Showing posts with label ਸ਼ਰਧਾਂਜਲੀ ਰਿਪੋਰਟ. Show all posts
Showing posts with label ਸ਼ਰਧਾਂਜਲੀ ਰਿਪੋਰਟ. Show all posts

Saturday, May 28, 2011

ਨੌਟਿੰਘਮ ਵਿਖੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ - ਰਿਪੋਰਟ


ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ
ਵਤਨ ਪੇ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।
ਰਿਪੋਰਟ: ਸੰਤੋਖ ਧਾਲੀਵਾਲ: ਯੂ.ਕੇ.: ੮ ਮਈ ਦਿਨ ਐਤਵਾਰ ੨੦੧੧ ਨੂੰ ਨੌਟਿੰਘਮ ਵਿਖੇ ਇੰਡੀਅਨ ਸੈਂਟਰ ਨੌਟਿੰਘਮ ਤੇ ੫੦+ ਅਸੋਸੀਏਸ਼ਨ ਵਲੋਂ ਅਜ਼ਾਦੀ ਲਈ ਭਗਤ ਸਿੰਘ ਤੇ ਹੋਰ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਇੱਕ ਸਮਾਗਮ ਆਯੋਜਿਤ ਕੀਤਾ ਗਿਆ।ਖਚਾ-ਖਚ ਭਰੇ ਇੰਡੀਅਨ ਸੈਂਟਰ ਦੇ ਖ਼ੂਬਸੂਰਤ ਹਾਲ 'ਚ ਚੈਂਚਲ ਸਿੰਘ ਬਾਬਕ ਪਰਧਾਨ ੫੦+ ਅਸੋਸੀਏਸ਼ਨ ਨੇ ਆਏ ਲੋਕਾਂ ਦਾ ਧੰਨਵਾਦ ਕਰਦਿਆਂ ਆਪਣੀ ਭਗਤ ਸਿੰਘ ਬਾਰੇ ਲਿਖੀ ਨਜ਼ਮ ਪੜ੍ਹ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਟੇਜ ਤੇ ਪਰਧਾਨਗੀ ਮੰਡਲ 'ਚ ਚੈਂਚਲ ਸਿੰਘ ਬਾਬਕ, ਕਸ਼ਮੀਰਾ ਸਿੰਘ, ਡਾ.ਗੁਰਨਾਮ ਸਿੰਘ ਸੰਘੇੜਾ ਕੈਨੇਡਾ, ਡਾ. ਸਰਜਿੰਦਰ ਸਿੰਘ ਗਲਾਸਗੋ ਤੇ ਅਵਤਾਰ ਜੌਹਲ I.W.A G.Britain ਸੁਸ਼ੋਭਿਤ ਸਨ।


ਪ੍ਰੋਗਰਾਮ ਰੀਫਰੈਸ਼ਮੈਂਟ ਜਿਹੜੀ ਕਿ ਕਸ਼ਮੀਰਾ ਸਿੰਘ ਮਾਲਕ (Red hot chain of restaurants) ਵਲੋਂ ਪਰਦਾਨ ਕੀਤੀ ਗਈ ਸੀ ਮਗਰੋਂ ਸ਼ੁਰੂ ਕੀਤਾ ਗਿਆ। ਆਪਣੇ ਪ੍ਰੋਗਰਾਮਾਂ ਦੀ ਰਵਾਇਤ ਨੂੰ ਕਾਇਮ ਰੱਖਦੇ ਹੋਏ ਪ੍ਰੋਗਰਾਮ ਠੀਕ ਤਿੰਨ ਵਜੇ ਸ਼ਰੂ ਕਰ ਦਿੱਤਾ ਗਿਆ।ਸਭ ਤੋਂ ਪਹਿਲਾਂ ਡਾ. ਗੁਰਨਾਮ ਸਿੰਘ ਸੰਘੇੜਾ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਦੀਆਂ ਕੁਰਬਾਨੀਆਂ ਪਿਛੇ ਜਿਹੜੀ ਸੋਚ ਸੀ ਉਸਨੂੰ ਬਹੁਤ ਹੀ ਸੁਚੱਜੇ ਢੰਗ ਤੇ ਵਿਸਥਾਰ ਨਾਲ ਪੇਸ਼ ਕੀਤਾ।ਪੰਜਾਬ ਦੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਹੁਣ ਭਗਤ ਸਿੰਘ ਦੀ ਸ਼ਖ਼ਸੀਅਤ ਤੇ ਉਸਦੀ ਕੁਰਬਾਨੀ ਨੂੰ ਮੂਹਰੇ ਰੱਖ ਕੇ ਲੋਕਾਂ ਨੂੰ ਕਿਵੇਂ ਵਰਗਲਾ ਰਹੀਆਂ ਹਨ ਇਸ ਦਾ ਪੂਰਨ ਤੇ ਬਹੁਤ ਹੀ ਵਿਦਵਤਾ ਭਰੀਆਂ ਉਦਾਹਰਨਾਂ ਦੇ ਕੇ ਖੁਲਾਸਾ ਕੀਤਾ ਤੇ ਉਨ੍ਹਾਂ ਲੋਕਾਂ ਦਾ ਖੰਡਨ ਕੀਤਾ ਜਿਹੜੇ ਉਸਦੇ ਨਾਂ ਨੂੰ ਵਰਤ ਕੇ ਆਪਣੀ ਹੋਂਦ ਨੂੰ ਜੀਉਂਦਾ ਰਖਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਉਨ੍ਹਾਂ ਦੇ ਪਾਜ ਬੜੇ ਹੀ ਸੱਭਿਅਕ ਲਫ਼ਜ਼ਾਂ ਰਾਹੀਂ ਉਧੇੜੇ।


ਡਾ. ਸੁਰਜਿੰਦਰ ਸਿੰਘ ਨੇ ਆਪਣੇ ਤੇ ਇਸ ਪ੍ਰੋਗਰਾਮ ਦੇ ਪ੍ਰਮੁੱਖ ਕਰਤਾ ਕਸ਼ਮੀਰਾ ਸਿੰਘ ਨਾਲ ਆਪਣੇ ਨਿੱਘੇ ਤੇ ਚਿਰ ਸਦੀਵੀ ਰਿਸ਼ਤੇ ਨੂੰ ਬਿਆਨਣ ਤੋਂ ਬਾਅਦ ਭਗਤ ਸਿੰਘ ਤੇ ਉਸਦੇ ਸਾਥੀਆਂ ਵੇਲੇ ਹਿੰਦੋਸਤਾਨ ਦੀ ਸਿਆਸਤ ਤੇ ਲੋਕਾਂ 'ਚ ਅਜ਼ਾਦੀ ਲਈ ਭਖਵੀਂ ਲਹਿਰ ਦਾ ਵਿਸਥਾਰ 'ਚ ਬਿਆਨ ਕੀਤਾ ਤੇ ਉਸ ਸਮੇ ਦੀ ਦਸ਼ਾ ਨੂੰ ਤਾਰੀਖੀ ਨੁਕਤਾ ਨਿਗਾਹ ਨਾਲ ਘੋਖਦਿਆਂ ਬਹੁਤ ਹੀ ਭਾਵਪੂਰਤ ਸ਼ਬਦਾਂ ਰਾਹੀਂ ਬਿਆਨ ਕੀਤਾ।


ਅਵਤਾਰ ਜੌਹਲ ਨੇ ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਸੁਪਨੇ ਨਾਲ ਕੀ ਵਾਪਰਿਆ ਤੇ ਕੀ ਵਾਪਰ ਰਿਹਾ ਹੈ ਅੰਕੜਿਆਂ ਨਾਲ ਖੋਲ੍ਹ ਕੇ ਬਹੁਤ ਹੀ ਵਿਸਥਾਰ 'ਚ ਲੋਕਾਂ ਸਾਮ੍ਹਣੇ ਰੱਖਿਆ।ਭਗਤ ਸਿੰਘ ਨੂੰ ਸ਼ਹੀਦਾਂ ਦਾ ਸਿਰਤਾਜ ਕਿਉਂ ਮੰਨਿਆ ਜਾ ਰਿਹਾ ਹੈ ਇਸਦਾ ਵੀ ਪੂਰੀ ਤੇ ਸੁਲਝੀ ਤੇ ਭਾਵਪੂਰਤ ਬੋਲੀ ਰਾਹੀਂ ਬਿਆਨ ਕੀਤਾ ਕਿ ੨੩ ਸਾਲ ਦੀ ਉਮਰ 'ਚ ਉਸਦਾ ਅਧਿਐਨ ਏਨਾ ਵਿਸ਼ਾਲ ਸੀ ਕਿ ਉਸਨੇ ਧਾਰਮਕ ਗ੍ਰੰਥਾਂ ਤੋਂ ਲੈ ਕੇ ਕਾਰਲ ਮਾਰਕਸ ਤੱਕ ਨੂੰ ਪੂਰੀ ਤਰ੍ਹਾਂ ਗ੍ਰਹਿਣ ਕਰ ਲਿਆ ਸੀ।ਸਮੇ ਦੇ ਕਿਸੇ ਵੀ ਲਾਲਚ ਨੇ ਉਸਦੇ ਅਕੀਦੇ 'ਚ ਤ੍ਰੇੜ ਨਹੀਂ ਆਉਣ ਦਿੱਤੀ। ਉਸਨੂੰ ਪੂਰਨ ਯਕੀਨ ਸੀ ਕਿ ਸ਼ਹਾਦਤਾਂ ਤੋਂ ਬਿਨਾ ਵਿਦੇਸ਼ੀ ਰਾਜ ਦੀਆਂ ਜੜ੍ਹਾਂ ਹਿਲਾਈਆਂ ਨਹੀਂ ਜਾ ਸਕਣੀਆਂ।

ਭਾਰਤ ਦੀ ਬਹੁ-ਚਰਚਿਤ ਤਰੱਕੀ 'ਚ ਆਮ ਲੋਕ ਹਾਲੀ ਵੀ ੨੦ ਰੁਪਏ 'ਚ ਦਿਹਾੜੀਆਂ ਕੱਟ ਰਹੇ ਹਨ।ਉਸ ਮਹਾਨ ਦੇਸ਼ 'ਚ ਅੰਤਾਂ ਦੀ ਗਰੀਬੀ ਹੈ।ਭਰੂਣ ਹੱਤਿਆ ਬਾਰੇ ਅੰਕੜਿਆਂ ਸਮੇਤ ਭਾਈਚਾਰਕ ਖੰਡਨ ਕੀਤਾ।ਸਰੋਤਿਆਂ ਨੇ ਸਾਰੀਆਂ ਹੀ ਤਕਰੀਰਾਂ ਪੂਰੇ ਧਿਆਨ ਤੇ ਉਤਸ਼ਾਹ ਨਾਲ ਸੁਣੀਆਂ ਤੇ ਬੁਲਾਰਿਆਂ ਨੂੰ ਆਪਣਾ ਪੂਰਾ ਪੂਰਾ ਸਹਿਯੋਗ ਦਿੱਤਾ।

ਅੰਤ 'ਚ ਕਸ਼ਮੀਰਾ ਸਿੰਘ ਨੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣ ਦਾ ਇਕਰਾਰ ਵੀ ਕੀਤਾ ਤੇ ਉਨ੍ਹਾਂ ਦੇ ਸਹਿਯੋਗ ਲਈ ਆਸ ਪ੍ਰਗਟਾਈ।ਸਟੇਜ ਸੰਤੋਖ ਧਾਲੀਵਾਲ ਨੇ ਸੰਭਾਲੀ ਤੇ ਅੰਤ 'ਚ ਉਸਨੇ ਇੰਡੀਨ ਸੈਂਟਰ ਦੀ ਕਮੇਟੀ, ਸਟਾਫ ਤੇ ਕਸ਼ਮੀਰਾ ਸਿੰਘ ਦਾ ਧੰਨਵਾਦ ਕੀਤਾ।


ਇਸ ਤੋਂ ਮਗਰੋਂ ਦੋ ਘੰਟੇ ਲਈ ਕਵੈਂਟਰੀ ਦੇ ਪੰਜਾਬੀ ਡੈਸਕੋ ਗਰੁਪ ਨੇ ਪਰਾਣੇ ਤੇ ਨਵੇਂ ਗੀਤ ਸਾਨਗੀ ਤੇ ਢੋਲ ਨਾਲ ਸੁਣਾ ਕੇ ਨਿਹਾਲ ਕੀਤਾ ਜਿਸਨੂੰ ਆਏ ਲੋਕਾਂ ਨੇ ਰੱਜਵੀਂ ਦਾਦ ਦਿੱਤੀ।ਪ੍ਰੋਗਰਾਮ ਠੀਕ ੬ ਵਜੇ ਸਮਾਪਤ ਕੀਤਾ ਗਿਆ।


ਨੌਟਿੰਘਮ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਕਸ਼ਮੀਰਾ ਸਿੰਘ ਦੇ ਸਹਿਯੋਗ ਨਾਲ ੨੪ ਅਪ੍ਰੈਲ ਨੂੰ ਗਲਾਸਗੋ ਵਿਖੇ ਵੀ ਇੱਕ ਸ਼ਰਧਾਂਜਲੀ ਪ੍ਰੋਗਰਾਮ ਆਯੋਜਤ ਕੀਤਾ ਗਿਆ ਸੀ ਜਿੱਥੇ ਭਰਵੀ ਹਾਜ਼ਰੀ ਨੂੰ ਵੀ ਡਾ. ਗੁਰਨਾਮ ਸੰਘੇੜਾ,ਡਾ. ਸਰਜਿੰਦਰ ਸਿੰਘ ਤੇ ਪਰਮਜੀਤ ਬਾਸੀ ਨੇ ਸੰਬੋਧਨ ਕੀਤਾ ।





















Tuesday, April 27, 2010

ਡਾ: ਜਗਤਾਰ ਦੀ ਯਾਦ ਵਿੱਚ ਕੈਲੀਫੋਰਨੀਆ ਵਿੱਚ ਸ਼ਰਧਾਂਜਲੀ ਸਮਾਗਮ ਅਤੇ ਕਵੀ ਦਰਬਾਰ ਸਜਿਆ - ਰਿਪੋਰਟ

ਇਹ ਰਿਪੋਰਟ ਕੁਲਵਿੰਦਰ ਜੀ ਵੱਲੋਂ ਆਰਸੀ ਲਈ ਭੇਜੀ ਗਈ ਹੈ।

ਕੈਲੀਫੋਰਨੀਆ: 18 ਅਪ੍ਰੈਲ 2010 - ਡਾ: ਜਗਤਾਰ ਦਾ ਤੁਰ ਜਾਣਾ ਸਾਡੇ ਲਈ ਉਦਾਸ ਕਰਨ ਵਾਲੀ ਘਟਨਾ ਹੈ ਪਰ ਉਹਨਾਂ ਦਾ ਆਪਣੇ ਪਿੱਛੇ ਨਰੋਈ ਸ਼ਾਇਰੀ ਅਤੇ ਕਾਵਿ ਪ੍ਰੰਪਰਾ ਛੱਡ ਜਾਣਾ ਇਕ ਜਸ਼ਨ ਦੀ ਮੰਗ ਵੀ ਕਰਦਾ ਹੈ। ਡਾ: ਜਗਤਾਰ ਦੇ ਸਨੇਹੀਆਂ ਅਤੇ ਪ੍ਰਸੰਸਕਾਂ ਵਲੋਂ ਉਹਨਾਂ ਦੀ ਯਾਦ ਵਿਚ ਗ਼ਮਗੀਨ ਹੁੰਦੇ ਹੋਏ ਵੀ ਉਹਨਾਂ ਦੀ ਸ਼ਾਇਰੀ ਅਤੇ ਜ਼ਿੰਦਗੀ ਦਾ ਇਹ ਜਸ਼ਨ ਮਨਾਉਣ ਲਈ ਸ਼ਾਇਰ ਕੁਲਵਿੰਦਰ ਦੇ ਘਰ ਇਕ ਯਾਦ ਸਮਾਗਮ ਰੱਖਿਆ ਗਿਆ ਜਿਸ ਵਿਚ ਡਾ: ਜਗਤਾਰ ਨਾਲ ਬਿਤਾਏ ਵਕਤ ਦੀਆਂ ਯਾਦਾਂ ਸਾਂਝੀਆਂ ਹੋਈਆਂ ਅਤੇ ਸ਼ਾਇਰ ਨੂੰ ਸਮਰਪਿਤ ਕਾਵਿ ਮਹਿਫ਼ਿਲ ਵੀ ਜੰਮੀ। ਜਿਓਂ ਹੀ ਪ੍ਰਸੰਸਕ ਆਉਣੇ ਸ਼ੁਰੂ ਹੋਏ ਸਪੀਕਰ ਤੇ ਡਾ: ਜਗਤਾਰ ਦੀ ਆਵਾਜ਼ ਵਿਚ ਗ਼ਜ਼ਲਾਂ ਅਤੇ ਨਜ਼ਮਾਂ ਦੇ ਬੋਲ ਹੌਲੀ ਹੌਲੀ ਉੱਚੀ ਹੁੰਦੇ ਗਏ। ਕਮਰੇ ਦੀਆਂ ਦੀਵਾਰਾਂ ਤੇ ਡਾ: ਜਗਤਾਰ ਦੀਆਂ ਤਸਵੀਰਾਂ ਅਤੇ ਕਈ ਸ਼ੇਅਰਾਂ ਦੇ ਪੋਸਟਰ ਲੱਗੇ ਹੋਏ ਸਨ। ਸਮਾਗਮ ਦੇ ਸ਼ੁਰੂ ਵਿਚ ਸਭ ਨੇ ਸ਼ਾਂਤ ਚਿੱਤ ਬੈਠਕੇ ਡਾ: ਜਗਤਾਰ ਦੀ ਇਕ ਰੀਕਾਰਡਿੰਗ ਸੁਣੀ ਜਿਸ ਵਿਚ ਉਹਨਾਂ ਬਚਪਨ ਤੋਂ ਲੈ ਕੇ ਆਪਣੀ -ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਦੀ ਜਾਣਕਾਰੀ ਦਿੱਤੀ ਅਤੇ ਬਹੁਤ ਸਾਰੀਆਂ ਗ਼ਜ਼ਲਾਂ ਅਤੇ ਨਜ਼ਮਾਂ ਸੁਣਾਈਆਂ।

-----

ਇਸ ਤੋਂ ਬਾਅਦ ਦੌਰ ਸ਼ੁਰੂ ਹੋਇਆ ਹਾਜ਼ਰ ਪ੍ਰਸੰਸਕਾਂ ਵਲੋਂ ਡਾ: ਸਾਹਿਬ ਨੂੰ ਸ਼ਰਧਾਂਜਲੀ ਭੇਟ ਕਰਨ ਦਾ। ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਦੇ ਚੇਅਰਮੈਨ ਸੁਖਵਿੰਦਰ ਕੰਬੋਜ ਨੇ ਸਟੇਜ ਸੰਭਾਲੀ ਅਤੇ ਡਾ: ਜਗਤਾਰ ਨਾਲ ਆਪਣੀ ਵਰ੍ਹਿਆਂ ਦੀ ਦੋਸਤੀ ਅਤੇ ਨੇੜਤਾ ਦੌਰਾਨ ਵਾਪਰੀਆਂ ਅਨੇਕ ਨਿੱਘੀਆਂ ਗੱਲਾਂ ਸਾਂਝੀਆਂ ਕਰਦਿਆਂ ਪ੍ਰਸੰਸਕਾਂ ਤੇ ਸ਼ਾਇਰਾਂ ਨੂੰ ਸਟੇਜ ਤੇ ਬੁਲਾਇਆ । ਜਗਜੀਤ ਨੇ ਕਿਹਾ ਕਿ ਡਾ: ਸਾਹਿਬ ਦਾ ਪੰਜਾਬੀ ਸਾਹਿਤ ਵਿੱਚ ਉਹ ਮੁਕਾਮ ਹੈ ਜਿਸ ਨੂੰ ਮੰਨਣ ਦੀ ਹਾਲੇ ਸਮਕਾਲੀ ਪੀੜ੍ਹੀ ਵਿੱਚ ਜ਼ੁਅਰਤ ਅਤੇ ਈਮਾਨਦਾਰੀ ਨਹੀਂ ਹੈ। ਆਉਣ ਵਾਲੀਆਂ ਪੀੜ੍ਹੀਆਂ ਹੀ ਡਾ: ਜਗਤਾਰ ਦੀ ਪੰਜਾਬੀ ਸਾਹਿਤ ਨੂੰ ਦੇਣ ਦੀ ਸਹੀ ਪਛਾਣ ਕਰਨਗੀਆਂ ਅਤੇ ਸਮੁੱਚੀ ਪੰਜਾਬੀ ਸ਼ਾਇਰੀ ਵਿੱਚ ਉਹਨਾਂ ਦਾ ਉੱਚਾ ਮੁਕਾਮ ਤਹਿ ਕਰਨਗੀਆਂ।

-----

ਮੇਜਰ ਭੁਪਿੰਦਰ ਦਲੇਰ ਜੋ ਡਾ: ਸਾਹਿਬ ਦੀ ਮੌਤ ਤੋਂ 2 ਹਫਤੇ ਪਹਿਲਾਂ ਉਹਨਾਂ ਨੂੰ ਮਿਲੇ ਸਨ ਨੇ ਕਿਹਾ ਕਿ ਉਹ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਵਿਚ ਸਨ ਅਤੇ ਲਗਦਾ ਨਹੀ ਸੀ ਕਿ ਉਹ ਐਨੀ ਜਲਦੀ ਤੁਰ ਜਾਣਗੇ। ਉਹਨਾਂ ਕਿਹਾ ਕਿ ਇਹ ਉਹਨਾਂ ਦੀ ਸ਼ਖ਼ਸੀਅਤ ਦੀ ਖ਼ੂਬਸੂਰਤੀ ਸੀ ਕਿ ਡਾ: ਜਗਤਾਰ ਹਰ ਕਿਸੇ ਨੂੰ ਬੜੀ ਅਣਪੱਤ ਨਾਲ ਆਪਣੇ ਤੋਂ ਨਿੱਕਿਆਂ ਨਾਲ ਨਿੱਕੇ ਅਤੇ ਵੱਡਿਆਂ ਨਾਲ ਵੱਡੇ ਹੋ ਕੇ ਮਿਲਦੇ। ਕੁਲਦੀਪ ਧਾਲੀਵਾਲ ਨੇ ਡਾ: ਜਗਤਾਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਹਮੇਸ਼ਾਂ ਕਿਰਤੀਆਂ ਅਤੇ ਗ਼ਰੀਬ ਵਰਗ ਦੇ ਹੱਕ ਵਿੱਚ ਲਿਖਦੇ ਰਹੇ ਅਤੇ ਉਹਨਾਂ ਦੀਆਂ ਲਿਖਤਾਂ ਸਾਡੇ ਸਭ ਲਈ ਚਾਨਣ ਮੁਨਾਰਾ ਹਨ ਜਿਹਨਾਂ ਤੋਂ ਅਸੀਂ ਸਹੀ ਸੇਧ ਲੈ ਸਕਦੇ ਹਾਂ। ਉਹਨਾਂ ਨੇ ਹਾਸ਼ਮ ਸ਼ਾਹ ਤੇ ਕਿਤਾਬ ਲਿਖ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ ਜਿਸ ਲਈ ਮੈਂ ਉਹਨਾਂ ਦਾ ਤਹਿ ਦਿਲੋਂ ਰਿਣੀ ਹਾਂ। ਅਮਰਜੀਤ ਕੌਰ ਪੰਨੂ ਅਤੇ ਨਵਨੀਤ ਪੰਨੂ ਨੇ ਵਿਛੜੇ ਸ਼ਾਇਰ ਨੂੰ ਅਕੀਦਤ ਦੇ ਫੁੱਲ ਭੇਟ ਕੀਤੇ ਅਤੇ ਡਾ: ਸਾਹਿਬ ਦੀਆਂ ਕਈ ਕਾਵਿ ਟੁਕੜੀਆਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ।

-----

ਸੁਰਿੰਦਰ ਸੀਰਤ ਨੇ ਪੰਜਾਬੀ ਦੇ ਇਸ ਪ੍ਰਭਾਵਸ਼ਾਲੀ ਸ਼ਾਇਰ ਨੂੰ ਅਕੀਦਤ ਭੇਟ ਕਰਦਿਆਂ ਕਿਹਾ ਕਿ ਉਸਨੂੰ ਇਹ ਮਾਣ ਹੈ ਕਿ ਉਸਦੇ ਸੱਦੇ ਤੇ ਪਹਿਲੀ ਵਾਰ ਡਾ: ਜਗਤਾਰ ਅਮਰੀਕਾ ਆਏ ਅਤੇ ਆਪਣੀ ਜਾਨਦਾਰ ਕਵਿਤਾ ਨਾਲ ਸਭ ਦਾ ਮਨ ਮੋਹ ਲਿਆ। ਡਾ: ਅਮਰੀਕ ਸਿੰਘ ਨੇ ਡਾ: ਸਾਹਿਬ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇੱਕ ਚੰਗੇ ਸ਼ਾਇਰ ਹੀ ਨਹੀਂ ਸਨ ਬਲਕਿ ਇੱਕ ਨਿੱਘੇ ਮਨੁੱਖ ਵੀ ਸਨ ਜੋ ਸਾਡੇ ਲਈ ਹਮੇਸ਼ਾਂ ਲਈ ਚਾਨਣ ਮੁਨਾਰਾ ਬਣੇ ਰਹਿਣਗੇ। ਹਰਭਜਨ ਢਿਲੋਂ ਨੇ ਆਪਣੀ ਕਾਵਿ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਸਾਡੀ ਖ਼ੁਸ਼ਕਿਸਮਤੀ ਹੈ ਕਿ ਡਾ: ਸਾਹਿਬ ਨੇ ਆਪਣੇ ਅਮਰੀਕੀ ਦੌਰਿਆਂ ਦੌਰਾਨ ਆਪਣੇ ਜੀਵਨ ਦੇ ਸਭ ਤੋਂ ਸੁੱਖ ਅਤੇ ਦੁੱਖ ਭਰੇ ਅਨੁਭਵ ਸਾਂਝੇ ਕਰਦਿਆਂ ਜਿੱਥੇ ਆਪਣੀ ਬੁਲੰਦ ਸ਼ਖ਼ਸੀਅਤ ਦਾ ਪ੍ਰਗਟਾਵਾ ਕੀਤਾ ਉਥੇ ਨਾਲ ਹੀ ਨਾਲ ਇਥੇ ਦੇ ਕਵੀਆਂ ਲਈ ਵੀ ਜਾਨਦਾਰ ਰਵਾਇਤਾਂ ਲਾਗੂ ਕੀਤੀਆਂ। ਉਹਨਾਂ ਦੀ ਸ਼ਖ਼ਸੀਅਤ ਏਨੀ ਦਿਲ ਖਿਚਵੀਂ ਸੀ ਕਿ ਆਮ ਜਿਹੀਆਂ ਘਟਨਾਵਾਂ ਨੂੰ ਵੀ ਕਾਵਿ-ਮਈ ਬਣਾ ਦਿੰਦੇ ਸਨ। ਉਹਨਾਂ ਦੀ ਦੂਜੀ ਫੇਰੀ ਤੋਂ ਬਾਅਦ ਜਾ ਕੇ ਲਿਖੀ ਨਜ਼ਮ “ਖ਼ਤ” ਇਸਦੀ ਮਿਸਾਲ ਹੈ।

-----

ਕੁਲਵਿੰਦਰ ਨੇ ਡਾ: ਜਗਤਾਰ ਨਾਲ ਸਬੰਧਤ ਯਾਦਾਂ ਸਾਂਝੀਆਂ ਕਰਦਾ ਇਕ ਲੇਖ ਪੜ੍ਹਿਆ ਜਿਸ ਨੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ। ਕੁਲਵਿੰਦਰ ਨੇ ਕਿਹਾ ਕਿ ਉਹ ਖ਼ੁਸ਼ਕਿਸਮਤ ਹੈ ਕਿ ਉਸਨੂੰ ਜਗਤਾਰ ਸਾਹਿਬ ਦੀ ਦੋਸਤੀ, ਸ਼ਗਿਰਦੀ, ਪਰਿਵਾਰਕ ਸਾਂਝ ਅਤੇ ਸਾਥ ਮਿਲਿਆ। ਕੁਲਵਿੰਦਰ ਨੇ ਡਾ: ਸਾਹਿਬ ਦੀ ਸ਼ਖ਼ਸੀਅਤ ਦੇ ਐਸੇ ਪਹਿਲੂ ਉਜਾਗਰ ਕੀਤੇ ਜੋ ਸਰੋਤਿਆਂ ਲਈ ਆਚੰਭਤ ਤਾਂ ਸਨ ਹੀ, ਉਹਨਾਂ ਦੇ ਮਨੁੱਖ ਵਜੋਂ ਗਤੀਸ਼ੀਲ ਸ਼ਖ਼ਸੀਅਤ ਦੇ ਧਾਰਨੀ ਹੋਣ ਦਾ ਪਰਮਾਣ ਵੀ ਹਨ। ਕੁਲਵਿੰਦਰ ਨੇ ਉਹਨਾਂ ਨਾਲ ਬਿਤਾਏ ਯੂਸਿਮਟੀ ਵੈਲੀ ਅਤੇ ਗ੍ਰੈਂਡ ਕੈਨੀਅਨ ਦੇ ਪਹਾੜਾਂ ਪਿਛੇ ਲੁਪਤ ਹੋ ਰਹੇ ਸੂਰਜ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ।

-----

ਇਸ ਤੋਂ ਬਾਅਦ ਸੁਖਵਿੰਦਰ ਕੰਬੋਜ, ਕੁਲਵਿੰਦਰ ਅਤੇ ਸੁਖਦੇਵ ਸਾਹਿਲ ਦੁਆਰਾ ਡਾ: ਸਾਹਿਬ ਦੀ ਜੀਵਨੀ ਬਾਰੇ ਲਿਖਿਆ ਕਾਵਿ ਫੀਚਰ ਪੇਸ਼ ਕੀਤਾ ਗਿਆ ਜਿਸ ਵਿੱਚ ਸੁਖਦੇਵ ਸਾਹਿਲ ਨੇ ਡਾ: ਸਾਹਿਬ ਦੀ ਰਚੀ ਸ਼ਾਇਰੀ ਨੂੰ ਗਾ ਕੇ ਜੁਗਲਬੰਦੀ ਦੇ ਰੂਪ ਵਿੱਚ ਪੇਸ਼ ਕੀਤੀ। ਡਾ: ਸਾਹਿਬ ਦੀ ਜੀਵਨੀ ਪੇਸ਼ ਕਰਦਿਆਂ ਇਹ ਜ਼ਿਕਰ ਕੀਤਾ ਗਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਦੁਖਾਂਤ ਬਾਰੇ ਲਿਖੀਆਂ ਗਈਆਂ ਨਜ਼ਮਾਂ ਚੋਂ ਡਾ: ਜਗਤਾਰ ਦੀ ਨਜ਼ਮ “ਪਰਿੰਦੇ ਜਾਣ ਹੁਣ ਕਿੱਥੇ” ਇਤਿਹਾਸਕ ਚੇਤਨਾ ਮੁਖੀ ਕਵਿਤਾ ਦੀ ਅੱਛੀ ਮਿਸਾਲ ਹੈ ਅਤੇ ਪੰਜਾਬੀ ਵਿੱਚ ਅਜੇ ਤੱਕ ਇਸ ਵਿਸ਼ੇ ਤੇ ਇਸ ਪੱਧਰ ਦੀ ਹੋਰ ਕੋਈ ਨਜ਼ਮ ਨਹੀਂ ਲਿਖੀ ਗਈ।

-----

ਇਸਤੋਂ ਬਾਅਦ ਡਾ: ਜਗਤਾਰ ਦੀ ਯਾਦ ਵਿੱਚ ਕਵੀ ਦਰਬਾਰ ਕੀਤਾ ਗਿਆ ਜਿਸ ਵਿੱਚ ਕਮਲ ਬੰਗਾ, ਡਾ: ਅਮਰੀਕ ਸਿੰਘ, ਜਸ ਫ਼ਿਜ਼ਾ, ਹਰਭਜਨ ਢਿਲੋਂ, ਅਮਰਜੀਤ ਕੌਰ ਪੰਨੂ, ਨਵਨੀਤ ਪੰਨੂ, ਰੇਸ਼ਮ, ਪੰਕਜ਼ ਆਸਲ, ਸੁਰਿੰਦਰ ਸੀਰਤ, ਮੇਜਰ ਭੁਪਿੰਦਰ ਦਲੇਰ, ਕੁਲਵਿੰਦਰ ਅਤੇ ਸੁਖਵਿੰਦਰ ਕੰਬੋਜ ਨੇ ਹਿੱਸਾ ਲਿਆ। ਲੇਖਕਾਂ ਤੋਂ ਇਲਾਵਾ ਡਾ: ਜਗਤਾਰ ਦੇ ਹੋਰ ਪ੍ਰਸੰਸਕ ਵੀ ਇਸ ਸਮਾਗਮ ਵਿੱਚ ਸ਼ਾਮਲ ਹੋਏ ਜਿਹਨਾਂ ਵਿੱਚ ਸ਼ਾਮਲ ਸਨ ਵਿਜੇ ਸਿੰਘ, ਤੇਜਾ ਸਿੰਘ ਬਿਰਦੀ, ਸੁਰਜੀਤ ਕੌਰ ਬਿਰਦੀ, ਮਨਜੀਤ ਕੌਰ ਪਲਾਹੀ, ਤਰਲੋਕ ਸਿੰਘ ਰਾਹੀ, ਸੁਰਜੀਤ ਥਿੰਦ, ਓਮ ਪਕਾਸ਼ ਕਮਲ ਆਦਿ।


Thursday, March 25, 2010

ਨੌਟਿੰਘਮ (ਇੰਗਲੈਂਡ) ‘ਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ - ਰਿਪੋਰਟ


ਨੌਟਿੰਘਮ (ਇੰਗਲੈਂਡ) ‘ਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ - ਰਿਪੋਰਟ

ਰਿਪੋਰਟ: ਸੰਤੋਖ ਧਾਲੀਵਾਲ (ਯੂ.ਕੇ.)

ਪਿਛਲੇ ਐਤਵਾਰ 21 ਮਾਰਚ 2010 ਨੂੰ ਨੌਟਿੰਘਮ (ਇੰਗਲੈਂਡ) ਵਿਖੇ ਮਹਾਨ ਸ਼ਹੀਦਾਂ, ਭਗਤ ਸਿੰਘ, ਰਾਜ ਗੁਰੁ ਤੇ ਸੁਖਦੇਵ ਜੀ ਹੋਰਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ, ਇੰਡੀਅਨ ਕਮਿਊਨਿਟੀ ਸੈਂਟਰ ਦੇ ਖ਼ੂਬਸੂਰਤ ਹਾਲ ‘ਚ ਪਹਿਲੀ ਵਾਰ ਇਕੱਠ ਕੀਤਾ ਗਿਆ। ਇਹ ਦਿਨ ਮਨਾਉਣ ਲਈ ਬੀੜਾ ਚੁੱਕਣ ਤੇ ਫੇਰ ਇਸ ਨੂੰ ਕਾਮਯਾਬ ਬਣਾਉਣ ‘ਚ ਸਾਰੀ ਹਿੰਮਤ ਸਿਰਫ਼ ਚੈਂਚਲ ਸਿੰਘ ਬਾਬਕ ਤੇ ਕਸ਼ਮੀਰਾ ਸਿੰਘ ਧਾਲੀਵਾਲ ਰੈਡ ਹੌਡ ਰੈਸਟੋਰੈਂਟਾਂ ਦੇ ਮਾਲਕ ਦੇ ਸਿਰ ਜਾਂਦੀ ਹੈ। ਪ੍ਰੋਗਰਾਮ 2.00 ਵਜੇ ਤੋਂ ਲੈ ਕੇ ਰਾਤ ਦੇ 8.00 ਵਜੇ ਤੱਕ ਚਲਦਾ ਰਿਹਾ। ਮਹਾਨ ਸ਼ਹੀਦਾਂ ਦੀ ਜੱਦੋ-ਜਹਿਦ ਤੇ ਕੁਰਬਾਨੀਆਂ ਤੇ ਚੈਂਚਲ ਸਿੰਘ ਬਾਬਕ, ਨਵੀਂ ਪੀੜ੍ਹੀ ਦੇ ਉਸਾਰੂ ਸੋਚਾਂ ਨਾਲ ਵਿਸ਼ਵ ਦੀਆਂ ਸਮਸਿਆਵਾਂ ਨੂੰ ਗੌਹ ਤੇ ਘੰਭੀਰਤਾ ਨਾਲ ਸੋਚਣ ਵਾਲੇ ਨੋਜਵਾਨ ਰਣਜੀਤ ਬਰਾੜ, ਮਹਾਨ ਸ਼ਹੀਦ ਕਰਤਾਰ ਸਿੰਘ ਸਾਰਾਭਾ ਦੇ ਪਿੰਡ ‘ਚ ਜਨਮ ਲੈਣ ਵਾਲੇ ਪਾਕਿਸਤਾਨੀ ਭਰਾ ਰਸ਼ੀਦ ਸਾਰਾਭਾ, ਪੰਜਾਬੀ ਸੱਥ ਦੇ ਸੰਚਾਲਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਪਰਨਾਏ ਮੋਤਾ ਸਿੰਘ ਸਰਾਏ ਅਤੇ ਦਿਆਲ ਬਾਗੜੀ ਇੰਡੀਅਨ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੇ ਸੰਬੋਧਨ ਕੀਤਾ। 200 ਦੇ ਕਰੀਬ ਸਰੋਤੇ ਦੋ ਘੰਟੇ ਇਨ੍ਹਾਂ ਤਕਰੀਰਾਂ ਦੌਰਾਨ ਗੰਭੀਰਤਾ ਤੇ ਪੂਰੀ ਸ਼ਰਧਾ ਨਾਲ ਸੁਣਦੇ ਹੋਏ ਮਨ ਹੀ ਮਨ ਆਪਣੀਆਂ ਸ਼ਰਧਾਂਜਲੀਆਂ ਭੇਂਟ ਕਰਦੇ ਰਹੇ ਤੇ ਇੱਕ ਇਹੋ ਜਿਹੇ ਅਹਿਸਾਸ ਨਾਲ ਗੜੁੱਚੇ ਇਹ ਮਹਿਸੂਸ ਕਰਦੇ ਰਹੇ ਕਿ ਅੱਜ ਜੇ ਉਹ ਦੁਨੀਆ ‘ਚ ਆਪਣੇ ਆਪ ਨੂੰ ਆਜ਼ਾਦ ਭਾਰਤ ਨਾਲ ਕਿਸੇ ਤਰ੍ਹਾਂ ਵੀ ਜੋੜਦੇ ਹਨ ਤਾਂ ਇਹ ਉਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਹੈ।

----

ਭਾਸ਼ਨਾਂ ਦੇ ਗੰਭੀਰ ਸੰਜੀਦਾ ਮਾਹੌਲ ਨੂੰ ਥੋੜ੍ਹਾ ਜਿਹਾ ਹਲਕਾ ਕਰਨ ਲਈ ਸੰਤੋਖ ਧਾਲੀਵਾਲ, ਚੈਂਚਲ ਸਿੰਘ ਬਾਬਕ, ਪਰਕਾਸ਼ ਸਿੰਘ ਆਜ਼ਾਦ ਬਰਮਿੰਘਮ, ਦਲਜੀਤ ਕੌਰ ਨਿਜਰਨ ਬਰਮਿੰਘਮ, ਹਰਜਿੰਦਰ ਸਿੰਘ ਸੰਧੂ, ਸੰਤੋਖ ਸਿੰਘ ਨਿਜਰਨ ਵਲੋਂ ਚਲਾਏ ਜਾ ਰਹੇ ਪੰਜਾਬੀ ਸਕੂਲ ਜਿਹੜਾ ਪਿਛਲੇ ਚਾਲੀ ਸਾਲਾਂ ਤੋਂ ਨੌਟਿੰਘਮ ਦੇ ਬਚਿਆਂ ਨੂੰ ਪੰਜਾਬੀ ਪੜ੍ਹਾਉਣ ਲਈ ਯਤਨਸ਼ੀਲ ਰਿਹਾ ਹੈ ਦੇ ਦੋ ਵਿਦਿਆਰਥੀਆਂ, ਜਾਸਮਿਨ ਤੇ ਗੁਰਵਿੰਦਰ ਨੇ ਪੰਜਾਬੀ, ਗੀਤਾਂਜਲੀ ਨੌਟਿੰਘਮ ਦੀ ਸਕੱਤਰ ਜੈ ਵਰਮਾ ਨੇ ਹਿੰਦੀ, ਸਰਵਾਰ ਰਾਜ਼ਾ ਨੇ ਉਰਦੂ ਤੇ ਗੌਡਫਰੀ ਕਰੈਮਰ ਨੇ ਅੰਗ੍ਰੇਜ਼ੀ ‘ਚ ਆਪਣੀਆਂ ਸ਼ਹੀਦਾਂ ਵਾਰੇ ਖ਼ੂਬਸੂਰਤ ਨਜ਼ਮਾਂ ਸੁਣਾਈਆਂ।ਇਸ ਸਾਰੇ ਸਮੇ ਦੌਰਾਨ ਹਾਲ ਵਿਚ ਮਾਹੌਲ ਸਦਭਾਵਨਾ ਤੇ ਸ਼ਹੀਦਾਂ ਨੂੰ ਸ਼ਰਧਾ ਵਾਲਾ ਰਿਹਾ।

-----

ਕਵਿਤਾਵਾਂ ਤੋਂ ਬਾਅਦ ਤਰਕਸ਼ੀਲ ਡਰਾਮਾ ਗਰੁੱਪ ਬਰਮਿੰਘਮ ਨੇ ਭਾਅ ਗੁਰਸ਼ਰਨ ਦਾ ਲਿਖਿਆ ਡਰਾਮਾ “ਇੰਨਕਲਾਬ” ਪੇਸ਼ ਕੀਤਾ ਜਿਹੜਾ ਲੋਕਾਂ ਨੇ ਬਹੁਤ ਹੀ ਪਸੰਦ ਕੀਤਾ।

-----

ਅੰਤ ‘ਚ ਕਸ਼ਮੀਰਾ ਸਿੰਘ ਨੇ ਸਾਰੇ ਆਏ ਲੋਕਾਂ ਦਾ ਧੰਨਵਾਦ ਕੀਤਾ ਤੇ ਆਈ.ਸੀ.ਸੀ.ਏ(ਇੰਡੀਅਨ ਕਮਿਊਨਿਟੀ ਸੈਂਟਰ ਅਸੋਸੀਏਸ਼ਨ) ਦੀ 50+ ਅਸੋਸੀਏਸ਼ਨ ਨੂੰ ਇਹੋ ਜਹੇ ਹੋਰ ਵੀ ਪ੍ਰੋਗਰਾਮ ਕਰਨ ਲਈ ਯਤਨਸ਼ੀਲ ਹੋਣ ਲਈ ਤੇ ਆਪਣਾ ਹਰ ਤਰ੍ਹਾਂ ਮਿਲਵਰਤਨ ਦੇਣ ਲਈ ਪੂਰਾ ਭਰੋਸਾ ਦੁਆਇਆ। ਬੜੇ ਹੀ ਭਾਵਪੂਰਤ ਤੇ ਸੁਹਿਰਦਤਾ ਭਰੇ ਲਫ਼ਜ਼ਾਂ ਨਾਲ ਆਏ ਲੋਕਾਂ, ਪ੍ਰਬੰਧਕਾਂ, ਕਵੀਆਂ ਤੇ ਡਰਾਮਾ ਗਰੁਪ ਦਾ ਧੰਨਵਾਦ ਕੀਤਾ।

-----

ਦੋ ਸੌ ਦੇ ਕਰੀਬ ਲੋਕਾਂ ਨੇ ਰੈਡ ਹੌਟ ਰੈਸਟੋਰੈਂਟ ਦੇ ਲਜ਼ੀਜ਼ ਸਟਾਰਟਰ ਅਤੇ ਰਵਿੰਦਰ ਕੌਰ ਦੇ ਬਹੁਤ ਹੀ ਵਧੀਆ ਘਰੇਲੂ ਖਾਣੇ ਦਾ ਅਨੰਦ ਮਾਣਿਆ ਤੇ ਮਹਾਨ ਸ਼ਹੀਦਾਂ ਨੂੰ ਸ਼ਰਧਾ ‘ਚ ਸਿਰ ਨਿਵਾਉਂਦਿਆਂ ਇਸ ਯਾਦਗਾਰੀ ਸ਼ਾਮ ਦਾ ਅੰਤ ਕੀਤਾ।










ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ