ਸ਼ਾਇਰ ਕੁਲਵਿੰਦਰ ਦਾ ਗ਼ਜ਼ਲ-ਸੰਗ੍ਰਹਿ ‘ਨੀਲੀਆਂ ਲਾਟਾਂ ਦਾ ਸੇਕ’ ਰਿਲੀਜ਼ ਅਤੇ ਸਾਹਿਤਕ ਗੋਸ਼ਟੀ ਵਿਪਸਾ ਦੀ ਤਿਮਾਹੀ ਬੈਠਕ ਅਤੇ ਪ੍ਰਭਾਵਸ਼ਾਲੀ ਕਵੀ ਦਰਬਾਰ ਸਜਿਆ
ਰਿਪੋਰਟਰ: ਜਗਜੀਤ ਨੌਸ਼ਹਿਰਵੀ (ਜਰਨਲ ਸਕੱਤਰ)
ਵਿਸ਼ਵ ਪੰਜਾਬੀ ਸਾਹਿਤ ਅਕਾਡਮੀ, ਕੈਲੀਫੋਰਨੀਆ
ਫਰੀਮੌਂਟ- ਕੈਲੇਫੋਰਨੀਆ: ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾਅ) ਕੈਲੇਫੋਰਨੀਆ ਵਲੋਂ ਕਰਵਾਏ ਗਏ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਸ਼ਾਇਰ ਕੁਲਵਿੰਦਰ ਦਾ ਦੂਜਾ ਗ਼ਜ਼ਲ ਸੰਗ੍ਰਹਿ “ਨੀਲੀਆਂ ਲਾਟਾਂ ਦਾ ਸੇਕ” ਰਿਲੀਜ਼ ਕੀਤਾ ਗਿਆ। ਮਿਲਪੀਟਸ ਲਾਇਬਰੇਰੀ ਦੇ ਵਿਸ਼ਾਲ ਆਡੀਟੋਰੀਅਮ ਵਿੱਚ ਹੋਏ ਸਮਾਗਮ ਦੇ ਪਹਿਲੇ ਪੜਾਅ ਵਿੱਚ ਕਿਤਾਬ ਰਿਲੀਜ਼ ਅਤੇ ਸਾਹਿਤਕ ਗੋਸ਼ਟੀ ਹੋਈ ਜਿਸ ਵਿੱਚ ਡਾ: ਗੁਰੂਮੇਲ ਸਿੱਧੂ, ਸੁਰਿੰਦਰ ਸੀਰਤ ਅਤੇ ਹਰਜਿੰਦਰ ਕੰਗ ਨੇ ਪਰਚੇ ਪੜ੍ਹੇ ਅਤੇ ਕੁਲਵਿੰਦਰ ਦਾ ਗ਼ਜ਼ਲ ਸੰਗ੍ਰਹਿ “ਨੀਲੀਆਂ ਲਾਟਾਂ ਦਾ ਸੇਕ” ਅਤੇ ਭਾਰਤ ਤੋਂ ਆਏ ਮਹਿਮਾਨ ਕਹਾਣੀਕਾਰ ਰਣਜੀਤ ਸਿੰਘ ਭਿੰਡਰ ਦਾ ਕਹਾਣੀ ਸੰਗ੍ਰਹਿ “ਸਮਾਂ ਤੇ ਸੁਪਨੇ” ਰਿਲੀਜ਼ ਕੀਤੇ ਗਏ। ਇਸ ਪੜਾਅ ਦੀ ਪ੍ਰਧਾਨਗੀ ਕਰ ਰਹੇ ਸਨ ਡਾ: ਵੇਦ ਵੱਟੁਕ, ਕੁਲਵਿੰਦਰ, ਰਣਜੀਤ ਸਿੰਘ ਭਿੰਡਰ, ਰੇਸ਼ਮ ਸਿੱਧੂ, ਅਤੇ ਸੁਰਿੰਦਰ ਸੀਰਤ । “ਨੀਲੀਆਂ ਲਾਟਾਂ ਦਾ ਸੇਕ” ਨੂੰ ਡਾ: ਵੇਦ ਵੱਟੁਕ ਨੇ ਰਿਲੀਜ਼ ਕੀਤਾ। ਡਾ: ਵੇਦ ਵੱਟੁਕ ਨੇ ਕੁਲਵਿੰਦਰ ਦੀ ਸ਼ਾਇਰੀ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਉਹ ਕੁਲਵਿੰਦਰ ਦੀ ਨਵੀਂ ਕਿਤਾਬ ਰਿਲੀਜ਼ ਕਰਦਿਆਂ ਉਹ ਮਾਣ ਮਹਿਸੂਸ ਕਰ ਰਹੇ ਹਨ।
----
“ਨੀਲੀਆਂ ਲਾਟਾਂ ਦੇ ਸੇਕ” ਵਿਚਲੀ ਸ਼ਾਇਰੀ ਬਾਰੇ ਬੋਲਦਿਆਂ ਸੁਰਿੰਦਰ ਸੀਰਤ ਨੇ ਕੁਲਵਿੰਦਰ ਨੂੰ ਇਕ ਮੁਕੰਮਲ ਗ਼ਜ਼ਲ-ਗੋ ਮੰਨਿਦਿਆਂ ਕਿਹਾ ਕੁਲਵਿੰਦਰ ਨੇ ਕਾਇਨਾਤ ਦੇ ਅਨੇਕਾਂ ਸੰਦਰਭਾਂ ਵਿੱਚੋਂ ਲੰਘਣ ਦੀ ਪ੍ਰਕਿਰਿਆ ਨਿਭਾਈ ਹੈ।ਉਸ ਨੇ ਕਰਮਕਾਂਡਾਂ ਨੂੰ ਆਪਣੀ ਮਾਨਸਿਕਤਾ ਵਿਚ ਹੰਢਾਇਆ ਹੈ।ਕਦੀ ਤਾਂ ਉਸ ਨੇ ਇਕ ਵਹਿੰਦੀ ਨਦੀ ਦਾ ਅਨੁਭਵ ਗ੍ਰਹਿਣ ਕੀਤਾ ਹੈ, ਕਿਤੇ ਉਚ ਪਹਾੜਾਂ ਦੀਆਂ ਚੋਟੀਆਂ ਤੇ ਵ੍ਹਰ ਰਹੇ ਬਰਫ਼ ਦਿਆਂ ਪੋਛਿਆਂ ਦੀ ਛੋਹ ਦਾ ਲੰਮਸ ਮਾਣਿਆ ਹੈ, ਕਿਤੇ ਦਰਿਆ ਤੋਂ ਸਮੁੰਦਰ ਤੀਕ ਅਪੜਨ ਦੀ ਲਾਲਸਾ ਦਰਸਾਈ ਹੈ, ਕਿਤੇ ਇਕ ਸੜ-ਬਲ ਰਹੇ ਜੰਗਲ ਵਿਚ ਇਕ ਘਣਛੱਤਾ ਬਿਰਖ ਹੋਣ ਦੀ ਅਭਿਲਾਸ਼ਾ ਨੂੰ ਦਰਸਾਇਆ ਹੈ, ਕਿਤੇ ਰੇਤਲੇ ਸਹਿਰਾਅ ਦੀ ਨੰਗੀ ਧੁੱਪ ਦਾ ਆਕਰੋਸ਼ ਸਹੇੜਿਆ ਹੈ, ਕਿਤੇ ਮੋਹ ਵਿਚ ਨਿਰਮੋਹਤਾ ਦਾ ਅਨੁਭਵ, ਕਿਤੇ ਇਸ ਆਰ ਤੋਂ ਉਸ ਪਾਰ ਦਾ ਸੰਕਲਪ ਸਹੇੜਿਆ ਹੈ।ਇੰਝ ਪੂਰੇ ਗਲੋਬ ਚੋਂ ੳਹਨਾਂ ਪ੍ਰਸਥਿਤੀਆਂ ਨੂੰ ਆਪਣੀ ਸੋਚ ਦੇ ਘੇਰੇ ਵਿਚ ਕੇਂਦ੍ਰਿਤ ਕਰਨ ਦੀ ਜਗਿਆਸਾ ਹਿਤ, ਕੁਲਵਿੰਦਰ ਆਪਣੇ ਆਪ ਨਾਲੋਂ ਟੁੱਟ ਚੁਕੇ ਸੰਦਰਭਾਂ ਨੂੰ ਵੇਖਦਾ ਹੈ। ਸੀਰਤ ਨੇ ਕਿਹਾ ਕਿ ਕੁਲਵਿੰਦਰ ਉਹਨਾਂ ਪੰਜਾਬੀ ਸ਼ਾਇਰਾਂ ਵਿਚੋਂ ਹੈ ਜਿਨ੍ਹਾਂ ਨੁੰ ਗ਼ਜ਼ਲ ਅਰੂਜ਼ ਉਪਰ ਪੂਰੀ ਪਕੜ ਹਾਸਲ ਹੈ।
----
ਡਾ: ਗੁਰੂਮੇਲ ਸਿਧੂ ਨੇ ਕੁਲਵਿੰਦਰ ਨੂੰ ਉਦਾਸ ਸੁਰਾਂ ਦਾ ਸ਼ਾਇਰ ਦਸਦਿਆਂ ਕਿਹਾ ਕਿ ਕੁਲਵਿੰਦਰ ਤਲਖ਼ੀਆਂ ਵਿੱਚੋਂ ਰੰਗੀਨੀਆਂ ਭਾਲਦਾ ਹੈ ਅਤੇ ਤੁਰਸ਼ ਤਰਜ਼ਬਿਆਂ ਨੂੰ ਜ਼ਿੰਦਗੀ ਦੇ ਰੂ-ਬ-ਰੂ ਕਰਕੇ ਉਸ ਨੂੰ ਖ਼ੁਸ਼ਗੁਵਾਰ ਬਣਾਉਣ ਦਾ ਯਤਨ ਕਰਦਾ ਹੈ। ਉਹ ਉਦਾਸ ਭਾਵੀ ਅਤੇ ਕਰੁਣਾਮਈ ਸ਼ਿਅਰਾਂ ਰਾਹੀਂ ਭਾਵਕ ਤਰੰਗ ਪੈਦਾ ਕਰਕੇ ਪਾਠਕਾਂ ਦੇ ਦਿਲਾਂ ਵਿੱਚ ਉਤੇਜਨਾ ਪੈਦਾ ਕਰਦਾ ਹੈ ਜੋ ਉਨ੍ਹਾਂ ਦੇ ਮਨ ਦੀਆਂ ਗੰਢਾਂ ਖੋਲ੍ਹਣ ਵਿੱਚ ਸਹਾਈ ਹੁੰਦੀ ਹੈ। ਇਹ ਇਕ ਪ੍ਰਕਾਰ ਨਾਲ ਜੀਵਨ ਦੀ ਥੈਰੇਪੀ ਹੈ, ਜੀਵਨ ਦਾ ਕਥਾਰਸਿਸ ਹੈ। ਮਨਫ਼ੀ ਨੂੰ ਮਨਫ਼ੀ ਨਾਲ ਕੱਟਕੇ ਜਾਂ ਪੌਜ਼ੇਟਿਵ ਨਾਲ ਮਨਫ਼ੀ ਨੂੰ ਸਾਵਾਂ ਕਰਕੇ ਜੀਵਨ ਨੂੰ ਸੁਖਾਵਾਂ ਬਣਾਉਣ ਦਾ ਸੂਤਰ ਹੈ।
----
ਹਰਜਿੰਦਰ ਕੰਗ ਨੇ ਆਪਣੇ ਪਰਚੇ – “ਨੀਲੀਆਂ ਲਾਟਾਂ ਦੇ ਸੇਕ ਦਾ ਸੂਰਜ” ਵਿੱਚ ਕੁਲਵਿੰਦਰ ਵਲੋਂ ਵਰਤੇ ਗਏ ਪ੍ਰਕ੍ਰਿਤਕ ਬਿੰਬਾਂ ਦਾ ਵਿਸਥਾਰ ਪੂਰਵਕ ਜਾਇਜ਼ਾ ਲਿਆ। ਕੰਗ ਨੇ ਕਿਹਾ ਕਿ ਭਾਸ਼ਾਈ ਸ਼ਬਦਾਂ ਨੂੰ ਕਵਿਤਾ ਵਿੱਚ 3 ਰੂਪਾਂ ਵਿੱਚ ਵਰਤਿਆ ਜਾ ਸਕਦਾ ਹੈ, ਹਕੀਕੀ, ਤਕਨੀਕੀ ਅਤੇ ਮਿਜਾਜ਼ੀ। ਮਿਸਾਲ ਵਜੋਂ ਕੁਲਵਿੰਦਰ ਨੇ ਸੂਰਜ ਨੂੰ ਬਹੁਤ ਸਾਰੇ ਸ਼ਿਅਰਾਂ ਵਿੱਚ ਹਕੀਕੀ ਰੂਪ ਵਿੱਚ ਵਰਤਿਆ ਹੈ।
ਢਲ ਰਿਹਾ ਸੂਰਜ ਸਮੁੰਦਰ ਵਿੱਚ ਨ ਲਹਿ ਜਾਵੇ ਕਿਤੇ।
ਸੰਦਲੀ ਆਥਣ ਸਦਾ ਵਿਛੜੀ ਨ ਰਹਿ ਜਾਵੇ ਕਿਤੇ।
ਕੁਲਵਿੰਦਰ ਪ੍ਰਕਿਰਤੀ ਨਾਲ ਨੇੜਿਓਂ ਜੁੜਿਆ ਹੋਇਆ ਵਿਅਕਤੀ ਹੈ ਅਤੇ ਉਹ ਆਪਣੇ ਅਲੰਕਾਰ ਅਤੇ ਬਿੰਬ ਏਸੇ ਜ਼ਮੀਨ ਚੋਂ ਚੁਣਕੇ ਸ਼ਿਅਰਾਂ ਨੂੰ ਖ਼ੂਬ ਸ਼ਿੰਗਾਰਨਾ ਜਾਣਦਾ ਹੈ।
----
ਜਗਜੀਤ ਨੌਸ਼ਹਿਰਵੀ ਨੇ ਕਿਤਾਬ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਤਾਬ ਵਿਚ ਦਰਜ਼ ਕੁਲਵਿੰਦਰ ਵਲੋਂ ਆਪਣੀ ਰਚਨ ਪ੍ਰਕਿਰਿਆ ਬਾਰੇ ਲਿਖੇ ਗਏ ਲੰਮੇ ਲੇਖ ਦੇ ਕੁੱਝ ਅੰਸ਼ ਸਰੋਤਿਆਂ ਨਾਲ ਸਾਂਝੇ ਕੀਤੇ। ਕਿਤਾਬ ਰਿਲੀਜ਼ ਉਪਰੰਤ ਕੁਲਵਿੰਦਰ ਨੇ ਆਪਣੇ ਬਹੁਤ ਸਾਰੇ ਪ੍ਰਤੀਨਿਧ ਸ਼ਿਅਰ ਸਰੋਤਿਆਂ ਨੂੰ ਸੁਣਾ ਕੇ ਉਹਨਾਂ ਦੀ ਦਾਦ ਹਾਸਲ ਕੀਤੀ। ਸ਼ਿਅਰ ਵੇਖੋ:
ਇਕ ਨਾ ਇਕ ਦਿਨ ਇਸਦੇ ਉਪਰ ਉੱਗ ਹੀ ਪੈਣਾ ਗੁਲਾਬ,
ਜਾਣਦਾ ਹਾਂ ਮੈਂ ਕਿ ਦਿਲ ਦੀ ਧਰਤ ਬੰਜ਼ਰ ਹੈ ਅਜੇ।
ਮੈਂ ਨਹੀਂ ਸੂਰਜ ਕਿ ਹਰ ਇਕ ਸ਼ਾਮ ਨੂੰ ਢਲਦਾ ਰਹਾਂਗਾ।
ਮੈਂ ਬੜਾ ਨਿੱਕਾ ਜਿਹਾ ਦੀਵਾ ਹਾਂ, ਪਰ ਬਲਦਾ ਰਹਾਂਗਾ।
ਮੈਂ ਪਰ ਹੀਣਾ ਪਰਿੰਦਾ ਬੰਦਾ ਹਾਂ ਇਕ ਪਿੰਜਰੇ ਅੰਦਰ,
ਮੇਰੇ ਖਾਬਾਂ ‘ਚ ਐਵੇਂ ਨੀਲ ਅੰਬਰ ਆ ਗਿਆ ਹੈ।
----
ਕਹਾਣੀਕਾਰ ਰਣਜੀਤ ਸਿੰਘ ਭਿੰਡਰ ਦੇ ਕਹਾਣੀ ਸੰਗ੍ਰਹਿ “ਸਮਾਂ ਤੇ ਸੁਪਨੇ” ਦੀ ਜਾਣ ਪਹਿਚਾਣ ਹਰਜਿੰਦਰ ਕੰਗ ਨੇ ਕਰਾਈ ਅਤੇ ਇਸ ਕਿਤਾਬ ਨੂੰ ਕਹਾਣੀਕਾਰ ਕਰਮ ਸਿੰਘ ਮਾਨ ਨੇ ਰਿਲੀਜ਼ ਕੀਤਾ। ਰਣਜੀਤ ਸਿੰਘ ਭਿੰਡਰ ਨੇ ਆਪਣੇ ਨਵੇਂ ਕਹਾਣੀ ਸੰਗ੍ਰਹਿ ਵਿਚੋਂ “ਸਾਂਝ” ਕਹਾਣੀ ਪੜ੍ਹਕੇ ਸੁਣਾਈ ਜੋ ਸਰੋਤਿਆਂ ਵਲੋਂ ਬਹੁਤ ਸਲਾਹੀ ਗਈ।
ਸਾਹਿਤਕ ਗੋਸ਼ਟੀ ਨੂੰ ਜਾਰੀ ਰੱਖਦਿਆਂ ਹਰਜਿੰਦਰ ਕੰਗ ਨੇ ਡਾ: ਗੁਰੂਮੇਲ ਸਿੱਧੂ ਦੀ ਕਿਤਾਬ “ਖੁੱਲ੍ਹੀ ਕਵਿਤਾ ਦੇ ਮਾਪਦੰਡ” ਬਾਰੇ ਆਪਣਾ ਸੰਖੇਪ ਪਰਚਾ ਪੜ੍ਹਿਆ। ਕੰਗ ਨੇ ਕਿਹਾ ਕਿ ਇਹ ਕਿਤਾਬ ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਨਾਂ ਲਈ ਹੀ ਕਵਿਤਾ ਦੀਆਂ ਬਰੀਕੀਆਂ ਨੂੰ ਸਮਝਣ ਲਈ ਬਹੁਤ ਹੀ ਲਾਹੇਵੰਦੀ ਸਾਬਤ ਹੋਏਗੀ। ਡਾ: ਸਿੱਧੂ ਹੋਰਾਂ ਇਸ ਕਿਤਾਬ ਵਿੱਚ ਵਿਸਥਾਰ ਸਾਹਿਤ ਖੁਲ੍ਹੀ ਕਵਿਤਾ ਦੇ ਵਿਭਿੰਨ ਮਾਪਦੰਡਾਂ ਦਾ ਜਾਇਜ਼ਾ ਲਿਆ ਹੈ। ਉਹਨਾਂ ਅਨੁਸਾਰ ਖੁਲ੍ਹੀ ਕਵਿਤਾ ਲਈ ਛੰਦ ਵਿਧਾਨ ਅਤੇ ਸੰਗੀਤਕ ਲੈਅ-ਬੱਧਤਾ ਦਾ ਪਾਬੰਦ ਹੋਣਾ ਬਹੁਤ ਜ਼ਰੂਰੀ ਹੈ।ਛੰਦ ਦੀ ਜਾਣਕਾਰੀ ਤੋਂ ਬਿਨਾਂ ਚੰਗੀ ਖੁਲ੍ਹੀ ਕਵਿਤਾ ਨਹੀਂ ਲਿਖੀ ਜਾ ਸਕਦੀ। ਇਸ ਕਿਤਾਬ ਦਾ ਸਭ ਤੋਂ ਮਹੱਤਵਪੂਰਨ ਅਧਿਆਏ ਸਤਰਬੰਦੀ ਅਤੇ ਠਹਿਰਾਉ ਬਾਰੇ ਹੈ। ਲਿਖੀ ਹੋਈ ਖੁੱਲ੍ਹੀ ਕਵਿਤਾ ਦੀ ਸਤਰ ਉਵੇਂ/ਓਥੇ ਟੁੱਟਣੀ ਚਾਹੀਦੀ ਹੈ ਜਿਵੇਂ ਕਵੀ ਕਵਿਤਾ ਸੁਣਾਉਣ ਵੇਲੇ ਕਰਦਾ ਹੈ ਨਹੀਂ ਤਾਂ ਕਵੀ ਦਾ ਭਾਵ ਸਹੀ ਰੂਪ ਵਿੱਚ ਪਾਠਕ ਤੱਕ ਨਹੀਂ ਪਹੁੰਚਦਾ।
----
ਉੱਘੇ ਗਾਇਕ ਸੁਖਦੇਵ ਸਾਹਿਲ ਨੇ ਕੁਲਵਿੰਦਰ ਦੀਆਂ ਤਿੰਨ ਗ਼ਜ਼ਲਾਂ ਦਾ ਗਾਇਨ ਕਰਕੇ ਮਹਿਫ਼ਿਲ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ। ਜਗਜੀਤ ਨੌਸ਼ਹਿਰਵੀ ਨੇ ਕਿਹਾ ਕਿ ਸਾਹਿਲ ਅਤੇ ਕੁਲਵਿੰਦਰ ਦੀ ਗਹਿਰੀ ਦੋਸਤੀ ਹੈ ਅਤੇ ਸਾਹਿਲ, ਕੁਲਵਿੰਦਰ ਦੇ ਬਹੁਤ ਸਾਰੇ ਸ਼ੇਅਰਾਂ ਨੂੰ ਪਹਿਲੇ ਰਚਨਾਤਮਕ ਪੜਾਅ ਵਿਚੋਂ ਗੁਜ਼ਰਦਿਆਂ ਹੀ ਆਪਣੀਆਂ ਸੰਗੀਤਕ ਧੁਨਾਂ ਤੇ ਬੰਨ੍ਹਣਾ ਸ਼ੁਰੂ ਕਰ ਦਿੰਦਾ ਹੈ। ਇਸ ਕਿਤਾਬ ਦੀ ਰਚਨਾ ਦੌਰਾਨ ਗਾਇਕ ਸੁਖਦੇਵ ਸਾਹਿਲ, ਸ਼ਾਇਰ ਕੁਲਵਿੰਦਰ ਦੇ ਨਾਲ ਨਾਲ ਵਿਚਰਿਆ ਹੈ ਜਿਸ ਕਰਕੇ ਇਹ ਕਿਤਾਬ ਸਾਹਿਲ ਨੂੰ ਸਮਰਪਤ ਕਰਨਾ ਹੋਰ ਵੀ ਢੁਕਵਾਂ ਲਗਦਾ ਹੈ। ਸਰੋਤਿਆਂ ਦੀ ਫਰਮਾਇਸ਼ ਤੇ ਸੁਖਦੇਵ ਸਾਹਿਲ ਨੇ ਲੋਕ ਗੀਤ ਮਾਹੀਆ ਵੀ ਸੁਣਾਇਆ ਜੋ ਸਭ ਨੇ ਬਹੁਤ ਸਰਾਹਿਆ। ਸਮਾਗਮ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਸ਼ਾਇਰ ਰਵਿੰਦਰ ਸਹਿਰਾਅ ਦੇ ਨੌਜਵਾਨ ਸਪੁੱਤਰ ਅਮਰਿੰਦਰ ਸਿੰਘ ਸਹਿਰਾਅ ਦੀ ਅਚਾਨਕ ਹੋਈ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਸਹਿਰਾਅ ਪ੍ਰੀਵਾਰ ਨਾਲ ਹਮਰਦਰਦੀ ਦਾ ਪ੍ਰਗਟਾ ਕਰਦੇ ਹੋਏ ਸ਼ੋਕ ਮਤਾ ਪਾਸ ਕੀਤਾ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਭੇਟ ਕੀਤੀ।
----
ਸਮਾਗਮ ਦੇ ਦੂਸਰੇ ਪੜਾਅ ਵਿੱਚ ਡਾ: ਗੁਰੂਮੇਲ ਸਿਧੂ, ਰਣਜੀਤ ਸਿੰਘ ਭਿੰਡਰ, ਫ਼ਾਰੂਖ ਤਰਾਜ਼, ਦਲਜੀਤ ਸਰਾਂ ਅਤੇ ਆਜ਼ਾਦ ਜਲੰਧਰੀ ਦੀ ਸਦਾਰਤ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਕਵੀ ਦਰਬਾਰ ਆਯੋਜਤ ਹੋਇਆ। ਕਵੀ ਦਰਬਾਰ ਵਿਚ ਕੁਲਵਿੰਦਰ, ਫ਼ਾਰੂਖ ਤਰਾਜ਼, ਆਜ਼ਾਦ ਜਲੰਧਰੀ, ਈਸ਼ਰ ਸਿੰਘ ਮੋਮਨ, ਡਾ: ਸੁਖਪਾਲ ਸੰਘੇੜਾ, ਜਗਜੀਤ ਨੌਸ਼ਹਿਰਵੀ, ਰੇਸ਼ਮ ਸਿੱਧੂ, ਡਾ: ਵੇਦ ਵੱਟੁਕ, ਹਰਜਿੰਦਰ ਕੰਗ, ਅਮਨਦੀਪ ਬੋਪਾਰਾਏ, ਗੁਰਚਰਨ ਸਿੰਘ ਫ਼ਲਕ, ਸ਼ਾਇਰਾ ਨਵਨੀਤ ਪੰਨੂ, ਹਰਭਜਨ ਸਿੰਘ ਢਿਲੋਂ, ਮੇਜਰ ਭੁਪਿੰਦਰ ਦਲੇਰ, ਸੁਰਿੰਦਰ ਸੀਰਤ, ਕਮਲ ਬੰਗਾ ਆਦਿ ਸ਼ਾਇਰਾਂ ਨੇ ਆਪਣਾ ਕਲਾਮ ਸਰੋਤਿਆਂ ਨਾਲ ਸਾਂਝਾ ਕੀਤਾ। ਸਰੋਤਿਆਂ ਵਿੱਚ ਕੁਲਦੀਪ ਧਾਲੀਵਾਲ, ਪ੍ਰਿਤਪਾਲ ਸਿੰਘ, ਪੰਕਜ਼ ਆਂਸਲ, ਕੁਲਵੰਤ ਸੇਖੋਂ, ਓਮ ਪ੍ਰਕਾਸ਼ ਕਮਲ, ਰੁਬਿੰਦਰ ਬਿਰਦੀ, ਮਨਜੀਤ
ਪਲਾਹੀ, ਧਰਮ ਸਿੰਘ, ਅਵਤਾਰ ਸਿੰਘ ਲਾਖਾ, ਤੇਜਾ ਸਿੰਘ ਬਿਰਦੀ ਅਤੇ ਸੁਰਜੀਤ ਕੌਰ ਬਿਰਦੀ ਸਮੇਤ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜ਼ਰ ਸਨ।
ਇਹ ਰਿਪੋਰਟ ਬੇਅ ਏਰੀਆ ਇਕਾਈ ਦੇ ਜਰਨਲ ਸਕੱਤਰ ਜਗਜੀਤ ਨੌਸ਼ਹਿਰਵੀ ਅਤੇ ਚੇਅਰਮੈਨ ਰੇਸ਼ਮ ਸਿੱਧੂ ਵਲੋਂ ਜਾਰੀ ਕੀਤੀ ਗਈ ਹੈ।