾਂ ਵਿਚ ਕੰਮ ਕਰਨ ਦੀ ਲਗਨ ਹੈ। ਨੌਜਵਾਨ ਤਬਕਾ ਕੰਮ ਪ੍ਰਤੀ ਉਤਸ਼ਾਹ ਵਿਚ ਰਹਿੰਦਾ ਹੈ। ਅੰਤਰਰਾਸ਼ਟਰੀ ਕਾਰਪੋਰੇਸ਼ਨਾਂ ਉੱਥੇ ਮਨ-ਆਈ ਨਹੀਂ ਕਰ ਸਕਦੀਆਂ। ਸਰਕਾਰ ਦਾ ਪ੍ਰਬੰਧ ਉਪਰ ਪੂਰਾ ਕੰਟਰੋਲ ਹੈ। ਲੋਕਾਂ ਦਾ ਆਪਣੀ ਬੋਲੀ ਪ੍ਰਤੀ ਮੋਹ ਅਥਾਹ ਹੈ।ਦੇਖਣ ਨੂੰ ਸਰਮਾਈਦਾਰੀ ਢਾਂਚਾ ਹੀ ਜਾਪਦਾ ਹੈ। ਕਮਿਊਨਿਸਟ ਵਰਤਾਰੇ ਵਰਗੀ ਗੱਲ ਕਿਤੇ ਨਹੀਂ ਦਿਸਦੀ। ਅਮੀਰੀ-ਗਰੀਬੀ ਦਾ ਪਾੜਾ ਉੱਥੇ ਸਾਫ ਨਜ਼ਰ ਆਉਂਦਾ ਹੈ। ਉੱਥੇ ਵੇਸਵਾਵ੍ਰਿਤੀ ਵੀ ਹੈ। ਸਾਧੂ ਨੇ ਮੈਂਬਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਬੜੇ ਠਰ੍ਹੰਮੇ ਨਾਲ ਦਿੱਤੇ।

ਉਸ ਤੋਂ ਮਗਰੋਂ ਹਰਪ੍ਰੀਤ ਸੇਖਾ ਨੇ ਆਪਣੀ ਲੰਮੀ ਕਹਾਣੀ ‘ਸ਼ਨੁੱਕ’ ਸੁਣਾਈ। ਕਹਾਣੀ ਉਪਰ ਟਿੱਪਣੀ ਕਰਦਿਆਂ ਅਮਰਜੀਤ ਚਾਹਲ ਨੇ ਕਿਹਾ ਕਿ ਕਹਾਣੀ ਭਾਵੇਂ ਲੰਮੀ ਹੈ ਪਰ ਅਕੇਵਾਂ ਨਹੀਂ ਸਿਰਜਦੀ। ਸਾਧੂ ਬਿਨਿੰਗ ਨੇ ਕਿਹਾ ਕਿ ਕਹਾਣੀ ਔਰਤ ਦੇ ਰਿਸ਼ਤਿਆਂ ਤੋਂ ਅਗਾਂਹ ਦੀ ਸਮੱਸਿਆ ਵੱਲ ਧਿਆਨ ਦਵਾਉਂਦੀ ਹੈ। ਅਜਮੇਰ ਦੇ ਵਿਚਾਰ ਵਿਚ ਕਹਾਣੀ ਸਧਾਰਨ ਸੀ ਪਰ ਪਾਤਰਾਂ ਦੀ ਮਨੋਅਵਸਥਾ ਨੂੰ ਬਹੁਤ ਸੁਹਣੇ ਢੰਗ ਨਾਲ ਬਿਆਨ ਕੀਤਾ ਹੈ। ਹਰਬੰਸ ਢਿੱਲੋਂ ਦਾ ਖਿਆਲ ਸੀ ਕਿ ਜਿਹੜੇ ਮਸਲੇ ਅੱਜ ਓਪਰੇ ਜਾਪਦੇ ਹਨ ਸਮਾਂ ਪਾ ਕੇ ਇਹੋ ਸਧਾਰਨ ਬਣ ਜਾਣਗੇ।

ਫਿਰ ਅਮਰੀਕ ਪਲਾਹੀ ਨੇ ਆਪਣੀ ਕਵਿਤਾ ‘ਮੈਂ ਇਕੱਲਾ ਨਹੀਂ ਹਾਂ’ ਵਿਚ ਮੁਨੱਖ ਦੇ ਮਨ ਦੇ ਅੰਦਰਲੇ ਤੇ ਬਾਹਰਲੇ ਕਿਰਦਾਰ ਦੀ ਸੋਚ ਨੂੰ ਬਿਆਨਿਆ।

ਗੁਰਦਰਸ਼ਨ ਬਾਦਲ ਨੇ ਆਪਣੀ ਗ਼ਜ਼ਲ ਸੁਣਾਈ। ਨਰਿੰਦਰ ਬਾਈਆ ਨੇ ਆਪਣੀ ਕਵਿਤਾ ਵਿਚ ਮਾਂ ਤੇ ਬੱਚੇ ਦੇ ਆਪੋ ਵਿਚ ਵਾਰਤਾਲਾਪ ਰਾਹੀਂ ਮਾਂ ਪਿਆਰ ਦੀ ਗੱਲ ਕੀਤੀ। ਨਿਰਮਲ ਕੌਰ ਗਿੱਲ ਨੇ ਇਕ ਸੋਗੀ ਕਵਿਤਾ ਸੁਣਾ ਕੇ ਕੁਝ ਸਮੇ ਲਈ ਮਾਹੌਲ ਨੂੰ ਸੋਗਮਈ ਬਣਾ ਦਿੱਤਾ।

ਅਜਮੇਰ ਰੋਡੇ ਨੇ ਬਹੁਤ ਸਾਰੇ ਅੰਗਰੇਜ਼ੀ ਕਵੀਆਂ ਦੀਆਂ ਕਵਿਤਾਵਾਂ ਨੂੰ ਅਨੁਵਾਦਿਆ ਹੈ। ਉਸ ਨੇ ਆਇਰਲੈਂਡ ਦੀ ਕਵਿਤਰੀ ਡਿਆਂਡਰਾਓ ਦੀ ਇਕ ਕਵਿਤਾ ਦਾ ਅਨੁਵਾਦ ਸੁਣਾਇਆ।

ਹਰਜੀਤ ਦੌਧਰੀਆ ਨੇ ਆਪਣਾ ਇਕ ਮਿੰਨੀ ਲੇਖ ‘ਸਾਹਿਤ ਤੇ ਸਿਆਸਤ’ ਪੜ੍ਹਿਆ। ਉਹਨਾਂ ਦੇ ਲੇਖ ਦਾ ਸਾਰ ਤੱਤ ਇਹ ਸੀ ਕਿ ਚੰਗਾ ਸਾਹਿਤ ਪੜ੍ਹਨ ਵਾਲੇ ਸਿਆਸੀ ਪਾਠਕ ਸਿਆਸਤ ਤੋਂ ਸਾਹਿਤ ਵੱਲ ਮੋੜਾ ਪਾ ਲੈਂਦੇ ਹਨ। ਉਹਨਾਂ ਗੋਰਕੀ ਦੀ ਮਿਸਾਲ ਦੇ ਕੇ ਦੱਸਿਆ ਕਿ ਕਈ ਸਾਹਿਤਕਾਰ ਸਾਹਿਤ ਤੋਂ ਸਿਆਸਤ ਵੱਲ ਵੀ ਮੋੜਾ ਕੱਟ ਲੈਂਦੇ ਹਨ। ਦੌਧਰੀਏ ਦੀ ਇਕ ਨਜ਼ਮ ਵੀ ਇਹੋ ਪ੍ਰਭਾਵ ਛੱਡਦੀ ਸੀ ।

ਨਦੀਮ ਪਰਮਾਰ ਨੇ ਗਾਜ਼ਾ ਪੱਟੀ ਵਿਚ ਹੋਏ ਕਹਿਰ ਨੂੰ ਦਰਸਾਉਂਦੀ ਇਕ ਨਜ਼ਮ ਸੁਣਾ ਕੇ ਨਾਲ ਹੀ ਇਕ ਛੋਟੇ ਬਹਿਰ ਦੀ ਉਰਦੂ ਗ਼ਜ਼ਲ ਸੁਣਾਈ। ਮਤਲਾ ਸੀ:-

“ਗ਼ਮੇ ਆਰਜ਼ੂ ਸਲਾਮ ਤੁਝੇ। ਹਾਸਲੇ-ਜੁਸਤਜੂ ਸਲਾਮ ਤੁਝੇ।”

ਅੰਤ ਵਿਚ ਸਾਧੂ ਬਿਨਿੰਗ ਨੇ ਸੂਚਨਾ ਦਿੱਤੀ ਕਿ ਪਲੀਅ (ਪੰਜਾਬੀ ਭਾਸ਼ਾ ਨਾਲ ਸਬੰਧਤ ਸੰਸਥਾ) ਵੱਲੋਂ ਪੰਦਰਾਂ ਫਰਵਰੀ ਨੂੰ ਪੰਜਾਬੀ ਦਿਵਸ ਮਨਾਇਆ ਜਾ ਰਿਹਾ ਹੈ। ਪੰਜਾਬੀ ਪਿਆਰਿਆਂ ਨੂੰ ਇਸ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ।

ਪਹਿਲੀ ਫਰਵਰੀ ਨੂੰ ਮੁੜ ਇਸੇ ਥਾਂ ਤੇ ਇਸੇ ਸਮੇਂ ਮੁੜ ਮਿਲਣ ਦੇ ਇਕਰਾਰ ਨਾਲ ਸਭਾ ਦੀ ਸਮਾਪਤੀ ਕੀਤੀ ਗਈ।

ਸੰਚਾਲਕ:

ਡਾ. ਦਰਸ਼ਨ ਗਿੱਲ 604 582 3865

ਜਰਨੈਲ ਸਿੰਘ ਸੇਖਾ 604 543 8721

Wednesday, December 24, 2008

ਬਲਬੀਰ ਮੋਮੀ ਦੀ ਕਿਤਾਬ 'ਧਰਤ ਪਰਾਈ ਆਪਣੇ ਲੋਕ' ਰਿਲੀਜ਼ ਸਮਾਗਮ

‘ਧਰਤ ਪਰਾਈ ਆਪਣੇ ਲੋਕ’ ਕਿਤਾਬ ਦੀ ਘੁੰਡ ਚੁਕਾਈ ਰਸਮ

ਰਿਪੋਰਟ: ਸੁਰਿੰਦਰ ਪਾਮਾ

ਬਰੈਂਪਟਨ, ਕੈਨੇਡਾ : ਰਾਇਲ ਇੰਡੀਆ ਬੈਕੁੰਅਟ ਹਾਲ ਬਰੈਂਪਟਨ ਵਿਚ ਉਘੇ ਲੇਖਕ ਬਲਬੀਰ ਸਿੰਘ ਮੋਮੀ ਦੀ ਕਿਤਾਬ 'ਧਰਤ ਪਰਾਈ ਆਪਣੇ ਲੋਕ' ਦੀ ਘੁੰਡ ਚੁਕਾਈ ਦੀ ਰਸਮ ਹੋਈ। ਇਸ ਸਮਾਗਮ ਵਿਚ ਕੋਈ ਸੌ ਦੇ ਕਰੀਬ ਸਾਹਿਤਕ ਹਸਤੀਆਂ ਨੇ ਸ਼ਿਰਕਤ ਕੀਤੀ। ਕੈਨੇਡਾ ਦੀ ਪਾਰਲੀਮੈਂਟ ਵਿਚ ਪਹਿਲੇ ਪਗੜੀਧਾਰੀ ਸਿੱਖ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲ੍ਹੀ ਅਤੇ ਸਿਟੀ ਆਫ ਬਰੈਂਪਟਨ ਵਿਚ ਪਹਿਲੇ ਪਗੜੀਧਾਰੀ ਸਿੱਖ ਕੌਸਲਰ ਵਜੋਂ ਸ਼ਿਰਕਤ ਕਰਨ ਵਾਲੇ ਹੋਣਹਾਰ ਦੂਰਦਰਸ਼ੀ ਸੋਚ ਦੇ ਧਾਰਨੀ ਵਿੱਕੀ ਢਿੱਲੋਂ ਹੁਰੀਂ ਵੀ ਆਪਣੇ ਰੁਝੇਵਿਆਂ ‘ਚੋਂ ਕੀਮਤੀ ਸਮਾਂ ਕੱਢ ਕੇ ਪਹੁੰਚੇ ਹੋਏ ਸਨ। ਐਮ. ਪੀ. ਰੂਬੀ ਢੱਲਾ ਦੇ ਦਫਤਰ ਤੋਂ ਵਿਸ਼ਾਲ ਅਰੋੜਾ ਸਰਟੀਫਿਕੇਟ ਲੈ ਕੇ ਆਏ। ਮੀਡੀਏ ਦੀ ਨਾਮਵਾਰ ਹਸਤੀ ਅਤੇ ਪੰਜਾਬੀ ਪ੍ਰੈੱਸ ਕਲੱਬ ਦੇ ਸਾਬਕਾ ਕਨਵੀਨੀਅਰ ਅਤੇ ਡੇਲੀ ਪੰਜਾਬੀ ਅਖਬਾਰ ਦੇ ਸੰਪਾਦਕ ਅਤੇ ਰੇਡੀਓ ਸੰਚਾਲਕ ਸੁਖਮਿੰਦਰ ਸਿੰਘ ਹੰਸਰਾ ਹੁਰਾਂ ਨੇ ਵੀ ਸਮਾਗਮ ਵਿਚ ਸਮੂਲੀਅਤ ਕੀਤੀ।


ਵਿਦਵਾਨ ਲੇਖਕ ਹੈਡਮਾਸਟਰ ਹਰਚੰਦ ਸਿੰਘ ਬਾਸੀ, ਸ. ਬੇਅੰਤ ਸਿੰਘ ਵਿਰਦੀ ਫਿਰੋਜ਼ਪੁਰ ਵਾਲੇ, ਸਮਾਜ ਚਿੰਤਕ ਪੂਰਨ ਸਿੰਘ ਪਾਂਧੀ, ਨਾਮਵਾਰ ਗੀਤਕਾਰ ਮੱਖਣ ਬਰਾੜ, ਨਾਰਥ ਯਾਰਕ ਗੁਰਦੁਆਰਾ ਦੇ ਪ੍ਰਧਾਨ ਗੁਰਦੇਵ ਸਿੰਘ ਮਾਨ, ਜ਼ੈਲਰਜ਼ ਫਾਰਮੇਸੀ ਦੇ ਮੈਨੇਜਰ ਅਤੇ ਲੋਕ ਭਲਾਈ ਸੇਵਾਵਾਂ ਨੂੰ ਅਰਪਿਤ ਪ੍ਰਭਜੋਤ ਸਿੰਘ, ਵਿਅੰਗ ਲੇਖਕ ਸਲਮਨ ਨਾਜ਼, ਲੇਖਕ ਤਰਲੋਚਨ ਗਿੱਲ, ਕੈਨੇਡਾ ਅਕਾਲੀ ਦਲ ਦੀ ਅਹਿਮ ਸ਼ਖਸੀਅਤ ਸ. ਬਚਿੱਤਰ ਸਿੰਘ ਘੋਲੀਆ, ਬਿਜ਼ਨਸਮੈਨ ਦਰਸ਼ਨ ਚਤਰਥ, ਸਿੱਖ ਇੰਟਰਨੈਸ਼ਨਲ ਸਭਾ ਬਰੈਂਪਟਨ ਦੇ ਕਰਤਾ ਧਰਤਾ ਗੁਰਚਰਨ ਸਿੰਘ ਬਰਾੜ ਜਿਊਣਵਾਲਾ, ਗੁਰਚਰਨ ਸਿੰਘ ਚੰਨੀ, ਕਮਲ ਸਿੰਘ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ, ਘੜੀਆਂ ਦੇ ਬਾਦਸ਼ਾਹ ਹਰਿੰਦਰ ਸੋਮਲ, ਟੀਚਰ ਰਵਿੰਦਰ ਕੌਰ ਪੁਤਰੀ ਬਲਬੀਰ ਸਿੰਘ ਮੋਮੀ, ਮਿਸਜ਼ ਬਲਦੇਵ ਕੌਰ ਮੋਮੀ, ਪੱਤਰਕਾਰ, ਲੇਖਕ ਮੇਜਰ ਸਿੰਘ ਨਾਗਰਾ, ਸ਼ਾਇਰ ਸੁਖਿੰਦਰ ਸੰਪਾਦਕ ਸੰਵਾਦ, ਪਿੰਸੀਪਲ ਪਾਖਰ ਸਿੰਘ ਤੇ ਉਹਨਾਂ ਦੇ ਭਰਾ, ਭੁਪਿੰਦਰ ਸਿੰਘ ਤੁਰਨਾ, ਅਪਲਾਇੰਸ ਬਿਜ਼ਨਸ ਦੇ ਮਾਹਰ ਰਮੇਸ ਢਾਂਡਾ ਅਤੇ ਡ. ਅੰਬੇਦਕਰ ਫਾਊਂਡੇਸ਼ਨ ਦੇ ਪ੍ਰਧਾਨ ਜਰਨਲਿਸਟ ਅਨੰਦ ਬਾਲੀ ਹੁਰੀਂ ਸਕਾਰਬਰੋ ਤੋਂ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ।


ਹਾਸਰਸ ਗਾਇਕ ਹਜ਼ਾਰਾ ਸਿੰਘ ਰਮਤਾ, ਗਾਇਕ ਸੁਖਵਿੰਦਰ ਘੁਮਾਣ, ਸਾਜ਼ਾਂ ਤੇ ਤਰਜ਼ਾਂ ਕੱਢਣ ਦੇ ਮਾਹਿਰ ਬੱਲ ਅਤੇ ਲਾਲ ਹੁਰਾਂ ਨੇ ਖੂਬ ਰੰਗ ਬੰਨ੍ਹਿਆ। ਇਸ ਕਿਤਾਬ ਸਬੰਧੀ ਪ੍ਰੋਫੈਸਰ ਸਾਧਾ ਸਿੰਘ ਹੁਰਾਂ ਨੇ ਬੜੀ ਮਿਹਨਤ ਨਾਲ ਲਿਖਿਆ ਖੋਜ ਪੱਤਰ ਇਸ ਸਮਾਗਮ ਵਿਚ ਬਹੁਤ ਹੀ ਰੋਚਿਕ ਅਤੇ ਭਾਵਪੂਰਤ ਢੰਗ ਨਾਲ ਪੜ੍ਹਿਆ। ਪ੍ਰੋ: ਸਾਹਿਬ ਹੁਰਾਂ ਜ਼ਿਕਰੇ-ਗ਼ੌਰ ਕੀਤਾ ਕਿ ਮੇਰੇ ਗਿਆਨ, ਅਨੁਭਵ ਅਤੇ ਸਮਝ ਦੀ ਸੀਮਾ ਦੀ ਬੰਨੀ ਮੈਨੂੰ ਇਹ ਕਹਿਣ ਵਾਸਤੇ ਪ੍ਰੇਰਣਾ ਅਤੇ ਆਦੇਸ਼ ਦਿੰਦੀ ਏ ਕਿ ਮੋਮੀ ਇਸ ਜੀਵਨ ਅਵਸਰ ਅਤੇ ਕਰਤਾਰੀ ਫੁਲਵਾੜੀ ਦਾ ਟਹਿਕਦਾ ਫੁੱਲ ਅਤੇ ਸੁੰਦਰ ਹਸਤਾਖਰ ਏ। ਸਭ ਸਰੋਤਿਆਂ ਨੇ ਇਸ ਖੋਜ ਪੱਤਰ ਦੀ ਬੜੀ ਪ੍ਰਸੰਸਾ ਕੀਤੀ। ਹਰਚੰਦ ਸਿੰਘ ਬਾਸੀ ਨੇ ਮੋਮੀ ਸਾਹਿਬ ਦਾ ਕਾਵਿ ਚਿੱਤਰ ਪੇਸ਼ ਕੀਤਾ ਅਤੇ ਵਿਰਦੀ ਸਾਹਿਬ ਨੇ ਫਿਰੋਜ਼ਪੁਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਵਿਸ਼ੇਸ਼ ਸੱਦੇ 'ਤੇ ਆਏ ਮੱਲੀ ਸਾਹਿਬ ਅਤੇ ਵਿੱਕੀ ਢਿਲੋਂ ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਅਤੇ ਮੋਮੀ ਸਾਹਿਬ ਦੀ ਦਿਲ ਖਿੱਚ ਲੇਖਣੀ, ਕ੍ਰਿਤ ਕਲਾ, ਕਿਤਾਬ ਦੀ ਸੁੰਦਰ ਛਪਾਈ ਅਤੇ ਵਿਉਂਤਬੰਦੀ ਦੀ ਬੜੀ ਪ੍ਰਸ਼ੰਸ਼ਾ ਕੀਤੀ।


ਇਸ ਸਮਾਗਮ ਦਾ ਪ੍ਰਬੰਧ ਇੰਡੋ ਕੈਨੇਡੀਅਨ ਕਲਚਰ ਐਂਡ ਐਂਟਰਟੇਨਮੈਂਟ ਸੋਸਾਇਟੀ ਬਰੈਂਪਟਨ ਦੇ ਪ੍ਰਧਾਨ ਬਲਵਿੰਦਰ ਸੈਣੀ ਹੁਰਾਂ ਨੇ ਕੀਤਾ। ਏਸ਼ੀਅਨ ਕੈਨੇਡਾ ਬਾਇਓਗਰਾਫੀਕਲ ਸੈਂਟਰ ਦੇ ਚੇਅਰਮੈਨ ਬਲਬੀਰ ਸਿੰਘ ਮੋਮੀ ਅਤੇ ਕੈਨੇਡੀਅਨ ਪੰਜਾਬੀ ਇੰਟਰਨੈਸ਼ਨਲ ਸੰਸਥਾ ਦੇ ਪ੍ਰਧਾਨ ਅਤੇ ਸੰਪਾਦਕ ਚੇਤਨਾ ਸੁਰਿੰਦਰ ਸਿੰਘ ਪਾਮਾ ਹੁਰਾਂ ਨੇ ਇਸ ਸੁਚੱਜੇ ਕਾਰਜ ਲਈ ਬਲਬਿੰਦਰ ਸੈਣੀ ਹੁਰਾਂ ਨੂੰ ਸਹਿਯੋਗ ਅਤੇ ਕਾਮਯਾਬੀ ਲਈ ਪੂਰਨ ਵਿਸ਼ਵਾਸ ਸਮੇਂ ਸਮੇਂ ਮੁਹੱਈਆ ਕੀਤਾ। ਟੀ. ਵੀ. ਕਲਾਕਾਰ ਅਤੇ ਲੇਖਕ ਬਲਵਿੰਦਰ ਸੈਣੀ ਹੁਰਾਂ ਨੇ ਦੱਸਿਆ ਹੈ ਕਿ ਉਹ ਪੰਜਾਬ ਵਿਚ ਲਿਸ਼ਕਾਰਾ ਪ੍ਰੋਗਰਾਮ ਵਿਚ ਭਾਗ ਲੈ ਚੁੱਕੇ ਹਨ ਅਤੇ ਚੋਅ ਦੀਆਂ ਛੱਲਾਂ ਕਿਤਾਬ ਵਿਚ ਵੀ ਉਨ੍ਹਾਂ ਦਾ ਮੈਟਰ ਛਪ ਚੁੱਕਾ ਹੈ। ਇਸ ਸੰਸਥਾ ਦਾ ਨਿਰਮਾਣ ਕਰਨ ਤੋਂ ਬਾਅਦ ਉਹ ਕਈ ਨਾਮਵਾਰ ਹਸਤੀਆਂ ਨੂੰ ਮਾਣ ਸਨਮਾਨ ਦੇ ਚੁੱਕੇ ਹਨ ਅਤੇ ਕਿਤਾਬਾਂ ਰੀਲੀਜ਼ ਕਰਨ ਦੇ ਸਮਾਗਮਾਂ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾ ਰਹੇ ਹਨ। “ਬਹੁਤ ਸਾਰੀ ਲੋਅ” ਦੇ ਸਿਰਲੇਖ ਹੇਠ ਉਨ੍ਹਾਂ ਨੇ ਮੀਡੀਏ ਵਿਚ ਆਪਣਾ ਨਾਮ ਅਤੇ ਹੋਂਦ ਕਾਇਮ ਕੀਤੀ ਹੈ। ਇਸ ਕਿਤਾਬ ਦੇ ਮੁੱਖ ਸਪਾਂਸਰ ਸਕਾਈਡੋਮ ਵਾਲੇ ਦਲਜੀਤ ਸਿੰਘ ਗੇਦੂ ਹੁਰਾਂ ਨੇ ਆਪਣੇ ਪਰਿਵਾਰ ਅਤੇ ਰਿਸਤੇਦਾਰਾਂ ਸਮੇਤ ਸਮੂਲ੍ਹੀਅਤ ਕੀਤੀ। ਕਿਤਾਬ ਛਪਵਾਉਣ ਤੋਂ ਲੈ ਕੇ ਰੀਲੀਜ਼ ਕਰਨ ਤੱਕ ਅਹਿਮ ਭੂਮਿਕਾ ਨਿਭਾਣ ਲਈ ਲੇਖਕ ਨੇ ਉਚੇਚੇ ਤੌਰ ਤੇ ਦਲਜੀਤ ਸਿੰਘ ਮਾਲਕ ਸਕਾਈਡੋਮ ਆਟੋ ਦਾ ਬਹੁਤ ਧੰਨਵਾਦ ਕੀਤਾ।


ਇਸ ਪ੍ਰੋਗਰਾਮ ਵਿਚ ਵਿਜੇ ਸ਼ਰਮਾ, ਬਲਬੀਰ ਸਿੰਘ ਮੋਮੀ, ਬਲਦੇਵ ਕੌਰ ਮੋਮੀ, ਰਾਵਿੰਦਰ ਕੌਰ, ਦਲਜੀਤ ਸਿੰਘ ਗੇਦੂ, ਡਾ: ਸ਼ਸ਼ਪਾਲ ਸਿੰਘ ਸੰਧੂ, ਅਨੰਦ ਬਾਲੀ, ਰਮੇਸ਼ ਢਾਂਡਾ, ਪ੍ਰਭਜੋਤ ਸਿੰਘ, ਬਲਵਿੰਦਰ ਸੈਣੀ, ਆਰਨਲ ਡੀਵੈਰਾ ਆਦਿ ਨਾਮਵਾਰ ਸਖਸ਼ੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਰਾਇਲ ਇੰਡੀਆ ਰੈਸਟੋਰੈਂਟ ਦੇ ਲਾ-ਜਵਾਬ ਖਾਣਿਆਂ ਦਾ ਸਭ ਨੇ ਅਨੰਦ ਮਾਣਿਆ ਅਤੇ ਪ੍ਰਸ਼ੰਸ਼ਾ ਵੀ ਕੀਤੀ। ਸਮਾਗਮ ਦੀ ਸਮਾਪਤੀ ਤੇ ਬਲਬੀਰ ਸਿੰਘ ਮੋਮੀ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਦੀ ਅਗਲੀ ਕਿਤਾਬ ਹੋਰ ਵੀ ਨਵੇਕਲੀ ਅਤੇ ਭਾਵਪੂਰਤ ਹੋਵੇਗੀ। ਸੰਪਰਕ ਜਾਂ ਹੋਰ ਜਾਣਕਾਰੀ ਲਈ ਬਲਬੀਰ ਮੋਮੀ 416-949-0706 ਬਲਵਿੰਦਰ ਸੈਣੀ 416-271-1534 ਸੁਰਿੰਦਰ ਪਾਮਾ 416-876-6007 ਤੇ ਸੰਪਰਕ ਕੀਤਾ ਜਾ ਸਕਦਾ ਹੈ।

Tuesday, December 9, 2008

ਗਗਨਦੀਪ ਸ਼ਰਮਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਕਵਿਤਾ ਦੀ ਇਬਾਰਤ’ ਲੋਕ ਅਰਪਣ






















ਗਗਨਦੀਪ ਸ਼ਰਮਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਕਵਿਤਾ ਦੀ ਇਬਾਰਤ’ ਲੋਕ ਅਰਪਣ

ਅਕਤੂਬਰ 5, 2008.

ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਗਗਨ ਦੀਪ ਸ਼ਰਮਾ ਦਾ ਕਾਵਿ-ਸੰਗ੍ਰਹਿ ‘ਕਵਿਤਾ ਦੀ ਇਬਾਰਤ’ ਲੋਕ ਅਰਪਣ ਕੀਤਾ ਗਿਆ । ਨਹਿਰੀ ਵਿਸ਼ਰਾਮ ਘਰ ਵਿਚ ਹੋਏ ਇਸ ਸਮਾਗਮ ਦੀ ਪ੍ਰਧਾਨਗੀ ਡਾ. ਅਮਰਜੀਤ ਸਿੰਘ ਗਰੇਵਾਲ, ਪ੍ਰੋ. ਨਿਰੰਜਨ ਤਸਨੀਮ, ਡਾ. ਸੁਖਦੇਵ ਸਿੰਘ, ਪ੍ਰੋ. ਅਨੂਪ ਵਿਰਕ, ਸ੍ਰੀ ਸੁਖਜੀਤ ਅਤੇ ਸ੍ਰੀ ਸੁਰਿੰਦਰ ਰਾਮਪੁਰੀ ਨੇ ਕੀਤੀ । ਬਾਬਾ ਬੰਦਾ ਸਿੰਘ ਬਹਾਦੁਰ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਐਮ.ਐਸ. ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ । ਸਮਾਗਮ ਦਾ ਉਦਘਾਟਨ ਕਰਦਿਆਂ ਡਾ. ਐਸ ਤਰਸੇਮ ਨੇ ਕਿਹਾ ਕਿ ਗਗਨ ਦੀਪ ਸ਼ਰਮਾ ਸੰਭਾਵਨਾਵਾਂ ਭਰਪੂਰ ਸ਼ਾਇਰ ਹੈ, ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ ਰਾਮਪੁਰ ਦੀ ਤੀਸਰੀ ਪੀੜ੍ਹੀ ਤੁਰੀ ਹੈ ।

ਡਾ. ਚਰਨਦੀਪ ਸਿੰਘ ਨੇ ਆਪਣੇ ਪਰਚੇ ‘ਕਾਲ-ਯੁਕਤ ਮਸਲਿਆਂ ਤੇ ਕਾਲ-ਮੁਕਤ ਜਜ਼ਬਿਆਂ ਦੀ ਸ਼ਾਇਰੀ - ਕਵਿਤਾ ਦੀ ਇਬਾਰਤ’ ਵਿਚ ਕਿਹਾ ਕਿ ਇਸ ਕਾਵਿ-ਪੁਸਤਕ ਰਾਹੀਂ ਜ਼ਿੰਦਗੀ ਅਤੇ ਕਵਿਤਾ ਦੇ ਰਿਸ਼ਤੇ ਸੰਬੰਧੀ ਜਿਸ ਸੱਚ ਨੂੰ ਉਜਾਗਰ ਕੀਤਾ ਗਿਆ ਹੈ, ਉਸ ਤੋਂ ਨਿਸਚੇ ਹੀ ਇਕ ਵੱਡੀ ਕਾਵਿ-ਪ੍ਰਤਿਭਾ ਦਾ ਝਲਕਾਰਾ ਮਿਲਦਾ ਹੈ । ਸਮੁੱਚੇ ਰੂਪ ਵਿਚ ‘ਕਵਿਤਾ ਦੀ ਇਬਾਰਤ’ ਆਪਣੀ ਅੰਦਰੂਨੀ ਭਾਵ-ਏਕਤਾ, ਲੈਅ-ਬੱਧਤਾ ਅਤੇ ਰਿਦਮੀ-ਪਰਵਾਜ਼ ਜਿਹੀਆਂ ਵੱਡੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟ ਕਰਦੀ ਹੋਈ ਭਵਿੱਖਮੁਖੀ ਸੰਭਾਵਨਾਵਾਂ ਉਜਾਗਰ ਕਰਦੀ ਹੈ ।

ਡਾ. ਗੁਲਜ਼ਾਰ ਮੁਹੰਮਦ ਗੋਰੀਆ ਨੇ ਆਪਣੇ ਪਰਚੇ ‘ਜ਼ਿੰਦਗੀ ਵਿਚ ਆਸਥਾ ਦਾ ਅਹਿਸਾਸ - ਕਵਿਤਾ ਦੀ ਇਬਾਰਤ’ ਵਿਚ ਕਿਹਾ ਕਿ ਸ਼ਰਮਾ ਦੀ ਕਵਿਤਾ ਦਾ ਸਫ਼ਰ ਸਵੈ ਤੋਂ ਸ਼ੁਰੂ ਹੋ ਕੇ ਸਮਾਜਿਕ ਸਰੋਕਾਰਾਂ ਤੱਕ ਪਹੁੰਚ ਜਾਂਦਾ ਹੈ । ਕੁੱਲ ਮਿਲਾ ਕੇ ਗਗਨ ਦੀਪ ਸ਼ਰਮਾ ਇਕ ਪ੍ਰਗਤੀਵਾਦੀ ਵਿਚਾਰਧਾਰਾ ਵਾਲੇ ਕਵੀ ਦੇ ਰੂਪ ਵਿਚ ਉਭਰਦਾ ਹੈ ।

ਗੁਰਦਿਆਲ ਦਲਾਲ ਨੇ ਪੁਸਤਕ ਦੀਆਂ ਕਵਿਤਾਵਾਂ ਬਾਰੇ ਸਮੁੱਚਤਾ ਵਿਚ ਗੱਲ ਕੀਤੀ 1 ਸੁਖਮਿੰਦਰ ਰਾਮਪੁਰੀ ਵਲੋਂ ਕੈਨੇਡਾ ਤੋਂ ਲਿਖ ਕੇ ਭੇਜੀ ਟਿੱਪਣੀ ਜਸਵੀਰ ਝੱਜ ਨੇ ਪੜ੍ਹ ਕੇ ਸੁਣਾਈ ।

ਪਰਚਿਆਂ ’ਤੇ ਬਹਿਸ ਦਾ ਆਰੰਭ ਕਰਦਿਆਂ ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਇਸ ਪੁਸਤਕ ਦੀ ਕਵਿਤਾ ਅੱਜ ਦੇ ਸਮੇਂ ਦੁਨੀਆਂ ਨੂੰ ਦਰਪੇਸ਼ ਸਵਾਲਾਂ ਦਾ ਜਵਾਬ ਵੀ ਦਿੰਦੀ ਹੈ ਅਤੇ ਸਾਡੇ ਆਲੇ-ਦੁਆਲੇ ਵੀ ਵਿਚਰਦੀ ਹੈ । ਪ੍ਰੋ ਅਮਰਜੀਤ ਕੌਰ ਨੇ ਆਪਣੀ ਲਿਖਤੀ ਟਿੱਪਣੀ ਵੀ ਪੜ੍ਹੀ ਅਤੇ ‘ਕਵਿਤਾ ਦੀ ਇਬਾਰਤ’ ਵਿਚਲੀ ਨਜ਼ਮ ‘ਮਿਲਦੀ-ਗਿਲਦੀ ਰਹੀਂ’ ਦਾ ਅੰਗ੍ਰੇਜ਼ੀ ਅਨੁਵਾਦ ਵੀ ਪੜ੍ਹਿਆ । ਹਰਨੇਕ ਰਾਮਪੁਰੀ ਨੇ ਕਿਹਾ ਕਿ ਗਗਨ ਆਪਣੇ ਪੈਰਾਂ ’ਤੇ ਤੁਰਦਾ ਹੈ । ਜਗਤਾਰ ਸੇਖਾ ਨੇ ਕਿਹਾ ਕਿ ਇਸ ਪੁਸਤਕ ਦੀ ਕਵਿਤਾ ਇਸ ਗੱਲ ਦਾ ਜਵਾਬ ਦਿੰਦੀ ਹੈ ਕਿ ਪੰਜਾਬੀ ਵਿਚੋਂ ਕਵਿਤਾ ਮਰ ਰਹੀ ਹੈ । ਗਗਨ ਦੀ ਕਵਿਤਾ ਜੀਵਨ ਅਨੁਭਵ ਵਿਚੋਂ ਨਿਕਲਦੀ ਹੈ । ਪ੍ਰੋ. ਬਲਦੀਪ ਸਿੰਘ ਨੇ ਕਿਹਾ ਕਿ ਗਗਨ ਨੇ ਰਾਮਪੁਰ ਦੀ ਸਾਹਿਤਕ ਵਿਰਾਸਤ ਨੂੰ ਅੱਗੇ ਤੋਰਿਆ ਹੈ, ਪੁਸਤਕ ਦੀ ਸਾਰੀ ਕਵਿਤਾ ਪਰਪੱਕ ਵਿਚਾਰਧਾਰਾ ਦੀ ਕਵਿਤਾ ਹੈ ।

ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਕਵਿਤਾ ਦਾ ਤੇਵਰ ਬਦਲ ਰਿਹਾ ਹੈ, ਗਗਨ ਨੇ ਇਸ ਤੇਵਰ ਨੂੰ ਸਮਝਿਆ ਹੈ । ਉਸ ਨੇ ਪਰੰਪਰਾ ਵੀ ਕਾਇਮ ਰੱਖੀ ਹੈ ਅਤੇ ਵਿੱਥ ਵੀ ਸਿਰਜੀ ਹੈ ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪ੍ਰੋ. ਅਨੂਪ ਵਿਰਕ ਨੇ ਕਿਹਾ ਕਿ ਗਗਨ ਨੇ ਸਹੀ ਅਰਥਾਂ ਵਿਚ ਕਵਿਤਾ ਨੂੰ ਕਵਿਤਾ ਵਿਚ ਲਿਖਿਆ ਹੈ । ਪੰਜਾਬੀ ਸਾਹਿਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਜੀਤ ਨੇ ਗਗਨ ਨੂੰ ਪੁਸਤਕ ਲਈ ਅਤੇ ਡਾ. ਚਰਨਦੀਪ ਨੂੰ ਪਰਚੇ ਲਈ ਵਧਾਈ ਦਿੱਤੀ । ਪ੍ਰੋ. ਨਿਰੰਜਨ ਤਸਨੀਮ ਨੇ ਕਿਹਾ ਕਿ ਇਸ ਕਵਿਤਾ ਵਿਚ ਮਾਸੂਮੀਅਤ ਨਹੀਂ, ਸੁਹਿਰਦਤਾ ਹੈ । ਗਗਨ ਕਵਿਤਾ ਨੂੰ ਫੋਟੋਗ੍ਰਾਫ਼ੀ ਨਾਲ ਨਹੀਂ, ਪੇਂਟਿੰਗ ਨਾਲ ਪੇਸ਼ ਕਰਦਾ ਹੈ ।

ਡਾ. ਅਮਰਜੀਤ ਗਰੇਵਾਲ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਚਿਹਾ ਕਿ ਇਹ ਕਿਤਾਬ ਸਿਰਫ਼ ਰਾਮਪੁਰ ਦੀ ਕਵਿਤਾ ਲਈ ਹੀ ਨਹੀਂ, ਪੰਜਾਬੀ ਕਵਿਤਾ ਦਾ ਵੀ ਇਕ ਨਵਾਂ ਅਧਿਆਇ ਸ਼ੁਰੂ ਕਰਦੀ ਹੈ ।

ਡਾ. ਐਮ. ਐਸ ਗਰੇਵਾਲ, ਬੀਬਾ ਕੁਲਵੰਤ, ਦਲਵੀਰ ਲੁਧਿਆਣਵੀ, ਜਸਵੀਰ ਝੱਜ, ਪ੍ਰੀਤਮ ਪੰਧੇਰ, ਕਿਰਨਦੀਪ ਕੌਰ, ਸਤੀਸ਼ ਗੁਲਾਟੀ, ਗੁਰਨਾਮ ਬਾਵਾ, ਡਾ. ਹਰਪ੍ਰੀਤ ਸਿੰਘ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਮੋਹਨ ਮਲਹਾਂਸ, ਜਤਿੰਦਰ ਹਾਂਸ ਅਤੇ ਹਰਚਰਨ ਮਾਂਗਟ ਨੇ ਵੀ ਬਹਿਸ ਵਿਚ ਭਾਗ ਲਿਆ ।

ਦੂਸਰੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਸ੍ਰੀ ਸੁਖਜੀਤ, ਗੁਰਨਾਮ ਬਾਵਾ, ਪ੍ਰੋ. ਅਮਰਜੀਤ ਕੌਰ, ਅਤੇ ਹਰਚਰਨ ਮਾਂਗਟ ਨੇ ਕੀਤੀ । ਇਸ ਕਵੀ ਦਰਬਾਰ ਵਿਚ ਹਰਬੰਸ ਮਾਲਵਾ, ਹਰਭਜਨ ਧਰਨਾ, ਜਸਵੀਰ ਝੱਜ, ਗੁਰਨਾਮ ਬਿਜਲੀ, ਦਲਵੀਰ ਲੁਧਿਆਣਵੀ, ਲਾਭ ਸਿੰਘ ਬੇਗੋਵਾਲ, ਸੁਭਾਸ਼ ਕਲਾਕਾਰ, ਗੁਲਜ਼ਾਰ ਪੰਧੇਰ, ਪ੍ਰੀਤਮ ਪੰਧੇਰ, ਹਰਨੇਕ ਰਾਮਪੁਰੀ, ਜਗਦੇਵ ਮਕਸੂਦੜਾ, ਧਰਮ ਪਾਲ ਅਨਵਰ, ਡਾ. ਰਮੇਸ਼ ਅਹਿਸਾਸ, ਹਰਬੰਸ ਮਾਛੀਵਾੜਾ, ਜਗਤਾਰ ਸੇਖਾ, ਅਮਰ ਸਿੰਘ ਅਲੂਣਾ, ਦੀਦਾਰ ਸਿੰਘ ਦੀਦਾਰ, ਅਮਰਜੀਤ ਮਾਂਗਟ, ਡਾ. ਹਰਪ੍ਰੀਤ, ਦੀਪ ਦਿਲਬਰ, ਸੰਤ ਸਿੰਘ ਸੋਹਲ ਅਤੇ ਬਾਬੂ ਸਿੰਘ ਚੌਹਾਨ ਆਦਿ ਨੇ ਭਾਗ ਲਿਆ ।

Friday, December 5, 2008

ਬਰੈਡਫੋਰਡ ਐਜੁਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ - ਸਾਲਾਨਾ ਕਵੀ ਦਰਬਾਰ
























ਬਰੈਡਫੋਰਡ ਐਜੁਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ (ਬੀਕਾਸ) ਵਲੋਂ ਕਰਵਾਏ ਗਏ ਕਵੀ ਦਰਬਾਰ ਦੀ ਰਿਪੋਰਟ
ਰਿਪੋਰਟ: ਕਸ਼ਮੀਰ ਸਿੰਘ ਘੁੰਮਣ
ਬੀਕਾਸ ਵਲੋਂ 9 ਨਵੰਬਰ ਦਿਨ ਐਤਵਾਰ ਸ਼ਾਮ 3 ਵਜੇ ਤੋਂ 6 – 30 ਵੱਜੇ ਤੱਕ 21ਵਾਂ ਉੱਚ ਪੱਧਰਾ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ ਅਤੇ ਪੰਜਾਬ ਰੇਡੀਓ ਨੇ ਇਸਦਾ ਸਿੱਧਾ ਪ੍ਰਸਾਰਣ ਕਰਕੇ ਧੰਨਵਾਦੀ ਬਣਾਇਆ।ਸੱਭ ਤੋਂ ਪਹਿਲਾਂ ਜਨਰਲ ਸੈਕਟਰੀ ਸ੍ਰ: ਰਘਬੀਰ ਸਿੰਘ ਪਾਲ ਨੇ ਆਏ ਸਰੋਤਿਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸ੍ਰ: ਮੋਤਾ ਸਿੰਘ ਸਰਾਏ ਚੇਅਰਮੈਨ ਯੁਰਪੀਅਨ ਪੰਜਾਬੀ ਸੱਥ ਜੋ ਕਿ ਵਿਸ਼ੇਸ਼ ਕਰਕੇ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਪਹੰਚੇ ਸਨ, ਉਹਨਾਂ ਨੂੰ ਮੁੱਖ ਮਹਿਮਾਨ ਦੀ ਸੀਟ ਤੇ ਬਿਰਾਜਮਾਨ ਹੋਣ ਲਈ ਬੇਨਤੀ ਕੀਤੀ ਅਤੇ ਇਸ ਤੋਂ ੳਪਰੰਤ ਪ੍ਰਧਾਨ ਸ੍ਰ: ਤਰਲੋਚਨ ਸਿੰਘ ਦੁੱਗਲ ਹੋਰਾਂ ਨੇ ਬੀਕਾਸ ਦੇ ਪਿਛਲੇ 26 ਸਾਲਾਂ ਦੌਰਾਨ ਕੀਤੇ ਕੰਮਾਂ ਵਾਰੇ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਲੀਡਜ਼ ਯੂਨੀਵਰਸਟੀ ਵਿੱਚ ਪੰਜਾਬੀ ਚੇਅਰ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਕਿਹਾ ਇਸ ਯੋਜਨਾ ਲਈ ਸਾਥ ਦੇਣ ਵਾਸਤੇ ਯੌਰਕਸ਼ਾਇਰ ਆਰਟਸ ਕੌਂਸਲ ਵੀ ਸਹਿਮਤ ਹੈ । ਇਸ ਸਾਲ ਬੀਕਾਸ ਨੇ ਲੀਡਜ਼ ਯੂਨੀਵਰਸਟੀ ਨਾਲ ਰਲ਼ ਕੇ ਸ੍ਰ: ਜਸਜੀਤ ਸਿੰਘ ਨੂੰ ਪੀ.ਐਚ.ਡੀ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ । ਪੀ.ਐਚ.ਡੀ ਦਾ ਮੰਤਵ ਸਿੱਖ ਨੌਜੁਆਨ ਬੱਚਿਆਂ ਪ੍ਰਤੀ ਖੋਜ ਕਰਨੀ ਹੈ ਕਿ ਉਹ ਆਪਣੇ ਧਰਮ ਅਤੇ ਵਿਰਸੇ ਦੀ ਜਾਣਕਾਰੀ ਕਿਥੋਂ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਦੀ ਪਛਾਣ ਇੰਗਲੈਂਡ ਵਿੱਚ ਰਹਿੰਦਿਆਂ ਕਿੰਨੀ ਕੁ ਸੁਰੱਖਿਅਤ ਹੈ ।
ਕਵੀ ਦਰਬਾਰ ਦੀ ਸ਼ੁਰੂਆਤ ਨੌਜੁਆਨ ਸਿੱਖ ਬੱਚਿਆਂ ਦੇ ਕਲਾਸੀਕਲ ਸੰਗੀਤ ਦੁਆਰਾ ਕੀਤੀ ਗਈ ਜਿਸ ਵਿੱਚ ਪੁਰਾਤਨ ਸਮੇ ਵਿੱਚ ਵਰਤੇ ਜਾਣ ਵਾਲੇ ਸਾਜਾਂ ਨਾਲ ਸੰਗੀਤ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ । ਇਸ ਤੋਂ ੳਪਰੰਤ ਕਲਾਸੀਕਲ ਸੰਗੀਤ ਪੇਸ਼ ਕਰਨ ਵਾਲੇ ਅਤੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ ਦੇ ਬੱਚਿਆਂ ਨੂੰ ਫਾਊਂਡਰ ਮੈਂਬਰ ਸ੍ਰ: ਮੋਹਣ ਸਿੰਘ ਸੰਘਾ ਅਤੇ ਸੁਖਦੇਵ ਸਿੰਘ ਦੁਆਰਾ ਇਨਾਮ ਵੰਡੇ ਗਏ । ਇਸ ਤੋਂ ਉਪਰੰਤ ਕਵੀ ਦਰਬਾਰ ਦੀ ਸ਼ਰੁਆਤ ਹੋਈ ।
ਇਸ ਮੌਕੇ ਸ਼ੇਖਰ ਅਜ਼ੀਮ, ਸ਼ਮਸ਼ੇਰ ਸਿੰਘ ਰਾਏ, ਪ੍ਰਜ਼ੈਂਟਰ ਪੰਜਾਬ ਰੇਡੀਓ, ਹਰਜਿੰਦਰ ਸਿੰਘ ਸੰਧੂ, ਰਜਿੰਦਰ ਕੌਰ ਪ੍ਰਜ਼ੈਂਟਰ ਪੰਜਾਬ ਰੇਡੀਓ, ਮਲਕੀਤ ਸਿੰਘ ਸੰਧੂ, ਤੇਜਾ ਸਿੰਘ ਤੇਜ ਕੋਟਲੇਵਾਲਾ, ਮਨਜੀਤ ਸਿੰਘ ਚੀਮਾ, ਤਾਰਾ ਸਿੰਘ ਆਧੀ ਵਾਲਾ, ਨਰਿੰਦਰ ਕੌਰ ਸੁੰਮਨ, ਜਗਤਾਰ ਸਿੰਘ ਦਿਓਲ ਅਤੇ ਪਰਮਜੀਤ ਸਿੰਘ ਜਵੰਧਾ ਨੇ ਭਾਗ ਲਿਆ । ਸਾਰੇ ਕਵੀਆਂ ਨੇ ਆਪਣੀਆਂ ਭਾਵ ਪੂਰਵਕ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਠੰਢ ਦੇ ਬਾਵਜੂਦ ਕੀਲ ਕੇ ਬਿਠਾਈ ਰੱਖਿਆ । ਸਟੇਜ ਦੀ ਸੇਵਾ ਨਿਭਾਉਂਦਿਆਂ ਕਸ਼ਮੀਰ ਸਿੰਘ ਘੁੰਮਣ ਨੇ ਬੀਕਾਸ ਦੇ ਕਵੀ ਦਰਬਾਰ ਵਿੱਚ ਸ਼ੁਰੂ ਤੋਂ ਭਾਗ ਲੈ ਰਹੇ ਕਵੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਦੋ ਜਾਂ ਤਿੰਨ ਰਚਨਾਵਾਂ ਪ੍ਰਬੰਧਕਾਂ ਨੂੰ ਜਰੂਰ ਭੇਜਣ ਤਾਂ ਕਿ ਜੀ.ਸੀ.ਈ. ਏ ਲੈਵਲ ਪੰਜਾਬੀ ਦੇ ਸਕੂਲਾਂ ਵਾਸਤੇ ਇੱਕ ਕਾਵਿ-ਸੰਗ੍ਰਿਹ ਦੀ ਪੁਸਤਕ ਛਪਵਾਈ ਜਾ ਸਕੇ ।
ਕਵਿਤਾਵਾਂ ਦੇ ਦੌਰ ਤੋਂ ਬਾਅਦ ਉੱਭਰ ਰਹੇ ਚਾਰ ਪ੍ਰਮਾਣਤ ਕਵੀਆਂ ਹਰਜਿੰਦਰ ਸਿੰਘ ਸੰਧੂ, ਮਲਕੀਤ ਸਿੰਘ ਸੰਧੂ, ਬੀਬੀ ਰਜਿੰਦਰ ਕੌਰ ਅਤੇ ਸ਼ਮਸ਼ੇਰ ਸਿੰਘ ਰਾਏ ਹੋਰਾਂ ਨੂੰ ਉਤਸ਼ਾਹਿਤ ਕਰਨ ਲਈ ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਦੇ ਮੁਬਾਰਕ ਕਰ ਕਮਲਾਂ ਦੁਆਰਾ ਇਨਾਮ ਵੰਡੇ ਗਏ । ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਨੇ ਪੰਜਾਬੀ ਮਾਂ ਬੋਲੀ ਦੀ ਵੱਧ ਚ੍ਹੜ ਕੇ ਸੇਵਾ ਕਰਨ ਲਈ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਵਾਰੇ ਜਾਣੂੰ ਕਰਵਾਇਆ ਅਤੇ ਬੀਕਾਸ ਦੇ ਅਗਾਂਹ ਵਧੂ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਲਈ ਹਰ ਤ੍ਹਰਾਂ ਦਾ ਸਹਿਯੋਗ ਦੇਣ ਲਈ ਹੁੰਗਾਰਾ ਭਰਦਿਆਂ ਬੀਕਾਸ ਕਮੇਟੀ ਦੇ ਮੈਂਬਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ।
ਅਖੀਰ ਵਿੱਚ ਉਪ ਪ੍ਰਧਾਨ ਸ੍ਰ: ਸੁਖਦੇਵ ਸਿੰਘ ਹੋਰਾਂ ਨੇ ਆਏ ਮਹਿਮਾਨਾਂ, ਸਰੋਤਿਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਜਾਬ ਰੇਡੀਓ, ਪੰਜਾਬ ਕਮਿਉਨਟੀ ਸੈਂਟਰ, ਵੈਨਟਨਰ ਹਾਲ, ਸਬ ਰੰਗ ਰੇਡੀਓ,ਬੌਲੀਵੁੱਡ ਵੀਡੀਓ, ਆਪਣਾ ਖਾਣਾ ਕੇਟਰਿੰਗ ਅਤੇ ਉਹਨਾਂ ਵਿਅਕਤੀਆਂ ਦਾ ਧੰਨਵਾਦ ਕੀਤਾ ਜ੍ਹਿਨਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ । ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਆਪਣਾ ਖਾਣਾ ਕੇਟਰਿੰਗ ਦੇ ਗਰਮਾ ਗਰਮ ਸਵਾਦੀ ਭੋਜਨ ਦਾ ਸਭ ਨੇ ਅਨੰਦ ਮਾਣਿਆ ਅਤੇ ਅਗਲੇ ਸਾਲ ਦੇ ਕਵੀ ਦਰਬਾਰ ਦੀ ਤਾਂਘ ਵਿੱਚ ਘਰਾਂ ਨੂੰ ਚਾਲੇ ਪਾਏ ।

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ