ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਰਿਪੋਰਟ: ਸੰਤੋਖ ਧਾਲੀਵਾਲ: ਯੂ.ਕੇ.: ੮ ਮਈ ਦਿਨ ਐਤਵਾਰ ੨੦੧੧ ਨੂੰ ਨੌਟਿੰਘਮ ਵਿਖੇ ਇੰਡੀਅਨ ਸੈਂਟਰ ਨੌਟਿੰਘਮ ਤੇ ੫੦+ ਅਸੋਸੀਏਸ਼ਨ ਵਲੋਂ ਅਜ਼ਾਦੀ ਲਈ ਭਗਤ ਸਿੰਘ ਤੇ ਹੋਰ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਇੱਕ ਸਮਾਗਮ ਆਯੋਜਿਤ ਕੀਤਾ ਗਿਆ।ਖਚਾ-ਖਚ ਭਰੇ ਇੰਡੀਅਨ ਸੈਂਟਰ ਦੇ ਖ਼ੂਬਸੂਰਤ ਹਾਲ 'ਚ ਚੈਂਚਲ ਸਿੰਘ ਬਾਬਕ ਪਰਧਾਨ ੫੦+ ਅਸੋਸੀਏਸ਼ਨ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਆਪਣੀ ਭਗਤ ਸਿੰਘ ਬਾਰੇ ਲਿਖੀ ਨਜ਼ਮ ਪੜ੍ਹ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਟੇਜ ਤੇ ਪਰਧਾਨਗੀ ਮੰਡਲ 'ਚ ਚੈਂਚਲ ਸਿੰਘ ਬਾਬਕ, ਕਸ਼ਮੀਰਾ ਸਿੰਘ, ਡਾ.ਗੁਰਨਾਮ ਸਿੰਘ ਸੰਘੇੜਾ ਕੈਨੇਡਾ, ਡਾ. ਸਰਜਿੰਦਰ ਸਿੰਘ ਗਲਾਸਗੋ ਤੇ ਅਵਤਾਰ ਜੌਹਲ I.W.A G.Britain ਸੁਸ਼ੋਭਿਤ ਸਨ।
ਪ੍ਰੋਗਰਾਮ ਰੀਫਰੈਸ਼ਮੈਂਟ ਜਿਹੜੀ ਕਿ ਕਸ਼ਮੀਰਾ ਸਿੰਘ ਮਾਲਕ (Red hot chain of restaurants) ਵਲੋਂ ਪਰਦਾਨ ਕੀਤੀ ਗਈ ਸੀ ਮਗਰੋਂ ਸ਼ੁਰੂ ਕੀਤਾ ਗਿਆ। ਆਪਣੇ ਪ੍ਰੋਗਰਾਮਾਂ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਪ੍ਰੋਗਰਾਮ ਠੀਕ ਤਿੰਨ ਵਜੇ ਸ਼ਰੂ ਕਰ ਦਿੱਤਾ ਗਿਆ।ਸਭ ਤੋਂ ਪਹਿਲਾਂ ਡਾ. ਗੁਰਨਾਮ ਸਿੰਘ ਸੰਘੇੜਾ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਦੀਆਂ ਕੁਰਬਾਨੀਆਂ ਪਿਛੇ ਜਿਹੜੀ ਸੋਚ ਸੀ ਉਸਨੂੰ ਬਹੁਤ ਹੀ ਸੁਚੱਜੇ ਢੰਗ ਤੇ ਵਿਸਥਾਰ ਨਾਲ ਪੇਸ਼ ਕੀਤਾ।ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਹੁਣ ਭਗਤ ਸਿੰਘ ਦੀ ਸ਼ਖ਼ਸੀਅਤ ਤੇ ਉਸਦੀ ਕੁਰਬਾਨੀ ਨੂੰ ਮੂਹਰੇ ਰੱਖ ਕੇ ਲੋਕਾਂ ਨੂੰ ਕਿਵੇਂ ਵਰਗਲਾ ਰਹੀਆਂ ਹਨ ਇਸ ਦਾ ਪੂਰਨ ਤੇ ਬਹੁਤ ਹੀ ਵਿਦਵਤਾ ਭਰੀਆਂ ਉਦਾਹਰਨਾਂ ਦੇ ਕੇ ਖੁਲਾਸਾ ਕੀਤਾ ਤੇ ਉਨ੍ਹਾਂ ਲੋਕਾਂ ਦਾ ਖੰਡਨ ਕੀਤਾ ਜਿਹੜੇ ਉਸਦੇ ਨਾਂ ਨੂੰ ਵਰਤ ਕੇ ਆਪਣੀ ਹੋਂਦ ਨੂੰ ਜੀਉਂਦਾ ਰਖਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਦੇ ਪਾਜ ਬੜੇ ਹੀ ਸੱਭਿਅਕ ਲਫ਼ਜ਼ਾਂ ਰਾਹੀਂ ਉਧੇੜੇ।
ਡਾ. ਸੁਰਜਿੰਦਰ ਸਿੰਘ ਨੇ ਆਪਣੇ ਤੇ ਇਸ ਪ੍ਰੋਗਰਾਮ ਦੇ ਪ੍ਰਮੁੱਖ ਕਰਤਾ ਕਸ਼ਮੀਰਾ ਸਿੰਘ ਨਾਲ ਆਪਣੇ ਨਿੱਘੇ ਤੇ ਚਿਰ ਸਦੀਵੀ ਰਿਸ਼ਤੇ ਨੂੰ ਬਿਆਨਣ ਤੋਂ ਬਾਅਦ ਭਗਤ ਸਿੰਘ ਤੇ ਉਸਦੇ ਸਾਥੀਆਂ ਵੇਲੇ ਹਿੰਦੋਸਤਾਨ ਦੀ ਸਿਆਸਤ ਤੇ ਲੋਕਾਂ 'ਚ ਅਜ਼ਾਦੀ ਲਈ ਭਖਵੀਂ ਲਹਿਰ ਦਾ ਵਿਸਥਾਰ 'ਚ ਬਿਆਨ ਕੀਤਾ ਤੇ ਉਸ ਸਮੇ ਦੀ ਦਸ਼ਾ ਨੂੰ ਤਾਰੀਖੀ ਨੁਕਤਾ ਨਿਗਾਹ ਨਾਲ ਘੋਖਦਿਆਂ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀਂ ਬਿਆਨ ਕੀਤਾ।
ਅਵਤਾਰ ਜੌਹਲ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸੁਪਨੇ ਨਾਲ ਕੀ ਵਾਪਰਿਆ ਤੇ ਕੀ ਵਾਪਰ ਰਿਹਾ ਹੈ ਅੰਕੜਿਆਂ ਨਾਲ ਖੋਲ੍ਹ ਕੇ ਬਹੁਤ ਹੀ ਵਿਸਥਾਰ 'ਚ ਲੋਕਾਂ ਸਾਮ੍ਹਣੇ ਰੱਖਿਆ।ਭਗਤ ਸਿੰਘ ਨੂੰ ਸ਼ਹੀਦਾਂ ਦਾ ਸਿਰਤਾਜ ਕਿਉਂ ਮੰਨਿਆ ਜਾ ਰਿਹਾ ਹੈ ਇਸਦਾ ਵੀ ਪੂਰੀ ਤੇ ਸੁਲਝੀ ਤੇ ਭਾਵਪੂਰਤ ਬੋਲੀ ਰਾਹੀਂ ਬਿਆਨ ਕੀਤਾ ਕਿ ੨੩ ਸਾਲ ਦੀ ਉਮਰ 'ਚ ਉਸਦਾ ਅਧਿਐਨ ਏਨਾ ਵਿਸ਼ਾਲ ਸੀ ਕਿ ਉਸਨੇ ਧਾਰਮਕ ਗ੍ਰੰਥਾਂ ਤੋਂ ਲੈ ਕੇ ਕਾਰਲ ਮਾਰਕਸ ਤੱਕ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰ ਲਿਆ ਸੀ।ਸਮੇ ਦੇ ਕਿਸੇ ਵੀ ਲਾਲਚ ਨੇ ਉਸਦੇ ਅਕੀਦੇ 'ਚ ਤ੍ਰੇੜ ਨਹੀਂ ਆਉਣ ਦਿੱਤੀ। ਉਸਨੂੰ ਪੂਰਨ ਯਕੀਨ ਸੀ ਕਿ ਸ਼ਹਾਦਤਾਂ ਤੋਂ ਬਿਨਾ ਵਿਦੇਸ਼ੀ ਰਾਜ ਦੀਆਂ ਜੜ੍ਹਾਂ ਹਿਲਾਈਆਂ ਨਹੀਂ ਜਾ ਸਕਣੀਆਂ।
ਭਾਰਤ ਦੀ ਬਹੁ-ਚਰਚਿਤ ਤਰੱਕੀ 'ਚ ਆਮ ਲੋਕ ਹਾਲੀ ਵੀ ੨੦ ਰੁਪਏ 'ਚ ਦਿਹਾੜੀਆਂ ਕੱਟ ਰਹੇ ਹਨ।ਉਸ ਮਹਾਨ ਦੇਸ਼ 'ਚ ਅੰਤਾਂ ਦੀ ਗਰੀਬੀ ਹੈ।ਭਰੂਣ ਹੱਤਿਆ ਬਾਰੇ ਅੰਕੜਿਆਂ ਸਮੇਤ ਭਾਈਚਾਰਕ ਖੰਡਨ ਕੀਤਾ।ਸਰੋਤਿਆਂ ਨੇ ਸਾਰੀਆਂ ਹੀ ਤਕਰੀਰਾਂ ਪੂਰੇ ਧਿਆਨ ਤੇ ਉਤਸ਼ਾਹ ਨਾਲ ਸੁਣੀਆਂ ਤੇ ਬੁਲਾਰਿਆਂ ਨੂੰ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ।
ਅੰਤ 'ਚ ਕਸ਼ਮੀਰਾ ਸਿੰਘ ਨੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਦਾ ਇਕਰਾਰ ਵੀ ਕੀਤਾ ਤੇ ਉਨ੍ਹਾਂ ਦੇ ਸਹਿਯੋਗ ਲਈ ਆਸ ਪ੍ਰਗਟਾਈ।ਸਟੇਜ ਸੰਤੋਖ ਧਾਲੀਵਾਲ ਨੇ ਸੰਭਾਲੀ ਤੇ ਅੰਤ 'ਚ ਉਸਨੇ ਇੰਡੀਨ ਸੈਂਟਰ ਦੀ ਕਮੇਟੀ, ਸਟਾਫ ਤੇ ਕਸ਼ਮੀਰਾ ਸਿੰਘ ਦਾ ਧੰਨਵਾਦ ਕੀਤਾ।
ਇਸ ਤੋਂ ਮਗਰੋਂ ਦੋ ਘੰਟੇ ਲਈ ਕਵੈਂਟਰੀ ਦੇ ਪੰਜਾਬੀ ਡੈਸਕੋ ਗਰੁਪ ਨੇ ਪਰਾਣੇ ਤੇ ਨਵੇਂ ਗੀਤ ਸਾਨਗੀ ਤੇ ਢੋਲ ਨਾਲ ਸੁਣਾ ਕੇ ਨਿਹਾਲ ਕੀਤਾ ਜਿਸਨੂੰ ਆਏ ਲੋਕਾਂ ਨੇ ਰੱਜਵੀਂ ਦਾਦ ਦਿੱਤੀ।ਪ੍ਰੋਗਰਾਮ ਠੀਕ ੬ ਵਜੇ ਸਮਾਪਤ ਕੀਤਾ ਗਿਆ।
ਨੌਟਿੰਘਮ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਕਸ਼ਮੀਰਾ ਸਿੰਘ ਦੇ ਸਹਿਯੋਗ ਨਾਲ ੨੪ ਅਪ੍ਰੈਲ ਨੂੰ ਗਲਾਸਗੋ ਵਿਖੇ ਵੀ ਇੱਕ ਸ਼ਰਧਾਂਜਲੀ ਪ੍ਰੋਗਰਾਮ ਆਯੋਜਤ ਕੀਤਾ ਗਿਆ ਸੀ ਜਿੱਥੇ ਭਰਵੀ ਹਾਜ਼ਰੀ ਨੂੰ ਵੀ ਡਾ. ਗੁਰਨਾਮ ਸੰਘੇੜਾ,ਡਾ. ਸਰਜਿੰਦਰ ਸਿੰਘ ਤੇ ਪਰਮਜੀਤ ਬਾਸੀ ਨੇ ਸੰਬੋਧਨ ਕੀਤਾ ।