ਬਰੈਡਫੋਰਡ ਯੂ.ਕੇ. ਵਿਖੇ ਕਰਵਾਏ ਗਏ ਕਵੀ ਦਰਬਾਰ ‘ਚ ਕਸ਼ਮੀਰ ਸਿੰਘ ਘੁੰਮਣ ਦੀ ਕਾਵਿ ਪੁਸਤਕ ਰਿਲੀਜ਼
ਰਿਪੋਰਟ: ਸ੍ਰ: ਤਰਲੋਚਨ ਸਿੰਘ ਦੁੱਗਲ ( ਯੂ.ਕੇ.)
ਬਰੈਡਫੋਰਡ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ ਵਲੋਂ 15 ਮਈ 2010 ਦਿਨ ਸ਼ਨਿਚਰਵਾਰ ਨੂੰ 22ਵਾਂ ਕਵੀ ਦਰਬਾਰ ਵੈਂਟਨਰ ਹਾਲ, ਬਰੈਡਫੋਰਡ, ਯੌਰਕਸ਼ਾਇਰ ਵਿਖੇ ਕਰਵਾਇਆ ਗਿਆ। ਮੁੱਖ ਮਹਿਮਾਨਾਂ ਵਜੋਂ ਯੂਰਪ ਦੀ ਪੰਜਾਬੀ ਸੱਥ ਦੇ ਮੁੱਖ ਸੰਚਾਲਕ ਸ੍ਰ: ਮੋਤਾ ਸਿੰਘ ਸਰਾਏ ਜੀ, ਫਰਾਂਸ ਤੋਂ ਬੀਬੀ ਕੁਲਵੰਤ ਕੌਰ ਚੰਨ ਆਪਣੇ ਪਤੀ ਸ੍ਰ: ਰਣਜੀਤ ਸਿੰਘ ਚੰਨ ਅਤੇ ਸਪੁੱਤਰ ਸ੍ਰ: ਹਸਪਿੰਦਰਜੀਤ ਸਿੰਘ ਹੋਰਾ ਦੇ ਨਾਲ਼ ਆਏ ਹੋਏ ਸਨ ਅਤੇ ਪੰਜਾਬ ਰੇਡੀਓ ਲੰਡਨ ਦੇ ਸ੍ਰਪ੍ਰਸਤ ਸ੍ਰ: ਸੁਰਜੀਤ ਸਿੰਘ ਘੁੰਮਣ ਜੀ ਹੋਰੀਂ ਵੀ ਮੌਕੇ ਦੀ ਰੌਣਕ ਨੂੰ ਵਧਾਉਣ ਲਈ ਉਚੇਚੇ ਤੌਰ ਤੇ ਪੁੱਜੇ ਹੋਏ ਸਨ। ਇਹ ਕਵੀ ਦਰਬਾਰ ਪੰਜਾਬ ਰੇਡੀਓ ਲੰਡਨ ਤੋਂ ਤਿੰਨ ਵਜੇ ਤੋਂ ਛੇ ਵਜੇ ਤੱਕ ਸਿੱਧਾ ਪ੍ਰਸਾਰਿਤ ਕੀਤਾ ਗਿਆ।
-----
ਸ਼ੁਰੂਆਤ ਵਿੱਚ ਜਨਰਲ ਸਕੱਤਰ ਸ੍ਰ: ਰਘਵੀਰ ਸਿੰਘ ਪਾਲ ਹੋਰਾਂ ਨੇ ਹਾਜਰੀਨ ਮਹਿਮਾਨਾਂ ਅਤੇ ਸਰੋਤਿਆਂ ਨੂੰ ਜੀ ਆਇਆਂ ਆਖਿਆ ਅਤੇ ਬੀਬੀ ਨਰਿੰਦਰ ਕੌਰ ਸੁੰਮਨ ਹੋਰਾਂ ਦੀ ਯਾਦ ਵਿੱਚ ਸਾਰਿਆਂ ਨੇ ਇੱਕ ਮਿੰਟ ਲਈ ਮੋਨ ਧਾਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਅਰਪਨ ਕੀਤੀ ਗਈ । ਉਪਰੰਤ ਬੀਕਾਸ ਸੰਸਥਾ ਦੇ ਪ੍ਰਧਾਨ ਸ੍ਰ: ਤਰਲੋਚਨ ਸਿੰਘ ਦੁੱਗਲ ਹੋਰਾਂ ਨੇ ਸੰਸਥਾ ਦੇ ਮੁੱਖ ਉਦੇਸ਼ ਅਤੇ ਕਾਰਗੁਜ਼ਾਰੀਆਂ ਵਾਰੇ ਚਾਨਣਾ ਪਾਇਆ । ਕਵੀ ਦਰਬਾਰ ਦੀ ਵਿਸ਼ੇਸ਼ਤਾ ਬਾਰੇ ਦੱਸਦਿਆਂ ਕਿਹਾ ਇਸ ਮੌਕੇ ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਾਵਿ ਪੁਸਤਕ “ਘੁੰਮਣ ਘੇਰੀਆਂ” ਰਿਲੀਜ਼ ਕੀਤੀ ਜਾਵੇਗੀ । ਇਸ ਤੋਂ ਇਲਾਵਾ ਉਹਨਾਂ ਪੰਜਾਬੀ ਮਾਂ ਬੋਲੀ ਪੰਜਾਬੀ ਵਿਰਸੇ ਤੋਂ ਬੱਚਿਆਂ ਨੂੰ ਜਾਣੂੰ ਕਰਾਉਣ ਉੱਤੇ ਜ਼ੋਰ ਦਿੱਤਾ । ਉਹਨਾਂ ਦੇ ਬਰਖ਼ੁਰਦਾਰ ਜਸਜੀਤ ਸਿੰਘ ਜੋ ਬੀਕਾਸ ਸੰਸਥਾ ਦੀ ਮਦਦ ਨਾਲ ਲੀਡਜ਼ ਯੂਨੀਵਰਸਟੀ ਵਿੱਚੋਂ ਪੀ. ਐਚ. ਡੀ. ਕਰ ਰਿਹਾ ਹੈ, ਜਿਸਦਾ ਵਿਸ਼ਾ ਇੰਗਲੈਂਡ ਦੇ ਜੰਮਪਲ਼ ਨੌਜੁਆਨ ਸਿੱਖ ਬੱਚੇ ਆਪਣੇ ਧਰਮ ਅਤੇ ਵਿਰਸੇ ਬਾਰੇ ਕਿਥੋਂ ਅਤੇ ਕਿਵੇਂ ਜਾਣਕਾਰੀ ਪ੍ਰਾਪਤ ਕਰਦੇ ਹਨ, ਦੀ ਖੋਜ ਕਰਨਾ ਹੈ । ਸ੍ਰ: ਮੋਤਾ ਸਿੰਘ ਜੀ ਸਰਾਏ ਪੰਜਾਬੀ ਸੱਥ ਵਲੋਂ ਛਪਾਈਆਂ ਗਈਆਂ ਬਹੁਤ ਸਾਰੀਆਂ ਕਿਤਾਬਾਂ ਅਤੇ ਕੈਲੰਡਰ ਨਾਲ਼ ਲੈ ਕੇ ਆਏ ਸਨ ਜੋ ਵੀ ਕਿਤਾਬਾਂ ਤੋਂ ਉਸ ਦਿਨ ਆਮਦਨ ਹੋਈ ਉਹਨਾਂ ਨੇ ਉਹ ਮਾਇਆ ਬੀਕਾਸ ਸੰਸਥਾ ਨੂੰ ਭੇਟ ਕਰ ਦਿੱਤੀ । ਇਸੇ ਤਰ੍ਹਾਂ ਜੋ ਵੀ ਸ੍ਰ: ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਿਤਾਬ “ਘੁੰਮਣ ਘੇਰੀਆਂ” ਦੀ ਆਮਦਨ ਹੋਈ ਉਹ ਵੀ ਬੀਕਾਸ ਸੰਸਥਾ ਨੂੰ ਯੂਨੀਵਰਸਟੀ ਦੇ ਖ਼ਰਚਿਆਂ ਲਈ ਭੇਟ ਕੀਤੀ ਗਈ । ਪ੍ਰਧਾਨ ਸਾਹਿਬ ਨੇ ਲੀਡਜ਼ ਯੂਨੀਵਰਸਟੀ ਵਿੱਚ ਪੰਜਾਬੀ ਲਿਟਰੇਚਰ ਦੀ ਚੇਅਰ ਸਥਾਪਤ ਕਰਨ ਦੇ ਯਤਨਾਂ ਦਾ ਵੀ ਜ਼ਿਕਰ ਕੀਤਾ ।
-----
ਇਸ ਤੋਂ ਉਪਰੰਤ ਬੱਚਿਆਂ ਦਾ ਕਵੀ ਦਰਬਾਰ ਸ਼ੁਰੂ ਕਰਨ ਲਈ ਸਟੇਜ ਦੀ ਕਾਰਵਾਈ ਨੌਜੁਆਨ ਬਰਖ਼ੁਰਦਾਰ ਕਾਕਾ ਭੁਪਿੰਦਰ ਸਿੰਘ ਸੇਖੋਂ ਨੂੰ ਸੌਂਪੀ ਗਈ, ਜਿਸ ਨੇ ਸਟੇਜ ਦੀ ਕਾਰਵਾਈ ਬਹੁਤ ਹੀ ਅੱਛੇ ਢੰਗ ਨਾਲ਼ ਨਿਭਾਈ। ਇਸ ਕਵੀ ਦਰਬਾਰ ਵਿੱਚ ਜਿਹਨਾਂ ਬੱਚਿਆਂ ਨੇ ਭਾਗ ਲਿਆ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ, ਅਰਜਨ ਸਿੰਘ ਭੁੱਲਰ, ਸਤਕਿਰਨ ਕੌਰ, ਸੁਖਬਿੰਦਰ ਕੌਰ, ਅੰਗਦ ਸਿੰਘ, ਜਸਮੀਨ ਕੌਰ ਮਾਣਕ ਅਤੇ ਜਸਮੀਨ ਕੌਰ ਛੋਕਰ । ਦੂਰੋਂ ਨੇੜਿਓਂ ਆਏ ਹੋਏ ਸਰੋਤਿਆਂ ਨੇ ਬੱਚਿਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਬਹੁਤ ਹੀ ਸ਼ਲਾਘਾ ਕੀਤੀ । ਬੱਚਿਆਂ ਨੂੰ ਬੀਬੀ ਕੁਲਵੰਤ ਕੌਰ ਚੰਨ ਦੁਆਰਾ ਇਨਾਮ ਦਿੱਤੇ ਗਏ ਉਪਰੰਤ ਕੁਲਵੰਤ ਕੌਰ ਨੇ ਇਸ ਕਵੀ ਦਰਬਾਰ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਆਖਿਆ ਕਿ ਬੱਚਿਆਂ ਨੇ ਜੋ ਕਵਿਤਾਵਾਂ ਪੜ੍ਹ ਕੇ ਸੁਣਾਈਆਂ ਬਹੁਤ ਹੀ ਕਾਬਿਲੇ ਤਾਰੀਫ਼ ਸਨ । ਉਹਨਾਂ ਕਿਹਾ ਕਿ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਬੱਚੇ ਕਵਿਤਾਵਾਂ ਪੰਜਾਬੀ ਲਿੱਪੀ ਵਿੱਚ ਲਿਖੀਆਂ ਹੋਈਆਂ ਪੜ੍ਹ ਰਹੇ ਸਨ । ਉਹਨੀਂ ਬੀਕਾਸ ਸੰਸਥਾ ਦੀ ਸ਼ਲਾਘਾ ਕੀਤੀ ਕਿ ਇਹਨਾ ਨੇ ਬੱਚਿਆਂ ਦਾ ਕਵੀ ਦਰਬਾਰ ਉਲੀਕਿਆ, ਬੱਚਿਆਂ ਦੇ ਮਾਤਾ ਪਿਤਾ ਅਤੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ । ਇਸ ਮੌਕੇ ਹਾਲ ਸਰੋਤਿਆਂ ਨਾਲ਼ ਬਿਲਕੁਲ ਭਰਿਆ ਹੋਇਆ ਸੀ ਅਤੇ ਸਾਰੇ ਹੀ ਚੁੱਪ ਚਾਪ ਕਵੀਆਂ ਦੀਆਂ ਰਚਨਾਵਾਂ ਬੜੇ ਗੌਹ ਨਾਲ਼ ਸੁਣ ਰਹੇ ਸਨ ।
-----
ਇਸ ਤੋਂ ਬਾਅਦ ਸਟੇਜ ਦੀ ਕਾਰਵਾਈ ਸ੍ਰ: ਬਲਬੀਰ ਸਿੰਘ ਅਟਵਾਲ ਹੋਰਾਂ ਨੂੰ ਸੌਂਪੀ ਗਈ ਜਿਹਨਾਂ ਨੇ ਪ੍ਰੋਗਰਾਮ ਦੀ ਅਰੰਭਤਾ ਸਾਊਥਾਲ ਤੋਂ ਆਏ ਉੱਚ ਕੋਟੀ ਦੇ ਸ਼ਾਇਰ ਅਜ਼ੀਮ ਸ਼ੇਖਰ ਹੋਰਾਂ ਦੀਆਂ ਦੋ ਪਿਆਰੀਆਂ ਨਜ਼ਮਾਂ ਨਾਲ਼ ਕੀਤੀ । ਇਕ ਕਵਿੱਤਾ ਜੋ ਅਜ਼ੀਮ ਹੋਰਾਂ ਨੇ ਧੀਆਂ ਬਾਰੇ ਪੜ੍ਹੀ ਉਸ ਸਮੇਂ ਸਰੋਤਿਆਂ ਦੀਆਂ ਅੱਖਾਂ ਸੇਜਲ਼ ਹੋ ਗਈਆਂ। ਇਸ ਤੋਂ ਬਾਅਦ ਸਾਊਥਾਲ ਤੋਂ ਹੀ ਆਏ ਰਜਿੰਦਰਜੀਤ ਜੀ ਨੇ ਬੇਹਤਰੀਨ ਅੰਦਾਜ਼ ਵਿੱਚ ਆਪਣੀਆਂ ਦੋ ਰਚਨਾਵਾਂ ਪੇਸ਼ ਕੀਤੀਆਂ । ਸੰਦਰਲੈਂਡ ਤੋਂ ਆਏ ਮਨਜੀਤ ਸਿੰਘ ਚੀਮਾ ਜੀ ਨੇ ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਰਿਲੀਜ਼ ਹੋਣ ਵਾਲ਼ੀ ਕਿਤਾਬ ਵਾਰੇ ਲਿਖੀ ਕਵਿਤਾ ਸਰੋਤਿਆਂ ਨਾਲ਼ ਸਾਂਝੀ ਕੀਤੀ ਅਤੇ ਵਿਅੰਗਮਈ ਅੰਦਾਜ਼ ਵਿੱਚ ਇਕ ਹੋਰ ਕਵਿਤਾ ਪੜ੍ਹੀ । ਜਿਵੇਂ ਕਿ ਹਰ ਸਾਲ ਬੀਕਾਸ ਵਲੋਂ ਨਵੇਂ ਚਾਰ ਕਵੀਆਂ ਨੂੰ ਸਨਮਾਨਿਤ ਕਰਨ ਲਈ ਚੁਣਿਆ ਜਾਂਦਾ ਹੈ, ਇਸ ਸਾਲ ਅਜ਼ੀਮ ਸ਼ੇਖਰ, ਰਜਿੰਦਰ ਜੀਤ, ਮਨਜੀਤ ਸਿੰਘ ਚੀਮਾ ਅਤੇ ਨਰਿੰਦਰ ਕੌਰ ਸੁੰਮਨ ਹੋਰਾਂ ਨੂੰ ਚੁਣਿਆ ਗਿਆ ਸੀ । ਫਰਾਂਸ ਤੋਂ ਬੀਕਾਸ ਵਲੋਂ ਸਪੈਸ਼ਲ ਸੱਦੇ ਉੱਪਰ ਆਈ ਹੋਈ ਬੀਬੀ ਕੁਲਵੰਤ ਕੌਰ ਚੰਨ ਨੇ ਆਪਣੀ ਸੁਰੀਲੀ ਆਵਾਜ਼ ਨਾਲ਼ ਸਰੋਤਿਆਂ ਨੂੰ ਕੀਲੀ ਰੱਖਿਆ ।ਇਸੇ ਤਰ੍ਹਾਂ ਇਕ ਤੋਂ ਇਕ ਚੜ੍ਹਦੇ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਕਵੀ ਦਰਬਾਰ ਵਿੱਚ ਭਾਗ ਲਿਆ ਜਿਹਨਾਂ ਵਿੱਚ ਸ੍ਰ: ਹਰਜਿੰਦਰ ਸਿੰਘ ਸੰਧੂ, ਸ੍ਰ: ਨਿਰਮਲ ਸਿੰਘ ਕੰਧਾਲ਼ਵੀ, ਸ੍ਰ: ਤੇਜਾ ਸਿੰਘ ਤੇਜ ਕੋਟਲੇਵਾਲ਼ਾ, ਸ੍ਰ: ਮਹਿੰਦਰ ਸਿੰਘ ਦਿਲਬਰ, ਪ੍ਰੋਫੈਸਰ ਹਰਜੀਤ ਸਿੰਘ ਅਸ਼ਕ, ਸ੍ਰ: ਤਾਰਾ ਸਿੰਘ ਤਾਰਾ ਆਧੀਵਾਲ਼ਾ, ਬੀਬੀ ਰਜਿੰਦਰ ਕੌਰ ਪ੍ਰਜ਼ੈਂਟਰ ਪੰਜਾਬ ਰੇਡੀਓ, ਬੀਬੀ ਕੁਲਵੰਤ ਕੌਰ ਢਿਲੋਂ ਲੰਡਨ ਤੋਂ ਅਤੇ ਬੀਬੀ ਮਹਿੰਦਰ ਕੌਰ ਮਿੱਡਾ ਕੌਂਸਲਰ ਸਾਊਥਾਲ ਨੇ ਕਵਿਤਾਵਾਂ ਦੁਆਰਾ ਹਾਜਰੀ ਭਰੀ । ਬੀਬੀ ਦਲਵੀਰ ਕੌਰ ਵੁਲਵਰਹੈਮਪਟਨ ਵੀ ਸਰੋਤਿਆਂ ਵਿੱਚ ਹਾਜ਼ਰ ਸਨ। ਸ੍ਰ: ਕਸ਼ਮੀਰ ਸਿੰਘ ਹੋਰਾਂ ਦੀ ਕਿਤਾਬ ਦਾ ਉਦਘਾਟਨ ਕਰਨ ਤੋਂ ਪਹਿਲਾਂ ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਨੇ ਆਪਣੇ ਵਿਚਾਰ ਸਰੋਤਿਆਂ ਨਾਲ਼ ਸਾਂਝੇ ਕੀਤੇ ਅਤੇ ਉਹਨੀਂ ਕਾਵਿ ਰਚਨਾ ਦੀ ਪ੍ਰਮੁੱਖਤਾ ਵਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਰਾਂ ਦੀ ਇਲਾਹੀ ਬਾਣੀ ਦੀ ਪ੍ਰੋੜਤਾ ਕੀਤੀ ਕਿ ਗੁਰੂ ਸਾਹਿਬਾਨ ਨੇ ਬਾਣੀ ਦੁਆਰਾ ਲੋਕਾਂ ਦੀ ਮਾਨਸਿਕ ਪੀੜਾ ਨੂੰ ਨਵਿਰਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸਦੇ ਵਿਪਰੀਤ ਰੂਪ ਵਿੱਚ ਉਹਨਾਂ ਵਾਸਕੋਡੀਗਾਮਾ ਅਤੇ ਯੁਨਾਨ ਦੇ ਰਾਜੇ ਸਿਕੰਦਰ ਅਤੇ ਪੋਰਸ ਦੀ ਮਿਸਾਲ ਦਿੱਤੀ ।ਇਸਤੋਂ ਉਪਰੰਤ ਉਹਨੀਂ “ਘੁੰਮਣ ਘੇਰੀਆਂ” ਕਿਤਾਬ ਦੀਆਂ ਰਚਨਾਵਾਂ ਵਾਰੇ ਸ਼ਲਾਘਾ ਕੀਤੀ । ਫਿਰ ਉਹ ਸਮਾਂ ਆਇਆ ਜਦੋਂ ਕਿ ਸ੍ਰ: ਕਸ਼ਮੀਰ ਸਿੰਘ ਘੁੰਮਣ ਹੋਰਾਂ ਦੀ ਕਿਤਾਬ “ਘੁੰਮਣ ਘੇਰੀਆਂ” ਦਾ ਉਦਘਾਟਨ ਕੀਤਾ ਗਿਆ ।ਇਸ ਉਚੇਚੇ ਮੌਕੇ ਤੇ ਸ੍ਰ: ਕਸ਼ਮੀਰ ਸਿੰਘ ਘੁੰਮਣ ਨੇ ਆਪਣੀ ਹਾਸ–ਰਸ ਭਰਪੂਰ ਕਵਿਤਾ “ਘੁਰਾੜੇ” ਸੋਰਤਿਆਂ ਨਾਲ਼ ਸਾਂਝੀ ਕਰਕੇ ਹਾਲ ਵਿਚ ਹਾਸਿਆਂ ਦਾ ਹੜ੍ਹ ਲਿਆ ਦਿੱਤਾ ।
-----
ਇਸ ਤੋਂ ਉਪਰੰਤ ਬੀਕਾਸ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਚੁਣੇ ਗਏ ਕਵੀਆਂ ਦਾ ਅਤੇ ਆਏ ਹੋਏ ਖ਼ਾਸ ਮਹਿਮਾਨ ਸ੍ਰ: ਮੋਤਾ ਸਿੰਘ ਸਰਾਏ, ਬੀਬੀ ਕੁਲਵੰਤ ਕੌਰ ਚੰਨ, ਸ੍ਰ: ਸੁਰਜੀਤ ਸਿੰਘ ਘੁੰਮਣ ਹੋਰਾਂ ਨੂੰ ਬੀਕਾਸ ਕਮੇਟੀ ਦੇ ਮੈਂਬਰਾਂ ਵਲੋਂ ਟਰਾਫੀਆਂ ਅਤੇ ਦੁਸ਼ਾਲਿਆਂ ਨਾਲ਼ ਸਨਮਾਨਿਤ ਕੀਤਾ ਗਿਆ । ਸ੍ਰ: ਕਸ਼ਮੀਰ ਸਿੰਘ ਘੁੰਮਣ ਅਤੇ ਬੀਬੀ ਪਰਮਜੀਤ ਕੌਰ ਘੁੰਮਣ ਨੂੰ ਵੀ ਕਾਵਿ ਪੁਸਤਕ ਦੇ ਉਦਘਾਟਨ ਸਮੇਂ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਮੀਤ ਪ੍ਰਧਾਨ ਸ੍ਰ: ਸੁਖਦੇਵ ਸਿੰਘ ਹੋਰਾਂ ਨੇ ਆਏ ਹੋਏ ਮਹਿਮਾਨਾਂ ਦਾ, ਕਵੀਆਂ ਦਾ, ਅਤੇ ਖਾਸ ਤੌਰ ਤੇ ਸ੍ਰ: ਹਰਦਿਆਲ ਸਿੰਘ ਮੇਹਟ, ਸ੍ਰ: ਰਛਪਾਲ ਸਿੰਘ ਉੱਪਲ਼, ਸ਼੍ਰੀਮਤੀ ਅੰਜੂ ਸ਼ਰਮਾ ਜਰਮਨੀ, ਸ੍ਰ: ਜੋਗਾ ਸਿੰਘ ਨਿਰਵਾਣ, ਜਿਹਨਾਂ ਨੇ ਬੀਕਾਸ ਨੂੰ ਮਾਇਕ ਤੌਰ ਤੇ ਸਹਿਯੋਗ ਦਿੱਤਾ ਉਹਨਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ ਗਿਆ ।ਇਸ ਤੋਂ ਇਲਾਵਾ ਪੰਜਾਬ ਰੇਡੀਓ ਲੰਡਨ, ਸੌਨਿਕ ਸਾਉਂਡ ਸਿਸਟਮ, ਆਪਣਾ ਖਾਣਾ ਦੇ ਮਾਲਕ ਸੁਭਾਸ ਕੌਸ਼ਲ ਜੀ, ਵਿਸ਼ ਵੀਡੀਓ, ਵੈਨਟਨਰ ਹਾਲ ਦੀ ਕਮੇਟੀ ਅਤੇ ਬਰੈਡਫੋਰਡ ਦੇ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ । ਇਸਦੇ ਨਾਲ਼ ਹੀ ਦੇਸ ਪ੍ਰਦੇਸ, ਪੰਜਾਬ ਟਾਈਮਜ਼, ਅਜੀਤ ਜਲੰਧਰ, ਮੀਡੀਆ ਪੰਜਾਬ ਜਰਮਨੀ, ਪੰਜਾਬੀ ਆਰਸੀ ਅਤੇ ਸਿੱਖ ਟਾਈਮਜ਼ ਦਾ ਵੀ ਧੰਨਵਾਦ ਕੀਤਾ ਜੋ ਸਮੇਂ ਸਮੇਂ ਬੀਕਾਸ ਸੰਸਥਾ ਨੂੰ ਸਹਿਯੋਗ ਦਿੰਦੇ ਹਨ । ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ “ਆਪਣਾ ਖਾਣਾ” ਕੇਟਰਿੰਗ ਵਾਲ਼ਿਆਂ ਦੇ ਸੁਆਦੀ ਭੋਜਨ ਦਾ ਸਾਰਿਆਂ ਨੇ ਅਨੰਦ ਮਾਣਿਆ । ਬੀਕਾਸ ਕਮੇਟੀ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀ ਸੱਜਣਾਂ ਦਾ ਦਾਸ ਤਹਿ ਦਿਲੋਂ ਧੰਨਵਾਦੀ ਹੈ।
*****
ਬਰੈਡਫੋਰਡ ਯੂ.ਕੇ. ਵਿਖੇ ਕਰਵਾਏ ਗਏ ਕਵੀ ਦਰਬਾਰ ਦੀਆਂ ਬਾਕੀ ਤਸਵੀਰਾਂ ਵੇਖਣ ਲਈ ਹੇਠਲੀ ਪੋਸਟ ਦੇਖੋ ਜੀ।