ਬਰੈਂਪਟਨ, ਕੈਨੇਡਾ - (ਬਰਜਿੰਦਰ ਗੁਲਾਟੀ) ਪਿਛਲੇ ਦਿਨੀਂ ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ ਦੀ ਮੀਟਿੰਗ ਬਰੈਂਪਟਨ ਸਿਵਿਕ ਸੈਂਟਰ ਵਿਖੇ ਜਰਨੈਲ ਸਿੰਘ ਕਹਾਣੀਕਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਬਰੈਂਪਟਨ ਲਾਇਬ੍ਰੇਰੀ ਸੈਟਲਮੈਂਟ ਵਰਕਰ ਅਸਮਾ ਜੀ ਦੇ ਸੰਬੋਧਨ ਨਾਲ ਹੋਈ। ਉਹਨਾਂ ਦੱਸਿਆ ਕਿ ਨਵੇਂ ਆਏ ਇੰਮੀਗ੍ਰੈਂਟ ਪਰਿਵਾਰਾਂ ਲਈ ਲਾਇਬ੍ਰੇਰੀ ਵਿੱਚ ਇੰਗਲਿਸ਼ ਭਾਸ਼ਾ ਦੇ ਬੋਲੇ ਜਾਣ ਬਾਰੇ, ਉਨ੍ਹਾਂ ਦੇ ਬੱਚਿਆਂ ਲਈ ਸਕੂਲਾਂ ਬਾਰੇ ਜਾਣਕਾਰੀ ਅਤੇ ਰੈਜ਼ਮੇ ਬਣਾਉਣਾ ਸਿਖਾਉਣ ਲਈ ਅਧਿਕਾਰੀ ਬੈਠਦੇ ਹਨ ਜੋ ਮਦਦਗਾਰ ਸਾਬਤ ਹੋ ਸਕਦੇ ਹਨ। ਉਨ੍ਹਾਂ ਬਰੈਂਪਟਨ ਲਾਇਬ੍ਰੇਰੀ ਦਾ ਕਾਰਡ ਬਣਵਾਉਣ ਅਤੇ ਮੈਂਬਰ ਬਣ ਕੇ ਇਸਦੀਆਂ ਸੇਵਾਵਾਂ ਦਾ ਲਾਹਾ ਲੈਣ ਦੀ ਅਪੀਲ ਵੀ ਕੀਤੀ। -----
ਉਪਰੰਤ ਕਾਫ਼ਲੇ ਦੀ ਆਪਣੀ ਲਾਇਬ੍ਰੇਰੀ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਕਾਫ਼ਲਾ ਲਾਇਬ੍ਰੇਰੀ ਦੇ ਮਨੋਰਥ ਅਤੇ ਨਿਸ਼ਾਨਿਆਂ ਬਾਰੇ ਉਂਕਾਰਪ੍ਰੀਤ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਕਾਫ਼ਲਾ ਲਾਇਬ੍ਰੇਰੀ ਜਿੱਥੇ ਕਾਫ਼ਲਾ ਮੈਂਬਰਾਂ ਦੀਆਂ ਪੁਸਤਕਾਂ ਪਾਠਕਾਂ ਨੂੰ ਮੁਹੱਈਆ ਕਰਵਾਏਗੀ ਓਥੇ ਇਸ ਵਿੱਚ ਪੰਜਾਬੀ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਨਾਲ ਸਬੰਧਤ ਕਲਾਸਿਕ ਅਤੇ ਮਾਡਰਨ ਸਾਹਿਤਕ ਪੁਸਤਕਾਂ ਨੂੰ ਸ਼ਾਮਿਲ ਕਰਕੇ ਇਸਨੂੰ ਭਾਰਤ ਤੋਂ ਬਾਹਰ ਇੱਕ ਨਿਵੇਕਲੀ ਅਤੇ ਮਿਆਰੀ ਲਾਇਬ੍ਰੇਰੀ ਵਜੋਂ ਉਭਾਰਿਆ ਜਾਵੇਗਾ। ਇਸ ਮੌਕੇ ‘ਤੇ ਕਾਫ਼ਲਾ ਲਾਇਬ੍ਰੇਰੀ ਦੇ ਪ੍ਰਬੰਧਕੀ ਢਾਂਚੇ ਅਤੇ ਪਰੋਸੈਸ ਬਾਰੇ ਵੀ ਜਾਣਕਾਰੀ ਦਿੱਤੀ ਗਈ। ਤਾੜੀਆਂ ਦੀ ਗੂੰਜ ਵਿੱਚ ਮਿੰਨੀ ਗਰੇਵਾਲ ਹੁਰਾਂ ਨੇ ਕਾਫ਼ਲਾ ਲਾਇਬ੍ਰੇਰੀ ਦੇ ਸੰਚਾਲਕ ਵਜੋਂ ਸੇਵਾਵਾਂ ਸਾਂਭੀਆਂ ਅਤੇ ਬਤੌਰ ਲਾਇਬ੍ਰੇਰੀਅਨ ਸੋਚੇ ਹੋਏ ਭਵਿੱਖਲੇ ਪ੍ਰੋਗ੍ਰਾਮਾਂ ਦੀ ਸਾਂਝ ਪਾਈ।
-----
‘ਅੱਜ ਦਾ ਸਾਹਿਤਕ ਦਿਨ’ ਨਾਮ ਦੀ ਨਵੀਂ ਸਾਹਿਤਕ ਲੜੀ ਦੀ ਸ਼ੁਰੂਆਤ ਵੀ ਇਸ ਮਟਿੰਗ ਨਾਲ ਹੋਈ। ਇਸ ਵਿੱਚ ਬਰਜਿੰਦਰ ਗੁਲਾਟੀ ਨੇ ਮੁਨਸ਼ੀ ਪ੍ਰੇਮ ਚੰਦ ਬਾਰੇ ਪਰਚਾ ਪੜ੍ਹਿਆ, ਜਿਨ੍ਹਾਂ ਦਾ ਜਨਮ 1880 ਵਿੱਚ ਇਸੇ ਦਿਨ (31 ਜੁਲਾਈ ਨੂੰ ਹੋਇਆ ਸੀ) ‘ਪ੍ਰਗਤੀਸ਼ੀਲ’ ਸਾਹਿਤਕ ਲਹਿਰ ਦੇ ਬਾਨੀ ਅਤੇ ਉਸਰੀਏ, ਮੁਨਸ਼ੀ ਪ੍ਰੇਮ ਚੰਦ ਆਪਣੇ ਗ਼ੁਰਬਤ ਵਾਲੇ ਦੁਖਦਾਈ ਮਾਹੌਲ ਨਾਲ ਜੂਝਦੇ ਹੋਏ ਵੀ ਟੀਚਰ ਤੋਂ ਡਿਪਟੀ ਇਨਸਪੈਕਟਰ ਔਫ਼ ਸਕੂਲਜ਼ ਦੇ ਅਹੁਦੇ ਤੱਕ ਪਹੁੰਚ ਗਏ ਸਨ। ਉਨ੍ਹਾਂ ਨੇ ਉਰਦੂ ਅਤੇ ਹਿੰਦੀ, ਦੋਹਾਂ ਜ਼ਬਾਨਾਂ ਵਿੱਚ ‘ਪ੍ਰਗਤੀਸ਼ੀਲ’ ਵਿਚਾਰਧਾਰਾ ਨੂੰ ਸਮਰਪਿਤ ਸਾਹਿਤਕ ਰਚਨਾ ਕੀਤੀ। ਉਨ੍ਹਾਂ ਨੇ 12 ਨਾਵਲ ਅਤੇ 300 ਕਹਾਣੀਆਂ ਲਿਖੀਆਂ ਜਿਨ੍ਹਾਂ ਵਿਚੋਂ ਕੁਝ ਦੇ ਆਧਾਰ ‘ਤੇ ਫਿਲਮਾਂ ਬਣੀਆਂ ਅਤੇ ਟੀ.ਵੀ. ਸੀਰੀਅਲ ਵੀ ਬਣੇ। ਇਸ ਤੋਂ ਬਾਅਦ ਬਰਜਿੰਦਰ ਨੇ ਹਿਟਲਰ ਰਚਿਤ ਕਿਤਾਬ 'ਮਾਇ ਕੈਂਫ਼' ਬਾਰੇ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ।
-----
‘ਸਾਹਿਤਕਾਰ ਨੂੰ ਮਿਲੋ’ ਲੜੀ ਤਹਿਤ ਇਸ ਵੇਰ ਪਿੰਸੀਪਲ ਸੁਜਾਨ ਸਿੰਘ ਕਹਾਣੀਕਾਰ ਬਾਰੇ ਗੱਲ ਬਾਤ ਹੋਈ। ਪਹਿਲਾਂ ਉਨ੍ਹਾਂ ਦੀ ਰਚਿਤ ਕਹਾਣੀ 'ਪਠਾਣ ਦੀ ਧੀ' ਦਾ ਪਾਠ ਬਰਜਿੰਦਰ ਗੁਲਾਟੀ ਹੁਰਾਂ ਨੇ ਕੀਤਾ। ਕਹਾਣੀ ਪੜ੍ਹੇ ਜਾਣ ਉਪਰੰਤ, ਜਰਨੈਲ ਸਿੰਘ ਕਹਾਣੀਕਾਰ ਨੇ ਸੁਜਾਨ ਸਿੰਘ ਹੁਰਾਂ ਦੇ ਜੀਵਨ ਅਤੇ ਕਹਾਣੀ ਕਲਾ ਬਾਰੇ ਵਿਚਾਰ ਸਾਂਝੇ ਕੀਤੇ। ਜਰਨੈਲ ਸਿੰਘ ਨੇ ਦੱਸਿਆ ਕਿ ਸੁਜਾਨ ਸਿੰਘ ਨਿੱਕੀ ਕਹਾਣੀ ਦੇ ਉਸਰੱਈਆਂ ਵਿੱਚੋਂ ਇੱਕ ਸਨ। ਉਹ ਕਹਿੰਦੇ ਸਨ ਕਿ ਲੇਖਕ ਲਈ ਦੇਸ਼, ਕਾਲ ਦੀ ਕੋਈ ਹੱਦ ਨਹੀਂ। ਸਾਹਿਤਕ ਲਹਿਰ ਨੂੰ ਪ੍ਰਗਤੀਵਾਦੀ ਰਾਹ ‘ਤੇ ਚਲਾਉਣ ਵਾਲੇ ਮੋਹਰੀਆਂ ਵਿਚੋਂ ਸਨ। ਉਹ ਉਸ ਸਮੇਂ ਦੀ ਕਹਾਣੀ ਦੀ ਵਿਧਾ ਵੱਲੋਂ ਸੁਚੇਤ ਸਨ। ਜਰਨੈਲ ਸਿੰਘ ਅਨੁਸਾਰ ਕਹਾਣੀ ‘ਪਠਾਣ ਦੀ ਧੀ’ ਇੱਕ ਇਕਹਿਰੀ ਕਹਾਣੀ ਹੈ ਅਤੇ ਦਰਸਾਉਂਦੀ ਹੈ ਕਿ ਪਿਆਰ ਹੀ ਰਿਸ਼ਤਿਆਂ ਦੀ ਪੱਕੀ ਕੰਧ ਹੁੰਦੀ ਹੈ। ਕਹਾਣੀ ਬਾਰੇ ਸੌਦਾਗਰ ਬਰਾੜ ਨੇ ਅਪਣੇ ਵਿਚਾਰਾਂ ਵਿੱਚ ਸੁਜਾਨ ਸਿੰਘ ਦੀ ਇਸ ਕਹਾਣੀ ਦੇ ਸੰਦਰਭ ਵਿੱਚ ਸੁਜਾਨ ਸਿੰਘ ਦੀ ਨਧਿਰਿਆਂ ਨਾਲ ਖੜ੍ਹਨ ਦੀ ਬਾਤ ਪਾਈ।
-----
ਸੁਜਾਨ ਸਿੰਘ ਹੁਰਾਂ ਦੀ ਲਿਖਤ ਅਤੇ ਜੀਵਨ ਬਾਰੇ ਡਾ. ਵਰਿਆਮ ਸੰਧੂ ਨੇ ਦੱਸਿਆ ਕਿ ਪਿੰਸੀਪਲ ਸੁਜਾਨ ਸਿੰਘ ਉਹਨਾਂ ਦੇ ਇਲਾਕੇ ਦੇ ਹੋਣ ਕਰਕੇ ਹੀ ਨਹੀਂ, ਸਾਹਿਤ ਵੱਲੋਂ ਵੀ ਉਹਨਾਂ ਦੇ ਕਾਫ਼ੀ ਨੇੜੇ ਸਨ। ਉਹਨਾਂ ਕਿਹਾ ਕਿ ਸੁਜਾਨ ਸਿੰਘ ਨੂੰ ਆਪਣੇ ਜੀਵਨ ਕਾਲ ਵਿਚ ਹਮੇਸ਼ਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਆਰਥਕ ਤੰਗਦਸਤੀ ਵਾਲੇ ਅਜਿਹੇ ਜੀਵਨ ਨੂੰ ਬਦਲਣ ਦੀ ਖ਼ਾਹਿਸ਼ ਨੇ ਉਸਨੂੰ ਮਾਰਕਸਵਾਦ ਦੇ ਅਧਿਐੱਨ ਵੱਲ ਮੋੜਿਆ ਅਤੇ ਛੇਤੀ ਹੀ ਉਹ ਸਾਹਿਤ ਦੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਦਾ ਧਾਰਨੀ ਬਣ ਗਿਆ । ਉਹ ਸਾਹਿਤ ਨੂੰ ਦੁਖੀਆਂ ਅਤੇ ਗਰੀਬਾਂ ਦੀ ਢਾਲ ਅਤੇ ਹਥਿਆਰ ਵਜੋਂ ਵਰਤਣ ਦਾ ਮੁਦੱਈ ਸੀ।
-----
ਉਹ ਲੇਖਕਾਂ ਦੀ ਸਾਹਿਤਕ ਜਥੇਬੰਦੀ ‘ਕੇਂਦਰੀ ਪੰਜਾਬੀ ਲੇਖਕ ਸਭਾ’ ਦੇ ਮੋਢੀਆਂ ਵਿਚੋਂ ਵੀ ਸੀ ਅਤੇ ਕੁਝ ਸਮਾਂ ਇਸਦਾ ਪ੍ਰਧਾਨ ਵੀ ਰਿਹਾ। ਪੰਜਾਬੀ ਭਾਸ਼ਾ ਨੂੰ ਉਸਦਾ ਬਣਦਾ ਹੱਕੀ ਸਥਾਨ ਦਿਵਾਉਣ ਲਈ ਚਲਾਈ ਜਾ ਰਹੀ ਲਹਿਰ ਵਿੱਚ ਵੀ ਉਸਨੇ ਭਰਪੂਰ ਯੋਗਦਾਨ ਪਾਇਆ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ਜੇਲ੍ਹ ਯਾਤਰਾ ਵੀ ਕੀਤੀ।
-----
ਸੁਜਾਨ ਸਿੰਘ ਨੇ ਭਾਵੇਂ ਕੁਝ ਵਾਰਤਕ ਵੀ ਲਿਖੀ ਅਤੇ ਉਸਦੀ ਵਾਰਤਕ-ਪੁਸਤਕ ‘ਜੰਮੂ ਜੀ ਤੁਸੀਂ ਡਾਢੇ ਰਾਅ’ ਚਰਚਾ ਵਿਚ ਵੀ ਰਹੀ ਪਰ ਉਸਦੀ ਵਡੇਰੀ ਪ੍ਰਾਪਤੀ ਆਧੁਨਿਕ ਨਿੱਕੀ ਹੁਨਰੀ ਕਹਾਣੀ ਦੇ ਮੋਢੀ ਤੇ ਸਮਰੱਥ ਕਹਾਣੀਕਾਰ ਵਜੋਂ ਹੀ ਜਾਣੀ ਜਾਂਦੀ ਹੈ।
-----
ਨਿਮਨ ਵਰਗ ਦੇ ਆਰਥਕ-ਸਮਾਜਕ ਪੱਖੋਂ ਦਲ਼ੇ-ਮਲ਼ੇ ਲੋਕਾਂ ਨੂੰ ਪਹਿਲੀ ਵਾਰ ਸੁਜਾਨ ਸਿੰਘ ਦੀਆਂ ਕਹਾਣੀਆਂ ਵਿਚ ਆਪਣਾ ਆਪ ਬੋਲਦਾ-ਵਿਚਰਦਾ ਦਿੱਸਿਆ। ਅੱਜ ਦੇ ‘ਦਲਿਤ ਲੇਖਣ’ ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਨਿਰਸੰਦੇਹ ਸੁਜਾਨ ਸਿੰਘ ਪੰਜਾਬੀ ਦਾ ਪਹਿਲਾ ‘ਦਲਿਤ ਲੇਖਕ’ ਸੀ। ਉਸ ਦੀਆਂ ਕਹਾਣੀਆਂ ਵਿੱਚ ਸਿਰਫ਼ ਹੱਡੀਂ ਹੰਢਾਈ ਗ਼ਰੀਬੀ ਦਾ ਪ੍ਰਮਾਣਿਕ ਬਿਆਨ ਹੀ ਨਹੀਂ ਸੀ ਹੁੰਦਾ ਸਗੋਂ ਇਸ ਗ਼ਰੀਬੀ ਪਿੱਛੇ ਕੰਮ ਕਰਦੇ ਪ੍ਰੇਰਕਾਂ ਵੱਲ ਸੰਕੇਤ ਵੀ ਹੁੰਦਾ ਸੀ। ਉਸਦੀਆਂ ਕਹਾਣੀਆਂ ਇਸ ਲਾਹਨਤ ਭਰੇ ਜੀਵਨ ਪ੍ਰਤੀ ਨਫ਼ਰਤ ਦੇ ਭਾਵ ਪੈਦਾ ਕਰਕੇ ਇਸ ਨੂੰ ਬਦਲਣ ਦੀ ਪ੍ਰੇਰਨਾ ਦਿੰਦੀਆਂ ਹਨ।
-----
ਉਨ੍ਹਾਂ ਦੱਸਿਆ ਕਿ ‘ਪਠਾਣ ਦੀ ਧੀ’ ਕਹਾਣੀ ਬਾਰੇ ਟਿੱਪਣੀ ਕਰਦਿਆਂ ਕਿਸੇ ਨੇ ਕਿਹਾ ਸੀ ਕਿ ਸੁਜਾਨ ਸਿੰਘ ਕਹਾਣੀ ਵਿੱਚ ਹਰ ਮਸਲੇ ਨੂੰ ਆਰਥਿਕ ਮਸਲੇ ਤੱਕ ਘਟਾ ਕੇ ਦਿਖਾ ਦਿੰਦੇ ਹਨ, ਮਨੁੱਖ ਦੇ ਅੰਦਰਲੇ ਦਾ ਘੱਟ ਜ਼ਿਕਰ ਕਰਦੇ ਨੇ ਜਦ ਕਿ ਸੰਧੂ ਜੀ ਕਹਿਣ ਲੱਗੇ ਕਿ ਇਸ ਕਹਾਣੀ ਵਿੱਚ ਆਰਥਿਕ ਪਿਛੋਕੜ ਦੇ ਨਾਲ ਨਾਲ ਗਫ਼ੂਰ ਪਠਾਣ ਦੀ ਮਾਨਸਿਕ-ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ਬੰਦੇ ਦੀ ਦਿੱਖ ਅਤੇ ਦੱਖ ਬਾਰੇ ਉਹਨਾਂ ਕਿਹਾ ਕਿ ਹਰ ਪਾਤਰ ਗਫ਼ੂਰ ਬਾਰੇ ਕੁਝ ਹੋਰ ਸੋਚਦਾ ਹੈ ਜਦ ਕਿ ਪਾਠਕ ਨੂੰ ਲੇਖਕ ਵੱਲੋਂ ਕਹਾਣੀ ਵਿਚ ਹੀ ਪੂਰੀ ਜਾਣਕਾਰੀ ਮਿਲ ਜਾਂਦੀ ਹੈ। ਇਸ ਕਹਾਣੀ ਵਿੱਚ ਇਨਸਾਨੀ ਫਿਤਰਤ ਦੇ ਰੰਗ ਸੁਹਣੇ ਦਰਸਾਏ ਹਨ।
ਇਸ ਤੋਂ ਬਾਅਦ ਓਂਕਾਰਪ੍ਰੀਤ ਨੇ ਬਾਹਰੋਂ ਆਏ ਹੋਏ ਮਹਿਮਾਨਾਂ ਨਾਲ ਜਾਣ ਪਛਾਣ ਕਰਵਾਈ ਜਿਨ੍ਹਾਂ ਵਿੱਚ ਗੁਰੁ ਨਾਨਕ ਦੇਵ ਯੂਨੀਵਰਸਿਟੀ ਤੋਂ ਗੁਰੁ ਨਾਨਕ ਅਧਿਐੱਨ ਦੇ ਮੁਖੀ ਡਾ. ਗੁਰਸ਼ਰਨਜੀਤ ਸਿੰਘ, ਪੰਜਾਬ ਤੋਂ ਆਏ ਚਾਰ ਕਿਤਾਬਾਂ ਦੇ ਲੇਖਕ ਅਤੇ ਸਾਬਕਾ ਐਸ.ਪੀ.ਹਰਦੇਵ ਸਿੰਘ ਧਾਲੀਵਾਲ, ਦੂਰਦਰਸ਼ਨ ਤੇ ਖੇਤੀ-ਬਾੜੀ ਸਬੰਧਿਤ ਪ੍ਰੋਗ੍ਰਾਮ ਸੰਚਾਲਕ ਡਾ. ਸੰਪੂਰਨ ਸਿੰਘ, ਲੁਧਿਆਣੇ ਤੋਂ ਸਤਨਾਮ ਸਿੰਘ ਕੋਮਲ ਸ਼ਾਮਿਲ ਸਨ। ਦੁਆਬਾ ਸਹਿਤ ਸਭਾ ਸ਼ੰਕਰ(ਜਲੰਧਰ) ਤੋਂ ਗਜ਼ਲ-ਗੋਅ ਸ.ਅਵਤਾਰ ਸਿੰਘ ਵੀ ਹਾਜ਼ਿਰ ਹੋਏ, ਜਿਨ੍ਹਾਂ ਨੇ ਇੱਕ ਗਜ਼ਲ ਵੀ ਸੁਣਾਈ। ‘ਪ੍ਰੌਗ੍ਰੈਸਿਵ ਥਿੰਕਰਜ਼ ਫੋਰਮ ਟਰਾਂਟੋ’ ਵੱਲੋਂ ਆਏ ਇਕਬਾਲ ਸੁੰਬਲ ਨੇ ਫੋਰਮ ਬਾਰੇ ਜਾਣਕਾਰੀ ਦਿੱਤੀ।
-----
ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਠਾਕੁਰ ਸਿੰਘ ਕੰਗ, ਗੁਰਬਚਨ ਚਿੰਤਕ, ਹਰਬੰਸ ਸਿੰਘ ਮਿਨਹਾਸ, ਕੇਵਲ ਸਿੰਘ ਸਹੋਤਾ, ਜਰਨੈਲ ਸਿੰਘ ਗਰਚਾ, ਤ੍ਰਿਲੋਚਨ ਸਿੰਘ ਗਿੱਲ, ਨੀਟਾ ਬਲਵਿੰਦਰ, ਅਰਵਿੰਦਰ ਕੌਰ, ਮਿੰਨੀ ਗਰੇਵਾਲ, ਬਲਬੀਰ ਕੌਰ ਸੰਘੇੜਾ,ਲਾਲ ਸਿੰਘ, ਸੌਦਾਗਰ ਬਰਾੜ ਲੰਡੇ, ਵਕੀਲ ਕਲੇਰ,ਅਵਤਾਰ ਸਿੰਘ ਬਰੈਂਪਟਨ, ਨਵਕਿਰਨ ਸਿੱਧੂ, ਗੁਰਮੀਤ ਸਿੰਘ, ਹਰਭਜਨ ਗਰੀਸੀ, ਪਰਵੀਨ ਕੈਰੋਂ, ਰੁਪਿੰਦਰ ਉੱਪਲ ਅਤੇ ਮਨਮੋਹਨ ਸਿੰਘ ਗੁਲਾਟੀ ਸ਼ਾਮਿਲ ਸਨ। ਮੀਟਿੰਗ ਦੀ ਸਮਾਪਤੀ ਇਸ ਮਿਲਣੀ ਦੇ ਪ੍ਰਧਾਨ ਜਰਨੈਲ ਸਿੰਘ ਕਹਾਣੀਕਾਰ ਵੱਲੋਂ ਸਭ ਦਾ ਧੰਨਵਾਦ ਕਰਨ ਨਾਲ ਹੋਈ।