Saturday, November 29, 2008

ਯੂਰਪੀਨ ਪੰਜਾਬੀ ਸੱਥ ਦਾ ਸਾਲਾਨਾ ਸਮਾਗਮ





























ਯੂਰਪੀਨ ਪੰਜਾਬੀ ਸੱਥ ਦੇ ਸਾਲਾਨਾ ਸਮਾਗਮ ਦੀ ਰੀਪੋਰਟ

ਰਿਪੋਰਟ: ਨਿਰਮਲ ਸਿੰਘ ਕੰਧਾਲਵੀ

ਦਿਨ ਸ਼ਨਿਚਰਵਾਰ 14 ਜੂਨ ਸੰਨ 2008 ਨੂੰ ਪੰਜਾਬੀ ਸੱਥ ਦੀ ਯੂਰਪੀਨ ਇਕਾਈ ਵਲੋਂ ਸੱਥ ਦਾ ਵਰ੍ਹੇਵਾਰ ਅੱਠਵਾਂ ਜੋੜ-ਮੇਲਾ ਵੈਸਟ ਮਿਡਲੈਂਡ, ਇੰਗਲੈਂਡ,ਦੇ ਵਿਲਨਹਾਲ ਟਾਊਨ ਵਿਚ ਸ਼ਾਈਨ ਸਟਾਰ ਬੈਂਕੁਇਟਿੰਗ ਹਾਲ ਵਿਚ ਦੁਪਹਿਰ ਦੇ ਦੋ ਵਜੇ ਤੋਂ ਲੈ ਕੇ ਸ਼ਾਮ ਦੇ ਸੱਤ ਵਜੇ ਤੱਕ ਜੁੜਿਆ।ਸਕਾਟਲੈਂਡ ਤੋਂ ਲੰਡਨ ਤੱਕ ਅਤੇ ਵੇਲਜ਼ ਤੋਂ ਲੈ ਕੇ ਯਾਰਕਸ਼ਾਇਰ ਤੱਕ ਪੰਜਾਬੀ ਪ੍ਰੇਮੀਆਂ ਨੇ ਇਸ ਵਿਚ ਹਿੱਸਾ ਲਿਆ ਜਿਸ ਵਿਚ ਪੰਜਾਬੀ ਮਾਂ-ਬੋਲੀ ਤੇ ਸੱਭਿਆਚਾਰ ਨੂੰ ਚਾਰ ਚੰਨ ਲਾਉਣ ਵਾਲੀਆਂ ਤਿੰਨ ਸ਼ਖ਼ਸੀਅਤਾਂ ਨੂੰ ਸੱਥ ਵਲੋਂ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਪੰਜਾਬੀ ਭਾਸ਼ਾ ਦੇ ਦੋ ਪ੍ਰਸਿੱਧ ਲਿਖ਼ਾਰੀ ਬੀਬੀ ਕੈਲਾਸ਼ ਪੁਰੀ ਅਤੇ ਬਲਬੀਰ ਸਿੰਘ ਕੰਵਲ ਅਤੇ ਯੂ.ਕੇ. ਦੇ ਖੇਡ-ਜਗਤ ਵਿਚ ਨਾਮਣਾ ਖੱਟਣ ਵਾਲੇ ਝਲਮਣ ਸਿੰਘ ਵੜੈਚ ਸਨ।ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਲਈ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ, ਸੰਚਾਲਕ ਮੰਜਕ ਪੰਜਾਬੀ ਸੱਥ ਭੰਗਾਲਾ ਹਾਜ਼ਰ ਹੋਏ।ਪੰਜਾਬ ਤੋਂ ਹੀ ਆਏ ਹੋਏ ਪ੍ਰੋਫੈਸਰ ਸਾਹਿਬਾ ਨਵਰੂਪ ਮਾਗੋ,ਪ੍ਰਸਿੱਧ ਗੀਤਕਾਰ ਅਲਮਸਤ ਦੇਸਰਪੁਰੀ,ਜਸਵੀਰ ਕੌਰ ਨੱਤ ਅਤੇ ਸੁਖਦਰਸ਼ਨ ਸਿੰਘ ਨੱਤ ਹੋਰੀਂ ਵੀ ਇਸ ਪ੍ਰੋਗਰਾਮ ਵਿਚ ਹਾਜ਼ਰੀ ਭਰੀ।ਪੰਜਾਬੀ ਸੱਥ ਲਾਂਬੜਾ ਦੇ ਸੰਚਾਲਕ ਡਾਕਟਰ ਨਿਰਮਲ ਸਿੰਘ ਹੋਰਾਂ ਆਪਣੀਆਂ ਅਸੀਸਾਂ ਵਿਸ਼ੇਸ਼ ਤੌਰ ‘ਤੇ ਲਿਖ਼ਤੀ ਰੂਪ ਵਿਚ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਭੇਜੀਆਂ।
ਪੰਜਾਬ ਰੇਡੀਉ, ਲੰਡਨ ਨੇ ਸਾਰਾ ਹੀ ਪ੍ਰੋਗਰਾਮ ਲਾਈਵ ਪ੍ਰਸਾਰਿਤ ਕੀਤਾ ਜਿਸ ਦੀ ਸਪਾਂਸਰਸ਼ਿੱਪ ਦੀ ਸੇਵਾ ਪੀਟਰਬਰੋ ਤੋਂ ਸਰਦਾਰ ਟਹਿਲ ਸਿੰਘ ਹੋਰਾਂ ਨੇ ਕੀਤੀ।ਇਸ ਪ੍ਰੋਗਰਾਮ ਦੀ ਕਵਰੇਜ ਲਈ ਸਿੱਖ ਟਾਈਮਜ਼ ਤੋਂ ਜਸਪਾਲ ਸਿੰਘ ਬੈਂਸ, ਪੰਜਾਬ ਟਾਈਮਜ਼ ਤੋਂ ਰਾਜਿੰਦਰ ਸਿੰਘ ਪੁਰੇਵਾਲ, ਮਨਜਿੱਤ ਵੀਕਲੀ ਤੋਂ ਕਰਮ ਸਿੰਘ ਕਰਮ ਹਾਜ਼ਰ ਹੋਏ।ਵੀਡੀਉ ਦੀ ਸੇਵਾ ਮਨਜੀਤ ਸਿੰਘ ਮਨੀ ਵੀਡੀਉ ਵਿਲਨਹਾਲ ਅਤੇ ਸਟਿੱਲ ਫੋਟੋਗ੍ਰਾਫ਼ੀ ਦੀ ਸੇਵਾ ਪ੍ਰਸਿੱਧ ਪੱਤਰਕਾਰ ਦਲਬੀਰ ਸਿੰਘ ਸੁੰਮਨ ਹੋਰਾਂ ਨਿਭਾਈ।ਪ੍ਰਧਾਨਗੀ ਮੰਡਲ ਵਿਚ ਸੁਰਜੀਤ ਸਿੰਘ ਕਾਲੜਾ, ਸ਼੍ਰੀਮਤੀ ਕੈਲਾਸ਼ ਪੁਰੀ, ਬਲਬੀਰ ਸਿੰਘ ਕੰਵਲ,ਝਲਮਣ ਸਿੰਘ ਵੜੈਚ ਅਤੇ ਨਿਰਮਲ ਸਿੰਘ ਕੰਧਾਲਵੀ ਹੋਰੀਂ ਸ਼ਾਮਲ ਹੋਏ।
ਸ਼ੁਰੂਆਤ ਕਾਕਾ ਜਸਕੀਰਤ ਸਿੰਘ ਅਤੇ ਕਾਕਾ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਹਰਜਿੰਦਰ ਸਿੰਘ ਸੰਧੂ ਅਤੇ ਮਲਕੀਅਤ ਸਿੰਘ ਸੰਧੂ ਦੀਆਂ ਕਵਿਤਾਵਾਂ ਪੜ੍ਹ ਕੇ ਕੀਤੀ।ਯੂ.ਕੇ. ਭਰ ਦੇ ਚੋਟੀ ਦੇ ਕਵੀਆਂ ਤੋਂ ਇਲਾਵਾ ਜਿਨ੍ਹਾਂ ਹੋਰ ਸ਼ਖ਼ਸੀਅਤਾਂ ਨੇ ਹਾਜ਼ਰ ਹੋਕੇ ਪ੍ਰੋਗਰਾਮ ਦੀ ਰੌਣਕ ਨੂੰ ਵਧਾਇਆ ਉਨ੍ਹਾਂ ਵਿਚ ਪੰਜਾਬੀ ਲਿਖ਼ਾਰੀ ਸੁਰਜੀਤ ਸਿੰਘ ਕਾਲੜਾ, ਅਜਮੇਰ ਸਿੰਘ ਕਵੈਂਟਰੀ, ਸਕਾਟਲੈਂਡ ਤੋਂ ਸੱਥ ਦੇ ਮੁਢਲੇ ਸਹਿਯੋਗੀ ਪਰਮਜੀਤ ਸਿੰਘ ਸੰਧੂ,ਸੱਥ ਦੇ ਸਹਿਯੋਗੀ ਨਿਰਮਲ ਸਿੰਘ ਧਾਲੀਵਾਲ ਟੈਲਫੋਰਡ ਤੋਂ,ਸਿੱਖ ਨਾਰੀ ਮੰਚ ਤੋਂ ਅਵਤਾਰ ਸਿੰਘ ਅਬਰੋਲ ਤੇ ਬੀਬੀ ਗੁਰਦੇਵ ਕੌਰ, ਕਵੈਂਟਰੀ ਤੋਂ ਕੁਲਵੰਤ ਸਿੰਘ ਸੈਣੀ ਤੇ ਪਰਿਵਾਰ, ਬੀ.ਬੀ.ਸੀ.ਦੇ ਪਰੈਜ਼ੈਂਟਰ ਰਵਿੰਦਰ ਸਿੰਘ ਕੁੰਦਰਾ,ਸੁਦਰਸ਼ਨ ਕੌਰ,ਸੰਤੋਖ ਸਿੰਘ ਹੇਅਰ,ਕਿਰਪਾਲ ਸਿੰਘ ਪੂਨੀ,ਕੁਲਵੰਤ ਸਿੰਘ ਢੇਸੀ,ਸਤਪਾਲ ਡੁਲ੍ਹਕੂ,ਸੁਰਿੰਦਰ ਗਾਖਲ,ਮਨਜੀਤ ਕੌਰ ਰਤਨ ਅਤੇ ਕੁਲਦੀਪ ਬਾਂਸਲ,ਗੁਰਜੀਤ ਸਿੰਘ ਤੱਖਰ, ਬਰਮਿੰਘਮ ਤੋਂ ਪੰਥਕ ਕਵੀ ਗੁਰਦੇਵ ਸਿੰਘ ਮਠਾੜੂ,ਰਣਜੀਤ ਸਿੰਘ ਰਾਣਾ( ਅਸਲੀ )ਦੇਵ ਰਾਜ ਜੱਸਲ, ਹਾਸਰਸ ਦੇ ਬਾਦਸ਼ਾਹ ਤੇਜਾ ਸਿੰਘ ਤੇਜ, ਗੁਰਚਰਨ ਸਿੰਘ ਲੋਟੇ, ਰਾਜਿੰਦਰ ਸਿੰਘ ਭੋਗਲ ਤੇ ਪਰਿਵਾਰ, ਡਾਕਟਰ ਜਗਜੀਤ ਸਿੰਘ ਟੌਂਕ ਐਮ.ਬੀ.ਏ. ਤੇ ਪਰਿਵਾਰ,ਸਿੱਖ ਯੂਥ ਐਂਡ ਕਮਿਊਨਿਟੀ ਸਰਵਿਸ ਦੇ ਚੇਅਰਮੈਨ ਦਲ ਸਿੰਘ ਢੇਸੀ,ਨਰੇਸ਼ ਚਾਂਦਲਾ, ਹਰੀਸ਼ ਮਲਹੋਤਰਾ,ਅਜੀਤ ਸਿੰਘ ਉਭੀ,ਅਮਰਜੀਤ ਕੌਰ ਅਨੇਜਾ, ਯਾਰਕਸ਼ਾਇਰ ਤੋਂ ਮਹਿੰਦਰ ਸਿੰਘ ਖਿੰਡਾ,ਪ੍ਰਸਿੱਧ ਸ਼ਾਇਰਾ ਨਰਿੰਦਰ ਕੌਰ ਸੁੰਮਨ,ਮਨਜੀਤ ਸਿੰਘ ਸੁੰਮਨ,ਪ੍ਰੋ.ਬਖ਼ਸ਼ੀਸ਼ ਸਿੰਘ,ਜੋਗਾ ਸਿੰਘ ਨਿਰਵਾਣ,ਤਰਲੋਚਨ ਸਿੰਘ ਦੁੱਗਲ,ਕਸ਼ਮੀਰ ਸਿੰਘ ਘੁੰਮਣ ਭਾਰਪੁਰੀ,ਲਮਿੰਗਟਨ ਤੋਂ ਬੀਬੀ ਜਗਜੀਤ ਕੌਰ ਜੌਹਲ ਤੇ ਬੀਬੀ ਇਕਬਾਲ ਕੌਰ ਛੀਨਾ,ਸਾਬਕਾ ਲਾਰਡ ਮੇਅਰ ਮੋਤਾ ਸਿੰਘ ਅਤੇ ਰਾਜਿੰਦਰ ਸਿੰਘ, ਲੈਸਟਰ ਤੋਂ ਬਲਰਾਜ ਸਿੰਘ ਸੰਧਰ ਅਤੇ ਪਰਿਵਾਰ,ਸੁਖਦੇਵ ਸਿੰਘ ਬਾਂਸਲ,ਡਰਬੀ ਤੋਂ ਬਲਵਿੰਦਰ ਸਿੰਘ ਨੰਨੂਆਂ, ਲਾਂਗਈਟਨ ਤੋਂ ਪਰਮਜੀਤ ਸਿੰਘ ਥਾਂਦੀ, ਗਰੇਵਜ਼ੈਂਡ ਤੋਂ ਸਾਧੂ ਸਿੰਘ ਰੰਧਾਵਾ ਤੇ ਪਰਿਵਾਰ, ਵੁਲਵਰਹੈਂਪਟਨ ਤੋਂ ਡਾਕਟਰ ਦਵਿੰਦਰ ਕੌਰ, ਦਲਬੀਰ ਕੌਰ,ਪ੍ਰਸਿੱਧ ਗੀਤਕਾਰ ਜੰਡੂ ਲਿੱਤਰਾਂ ਵਾਲਾ ਤੇ ਚੰਨ ਜੰਡਿਆਲਵੀ,ਅੱਛਰ ਸਿੰਘ ਹੁਸ਼ਿਆਰਪੁਰੀ,ਭੂਪਿੰਦਰ ਸਿੰਘ ਸੱਗੂ,ਡਾਕਟਰ ਰਤਨ ਰੀਹਲ,ਮਨਜੀਤ ਸਿੰਘ ਕਮਲਾ,ਮਨਮੋਹਨ ਸਿੰਘ ਮਹੇੜੂ, ਸੁਰਿੰਦਰ ਸਾਗਰ, ਕੈਂਟ ਤੋਂ ਬੀਬੀ ਅਮਰਜੀਤ ਕੌਰ,ਦਲਜੀਤ ਕੌਰ ਮਾਨ ਨੌਟਿੰਘਮ ਤੋਂ,ਟੈਲਫੋਰਡ ਤੋਂ ਕੌਂਸਲਰ ਕੁਲਦੀਪ ਸਿੰਘ,ਵਾਲਸਾਲ ਵਿਲਨਹਾਲ ਤੋਂ ਮਹਿੰਦਰ ਸਿੰਘ ਦਿਲਬਰ, ਜਸਵੀਰ ਸਿੰਘ ਬਚਰਾ,ਗਿਆਨੀ ਜਰਨੈਲ ਸਿੰਘ ਪ੍ਰਭਾਕਰ,ਸੁਖਪਾਲ ਸਿੰਘ ਢਿੱਲੋਂ, ਕਰਿਊ ਤੋਂ ਵੀਰ ਸਿੰਘ ਢਿੱਲੋਂ ਉਰਫ਼ ਸੋਖਾ ਮੀਂਊਂਵਾਲੀਆ ਅਤੇ ਹੋਰ ਸੈਂਕੜੇ ਸੱਥ ਦੇ ਪ੍ਰੇਮੀਆਂ ਨੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਕੇ ਪੰਜਾਬੀ ਸੱਭਿਆਚਾਰ ਅਤੇ ਮਾਂ-ਬੋਲੀ ਨਾਲ ਆਪਣੇ ਪਿਆਰ ਦਾ ਸਬੂਤ ਦਿੱਤਾ।
ਕੁਝ ਕਵੀਜਨਾਂ ਦੀਆਂ ਰਚਨਾਵਾਂ ਸੁਣਨ ਤੋਂ ਬਾਅਦ ਮਾਣ-ਸਨਮਾਨ ਦੀ ਰਸਮ ਕੀਤੀ ਗਈ।ਸਭ ਤੋਂ ਪਹਿਲਾਂ ਸੰਸਾਰ ਪ੍ਰਸਿੱਧ ਪੰਜਾਬੀ ਸਾਹਿਤਕਾਰਾ ਸ਼੍ਰੀਮਤੀ ਕੈਲਾਸ਼ ਪੁਰੀ ਜੀ ਦਾ ਸੱਥ ਵਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਦੇ ਗਲ ਵਿਚ ਸੋਨੇ ਦਾ ਮੈਡਲ ਪਾਉਣ ਦੀ ਸੇਵਾ ਬੀਬੀ ਦਲਵੀਰ ਕੌਰ ਸੰਧੂ ਹੋਰੀਂ ਨਿਭਾਈ,ਫੁਲਕਾਰੀ ਭੇਂਟ ਕਰਨ ਦੀ ਸੇਵਾ ਰਸ਼ਮਿੰਦਰ ਕੌਰ ਸਰਾਏ ਅਤੇ ਸਿਰਪਾਉ ਭੇਂਟ ਕਰਨ ਦੀ ਸੇਵਾ ਬੀਬੀ ਗੁਰਦੇਵ ਕੌਰ ਜੀ ਨੇ ਕੀਤੀ।ਕੈਲਾਸ਼ ਪੁਰੀ ਜੀ ਤੋਂ ਬਾਅਦ ਬਲਬੀਰ ਸਿੰਘ ਕੰਵਲ ਜੀ ਨੂੰ ਮੈਡਲ ਦੀ ਸੇਵਾ ਪ੍ਰਿੰਸੀਪਲ ਕੁਲਵਿੰਦਰ ਸਿੰਘ ਸਰਾਏ, ਲੋਈ ਭੇਂਟ ਕਰਨ ਦੀ ਸੇਵਾ ਹਰਜਿੰਦਰ ਸਿੰਘ ਸੰਧੂ ਅਤੇ ਸਿਰੋਪਾਉ ਦੀ ਸੇਵਾ ਅਜਮੇਰ ਸਿੰਘ ਕਵੈਂਟਰੀ ਜੀ ਨੇ ਨਿਭਾਈ।
ਫੇਰ ਵਾਰੀ ਆਈ ਸਾਡੇ ਉਸ ‘ਨੌਜੁਆਨ’ ਝਲਮਣ ਸਿੰਘ ਵੜੈਚ ਦੀ ਜਿਸ ਨੇ ਕੰਮ ਤੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਤੇ ਡੈਕਾਥਲਾਨ ਤੇ ਪੈਂਟਾਥਲਾਨ ਮੁਕਾਬਲਿਆਂ ਵਿਚੋਂ ਬੇਅੰਤ ਮੈਡਲ,ਟਰਾਫ਼ੀਆਂ ਤੇ ਸਰਟੀਫੀਕੇਟ ਜਿੱਤ ਕੇ ਜਿੱਥੇ ਸਾਰੀ ਪੰਜਾਬੀ ਕਮਿਊਨਿਟੀ ਦਾ ਮਾਣ ਵਧਾਇਆ ਹੈ ਉੱਥੇ ਸਿੱਖੀ ਸਰੂਪ ‘ਚ ਰਹਿੰਦਿਆਂ ਆਉਣ ਵਾਲੀਆਂ ਪਨੀਰੀਆਂ ਲਈ ਇਕ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਹਨ।
ਉਨ੍ਹਾਂ ਨੂੰ ਮੈਡਲ ਭੇਂਟ ਕਰਨ ਦੀ ਸੇਵਾ ਸੁਰਜੀਤ ਸਿੰਘ ਕਾਲੜਾ, ਲੋਈ ਭੇਂਟ ਕਰਨ ਦੀ ਸੇਵਾ ਨਿਰਮਲ ਸਿੰਘ ਕੰਧਾਲਵੀ ਅਤੇ ਸਿਰੋਪਾਉ ਦੀ ਸੇਵਾ ਪਰਮਜੀਤ ਸਿੰਘ ਸੰਧੂ,ਗੁਰਜੀਤ ਸਿੰਘ ਤੱਖਰ ਅਤੇ ਵੀਰ ਸਿੰਘ ਢਿੱਲੋਂ ਹੋਰੀਂ ਕੀਤੀ।
ਬਹੁਤ ਹੀ ਸ਼ਾਨਦਾਰ ਕਵੀ ਦਰਬਾਰ ਹੋਇਆ ਤੇ ਵਿਚਾਰਵਾਨਾਂ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।
ਸੱਥ ਵਲੋਂ ਪ੍ਰਕਾਸ਼ਿਤ ਪੁਸਤਕਾਂ ਦਾ ਲੰਗਰ ਵਰਤਾਇਆ ਗਿਆ।ਇੰਜ ਇਹ ਪ੍ਰੋਗਰਮ ਛੇ ਕੁ ਵਜੇ ਸਮਾਪਤ ਹੋਇਆ।ਆਏ ਹੋਏ ਮਹਿਮਾਨਾਂ ਦੀ ਸੇਵਾ ਸ਼ੁੱਧ ਪੰਜਾਬੀ ਭੋਜਨ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਨਾਲ ਕੀਤੀ ਗਈ।
ਸੱਥ ਵਲੋਂ ਉਨ੍ਹਾਂ ਸਭ ਭੈਣਾਂ,ਭਰਾਵਾਂ,ਬਜ਼ੁਰਗਾਂ,ਮਾਤਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਵਿਚ ਹਿੱਸਾ ਲੈ ਕੇ ਇਸ ਨੂੰ ਕਾਮਯਾਬ ਕੀਤਾ।

ਹਰਜਿੰਦਰ ਸਿੰਘ ਸੰਧੂ ਦੀ ਪਲੇਠੀ ਕਿਤਾਬ 'ਅੱਗ ਦੇ ਅੱਥਰੂ' ਰਿਲੀਜ਼







ਹਰਜਿੰਦਰ ਸਿੰਘ ਸੰਧੂ ਦੀ ਪਲੇਠੀ ਕਿਤਾਬ 'ਅੱਗ ਦੇ ਅੱਥਰੂ' ਰਿਲੀਜ਼
ਰਿਪੋਰਟ: ਨਿਰਮਲ ਕੰਧਾਲ਼ਵੀ
23 ਅਪ੍ਰੈਲ 2008 ਦਿਨ ਬੁੱਧਵਾਰ ਨੂੰ ਸ਼ਾਮ ਦੇ ਛੇ ਵਜੇ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ, ਸੋਹੋ ਰੋਡ, ਬਰਮਿੰਘਮ ( ਯੂ.ਕੇ.)ਵਿਖੇ ਪੰਜਾਬੀ ਸੱਥ ਲਾਂਬੜਾ (ਪੰਜਾਬ ) ਦੀ ਯੂ.ਕੇ. ਅਤੇ ਯੂਰਪੀਨ ਇਕਾਈ ਵਲੋਂ, ਹਰਜਿੰਦਰ ਸਿੰਘ ਸੰਧੂ ਦੀ ਪਲੇਠੀ ਕਿਤਾਬ “ ਅੱਗ ਦੇ ਅੱਥਰੂ” ਜਾਰੀ ਕੀਤੀ ਗਈ।ਆਸਟਰੇਲੀਆ ਤੋਂ ਆਏ ਵਿਸ਼ੇਸ਼ ਮਹਿਮਾਨ ਲੇਖ਼ਕ ਗਿਆਨੀ ਸੰਤੋਖ ਸਿੰਘ ਅਤੇ ਵਲੈਤ ਦੀ ਧਰਤ ਤੋਂ ਅਜਮੇਰ ਸਿੰਘ ਕਵੈਂਟਰੀ ਹੋਰੀਂ ਇਸ ਰਸਮ ਨੂੰ ਨਿਭਾਉਣ ਦਾ ਸ਼ਰਫ਼ ਹਾਸਲ ਕੀਤਾ।
ਸਮਾਗਮ ਵਿਚ ਮਿੱਡਲੈਂਡ ਦੇ ਮੰਨੇ-ਪ੍ਰਮੰਨੇ ਕਵੀਆਂ ਤੋਂ ਇਲਾਵਾ ਹੋਰ ਉੱਘੀਆਂ ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ ਜਿਨ੍ਹਾਂ ਵਿਚ ਖੇਡ-ਸੰਸਾਰ ਦੇ ਸਿਤਾਰੇ ਝਲਮਣ ਸਿੰਘ ,ਜਸਪਾਲ ਸਿੰਘ ਬੈਂਸ ਈਸਟਰਨ ਮੀਡੀਆ ਤੋਂ, ਕੌਂਸਲਰ ਚਮਨ ਲਾਲ, ਮਨਮੋਹਨ ਸਿੰਘ ਮਹੇੜੂ, ਅਵਤਾਰ ਸਿੰਘ ਅਬਰੋਲ ਤੇ ਬੀਬੀ ਗੁਰਦੇਵ ਕੌਰ,ਗੁਰਜੀਤ ਸਿੰਘ ਤੱਖਰ, ਵੀਰ ਸਿੰਘ ਢਿੱਲੋਂ ਉਰਫ਼ ਸੋਖਾ ਮੀਓਂਵਾਲੀਆ,ਜਰਨੈਲ ਸਿੰਘ ਪ੍ਰਭਾਕਰ,ਗ੍ਰੰਥੀ ਸਤਨਾਮ ਸਿੰਘ ਅਤੇ ਗ੍ਰੰਥੀ ਨਿਰਮਲ ਸਿੰਘ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਸਟੇਜ ਸਕੱਤਰ ਨਿਰਮਲ ਸਿੰਘ ਕੰਧਾਲਵੀ ਹੋਰੀਂ ਹਰਜਿੰਦਰ ਸਿੰਘ ਸੰਧੂ ਦੀ ਕਿਤਾਬ ‘ਚੋਂ ਕੁਝ ਦਿਲ ਟੁੰਬਵੀਆਂ ਸਤਰਾਂ ਸੁਣਾ ਕੇ ਸਮਾਗਮ ਦਾ ਮੁੱਢ ਬੰਨ੍ਹਿਆਂ।ਇਸ ਤੋਂ ਬਾਅਦ ਸਰਦਾਰ ਮੋਤਾ ਸਿੰਘ ਸਰਾਏ ਹੋਰੀਂ ਪੰਜਾਬੀ ਸੱਥ ਦੀਆਂ ਸਰਗਰਮੀਆਂ ਉੱਪਰ ਪੰਛੀ-ਝਾਤ ਪੁਆਈ ਤੇ ਹਰਜਿੰਦਰ ਸਿੰਘ ਸੰਧੂ ਨੂੰ ਉਹਦੀ ਪਲੇਠੀ ਕਿਤਾਬ ਛਪਣ ‘ਤੇ ਵਧਾਈ ਦਿੱਤੀ।ਹਰਜਿੰਦਰ ਸਿੰਘ ਸੰਧੂ ਨੇ ਆਪਣੀ ਕਿਤਾਬ ਅਤੇ ਆਪਣੀ ਸ਼ਾਇਰੀ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।
ਇਸ ਤੋਂ ਬਾਅਦ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਵਿਚ ਸਰਬ ਸ਼੍ਰੀ ਮਨਜੀਤ ਸਿੰਘ ਕਮਲਾ,ਦਲਬੀਰ ਕੌਰ,ਹਰਬੰਸ ਸਿੰਘ ਜੰਡੂ,ਚੰਨ ਜੰਡਿਆਲਵੀ,ਨਿਰਮਲ ਸਿੰਘ ਕੰਧਾਲਵੀ,ਮਹਿੰਦਰ ਸਿੰਘ ਦਿਲਬਰ,ਸੁਰਿੰਦਰ ਸਿੰਘ ਸਾਗਰ,ਸੋਹਣ ਸਿੰਘ ਭੂਖੜੀਵਾਲਾ,ਰਾਜ ਕੁਮਾਰ ਲਾਲੀ,ਤਾਰਾ ਸਿੰਘ ਤਾਰਾ,ਸੰਤੋਖ ਸਿੰਘ ਹੇਅਰ,ਕੁਲਵੰਤ ਸਿੰਘ ਢੇਸੀ,ਸੁਰਿੰਦਰਪਾਲ ਸਿੰਘ ਅਤੇ ਕਵੈਂਟਰੀ ਤੋਂ ਹੀ ਗਾਖਲ ਹੋਰੀਂ ਆਪਣਾ ਕਲਾਮ ਸੁਣਾ ਕੇ ਸਮਾਗਮ ਦੀ ਰੌਣਕ ਨੂੰ ਵਧਾਇਆ।
ਗਿਆਨੀ ਸੰਤੋਖ ਸਿੰਘ ਅਤੇ ਅਜਮੇਰ ਸਿੰਘ ਕਵੈਂਟਰੀ ਹੋਰੀਂ ਕਿਤਾਬ ਨੂੰ ਚਾਂਦੀ-ਰੰਗੇ ਕਾਗਜ਼ਾਂ ਦੀ ਬੁੱਕਲ ‘ਚੋਂ ਕੱਢ ਕੇ ਸਰੋਤਿਆਂ ਦੇ ਰੂਬਰੂ ਕੀਤਾ।ਗਿਆਨੀ ਜੀ ਅਤੇ ਅਜਮੇਰ ਹੋਰੀਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਸੰਬੰਧੀ ਬੜੇ ਨਿੱਗਰ ਵਿਚਾਰ ਪੇਸ਼ ਕੀਤੇ।ਪੰਜਾਬੀ ਭਾਸ਼ਾ ਸੰਬੰਧੀ ਸਭ ਦੇ ਇਹੋ ਵਿਚਾਰ ਸਨ ਕਿ ਇਕੱਲੇ ਮਤੇ ਪਾਸ ਕਰ ਕੇ ਕੁਝ ਨਹੀਂ ਹੋਣਾ ਜਿਤਨਾ ਚਿਰ ਆਪਣੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਕਮਰ-ਕੱਸਾ ਕਰ ਕੇ ਖ਼ੁਦ ਸੰਘਰਸ਼ ਨਹੀਂ ਕਰਦੇ।
ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਦੇ ਚੇਅਰਮੈਨ ਦਲ ਸਿੰਘ ਢੇਸੀ ਹੋਰੀਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗਿਆਨੀ ਸੰਤੋਖ ਸਿੰਘ ਜੀ ਨੂੰ ਭਗਤ ਧੰਨਾ ਜੀ ਮੈਮੋਰੀਅਲ ਸ਼ੀਲਡ ਨਾਲ ਸਨਮਾਨਿਤ ਕੀਤਾ ।
ਸਮਾਗਮ ਵਿਚ ਹਾਜ਼ਰ ਸਭ ਸਰੋਤਿਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਪੰਜਾਬੀ ਸੱਥ ਵਲੋਂ ਵਿਭਿੰਨ ਵਿਸ਼ਿਆਂ ਉੱਪਰ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਜ਼ਰੂਰ ਲੈ ਕੇ ਜਾਣ ਤੇ ਪੜ੍ਹਨ।
ਆਏ ਮਹਿਮਾਨਾਂ ਦੀ ਚਾਹ-ਪਾਣੀ ਨਾਲ ਸੇਵਾ ਕੀਤੀ ਗਈ।
ਨੋਟ:- ਪੰਜਾਬੀ ਸੱਥ ਵਲੋਂ ਇਸੇ ਲੜੀ ਦਾ ਅਗਲਾ ਪ੍ਰੋਗਰਾਮ 11 ਮਈ 2008 ਦਿਨ ਐਤਵਾਰ ਨੂੰ ਦੁਪਿਹਰ ਦੇ ਇਕ ਵਜੇ ਗੁਰੂ ਨਾਨਕ ਗੁਰਦੁਆਰਾ, ਐਡਵਰਡ ਸਟਰੀਟ, ਵੈਸਟ ਬਰਾਮਿਚ ( ਵੈਸਟ ਮਿਡਲੈਂਡਜ਼ ) ਦੇ ਕਮਿਊਨਿਟੀ ਸੈਂਟਰ ਵਿਚ ਕੀਤਾ ਜਾ ਰਿਹਾ ਹੈ ਜਿਸ ਵਿਚ ਪਰਕਾਸ਼ ਸਿੰਘ ਆਜ਼ਾਦ ਦੀ ਕਿਤਾਬ “ਜਦ ਰੋਈ ਧਰਤ ਪੰਜਾਬ ਦੀ” ਜਾਰੀ ਕੀਤੀ ਜਾਵੇਗੀ।

Friday, November 28, 2008

ਪੰਜਾਬੀ ਸੱਥ ਵਲੋਂ ਪਰਕਾਸ਼ ਸਿੰਘ ਆਜ਼ਾਦ ਦੀ ਕਿਤਾਬ ‘ਜਦ ਰੋਈ ਧਰਤ ਪੰਜਾਬ ਦੀ’ ਰਿਲੀਜ਼

ਰਿਪੋਰਟ:- ਨਿਰਮਲ ਸਿੰਘ ਕੰਧਾਲਵੀ

ਮਿਤੀ 10 ਮਈ 2008, ਦਿਨ ਐਤਵਾਰ ਨੂੰ ਗੁਰੂ ਨਾਨਕ ਗੁਰਦੁਆਰਾ, ਐਡਵਰਡ ਸਟਰੀਟ, ਵੈਸਟ ਬਰਾਮਿਚ (ਵੈਸਟ ਮਿਡਲੈਂਡਜ਼ ) ਦੇ ਕਮਿਊਨਿਟੀ ਸੈਂਟਰ ਵਿਚ ਪੰਜਾਬੀ ਸੱਥ ਵਲੋਂ ਪਰਕਾਸ਼ ਸਿੰਘ ਆਜ਼ਾਦ ਦੀ ਕਿਤਾਬ ਜਦ ਰੋਈ ਧਰਤ ਪੰਜਾਬ ਦੀ ਇਕ ਭਰਵੇਂ ਸਮਾਗਮ ਵਿਚ ਰਿਲੀਜ਼ ਕੀਤੀ ਗਈ ਜਿਸ ਵਿਚ ਬਰਤਾਨੀਆ ਭਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਹਿੱਸਾ ਲਿਆ

ਪ੍ਰੋਗਰਾਮ ਤਕਰੀਬਨ ਡੇਢ ਵਜੇ ਸ਼ੁਰੂ ਹੋਇਆਪ੍ਰਧਾਨਗੀ ਮੰਡਲ ਵਿਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਸ਼ੇਰਗਿੱਲ, ਸੁਰਜੀਤ ਸਿੰਘ ਕਾਲੜਾ,ਮੋਤਾ ਸਿੰਘ ਸਰਾਏ, ਕਿਰਪਾਲ ਸਿੰਘ ਪੂਨੀ,ਭਾਰਤੀ ਮਜ਼ਦੂਰ ਸਭਾ ਦੇ ਅਵਤਾਰ ਸਿੰਘ ਜੌਹਲ ਅਤੇ ਪਰਕਾਸ਼ ਸਿੰਘ ਆਜ਼ਾਦ ਹੋਰੀਂ ਸ਼ੁਸ਼ੋਭਿਤ ਹੋਏ

ਪ੍ਰੋਗਰਾਮ ਕਵੀ ਦਰਬਾਰ ਨਾਲ ਸ਼ੁਰੂ ਹੋਇਆ ਜਿਸ ਵਿਚ ਮਹਿੰਦਰ ਸਿੰਘ ਦਿਲਬਰ ਵਾਲਸਾਲ ਤੋਂ ਹਾਸ-ਵਿਅੰਗ ਪਰਚੇ ਅਸਲੀ ਪੰਜਾਬੀ ਮੀਰਜ਼ਾਦਾਦੇ ਸੰਪਾਦਕ ਇੰਦਰਜੀਤ ਸਿੰਘ ਜੀਤ,ਪੰਥਕ ਕਵੀ ਗੁਰਦੇਵ ਸਿੰਘ ਮਠਾੜੂ, ਕਵੈਂਟਰੀ ਤੋਂ ਸੰਤੋਖ ਸਿੰਘ ਹੇਅਰ ਅਤੇ ਕਿਰਪਾਲ ਸਿੰਘ ਪੂਨੀ,ਮਨਜੀਤ ਸਿੰਘ ਕਮਲਾ,ਹਰਮੇਲ ਸਿੰਘ,ਬਹਾਦਰ ਸਿੰਘ,ਪ੍ਰਸਿੱਧ ਗੀਤਕਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ,ਹਾਸਰਸ ਦੇ ਬਾਦਸ਼ਾਹ ਤੇਜਾ ਸਿੰਘ ਤੇਜ,ਹਰਜਿੰਦਰ ਸਿੰਘ ਸੰਧੂ,ਹਰਭਜਨ ਸਿੰਘ ਦਰਦੀ,ਤਾਰਾ ਸਿੰਘ ਤਾਰਾ,ਡਾਕਟਰ ਰਤਨ ਰੀਹਲ,ਰਣਜੀਤ ਸਿੰਘ ਰਾਣਾ (ਅਸਲ਼ੀ),ਪ੍ਰਸਿੱਧ ਗ਼ਜ਼ਲਗੋ ਮੁਸ਼ਤਾਕ ਸਿੰਘ ਅਤੇ ਨਿਰਮਲ ਸਿੰਘ ਕੰਧਾਲਵੀ ਹੋਰੀਂ ਆਪਣਾ-ਆਪਣਾ ਕਲਾਮ ਸੁਣਾਇਆ

----

ਗਿਆਨੀ ਮਹਿੰਦਰਜੀਤ ਸਿੰਘ ਹੋਰੀਂ ਪਰਕਾਸ਼ ਸਿੰਘ ਆਜ਼ਾਦ ਦੀ ਕਿਤਾਬ ਚੋਂ ਇਕ ਗੀਤ ਨੂੰ ਸੰਗੀਤ ਵਿਚ ਢਾਲ ਕੇ ਸਰੋਤਿਆਂ ਦੇ ਸਨਮੁਖ ਕੀਤਾ ਜਿਸ ਨੂੰ ਸਭ ਸਰੋਤਿਆਂ ਨੇ ਭਰਵੀਂ ਦਾਦ ਦਿੱਤੀ

ਜਿੱਥੇ ਸਾਰੇ ਹੀ ਕਵੀਆਂ ਨੇ ਪਰਕਾਸ਼ ਸਿੰਘ ਆਜ਼ਾਦ ਨੂੰ ਉਸ ਦੀ ਨਵੀਂ ਕਿਤਾਬ ਦੀ ਵਧਾਈ ਦਿੱਤੀ ਅਤੇ ਆਪਣਾ ਕਲਾਮ ਸੁਣਾਇਆਉਥੇ ਮਿੱਡਲੈਂਡ ਦੀਆਂ ਹੋਰ ਮਹਾਨ ਸ਼ਖ਼ਸੀਅਤਾਂ ਨੇ ਵੀ ਆਜ਼ਾਦ ਹੋਰਾਂ ਨੂੰ ਵਧਾਈ ਦਿਤੀ ਅਤੇ ਪੰਜਾਬੀ ਬੋਲੀ ਅਤੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਮਸਲਿਆਂ ਬਾਰੇ ਆਪਣੇ ਵਿਚਾਰ ਰੱਖੇ ਜਿਨ੍ਹਾਂ ਵਿਚ ਮੋਤਾ ਸਿੰਘ ਸਰਾਏ, ਈਸਟਰਨ ਮੀਡੀਆ ਤੋਂ ਜਸਪਾਲ ਸਿੰਘ ਬੈਂਸ,ਸੁਖ ਸਾਗਰ ਰੇਡੀਉ ਤੋਂ ਜ਼ੋਰਾਵਰ ਸਿੰਘ ਗਾਖਲ,ਆਈ.ਡਬਲਯੂ.ਏ. ਤੋਂ ਅਵਤਾਰ ਸਿੰਘ ਜੌਹਲ, ਮਨਮੋਹਨ ਸਿੰਘ ਮਹੇੜੂ, ਹਰਭਜਨ ਸਿੰਘ ਦਰਦੀ ਅਤੇ ਦਲ ਸਿੰਘ ਢੇਸੀ ਸ਼ਾਮਲ ਸਨਜੌਹਲ ਹੋਰੀਂ ਸੁਝਾਉ ਦਿੱਤਾ ਕਿ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਵਧਾਈ ਦਿੱਤੀ ਜਾਵੇ ਜਿਸ ਨੇ ਸਰਕਾਰੀ ਦਫ਼ਤਰਾਂ ਚ ਪੰਜਾਬੀ ਭਾਸ਼ਾ ਲਾਗੂ ਕਰਨ ਬਾਰੇ ਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਦਸਵੀਂ ਤੱਕ ਪੰਜਾਬੀ ਨੂੰ ਲਾਜ਼ਮੀ ਕਰਨ ਬਾਰੇ ਵਿਧਾਨ ਸਭਾ ਚ ਮਤਾ ਪਾਸ ਕੀਤਾ ਅਤੇ ਨਵਾਂ ਸ਼ਹਿਰ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ

ਕਿਤਾਬ ਰਿਲੀਜ਼ ਕਰਨ ਤੋਂ ਪਹਿਲਾਂ ਪਰਕਾਸ਼ ਸਿੰਘ ਆਜ਼ਾਦ ਹੋਰੀਂ ਆਪਣੀ ਨਵੀਂ ਛਪੀ ਕਿਤਾਬ ਵਿਚੋਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ

ਆਏ ਸਰੋਤਿਆਂ, ਕਵੀਆਂ ਸਭ ਦੀ ਸੇਵਾ ਚਾਹ ਪਾਣੀ ਨਾਲ ਕੀਤੀ ਗਈ

ਸਟੇਜ ਦੀ ਸੇਵਾ ਨਿਰਮਲ ਸਿੰਘ ਕੰਧਾਲਵੀ ਹੋਰੀਂ ਬਾਖ਼ੂਬੀ ਨਿਭਾਈ

ਯਾਦ ਰਹੇ ਪੰਜਾਬੀ ਸੱਥ ਦੇ ਉੱਦਮ ਨਾਲ ਇਹ ਕਿਤਾਬ ਪਾਠਕਾਂ ਦੇ ਹੱਥਾਂ ਤੱਕ ਪਹੁੰਚੀ ਹੈਇਸੇ ਲੜੀ ਦਾ ਅਗਲਾ ਪ੍ਰੋਗਰਾਮ ਬਰੈਡਫ਼ੋਰਡ ਵਿਚ ਹੋਇਆ ਜਿਸ ਵਿਚ ਮਲਕੀਤ ਸਿੰਘ ਸੰਧੂ ਹੋਰਾਂ ਦੀ ਕਿਤਾਬ ਨਜ਼ਰ ਲੱਗੇ ਨਾ ਕਦੇ ਪੰਜਾਬ ਤਾਈਂ ਰਿਲੀਜ਼ ਕੀਤੀ ਗਈ।
















Wednesday, November 19, 2008

ਇੰਦਰਜੀਤ ਨੰਦਨ ਦੀ ਪੁਸਤਕ ’ਤੇ ਗੋਸ਼ਟੀ


ਇੰਦਰਜੀਤ ਨੰਦਨ ਦੀ ਪੁਸਤਕ 'ਤੇ ਗੋਸ਼ਟੀ
ਰਿਪੋਰਟਰ: ਜਸਵੀਰ ਹੁਸੈਨ ( ਇੰਡੀਆ)
ਨੌਜਵਾਨ ਕਵਿੱਤਰੀ ਇੰਦਰਜੀਤ ਨੰਦਨ ਦੀ ਪੁਸਤਕ ‘ਸ਼ਹੀਦ ਭਗਤ ਸਿੰਘ ਅਣਥੱਕ ਜੀਵਨ ਗਾਥਾ’ ਉੱਪਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਹ ਗੋਸ਼ਟੀ ਸ਼ਬਦ ਮੰਡਲ ਵਲੋਂ ਕਰਵਾਈ ਗਈ। ਪੁਸਤਕ ’ਤੇ ਪਰਚਾ ਡਾ. ਤਜਿੰਦਰ ਵਿਰਲੀ ਨੇ ਪੇਸ਼ ਕੀਤਾ। ਪੇਪਰ ’ਚ ਉਹਨਾਂ ਨੇ ਕਿਹਾ ਕਿ ਇੰਦਰਜੀਤ ਦੀ ਇਹ ਲੰਬੀ ਕਵਿਤਾ ਸ਼ਹੀਦ ਭਗਤ ਸਿੰਘ ਦੇ ਬਿੰਬ ਨੂੰ ਬੜੀ ਖ਼ੂਬਸੂਰਤੀ ਨਾਲ ਉਭਾਰਦੀ ਹੈ। ਭਗਤ ਸਿੰਘ ਨੂੰ ਨਾਇਕ ਦੇ ਰੂਪ ’ਚ ਉਭਾਰਨ ਵਾਲਾ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ, ਪਰੰਤੂ ਇਹ ਕਾਵਿ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਲਿਖਿਆ ਗਿਆ ਹੈ। ਇਹ ਇਸ ਸਮੇਂ ਦੀ ਬਹੁਤ ਜ਼ਰੂਰਤ ਸੀ।
ਪ੍ਰੋ: ਜਗਵਿੰਦਰ ਯੋਧਾ ਨੇ ਪੁਸਤਕ ਦੇ ਮਹਾਂਕਾਵਿ ਹੋਣ ਦੀਆਂ ਸੰਭਾਵਨਾਵਾਂ ’ਤੇ ਵਿਸਤਾਰ ਨਾਲ ਰੌਸ਼ਨੀ ਪਾਈ। ਉਹਨਾਂ ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਵੀ ਕਿਹਾ ਕਿ ਭਗਤ ਸਿੰਘ ਦੀ ਜਨਮ ਸ਼ਤਾਬਦੀ ਹੋਣ ਕਰਕੇ ਬਹੁਤ ਸਾਰਾ ਸਾਹਿਤ ਇਸ ਸਬੰਧੀ ਰਚਿਆ ਗਿਆ ਹੈ। ਉਹਨਾਂ ਸਾਹਿਤ ਉੱਪਰ ਮੰਡੀ ਦੇ ਪੈ ਰਹੇ ਪ੍ਰਭਾਵ ਦੀ ਗੱਲ ਆਖੀ। ਜਿਸ ਸਬੰਧੀ ਬਾਅਦ ਵਿਚ ਇੰਦਰਜੀਤ ਨੰਦਨ ਨੇ ਆਪਣੀ ਇਸ ਰਚਨਾ ਬਾਰੇ ਦੱਸਦਿਆਂ ਯੋਧਾ ਦੇ ਇਸ ਵਿਚਾਰ ਨਾਲ ਅਸਹਿਮਤੀ ਪ੍ਰਗਟਾਈ। ਡਾ. ਰਾਮ ਮੂਰਤੀ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਉਸਦੀ ਕਾਵਿ ਸਮਰੱਥਾ ਦੀ ਪੜਤਾਲ ਕੀਤੀ। ਉਹਨਾਂ ਨੇ ਇਸ ਵਿਚ ਕੁਝ ਛੰਦਾਵਲੀ ਦੀ ਸਮੱਸਿਆ ਦਾ ਜ਼ਿਕਰ ਕੀਤਾ। ਇਸਤੋਂ ਬਾਅਦ ਨੌਜਵਾਨ ਆਲੋਚਕ ਹਰਵਿੰਦਰ ਭੰਡਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਜਦੋਂ ਇਸ ਦੌਰ ਵਿਚ 'ਮੈਂ ਮੁਖੀ' ਕਵਿਤਾ ਵਧੇਰੇ ਰਚੀ ਜਾ ਰਹੀ ਹੈ, ਅਜਿਹੇ ਸਮੇਂ ਅਜਿਹੀ ਕਵਿਤਾ ਦੀ ਆਮਦ ਦਾ ਹੋਣਾ ਪੰਜਾਬੀ ਕਵਿਤਾ ਲਈ ਚੰਗੀ ਗੱਲ ਹੈ। ਉਹਨਾਂ ਨੇ ਇਸ ਅਲੱਗ ਕਿਸਮ ਦੀ ਸ਼ਾਇਰੀ ਕਰਨ ਲਈ ਇੰਦਰਜੀਤ ਨੰਦਨ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਤਸਕੀਨ ਤੇ ਕਰਨੈਲ ਸਿੰਘ ਨਿੱਝਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਤਸਕੀਨ ਨੇ ਜਿੱਥੇ ਜਗਵਿੰਦਰ ਯੋਧਾ ਅਤੇ ਡਾ.ਰਾਮ ਮੂਰਤੀ ਦੀ ਗੱਲ ਨੂੰ ਅੱਗੇ ਤੋਰਿਆ ਉੱਥੇ ਕਰਨੈਲ ਸਿੰਘ ਨਿੱਝਰ ਨੇ ਕਿਹਾ ਕਿ ਇਸ ਪੁਸਤਕ ਦੇ ਕਾਵਿ ’ਚੋਂ ਇੰਦਰਜੀਤ ਨੰਦਨ ਦੀ ਲਗਨ ਤੇ ਮਿਹਨਤ ਝਲਕਦੀ ਹੈ। ਉਹਨਾਂ ਇਹ ਵੀ ਕਿਹਾ ਕਿ ਪੁਸਤਕ ਦਾ ਪਾਠ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਵਿੱਤਰੀ ਨੇ ਕਿੰਨਾ ਅਧਿਐਨ ਕੀਤਾ ਹੈ। ਬਾਅਦ ਵਿਚ ਪ੍ਰੋ: ਜਗਮੋਹਨ ਸਿੰਘ ਨੇ ਪੁਸਤਕ ਲਈ ਜਿੱਥੇ ਇੰਦਰਜੀਤ ਦੀ ਇਸ ਕਾਵਿ ਲਈ ਕੀਤੀ ਗਈ ਮਿਹਨਤ ਨੂੰ ਸਰਾਹਿਆ ਉੱਥੇ ਹੀ ਉਹਨਾਂ ਭਗਤ ਸਿੰਘ ਦੁਆਰਾ ਕੀਤੇ ਗਏ ਪੁਸਤਕਾਂ ਦੇ ਅਧਿਐਨ ਬਾਰੇ ਵਿਸਥਾਰ ਵਿੱਚ ਦੱਸਿਆ। ਅੰਤ ਵਿੱਚ ਕਵਿੱਤਰੀ ਨੇ ਆਲੋਚਕਾਂ ਦੁਆਰਾ ਪੁਸਤਕ ਸਬੰਧੀ ਉਠਾਏ ਗਏ ਨੁਕਤਿਆਂ ਬਾਰੇ ਚਰਚਾ ਕੀਤੀ । ਇਸ ਮੌਕੇ ’ਤੇ ਪ੍ਰੇਮ ਪ੍ਰਕਾਸ਼ ਪ੍ਰੋ. ਜਗਮੋਹਨ ਸਿੰਘ, ਡਾ. ਜਸ ਮੰਡ, ਮੋਹਨ ਸਪਰਾ, ਕਰਨੈਲ ਸਿੰਘ ਨਿਝਰ, ਕੁਲਦੀਪ ਸਿੰਘ ਬੇਦੀ, ਸੁਕੀਰਤ, ਡਾ ਕੀਰਤੀ ਕੇਸਰ, ਡਾ ਰਜਨੀਸ਼ ਬਹਾਦਰ ਸਿੰਘ, ਬਲਬੀਰ ਪਰਵਾਨਾ, ਡਾ ਬਲਵੇਂਦਰ ਸਿੰਘ, ਪ੍ਰੋ ਸੁਰਜੀਤ ਜੱਜ, ਸੁਖਵੰਤ, ਆਰਿਫ਼ ਗੋਬਿੰਦਪੁਰੀ, ਸ਼ਬਦ ਮੰਡਲ ਵੱਲੋਂ ਰੀਤੂ ਕਲਸੀ, ਨਵਿਅਵੇਸ਼ ਨਵਰਾਹੀ, ਜਸਵੀਰ ਹੁਸੈਨ, ਅਸ਼ੋਕ ਕਾਸਿਦ, ਦੀਪ ਨਿਰਮੋਹੀ ਸ਼ਾਮਿਲ ਸਨ। ਮੰਚ ਸੰਚਾਲਨ ਜਸਵੀਰ ਹੁਸੈਨ ਅਤੇ ਮਨਦੀਪ ਕੌਰ ਕੰਗ ਨੇ ਕੀਤਾ।

Tuesday, November 18, 2008

ਪੰਜਾਬੀ ਸਾਹਿਤ ਨੂੰ ਪਹਿਲੀ ਵਾਰ ਸੰਸਕ੍ਰਿਤੀ ਪੁਰਸਕਾਰ




ਪੰਜਾਬੀ ਸਾਹਿਤ ਨੂੰ ਪਹਿਲੀ ਵਾਰ ਸੰਸਕ੍ਰਿਤੀ ਪੁਰਸਕਾਰ
ਰਿਪੋਰਟਰ - ਰੀਤੂ ਕਲਸੀ ( ਇੰਡੀਆ)
14 ਨਵੰਬਰ 2008 ਨੂੰ ਇੰਡੀਆ ਇੰਟਰਨੈਸ਼ਨਲ ਸੈਂਟਰ ਦਿੱਲੀ ਵਿਖੇ ਸੰਸਕ੍ਰਿਤੀ ਪੁਰਸਕਾਰ ਵੰਡ ਸਮਾਰੋਹ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਮੈਗਸਸੇ ਐਵਾਰਡ ਜੇਤੂ ਅਰੁਨਾ ਰਾਏ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦਾ ਸ਼ੁਰੂਆਤੀ ਭਾਸ਼ਣ ਪ੍ਰਸਿੱਧ ਹਿੰਦੀ ਕਵੀ ਅਤੇ ਸੰਸਕ੍ਰਿਤੀ ਐਵਾਰਡ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ੋਕ ਵਾਜਪਾਈ ਨੇ ਕੀਤਾ। ਉਹਨਾਂ ਆਪਣੇ ਭਾਸ਼ਣ ਵਿਚ ਇਸ ਗੱਲ ਵੱਲ ਉਚੇਚਾ ਧਿਆਨ ਦੁਆਇਆ,‘‘ ਸੰਸਕ੍ਰਿਤੀ ਪੁਰਸਕਾਰ, ਮੁਲਾਂਕਣ, ਆਪਣੀ ਸਿਰਜਨਾਤਮਿਕ ਆਭਾ, ਕਲਪਨਾਸ਼ੀਲਤਾ ਅਤੇ ਉਜਾਲੇ ਦੀ ਪ੍ਰਤਿਸ਼ਟਤਾ ਦਾ ਪੁਰਸਕਾਰ ਹੈ। ਇਹ ਪੁਰਸਕਾਰ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਸਲ ਵਿਚ ਕੁੱਝ ਅੱਛਾ ਰਚਨਾਤਮਿਕ ਕੰਮ ਕੀਤਾ ਹੁੰਦਾ ਹੈ ਅਤੇ ਉਹਨਾਂ ਵਿੱਚ ਅੱਗੇ ਤੋਂ ਵੀ ਇਹ ਕੰਮ ਕਰਨ ਦੀ ਸੰਭਾਵਨਾ ਪਾਈ ਜਾਂਦੀ ਹੈ। ਇਹ ਪੁਰਸਕਾਰ ਇਕ ਪਾਰਦਰਸ਼ੀ ਪੁਰਸਕਾਰ ਹੈ, ਕੋਈ ਸਮਝੌਤਾ ਨਹੀਂ ਹੈ।’’
ਸੰਸਕ੍ਰਿਤੀ ਪੁਰਸਕਾਰਾਂ ਦੇ 29 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਪੁਰਸਕਾਰ ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਹੈ। ਪੁਰਸਕਾਰ ਪਾਉਣ ਵਾਲੀ ਪੰਜਾਬੀ ਕਵਿੱਤਰੀ ਇੰਦਰਜੀਤ ਨੰਦਨ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਸੰਸਕ੍ਰਿਤੀ ਪ੍ਰਤਿਸ਼ਠਾਨ ਦਾ ਧੰਨਵਾਦ ਕਰਦਿਆਂ ਕਿਹਾ, ‘‘ ਇਸ ਸੰਸਥਾਨ ਦੁਆਰ ਜਿੱਥੇ ਹੋਰ ਭਾਸ਼ਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ਉੱਥੇ ਪੰਜਾਬੀ ਸਾਹਿਤ ਨੂੰ ਇਹ ਸੁਭਾਗ ਪਹਿਲੀ ਵਾਰ ਪ੍ਰਾਪਤ ਹੋ ਰਿਹਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਗੌਰਵ ਮੈਨੂੰ ਹਾਸਿਲ ਹੋਇਆ ਹੈ।’’ ਇੰਦਰਜੀਤ ਨੇ ਇਸੇ ਮੰਚ ਤੋਂ ਆਪਣੀਆਂ ਦੋ ਨਜ਼ਮਾਂ ‘ ਨਜ਼ਮਾਂ ਆਉਂਦੀਆਂ’ ਅਤੇ ‘ਖੜਾਵਾਂ’ ਪੇਸ਼ ਕਰਕੇ ਸਭ ਦੇ ਦਿਲ ਜਿੱਤ ਲਏ। ਇੰਦਰਜੀਤ ਨੂੰ ਉਸਦੀ ਰਚਨਾਤਿਮਕ ਕਾਵਿਕਤਾ ਲਈ ਇਹ ਸਨਮਾਨ ਦਿੱਤਾ ਗਿਆ। ਇੰਦਰਜੀਤ ਪੰਜਾਬੀ ਸਾਹਿਤ ਨੂੰ ਆਪਣੀਆਂ ਚਾਰ ਪੁਸਤਕਾਂ ‘ਦਿਸਹੱਦਿਆਂ ਤੋਂ ਪਾਰ’ (2002), ‘ਚੁੱਪ ਦੇ ਰੰਗ’ (2005), ‘ਜੋਗਿੰਦਰ ਬਾਹਰਲਾ ਜੀਵਨ ਗਾਥਾ’ (2006) ਅਤੇ ਹਾਲ ਹੀ ਵਿਚ ਮਹਾਂਕਾਵਿਕ ਰਚਨਾ ‘ ਸ਼ਹੀਦ ਭਗਤ ਸਿੰਘ ਅਣਥੱਕ ਜੀਵਨ ਗਾਥਾ’ ਦੇ ਚੁੱਕੀ ਹੈ। ਇਸ ਤੋਂ ਇਲਾਵਾ ਪੱਤਰਕਾਰਤਾ ਲਈ ਚਿੱਤਰਾਂਗਦਾ ਚੌਧਰੀ, ਕਲਾ ਲਈ ਰੰਜਨੀ ਸ਼ੇਟਰ, ਜੁਗਲਬੰਦੀ ਸੰਗੀਤ ਲਈ ਰਜਨੀ ਤੇ ਗਾਇਤਰੀ ਨੂੰ ਸਾਂਝਾ ਪੁਰਸਕਾਰ ਅਤੇ ਸਮਾਜਿਕ ਉਪਲੱਬਧੀਆਂ ਲਈ ਅਬਿਲਟੀ ਅਨਲਿਮਿਟਡ ਇੰਡੀਆ ਨੂੰ ਪੁਰਸਕਾਰਿਤ ਕੀਤਾ ਗਿਆ। ਇਹ ਸੰਸਥਾ ਉਨ੍ਹਾਂ ਬੱਚਿਆਂ ਨਾਲ ਥੀਏਟਰ ਕਰਦੀ ਹੈ ਜੋ ਸਰੀਰਕ, ਮਾਨਸਿਕ ਤੌਰ ’ਤੇ ਹੋਰਨਾਂ ਤੋਂ ਵੱਖਰੇ ਹਨ। ਇਸ ਸੰਸਥਾ ਦੇ ਡਾਇਰੈਕਟਰ ਪਾਸ਼ਾ ਨੇ ‘ਰਮਾਇਣ ਆਨ ਵੀਲ ਚੇਅਰ’ , ‘ਗੀਤਾ’ ਆਦਿ ਵੱਖਰੇ ਅੰਦਾਜ ਦੇ ਨਾਟਕ ਪੇਸ਼ ਕੀਤੇ ਹਨ।
ਪ੍ਰਸਿੱਧ ਸਮਾਜਿਕ ਕਰਮੀ ਅਤੇ ਮੈਗਸਸੇ ਐਵਾਰਡ ਜੇਤੂ ਅਰੁਨਾ ਰਾਏ ਨੇ ਸੰਸਕ੍ਰਿਤੀ ਪੁਰਸਕਾਰ ਪ੍ਰਦਾਨ ਕੀਤੇ ਅਤੇ ਖਾਸ ਤੌਰ ’ਤੇ ਪੰਜਾਬੀ ਕਵਿੱਤਰੀ ਇੰਦਰਜੀਤ ਦੀ ਕਵਿਤਾ ‘ਖੜਾਵਾਂ’ ਨੂੰ ਸਰਾਹੁੰਦਿਆਂ ਆਸ ਕੀਤੀ ਕਿ ਉਹ ਵੀ ਉਹਨਾਂ ਦੇ ਸਮਾਜਿਕ ਕਾਰਜਾਂ ਵਿਚ ਹਿੱਸਾ ਪਾਵੇਗੀ। ਅਰੁਨਾ ਰਾਏ ਨੇ ਕਿਹਾ ਕਿ ਇਹਨਾਂ ਯੁਵਕਾਂ ਤੋਂ ਉਮੀਦ ਕਰਦੀ ਹਾਂ ਕਿ ਇਹ ਆਪਣੇ ਕਰਤੱਵਾਂ ਨੂੰ ਸਮਝਣਗੇ ਅਤੇ ਇਹਨਾਂ ਵੱਲ ਦੇਖ ਕੇ ਉਮੀਦ ਜਾਗਦੀ ਹੈ ਕਿ ਆਉਣ ਵਾਲੀ ਪੀੜ੍ਹੀ ਵੀ ਆਪਣੇ ਫ਼ਰਜਾਂ ਨੂੰ ਪਛਾਣਦੀ ਹੈ। ਉਹਨਾਂ ਨੇ ਚਿਤਰਾਂਗਦਾ ਦੀ ਪੱਤਰਕਾਰਤਾ ਨੂੰ ਸਰਹਾਇਆ ਅਤੇ ਭਵਿੱਖ ਵਿਚ ਉਸਤੋਂ ਹੋਰ ਉਮੀਦਾਂ ਕੀਤੀਆਂ।
'ਆਰਸੀ' ਦੇ ਸਮੂਹ ਪਾਠਕ / ਲੇਖਕ ਪਰਿਵਾਰ ਵੱਲੋਂ ਇੰਦਰਜੀਤ ਨੰਦਨ ਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਤੇ ਬਹੁਤ-ਬਹੁਤ ਮੁਬਾਰਕਾਂ!!

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ