Tuesday, January 20, 2009

ਸ਼ਾਇਰ ਦਵਿੰਦਰ ਪੂਨੀਆ ਦੀਆਂ ਦੋ ਕਿਤਾਬਾਂ ਸਮਰਾਲ਼ਾ ਵਿੱਚ ਰਿਲੀਜ਼





ਸ਼ਾਇਰ ਦਵਿੰਦਰ ਪੂਨੀਆ ਦੀਆਂ ਦੋ ਕਿਤਾਬਾਂ ਸਮਰਾਲ਼ਾ ਵਿੱਚ ਰਿਲੀਜ਼

ਮਿਤੀ 11 ਜਨਵਰੀ 2009 ਨੂੰ ਸੈਕੰਡਰੀ ਸ੍ਕੂਲ ਸਮਰਾਲਾ ਵਿਖੇ ਕੈਨੇਡਾ ਵਸਦੇ ਸ਼ਾਇਰ ਦਵਿੰਦਰ ਪੂਨੀਆ ਦੀਆਂ ਦੋ ਕਾਵਿ ਕਿਤਾਬਾਂ ਕਿ ਗ਼ਲਤ ਹੈ ਕਿ ਸਹੀ (ਗ਼ਜ਼ਲ ਅਤੇ ਤ੍ਰਿਵੇਣੀ ਸੰਗ੍ਰਹਿ) ਅਤੇ ਚਿਹਰਿਆਂ ਦੇ ਲੈਂਡਸਕੇਪ (ਨਜ਼ਮ ਸੰਗ੍ਰਹਿ) ਪ੍ਰੋ. ਹਮਦਰਦਵੀਰ ਨੌਸ਼ਹਿਰਵੀ, ਪ੍ਰੋ. ਬਲਦੀਪ, ਡਾ. ਗੁਲਜ਼ਾਰ ਮੁਹੰਮਦ ਗੌਰੀਆ, ਸ. ਅਮਰਜੀਤ ਸਾਥੀ, ਸ.ਗੁਰਮੀਤ ਸੰਧੂ, ਸ੍ਰੀ ਸੁਭਾਸ਼ ਕਲਾਕਾਰ, ਸ੍ਰੀ ਸਤੀਸ਼ ਗੁਲਾਟੀ, ਸ੍ਰੀ ਸੁਰਿੰਦਰ ਰਾਮਪੁਰੀ ਅਤੇ ਸ੍ਰੀ ਐੱਸ. ਨਸੀਮ ਆਦਿ ਸਾਹਿਤਕਾਰਾਂ ਵੱਲੋਂ ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਤੇ ਇਲਾਕੇ ਦੇ ਉੱਘੇ ਲੇਖਕ, ਬੁਧੀਜੀਵੀ, ਪਤਵੰਤੇ ਸੱਜਣਾਂ ਤੋਂ ਬਿਨਾ ਸ਼ਾਇਰ ਦੇ ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਅਤੇ ਦੋਸਤ ਵੀ ਹਾਜ਼ਰ ਸਨ।

ਪ੍ਰੋ. ਹਮਦਰਦਵੀਰ ਨੇ ਪੇਪਰ ਪੜ੍ਹਿਆ ਅਤੇ ਦੋਵੇਂ ਕਿਤਾਬਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾ ਨੇ ਦਵਿੰਦਰ ਨੂੰ ਨਵੀਂ ਕਿਸਮ ਦਾ ਸ਼ਇਰ ਕਿਹਾ ਅਤੇ ਖਾਸ ਤੌਰ ਤੇ ਤ੍ਰਿਵੇਣੀਆਂ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰੋ. ਬਲਦੀਪ ਨੇ ਉਸਦੀਆਂ ਨਜ਼ਮਾਂ ਬਾਰੇ ਦੱਸਿਆ ਕਿ ਕਵੀ ਵਿਚ ਅੰਤਰ ਮਨ ਦੀ ਪੀੜਾ ਵੀ ਹੈ ਅਤੇ ਸੁੱਖਾਂ ਦੇ ਸੰਭਾਵੀ ਸੁਨੇਹੇ ਵੀ ਹਨ। ਗੌਰੀਆ ਸਾਹਿਬ ਨੇ ਗ਼ਜ਼ਲਾਂ ਅਤੇ ਤ੍ਰਿਵੇਣੀਆਂ ਵਿਚਲੀ ਨਵੀਨਤਾ ਦੀ ਗੱਲ ਕੀਤੀ। ਪ੍ਰੋ. ਦਲਜੀਤ ਰਿਆਇਤ ਨੇ ਨਜ਼ਮਾਂ ਦੇ ਨਵੇਂ ਅਰਥਾਂ ਬਾਰੇ ਚਾਨਣਾ ਪਾਇਆ। ਸੁਭਾਸ਼ ਕਲਾਕਾਰ ਨੇ ਉਸਨੂੰ ਸ਼ਾਇਰੀ ਦੇ ਮੈਦਾਨ ਦਾ ਨਵਾਂ ਸਿਪਾਹੀ ਕਿਹਾ। ਐੱਸ. ਨਸੀਮ ਨੇ ਗ਼ਜ਼ਲ ਬਾਰੇ ਪਰਚਾ ਪੜ੍ਹਿਆ ਅਤੇ ਸ਼ਇਰ ਨੂੰ ਸੰਭਾਵਨਾ ਭਰਪੂਰ ਦੱਸਿਆ। ਨਿਰੰਜਨ ਸੂਖਮ, ਜਗਤਾਰ ਸੇਖਾ,ਅਮਰਜੀਤ ਸਾਥੀ, ਗਗਨਦੀਪ ਸ਼ਰਮਾ ਅਤੇ ਉੱਘੇ ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਦਵਿੰਦਰ ਬਾਰੇ ਅਤੇ ਉਸਦੇ ਕਾਵਿ ਬਾਰੇ ਵਿਚਾਰ ਭਰਪੂਰ ਚਰਚਾ ਵਿਚ ਹਿੱਸਾ ਪਾਇਆ।

ਇਸ ਮੌਕੇ ਤੇ ਦਵਿੰਦਰ ਨੇ ਆਪਣੀਆਂ ਪੁਸਤਕਾਂ ਆਪਣੀ ਪਤਨੀ ਸ੍ਰੀਮਤੀ ਹਰਸ਼ਪਿੰਦਰ ਪੂਨੀਆ ਅਤੇ ਆਪਣੇ ਪਿਤਾ ਸ: ਚੂਹੜ ਸਿੰਘ ਅਤੇ ਮਾਤਾ ਸ੍ਰੀਮਤੀ ਚਰਨਜੀਤ ਕੌਰ ਨੂੰ ਭੇਟ ਕੀਤੀਆਂ। ਇਹ ਕਿਤਾਬ ਰਿਲੀਜ਼ ਸਮਾਗਮ ਯਾਦਗਾਰੀ ਹੋ ਨਿੱਬੜਿਆ। ਲੇਖਕ ਦਵਿੰਦਰ ਪੂਨੀਆ ਵੱਲੋਂ ਇਸ ਮੌਕੇ ਤੇ ਪਹੁੰਚੇ ਸਾਰੇ ਸੱਜਣਾਂ ਦਾ ਧੰਨਵਾਦ ਹੈ।

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ