Friday, December 5, 2008

ਬਰੈਡਫੋਰਡ ਐਜੁਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ - ਸਾਲਾਨਾ ਕਵੀ ਦਰਬਾਰ
























ਬਰੈਡਫੋਰਡ ਐਜੁਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖਸ (ਬੀਕਾਸ) ਵਲੋਂ ਕਰਵਾਏ ਗਏ ਕਵੀ ਦਰਬਾਰ ਦੀ ਰਿਪੋਰਟ
ਰਿਪੋਰਟ: ਕਸ਼ਮੀਰ ਸਿੰਘ ਘੁੰਮਣ
ਬੀਕਾਸ ਵਲੋਂ 9 ਨਵੰਬਰ ਦਿਨ ਐਤਵਾਰ ਸ਼ਾਮ 3 ਵਜੇ ਤੋਂ 6 – 30 ਵੱਜੇ ਤੱਕ 21ਵਾਂ ਉੱਚ ਪੱਧਰਾ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ ਅਤੇ ਪੰਜਾਬ ਰੇਡੀਓ ਨੇ ਇਸਦਾ ਸਿੱਧਾ ਪ੍ਰਸਾਰਣ ਕਰਕੇ ਧੰਨਵਾਦੀ ਬਣਾਇਆ।ਸੱਭ ਤੋਂ ਪਹਿਲਾਂ ਜਨਰਲ ਸੈਕਟਰੀ ਸ੍ਰ: ਰਘਬੀਰ ਸਿੰਘ ਪਾਲ ਨੇ ਆਏ ਸਰੋਤਿਆਂ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸ੍ਰ: ਮੋਤਾ ਸਿੰਘ ਸਰਾਏ ਚੇਅਰਮੈਨ ਯੁਰਪੀਅਨ ਪੰਜਾਬੀ ਸੱਥ ਜੋ ਕਿ ਵਿਸ਼ੇਸ਼ ਕਰਕੇ ਇਸ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਪਹੰਚੇ ਸਨ, ਉਹਨਾਂ ਨੂੰ ਮੁੱਖ ਮਹਿਮਾਨ ਦੀ ਸੀਟ ਤੇ ਬਿਰਾਜਮਾਨ ਹੋਣ ਲਈ ਬੇਨਤੀ ਕੀਤੀ ਅਤੇ ਇਸ ਤੋਂ ੳਪਰੰਤ ਪ੍ਰਧਾਨ ਸ੍ਰ: ਤਰਲੋਚਨ ਸਿੰਘ ਦੁੱਗਲ ਹੋਰਾਂ ਨੇ ਬੀਕਾਸ ਦੇ ਪਿਛਲੇ 26 ਸਾਲਾਂ ਦੌਰਾਨ ਕੀਤੇ ਕੰਮਾਂ ਵਾਰੇ ਜਾਣਕਾਰੀ ਦਿੱਤੀ ਅਤੇ ਆਉਣ ਵਾਲੇ ਸਮੇਂ ਵਿੱਚ ਲੀਡਜ਼ ਯੂਨੀਵਰਸਟੀ ਵਿੱਚ ਪੰਜਾਬੀ ਚੇਅਰ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਚਾਨਣਾ ਪਾਇਆ ਅਤੇ ਉਹਨਾਂ ਕਿਹਾ ਇਸ ਯੋਜਨਾ ਲਈ ਸਾਥ ਦੇਣ ਵਾਸਤੇ ਯੌਰਕਸ਼ਾਇਰ ਆਰਟਸ ਕੌਂਸਲ ਵੀ ਸਹਿਮਤ ਹੈ । ਇਸ ਸਾਲ ਬੀਕਾਸ ਨੇ ਲੀਡਜ਼ ਯੂਨੀਵਰਸਟੀ ਨਾਲ ਰਲ਼ ਕੇ ਸ੍ਰ: ਜਸਜੀਤ ਸਿੰਘ ਨੂੰ ਪੀ.ਐਚ.ਡੀ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ । ਪੀ.ਐਚ.ਡੀ ਦਾ ਮੰਤਵ ਸਿੱਖ ਨੌਜੁਆਨ ਬੱਚਿਆਂ ਪ੍ਰਤੀ ਖੋਜ ਕਰਨੀ ਹੈ ਕਿ ਉਹ ਆਪਣੇ ਧਰਮ ਅਤੇ ਵਿਰਸੇ ਦੀ ਜਾਣਕਾਰੀ ਕਿਥੋਂ ਪ੍ਰਾਪਤ ਕਰਦੇ ਹਨ ਅਤੇ ਉਹਨਾਂ ਦੀ ਪਛਾਣ ਇੰਗਲੈਂਡ ਵਿੱਚ ਰਹਿੰਦਿਆਂ ਕਿੰਨੀ ਕੁ ਸੁਰੱਖਿਅਤ ਹੈ ।
ਕਵੀ ਦਰਬਾਰ ਦੀ ਸ਼ੁਰੂਆਤ ਨੌਜੁਆਨ ਸਿੱਖ ਬੱਚਿਆਂ ਦੇ ਕਲਾਸੀਕਲ ਸੰਗੀਤ ਦੁਆਰਾ ਕੀਤੀ ਗਈ ਜਿਸ ਵਿੱਚ ਪੁਰਾਤਨ ਸਮੇ ਵਿੱਚ ਵਰਤੇ ਜਾਣ ਵਾਲੇ ਸਾਜਾਂ ਨਾਲ ਸੰਗੀਤ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ । ਇਸ ਤੋਂ ੳਪਰੰਤ ਕਲਾਸੀਕਲ ਸੰਗੀਤ ਪੇਸ਼ ਕਰਨ ਵਾਲੇ ਅਤੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ ਦੇ ਬੱਚਿਆਂ ਨੂੰ ਫਾਊਂਡਰ ਮੈਂਬਰ ਸ੍ਰ: ਮੋਹਣ ਸਿੰਘ ਸੰਘਾ ਅਤੇ ਸੁਖਦੇਵ ਸਿੰਘ ਦੁਆਰਾ ਇਨਾਮ ਵੰਡੇ ਗਏ । ਇਸ ਤੋਂ ਉਪਰੰਤ ਕਵੀ ਦਰਬਾਰ ਦੀ ਸ਼ਰੁਆਤ ਹੋਈ ।
ਇਸ ਮੌਕੇ ਸ਼ੇਖਰ ਅਜ਼ੀਮ, ਸ਼ਮਸ਼ੇਰ ਸਿੰਘ ਰਾਏ, ਪ੍ਰਜ਼ੈਂਟਰ ਪੰਜਾਬ ਰੇਡੀਓ, ਹਰਜਿੰਦਰ ਸਿੰਘ ਸੰਧੂ, ਰਜਿੰਦਰ ਕੌਰ ਪ੍ਰਜ਼ੈਂਟਰ ਪੰਜਾਬ ਰੇਡੀਓ, ਮਲਕੀਤ ਸਿੰਘ ਸੰਧੂ, ਤੇਜਾ ਸਿੰਘ ਤੇਜ ਕੋਟਲੇਵਾਲਾ, ਮਨਜੀਤ ਸਿੰਘ ਚੀਮਾ, ਤਾਰਾ ਸਿੰਘ ਆਧੀ ਵਾਲਾ, ਨਰਿੰਦਰ ਕੌਰ ਸੁੰਮਨ, ਜਗਤਾਰ ਸਿੰਘ ਦਿਓਲ ਅਤੇ ਪਰਮਜੀਤ ਸਿੰਘ ਜਵੰਧਾ ਨੇ ਭਾਗ ਲਿਆ । ਸਾਰੇ ਕਵੀਆਂ ਨੇ ਆਪਣੀਆਂ ਭਾਵ ਪੂਰਵਕ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਨੂੰ ਠੰਢ ਦੇ ਬਾਵਜੂਦ ਕੀਲ ਕੇ ਬਿਠਾਈ ਰੱਖਿਆ । ਸਟੇਜ ਦੀ ਸੇਵਾ ਨਿਭਾਉਂਦਿਆਂ ਕਸ਼ਮੀਰ ਸਿੰਘ ਘੁੰਮਣ ਨੇ ਬੀਕਾਸ ਦੇ ਕਵੀ ਦਰਬਾਰ ਵਿੱਚ ਸ਼ੁਰੂ ਤੋਂ ਭਾਗ ਲੈ ਰਹੇ ਕਵੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੀਆਂ ਦੋ ਜਾਂ ਤਿੰਨ ਰਚਨਾਵਾਂ ਪ੍ਰਬੰਧਕਾਂ ਨੂੰ ਜਰੂਰ ਭੇਜਣ ਤਾਂ ਕਿ ਜੀ.ਸੀ.ਈ. ਏ ਲੈਵਲ ਪੰਜਾਬੀ ਦੇ ਸਕੂਲਾਂ ਵਾਸਤੇ ਇੱਕ ਕਾਵਿ-ਸੰਗ੍ਰਿਹ ਦੀ ਪੁਸਤਕ ਛਪਵਾਈ ਜਾ ਸਕੇ ।
ਕਵਿਤਾਵਾਂ ਦੇ ਦੌਰ ਤੋਂ ਬਾਅਦ ਉੱਭਰ ਰਹੇ ਚਾਰ ਪ੍ਰਮਾਣਤ ਕਵੀਆਂ ਹਰਜਿੰਦਰ ਸਿੰਘ ਸੰਧੂ, ਮਲਕੀਤ ਸਿੰਘ ਸੰਧੂ, ਬੀਬੀ ਰਜਿੰਦਰ ਕੌਰ ਅਤੇ ਸ਼ਮਸ਼ੇਰ ਸਿੰਘ ਰਾਏ ਹੋਰਾਂ ਨੂੰ ਉਤਸ਼ਾਹਿਤ ਕਰਨ ਲਈ ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਦੇ ਮੁਬਾਰਕ ਕਰ ਕਮਲਾਂ ਦੁਆਰਾ ਇਨਾਮ ਵੰਡੇ ਗਏ । ਸ੍ਰ: ਮੋਤਾ ਸਿੰਘ ਸਰਾਏ ਹੋਰਾਂ ਨੇ ਪੰਜਾਬੀ ਮਾਂ ਬੋਲੀ ਦੀ ਵੱਧ ਚ੍ਹੜ ਕੇ ਸੇਵਾ ਕਰਨ ਲਈ ਹਰ ਪੰਜਾਬੀ ਦਾ ਫਰਜ਼ ਬਣਦਾ ਹੈ ਵਾਰੇ ਜਾਣੂੰ ਕਰਵਾਇਆ ਅਤੇ ਬੀਕਾਸ ਦੇ ਅਗਾਂਹ ਵਧੂ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਅਤ ਲਈ ਹਰ ਤ੍ਹਰਾਂ ਦਾ ਸਹਿਯੋਗ ਦੇਣ ਲਈ ਹੁੰਗਾਰਾ ਭਰਦਿਆਂ ਬੀਕਾਸ ਕਮੇਟੀ ਦੇ ਮੈਂਬਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ।
ਅਖੀਰ ਵਿੱਚ ਉਪ ਪ੍ਰਧਾਨ ਸ੍ਰ: ਸੁਖਦੇਵ ਸਿੰਘ ਹੋਰਾਂ ਨੇ ਆਏ ਮਹਿਮਾਨਾਂ, ਸਰੋਤਿਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਜਾਬ ਰੇਡੀਓ, ਪੰਜਾਬ ਕਮਿਉਨਟੀ ਸੈਂਟਰ, ਵੈਨਟਨਰ ਹਾਲ, ਸਬ ਰੰਗ ਰੇਡੀਓ,ਬੌਲੀਵੁੱਡ ਵੀਡੀਓ, ਆਪਣਾ ਖਾਣਾ ਕੇਟਰਿੰਗ ਅਤੇ ਉਹਨਾਂ ਵਿਅਕਤੀਆਂ ਦਾ ਧੰਨਵਾਦ ਕੀਤਾ ਜ੍ਹਿਨਾਂ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਇਆ । ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਆਪਣਾ ਖਾਣਾ ਕੇਟਰਿੰਗ ਦੇ ਗਰਮਾ ਗਰਮ ਸਵਾਦੀ ਭੋਜਨ ਦਾ ਸਭ ਨੇ ਅਨੰਦ ਮਾਣਿਆ ਅਤੇ ਅਗਲੇ ਸਾਲ ਦੇ ਕਵੀ ਦਰਬਾਰ ਦੀ ਤਾਂਘ ਵਿੱਚ ਘਰਾਂ ਨੂੰ ਚਾਲੇ ਪਾਏ ।

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ