ਰਿਪੋਰਟ : ਡਾ: ਭਗਵੰਤ ਸਿੰਘ ( ਪਟਿਆਲਾ)
ਸੰਗਰੂਰ (ਪੰਜਾਬ) - ਪੰਜਾਬੀਅਤ ਬਾਰੇ ਮੁੱਖ ਕੇਂਦਰ ਇਧਰਲਾ ਪੰਜਾਬ ਹੋਣਾ ਚਾਹੀਦਾ ਹੈ । ਇਥੋਂ ਦੀ ਰਾਜ-ਸੱਤਾ ਨੇ ਮੱਕਾਰੀ ਨਾਲ ਪੰਜਾਬੀ ਬੋਲਦੇ ਹਿੱਸੇ ਬਾਹਰ ਕੱਢਕੇ ਪੰਜਾਬ ਨੂੰ ਛੋਟਾ ਹੀ ਨਹੀਂ ਕੀਤਾ ਸਗੋਂ ਪੰਜਾਬੀ ਭਾਸ਼ਾ ਨਾਲ ਵੀ ਧ੍ਰੋਹ ਕਮਾਇਆ ਹੈ । ਅੱਜ ਸਰਮਾਏਦਾਰੀ ਅਤੇ ਸਮਾਜਵਾਦ ਦੀ ਸਧਾਰਨਤਾ ਬਾਰੇ ਗੰਭੀਰ ਮੰਥਨ ਕੀਤਾ ਜਾਣਾ ਚਾਹੀਦਾ ਹੈ । ਪੰਜਾਬੀ ਲੇਖਕ ਪੰਜਾਬ ਨਾਲ ਹੋਏ ਅਨਿਆਂ ਬਾਰੇ ਚਿੰਤਤ ਹਨ । ਨਿਰਸੰਦੇਹ ਸਭ ਭਾਸ਼ਾਵਾਂ ਦੇ ਆਧਾਰ ਤੇ ਸੂਬਿਆਂ ਦਾ ਨਿਰਮਾਣ ਸਭ ਤੋਂ ਤਰਕਸ਼ੀਲ ਹੈ ਪਰ ਭ੍ਰਿਸ਼ਟ ਰਾਜਨੀਤੀ ਇਸ ਕਾਰਜ ਦੇ ਉਦੇਸ਼ਾਂ ਨੂੰ ਉਲਟਾਅ ਕੇ ਰੱਖ ਦਿੰਦੀ ਹੈ । ਅੱਜ ਪਰਵਾਸੀ ਲੇਖਕ ਪੰਜਾਬੀ ਭਾਸ਼ਾ, ਸਾਹਿਤ ਤੇ ਸਭਿਆਚਾਰ ਬਾਰੇ ਚਿੰਤਤ ਹਨ, ਅੱਜ ਸਮੂਹ ਪੰਜਾਬੀਆਂ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ । ਇਹ ਭਾਵ ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ) ਵੱਲੋਂ ਅਦਾਰਾ ਜਾਗੋ ਇੰਟਰਨੈਸ਼ਨਲ ਅਤੇ ਪੰਜਾਬੀ ਸਾਹਿਬ ਸਭਾ ਮੰਗਵਾਲ ਦੇ ਸਹਿਯੋਗ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ. (ਸੇਖੋਂ) ਦੀ ਸਰਪ੍ਰਸਤੀ ਹੇਠ ਕੈਨੇਡਾ ਵਿੱਚ ਪਿਛਲੇ 43 ਸਾਲਾਂ ਤੋਂ ਰਹਿ ਰਹੇ ਸ੍ਰ ਤ੍ਰਿਲੋਚਨ ਸਿੰਘ ਗਿੱਲ, ਪੰਜਾਬੀ ਗੁਰੂ ਕਾਸ਼ੀ ਸੋਸਾਇਟੀ ਟੋਰਾਂਟੇ ਨਾਲ ਰਚਾਏ ਗਏ ਸੰਵਾਦ ਦੌਰਾਨ ਹੋਈ ਬਹਿਸ ਉਪਰੰਤ ਉੱਭਰਕੇ ਸਾਹਮਣੇ ਆਏ । ਬਹਿਸ ਇੰਨੀ ਭਖਵੀ ਸੀ ਕਿ ਬੁੱਧੀਜੀਵੀਆਂ ਨੇ ਬਹੁਤ ਹੀ ਤਿੱਖੇ ਰਉ ਵਿੱਚ ਨਾਲ ਕੌਮੀਅਤਾਂ ਅਤੇ ਸਾਹਿਤਕ ਸਰੋਕਾਰਾਂ ਬਾਰੇ ਵਿਚਾਰ-ਚਰਚਾ ਕੀਤੀ ।
-----
ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਡਾ: ਭਗਵੰਤ ਸਿੰਘ ਤੇ ਗਿੱਲ ਮੋਰਾਂਵਾਲੀ ਦੁਆਰਾ ਸੰਪਾਦਤ ਪੁਸਤਕ ‘ਗੁਰਦੇਵ ਸਿੰਘ ਮਾਨ ਜੀਵਨ ਤੇ ਰਚਨਾ’ ਅਤੇ ਉੱਘੇ ਕਹਾਣੀਕਾਰ ਗੁਰਮੇਲ ਮਡਾਹੜ ਦਾ ਕਹਾਣੀ ਸੰਗ੍ਰਹਿ ‘ਨੋਬਲ ਕਹਾਣੀਆਂ’ ਲੋਕ ਅਰਪਣ ਕੀਤੀਆਂ ਗਈਆਂ । ਇਨ੍ਹਾਂ ਪੁਸਤਕਾਂ ਵਿੱਚ ਪਹਿਲੀ ਵਾਰ ਵੱਖਰੀ ਦ੍ਰਿਸ਼ਟੀਕੋਣ ਤੋਂ ਆਧਾਰਿਕ ਚੇਤਨਾ ਪ੍ਰਦਾਨ ਕੀਤੀ ਗਈ ਹੈ ।
-----
ਸ: ਤ੍ਰਿਲੋਚਨ ਸਿੰਘ ਗਿੱਲ ਨੇ ਸਰੋਤਿਆਂ ਦੇ ਰੂ-ਬ-ਰੂ ਹੁੰਦੇ ਹੋਏ ਕਈ ਸੰਵੇਦਨਸ਼ੀਲ ਮਸਲਿਆਂ ਨੂੰ ਉਭਾਰਿਆ । ਉਨ੍ਹਾਂ ਨੇ ਦੱਸਿਆ ਕਿ ਨਸਲੀ ਵਿਤਕਰਾ ਉਧਰ ਵੀ ਹੈ ਅਤੇ ਇਧਰ ਵੀ ਹੈ । ਉਨ੍ਹਾਂ ਨੇ ਪੋਲੈਡ ਤੇ ਰੂਸ ਦੇ ਸੰਦਰਭ ਵਿੱਚ ਵੀ ਕਈ ਨੁਕਤੇ ਉਭਾਰੇ । ਉਨ੍ਹਾਂ ਨੇ ਉਧਰਲੇ ਪ੍ਰਬੰਧ ਬਾਰੇ ਦੱਸਿਆ ਕਿ ਉਥੇ 90% ਕੰਮ ਟੈਲੀਫੂਨ ਤੇ ਹੋ ਜਾਂਦੇ ਹਨ ਪਰ ਇਧਰ 10% ਕੰਮ ਵੀ ਟੈਲੀਫੂਨ ਤੇ ਨਹੀਂ ਹੁੰਦੇ । ਉਧਰ ਸਰਕਾਰੀ ਇਸ਼ਤਿਹਾਰਾਂ ਉਪਰ ਕਿਸੇ ਮੰਤਰੀ ਦੀ ਤਸਵੀਰ ਨਹੀ ਲਗਦੀ । ਪੰਜਾਬੀ ਭਾਸ਼ਾ ਦੀ ਕੈਨੇਡਾ ਵਿੱਚ ਸਥਿਤੀ ਬਾਰੇ ਉਨ੍ਹਾਂ ਨੇ ਦੱਸਿਆ ਕਿ ਉਥੇ ਪੰਜਾਬੀ ਭਾਸ਼ਾ ਵਧੀਆ ਸਥਿਤੀ ਭਾਵ ਪੰਜਵੇਂ ਸਥਾਨ ਤੇ ਹੈ ਜਦ ਕਿ ਉਰਦੂ, ਹਿੰਦੀ ਕਾਫ਼ੀ ਪਿੱਛੇ ਹਨ । ਉਨ੍ਹਾਂ ਨੇ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਜਦੋਂ ਉਧਰ ਗਏ ਜਲੰਧਰ ਜਾਂ ਲੁਧਿਆਣੇ ਦੇ ਜੰਮਪਲ਼ ਆਪਣੀ ਮਾਤ ਭਾਸ਼ਾ ਹਿੰਦੀ ਜਾਂ ਹੋਰ ਲਿਖਾਉਂਦੇ ਹਨ ਉਹ ਬਹੁਤ ਸ਼ਰਮਨਾਕ ਗੱਲ ਹੁੰਦੀ ਹੈ।
-----
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਪ੍ਰਿਤਪਾਲ ਕੌਰ ਚਾਹਲ ਲੁਧਿਆਣਾ, ਭਗਤ ਰਾਮ ਸ਼ਰਮਾ, ਡਾ: ਰਣਜੋਧ ਸਿੰਘ, ਪੰਮੀ ਫੱਗੂਵਾਲੀਆ, ਜੋਗਿੰਦਰ ਪਰਵਾਨਾ ਤੇ ਬੀ. ਐਸ. ਭੁੱਲਰ ਰਾਮਪੁਰਾ ਫੁਲ, ਰਾਜਿੰਦਰ ਸਿੰਘ ਜੋਸ਼, ਚਰਨਜੀਤ ਉਡਾਰੀ, ਪ੍ਰਗਟ ਸਤੌਜ, ਸਰਬਜੀਤ ਸੰਗਰੂਰਵੀ ਕੁਲਵੰਤ ਕਸਕ, ਕ੍ਰਿਸ਼ਨ ਬੇਤਾਬ, ਗੁਲਜ਼ਾਰ ਸ਼ੌਂਕੀ, ਆਦਿ ਕਵੀਆਂ ਨੇ ਆਪਣਾ ਕਲਾਮ ਪੇਸ਼ ਕਰਕੇ ਮੰਤਰ-ਮੁਗਧ ਕੀਤਾ । ਇਸ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਡਾ: ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ, ਸੇਖੋਂ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਨਾਲ ਹੋਏ ਵਿਤਕਰਿਆਂ ਬਾਰੇ ਨਿਰੰਤਰ ਜੱਦੋ-ਜਹਿਦ ਕਰ ਰਹੀ ਹੈ ।ਅਸੀਂ ਹਮੇਸ਼ਾ ਹੀ ਪੰਜਾਬੀ ਵਿਰੋਧੀ ਤੇ ਲੋਟੂ ਸ਼ਕਤੀਆਂ ਦੇ ਵਿਰੁੱਧ ਖੜ੍ਹੇ ਹਾਂ । ਅਖੌਤੀ ਵਿਸ਼ਵ ਪੰਜਾਬੀ ਕਾਨਫਰੰਸਾਂ ਵਿੱਚ ਕਦੇ ਵੀ ਕੁਝ ਹਾਸਲ ਨਹੀ ਹੋਇਆ ।ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ ਨੇ ਗੰਭੀਰਤਾ ਸਹਿਤ ਪੰਜਾਬੀ ਸਰੋਕਾਰਾਂ ਬਾਰੇ ਮਸਲਿਆ ਦੇ ਹੱਲ ਲਈ ਬਹਿਸ ਤੇ ਰੂ-ਬ-ਰੂ ਦਾ ਆਯੋਜਨ ਕਰਕੇ ਪੰਜਾਬੀ ਪਾਠਕਾਂ ਨੂੰ ਚੇਤਨਾ ਪ੍ਰਦਾਨ ਕੀਤੀ ਹੈ । ਅੱਜ ਰਿਲੀਜ਼ ਹੋਈਆਂ ਪੁਸਤਕਾਂ ਪੰਜਾਬੀਅਤ ਦੇ ਮੁਹਾਂਦਰੇ ਨੂੰ ਉਭਾਰਨ ਵਾਲੀਆਂ ਹਨ । ਇਨ੍ਹਾਂ ਬਾਰੇ ਹੋਰ ਚਰਚਾ ਕਰਨ ਦੀ ਜ਼ਰੂਰਤ ਹੈ। ਅੱਜ ਦੇ ਕਵੀ ਦਰਬਾਰ ਵਿੱਚ ਪੇਸ਼ ਰਚਨਾਵਾਂ ਮਨੁੱਖ ਨੂੰ ਮਨੁੱਖਤਾ ਦਾ ਪਾਠ ਪੜਾਉਣ ਵਾਲੀਆਂ ਹਨ । ਇਸ ਅਵਸਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਰਨਲ ਸਕੱਤਰ ਪਵਨ ਹਰਚੰਦਪੂਰੀ ਨੇ ਸਮਾਗਮ ਦੀ ਪ੍ਰਸ਼ੰਸ਼ਾ ਕਰਦੇ ਹੋਏ ਤ੍ਰਿਲੋਚਣ ਸਿੰਘ ਗਿੱਲ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਉਸਾਰੂ ਕਦਮ ਦੱਸਿਆ । ਉਨ੍ਹਾਂ ਨੇ ਤ੍ਰਿਲੋਚਨ ਗਿੱਲ ਵਰਗੇ ਜਨੂੰਨ ਦੀ ਇਧਰਲੇ ਪੰਜਾਬ ਵਿੱਚ ਵੀ ਲੋੜ ਜ਼ਾਹਿਰ ਕੀਤੀ । ਇਸ ਮੌਕੇ ਹੋਈ ਬਹਿਸ ਵਿੱਚ ਡਾ: ਤੇਜਾ ਸਿੰਘ ਤਿਲਕ, ਡਾ: ਰਣਜੋਧ ਸਿੰਘ, ਬਾਜ ਸਿੰਘ ਮਹਿਲੀਆ, ਭਗਤ ਰਾਮ ਸ਼ਰਮਾ, ਡਾ: ਭਗਵੰਤ ਸਿੰਘ, ਗੁਰਮੇਲ ਮਡਾਹੜ, ਡਾ: ਰਮਿੰਦਰ ਕੌਰ, ਮੋਹਨ ਸ਼ਰਮਾ, ਜਗਦੀਪ ਸਿੰਘ, ਡਾ: ਜਗਜੀਤ ਸਿੰਘ ਕੋਮਲ ਨੇ ਹਿੱਸਾ ਲਿਆ । ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਤ੍ਰਿਲੋਚਨ ਸਿੰਘ ਗਿੱਲ ਨੂੰ ਸਰਵ-ਸ੍ਰੇਸ਼ਟ ਸਾਹਿਤਕਾਰ ਪੁਰਸਕਾਰ (ਵਿਦੇਸ਼ੀ) ਦਿੱਤਾ ਗਿਆ । ਇਸ ਮੌਕੇ ਤੇ ਸ਼੍ਰੀਮਤੀ ਅਗਰਜੀਤ ਕੌਰ, ਭਾਰਤ ਭੂਸ਼ਨ, ਅਜੈਬ ਸਿੰਘ ਮੋਰਾਂਵਾਲੀ, ਕਾਮਰੇਡ ਕੌਰ ਸੈਨ, ਸੂਬੇਦਾਰ ਜਗਜੀਤ ਸਿੰਘ, ਥਰੇਜਾ, ਜਸਵਿੰਦਰ ਸਿੰਘ ਐਡਵੋਕੇਟ, ਪਰਮਿੰਦਰ ਪੰਮੀ, ਜਗਜੀਤ ਵਾਲੀਆ ਆਦਿ ਹਾਜ਼ਿਰ ਸਨ ।