Monday, August 31, 2009

ਰਾਈਟਰਜ਼ ਫੋਰਮ, ਕੈਲਗਰੀ, ਕੈਨੇਡਾ ਵੱਲੋਂ ਪ੍ਰਸਿੱਧ ਗੀਤਕਾਰ ਅਤੇ ਲੇਖਕ ਸਨਮਾਨਿਤ







ਰਾਈਟਰਜ਼ ਫੋਰਮ, ਕੈਲਗਰੀ, ਕੈਨੇਡਾ ਵੱਲੋਂ ਪ੍ਰਸਿੱਧ ਗੀਤਕਾਰ ਅਤੇ ਲੇਖਕ ਸਨਮਾਨਿਤ

ਰਿਪੋਰਟਰ: ਸ਼ਮਸ਼ੇਰ ਸਿੰਘ ਸੰਧੂ ( ਕੈਲਗਰੀ, ਕੈਨੇਡਾ)

ਕੈਲਗਰੀ - 1 ਅਗਸਤ, 2009 ਨੂੰ ਰਾਈਟਰਜ਼ ਫੋਰਮ, ਕੈਲਗਰੀ ਦੀ, ਕਾਊਂਸਲ ਆਫ ਸਿੱਖ ਔਰਗੇਨਾਈਜ਼ੇਸ਼ਨਜ਼ ਨਾਰਥ ਈਸਟ ਕੈਲਗਰੀ ਦੇ ਹਾਲ ਵਿਚ ਸਨਿੱਚਰਵਾਰ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਵਿੱਚ ਪ੍ਰਸਿੱਧ ਗੀਤਕਾਰ ਗੁਰਚਰਨ ਸਿੰਘ ਬੋਪਾਰਾਏ, ਸਵਰਨ ਸਿੰਘ ਸੰਧੂ, ਸੁਰਜੀਤ ਸਿੰਘ ਸੀਤਲ (ਪੰਨੂੰ) ਤੇ ਜਸਵੰਤ ਸਿੰਘ ਸੇਖੋਂ ਦਾ ਸਨਮਾਨ ਕੀਤਾ ਗਿਆਸਟੇਜ ਸਕੱਤਰ ਦੀ ਜ਼ਿੰਮੇਵਾਰੀ ਜੱਸ ਚਾਹਲ ਨੇ ਨਿਭਾਈ

----

ਸ਼ਮਸ਼ੇਰ ਸਿੰਘ ਸੰਧੂ ਨੇ ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਨੂੰ ਜੀ ਆਇਆਂ ਕਿਹਾ ਤੇ ਰੁਮੇਸ਼ ਆਨੰਦ ਹੋਰਾਂ ਨੇ ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਬਾਰੇ ਸੰਖੇਪ ਜਾਣਕਾਰੀ ਦਿੱਤੀਭਾਵੇਂ ਗੁਰਚਰਨ ਦੇ ਗੀਤਾਂ ਦੀ ਅੱਜ ਤਕ ਕੋਈ ਪੁਸਤਕ ਤਾਂ ਨਹੀਂ ਛਪੀ ਪਰ ਬੜੇ ਮਾਣ ਵਾਲੀ ਗੱਲ ਹੈ ਕਿ ਨਰਿੰਦਰ ਬੀਬਾ, ਅਮਰਜੀਤ ਗੁਰਦਾਸਪੁਰੀ, ਜਗਤ ਸਿੰਘ ਜੱਗਾ, ਮੁਹੰਮਦ ਸਦੀਕ, ਜਗਜੀਤ ਜ਼ੀਰਵੀ ਅਤੇ ਮਿਸਿਜ਼ ਰਾਜਨ ਤੇ ਹੰਸ ਰਾਜ ਹੰਸ ਵਰਗੇ ਵੱਖੋ ਵੱਖ ਪਰਮੁਖ ਪੰਜਾਬੀ ਗਾਇਕਾਂ ਨੇ ਉਸ ਦੇ ਗੀਤ ਗਾਏ ਜੋ ਬੜੇ ਮਕਬੂਲ ਹੋਏਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਨੇ ਇਕ ਘੰਟਾ ਵੀਹ ਮਿੰਟ ਗੀਤਾਂ ਦੀ ਝੜੀ ਲਾ ਛੱਡੀਉਹਨਾਂ ਦੇ ਗੀਤਾਂ ਦੀ ਪ੍ਰਸੰਸਾ ਹਿੱਤ ਵੱਜਦੀਆਂ ਤਾੜੀਆਂ ਨਾਲ ਹਾਲ ਬਾਰ ਬਾਰ ਗੂੰਜਦਾ ਰਿਹਾਕੁਛ ਨਮੂਨੇ ਪੇਸ਼ ਹਨ:

1- ਕਿਹਨੂੰ ਵੇਖਕੇ ਸੰਧੂਰੀ ਹੋਈਆਂ ਅੰਬੀਆਂ, ਇਹ ਕੌਣ ਲੰਘੀ ਮੇਰੇ ਬਾਗ਼ ਚੋਂ

ਕੀਹਦੇ ਰੰਗ ਤੋਂ ਸਵੇਰਾਂ ਗਈਆਂ ਰੰਗੀਆਂ, ਇਹ ਕੌਣ ਲੰਘੀ ਮੇਰੇ ਬਾਗ਼ ਚੋਂ

2- ਵੇ ਪੀਲੀਆਂ ਲਿਆ ਦੇ ਚੂੜੀਆਂ, ਮੇਰੀ ਗੋਰੀ ਗੋਰੀ ਮੰਗਦੀ ਕਲਾਈ

ਪੀਲਾਪੀਲਾ ਸੂਟ ਤੇਰੀ ਛੀਟਕੋ ਨੇ ਪਾਉਣਾ ਚੁੰਨੀ ਲੈਣੀਵੇ ਰੰਗਾਕੇ ਓਸੇ ਰੰਗਦੀ

3- ਨੀ ਅੱਜ ਸਾਡੇ ਓਸ ਆਉਣਾ ਜਿਹਦਾ ਸੰਗਦੀ ਲਵਾਂ ਨਾ ਨਾਂ

ਸਾਨੂੰ ਉਹਦਾ ਖ਼ਤ ਆ ਗਿਆ ਕਲ੍ਹ ਬਾਪੂ ਤਾਈਂ ਆਖਦੀ ਸੀ ਮਾਂ। (ਸੀਤਲ)

4- ਨੀ ਮੈਨੂੰ ਨੱਚ ਟੱਪ ਹੋਰ ਦਿਨ ਚਾਰ ਲੈਣ ਦੇ

ਮਾਏ ਆਪਣੇ ਤੂੰ ਵਿਹੜੇ ਦੀ ਮਲੂਕ ਹਿੱਕ ਉੱਤੇ

ਮੈਨੂੰ ਖਿੱਚ ਖਿੱਚ ਅੱਡੀਆਂ ਮਾਰ ਲੈਣ ਦੇ

5- ਮੈਨੂੰ ਤੋਰ ਮੁਕਲਾਵੇ ਤੋਰ ਨੀ

6- ਸੂਹੇ ਸੂਹੇ ਸਾਲੂ ਦੀਆਂ ਰੱਤੇ ਰੱਤੇ ਹੱਥਾਂ ਨਾਲ ਘੁੱਟ ਘੁੱਟ ਬੁੱਕਲਾਂ ਲੈ ਮਾਰ

7- ਮਾਏ ਤੇਰਾ ਦੇਸ਼ ਛੱਡ ਕੇ ਡਾਢੀ ਜਿੰਦੜੀ ਦੁਖਾਂ ਵਿਚ ਪਾ ਲਈ

ਢੋਲ ਮੇਰਾ ਗਿਆ ਲਾਮ ਨੂੰ ਅਸਾਂ ਜਾਗ ਹੰਝੂਆਂ ਨੂੰ ਲਾ ਲਈ

8- ਮੈਨੂੰ ਦੌਨੀ ਨੀ ਘੜਾਕੇ ਦਿੱਤੀ ਸਹੁਰਿਆਂ ਤੇ ਸੂਰਜੇ ਦਾ ਨਗ ਜੜਿਆ

ਘੁੰਡ ਚੁੱਕ ਜਾਂ ਛੁਹਾਈ ਮੇਰੀ ਮਾਂਗ ਨਾਲ ਅੱਧੀ ਰਾਤੀਂ ਦਿਨ ਚੜ੍ਹਿਆ

9- ਰੁੱਤਾਂ ਦਾ ਚਰਖਾ ਗਿੜ ਗਿੜਕੇ

10- ਮਿਟ ਮਿਟਕੇ ਮੇਰੀ ਹੋਂਦ ਨੇ

11- ਵਰ੍ਹ ਵੇ ਮੀਹਾਂ ਕਾਲਿਆ ਮੈਂ ਗੁੱਡੀ ਗੁਡਾ ਸਾੜਿਆ

12- ਬਣਕੇ ਲਲਾਰੀ ਫੇਰ ਸਾਉਣ ਆ ਗਿਆ

ਕਾਇਨਾਤ ਨੂੰ ਪੁਸ਼ਾਕ ਨਵੀਂ ਪਾਉਣ ਆ ਗਿਆ

----

ਇਸ ਪਿੱਛੋਂ ਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਦਾ ਸਨਮਾਨ-ਪੱਤਰ ਨਾਲ ਸਨਮਾਨ ਕੀਤਾ ਗਿਆਸ਼ਮਸ਼ੇਰ ਸਿੰਘ ਸੰਧੂ ਦਾ ਗ਼ਜ਼ਲ ਸੰਗ੍ਰਹਿ ਸੁਲਗਦੀ ਲੀਕ’, ਸਬਾ ਸ਼ੇਖ਼ ਦੀ ਪੁਸਤਕ ਕਲਾਮੇ ਸਬਾਅਤੇ ਅਜੀਤ ਸਿੰਘ ਰੱਖੜਾ ਦੀ ਪੁਸਤਕ ਕੈਲਗਰੀ ਦੇ ਪਤਵੰਤੇਉਹਨਾਂ ਨੂੰ ਭੇਂਟ ਕੀਤੀਆਂ ਗਈਆਂਗੁਰਚਰਨ ਸਿੰਘ ਬੋਪਾਰਾਏ ਤੇ ਗਾਇਕ ਸਵਰਨ ਸਿੰਘ ਸੰਧੂ ਦੇ ਪ੍ਰੋਗ੍ਰਾਮ ਦੀ ਤਾਰੀਫ ਕਰਦਿਆਂ ਕਹਿਣਾ ਬਣਦਾ ਹੈ ਕਿ ਉਹਨਾਂ ਪੰਜਾਬ ਚਿੱਤਰ ਕੇ ਰੱਖ ਦਿੱਤਾ ਜਿਸ ਦਾ ਹੁਲਾਰਾ ਅਸੀਂ ਦੇਰ ਤਕ ਹੰਡਾਉਂਦੇ ਰਹਾਂਗੇ

ਮੋਹਨ ਸਿੰਘ ਔਜਲਾ ਹੋਰਾਂ ਨੇ ਆਪਣੀ ਇਕ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ

ਵੈਰ ਵਿਰੋਧ ਭੁਲਾਕੇ ਸਾਰੇ ਜੇ ਸਾਂਝਾਂ ਤੇ ਪਿਆਰ ਵਧਾਈਏ

ਖ਼ਤਰੇ ਖ਼ਦਸ਼ੇ ਸ਼ਿਕਵੇ ਰੋਸੇ ਮੁੱਕਣ, ਗੀਤ ਖ਼ੁਸ਼ੀ ਦੇ ਗਾਈਏ

ਕਾਲੇ ਗੋਰੇ ਭੂਰੇ ਪੀਲੇ ਰੰਗਾਂ ਵਾਲੇ ਸਾਰੇ ਲੋਕੋ

ਰੰਗ ਬਰੰਗੇ ਫੁੱਲਾਂ ਵਾਂਗੂੰ ਮਿਲਕੇ ਹਰ ਬਗੀਆ ਮਹਿਕਾਈਏ

ਆਸ਼ਾ ਸ਼ਰਮਾ ਨੇ ਇਕ ਗੀਤ ਪੇਸ਼ ਕੀਤਾ:

ਦੁਨੀਆਂ ਮੇਂ ਅਗਰ ਆਏ ਹੈਂ ਤੋ ਜੀਨਾ ਹੀ ਪੜੇਗਾ

ਜੀਵਨ ਹੈ ਅਗਰ ਜ਼ਹਿਰ ਤੋ ਪੀਣਾ ਹੀ ਪੜੇਗਾ

----

ਸਾਹਿਤ ਅਕੈਡਮੀ ਐਵਾਰਡ ਪ੍ਰਾਪਤ ਮਹਾਨ ਸਾਹਿਤਕਾਰ ਸੋਹਣ ਸਿੰਘ ਸੀਤਲ ਦੇ ਸਪੁੱਤਰ ਸੁਰਜੀਤ ਸਿੰਘ ਪੰਨੂੰ ਦਾ ਪੰਜਾਬੀ ਸਾਹਿਤ ਵਿੱਚ ਜਾਣਿਆਂ ਪਹਿਚਾਣਿਆ ਨਾਂ ਹੈਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ ਲਈ ਸੁਰਜੀਤ ਸਿੰਘ ਪੰਨੂੰ ਨੂੰ ਸਨਮਾਨਿਤ ਕੀਤਾ ਗਿਆਉਹ ਹੁਣ ਤਕ ਅੱਧੀ ਦਰਜਨ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨਉਹਨਾਂ ਆਪਣੀਆਂ 6 ਖ਼ੂਬਸੂਰਤ ਰੁਬਾਈਆਂ ਸੁਣਾਈਆਂ:

1- ਵੈਦ ਧਨੰਤਰ ਵਰਗੇ ਹਾਰੇ ਲਾ ਥੱਕੇ ਵਾਹ ਸਾਰੀ

ਨਾੜੀ ਹੀ ਉਹ ਲੱਭ ਨਾ ਸਕੇ, ਲਭਦੇ ਕਿਵੇਂ ਬੀਮਾਰੀ

ਦਿਲ ਹੋਵੇ ਤਾਂ ਹੋਵੇ ਧੜਕਨ, ਤਾਂ ਹੀ ਧੜਕੇ ਨਾੜੀ

ਅਸਾਂ ਪੰਨੂੰਆਂ ਦਿਲ ਦੀ ਬਾਜ਼ੀ, ਸੱਜਣਾ ਮੁਹਰੇ ਹਾਰੀ

2- ਸੋਨੇ ਦਾ ਹੀ ਹੋਵੇ ਭਾਵੇਂ ਪਿੰਜਰਾ ਤਾਂ ਹੈ ਪਿੰਜਰਾ

ਉਸ ਦੇ ਅੰਦਰ ਰਹਿਣਾ ਪੈਂਦਾ ਮਾਰ ਖ਼ਾਹਸ਼ਾਂ ਨੂੰ ਜਿੰਦਰਾ

ਪਰ ਅਧੀਨੀ ਵਿਚ ਪੰਨੂੰਆਂ ਮਨ ਮਰਜ਼ੀ ਨਹੀਂ ਚਲਦੀ

ਮਿਲ ਜਾਂਦਾ ਏ ਮਿੱਟੀ ਢਹਿਕੇ ਆਸਾਂ ਵਾਲਾ ਕਿੰਗਰਾ

3- ਹੋਰ ਕੋਈ ਕੰਮ ਕਰਨ ਦੇ ਨਾਲੋਂ, ਚਲ ਬਣ ਜਾਈਏ ਆਗੂ

ਵੇਖੀਂ ਫੇਰ ਦਿਨਾਂ ਵਿਚ ਪੰਨੂੰਆਂ, ਕੀਕਰ ਕਿਸਮਤ ਜਾਗੂ

ਕੌਮ ਦੀ ਪੂੰਜੀ, ਹੱਥ ਆਪਣਾ, ਨਾ ਕੋਈ ਲੇਖਾ ਜੋਖਾ

ਇਸ ਪੇਸ਼ੇ ਦੇ ਉੱਤੇ ਹੁੰਦਾ, ਕੋਈ ਵੀ ਧਰਮ ਨਾ ਲਾਗੂ

----

ਮਿਸਿਜ਼ ਫਾਹੀਮਉਦੀਨ ਨੇ ਸਾਰਿਆਂ ਨੂੰ ਸੱਦਾ ਦਿੱਤਾ ਕਿ 20 ਅਗਸਤ ਤੋਂ ਰਮਜ਼ਾਨ ਸ਼ੁਰੂ ਹੋ ਰਿਹਾ ਹੈਸ਼ਨਿੱਚਰਵਾਰ 15 ਅਗਸਤ ਨੂੰ ਫਾਲਕਨਰਿਜ ਕੈਸਲਰਿਜ ਕਮਊਨਿਟੀ ਸੈਂਟਰ ਵਿੱਚ ਸ਼ਾਮ 5 ਵਜੇ ਤੋਂ 12 ਵਜੇ ਤਕ ਈਦ ਸ਼ਾਪਿੰਗ ਮੇਲਾ ਲਾਇਆ ਜਾ ਰਿਹਾ ਹੈਸਾਰਿਆਂ ਨੂੰ ਦਾਅਵਤ ਹੈ

ਮਨਜੀਤ ਬਾਸੀ ਨੇ ਆਪਣੀ ਇਕ ਕਵਿਤਾ ਸੁਣਾਈ:

ਬੰਬਾਂ ਨਾਲ ਬੰਬਾਰਾਂ ਨਾਲ, ਤੇਜ਼ ਧਾਰ ਹਥਿਆਰਾਂ ਨਾਲ

ਗੁੱਸੇ ਦੀਆਂ ਲਹਿਰਾਂ ਨਾਲ, ਗੁੱਸੇ ਦਿਆਂ ਕਹਿਰਾਂ ਨਾਲ

ਝਗੜਾ ਵਧ ਜਾਏ, ਵਧ ਜਾਏਗਾ

----

ਜਸਵੰਤ ਸਿੰਘ ਸੇਖੋਂ ਨੇ ਭੂਤਾਂ ਪ੍ਰੇਤਾਂ ਦੇ ਵਹਿਮਾਂ ਭਰਮਾਂ ਤੇ ਭੂਤ ਪ੍ਰੇਤ ਕੱਢਣ ਵਾਲੇ ਪਖੰਡੀ ਬਾਬਿਆਂ ਤੇ ਕਟਾਕਸ਼ ਭਰੀ ਕਵੀਸ਼ਰੀ ਸੁਣਾਈਪੰਜਾਬੀ ਕਵੀਸ਼ਰੀ ਦੇ ਖੇਤਰ ਵਿੱਚ ਪੁਰਾਣੇ ਕਵੀਸ਼ਰਾਂ ਨੂੰ ਉਭਾਰਨ ਦੇ ਸਰਗਰਮ ਯਤਨਾਂ ਤੇ ਪ੍ਰਾਪਤੀਆਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ

ਗਾਇਕੀ ਦੇ ਮਾਹਰ ਜੋਗਾ ਸਿੰਘ ਨੇ ਸ਼ਮਸ਼ੇਰ ਸਿੰਘ ਸੰਧੂ ਦੀ ਇਕ ਗ਼ਜ਼ਲ ਪੇਸ਼ ਕੀਤੀ:

ਕੀਕਣ ਕਰਾਰ ਆਵੇ, ਦਿਲ ਤੇ ਬਹਾਰ ਆਵੇ

ਸੱਜਣਾ ਦੇ ਬਾਝ ਰੋਵਾਂ, ਤੇਰਾ ਦੀਦਾਰ ਆਵੇ

ਕਸਮਾਂ ਜੋ ਖਾਕੇ ਭੱਲੇ, ਉਸ ਤੇ ਪਿਆਰ ਆਵੇ

ਆਵੇ ਉਹ ਕੋਲ ਮੇਰੇ, ਓਹੀ ਨਾ ਵਾਰ ਆਵੇ

ਇਸ ਪਿੱਛੋਂ ਵੈਨਕੂਵਰ ਦੇ ਗ਼ਜ਼ਲਗੋ ਗਿੱਲ ਮੋਰਾਂਵਾਲੀ ਦੀ ਇਕ ਗ਼ਜ਼ਲ ਸੁਣਾਈ:

ਏਥੇ ਹੈ ਕੌਣ ਦੋਸਤ ਤੇ ਕਿਹੜਾ ਰਕੀਬ ਹੈ

ਚਿਹਰਾ ਹਰੇਕ ਸ਼ਖਸ ਦਾ ਦਿਸਦਾ ਅਜੀਬ ਹੈ

ਮੇਰਾ ਹੀ ਸਾਇਆ ਬਣ ਗਿਆ ਹੈ ਦੁਸ਼ਮਣ ਆਪਣਾ

ਫਿਰ ਮੇਰਾ ਹੀ ਸਾਇਆ ਦੋਸਤੋ ਮੇਰੇ ਕਰੀਬ ਹੈ

ਇਸ ਪਿੱਛੋਂ ਫਾਹੀਮ ਸਾਹਿਬ ਦੀ ਫਰਮਾਇਸ਼ ਤੇ ਗੁਲਾਮ ਅਲੀ ਦੀ ਗਾਈ ਇਕ ਗ਼ਜ਼ਲ ਸੁਣਾਈ:

ਚੁਪਕੇ ਚੁਪਕੇ ਰਾਤ ਦਿਨ ਆਂਸੂ ਬਹਾਣਾ ਯਾਦ ਹੈ

ਹਮਕੋ ਅਬ ਤਕ ਆਸ਼ਕੀ ਕਾ ਵੁਹ ਜ਼ਮਾਨਾ ਯਾਦ ਹੈ

ਜੱਸ ਚਾਹਲ ਨੇ ਆਪਣੀ ਇਕ ਖ਼ੂਬਸੂਰਤ ਗ਼ਜ਼ਲ ਪੇਸ਼ ਕੀਤੀ

ਜ਼ਰਾ ਧੀਰੇ ਸੇ ਬੋਲੋ ਬਾਤ ਨਾ ਯੇ ਆਮ ਹੋ ਜਾਏ

ਕਹੀਂ ਬਾਤੋਂ ਹੀ ਬਾਤੋਂ ਮੇਂ ਕੋਈ ਬਦਨਾਮ ਹੋ ਜਾਏ

ਏਕ ਅਰਸੇ ਸੇ ਤਨਹਾ ਜ਼ਿੰਦਾ ਰਹਾ ਇਸ ਤਮੰਨਾ ਮੇਂ

ਵੁਹ ਮੇਰੇ ਸਾਥ ਹੋ ਜਬ ਜ਼ਿੰਦਗੀ ਕੀ ਸ਼ਾਮ ਹੋ ਜਾਏ

----

ਗੁਰਮੀਤ ਕੌਰ ਸਰਪਾਲ ਨੇ ਔਰਤ ਦੇ ਇਕ ਅਹਿਮ ਤਤ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਦੁਨੀਆਂ ਵਿੱਚ ਅਗਰ ਪਿਆਰ ਨਾ ਹੁੰਦਾ ਤਾਂ ਇਸ ਦੁਨੀਆਂ ਦੀ ਬਣਤਰ ਕੁਛ ਹੋਰ ਹੀ ਹੁੰਦੀਪਿਆਰ ਇਸ ਜ਼ਿੰਦਗੀ ਨੂੰ ਰੰਗੀਲੀ ਤੇ ਆਸਾਂ ਭਰਪੂਰ ਬਣਾ ਰਿਹਾ ਹੈਖੁਸ਼ੀਆਂ ਤੇ ਖੇੜੇ ਇਸ ਪਿਆਰ ਸਦਕਾ ਹੀ ਹਨ

ਪ੍ਰਭਦੇਵ ਸਿੰਘ ਗਿੱਲ ਨੇ ਆਪਣੀ ਇਕ ਰਚਨਾ ਸੁਣਾਈ:

ਮੈਂ ਹੈਰਾਨ ਹੁੰਦਾ ਹਾਂ ਜਦ ਕੁਛ ਮਾਪੇ ਕਹਿੰਦੇ ਹਨ

ਕਿ ਉਹਨਾਂ ਦੇ ਬੱਚੇ ਉਹਨਾਂ ਦਾ ਸਤਕਾਰ ਨਹੀਂ ਕਰਦੇ

ਮੇਰੀ ਹੈਰਾਨੀ ਹੋਰ ਵਧ ਜਾਂਦੀ ਹੈ ਜਦ ਉਹ ਕਹਿੰਦੇ ਹਨ

ਕਿ ਉਹਨਾਂ ਦੇ ਬੱਚੇ ਉਹਨਾਂ ਤੋਂ ਬਿਲਕੁਲ ਨਹੀਂ ਡਰਦੇ।

ਸ਼ਮਸ਼ੇਰ ਸਿੰਘ ਸੰਧੂ ਨੇ ਆਪਣੀ ਇਕ ਗ਼ਜ਼ਲ ਪੇਸ਼ ਕੀਤੀ

ਤੇਰੀ ਜੁਦਾਈ ਮੈਨੂੰ ਕੀਤਾ ਨਿਢਾਲ ਸਜਣਾ

ਤਰਸੇ ਪਏ ਹਾਂ ਕਦ ਤੋਂ ਮੁਖੜਾ ਵਿਖਾਲ ਸਜਣਾ

ਜ਼ੋਰਾਵਰੀ ਵੀ ਕਰਦੈਂ ਮੋਹੇਂ ਵੀ ਯਾਰ ਮੈਨੂੰ

ਕੈਸੀ ਇਹ ਦਿਲਲਗੀ ਹੈ ਕੈਸਾ ਖਿਆਲ ਸਜਣਾ

ਅੰਤ ਵਿੱਚ ਸੁਰਿੰਦਰ ਕੌਰ ਗੀਤ ਨੇ ਆਪਣੀ ਇਕ ਗ਼ਜ਼ਲ ਤਰੰਨਮ ਵਿੱਚ ਪੇਸ਼ ਕੀਤੀ

ਚੋਗ ਟਿਕਾਕੇ ਤਲੀਆਂ ਉੱਤੇ ਪੰਛੀ ਕੋਲ ਬੁਲਾਇਆ ਮੈਂ

ਸਜਰਾ ਨਗਮਾਂ ਸੁਣਿਆਂ ਉਸ ਤੋਂ ਬੇਹਾ ਰੋਣ ਸੁਣਾਇਆ ਮੈਂ

ਓਹੀ ਦੁਖ ਤੇ ਓਹੀ ਪੀੜਾ ਓਹੀ ਦਰਦ ਪਿਆਸਾਂ

ਪਰ ਉਸ ਦੇ ਨੈਣੀ ਪਰਵਾਜ਼ਾਂ ਅਪਣਾ ਖੰਭ ਕਟਾਇਆ ਮੈਂ

----

ਉਕਤ ਤੋਂ ਇਲਾਵਾ ਸੁਰਿੰਦਰ ਸਿੰਘ ਢਿਲੋਂ, ਚਮਕੌਰ ਸਿੰਘ ਧਾਲੀਵਾਲ, ਕੈਲਾਸ਼ ਨਾਰਾਇਨ ਮਹਿਰੋਤਰਾ, ਹਰਬਖਸ਼ ਸਿੰਘ ਸਰੋਆ, ਹਰਮੁਹਿੰਦਰ ਸਿੰਘ ਪਲਾਹਾ, ਬਲਦੇਵ ਸਿੰਘ ਹੁੰਦਲ, ਗਿਆਨ ਕੌਰ ਬੋਪਾਰਾਏ, ਜੇ ਐਸ ਸੰਧੂ, ਮੋਹਨ ਸਿੰਘ ਮਿਨਹਾਸ, ਬਲਹਾਰ ਸਿੰਘ ਰਾਏ, ਦਲਜੀਤ, ਵਨਿੰਦਰ ਹੁੰਦਲ, ਤਰਸੇਮ ਸਿੰਘ ਪਰਮਾਰ, ਸੁਰਜੀਤ ਸਿੰਘ ਰੰਧਾਵਾ, ਹਰਨੇਕ ਢਿੱਲੋਂ, ਰੂਪ ਸਿੰਘ ਗਿੱਲ, ਜਸਵੰਤ ਸਿੰਘ ਹਿੱਸੋਵਾਲ, ਜਸਵੀਰ ਸਿੰਘ ਸੀਹੋਤਾ, ਭਗਵੰਤ ਸਿੰਘ ਰੰਧਾਵਾ, ਮਿੰਡੀ ਚੁੱਘ, ਤਰਲੋਕ ਸਿੰਘ ਚੁੱਘ, ਬਲਜੀਤ ਸਿੰਘ, ਸੁਖਦੇਵ ਸਿੰਘ ਸਿਧੂ, ਜਾਗੀਰ ਸਿੰਘ ਘੁੰਮਨ, ਰਣਜੀਤ ਸਿੰਘ ਸਿਧੂ, ਗੁਰਦੇਵ ਸਿੰਘ, ਫਾਹੀਮਉਦੀਨ, ਹਰਪਾਲ ਸਿੰਘ ਬਾਸੀ, ਹਰਚਰਨ ਕੌਰ ਬਾਸੀ, ਸ਼ਰਨਜੀਤ ਸੰਘੜਾ, ਪਰਮਜੀਤ ਸੰਘੜਾ, ਅਰਮਿੰਦਰ ਚਾਹਲ, ਰਾਜਵੀਰ ਮਾਹਲ, ਹਰਸਿੰਦਰ ਸਿੰਘ ਜੌਹਲ, ਹਰਪਾਲ ਜੌਹਲ, ਜਸਬੀਰ ਸਿੰਘ ਚਾਹਲ ਅਤੇ ਡੈਨ ਸਿੱਧੂ ਵੀ ਇਸ ਇਕੱਤਰਤਾ ਵਿੱਚ ਸ਼ਾਮਲ ਸਨਸਾਰਿਆਂ ਲਈ ਚਾਹ ਪਾਣੀ ਦਾ ਪ੍ਰਬੰਧ ਰੁਮੇਸ਼ ਆਨੰਦ ਹੋਰਾਂ ਵੱਲੋਂ ਕੀਤਾ ਗਿਆ

----

ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾਸਾਹਿਤ ਰਾਹੀਂ ਬਣੀ ਇਹ ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ

----

ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ ਇਕੱਤਰਤਾ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ, 5 ਸਤੰਬਰ, 2009 ਨੂੰ 2-00 ਤੋਂ 5-30 ਵਜੇ ਤਕ ਕੋਸੋ ਦੇ ਹਾਲ ਵਿਚ ਹੋਵੇਗੀ ਜਿਸ ਵਿੱਚ ਪ੍ਰਕਾਸ਼ ਕੌਰ ਬੂਰਾ ਦੀ ਕਾਵਿ ਪੁਸਤਕ ਮੇਰੇ ਅਹਿਸਾਸਰੀਲੀਜ਼ ਕੀਤੀ ਜਾਵੇਗੀ ਅਤੇ ਅਮਤੁਲ ਮਤੀਨ, ਪੈਰੀ ਮਾਹਲ, ਸਰੂਪ ਸਿੰਘ ਮੰਡੇਰ, ਜਸਵੀਰ ਸਿੰਘ ਸਿਹੋਤਾ ਅਤੇ ਪ੍ਰਕਾਸ਼ ਕੌਰ ਬੂਰਾ ਨੂੰ ਸਨਮਾਨਿਤ ਕੀਤਾ ਜਾਵੇਗਾਕੈਲਗਰੀ ਦੇ ਸਾਹਿਤ ਪ੍ਰੇਮੀਆਂ ਤੇ ਸਾਹਿਤਕਾਰਾਂ ਨੂੰ ਇਸ ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸੰਧੂ (ਪ੍ਰੈਜ਼ੀਡੈਂਟ) ਨਾਲ (403) 285-5609, ਸਲਾਹੁਦੀਨ ਸਬਾ ਸ਼ੇਖ਼ (ਵਾਇਸ ਪ੍ਰੈਜ਼ੀਡੈਂਟ) ਨਾਲ 403-547-0335, ਜੱਸ ਚਾਹਲ (ਸਕੱਤਰ) ਨਾਲ 403-293-8912 ਸੁਰਿੰਦਰ ਸਿੰਘ ਢਿਲੋਂ (ਸਹਿ-ਸਕੱਤਰ) ਨਾਲ 403-285-3539 ਅਤੇ ਚਮਕੌਰ ਸਿੰਘ ਧਾਲੀਵਾਲ (ਖ਼ਜ਼ਾਨਚੀ) ਨਾਲ 403-275-4091, ਪੈਰੀ ਮਾਹਲ (ਮੀਤ ਸਕੱਤਰ) ਨਾਲ 403-616-0402 ਅਤੇ ਗੁਰਮੀਤ ਕੌਰ ਸਰਪਾਲ ਨਾਲ 403-280-6090 ਤੇ ਸੰਪਰਕ ਕਰੋ
















Sunday, August 23, 2009

ਜਰਮਨੀ ਦੇ ਲਾਈਪਜ਼ਿਗ ਸ਼ਹਿਰ ਵਿਚ 'ਮੀਡੀਆ ਪੰਜਾਬ’ ਨੇ ਕਰਵਾਇਆ ਕਵੀ ਦਰਬਾਰ


ਜਰਮਨੀ ਦੇ ਲਾਈਪਜ਼ਿਗ ਸ਼ਹਿਰ ਵਿਚ ਮੀਡੀਆ ਪੰਜਾਬਵਲੋਂ ਕਰਵਾਇਆ ਸਾਹਿਤਕ ਸਮਾਗਮ ਤੇ ਕਵੀ ਦਰਬਾਰ

ਰਿਪੋਰਟਰ: ਕੇਹਰ ਸ਼ਰੀਫ - ਜਰਮਨੀ

ਜਰਮਨੀ ਦਾ ਸ਼ਹਿਰ ਲਾਈਪਜ਼ਿਗ ਜਰਮਨ ਜ਼ੁਬਾਨ ਦੇ ਬਹੁਤ ਉੱਘੇ ਲੇਖਕ ਬਰੂਨੋ ਅਪਤਿਜ਼ ਕਰਕੇ ਸੰਸਾਰ ਭਰ ਵਿਚ ਜਾਣਿਆ ਜਾਂਦਾ ਹੈ, ਜਿਸ ਦਾ ਨਾਵਲ ਬਘਿਆੜਾਂ ਦੇ ਵੱਸਪੰਜਾਬੀ ਸਮੇਤ ਦੁਨੀਆਂ ਦੀਆਂ ਤੀਹ ਤੋਂ ਉੱਪਰ ਜ਼ੁਬਾਨਾਂ ਵਿਚ ਅਨੁਵਾਦ ਹੋ ਕੇ ਪੜ੍ਹਿਆ ਗਿਆਇਸੇ ਸ਼ਹਿਰ ਵਿਚ 15 ਅਗਸਤ ਦੇ ਦਿਹਾੜੇ ਮੀਡੀਆ ਪੰਜਾਬਵਲੋਂ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਗਿਆਇਸ ਵਿਚ ਯੂਰਪ ਦੇ ਮੁਲਕਾਂ ਇੰਗਲੈਂਡ, ਫਰਾਂਸ, ਇਟਲੀ, ਜਰਮਨੀ ਦੇ ਨਾਲ ਹੀ ਭਾਰਤ ਤੋਂ ਵੀ ਸਾਹਿਤਕਾਰ ਤੇ ਪੰਜਾਬੀ ਪਿਆਰੇ ਸ਼ਾਮਲ ਹੋਏਜਰਮਨੀ ਵਿਚ ਹੁਣ ਫਰੈਂਕਫਰਟ ਤੋਂ ਬਾਅਦ ਜੋ ਪੰਜਾਬੀ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣਿਆ ਉਹ ਹੈ ਲਾਈਪਜ਼ਿਗ ਸ਼ਹਿਰ ਜੋ ਮੁਲਕ ਦੇ ਪੂਰਬੀ ਪਾਸੇ ਸਥਿੱਤ ਹੈਇਸ ਸ਼ਹਿਰ ਵਿਚੋਂ ਪਿਛਲੇ ਪੌਣੇ ਕੁ ਤਿੰਨ ਸਾਲ ਤੋਂ ਗੁਰਦੀਸ਼ਪਾਲ ਕੌਰ ਬਾਜਵਾ, ਮੁੱਖ ਸੰਪਾਦਕ ਅਤੇ ਬਲਦੇਵ ਸਿੰਘ ਬਾਜਵਾ ਪ੍ਰਬੰਧਕੀ ਸੰਪਾਦਕ ਵਲੋਂ ਇੰਟਰਨੈਟ ਰਾਹੀਂ ਪੰਜਾਬੀ ਦੀ ਸੇਵਾ ਲਈ ਮੀਡੀਆ ਪੰਜਾਬਨਾਂ ਦਾ ਰੋਜ਼ਾਨਾ ਅਖਬਾਰ ਕੱਢਿਆ ਜਾ ਰਿਹਾ ਹੈ (ਹੁਣ ਤੱਕ ਇਸ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਗਿਆਰਾਂ ਲੱਖ ਨੂੰ ਟੱਪ ਗਈ ਹੈ) ਅਤੇ ਇਨ੍ਹਾਂ ਵਲੋਂ ਨਾਲ ਹੀ ਮੀਡੀਆ ਪੰਜਾਬ ਰੇਡੀਉਵੀ ਚਲਾਇਆ ਜਾ ਰਿਹਾ ਹੈਜਿਸ ਰਾਹੀਂ ਬਾਜਵਾ ਜੋੜੀ ਪੰਜਾਬੀ ਜ਼ੁਬਾਨ, ਸਾਹਿਤ ਅਤੇ ਸੱਭਿਆਚਾਰ ਦੇ ਨਰੋਏ ਪੱਖਾਂ ਦੇ ਪ੍ਰਚਾਰ, ਪ੍ਰਸਾਰ ਵਾਸਤੇ ਜਤਨ ਕਰਦੇ ਹਨਵੱਖੋ-ਵੱਖ ਥਾਹੀਂ ਵਸਦੇ ਪੰਜਾਬੀ ਭਾਈਚਾਰੇ ਨੂੰ ਜੋੜਨਾ ਵੀ ਇਸ ਅਖਬਾਰ ਅਤੇ ਰੇਡੀਉ ਦੇ ਕਾਰਜਾਂ ਵਿਚ ਸ਼ਾਮਲ ਹੈਹੁਣ ਤੱਕ ਪੰਜਾਬੀ ਦੇ ਕਾਫੀ ਸਾਰੇ ਉੱਘੇ ਸਾਹਿਤਕਾਰ ਵੀ ਮੀਡੀਆ ਪੰਜਾਬਨਾਲ ਜੁੜ ਚੁੱਕੇ ਹਨ ਜਿਨ੍ਹਾਂ ਦੀਆਂ ਰਚਨਾਵਾਂ ਨੂੰ ਨਿੱਤ ਦਿਹਾੜੇ ਇਸ ਅਖ਼ਬਾਰ ਦੇ ਪੰਨਿਆਂ ਤੇ ਦੇਖਿਆ ਜਾ ਸਕਦਾ ਹੈ

----

ਇਸ ਵਾਰ ਦੇ ਸਮਾਗਮ ਦਾ ਮੁੱਖ ਮੁੱਦਾ ਭਾਵੇਂ ਕਵੀ ਦਰਬਾਰ ਹੀ ਸੀ ਪਰ ਫੇਰ ਵੀ ਇਸ ਵਿਚ ਪੰਜਾਬੀ ਬਾਰੇ ਗਹਿਰ-ਗੰਭੀਰ ਵਿਚਾਰ ਪੇਸ਼ ਹੋਏਭਾਈ ਰਵਿੰਦਰ ਸਿੰਘ ਆਲਮਗੀਰ ਵਲੋਂ ਗੁਰਮਤਿ ਬਾਰੇ ਕਾਫੀ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏਗੁਰਦੀਸ਼ਪਾਲ ਕੌਰ ਬਾਜਵਾ ਨੇ ਸੁਰਜੀਤ ਪਾਤਰ ਦਾ ਇਹ ਸ਼ਿਅਰ ਕਿ :

ਮੈਂ ਰਾਹਾਂ ਤੇ ਨਹੀਂ ਤੁਰਦਾ

ਮੈਂ ਤੁਰਦਾ ਹਾਂ ਤਾਂ ਰਾਹ ਬਣਦੇ

ਪੜ੍ਹਦਿਆਂ ਸਟੇਜ ਦੀ ਜੁੰਮੇਵਾਰੀ ਸੰਭਾਲਦਿਆਂ ਕਵੀ ਦਰਬਾਰ ਦਾ ਆਰੰਭ ਕੀਤਾਇਸ ਕਵੀ ਦਰਬਾਰ ਵਿਚ ਪੇਸ਼ ਹੋਣ ਵਾਲੇ ਜਸਕਰਨ ਸਿੰਘ ਬਾਜਵਾ, ਅੰਜੂਜੀਤ ਸ਼ਰਮਾ ਨੇ ਆਪਣੀਆਂ ਭਾਵਪੂਰਤ ਕਾਵਿ ਪੰਕਤੀਆਂ ਨਾਲ ਸਭ ਨੂੰ ਮੀਡੀਆ ਪੰਜਾਬਦੇ ਵਿਹੜੇ ਆਉਣ ਤੇ ਜੀ ਆਇਆਂ ਕਿਹਾਕੁਲਵੰਤ ਕੌਰ ਚੰਨ ਜੰਮੂ ਪੈਰਿਸ, ਫਰਾਂਸ ਨੇ ਆਜ਼ਾਦੀ ਦਿਹਾੜੇ ਤੇ ਝੰਡੇ ਨੂੰ ਉੱਚਾ ਰਹਿਣ ਦੀ ਦੁਆ ਦਾ ਗੀਤ ਗਾਇਆ ਫੇਰ ਸਰੋਤਿਆਂ ਨੇ ਕਈ ਵਾਰ ਬੀਬੀ ਚੰਨ ਆਪਣਾ ਕਲਾਮ ਤਰੰਨੁੰਮ ਵਿਚ ਪੇਸ਼ ਕਰਨ ਲਈ ਕਿਹਾਫਰਾਂਸ ਤੋਂ ਹੀ ਪਹੁੰਚੇ ਸੁਖਬੀਰ ਸਿੰਘ ਸੰਧੂ ਨੇ ਪੰਜਾਬੀਆਂ ਵਲੋਂ ਪਰਦੇਸ ਦੀ ਦੌੜ ਬਾਰੇ ਕੁੜੀਆਂ ਨੂੰ ਬਲਦੀ ਦੇ ਬੁੱਥੇ ਪਾਉਣ ਬਾਰੇ ਬਹੁਤ ਵਧੀਆ ਰਚਨਾ ਪੇਸ਼ ਕੀਤੀ ਬਲਵੀਰ ਸਿੰਘ ਜੱਸੀ ਖਾਲਸਾ ਨੇ ਅੱਜ ਦੇ ਸਿਆਸੀ ਵਾਤਾਵਰਨ ਬਾਰੇ ਆਪਣੀ ਕਵਿਤਾ:

ਵਾਹ ਕਿਹੜੇ ਦਿਨ ਆਏ

ਪੰਜ ਦਰਿਆਵਾਂ ਦੇ ਪੱਤਣਾਂ ਤੇ

ਲੋਕ ਮਰਨ ਤ੍ਰਿਹਾਏ

ਵਾਲੀ ਭਾਵਪੂਰਤ ਕਵਿਤਾ ਨੂੰ ਤਰੰਨੁੰਮ ਵਿਚ ਸਲੀਕੇ ਨਾਲ ਪੇਸ਼ ਕੀਤਾਸੁੱਚਾ ਸਿੰਘ ਬਾਜਵਾ ਨੇ ਵਿਅੰਗ ਭਰੀ ਹਾਸਰਸੀ ਕਵਿਤਾ ਨਾਲ ਹਾਜ਼ਰੀ ਲਵਾਈਇਟਲੀ ਤੋਂ ਆਏ ਸੁੱਖਾ ਨੱਤ ਨਾਨੋਵਾਲੀਆਂ ਅਤੇ ਪਵਨ ਕੁਮਾਰ ਨੇ ਲੈਅ ਭਰੀ ਸੁਰ ਨਾਲ ਗੀਤ ਪੇਸ਼ ਕੀਤੇ, ਅਮਰਜੀਤ ਸਿੰਘ ਸਿੱਧੂ, ਅਮਨਦੀਪ ਸਿੰਘ ਕਾਲਕਟ, ਮਲਕੀਤ ਸਿੰਘ ਸੁਹਲ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂਲਾਈਪਜ਼ਿਗ ਦੇ ਗੁਆਂਢੀ ਸ਼ਹਿਰ ਹਾਲੇ ਤੋਂ ਡਾ: ਲਹਿਰੀ ਨੇ ਰੱਬ ਨਾਲ ਗੱਲ ਕਰਦੀ ਕਵਿਤਾ ਮੈਂ ਰੱਬ ਤੇ ਤੂੰ ਮਜਦੂਰ ਹੁੰਦਾਪੇਸ਼ ਕੀਤੀਨਿਰਮਲ ਸਿੰਘ ਕੰਧਾਲਵੀ ਨੇ ਅੱਜ ਦੇ ਸਮਾਜਕ ਮਸਲਿਆਂ ਬਾਰੇ, ਬਾਬਿਆਂ ਦੇ ਪ੍ਰਦੂਸ਼ਣ ਬਾਰੇ, ਧਾਰਮਿਕ ਸਥਾਨਾਂ ਅੰਦਰਲੀਆਂ ਧੜੇਬੰਦੀਆਂ ਦਾ ਵਿਅੰਗ ਰਾਹੀਂ ਵਧੀਆ ਨਕਸ਼ਾ ਪੇਸ਼ ਕਰਦਿਆਂ ਮੂੰਹ ਰੱਖੋ ਬੰਦ ਜੀਦਾ ਉਪਦੇਸ਼ ਦਿੱਤਾ, ਇਸੇ ਤਰ੍ਹਾਂ ਇੰਗਲੈਂਡ ਤੋਂ ਆਏ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਵਿਅੰਗਮਈ ਕਵਿਤਾਵਾਂ ਨਾਲ ਹਾਜ਼ਰੀ ਲਵਾਈਇੰਗਲੈਂਡ ਤੋਂ ਹੀ ਸ਼ਮਸ਼ੇਰ ਸਿੰਘ ਰਾਏ (ਪੰਜਾਬ ਰੇਡੀਉ), ਇਟਲੀ ਤੋਂ ਆਏ ਕਵੀ ਵਿਸ਼ਾਲ ਨੇ ਬੌਧਿਕਤਾ ਭਾਵੀ ਕਵਿਤਾਵਾਂ ਦਾ ਪਾਠ ਕੀਤਾਗੁਲਜ਼ਾਰ ਸਿੰਘ ਨਿਊਰਨਬਰਗ ਨੇ ਮੀਡੀਆ ਪੰਜਾਬਦੇ ਔਖੇ-ਸੌਖੇ ਰਾਹਾਂ ਨੂੰ ਪਾਰ ਕਰਦਿਆਂ ਇਹਦੇ ਸਥਾਪਤੀ ਤੱਕ ਪਹੁੰਚਣ ਦੀ ਗਾਥਾ ਬਿਆਨ ਕੀਤੀਬਲਦੇਵ ਸਿੰਘ ਬੱਧਨੀ, ਬਿੰਦਰ ਸਿੰਘ ਭੁੱਲਰ ਅਤੇ ਬੀਬੀ ਰਮਾ ਸ਼ਰਮਾ ਸਮੇਤ ਪ੍ਰੀਵਾਰ, ਰਣਜੀਤ ਸਿੰਘ ਚੰਨ ਪੈਰਿਸ, ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਤੇ ਵਿਅੰਗ ਭਰੀਆਂ ਕਾਮਯਾਬ ਟਿੱਪਣੀਆਂ ਕਰਨ ਵਾਲਾ ਰਣਜੀਤ ਸਿੰਘ ਦੂਲੇ ਉਰਫ ਤਾਇਆ ਬੱਕਰੀਆਂ ਵਾਲਾ ਆਦਿ ਵੀ ਇਸ ਸਮਾਗਮ ਵਿਚ ਸ਼ਾਮਲ ਹੋਏਇਸ ਸਮਾਗਮ ਦਾ ਉਜਲਾ ਪੱਖ ਕਿ ਵੱਡੀ ਗਿਣਤੀ ਵਿਚ ਬੀਬੀਆਂ ਇਸ ਵਿਚ ਸ਼ਾਮਲ ਹੋਈਆਂਸਮਾਗਮ ਦੇ ਮੁੱਕਣ ਤੋਂ ਪਹਿਲਾਂ ਇਕ ਵੀ ਸਰੋਤਾ ਨਹੀਂ ਗਿਆ

----

ਇਸ ਸਮਾਗਮ ਵਿਚ ਦੋ ਕਿਤਾਬਾਂ ਮਲਕੀਤ ਸਿੰਘ ਸੁਹਲ ਦੀ ਕਾਵਿ ਪੁਸਤਕ ਸੱਜਣਾਂ ਬਾਝ ਹਨੇਰਾਅਤੇ ਅਮਰਜੀਤ ਸਿੰਘ ਸਿੱਧੂ ਦਾ ਕਹਾਣੀ ਸੰਗ੍ਰਹਿ ਤਿੜਕਦੇ ਰਿਸ਼ਤੇਲੋਕ ਅਰਪਣ ਕੀਤੀਆਂ ਗਈਆਂ ਸਮਾਗਮ ਵਿਚ ਪੰਜਾਬੀ ਸੱਥ ਵਲੋਂ ਜਰਮਨੀ ਵਿਚ ਪੰਜਾਬੀ ਸੱਥ ਦੀ ਇਕਾਈ ਕਾਇਮ ਕੀਤੀ ਗਈਬਰੀਮਨ ਦੇ ਨੇੜੇ ਰਹਿਣ ਵਾਲੀ ਬੀਬੀ ਅੰਜੂਜੀਤ ਸ਼ਰਮਾ ਨੂੰ ਇਸ ਦੀ ਮੁੱਖ ਸੰਚਾਲਕਾ ਥਾਪਿਆ ਗਿਆਨਾਲ ਹੀ ਫਰਾਂਕਫਰਟ ਤੋਂ ਸੁੱਚਾ ਸਿੰਘ ਬਾਜਵਾ ਨੂੰ ਉਸਦਾ ਸਹਿਯੋਗੀ ਬਣਾਇਆ ਗਿਆਇਸ ਦੇ ਸਬੰਧ ਵਿਚ ਗੱਲ ਕਰਦਿਆਂ ਮੀਡੀਆ ਪੰਜਾਬਅਤੇ ਮੀਡੀਆ ਪੰਜਾਬ ਰੇਡੀਉਦੇ ਪ੍ਰਬੰਧਕ ਸੰਪਾਦਕ ਬਲਦੇਵ ਸਿੰਘ ਬਾਜਵਾ ਨੇ ਜਰਮਨ ਵਿਚ ਸਥਾਪਤ ਕੀਤੀ ਗਈ ਪੰਜਬੀ ਸੱਥਦੀ ਇਕਾਈ ਨੂੰ ਆਪਣੇ ਅਦਾਰੇ ਵਲੋਂ ਹਰ ਕਿਸਮ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾਪੰਜਾਬੀ ਸੱਥ ਵਲੋਂ ਕਾਫੀ ਸਾਰੀਆਂ ਪੰਜਾਬੀ ਪੁਸਤਕਾਂ ਅਤੇ ਪੰਜਾਬੀ ਸੱਥਦਾ ਕਲੰਡਰ ਆਏ ਪੰਜਾਬੀ ਪ੍ਰੇਮੀਆਂ ਵਿਚ ਮੁਫਤ ਵੰਡੇ ਗਏ

----

ਇੰਗਲੈਂਡ ਤੋਂ ਆਏ ਪੰਜਾਬੀ ਸੱਥ ਲਾਂਬੜਾ ਵਲੋਂ ਯੂਰਪ ਦੇ ਮੁਖ ਸੇਵਾਦਾਰ ਮੋਤਾ ਸਿੰਘ ਸਰਾਏ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਹਾਜ਼ਰ ਪੰਜਾਬੀਆਂ ਨੂੰ ਪੰਜਾਬੀ ਸੱਭਿਆਚਾਰ ਦੇ ਅਮੀਰ ਪੱਖਾਂ ਤੇ ਪਹਿਰਾ ਦੇਣ ਦੇ ਫ਼ਰਜ਼ ਨਿਭਾਉਣ ਦਾ ਸੱਦਾ ਦਿੱਤਾਕਿਤਾਬਾਂ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈਇਸੇ ਤਰ੍ਹਾਂ ਸਰਾਏ ਹੋਰਾਂ ਨੇ ਆਉਣ ਵਾਲੀ ਪੀੜ੍ਹੀ ਵਿਚ ਪੰਜਾਬੀ ਸੱਭਿਆਚਾਰ ਦੇ ਸੰਚਾਰ ਦਾ ਸਵਾਲ ਬਾਰੇ ਵੀ ਚਰਚਾ ਕੀਤੀਸਰਾਏ ਹੋਰਾਂ ਨੇ ਪੰਜਾਬੀ ਸੱਥ ਵਲੋਂ ਵੱਖੋ-ਵੱਖ ਮੁਲਕਾਂ ਵਿਚ ਪੰਜਾਬੀਆਂ ਅੰਦਰ ਆਪਣੀ ਸੱਥ ਦੀਆਂ ਸਰਗਰਮੀਆਂ ਤੇ ਵੀ ਚਾਨਣਾ ਪਾਇਆਕੇਹਰ ਸ਼ਰੀਫ਼ ਨੇ ਵੀ ਅਜਾਦੀ ਦਿਹਾੜੇ ਦੀ ਗੱਲ ਕਰਦਿਆਂ ਅਜਾਦੀ ਲਈ ਜਾਨਾ ਵਾਰ ਗਏ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ 1947 ਦੀ ਵੰਡ ਵੇਲੇ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ਵਿਚ ਯਾਦਗਾਰ ਉਸਾਰਨ ਦੀ ਮੰਗ ਕੀਤੀਮੀਡੀਆ ਪੰਜਾਬ ਨੂੰ ਅਜਿਹੇ ਸਮਾਗਮ ਦਾ ਪ੍ਰਬੰਧ ਕਰਨ ਲਈ ਸ਼ਾਬਾਸ਼ ਪੇਸ਼ ਕੀਤੀ

----

ਅਦਾਰਾ ਮੀਡੀਆ ਪੰਜਾਬਵਲੋਂ ਆਏ ਮਹਿਮਾਨਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਆ ਗਿਆ ਆਖਰ ਵਿਚ ਮੀਡੀਆਂ ਪੰਜਾਬ ਦੇ ਪ੍ਰਬੰਧਕ ਸੰਪਾਦਕ ਬਲਦੇਵ ਸਿੰਘ ਬਾਜਵਾ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣ ਦਾ ਆਪਣਾ ਵਾਅਦਾ ਦੁਹਰਾਇਆ ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂਮੀਡੀਆ ਪੰਜਾਬਦੀ ਮੁੱਖ ਸੰਪਾਦਕ ਗੁਰਦੀਸ਼ਪਾਲ ਕੌਰ ਬਾਜਵਾ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਸਟੇਜ ਨੂੰ ਚਲਾਇਆ ਹਰ ਵਕਤਾ ਨੂੰ ਪੇਸ਼ ਕਰਦਿਆਂ ਬਹੁ-ਮੁੱਲੇ ਸ਼ੇਅਰ, ਕਾਵਿ ਟੁਕੜੀਆਂ ਤੇ ਭਾਵਪੂਰਤ ਵਿਚਾਰ ਪੇਸ਼ ਕਰਕੇ ਸਭ ਦਾ ਮਨ ਮੋਹਿਆ ਸਮਾਗਮ ਦੇ ਪ੍ਰਬੰਧਕਾਂ ਵਲੋਂ ਵਧੀਆ ਖਾਣਾ ਵੀ ਆਏ ਮਹਿਮਾਨਾਂ ਨੂੰ ਪੇਸ਼ ਕੀਤਾ ਗਿਆਇਹ ਕਵੀ ਦਰਬਾਰ ਤੇ ਸਾਹਿਤਕ ਸਮਾਗਮ ਆਪਣੇ ਆਪ ਵਿਚ ਮਿਸਾਲ ਕਾਇਮ ਕਰ ਗਿਆਮੀਡੀਆ ਪੰਜਾਬ ਰੇਡੀਉਵਲੋਂ 6 ਘੰਟੇ ਚੱਲੇ ਇਸ ਸਮਾਗਮ ਦਾ ਸਿੱਧਾ ਪਰਸਾਰਣ ਕੀਤਾ ਗਿਆ, ਯਾਦ ਰਹੇ ਇੰਟਰਨੈਟ ਤੇ ਚੱਲਦੇ ਇਸ ਰੇਡੀਉ ਨੂੰ 85 ਮੁਲਕਾਂ ਵਿਚ ਸੁਣਿਆਂ ਜਾਂਦਾ ਹੈ ਲੱਗਭੱਗ ਇੰਨੇ ਹੀ ਮੁਲਕਾਂ ਵਿਚ ਮੀਡੀਆ ਪੰਜਾਬਅਖ਼ਬਾਰ ਵੀ ਇੰਟਰਨੈਟ ਤੇ ਪੜ੍ਹਿਆ ਜਾਂਦਾ ਹੈ

Friday, August 21, 2009

ਸੰਪਾਦਕ ਤੇ ਉੱਘੇ ਕਵੀ ਵਿਸ਼ਾਲ ਦਾ ਇਟਲੀ ਵਿਚ ਗੋਲਡ ਮੈਡਲ ਨਾਲ਼ ਸਨਮਾਨ


ਸੰਪਾਦਕ ਤੇ ਉੱਘੇ ਕਵੀ ਵਿਸ਼ਾਲ ਦਾ ਗੋਲਡ ਮੈਡਲ ਨਾਲ ਸਨਮਾਨ

ਰਿਪੋਰਟਰ: ਗੁਰਮੁਖ ਸਿੰਘ ਸਰਕਾਰੀਆ ( ਇਟਲੀ)

ਮਿਲਾਨ- ਇਟਲੀ ਇੰਡੋ ਇਟਾਲੀਅਨ ਟਾਈਮਜ਼ ਦੇ ਸੰਪਾਦਕ ਤੇ ਨਾਮਵਰ ਕਵੀ ਸ੍ਰੀ ਵਿਸ਼ਾਲ ਨੂੰ ਮਾਂ ਬੋਲੀ ਪੰਜਾਬੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਪੰਜਾਬੀ ਸਪੋਰਟਸ ਕਲੱਬ ਰਿੱਜੋਮਿਲੀਆ ਮਾਨਤੋਵਾ ਕੋਰੇਜੋ ਵੱਲੋਂ ਗੋਲਡ ਮੈਡਲ ਪਾ ਨੇ ਸਨਮਾਨਤ ਕੀਤਾ ਗਿਆਇੱਥੇ ਇਹ ਜ਼ਿਕਰਯੋਗ ਹੈ ਕਿ ਸ੍ਰੀ ਵਿਸ਼ਾਲ ਦੀਆਂ ਰਚਨਾਵਾਂ ਦਾ ਤਰਜੁਮਾ ਭਾਰਤ ਦੀ 10 ਤੋਂ ਵੱਧ ਭਸ਼ਾਵਾਂ ਚ ਪ੍ਰਕਾਸ਼ਤ ਹੋ ਚੁੱਕਾ ਹੈ ਤੇ ਆਨ ਲਾਈਨ ਨੈੱਟ ਤੇ ਪੜ੍ਹਿਆ ਜਾ ਸਕਦਾ ਹੈਦੇਸ਼ ਵਿਦੇਸ਼ਾਂ ਤੋਂ ਇਲਾਵਾ ਵਿਸ਼ਾਲ ਦੇ ਪਾਠਕਾਂ ਦਾ ਘੇਰਾ ਭਾਰਤ ਤੇ ਹਰ ਕੋਨੇ ਕੋਨੇ ਵਿਚ ਵੀ ਫੈਲਿਆ ਹੈ ਜਿਹੜੇ ਵਿਸ਼ਾਲ ਦੀਆਂ ਰਚਨਾਵਾਂ ਨੂੰ ਆਪਣੀ ਆਪਣੀ ਮਾਂ ਬੋਲੀ ਵਿਚ ਪੜ੍ਹਦੇ ਹਨ ਵਿਸ਼ਾਲ ਨੂੰ ਗੋਲਡ ਮੈਡਲ ਮਿਲਣ ਤੇ ਐਮਚਿਉਰ ਕਬੱਡੀ ਫੈਡਰੇਸ਼ਨ ਯੌਰਪ ਦੇ ਪ੍ਰਧਾਨ ਤੇ ਖੇਡ ਪ੍ਰਮੋਟਰ ਸ੍ਰੀ ਅਨਿਲ ਕੁਮਾਰ ਸ਼ਰਮਾ, ਮਾਹਲ ਮੈਰਿਜ ਪੈਲੇਸ ਦੇ ਡਾਇਰੈਕਟਰ ਜ਼ੈਲਦਾਰ ਸੁਰਿੰਦਰ ਸਿੰਘ ਚੈੜੀਆਂ , ਸੁਰਜੀਤ ਸਿੰਘ ਵਿਰਕ , ਖੇਡ ਪ੍ਰਮੋਟਰ ਰਾਜ ਕੁਮਾਰ ਸੱਲ੍ਹਾ, ਸ੍ਰ ਸੰਤੋਖ ਸਿੰਘ ਲਾਲੀ, ਸੁਖਵਿੰਦਰ ਸਿੰਘ,ਗੋਬਿੰਦਪੁਰੀ , ਨਿਰਮਲ ਸਿੰਘ ਖਹਿਰਾ ਨੇ ਵਧਾਈ ਸੰਦੇਸ਼ ਦਿੱਤੇ



Tuesday, August 18, 2009

ਪੰਜਾਬੀ ਸੱਥ ਦੀ ਯੂਰਪੀ ਇਕਾਈ ਵੱਲੋਂ ਦੋ ਵਿਰਾਸਤੀ ਕਿੱਸਿਆਂ ਦੀ ਮੁੱਖ ਵਿਖਾਈ

ਪੰਜਾਬੀ ਸੱਥ ਦੀ ਯੂਰਪੀ ਇਕਾਈ ਵੱਲੋਂ ਦੋ ਵਿਰਾਸਤੀ ਕਿੱਸਿਆਂ ਦੀ ਮੁੱਖ ਵਿਖਾਈ

ਪੰਜਾਬੀ ਸੱਥ ਦੀ ਯੂਰਪੀ ਇਕਾਈ ਨੇ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਵਸਦੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਾਸਤੇ ਕਿਤਾਬਾਂ, ਕੈਲੰਡਰ ਛਾਪਣ ਅਤੇ ਬੁੱਧੀਮਾਨਾਂ ਨੂੰ ਸਨਮਾਨ ਦੇਣ ਲਈ ਪਿਛਲੇ ਇੱਕ ਦਹਾਕੇ ਵਿਚ ਬਹੁਤ ਸ਼ਲਾਘਾਯੋਗ ਕਾਰਜ ਕੀਤੇ ਹਨਏਸੇ ਉੱਦਮ ਨੂੰ ਅਗਾਂਹ ਤੋਰਦਿਆਂ ਸ. ਮੋਤਾ ਸਿੰਘ ਸਰਾਏ ਦੀ ਦੂਰ ਅੰਦੇਸ਼ੀ ਅਤੇ ਹਿੰਮਤ ਨਾਲ ਪੰਜਾਬੀ ਕਵੀਸ਼ਰੀ ਦੇ ਥੰਮ ਸਵਰਗਵਾਸੀ ਕਵੀਸ਼ਰ ਚੰਦ ਸਿੰਘ ਮਰ੍ਹਾਜ ਜ਼ਿਲ੍ਹਾ ਬਠਿੰਡਾ ਦੁਆਰਾ ਰਚਿਤ ਦੋ ਨਵੇਂ ਛਪੇ ਕਿੱਸਿਆਂ ਦੀ ਮੁੱਖ ਵਿਖਾਈ ਲੈਮਿੰਗਟਨ ਸਪਾ, ਇੰਗਲੈਂਡ ਵਿਖੇ ਇਕ ਘਰੋਗੀ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਕੀਤੀਠੇਠ ਮਲਵਈ ਲਹਿਜ਼ੇ ਵਿਚ ਲਿਖੇ ਕਿੱਸੇ ਕੂਕਾ ਲਹਿਰ' ਅਤੇ ਗਿਆਨੋ ਸੁਜਾਨੋ' ਪੰਜਾਬ ਦੀ ਲਹੂ ਲੁਹਾਣ ਵਿਰਾਸਤ ਦੀਆਂ ਮੂੰਹ ਬੋਲਦੀਆਂ ਇਤਿਹਾਸਕ ਤਸਵੀਰਾਂ ਹਨਅੰਗਰੇਜ਼ਾਂ ਵੱਲੋਂ ਮਲੇਰਕੋਟਲੇ ਵਿਖੇ 70 ਬਹਾਦਰ ਕੂਕਿਆਂ ਨੂੰ ਤੋਪਾਂ ਨਾਲ ਉਡਾਏ ਜਾਣ ਦੀ ਵਿਥਿਆ ਪਹਿਲੇ ਕਿੱਸੇ ਦੀ ਕਹਾਣੀ ਹੈ

----

ਦੂਜੇ ਕਿੱਸੇ ਵਿੱਚ ਪੱਛਮੀ ਪੰਜਾਬ ਵਿਚਲੇ ਸਰਗੋਧੇ ਦੇ ਸਰਦਾਰ ਸੇਵਾ ਸਿੰਘ, ਦੀਆਂ ਧੀਆਂ ਅਤੇ ਉਸਦੇ ਪੱਗਵਟ ਭਰਾ ਸ਼ੇਰ ਮੁਹੰਮਦ ਦੇ ਸੱਚੇ ਸੁੱਚੇ ਪੈਰੋਕਾਰ ਵੱਲੋਂ ਉਨ੍ਹਾਂ ਬੀਬੀਆਂ ਨੂੰ ਜ਼ਾਲਮਾਂ ਕੋਲੋਂ ਬਚਾਉਣ ਦੀ ਸਾਡੇ ਸਾਰਿਆਂ ਲਈ ਪੰਜਾਬੀ ਸ਼ਾਨਾਮਤੀ ਵਿਰਾਸਤ ਦੀ ਦਾਸਤਾਨ ਹੈਇਹ ਰਸਮ ਲੈਮਿੰਗਟਨ ਸਪਾ ਦੇ ਲੰਬੇ ਸਮੇਂ ਤੀਕ ਰਹੇ ਕੌਂਸਲਰ ਅਤੇ ਸਾਬਕਾ ਮੇਅਰ, ਜਾਣੀ ਪਛਾਣੀ ਸ਼ਖ਼ਸੀਅਤ ਸ. ਮੋਤਾ ਸਿੰਘ ਨੇ ਨਿਭਾਈ ਕਿੱਸਿਆਂ ਦੀ ਛਪਾਈ ਲਈ ਸਹਿਯੋਗ ਦੇਣ ਵਾਲੀ ਬੀਬੀ ਜਗਜੀਤ ਕੌਰ ਜੌਹਲ ਖ਼ੁਦ ਇਸ ਮੌਕੇ ਏਸ ਰਸਮ ਵਿਚ ਸ਼ਾਮਿਲ ਸਨਪੰਜਾਬੀ ਸੱਥ ਲਾਂਬੜਾ ਤੋਂ ਡਾ. ਨਿਰਮਲ ਸਿੰਘ, ਲੁਧਿਆਣਾ ਤੋਂ ਜਨਮੇਜਾ ਸਿੰਘ ਜੌਹਲ ਤੋਂ ਬਿਨਾਂ ਬੀਬੀ ਇਕਬਾਲ ਕੌਰ ਛੀਨਾ, ਮਹਿੰਦਰ ਸਿੰਘ ਦਿਲਬਰ ਵਾਲਸਾਲ, ਹਰਜਿੰਦਰ ਸਿੰਘ ਸੰਧੂ ਡਰੌਇਟਵਿਚ ਨੇ ਉਚੇਚੀ ਹਾਜ਼ਰੀ ਭਰੀਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ. ਮੋਤਾ ਸਿੰਘ ਸਰਾਏ ਹੋਰਾਂ ਸਾਰੇ ਹਾਜ਼ਰ ਪੰਜਾਬੀਆਂ ਦਾ ਹਾਰਦਿਕ ਧੰਨਵਾਦ ਕਰਦਿਆਂ ਯੂ.ਕੇ. ਤੇ ਯੂਰਪ ਨਿਵਾਸੀ ਪੰਜਾਬੀਆਂ ਨੂੰ ਆਪਣਾ ਵਿਰਸਾ ਅਤੇ ਬੋਲੀ ਬਚਾਉਣ ਲਈ ਸਿਰ ਜੋੜ ਕੇ ਬੈਠਣ ਦੀ ਅਪੀਲ ਕੀਤੀ


Monday, August 10, 2009

ਪੰਜਾਬੀ ਸੱਥ ਦੀ ਇੱਕ ਹੋਰ ਮਹੱਤਵਪੂਰਨ ਇਕਾਈ ਦੀ ਜਰਮਨੀ ‘ਚ ਸਥਾਪਤੀ

ਪੰਜਾਬੀ ਸੱਥ ਦੀ ਇੱਕ ਹੋਰ ਮਹੱਤਵਪੂਰਨ ਇਕਾਈ ਦੀ ਜਰਮਨੀ ਚ ਸਥਾਪਤੀ

ਪੰਜਾਬੀ ਸੱਥ, ਵਾਲਸਾਲ, ਯੂ.ਕੇ.

ਯੂਰਪੀ ਪੰਜਾਬੀ ਸੱਥ ਦੀ ਇਕ ਵਿਸ਼ੇਸ਼ ਬੈਠਕ ਸ ਮੋਤਾ ਸਿੰਘ ਸਰਾਏ ਦੇ ਘਰ ਵਾਲਸਾਲ ਯੂ ਕੇ ਵਿਖੇ ਜਰਮਨੀ ਪੰਜਾਬੀ ਸੱਥ ਦੀ ਇਕਾਈ ਸਥਾਪਤ ਕਰਨ ਸਬੰਧੀ, ਬੀਬੀ ਅੰਜੂ ਜੀਤ ਸ਼ਰਮਾ ਜਰਮਨ ਨਿਵਾਸੀ ਦੇ ਸੁਝਾਅ ਨੂੰ ਸਾਹਮਣੇ ਰੱਖਦਿਆਂ ਹੋਈਪੰਜਾਬੀ ਬੋਲੀ,ਵਿਰਾਸਤ, ਸਭਿਆਚਾਰ, ਫਲਸਫੇ ਅਤੇ ਸਮਾਜਕ ਗਤੀਵਿਧੀਆਂ ਦੇ ਪਿਛਲੇ ਕੁੱਝ ਦਹਾਕਿਆਂ ਵਿਚ ਹੋਏ ਪਸਾਰ ਨੂੰ ਮੁੱਖ ਰੱਖਦਿਆਂ ਸਾਰੇ ਸੰਗੀ ਬੇਲੀਆਂ ਦੀ ਰਾਏ ਸੀ ਕਿ ਅਜੋਕੇ ਦੌਰ ਵਿਚ ਵਿਕਾਸ ਦੀ ਜਾਮਨ ਵੰਨ-ਸੁਵੰਨਤਾ ਨੂੰ ਕਾਇਮ ਰੱਖਿਆ ਜਾਵੇਇਸ ਕਾਰਜ ਲਈ ਸੁਚੇਤ ਰੂਪ ਵਿਚ ਉਪਰਾਲੇ ਕਰਨੇ ਲਾਜ਼ਮੀ ਹਨਸਾਰੇ ਸੰਸਾਰ ਵਿਚ ਹੀ ਆਪਣੀ ਨਿਵੇਕਲੀ ਪਹਿਚਾਣ ਤੇ ਰਹਿਤਲ ਨੂੰ ਬਚਾ ਕੇ ਵੱਖੋ-ਵੱਖ ਦੇਸਾਂ ਤੇ ਭਾਈਚਾਰਿਆਂ ਵਿਚ ਏਕਤਾ ਕਾਇਮ ਕਰਨਾ ਹੀ ਸਾਡਾ ਮੁੱਖ ਮੰਤਵ ਹੋਣਾ ਆਪਣੇ ਆਪ ਵਿਚ ਹੀ ਅੱਗੇ ਵਧਣ ਦਾ ਰਾਹ ਹੈਸੰਸਾਰ ਦੇ ਇਤਿਹਾਸ ਵਿਚ ਜਰਮਨ ਕੌਮ, ਡੁਇਚ ਜ਼ੁਬਾਨ ਤੇ ਸਭਿਆਚਾਰ ਦਾ ਵਿਸੇਸ਼ ਸਥਾਨ ਹੈਉਸ ਧਰਤੀ ਨਾਲ ਸਾਡੀ ਪੁਸ਼ਤੈਨੀ ਧਰਤੀ ਦਾ ਲੰਬੇ ਸਮੇਂ ਤੋ ਬਹੁਤ ਸੁਖਾਵਾਂ ਰਾਬਤਾ ਰਿਹਾ ਹੈਪੰਜਾਬੀ ਕਈ ਪੀੜ੍ਹੀਆਂ ਤੋ ਜਰਮਨ ਕਾਰੀਗਰੀ, ਸਾਹਿਤ, ਫਲਸਫੇ ਦੇ ਪ੍ਰਸ਼ੰਸ਼ਕ ਰਹੇ ਹਨਜਰਮਨ ਲੋਕਾਂ ਨੂੰ ਅਸੀ ਹਮੇਸਾਂ ਇੱਜ਼ਤ ਸਤਿਕਾਰ ਦੀਆਂ ਨਜ਼ਰਾਂ ਨਾਲ ਵੇਖਿਆ ਹੈਪੰਜਾਬੀਆਂ ਦੇ ਜਰਮਨੀ ਦੀ ਧਰਤੀ ਨਾਲ ਏਸ ਮੋਹ ਕਾਰਨ ਹੀ ਏਥੇ ਆ ਕੇ ਕੰਮ ਕਰਨ ਤੋਂ ਵਸਣ ਦਾ ਰੁਝਾਨ ਪਿਛਲੇ ਦਹਾਕਿਆਂ ਵਿਚ ਵਧਿਆ ਹੈਉਂਜ ਸਾਨੂੰ ਬੌਨ, ਕਲੌਨ, ਸਟੁਟਗਾਰਟ, ਮਿਊਨਿਖ, ਮੇਨਜ਼, ਬਰਲਿਨ, ਫੈਰਡਨ ਐਲਰ, ਲਾਈਪਜ਼ਿਗ ਵਰਗੇ ਸ਼ਹਿਰਾਂ ਦੇ ਨਾਂ ਓਪਰੇ ਨਹੀ ਲਗਦੇਅਸਾਂ ਏਥੇ ਆ ਕੇ ਰੋਟੀ ਰੋਜ਼ੀ ਵੀ ਕਮਾਈ ਹੈ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਾਸਤੇ ਗੁਰੂ ਘਰ, ਮੰਦਰ, ਮਸਜਿਦਾਂ ਤੋਂ ਅੱਗੇ ਅਖ਼ਬਾਰ, ਰਸਾਲੇ, ਰੇਡੀਓ, ਸਾਹਿਤ ਸਭਾਵਾਂ ਤੇ ਭੰਗੜੇ, ਗਿੱਧੇ ਤੇ ਕਬੱਡੀਆਂ ਤੀਕ ਦੇ ਵਾਧੇ ਲਈ ਸੰਸਥਾਵਾ ਉਸਾਰੀਆਂ ਨੇਪੰਜਾਬੀ ਸੱਥ ਰਾਹੀ ਅਸੀ ਏਥੇ ਆਪਣੇ ਆਪ ਨੂੰ ਪਛਾਣ ਕੇ ਸਤਿਕਾਰ ਦੇਣ ਲਈ ਏਸ ਦੇਸ ਵਿਚ ਸੱਥ ਦੀ ਸਥਾਪਤੀ ਜ਼ਰੂਰੀ ਸਮਝਦੇ ਹਾਂ

----

ਆਪਣੇ ਭਾਈਚਾਰੇ ਦੀ ਚੋਖੀ ਗਿਣਤੀ ਵਾਲੇ ਏਸ ਦੇਸ ਵਿਚ ਇਕ ਪੰਜਾਬੀ ਪਿਛੋਕੜ ਵਾਲੀ ਧੀ ਭੈਣ ਨੂੰ ਏਸ ਸੱਥ ਦੀ ਕਰਤਾ ਧਰਤਾ ਦੀ ਜ਼ਿੰਮੇਵਾਰੀ ਸੰਭਾਲਣ ਦਾ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈਅਸੀ ਪਿਛਲੇ ਕੁਝ ਵਰ੍ਹਿਆਂ ਤੋ ਠੀਕ ਜਾਂ ਗ਼ਲਤ ਕਾਰਨਾਂ ਕਰਕੇ ਬਦਨਾਮ ਹੋ ਰਹੇ ਸਾਂ ਕਿ ਅਸੀ ਜਗਤ ਜਨਣੀ ਦੀ ਅੰਸ਼ ਵੰਸ਼ ਨਾਲ ਵਿਤਕਰਾ ਕਰਦੇ ਹਾਂਇਕ ਤਾਂ ਅਸੀਂ ਏਸ ਊਜ ਦਾ ਉੱਤਰ ਦੇ ਰਹੇ ਹਾਂ ਤੇ ਦੂਜੇ ਸਾਨੂੰ ਆਪਣੀ ਵਿਰਾਸਤ ਤੋਂ ਸਿਹਤਮੰਦ ਸੇਧ ਲੈਣ ਲਈ ਦੀ ਵੀ ਖ਼ੁਸ਼ੀ ਹੈਅਸੀ ਆਪਣੇ ਵੱਡੇ ਬਾਬੇ ਦੀ ਗੱਲ ਵੱਲ ਕੰਨ ਧਰਨ ਦਾ ਯਤਨ ਕੀਤਾ ਹੈਬੀਬੀ ਭਾਨੀ, ਮਾਈ ਭਾਗੋ, ਰਾਣੀ ਸਾਹਿਬ ਕੌਰ, ਰਾਣੀ ਜਿੰਦਾਂ, ਅੰਮ੍ਰਿਤਾ ਸ਼ੇਰਗਿਲ, ਆਸਮਾ ਜਹਾਂਗੀਰ ਤੇ ਕਲਪਣਾ ਚਾਵਲਾ ਦੀ ਲੀਹ ਨੂੰ ਅੱਗੇ ਤੋਰਨ ਦੀ ਕੋਸ਼ਿਸ ਕੀਤੀ ਹੈ ਸੋ ਅਸੀ ਸਮੂਹਿਕ ਰੂਪ ਵਿਚ ਫੈਸਲਾ ਕੀਤਾ ਹੈ ਕਿ ਜਰਮਨ ਪੰਜਾਬੀ ਸੱਥ, ਯੂਰਪੀ ਪੰਜਾਬੀ ਸੱਥ ਵਾਲਸਾਲ ਦੀ ਇਕਾਈ ਦੇ ਰੂਪ ਵਿਚ ਸਥਾਪਤ ਕੀਤੀ ਜਾਵੇਇਸ ਇਕਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਫੈਰਡਨ ਐਲਰ, ਜਰਮਨੀ ਨਿਵਾਸੀ ਬੀਬੀ ਅੰਜੂ ਜੀਤ ਸ਼ਰਮਾ, ਸ ਮੋਤਾ ਸਿੰਘ ਸਰਾਏ ਨਾਲ਼ ਲਗਾਤਾਰ ਸੰਪਰਕ ਰੱਖਣਗੇ ਅਤੇ ਵਿਸ਼ਵ ਭਰ ਵਿਚ ਫੈਲੇ ਪੰਜਾਬੀ ਸੱਥਾਂ ਦੇ ਤਾਣੇ ਬਾਣੇ ਦਾ ਇਕ ਅਹਿਮ ਹਿੱਸਾ ਬਣ ਕੇ ਵਿਚਰਨਗੇਆਪਣੀ ਨਿਵੇਕਲੀ ਪਛਾਣ ਨੂੰ ਬਰਕਰਾਰ ਰੱਖਣ ਲਈ ਜਰਮਨੀ ਵਿਚ ਵਸਦੇ ਆਪਣੇ ਭਾਈਚਾਰੇ ਤੋਂ ਸਹਿਯੋਗ ਲੈ ਕੇ ਦੂਰੀਆਂ ਘਟਾਉਣ ਤੇ ਨੇੜਤਾ ਵਧਾਉਣ ਲਈ ਆਪਣੇ ਵਿਤ ਮੂਜਬ ਕਾਰਜ ਕਰਨਗੇਸੱਥ ਦੀ ਸਥਾਪਤੀ ਵਾਸਤੇ ਪਹਿਲਾ ਸਮਾਗਮ 15 ਅਗਸਤ 2009 ਵਾਲੇ ਦਿਨ ਸ਼ਨਿੱਚਰਵਾਰ ਲਾਈਪਜ਼ਿਗ, ਜਰਮਨੀ ਵਿਖੇ ਹੋਵੇਗਾਏਸ ਇੱਕਠ ਵਿਚ ਪੁਸ਼ਤੈਨੀ ਪੰਜਾਬ ਦੀ ਪੰਜਾਬੀ ਸੱਥ ਲਾਬੜਾ ਜਲੰਧਰ ਤੋਂ ਸੱਥ ਦੇ ਸੇਵਾਦਾਰ ਡਾ ਨਿਰਮਲ ਸਿੰਘ, ਲੁਧਿਆਣਾ ਤੋਂ ਸ ਜਨਮੇਜਾ ਸਿੰਘ ਜੌਹਲ ਤੋ ਇਲਾਵਾ ਡਰੌਇਟਵਿਚ ਤੋ ਹਰਜਿੰਦਰ ਸਿੰਘ ਸੰਧੂ, ਕਵੈਂਟਰੀ ਤੋਂ ਗੁਰਜੀਤ ਸਿੰਘ ਤੱਖਰ ਅਤੇ ਅਜਮੇਰ ਸਿੰਘ ਬੈਂਸ, ਵਾਲਸਾਲ ਤੋਂ ਜਸਵੀਰ ਸਿੰਘ ਬਚੜਾ ਅਤੇ ਮਹਿੰਦਰ ਸਿੰਘ ਦਿਲਬਰ ਸ਼ਾਮਲ ਸਨ


Wednesday, August 5, 2009

ਪੰਜਾਬੀ ਸੱਥ ਵਾਲਸਾਲ, ਯੂ.ਕੇ. ਵੱਲੋਂ ‘ਕੀ ਜਾਣਾ ਮੈਂ ਕੌਣ' ਦੀ ਮੁੱਖ ਵਿਖਾਈ

ਪੰਜਾਬੀ ਸੱਥ ਵਾਲਸਾਲ, ਯੂ.ਕੇ. ਵੱਲੋਂ ਕੀ ਜਾਣਾ ਮੈਂ ਕੌਣ' ਦੀ ਮੁੱਖ ਵਿਖਾਈ

ਜਨਮੇਜਾ ਸਿੰਘ ਜੌਹਲ ਵਾਲਸਾਲ, ਯੂ.ਕੇ.

ਪੰਜਾਬੀ ਸੱਥ ਨੇ ਸਮੁੱਚੇ ਤੌਰ ਤੇ ਪਿਛਲੇ ਦੋ ਦਹਾਕਿਆਂ ਤੋਂ ਸਾਹਿਤ, ਸਭਿਆਚਾਰ, ਕਲਾ, ਬਾਲ ਸਾਹਿਤ ਤੇ ਗਿਆਨ ਵਿਗਿਆਨ ਦੇ ਖੇਤਰਾਂ ਵਿਚ ਕੰਮ ਕਰਨ ਵਾਲ਼ਿਆਂ ਨੂੰ ਮਾਣ ਸਨਮਾਨ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈਇਨ੍ਹਾਂ ਸਾਰੇ ਕਾਰਜਾਂ ਨੂੰ ਅੱਗੇ ਤੋਰਨ ਅਤੇ ਨਵੀਆਂ ਲੀਹਾਂ ਪਾਉਣ ਵਿਚ ਯੂਰਪੀ ਪੰਜਾਬੀ ਸੱਥ ਨੇ ਤਾਂ ਕ੍ਰਿਸ਼ਮੇ ਕਰ ਵਿਖਾਏ ਨੇਵਿਰਾਸਤੀ ਕੈਲੰਡਰ, ਖੋਜਕਾਰੀ, ਕਿੱਸਾ ਕਾਵਿ ਦੀ ਪੁਨਰ ਸਥਾਪਤੀ, ਪੁਸ਼ਤੈਨੀ ਪੰਜਾਬ ਦੇ ਲਹਿਜ਼ਿਆਂ ਦੀ ਪਛਾਣ ਅਤੇ ਓਸੇ ਲਹਿਜੇ ਵਿਚ ਰੌਚਕ ਕਿਤਾਬਾਂ ਛਾਪ ਕੇ ਮਾਂ ਬੋਲੀ ਤੇ ਮਾਂ ਧਰਤੀ ਦਾ ਮਾਣ ਕੁੱਲ ਆਲਮ ਵਿਚ ਵਧਾਇਆ ਹੈਏਸੇ ਲੀਹ ਤੇ ਤੁਰਦਿਆਂ ਨਵੇਂ ਪੰਜਾਬੀ ਪੋਚ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਪੰਜਾਬ, ਪੰਜਾਬੀ ਤੇ ਪੰਜਾਬੀਪੁਣੇ ਸਬੰਧੀ ਜਾਣਕਾਰੀ ਦੀ ਮੁਹਿੰਮ ਵਿੱਢੀ ਹੈਡਾ· ਨਿਰਮਲ ਸਿੰਘ ਦੀ ਇਕ ਹਜ਼ਾਰ ਤੇ ਇਕ ਸਵਾਲਾਂ ਜਵਾਬਾਂ ਵਾਲੀ ਕਿਤਾਬ ਕੀ ਜਾਣਾ ਮੈਂ ਕੌਣ' ਏਸ ਮੁਹਿੰਮ ਦਾ ਪਹਿਲਾ ਪੜਾਅ ਹੈਇਹ ਸਾਰੇ ਸਵਾਲ ਪੰਜਾਬ ਨੂੰ ਜਾਨਣ, ਸਮਝਣ ਵਾਸਤੇ ਬੱਚਿਆਂ, ਬੁੱਢਿਆਂ, ਪੜ੍ਹਿਆਂ, ਅਨਪੜ੍ਹਾਂ ਦੀ ਜਗਿਆਸਾ ਨੂੰ ਮੁੱਖ ਰੱਖ ਕੇ ਲਿਖੇ ਗਏ ਹਨ ਪੰਜਾਬ ਦੀ ਇਕ ਜੁੱਟ ਬੋਲੀ, ਵਿਰਾਸਤ ਤੇ ਸਾਂਝਾ ਸਭਿਆਚਾਰ ਏਸ ਨਿੱਕੀ ਜਿਹੀ ਕਿਤਾਬ ਦਾ ਕਾਰਜ ਖੇਤਰ ਹੈਜਨੂੰਨਾਂ, ਸਿਆਸਤਾਂ ਤੇ ਨਫ਼ਰਤਾਂ ਤੋਂ ਮੁਕਤ ਸੱਥ ਦੀ ਸੋਚ ਨੂੰ ਅੱਗੇ ਵਧਾਉਣ ਲਈ ਕਿਤਾਬ ਲਾਭਦਾਇਕ ਕਿਰਦਾਰ ਨਿਭਾਉਣ ਦੀ ਸਮਰਥਾ ਰੱਖਦੀ ਹੈਉਪਰੋਕਤ ਵਿਚਾਰ ਏਸ ਕਿਤਾਬ ਦੀ ਮੁੱਖ ਵਿਖਾਈ ਦੀ ਰਸਮ ਮੌਕੇ ਸਾਹਮਣੇ ਆਏਕਿਤਾਬ ਦੀ ਮੁੱਖ ਵਿਖਾਈ ਯੂਰਪੀ ਪੰਜਾਬੀ ਸੱਥ ਦੇ ਮੁੱਖ ਸਥਾਨ ਵਾਲਸਾਲ ਮਿੱਡਲੈਂਡਜ਼ ਯੂ·ਕੇ· ਵਿਖੇ ਬਜ਼ੁਰਗਵਾਰ ਖੋਜੀ ਵਿਦਵਾਨ ਤੇ ਪ੍ਰਸਿੱਧ ਪੰਜਾਬੀ ਸਾਹਿਤਕਾਰ ਸ੍ਰੀ ਅਜਮੇਰ ਕਵੈਂਟਰੀ ਹੋਰਾਂ ਨੇ ਕੀਤੀਰਸਮ ਵੇਲੇ ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ· ਮੋਤਾ ਸਿੰਘ ਸਰਾਏ ਹੋਰਾਂ ਦੇ ਨਾਲ ਕਿਤਾਬ ਦੇ ਲੇਖਕ ਡਾ· ਨਿਰਮਲ ਸਿੰਘ ਲੁਧਿਆਣਾ ਤੋਂ ਵਿਸ਼ਵ ਫੇਰੀ ਤੇ ਆਏ ਜਨਮੇਜਾ ਸਿੰਘ ਜੌਹਲ, ਵਾਲਸਾਲ ਤੋਂ ਮਹਿੰਦਰ ਸਿੰਘ ਦਿਲਬਰ ਅਤੇ ਜਸਬੀਰ ਸਿੰਘ ਬਚੜਾ, ਕਵੈਂਟਰੀ ਤੋਂ ਗੁਰਜੀਤ ਸਿੰਘ ਤੱਖਰ ਅਤੇ ਡਰੌਇਟਿਚ ਤੋਂ ਹਰਜਿੰਦਰ ਸਿੰਘ ਸੰਧੂ ਹਾਜ਼ਰ ਸਨਮੋਤਾ ਸਿੰਘ ਸਰਾਏ ਨੇ ਸਭ ਦਾ ਹਾਰਦਿਕ ਧੰਨਵਾਦ ਕਰਦਿਆਂ ਮਾਂ ਬੋਲੀ ਦੀ ਸੇਵਾ ਹੋਰ ਸ਼ਿੱਦਤ ਨਾਲ ਕਰਨ ਦਾ ਅਹਿਦ ਦੁਹਰਾਇਆਆਪਣੇ ਸਮੂਹ ਭਾਈਚਾਰੇ ਨੂੰ ਸਿਹਤਮੰਦ ਸਮਾਜੀ ਕਦਰਾਂ ਕੀਮਤਾਂ ਨੂੰ ਸਮਝ ਕੇ ਉਨ੍ਹਾਂ ਨਾਲ ਜੁੜੇ ਰਹਿਣ ਦੀ ਬੇਨਤੀ ਕੀਤੀ


Tuesday, August 4, 2009

ਅਦਾਰਾ ਤ੍ਰਿਸ਼ੰਕੂ ਵਲੋਂ ਰਵਿੰਦਰ ਸਹਿਰਾਅ ਦੀ ਕਾਵਿ-ਪੁਸਤਕ ‘ਕਾਗਦ ਕਲਮ ਕਿਤਾਬ’ ਦਾ ਰਿਲੀਜ਼ ਸਮਾਰੋਹ ਅਤੇ ਵਿਚਾਰ ਚਰਚਾ






ਅਦਾਰਾ ਤ੍ਰਿਸ਼ੰਕੂ ਵਲੋਂ ਰਵਿੰਦਰ ਸਹਿਰਾਅ ਦੀ ਕਾਵਿ-ਪੁਸਤਕ ਕਾਗਦ ਕਲਮ ਕਿਤਾਬ ਰਿਲੀਜ਼ ਸਮਾਰੋਹ ਅਤੇ ਵਿਚਾਰ ਚਰਚਾ

ਸਤੀਸ਼ ਗੁਲਾਟੀ, ਪੰਜਾਬੀ ਭਵਨ, ਲੁਧਿਆਣਾ

ਅਦਾਰਾ ਤ੍ਰਿਸ਼ੰਕੂ ਵਲੋਂ ਮਿਤੀ 31-7-2009 ਨੂੰ ਪੰਜਾਬੀ ਭਵਨ ਵਿਖੇ ਸ਼ਾਮ ਚਾਰ ਵਜੇ ਰਵਿੰਦਰ ਸਹਿਰਾਅ ਦੀ ਕਾਵਿ-ਪੁਸਤਕ ਕਾਗਦ ਕਲਮ ਕਿਤਾਬਨੂੰ ਸ੍ਰੀ ਅਨੂਪ ਸਿੰਘ ਵਿਰਕ (ਪ੍ਰਧਾਨ, ਕੇਂਦਰੀ ਲੇਖਕ ਸਭਾ), ਡਾ. ਬਲਦੇਵ ਸਿੰਘ ਚੀਮਾ (ਚੇਅਰਮੈਨ, ਸਕੂਲ ਆਫ਼ ਪੰਜਾਬੀ ਸਟਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ), ਪ੍ਰੋ. ਸੁਰਜੀਤ ਜੱਜ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਗੁਰਇਕਬਾਲ ਸਿੰਘ ਅਤੇ ਸ੍ਰੀ ਸਤੀਸ਼ ਗੁਲਾਟੀ ਨੇ ਰਿਲੀਜ਼ ਕੀਤਾਉਪਰੰਤ ਇਸ ਪੁਸਤਕ ਤੇ ਵਿਚਾਰ-ਚਰਚਾ ਹੋਈ

----

ਪ੍ਰੋ. ਅਨੂਪ ਸਿੰਘ ਵਿਰਕ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਹ ਸਪੱਸ਼ਟ ਕੀਤਾ ਕਿ ਜਿਨ੍ਹਾਂ ਸਥਿਤੀਆਂ ਵਿਚ ਰਵਿੰਦਰ ਸਹਿਰਾਅ ਨੇ ਲਿਖਣਾ ਸ਼ੁਰੂ ਕੀਤਾ, ਉਹ ਸਥਿਤੀਆਂ ਅੱਜ ਵੀ ਵਿਦਮਾਨ ਹਨ, ਇਸੇ ਕਰਕੇ ਰਵਿੰਦਰ ਸਹਿਰਾਅ ਦੀ ਕਵਿਤਾ ਵਰਤਮਾਨ ਵਿਚ ਵੀ ਉਨੀ ਹੀ ਸਾਰਥਿਕ ਹੈਉਨ੍ਹਾਂ ਆਖਿਆ ਕਿ ਸਹਿਰਾਅ ਇਕ ਵਧੀਆ ਸ਼ਾਇਰ ਹੀ ਨਹੀਂ, ਸਗੋਂ ਇਕ ਵਧੀਆ ਇਨਸਾਨ ਵੀ ਹੈਉਹ ਸਦਮਿਆਂ ਵਿਚੋਂ ਉਭਰਿਆ ਸ਼ਾਇਰ ਹੈ ਪਰ ਉਹ ਆਪਣੇ ਨਿੱਜੀ ਸਦਮਿਆਂ ਤੋਂ ਉਪਰ ਉੱਠ ਕੇ ਸਮਾਜਕ ਸਰੋਕਾਰਾਂ ਨੂੰ ਹਮੇਸ਼ਾ ਹੀ ਸੰਬੋਧਿਤ ਰਿਹਾ ਹੈ ਅਤੇ ਪਰਿਵਰਤਨ ਦੀ ਧਾਰਨਾ ਨੂੰ ਉਸ ਨੇ ਵਿਦਰੋਹ ਦੇ ਮੁਹਾਵਰੇ ਵਿਚ ਪੇਸ਼ ਕੀਤਾ ਹੈਉਸ ਨੇ ਜਿਸ ਮੁਹੱਬਤ, ਅਕੀਦਤ ਅਤੇ ਸਿਧਾਂਤ ਨੂੰ ਪਾਲਿਆ, ਉਸ ਤੇ ਸ਼ਾਇਰ ਨੇ ਸਾਰੀ ਉਮਰ ਪਹਿਰਾ ਦਿੱਤਾ

----

ਡਾ. ਬਲਦੇਵ ਸਿੰਘ ਚੀਮਾ ਨੇ ਸਹਿਰਾਅ ਦੀ ਕਾਵਿ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਸਹਿਰਾਅ ਦੀ ਕਵਿਤਾ ਨੂੰ ਵੱਖ-ਵੱਖ ਧਾਰਾਵਾਂ ਵਿਚ ਰੱਖ ਕੇ ਵੇਖਣ ਦੀ ਲੋੜ ਨਹੀਂ ਸਗੋਂ ਵਰਤਮਾਨ ਪ੍ਰਸੰਗ ਵਿਚ ਵਿਚ ਰੱਖ ਕੇ ਵੇਖਣ ਦੀ ਲੋੜ ਹੈਉਨ੍ਹਾਂ ਨੇ ਕਿਹਾ ਕਿ ਸਾਮਰਾਜੀ ਸ਼ਕਤੀਆਂ ਦੇ ਵਿਸ਼ਵ ਪੱਧਰ ਤੇ ਵੱਖ-ਵੱਖ ਰੂਪ ਹਨ, ਇਨ੍ਹਾਂ ਨੂੰ ਚਲਾਉਣ ਵਾਲਾ ਤਾਂ ਇੱਕਹੀ ਹੈਸਹਿਰਾਅ ਦੀ ਕਵਿਤਾ ਉਸ ਸ਼ਕਤੀ ਨੂੰ ਹੀ ਪਹਿਚਾਣਨ ਦਾ ਜਤਨ ਹੈਸਾਨੂੰ ਕਵਿਤਾ ਵਿਚ ਤੂੰ ਤੇ ਮੈਂ ਦੀ ਸੋਚ ਤੋਂ ਪਾਰ ਜਾਣਾ ਹੋਵੇਗਾ ਤਾਂ ਹੀ ਕਵਿਤਾ ਸਾਰਥਿਕ ਰੂਪ ਪੇਸ਼ ਕਰ ਸਕੇਗੀ ਤੇ ਉਹ ਸਮੁੱਚੇ ਸਮਾਜ ਨੂੰ ਪੇਸ਼ ਕਰਨ ਵਾਲੀ ਕਵਿਤਾ ਹੋਵੇਗੀ

----

ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਹਿਰਾਅ ਦੀ ਕਵਿਤਾ ਦਾ ਮੂਲ ਪ੍ਰਸੰਗ ਨਕਸਲਾਈਟ ਲਹਿਰ ਨਾਲ ਜੁੜਦਾ ਹੈ ਤੇ ਇਸ ਧਾਰਾ ਦਾ ਪ੍ਰਸੰਗ ਗਦਰ ਲਹਿਰ ਨਾਲ ਜੁੜਦਾ ਹੈਸਹਿਰਾਅ ਅੱਜਕਲ੍ਹ ਉਸ ਧਰਤੀ ਦਾ ਬਸ਼ਿੰਦਾ ਹੈਇਸੇ ਕਰਕੇ ਸਹਿਰਾਅ ਦੀ ਕਵਿਤਾ ਉਸ ਵਿਚਾਰਧਾਰਕ ਆਧਾਰ ਨੂੰ ਲੈ ਕੇ ਤੁਰਦੀ ਹੈਗਦਰ ਲਹਿਰ ਦੇ ਕਵੀਆਂ ਦੀ ਮੁੱਖ ਸੋਚ ਪ੍ਰਚੱਲਤ ਖੱਬੇ ਪੱਖੀ ਧਾਰਾ ਨਹੀਂ ਸੀਸਹਿਰਾਅ ਦੀ ਪੁਸਤਕ ਸਾਨੂੰ ਉਸ ਵਕਤ ਨੂੰ ਪੜ੍ਹਨ ਵੱਲ ਤੋਰਦੀ ਹੈ, ਜਿਸਨੂੰ ਕਵੀ ਹੁੰਗਾਰਾ ਭਰਦਾ ਹੈ

----

ਇਸ ਤੋਂ ਪਹਿਲਾਂ ਪ੍ਰੋ. ਜਗਵਿੰਦਰ ਯੋਧਾ ਨੇ ਸਹਿਰਾਅ ਦੀ ਪੁਸਤਕ ਬਾਰੇ ਭਾਵਪੂਰਤ ਪੇਪਰ ਪ੍ਰਸਤੁਤ ਕੀਤਾਉਸ ਨੇ ਪੇਪਰ ਪੜ੍ਹਦਿਆਂ ਉਨ੍ਹਾਂ ਸਥਿਤੀਆਂ ਨੂੰ ਸਪੱਸ਼ਟ ਕੀਤਾ ਜਿਨ੍ਹਾਂ ਪ੍ਰਤੀ ਸਹਿਰਾਅ ਆਪਣੀ ਕਵਿਤਾ ਵਿਚ ਹੁੰਗਾਰਾ ਭਰਦਾ ਹੈ, ਉਸ ਸਮੇਂ ਦੇ ਸੱਚ ਨੂੰ ਪਛਾਣਨ ਦਾ ਜਤਨ ਕਰਦਾ ਹੈਉਸ ਅਨੁਸਾਰ ਸਹਿਰਾਅ ਨੇ ਆਪਣੀ ਕਵਿਤਾ ਵਿਚ ਵਰਤਮਾਨ ਬਿੰਬ ਨੂੰ ਪਿੱਛਲ ਤੱਕ ਪਾਸਾਰ ਕਰਨ ਦਾ ਜਤਨ ਕੀਤਾ ਹੈਸਹਿਰਾਅ ਦੀ ਕਵਿਤਾ ਦੇ ਵਿਚਾਰਧਾਰਕ ਆਧਾਰ ਨੂੰ ਸਪੱਸ਼ਟ ਕਰਦਿਆਂ ਪ੍ਰੋ. ਯੋਧਾ ਨੇ ਕਵਿਤਾ ਦੇ ਕਲਾਤਮਕ ਪਹਿਲੂਆਂ ਬਾਰੇ ਵੀ ਬਹੁਤ ਸਾਰੇ ਪ੍ਰਸ਼ਨ ਖੜ੍ਹੇ ਕੀਤੇ

----

ਵਿਚਾਰ-ਚਰਚਾ ਦਾ ਆਰੰਭ ਕਰਦਿਆਂ ਪ੍ਰੋ. ਗੁਰਇਕਬਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਸਹਿਰਾਅ ਦੀ ਕਵਿਤਾ ਦਾ ਕੇਂਦਰੀ ਸੂਤਰ ਸਾਮਰਾਜੀ ਸੰਕਟ ਤੋਂ ਉਤਪੰਨ ਸੰਕਟਾਂ ਵਿਚ ਵੇਖਿਆ ਜਾ ਸਕਦਾ ਹੈਇਨ੍ਹਾਂ ਸੰਕਟਾਂਨੂੰ ਸਹਿਰਾਅ ਨਕਸਲਬਾੜੀ ਸੰਕਟ, ਪੰਜਾਬ ਸੰਕਟ, ਪ੍ਰਵਾਸ ਸੰਕਟ ਅਤੇ ਸਾਮਰਾਜੀ-ਆਰਥਿਕ ਸੰਕਟਾਂ ਦੇ ਪ੍ਰਸੰਗ ਵਿਚ ਪਾਸਾਰਦਾ ਹੈਉਨ੍ਹਾਂ ਕਿਹਾ ਕਿ ਸਹਿਰਾਅ ਚਾਹੇ ਨਕਸਲਬਾੜੀ ਸੰਕਟ ਤੋਂ ਸਾਮਰਾਜੀ ਸੰਕਟ ਤੱਕ ਪਾਸਾਰ ਕਰਦਾ ਹੈ ਚਾਹੇ ਉ¤ਲਟ ਪਰ ਉਸ ਦੀ ਕਾਵਿ ਸੰਵੇਦਨਾ ਸਾਮਰਾਜਵਾਦ ਦੁਆਰਾ ਸੰਚਾਲਿਤ ਅਮਾਨਵੀ ਸ਼ਕਤੀਆਂ ਦੀ ਪਛਾਣ ਵੀ ਕਰਦੀ ਤੇ ਵਿਦਰੋਹ ਦੇ ਮੁਹਾਵਰੇ ਰਾਹੀਂ ਉਸ ਨੂੰ ਬਦਲਣ ਵੱਲ ਅਹੁਲਦੀ ਵੀ ਹੈਚਰਚਾ ਵਿਚ ਸ਼ਾਮਲ ਹੁੰਦਿਆਂ ਭੰਡਾਲ ਨੇ ਕਿਹਾ ਕਿ ਸਹਿਰਾਅ ਦੀ ਕਵਿਤਾ ਨੂੰ ਸਮੁੱਚੇ ਵਿਸ਼ਵ ਪ੍ਰਸੰਗ ਵਿਚ ਵੇਖਣ ਤੇ ਪਰਖਣ ਦੀ ਲੋੜ ਹੈਸਹਿਰਾਅ ਤੇ ਉਸ ਦੌਰ ਦੇ ਹੋਰ ਬਹੁਤ ਸਾਰੇ ਕਵੀ ਵਿਦਿਆਰਥੀਆਂ ਘੋਲਾਂ ਨਾਲ ਜੁੜੇ ਕਵੀ ਹਨਪਰ ਇਨ੍ਹਾਂ ਘੋਲਾਂ ਨਾਲ ਜੁੜੇ ਕਵੀਆਂ ਦੇ ਬਾਅਦ ਦੇ ਚਿੰਤਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾਸਹਿਰਾਅ ਦੀ ਕਵਿਤਾ ਵਿਚ ਪਰਿਵਰਤਨ ਦਾ ਅਨੁਭਵ, ਨਕਸਲੀ ਅਨੁਭਵ, ਪੰਜਾਬ ਸੰਕਟ ਦਾ ਅਨੁਭਵ ਹੈ ਪਰ ਬਾਅਦ ਦੀ ਕਵਿਤਾ ਪੈਸਿਵ ਅਨੁਭਵ ਦੀ ਕਵਿਤਾ ਹੈ, ਜਿਸ ਨੂੰ ਉਹ ਆਦਰਸ਼ਕ ਕੋਟੀ ਵਿਚ ਪੇਸ਼ ਕਰਦਾ ਹੈ

----

ਪ੍ਰਬੁੱਧ ਆਲੋਚਕ ਤਸਕੀਨ ਨੇ ਸਹਿਰਾਅ ਦੀ ਕਵਿਤਾ ਨੂੰ ਸੰਬੋਧਨੀ ਸੁਰ ਦੀ ਕਵਿਤਾ ਕਿਹਾਇਸ ਕਵਿਤਾ ਨੇ ਪ੍ਰਗਤੀਵਾਦੀ ਕਵਿਤਾ ਦਾ ਮੁਹਾਂਦਰਾ ਬਦਲਿਆਇਹ ਕਵਿਤਾ ਦੋ ਵਿਰੋਧੀ ਜਮਾਤਾਂ ਦੀ ਲੜਾਈ ਹੈਉਨ੍ਹਾਂ ਸਹਿਰਾਅ ਦੀ ਕਵਿਤਾ ਦੇ ਇਕ ਮਹੱਤਵਪੂਰਨ ਨੁਕਤੇ ਬਾਰੇ ਦੱਸਦਿਆਂ ਕਿਹਾ ਕਿ ਸਹਿਰਾਅ ਆਪਣੀ ਪਿਆਰ ਕਵਿਤਾ ਵਿਚ ਸੈਕਸਿਊਲ ਰਿਪਰੈਸ਼ਨ ਤੋੜਨ ਦੀ ਥਾਂ ਜੋੜਨਾ ਹੈ ਜਿਹੜਾ ਉਸ ਦੀ ਮੁਹੱਬਤੀ ਸੁਰ ਬਾਰੇ ਸੰਦੇਹ ਪੈਦਾ ਕਰਦਾ ਹੈ

----

ਡਾ. ਰਜਨੀਸ਼ ਬਹਾਦਰ ਸਿੰਘ ਨੇ ਸਹਿਰਾਅ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਸਹਿਰਾਅ ਦੀ ਕਾਵਿ- ਸੰਵੇਦਨਾ ਦਾ ਦੌਰ ਪੀ.ਐਸ.ਯੂ. ਦੀ ਚੜ੍ਹਾਈ ਦਾ ਦੌਰ ਹੈ, ਜਿਹੜਾ ਨਕਸਲਬਾੜੀ ਲਹਿਰ ਦਾ ਰਾਜਸੀ-ਸਭਿਆਚਾਰਕ ਫਰੰਟ ਦੇ ਰੂਪ ਵਿਚ ਸਾਹਮਣੇ ਆਇਆ ਤੇ ਨਕਸਲਬਾੜੀ ਲਹਿਰ ਸੋਵੀਅਤ ਯੂਨੀਅਨ, ਚੀਨ ਜਾਂ ਤੀਜੇ ਗਰੁੱਪ- ਕਿਹੜੇ ਮਾਡਲ ਨੂੰ ਅਪਣਾਉਂਦੀ ਹੈ-ਬਹੁਤ ਵੱਡਾ ਮਸਲਾ ਹੈਨਕਸਲਬਾੜੀ ਲਹਿਰ ਪੰਜਾਬ ਵਿਚ ਪੇਂਡੂ ਵਰਗ ਦੇ ਪ੍ਰਸੰਗ ਵਿਚ ਕਿਸਾਨੀ ਦੀ ਟੁੱਟ-ਭੱਜ ਦੇ ਬਿੰਬ ਨੂੰ ਉਭਾਰਦੀ ਹੈ ਤੇ ਸਹਿਰਾਅ ਦੀ ਕਵਿਤਾ ਨਕਸਲਬਾੜੀ ਲਹਿਰ ਦੇ ਪਤਨ ਦੇ ਦੌਰ ਦੀ ਕਵਿਤਾ ਦੇ ਪ੍ਰਸੰਗ ਨੂੰ ਉਭਾਰਨ ਦਾ ਜਤਨ ਕਰਦੀ ਹੈਸਹਿਰਾਅ ਨਕਸਲਬਾੜੀ ਲਹਿਰ ਤੋਂ ਗ੍ਰਹਿਣ ਕੀਤੀ ਰਾਜਨੀਤਕ ਸੂਝ ਨੂੰ ਨਕਸਲਬਾੜੀ ਸੰਕਟ, ਪੰਜਾਬ ਸੰਕਟ ਅਤੇ ਅਮਰੀਕੀ ਪ੍ਰਸੰਗ ਵਿਚ ਵੇਖਦਾ ਹੈ ਤੇ ਉਸ ਦੀ ਕਵਿਤਾ ਦਾ ਕਾਵਿ-ਮੁਹਾਵਰੇ ਨੂੰ ਵੀ ਉਸੇ ਪ੍ਰਸੰਗ ਵਿਚ ਵਾਚਣ ਦੀ ਲੋੜ ਹੈ

----

ਸ਼ਾਇਰ ਜਸਵੰਤ ਜ਼ਫ਼ਰ ਨੇ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਸਹਿਰਾਅ ਦੀ ਕਵਿਤਾ ਵਿਭਿੰਨ ਵਕਫ਼ਿਆਂ ਚ ਲਿਖੀ ਕਵਿਤਾ ਹੈ, ਜਿਸ ਵਿਚ ਉਸ ਦਾ ਜਵਾਨੀ ਵਾਲਾ ਸੂਝ-ਵਿਵੇਕ ਨਜ਼ਰ ਆਉਂਦਾ ਹੈਹਾਸ-ਵਿਅੰਗ ਲੇਖਕ ਸ੍ਰੀ ਕੇ.ਐਲ. ਗਰਗ ਨੇ ਕਿਹਾ ਕਿ ਸਹਿਰਾਅ ਨੇ ਆਪਣੀ ਕਵਿਤਾ ਵਿਚ, ਜੋ ਜਜ਼ਬਾ ਪੇਂਡੂ ਮਾਨਸਿਕਤਾ ਵਿਚੋਂ ਗ੍ਰਹਿਣ ਕੀਤਾ, ਉਸ ਨੂੰ ਗਲੋਬਲ ਪੱਧਰ ਤੱਕ ਫੈਲਾਉਣ ਦਾ ਜਤਨ ਕਰਦਾ ਹੈਉਸ ਦੀ ਸਮੁੱਚੀ ਕਵਿਤਾ ਪਿੰਡ ਤੋਂ ਗਲੋਬਲ ਪਿੰਡ ਤੱਕ ਦੇ ਸਾਮਰਾਜੀ ਸੰਕਟ ਦੀ ਤਰਜ਼ਮਾਨੀ ਹੈਉਸਦੀ

ਕਵਿਤਾ ਵਿਚ ਪੰਜਾਬ ਵਿਚ ਉ¤ਚੀ ਸੁਰ ਬਦਲ ਕੇ ਪ੍ਰਵਾਸ ਵਿਚ ਧੀਮੀ ਸੁਰ ਵਿਚ ਬਦਲਦੀ ਹੈ ਤੇ ਵਿਚਾਰਾਂ ਦਾ ਰੂਪ ਬਦਲ ਕੇ ਸਿਆਣਿਆਂ ਵਾਲੇ ਰੂਪ ਵਿਚ ਪੇਸ਼ ਹੁੰਦਾ ਹੈ

----

ਵਿਚਾਰ-ਚਰਚਾ ਆਰੰਭ ਹੋਣ ਤੋਂ ਪਹਿਲਾਂ ਰਵਿੰਦਰ ਸਹਿਰਾਅ ਨੇ ਆਪਣੇ ਵੱਖਰੇ-ਵੱਖਰੇ ਦੌਰ ਦੀਆਂ ਮਹੱਤਵਪੂਰਨ ਕਵਿਤਾਵਾਂ ਦਾ ਕਾਵਿ-ਪਾਠ ਕੀਤਾ ਜਿਹੜਾ ਉਨ੍ਹਾਂ ਦੀ ਕਵਿਤਾ ਦੇ ਵਿਕਾਸ ਨੂੰ ਪੇਸ਼ ਕਰ ਰਿਹਾ ਸੀ ਇਸ ਰਿਲੀਜ਼ ਸਮਾਰੋਹ ਤੇ ਵਿਚਾਰ-ਚਰਚਾ ਵਿਚ ਰਵਿੰਦਰ ਭੱਠਲ, ਜਸਵੰਤ ਅਮਨ, ਡਾ. ਬਲਵੰਤ ਸੰਧੂ, ਡਾ. ਜਸਵਿੰਦਰ ਸੈਣੀ, ਡਾ. ਸੁਰਜੀਤ, ਸੁਭਾਸ਼ ਕਲਾਕਾਰ, ਦਲਜਿੰਦਰ ਸਾਗਰ, ਤਰਲੋਚਨ ਲੋਚੀ, ਗੁਲਜ਼ਾਰ ਪੰਧੇਰ, ਸਵਰਨਜੀਤ ਸੈਣੀ, ਤ੍ਰਿਲੋਚਨ ਝਾਂਡੇ, ਨਾਟਕਕਾਰ ਤ੍ਰਿਲੋਚਨ, ਮਨਜਿੰਦਰ ਧਨੋਆ, ਸੁਮਿਤ ਗੁਲਾਟੀ, ਗਗਨ ਬੰਗਾ ਤੇ ਹੋਰਾਂ ਨੇ ਸ਼ਿਰਕਤ ਕੀਤੀ ਪ੍ਰੋ. ਸੁਰਜੀਤ ਜੱਜ ਨੇ ਮੰਚ ਸੰਚਾਲਣ ਕਰਦਿਆਂ ਰਵਿੰਦਰ ਸਹਿਰਾਅ ਦੀ ਜ਼ਿੰਦਗੀ ਅਤੇ ਕਾਵਿ ਬਾਰੇ ਜਾਣਕਾਰੀ ਦਿੱਤੀ ਤੇ ਉਸ ਨੂੰ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਪ੍ਰਤੀਬੱਧ ਸ਼ਾਇਰ ਕਿਹਾਸ੍ਰੀ ਸਤੀਸ਼ ਗੁਲਾਟੀ, ਚੇਤਨਾ ਪ੍ਰਕਾਸ਼ਨ ਨੇ ਆਏ ਮਹਿਮਾਨਾਂ, ਸਰੋਤਿਆਂ, ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਦਾਰਾ ਤ੍ਰਿਸ਼ੰਕੂ ਵਲੋਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ











ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ