ਸਰੀ:- (ਜਰਨੈਲ ਸਿੰਘ ਸੇਖਾ) ਓਕਨਆਗਨ ਪੰਜਾਬੀ ਸੱਥ ਵਰਨਨ ਵੱਲੋਂ 18 ਸਤੰਬਰ, 10 ਨੂੰ ਪਰੋਗ੍ਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਫਰੇਜ਼ਰ ਵੈਲੀ ਤੇ ਓਕਨਆਗਨ ਵੈਲੀ ‘ਚੋਂ ਆਏ ਪੰਜਾਬੀ ਲੇਖਕਾਂ ਦੀ ਭਰਵੀਂ ਸ਼ਮੂਲੀਅਤ ਸੀ।
----
ਪਹਿਲੇ ਸੈਸ਼ਨ ਦੇ ਪਰਧਾਨਗੀ ਮੰਡਲ ਵਿਚ ਡਾਕਟਰ ਦਰਸ਼ਨ ਗਿੱਲ, ਹੈਰੀ ਬੈਂਸ ਅਤੇ ਪਾਲ ਢਿੱਲੋਂ ਸ਼ਾਮਲ ਹੋਏ. ਸਟੇਜ ਦੀ ਕਾਰਵਾਈ ਮੋਹਨ ਗਿੱਲ ਨੇ ਨਿਭਾਈ। ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਓਕਨਆਗਨ ਪੰਜਾਬੀ ਸੱਥ ਦੇ ਕਨਵੀਨਰ ਛਿੰਦਾ ਢਿੱਲੋਂ ਨੂੰ ਸੱਦਾ ਦਿੱਤਾ ਕਿ ਉਹ ਦੂਰੋਂ ਨੇੜਿਉਂ ਆਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀਅ ਆਇਆਂ ਕਹਿਣ। ਛਿੰਦਾ ਢਿੱਲੋਂ ਦੇ ਹਾਸੇ ਤੇ ਮਜ਼ਾਹੀਆ ਲਹਿਜ਼ੇ ਵਿਚ 'ਜੀਅ ਆਇਆਂ' ਕਹਿਣ ਮਗਰੋਂ ਮੋਹਣ ਗਿੱਲ ਨੇ ਵਰਨਨ ਦੇ ਨਾਮਵਰ ਗ਼ਜ਼ਲਗੋ ਪਾਲ ਢਿੱਲੋਂ ਦੇ ਸਾਹਿਤਕ ਸਫ਼ਰ ਦੀ ਜਾਣਕਾਰੀ ਦੇ ਕੇ ਡਾਕਟਰ ਦਰਸ਼ਨ ਗਿੱਲ ਨੂੰ ‘ਖੰਨਿਓਂ ਤਿੱਖਾ ਸਫਰ’ ਉਪਰ ਪਰਚਾ ਪੜ੍ਹਨ ਲਈ ਬੇਨਤੀ ਕੀਤੀ।
-----
ਡਾ: ਗਿੱਲ ਨੇ ਪੁਸਤਕ ਉਪਰ ਗੱਲ ਕਰਦਿਆਂ ਕਿਹਾ ਕਿ ਪਾਲ ਢਿੱਲੋਂ ਨੇ ਗ਼ਜ਼ਲ ਜਿਹੀ ਔਖੀ, ਇਕੋ ਇਕ ਵਿਧਾ ਨੂੰ ਅਪਣਾਇਆ ਹੈ। ਹੋਰ ਕਲਾਵਾਂ ਵਾਂਗ ਸ਼ਾਇਰੀ ਵੀ ਇਕ ਕਲਾ ਹੈ ਤੇ ਕਲਾ ਸਾਧਨਾ ਮੰਗਦੀ ਹੈ। ਢਿੱਲੋਂ ਇਕ ਸਾਧਕ ਸ਼ਾਇਰ ਹੈ. ਡਾ: ਗਿੱਲ ਨੇ ਪੁਸਤਕ ਵਿਚੋਂ ਵੱਖ ਵੱਖ ਰੰਗਾਂ ਦੇ ਸ਼ਿਅਰ ਸੁਣਾ ਕੇ ਕਿਹਾ ਕਿ ਇਹੋ ਕਾਰਨ ਹੈ ਜੋ ਢਿੱਲੋਂ ਦੀ ਗ਼ਜ਼ਲ ਵਿਚ ਪਰਪੱਕਤਾ ਆਈ ਹੈ। ਢਿੱਲੋਂ ਕੁਦਰਤ ਤੇ ਲੋਕਤਾ ਦਾ ਯਥਾਰਥਵਾਦੀ ਸ਼ਾਇਰ ਹੈ। ਗੁਰਦਰਸ਼ਨ ਬਾਦਲ ਨੇ ਆਪਣੇ ਪਰਚੇ ਵਿਚ ਦੱਸਿਆ ਕਿ ਢਿੱਲੋਂ ਨੂੰ ਗ਼ਜ਼ਲ ਦੇ ਬਹਿਰਾਂ ਦੀ ਬਹੁਤ ਸੂਝ ਹੈ ਤੇ ਉਸ ਦਾ ਹਰਮਨ ਪਿਆਰਾ ਬਹਿਰ ‘ਹਜ਼ਜ’ ਹੈ। ਨਦੀਮ ਪਰਮਾਰ ਨੇ ਢਿੱਲੋਂ ਦੀ ਗ਼ਜ਼ਲ ਦੀ ਕਲਾ ਤੇ ਬਣਤਰ ਬਾਰੇ ਗੱਲ ਕਰਦਿਆਂ ਕਿਹਾ ਕਿ ਗ਼ਜ਼ਲਕਾਰ ਨਹੀਂ ਗ਼ਜ਼ਲਗੋ ਹੁੰਦਾ ਹੈ। ਗ਼ਜ਼ਲ ਲਿਖੀ ਨਹੀਂ ਜਾਂਦੀ ਗ਼ਜ਼ਲ ਕਹੀ ਜਾਂਦੀ ਹੈ। ਗ਼ਜ਼ਲ ਵਿਧਾ ਵਿਚ ਉਸਤਾਦਾਂ ਨੇ 65 ਗੁਣ ਤੇ 32 ਐਬ ਦੱਸੇ ਹਨ, ਇਸ ਲਈ ਗ਼ਜ਼ਲ ਲਿਖਦਿਆਂ ਬੰਦਸ਼ ਦੇ ਨਾਲ ਕਈ ਵਾਰ ਖੁੱਲ੍ਹ ਵੀ ਲੈ ਲਈ ਜਾਂਦੀ ਹੈ ਪਰ ਇਹ ਖੁੱਲ੍ਹਾਂ ਸਦੀਵੀ ਨਹੀਂ ਹੁੰਦੀਆਂ। ਜਰਨੈਲ ਸਿੰਘ ਸੇਖਾ ਨੇ ਢਿੱਲੋਂ ਦੀਆਂ ਪੁਸਤਕਾਂ ਦੇ ਨਾਵਾਂ ਰਾਹੀਂ ਢਿੱਲੋਂ ਦੀ ਸ਼ਾਇਰੀ ਦੇ ਸਫਰ ਦੀ ਗੱਲ ਕੀਤੀ ਅਤੇ ਵਾਕ ਲੈਣ ਵਾਂਗ ਪੁਸਤਕ ਖੋਲ੍ਹ ਕੇ ਇਕ ਗ਼ਜ਼ਲ ਪੜ੍ਹੀ ਤੇ ਦੱਸਿਆ ਕਿ ਪੁਸਤਕ ਵਿਚੋਂ ਕਿਤੋਂ ਵੀ ਕੋਈ ਗ਼ਜ਼ਲ ਪੜ੍ਹ ਲਈ ਜਾਵੇ, ਸਭ ਗ਼ਜ਼ਲਾਂ ਹੀ ਉੱਚ ਪਾਏ ਦੀਆਂ ਹਨ।
------
ਉਸ ਤੋਂ ਮਗਰੋਂ ਤਾੜੀਆਂ ਦੀ ਗੂੰਜ ਵਿਚ ਪਾਲ ਢਿੱਲੋਂ ਦੀ ਪੁਸਤਕ ‘ਖੰਨਿਓਂ ਤਿੱਖਾ ਸਫਰ’ ਨੂੰ ਸਰੋਤਿਆਂ ਦੇ ਸਨਮੁਖ ਕੀਤਾ ਗਿਆ. ਪੁਸਤਕ ਰਿਲੀਜ਼ ਕਰਨ ਮਗਰੋਂ ਹੈਰੀ ਬੈਂਸ ਐਮ.ਐਲ.ਏ. ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਸਾਹਿਤਕਾਰ ਦੇਸ਼ ਦੀ ਤਰੱਕੀ ਵਿਚ ਬੜਾ ਵੱਡਾ ਯੋਗਦਾਨ ਪਾ ਰਹੇ ਹਨ। ਜੱਸ ਢਿੱਲੋਂ, ਸੁਪਤਨੀ ਪਾਲ ਢਿੱਲੋਂ, ਨੇ ਵੀ ਕੁਝ ਸ਼ਬਦ ਪਾਲ ਢਿੱਲੋਂ ਬਾਰੇ ਕਹੇ। ਇਸ ਸੈਸ਼ਨ ਦੇ ਅੰਤ ‘ਤੇ ਪਾਲ ਢਿੱਲੋਂ ਨੇ ਆਪਣੀ ਨਵੀਂ ਪੁਸਤਕ ਵਿਚੋਂ ਕੁਝ ਗ਼ਜਲ਼ਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
-----
ਚਾਹ ਪਾਣੀ ਪੀਣ ਮਗਰੋਂ ਦੂਜਾ ਸੈਸ਼ਨ ਕਵੀ ਦਰਬਾਰ ਦੇ ਰੂਪ ਵਿਚ ਆਰੰਭ ਹੋਇਆ, ਜਿਸ ਦੀ ਪ੍ਰਧਾਨਗੀ ਨਦੀਮ ਪਰਮਾਰ ਤੇ ਪਾਲ ਢਿੱਲੋਂ ਨੇ ਕੀਤੀ। ਇਸ ਵਾਰ ਵੀ ਸਟੇਜ ਦੀ ਕਾਰਵਾਈ ਮੋਹਣ ਗਿੱਲ ਨੇ ਨਿਭਾਈ। ਉਸ ਸੂਚਨਾ ਹਿਤ ਦੱਸਿਆ ਕਿ 28 ਸਤੰਬਰ ਨੂੰ ਸ਼ਾਮ 6:30 ਵਜੇ ਜਾਰਜ ਮੈਕੀਅ ਲਾਇਬ੍ਰੇਰੀ ਡੈਲਟਾ ਵਿਚ ਜਰਨੈਲ ਸਿੰਘ ਸੇਖਾ ਦਾ ਕਹਾਣੀ ਪਾਠ, ਹਰਭਜਨ ਮਾਂਗਟ ਤੇ ਜਤਿੰਦਰ ਦਾ ਕਵਿਤਾ ਪਾਠ ਹੋਵੇਗਾ। 9 ਅਕਤੂਬਰ ਨੂੰ ਬਿਲ ਪਰਫਾਰਮਿੰਗ ਸੈਂਟਰ ਸਰੀ ਵਿਚ 12।30 ਵਜੇ ਤਰਕਸੀਲ ਮੇਲਾ ਹੋਵੇਗਾ। ਮੋਹਣ ਗਿੱਲ ਦੀ ਖ਼ੂਬੀ ਇਹ ਸੀ ਕਿ ਉਹ ਹਰ ਬੁਲਾਰੇ ਦੇ ਸਟੇਜ ‘ਤੇ ਆਉਣ ਤੋਂ ਪਹਿਲਾਂ ਪਾਲ ਢਿੱਲੋਂ ਦੀ ਨਵੀਂ ਪੁਸਤਕ ਵਿਚੋਂ ਕੁਝ ਸ਼ਿਅਰ ਸਰੋਤਿਆਂ ਨੂੰ ਸੁਣਾ ਦਿੰਦਾ ਸੀ।
-----
ਪਹਿਲੀ ਕਵਿਤਾ ‘ਜ਼ਿੰਮੇਵਾਰੀ’ ਇੰਦਰਜੀਤ ਸਿੰਘ ਧਾਮੀ ਨੇ ਪੜ੍ਹੀ ਜਿਹੜੀ ਔਰਤ ਦੇ ਪਰਵਾਸ ਦੀ ਗੱਲ ਕਰਦੀ ਸੀ। ਓਕਨਆਗਨ ਵੈਲੀ ਦੇ ਸ਼ਹਿਰ ਕੈਸਲਗਾਰ ‘ਚੋਂ ਆਏ ਕਵੀ ਪਰਮਜੀਤ ਗਿੱਲ ਨੇ ‘ਅੱਗ’ ਦਾ ਗੀਤ ਗਾ ਕੇ ਸੁਣਾਇਆ ਇਹ ਗੀਤ ਵੀ ਔਰਤ ਦੇ ਪਰਵਾਸ ਦੀ ਤਰਜਮਾਨੀ ਕਰਦਾ ਸੀ। ਬਿੱਕਰ ਸਿੰਘ ਖੋਸਾ ਨੇ ਢਿੱਲੋਂ ਦੀ ਕਵਿਤਾ ‘ਇਕ ਖ਼ਤ ਲਿਖੀਂ’ ਦੀ ਗੱਲ ਕਰਕੇ ਇਕ ਗ਼ਜ਼ਲ ਸੁਣਾਈ ‘ਵੱਡੇ ਘਰਾਂ ਦੇ ਵੱਡੇ ਵਿਹੜੇ, ਦਿਲ ਦੇ ਵਿਹੜੇ ਤੰਗ ਘਰਾਂ ਵਿਚ।’
-----
ਪਰਮਿੰਦਰ ਸਵੈਚ ਦੀ ਕਵਿਤਾ ‘ਹਿੰਦਸੇ’ ਦਸਦੀ ਸੀ ਕਿ ਅਜੋਕਾ ਮਨੁੱਖ ਹਿੰਦਸਿਆਂ ਦੀ ਭੀੜ ਵਿਚ ਗੁੰਮ ਹੋ ਕੇ ਰਹਿ ਗਿਆ ਹੈ। ਫਿਰ ਦਰਸ਼ਨ ਸੰਘਾ ਨੇ ਆਪਣੀਆਂ ਵਿਅੰਗਾਤਮਿਕ ਬੋਲੀਆਂ ਸੁਣਾ ਕੇ ਸਰੋਤਿਆਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ. ਦਵਿੰਦਰ ਪੂਨੀਆ ਨੇ ਆਪਣੀ ਫਲਾਸਫਾਨਾ ਗ਼ਜ਼ਲ ਸੁਣਾਈ. ਸੁਰਜੀਤ ਮਾਧੋਪੁਰੀ ਨੇ ਆਪਣੀ ਬੁਲੰਦ ਅਵਾਜ਼ ਵਿਚ ਇਕ ਗੀਤ ਸੁਣਾ ਕੇ ਪਾਲ ਢਿੱਲੋਂ ਦੀ ਇਕ ਗ਼ਜ਼ਲ ਤਰੰਨੁਮ ਵਿਚ ਸੁਣਾਈ। ਅੰਗ੍ਰੇਜ਼ ਬਰਾੜ ਦੀਆਂ ਬੋਲੀਆਂ ਪੰਜਾਬੀਆਂ ਦੇ ਮਾਣ ਦੀ ਗੱਲ ਕਰਦੀਆਂ ਸਨ। ਪ੍ਰਿਤਪਾਲ ਸਿੰਘ ਗਿੱਲ ਨੇ ਕਵਿਤਾ ਸੁਣਾਉਣ ਥਾਂ ਪਾਲ ਢਿੱਲੋਂ ਦੀ ਸ਼ਾਇਰੀ ਵਿਚ ਕੁਝ ਬੋਲ ਬੋਲੇ. ਨਾਲ ਹੀ ਉਸ ਨੇ 26 ਸਤੰਬਰ ਦੀ ਸ਼ਾਮ ਨੂੰ ਬੰਬੇ ਬੈਂਕੁਇਟ ਹਾਲ ਵਿਚ ਰੋਪੜ ਨਿਵਾਸੀਆਂ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
-----
ਦਲਜੀਤ ਕਲਿਆਣਪੁਰੀ ਦੀਆਂ ਰੁਬਾਈਆਂ ਵਿਚ ਉਸ ਦੇ ਬੋਲਾਂ ਜਿਹੀ ਹੀ ਖਣਕ ਸੀ। ਚਰਨ ਸਿੰਘ ਵਿਰਦੀ ਨੇ ਪਾਲ ਢਿੱਲੋਂ ਦੀ ਗ਼ਜ਼ਲ ਵਿਚ ਸੰਜਮ, ਸਤੁੰਲਨ ਤੇ ਸੰਤੋਖ ਦੀ ਗੱਲ ਕਰਨ ਮਗਰੋਂ ਆਪਣੀ ਨਜ਼ਮ ‘ਤੇਰੇ ਰੰਗ ਵਰਗਾ’ ਸੁਣਾ ਕੇ ਰੰਗ ਬੰਨ੍ਹਿਆ। ਭੂਪਿੰਦਰ ਮੱਲ੍ਹੀ ਨੇ ਦੱਸਿਆ ਕਿ ਪਾਲ ਢਿੱਲੋਂ ਦੀ ਗ਼ਜ਼ਲ ਵਿਸ਼ੇ ਤੇ ਖ਼ਿਆਲ ਪੱਖੋਂ ਪਰਪੱਕ ਹੈ। ਉਹਨਾਂ 26 ਸਤੰਬਰ ਨੂੰ ਬੰਬੇ ਬੈਂਕੁਇਟ ਹਾਲ ਸਰੀ ਵਿਚ 12 ਵਜੇ ਦੁਪਹਿਰ ਪ੍ਰੋ: ਪ੍ਰੀਤਮ ਸਿੰਘ ਯਾਦ ਵਿਚ ਹੋ ਰਹੇ ਸਮਾਗਮ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ।
-----
ਗਿੱਲ ਮੋਰਾਂਵਾਲੀ ਨੇ ਆਪਣੀ ਛੋਟੇ ਬਹਿਰ ਦੀ ਇਕ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ। ਤਨਦੀਪ ਤਮੰਨਾ ਨੇ ਪਾਲ ਢਿੱਲੋਂ ਦੀ ਇਕ ਗ਼ਜ਼ਲ ‘ਸ਼ੁਆ ਜੇਕਰ ਹਨੇਰਾ ਚੀਰਦੀ ਹੋਈ ਗੁਜ਼ਰ ਜਾਂਦੀ, ਜ਼ਰਾ ਭਰ ਖ਼ੌਫ਼ ਦੀ ਚਾਦਰ ਦਿਲਾਂ ਉੱਤੋਂ ਉਤਰ ਜਾਂਦੀ’ ਸੁਣਾਈ।
-----
ਸੈਸ਼ਨ ਦੇ ਅਖੀਰ ਵਿਚ ਨਦੀਮ ਪਰਮਾਰ ਨੇ ਪ੍ਰਧਾਨਗੀ ਭਾਸ਼ਨ ਦੀ ਥਾਂ ਆਪਣੀ ਇਕ ਛੋਟੇ ਬਹਿਰ ਦੀ ਨਵੀਂ ਗ਼ਜ਼ਲ, ‘ਜਾਣ ਬੇਜਾਨ ਅਈਨਾ ਮੈਨੂੰ, ਦੇ ਗਿਆ ਮੋਨ ਦੀ ਸਜ਼ਾ ਮੈਨੂੰ, ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਮੋਹਨ ਗਿੱਲ ਨੇ ਓਕਨਆਗਨ ਪੰਜਾਬੀ ਸੱਥ ਵੱਲੋਂ ‘ਇਹ ਸਮਾਗਮ’ ਸਰੀ ਵਿਚ ਕਰਨ ਲਈ ਉਹਨਾ ਦਾ ਧੰਨਵਾਦ ਕੀਤਾ। ਛਿੰਦਾ ਢਿੱਲੋਂ ਦੇ ਸਮਾਗਮ ਵਿਚ ਆਏ ਸੱਜਣਾਂ ਦਾ ਧੰਨਵਾਦ ਕਰਨ ਨਾਲ ਸਭਾ ਦੀ ਸਮਾਪਤੀ ਹੋ ਗਈ। ਇਹ ਸਮਾਰੋਹ ਅਭੁੱਲ ਯਾਦਾਂ ਛੱਡ ਗਿਆ।