Saturday, April 30, 2011

ਟਰਾਂਟੋ, ਕੈਨੇਡਾ ਵਿਚ ਕਾਫ਼ਲੇ ਵੱਲੋਂ ਅਜਮੇਰ ਔਲਖ ਨਾਲ਼ ਮੁਲਾਕਾਤ - ਰਿਪੋਰਟ


ਰਿਪੋਰਟ: ਟਰਾਂਟੋ:-(ਕੁਲਵਿੰਦਰ ਖਹਿਰਾ) ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋਵੱਲੋਂ ਕੈਨੇਡਾ ਫੇਰੀ ਤੇ ਆਏ ਪੰਜਾਬੀ ਨਾਟਕਕਾਰ ਅਜਮੇਰ ਔਲਖ ਨਾਲ਼ 16 ਅਪ੍ਰੈਲ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਮੀਟਿੰਗ ਦੌਰਾਨ ਇੰਡੀਅਨ ਅਤੇ ਕੈਨੇਡੀਅਨ ਪੰਜਾਬੀ ਰੰਗ-ਮੰਚ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਬਲਜਿੰਦਰ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਾਫ਼ਲਾ ਸੰਚਾਲਕ ਉਂਕਾਰਪ੍ਰੀਤ ਨੇ ਕਿਹਾ ਕਿ 1992 ਤੋਂ ਸਰਗਰਮ ਕਾਫ਼ਲੇ ਵੱਲੋਂ ਹਮੇਸ਼ਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਲਾ ਨੂੰ ਲੋਕਾਂ ਦੇ ਪੱਖ ਵਿੱਚ ਵਰਤਣ ਵਾਲ਼ੀਆਂ ਹਸਤੀਆਂ ਨਾਲ਼ ਮੁਲਾਕਾਤ ਕੀਤੀ ਜਾਵੇ। ਅਜਮੇਰ ਔਲਖ ਨੂੰ ਪੰਜਾਬੀ ਦੇ ਸਿਰਕੱਢ ਨਾਟਕਕਾਰਾਂ ਵਿੱਚੋਂ ਇੱਕਦੱਸਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਔਲਖ ਨੇ ਗੁਰਸ਼ਰਨ ਭਾਅ ਜੀ ਵਾਂਗ ਹੀ ਨਾਟਕ ਨੂੰ ਲਹਿਰ ਦਾ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਵਿੱਚ ਉਨ੍ਹਾਂ ਦੇ ਸਮੁੱਚੇ ਪਰਵਾਰ ਦੀ ਸ਼ਮੂਲੀਅਤ ਉਨ੍ਹਾਂ ਦੀ ਪ੍ਰਤੀਬਧਤਾ ਨੂੰ ਹੋਰ ਵੀ ਦ੍ਰਿੜ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਔਲਖ ਦੇ ਨਾਟਕ ਕਿਸਾਨੀ ਜੀਵਨ ਦੇ ਅੰਤਰਮਨ ਦੀ ਵਿਥਿਆ ਬਿਆਨ ਕਰਦੇ ਹਨ ਓਥੇ ਲੋਟੂ ਅਨਸਰਾਂ ਨੂੰ ਕਟਹਿਰੇ ਵਿੱਚ ਵੀ ਖੜ੍ਹਾ ਕਰਦੇ ਹਨ। ਗੁਰਦੇਵ ਚੌਹਾਨ ਹੁਰਾਂ ਕਿਹਾ ਕਿ ਔਲਖ ਦੇ ਨਾਟਕਾਂ ਦੀ ਸਮੱਗਰੀ ਉਨ੍ਹਾਂ ਦੇ ਨਿੱਜੀ ਤਜਰਬੇ ਵਿੱਚੋਂ ਆਈ ਹੋਣ ਕਰਕੇ ਉਨ੍ਹਾਂ ਦੇ ਨਾਟਕ ਸ਼ੇਕਸਪੀਅਰ ਵਾਂਗ ਹੀ ਪੜ੍ਹਨ ਨੂੰ ਵੀ ਓਨੇ ਹੀ ਦਿਲਚਸਪ ਹਨ ਜਿੰਨੇ ਕਿ ਵੇਖਣ ਨੂੰ ਜਦ ਕਿ ਡਾ. ਆਤਮਜੀਤ ਅਤੇ ਗੁਰਸ਼ਰਨ ਭਾਅ ਜੀ ਦੇ ਨਾਟਕਾਂ ਵਿੱਚ ਇਹ ਗੱਲ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੁਰਸ਼ਰਨ ਭਾਅ ਜੀ ਸੰਦੇਸ਼ ਨੂੰ ਮੁੱਖ ਰੱਖ ਕੇ ਨਾਟਕ ਲਿਖਦੇ ਹਨ ਓਥੇ ਔਲਖ ਆਪਣੇ ਸੰਦੇਸ਼ ਨੂੰ ਕਲਾ ਵਿੱਚ ਲਪੇਟ ਕੇ ਪੇਸ਼ ਕਰਦੇ ਹਨ ਜੋ ਨਾਟਕ ਨੂੰ ਹੋਰ ਵੀ ਪ੍ਰਭਾਵਸ਼ਾਲੀ ਕਰਦਾ ਹੈ। ਬਲਰਾਜ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੰਤ ਸਿੰਘ ਸੇਖੋਂ ਨੇ ਕਹਾਣੀ ਵਿੱਚ ਪੇਂਡੂ ਜੀਵਨ ਨੂੰ ਉਭਾਰਿਆ ਉਵੇਂ ਹੀ ਅਜਮੇਰ ਔਲਖ ਨੇ ਆਪਣੇ ਨਾਟਕਾਂ ਰਾਹੀਂ ਪੇਂਡੂ ਜੀਵਨ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਹੈ। ਚੀਮਾ ਨੇ ਕਿਹਾ ਕਿ ਭਾਵੇਂ ਕਈ ਨਾਟਕਕਾਰਾਂ ਦੇ ਨਾਟਕ ਸਿਰਫ਼ ਪੜ੍ਹ ਕੇ ਮਾਣੇ ਜਾ ਸਕਦੇ ਹਨ ਪਰ ਉਨ੍ਹਾਂ ਵਿੱਚ ਸਟੇਜੀ ਗੁਣ ਨਹੀਂ ਹੁੰਦਾ ਪਰ ਔਲਖ ਨੇ ਨਾਟਕ ਪੜ੍ਹਨ ਨੂੰ ਵੀ ਓਨੇ ਹੀ ਰੌਚਿਕ ਹਨ ਜਿੰਨੇ ਕਿ ਵੇਖਣ ਨੂੰ।



ਅਜਮੇਰ ਔਲਖ ਨੇ ਦੱਸਿਆ ਕਿ ਉਨ੍ਹਾਂ ਦੀ ਲਿਖਣ ਪ੍ਰਕਿਰਿਆ ਤਕਰੀਬਨ 8-9 ਸਾਲ ਦੀ ਉਮਰ ਤੋਂ ਹੀ ਗੀਤਾਂ ਦੇ ਰੂਪ ਵਿੱਚ ਸ਼ੁਰੂ ਹੋ ਗਈ ਸੀ ਅਤੇ ਦਸਵੀਂ ਦਾ ਇਮਤਿਹਾਨ ਦੇਣ ਤੋਂ ਬਾਅਦ ਉਨ੍ਹਾਂ ਨੇ ਇੱਕ ਨਾਵਲ ਵੀ ਲਿਖਿਆ ਸੀ ਜੋ ਤਜਰਬੇ ਪੱਖੋਂ ਭਾਵੇਂ ਕੱਚਾ-ਪਿੱਲਾ ਹੀ ਸੀ ਪਰ ਉਸ ਵਿੱਚੋਂ ਉਨ੍ਹਾਂ ਦੀ ਸੋਚ ਦਾ ਸਬੂਤ ਝਲਕਦਾ ਹੈ। ਮੁਜਾਰੇ ਪਰਿਵਾਰ ਵਿੱਚ ਪੈਦਾ ਹੋਏ ਹੋਣ ਕਰਕੇ ਕਿਸਾਨੀ ਪਰਵਾਰਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ਤੇ ਗਹਿਰਾ ਅਸਰ ਹੋਇਆ ਅਤੇ ਉਨ੍ਹਾਂ ਦੇ ਨਾਟਕਾਂ ਦਾ ਵਿਸ਼ਾ ਬਣਿਆ। ਉਨ੍ਹਾਂ ਕਿਹਾ ਕਿ 1970-72 ਵਿੱਚ ਲੈਕਚਰਰ ਲੱਗਣ ਤੋਂ ਬਾਅਦ ਭਾਵੇਂ ਉਨ੍ਹਾਂ ਵੱਲੋਂ ਤਿਆਰ ਕਰਵਾਈਆਂ ਜਾਂਦੀਆਂ ਸੱਭਿਆਚਾਰਕ ਆਈਟਮਾਂ ਨੂੰ ਕਲਾਕਾਰਾਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਲੱਗ ਪਿਆ ਸੀ ਪਰ ਉਨ੍ਹਾਂ ਕਦੀ ਸੋਚਿਆ ਤੱਕ ਵੀ ਨਹੀਂ ਸੀ ਕਿ ਉਹ ਨਾਟਕ ਲਿਖਣ ਲੱਗ ਪੈਣਗੇ। ਫ਼ਰੀਦਕੋਟ ਦੇ ਬ੍ਰਜਿੰਦਰਾ ਕਾਲਿਜ ਵਿੱਚ ਹੁੰਦੇ ਯੂਥ ਫੈਸਟੀਵਲ ਦੌਰਾਨ ਉਨ੍ਹਾਂ ਦੀ ਪ੍ਰਦਰਸ਼ਨੀ ਨੂੰ ਵੇਖਦਿਆਂ ਹੋਇਆਂ ਉਸ ਸਮੇਂ ਦੇ ਵਿਦਵਾਨ ਸਾਹਿਤਕਾਰਾਂ ਵੱਲੋਂ ਉਨ੍ਹਾਂ ਨੂੰ ਸਿਰਫ ਨਾਟਕ ਲਿਖਣ ਵੱਲ ਹੀ ਧਿਆਨ ਦਿੱਤੇ ਜਾਣ ਦਾ ਸੁਝਾਅ ਆਉਣ ਤੇ ਹੀ ਉਨ੍ਹਾਂ ਨੇ ਤਕਰੀਬਨ 1979 ਵਿੱਚ ਨਾਟਕ ਲਿਖਣਾ ਸ਼ੁਰੂ ਕੀਤਾ। ਜਾਗੀਰਦਾਰ ਦੇ ਖੇਤਾਂ ਚ ਕੰਮ ਕਰਦਿਆਂ ਆਪਣੇ ਪੁੱਤ ਲਈ ਇੱਕ ਛੱਲੀ ਘਰ ਲਿਆਉਣ ਦੀ ਕੋਸ਼ਿਸ਼ ਕਰਨ ਬਦਲੇ ਜਾਗੀਰਦਾਰਾਂ ਦੇ ਗੁੰਡਿਆਂ ਵੱਲੋਂ ਆਪਣੀ ਮਾਂ ਦੀ ਕੀਤੀ ਗਈ ਬੇਇਜ਼ਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਉਸ ਘਟਨਾ ਦੀ ਯਾਦ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੰਦੀ ਹੈ। ਸੁਦਾਗਰ ਬਰਾੜ ਵੱਲੋਂ ਲਹਿਰਾਂ ਦੇ ਪ੍ਰਭਾਵ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨੀ ਘੋਲ਼, ਜਿਨ੍ਹਾਂ ਵਿੱਚ ਆਦਿਵਾਸੀ ਕਿਸਾਨਾਂ ਦਾ ਘੋਲ਼ ਵੀ ਸ਼ਾਮਿਲ ਹੈ, ਨਾਲ਼ ਸਬੰਧਤ ਹਰ ਲਹਿਰ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਉਨ੍ਹਾਂ ਉੱਤੇ ਮੁਢਲਾ ਪ੍ਰਭਾਵ ਮੁਜਾਰਾ ਲਹਿਰ ਦਾ ਹੀ ਪਿਆ। ਗੁਰਸ਼ਰਨ ਭਾਅ ਜੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਫੈਸਲਾ ਕੀਤਾ ਕਿ ਜੇ ਲਿਖਣਾ ਹੈ ਤਾਂ ਸਿਰਫ਼ ਦੱਬੇ-ਕੁਚਲ਼ੇ ਆਮ ਲੋਕਾਂ ਲਈ ਹੀ ਲਿਖਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਏਥੋਂ ਵਰਗੀਆਂ ਸਟੇਜੀ ਅਤੇ ਤਕਨੀਕੀ ਸਹੂਲਤਾਂ ਨਹੀਂ ਮਿਲ਼ਦੀਆਂ ਪਰ ਉਨ੍ਹਾਂ ਦੇ ਆਦਰਸ਼ ਗੁਰਸ਼ਰਨ ਭਾਅ ਜੀ ਅਤੇ ਜੋਗਿੰਦਰ ਬਾਹਰਲੇ ਵਰਗੇ ਨਾਟਕਕਾਰ ਹਨ ਜੋ ਗੱਡਿਆਂ ਦੀ ਸਟੇਜ ਬਣਾ ਕੇ ਅਤੇ ਮਸ਼ਾਲਾਂ ਦੀ ਰੌਸ਼ਨੀ ਵਿੱਚ ਹੀ ਨਾਟਕ ਕਰਕੇ ਪੰਜਾਬ ਵਿੱਚ ਨਾਟਕਾਂ ਦੀ ਪਿਰਤ ਪਾ ਗਏ ਹਨ। ਔਲਖ ਹੁਰਾਂ ਕਿਹਾ ਕਿ ਅਸਲੀ ਪੇਸ਼ਕਾਰੀ ਤਾਂ ਕਲਾਕਾਰ ਦੀ ਕਲਾਕਾਰੀ ਹੀ ਹੈ ਸਟੇਜੀ ਸਹੂਲਤਾਂ ਤਾਂ ਸਿਰਫ ਪੇਸ਼ਖਾਰੀ ਵਿੱਚ ਸਹਾਈ ਹੀ ਹੋ ਸਕਦੀਆਂ ਹਨ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਸਮਾਗਮ ਵਿੱਚ ਉਨ੍ਹਾਂ ਤੋਂ ਪਹਿਲਾਂ ਹਰਪਾਲ ਟਿਵਾਣਾ ਵੱਲੋਂ ਖੇਡੇ ਗਏ ਨਾਟਕ ਵਿੱਚ ਸਟੇਜ ਤੇ ਮਹਿਲ ਬਣਾ ਕੇ ਵੇਸ-ਭੂਸ਼ਾ ਤੇ ਬੇਹੱਦ ਧਿਆਨ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਨਾਟਕ ਸਮੇਂ ਸਟੇਜ ਤੇ ਸਿਰਫ਼ ਇੱਕ ਮੰਜਾ ਅਤੇ ਲੱਕੜ ਦਾ ਖੁੰਢ ਹੀ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਕਲਾਕਾਰਾਂ ਵੱਲੋਂ ਵਧੀਆ ਪ੍ਰਦਰਸ਼ਨੀ ਕਰ ਦਿੱਤੇ ਜਾਣ ਕਰਕੇ ਉਨ੍ਹਾਂ ਦੇ ਨਾਟਕ ਨੂੰ ਵੱਧ ਸਲਾਹਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਸਲੀ ਮਾਰਗ-ਦਰਸ਼ਕ ਅਤੇ ਆਲੋਚਕ ਯੂਨੀਵਰਸਿਟੀਆਂ ਵਿੱਚ ਬੈਠੇ ਹੋਏ ਆਲੋਚਕ ਨਹੀਂ ਸਗੋਂ ਸਧਾਰਨ ਪੇਂਡੂ ਲੋਕ ਹਨ ਜੋ ਬਿਨਾਂ ਕਿਸੇ ਹੇਰ-ਫੇਰ ਦੇ ਦਿਲੀ ਰਾਏ ਦੇ ਕੇ ਉਨ੍ਹਾਂ ਦੇ ਨਾਟਕਾਂ ਦਾ ਸੁਹਿਰਦ ਮੁਲਾਂਕਣ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਟਕਾਂ ਵਿੱਚ ਕੰਮ ਕਰਨ ਵਾਲ਼ੇ ਅਦਾਕਾਰਾਂ ਦੀ ਚੋਣ ਸਿਖਲਾਈ ਹਾਸਲ ਕਲਾਕਾਰਾਂ ਵਿੱਚੋਂ ਕਰਨ ਦੀ ਬਜਾਏ ਆਮ ਸਧਾਰਨ ਲੋਕਾਂ ਵਿੱਚੋਂ ਹੀ ਕਰਦੇ ਹਨ ਜੋ ਨਾ ਸਿਰਫ਼ ਪੇਂਡੂ ਕਿਰਦਾਰਾਂ ਨਾਲ਼ ਸਹੀ ਇਨਸਾਫ਼ ਹੀ ਕਰਦੇ ਹਨ ਸਗੋਂ ਉਨ੍ਹਾਂ (ਔਲਖ) ਦੀਆਂ ਭਾਸ਼ਾਈ ਕਮਜ਼ੋਰੀਆਂ ਵੱਲ ਵੀ ਧਿਆਨ ਦਿਵਾਉਂਦੇ ਹਨ। 2008 ਸਾਲ ਦੌਰਾਨ ਆਪਣੀ ਬੀਮਾਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਕਈ ਵਾਰ ਲੇਖਕਾਂ/ਕਲਾਕਾਰਾਂ ਨੂੰ ਇਲਾਜ ਲਈ ਪੈਸਾ ਦੇ ਹੀ ਦਿੰਦੀਆਂ ਨੇ ਪਰ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਉਨ੍ਹਾਂ ਦੇ ਦਿੱਲੀ ਹਸਪਤਾਲ ਵਿੱਚ ਪਏ ਹੋਣ ਸਮੇਂ ਵੱਖ ਵੱਖ ਸੰਸਥਾਵਾਂ ਨੇ ਆਮ ਜਨਤਾ ਵਿੱਚੋਂ ਤਕਰੀਬਨ 9 ਲੱਖ ਰੁਪਏ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਹੋ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਸਨਮਾਨ ਸੀ ਅਤੇ ਜਨਤਾ ਦੇ ਇਸ ਮੋਹ ਸਦਕਾ ਉਨ੍ਹਾਂ ਦੀ ਪ੍ਰਤੀਬੱਧਤਾ ਹੋਰ ਵੀ ਪੱਕੀ ਹੋਈ ਹੈ।



ਕੈਨੇਡੀਅਨ ਪੰਜਾਬੀ ਨਾਟਕ ਬਾਰੇ ਬੋਲਦਿਆਂ ਜਸਪਾਲ ਢਿੱਲੋਂ ਹੁਰਾਂ ਕਿਹਾ ਕਿ ਭਾਵੇਂ ਉਨ੍ਹਾਂ ਨੇ 1991 ਵਿੱਚ ਟਰਾਂਟੋ ਵਿੱਚ ਨਾਟਕ ਸ਼ੁਰੂ ਕਰਕੇ ਏਥੇ ਲੋਕਲ ਨਾਟਕਾਂ ਦੀ ਸ਼ੁਰੂਆਤ ਵਿੱਚ ਹਿੱਸਾ ਪਾਇਆ ਸੀ ਪਰ ਹੁਣ ਬਲਜਿੰਦਰ ਲੇਲਣਾ ਹੁਰਾਂ ਦੀ ਪੰਜਾਬੀ ਆਰਟਸ ਐਸੋਸੀਏਸ਼ਨਅਤੇ ਹੀਰਾ ਰੰਧਾਵਾ ਵਰਗੇ ਨਾਟਕਕਾਰਾਂ ਨੇ ਆਪਣਾ ਪਰਿਵਾਰ ਵਧਾ ਕੇ ਟਰਾਂਟੋ ਦੇ ਰੰਗ-ਮੰਚ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਟੀਮ ਭਾਵੇਂ ਕੋਈ ਵੀ ਕੰਮ ਕਰ ਰਹੀ ਹੋਵੇ, ਸਾਨੂੰ ਹਮੇਸ਼ਾਂ ਨਾਟਕ ਨੂੰ ਮੁੱਖ ਰੱਖ ਕੇ ਇੱਕ-ਦੂਸਰੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਬਲਜਿੰਦਰ ਲੇਲਣਾ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਕੈਨੇਡੀਅਨ ਜੀਵਨ ਬਾਰੇ ਪੰਜਾਬੀ ਨਾਟਕਾਂ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਕਿ ਸਾਡੇ ਲੋਕ ਅਤੇ ਖ਼ਾਸ ਕਰਕੇ ਸਾਡੇ ਬੱਚੇ ਸਾਡੇ ਨਾਟਕਾਂ ਨਾਲ਼ ਜੁੜ ਸਕਣ। ਨਾਹਰ ਔਜਲਾ ਨੇ ਕਿਹਾ ਕਿ ਕਿਉਂਕਿ ਪਹਿਲਾਂ ਲੋਕ ਕਮਾਈ ਕਰਕੇ ਵਾਪਸ ਇੰਡੀਆ ਮੁੜ ਜਾਣ ਦੇ ਮਕਸਦ ਨਾਲ਼ ਆਉਂਦੇ ਸਨ ਇਸ ਲਈ ਉਨ੍ਹਾਂ ਦਾ ਝੁਕਾਅ ਹਮੇਸ਼ਾਂ ਪੰਜਾਬ ਵੱਲ ਹੀ ਰਹਿੰਦਾ ਸੀ। ਪਰ ਅੱਜਕਲ੍ਹ ਆ ਰਹੇ ਬਹੁਤੇ ਪੰਜਾਬੀ ਇਮੀਗ੍ਰੈਂਟ ਪਹਿਲਾਂ ਹੀ ਪੱਕੇ ਤੌਰ ਤੇ ਕੈਨੇਡਾ ਰਹਿਣ ਦਾ ਮਨ ਬਣਾ ਕੇ ਆ ਰਹੇ ਹੋਣ ਕਰਕੇ ਹੁਣ ਏਥੋਂ ਦੀ ਜ਼ਿੰਦਗੀ ਨਾਲ਼ ਸਬੰਧਤ ਮਸਲਿਆਂ ਵਿੱਚ ਰੁਚੀ ਵਧੀ ਹੈ। ਇਸ ਕਰਕੇ ਏਥੋਂ ਦੀਆਂ ਸਮੱਸਿਆਵਾਂ ਨੂੰ ਮੁਖ਼ਾਤਿਬ ਨਾਟਕਾਂ ਦੀ ਲੋੜ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਜੇ ਵੀ ਕੈਨੇਡੀਅਨ ਪੰਜਾਬੀ ਨਾਟਕ ਇੰਡੀਆ ਤੋਂ ਆਉਣ ਵਾਲ਼ੇ ਕਲਾਕਾਰਾਂ ਦੇ ਸਿਰ ਤੇ ਹੀ ਜੀਅ ਰਿਹਾ ਹੈ। ਬਲਦੇਵ ਰਹਿਪਾ ਨੇ ਤਰਕਸ਼ੀਲ ਸੁਸਾਇਟੀਦੇ ਨਾਟਕਾਂ ਬਾਰੇ ਬੋਲਦਿਆਂ ਕਿਹਾ ਕਿ ਇਸ ਸੁਸਾਇਟੀ ਦੇ ਨਿਸ਼ਾਨੇ ਸੀਮਤ ਹੋਣ ਕਰਕੇ ਇਨ੍ਹਾਂ ਵੱਲੋਂ ਕਰਵਾਏ ਜਾਣ ਵਾਲ਼ੇ ਨਾਟਕਾਂ ਦੇ ਵਿਸ਼ੇ ਵੀ ਸੀਮਤ ਰਹਿ ਜਾਂਦੇ ਹਨ ਕਿਉਂਕਿ ਉਹ ਆਪਣੇ ਸੰਦੇਸ਼ ਨੂੰ ਮੁੱਖ ਰੱਖ ਕੇ ਹੀ ਨਾਟਕ ਕਰਵਾ ਸਕਦੇ ਹਨ। ਪਰ ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਅਤੇ ਗੋਲਬਲਾਈਜ਼ੇਸ਼ਨ ਦੇ ਯੁਗ ਵਿੱਚ ਅਸੀਂ ਆਪਣੇ ਆਪ ਨੂੰ ਪੰਜਾਬ ਤੋਂ ਅਲੱਗ ਕਰਕੇ ਨਹੀਂ ਵੇਖ ਸਕਦੇ ਕਿਉਂਕਿ ਅੱਜ ਭਾਵੇਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਈਏ, ਸਾਡੀਆਂ ਸਮੱਸਿਆਵਾਂ ਤਕਰੀਬਨ ਇੱਕੋ ਜਿਹੀਆਂ ਹੀ ਹਨ। ਉਨ੍ਹਾਂ ਨੇ ਹਰ ਸੰਸਥਾ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਸਾਂਝੇ ਕਾਜ ਦੀ ਇੱਕ ਇੱਕ ਕੜੀ ਦੱਸਦਿਆਂ ਕਿਹਾ ਕਿ ਸਾਨੂੰ ਸਭ ਨੂੰ ਹਰ ਉਸ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਲੋਕ-ਭਲਾਈ ਬਾਰੇ ਯਤਨਸ਼ੀਲ ਹੈ। ਬਲਜਿੰਦਰ ਲੇਲਣਾ ਵੱਲੋਂ ਔਲਖ ਸਾਹਿਬ ਨੂੰ ਏਥੋਂ ਦੇ ਜੀਵਨ ਨਾਲ਼ ਸਬੰਧਤ ਨਾਟਕ ਲਿਖਣ ਦੀ ਬੇਨਤੀ ਕੀਤੀ ਗਈ ਜਿਸ ਦੇ ਜਵਾਬ ਵਿੱਚ ਔਲਖ ਸਾਹਿਬ ਨੇ ਕਿਹਾ ਕਿ ਕੁਝ ਸਮੇਂ ਲਈ ਕੈਨੇਡਾ ਆਇਆ ਲੇਖਕ ਏਥੋਂ ਦੇ ਜੀਵਨ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦਾ ਜਿਸ ਕਰਕੇ ਉਹ ਨਾਟਕ ਨਾਲ਼ ਪੂਰਾ ਇਨਸਾਫ਼ ਨਹੀਂ ਕਰ ਸਕਦਾ। ਕੁਲਵਿੰਦਰ ਖਹਿਰਾ ਨੇ ਉਨ੍ਹਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਏਥੋਂ ਬਾਰੇ ਨਾਟਕ ਲਿਖਣ ਲਈ ਏਥੋਂ ਦੇ ਜੀਵਨ ਵਰਤਾਰੇ ਨੂੰ ਧੁਰ ਤੱਕ ਸਮਝਣਾ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ ਕਿ ਕੈਨੇਡੀਅਨ ਪੰਜਾਬੀ ਨਾਟਕ ਦੀ ਪ੍ਰਫੁੱਲਤਾ ਲਈ ਜਿੱਥੇ ਏਥੋਂ ਦੇ ਮੁੱਖਧਾਰਾ ਦੇ ਸਾਹਿਤਕ ਮਾਹੌਲ ਤੋਂ ਪੂਰੀ ਤਰ੍ਹਾਂ ਵਾਕਫ਼ ਹੋਣ ਦੀ ਲੋੜ ਹੈ ਓਥੇ ਪੰਜਾਬ ਤੋਂ ਆਉਣ ਵਾਲ਼ੇ ਨਾਟਕਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਮੌਜੂਦਾ ਮਸਲਿਆਂ ਨਾਲ਼ ਸਬੰਧਤ ਨਾਟਕ ਲੈ ਕੇ ਆਉਣ ਤਾਂ ਕਿ ਅਸੀਂ ਜਾਣ ਸਕੀਏ ਕਿ ਕੈਨੇਡਾ ਦਾ ਮੁੱਖਧਾਰਾ ਦਾ ਸਾਹਿਤ ਕੀ ਕਹਿ ਰਿਹਾ ਹੈ ਅਤੇ ਪੰਜਾਬ ਵਿਚਲਾ ਸਾਹਿਤ ਕਿਨ੍ਹਾਂ ਵਿਸ਼ਿਆਂ ਬਾਰੇ ਗੱਲ ਕਰ ਰਿਹਾ ਹੈ।



ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਕਿਹਾ ਕਿ ਔਲਖ ਦੇ ਨਾਟਕਾਂ ਦਾ ਗੁਣ ਇਹ ਹੈ ਕਿ ਔਲਖ ਸਾਹਿਬ ਹਰ ਡਾਇਆਲੌਗ ਢਿੱਡੋਂ ਬੋਲਦੇ ਹਨ, ਉਨ੍ਹਾਂ ਦੀ ਸਵੈ-ਜੀਵਨੀ ਦਾ ਸਿਰਲੇਖ ਵੀ ਨੰਗਾ-ਢਿੱਡਹੀ ਹੈ। ਜਗਮੋਹਨ ਸੇਖੋਂ ਨੇ ਔਲਖ ਸਾਹਿਬ ਦੇ ਪ੍ਰਭਾਵਸ਼ਾਲੀ ਭਾਸ਼ਨੀ ਅੰਦਾਜ਼ ਦੀ ਪ੍ਰਸੰਸਾ ਕਰਦਿਆਂ ਉਰਦੂ ਦੇ ਇੱਕ ਸਿ਼ਅਰ ਦੇ ਹਵਾਲੇ ਨਾਲ਼ ਕਿਹਾ ਕਿ ਔਲਖ ਸਾਹਿਬ ਉਹ ਸੁਰਾਹੀ ਹਨ ਜਿਨ੍ਹਾਂ ਨੇ ਪਿਆਲੇ ਕੋਲ਼ੋਂ ਲੈਣਾ ਕੁਝ ਨਹੀਂ ਪਰ ਫਿਰ ਵੀ ਝੁਕ ਕੇ ਹੀ ਪਿਆਲੇ ਨੂੰ ਭਰਦੀ ਹੈ।



ਇਸ ਮੌਕੇ ਹੋਈ ਗੱਲਬਾਤ ਵਿੱਚ ਬਰਜਿੰਦਰ ਗੁਲਾਟੀ, ਹਰਜੀਤ ਕੌਰ, ਜਗਤਾਰ ਸਿੰਘ ਗਿੱਲ, ਅਮਰਜੀਤ ਸਿੰਘ ਬਰਾੜ, ਗੁਰਦਾਸ ਮਿਨਹਾਸ, ਚਰਨਜੀਤ ਬਰਾੜ, ਵਕੀਲ ਕਲੇਰ, ਮਨਮੋਹਨ ਗੁਲਾਟੀ, ਰਾਵੀ ਮਿਨਹਾਸ, ਪਰਮਜੀਤ ਢਿੱਲੋਂ, ਅਤੇ ਸਤੰਵਤ ਔਜਲਾ ਨੇ ਵੀ ਭਰਪੂਰ ਯੋਗਦਾਨ ਪਾਇਆ।



ਇੰਡੋ-ਪਾਕਿ ਡਰਾਮਾ ਫੈਸਟੀਵਲ ਲੁਧਿਆਣਾ ਵਿਖੇ ਹੋਇਆ - ਰਿਪੋਰਟ




ਰਿਪੋਰਟ: ਡਾ: ਨਿਰਮਲ ਜੌੜਾ - ਪੰਜਾਬੀ ਨਾਟ ਅਕਾਦਮੀ ਲੁਧਿਆਣਾ ਵੱਲੋਂ ਵਿਉਂਤ ਤਾਂ ਵਿਸ਼ਵ ਪੰਜਾਬੀ ਰੰਗਮੰਚ ਕਾਨਫਰੰਸਆਯੋਜਿਤ ਕਰਨ ਦੀ ਬਣਾਈ ਸੀ । ਅਮਰੀਕਾ,ਆਸਟ੍ਰੇਲੀਆ, ਕੈਨੇਡਾ ,ਪਾਕਿਸਤਾਨ ਤੋਂ ਪੰਜਾਬੀ ਰੰਗ ਕਰਮੀਆਂ ਨੇ ਹਾਮੀ ਵੀ ਭਰ ਦਿੱਤੀ ਸੀ ਪਰ ਪਾਕਿਸਤਾਨ ਤੋਂ ਕਲਾਕਾਰਾਂ ਲਈ ਕਾਫੀ ਬੰਦਸ਼ਾਂ ਹੋਣ ਕਰਕੇ ਗ੍ਰਹਿ ਵਿਭਾਗ ਵੱਲੋਂ ਵਕਤ ਸਿਰ ਮਨਜ਼ੂਰੀ ਨਾ ਮਿਲੀ, ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੇ ਦਿੱਲੀ ਨਾਲ ਤਾਰਾਂ ਜੋੜੀ ਰੱਖੀਆਂ , ਕਿਉਂਕਿ ਗ੍ਰਹਿ ਵਿਭਾਗ ਨੇ ਮਨਾਹੀ ਨਹੀਂ ਸੀ ਕੀਤੀ ਸਗੋਂ ਪਾਕਿਸਤਾਨ ਤੋਂ ਆਉਣ ਵਾਲੇ ਕਲਾਕਾਰਾਂ ਦੀ ਪੜਤਾਲ ਚੱਲ ਰਹੀ ਸੀ ।ਸੰਤੋਖ ਦੀ ਹਿੰਮਤ ਨੇ ਤਰੀਕਾਂ ਬਦਲ ਕੇ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਲੈ ਲਈ , ਇਹ ਸੋਚਕੇ ਕਿ ਪਾਕਿਸਤਾਨ ਤੋਂ ਜੇ ਕੁਝ ਕਲਾਕਾਰ ਆ ਜਾਣ ਤਾਂ ਭਾਰਤ ਪਾਕਿ ਪੰਜਾਬੀ ਨਾਟ ਫੈਸਟੀਵਲ ਦਾ ਅਯੋਜਨ ਕਰ ਲਵਾਂਗੇ ,ਪਰ ਪਾਕਿਸਤਾਨੀ ਰੰਗਕਰਮੀਆਂ ਦੇ ਵੀਜ਼ੇ ਬਾਰੇ ਅਸੀਂ ਅਜੇ ਵੀ ਹਨੇਰੇ ਵਿਚ ਹੀ ਸਾਂ ਕਿ ਮਿਲੇਗਾ ਕਿ ਨਹੀਂ ਪ੍ਰਬੰਧ ਕਰੀਏ ਕਿ ਨਾ । ਊਠ ਦੇ ਲਟਕਦੇ ਬੁੱਲ੍ਹ ਨੂੰ ਵੇਖ-ਵੇਖ ਅਸੀਂ ਕਈ ਦਿਨ ਟਪਾ ਦਿੱਤੇ ਅਸੀਂ ਉਮੀਦਾਂ ਗੁਆ, ਹੱਕ-ਹਾਰ ਕੇ ਇੱਕ ਵਾਰ ਫਿਰ ਆਪਣੇ ਆਪਣੇ ਕੰਮ ਲੱਗ ਗਏ। ਅਚਨਚੇਤ ਪਾਕਿਸਤਾਨ ਤੋਂ ਸ਼ਫੀਕ ਬੱਟ ਦਾ ਫੋਨ ਆ ਗਿਆ ਕਿ ਵੀਜ਼ਾ ਲੱਗ ਗਿਆ, ,ਵੀਜ਼ਾ ਸਿਰਫ਼ ਲੁਧਿਆਣੇ ਦਾ ਸੀ ਅਤੇ ਸਮਾਗਮ ਮਿਥੇ ਸਮੇਂ ਤੇ ਹੀ ਹੋਣਾ ਸੀ, ਜਿਸ ਵਿੱਚ ਸਿਰਫ਼ ਤਿੰਨ ਦਿਨ ਬਾਕੀ ਰਹਿ ਗਏ ਸਨ । ਹੁਣ ਵੱਡਾ ਸਵਾਲ ਅਤੇ ਫ਼ਿਕਰ ਇਹ ਸੀ ਕਿ ਕੀ ਤਿੰਨ ਦਿਨਾਂ ਵਿਚ ਅਸੀਂ ਸਾਰੇ ਪ੍ਰਬੰਧ ਕਰਕੇ ਇਹ ਚਾਰ ਦਿਨਾਂ ਸਮਾਗਮ ਕਰ ਲਵਾਂਗੇ ਜੇਕਰ ਕਰ ਵੀ ਲਵਾਂਗੇ ਤਾਂ ਕਾਮਯਾਬ ਹੋਵਾਂਗੇ।ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਕੋਆਰਡੀਨੇਟਰ ਪ੍ਰੋ ਗੁਣਵੰਤ ਸਿੰਘ ਦੂਆ, ਹਰਪਾਲ ਸਿੰਘ ਮਾਂਗਟ, ਅਸ਼ਵਨੀ ਚੈਟਲੇ ਹੋਰਾਂ ਨਾਲ ਸਲਾਹ ਕੀਤੀ , ਉਹਨਾਂ ਐਸਾ ਹੌਂਸਲਾ ਤੇ ਥਾਪੀ ਦਿੱਤੀ ਕਿ ਅਸੀਂ ਉਤਸ਼ਾਹ ਨਾਲ ਪ੍ਰਬੰਧਾਂ ਵਿੱਚ ਜੁਟ ਗਏ ।



ਪਾਕਿਸਤਾਨ ਤੋਂ ਪੰਜਾਬ ਲੋਕ ਸੁਜਾਗ, ਪੰਜਾਬ ਲੋਕ ਰਹਾਸ ਅਤੇ ਸੰਗਤ ਲਹੌਰ ਦੇ ਕਲਾਕਾਰਾਂ ਦਾ ਕਾਫ਼ਲਾ ਲੁਧਿਆਣਾ ਪਹੁੰਚ ਗਿਆ। ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਇਸ ਕਾਫ਼ਲੇ ਨੂੰ ਅਟਾਰੀ ਤੋਂ ਲੈ ਕੇ ਆਏ। ਪਹਿਲੇ ਦਿਨ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਹੜੇ ਪ੍ਰਬੰਧਕੀ ਕਮੇਟੀ, ਅਧਿਆਪਕਾਂ, ਵਿਦਿਆਰਥੀਆਂ ਅਤੇ ਲੁਧਿਆਣਾ ਦੇ ਰੰਗਕਰਮੀਆਂ ਵਲੋਂ ਭਰਵਾਂ ਸਵਾਗਤ ਹੋਇਆ। ਇਹ ਦੁਪਿਹਰ ਪਾਕਿਸਤਾਨ ਅਤੇ ਭਾਰਤ ਦੇ ਪੰਜਾਬੀ ਰੰਗਕਰਮੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ.ਸਿੰਘ ਅਤੇ ਸਰਸਵਤੀ ਸਨਮਾਨ ਵਿਜੇਤਾ ਡਾ. ਸਰਜੀਤ ਪਾਤਰ ਦੀ ਅਗਵਾਈ ਹੇਠ ਉਦਘਾਟਨੀ ਸਮਾਗਮ ਦੇ ਰੂਪ ਵਿੱਚ ਸਾਂਝੀ ਕੀਤੀ ।ਨਾਟ ਨਿਰਦੇਸ਼ਕ ਅਤੇ ਲੇਖਕ ਡਾ. ਸ.ਨ. ਸੇਵਕ ਨੇ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਰੰਗਕਰਮੀਆਂ ਵਲੋਂ ਮਾਂ ਬੋਲੀ ਦੇ ਵਿਕਾਸ ਲਈ ਹੋ ਰਹੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ । ਪੰਜਾਬੀ ਨਾਟਕ ਅਤੇ ਰੰਗਮੰਚ ਦੇ ਇਤਿਹਾਸ ਨੂੰ ਦਾਦੀ ਨਾਨੀ ਦੀਆਂ ਕਾਹਣੀਆਂ ਵਾਂਗ ਚੇਤਿਆਂ ਚਵਸਾਕੇ ਰੱਖਣ ਵਾਲੇ ਡਾ. ਸਤੀਸ਼ ਵਰਮਾ ਨੇ ਆਪਣੇ ਮੁੱਖ-ਸੁਰ ਭਾਸ਼ਣ ਵਿਚ ਦੋਹਾਂ ਪੰਜਾਬਾਂ ਵਿੱਚ ਹੁੰਦੇ ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਭੂਤ,ਵਰਤਮਾਨ ਅਤੇ ਭਵਿੱਖ ਤੇ ਖ਼ੂਬਸੂਰਤੀ ਨਾਲ ਵਿਚਾਰ ਰੱਖੇ ।ਡਾ. ਵਰਮਾ ਵੱਲੋਂ ਬਣਾਈ ਗਈ ਭੂਮਿਕਾ ਨੇ ਜਿਵੇਂ ਇਸ ਸਮਾਗਮ ਨੂੰ ਲੀਹੇ ਪਾ ਦਿੱਤਾ ।ਪਾਕਿਸਤਾਨ ਦੀ ਪ੍ਰਸਿੱਧ ਨਾਟ ਨਿਰਦੇਸ਼ਿਕਾ ਹੁਮਾ ਸਫ਼ਦਰ ਨੇ ਰੀਤ ਦਾ ਥੀਏਟਰ ਅਤੇ ਥੀਏਟਰ ਦੀ ਰੀਤਖੋਜ ਪੇਪਰ ਵਿੱਚ ਵਾਰਿਸ ਸ਼ਾਹ ਦੀ ਹੀਰ ਦੇ ਦਸ ਬੰਦ ਲੈ ਕੇ ਐਸਾ ਵਿਸਲੇਸ਼ਨ ਕੀਤਾ ਕਿ ਜਿਵੇਂ ਸਾਹਮਣੇ ਹੀਰ ਰਾਂਝਾ ਨਾਟਕ ਖੇਡਿਆ ਜਾ ਰਿਹਾ ਹੋਵੇ ।ਇਕੱਲੇ ਇਕੱਲੇ ਬੰਦ ਦੀ ਹਰ ਲਾਈਨ ਨੂੰ ਥੀਏਟਰ ਨਾਲ ਜੋੜਨ ਦਾ ਅੰਦਾਜ਼ ਬਾਕਮਾਲ ਸੀ ।ਡਾ. ਐਸ.ਪੀ.ਸਿੰਘ ਨੇ ਕਿਹਾ ਕਿ ਸਮਾਜਕ ਸਰੋਕਾਰਾਂ ਪ੍ਰਤੀ ਸੁਚੇਤ ਗੱਲ ਕਰਨ ਲਈ ਰੰਗਮੰਚ ਸਾਰਥਿਕ ਪਲੇਟਫਾਰਮ ਹੈ ।ਉਹਨਾ ਕਿਹਾ ਕਿ ਦੋਹਾਂ ਪੰਜਾਬਾਂ ਦੀ ਸਾਂਝ ਨੂੰ ਵਧਾਉਣ ਵਿੱਚ ਰੰਗਕਰਮੀਆਂ ਦੀ ਭੂਮਿਕਾ ਸਲਾਹੁਣਯੋਗ ਹੈ ਇਸ ਤਰਾਂ ਦੇ ਸਾਂਝੇ ਫੈਸਟੀਵਲ ਹੋਣੇ ਚਾਹੀਦਾ ਹੈ।ਡਾ. ਸਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਰੰਗਮੰਚ ਸਥਾਪਤੀ ਵੱਲ ਵਧ ਰਿਹਾ ਹੈ ਅਤੇ ਨਵੀਆਂ ਤਕਨੀਕਾਂ ਨਾਲ ਸਾਡਾ ਰੰਗਮੰਚ ਲੋਕਾਂ ਦੇ ਨੇੜੇ ਹੋ ਰਿਹਾ ਹੈ। ਡਾ. ਪਾਤਰ ਨੇ ਕਿਹਾ ਕਿ ਰੰਗਮੰਚ ਸਾਰੀਆਂ ਸਾਹਿਤਕ ਵਿਦਾਵਾਂ ਦਾ ਸੁਮੇਲ ਹੋਣ ਕਰਕੇ ਵਧੇਰੇ ਪ੍ਰਭਾਵਸ਼ਾਲੀ ਹੈ ।ਸ਼ਾਮ ਨੂੰ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਹੁਮਾ ਸਫ਼ਦਰ ਦੀ ਨਿਰਦੇਸ਼ਨਾ ਵਿਚ ਨਜ਼ਮ ਹੁਸੈਨ ਸਈਅਦ ਦਾ ਨਾਟਕ ਚੋਗ ਕਸੁੰਬੇ ਦੀ ਪੇਸ਼ ਕੀਤਾ ਗਿਆ ।ਸੂਫ਼ੀ ਕਲਾਮ ਮੈਂ ਕਸੁੰਬੜਾ ਚੁਣ ਚੁਣ ਹਾਰੀ ਨੂੰ ਅਧਾਰ ਬਣਾਕੇ ਮਿਹਨਤ ਅਤੇ ਵਪਾਰ ਦੇ ਸਬੰਧਾਂ ਨੂੰ ਦਰਸਾਂਉਦਾ ਇਹ ਨਾਟਕ ਕਸੁੰਬੇ ਦੇ ਕੱਚੇ ਰੰਗਾਂ ਵਾਲੇ ਫਲਾਂ ਦੇ ਪੱਕੇ ਵਪਾਰੀਆਂ ਦੀ ਸੋਚ ਨੂੰ ਠੋਕਰਦਾ ਹੈ , ਜਿਸ ਵਿੱਚ ਹੁਮਾ ਤੋਂ ਇਲਾਵਾ ਨੈਮਾ ਦੀਆ,ਆਈਸ਼ਾ ਅਲੀ , ਆਮਨਾ , ਫ਼ਰੀਦਾ , ਸਾਰਾ ਖ਼ਾਨ , ਨੇ ਅਹਿਮ ਭੂਮਿਕਾਵਾਂ ਨਿਭਾਈਆਂ ।



ਦੂਸਰੇ ਦਿਨ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਆਤਮਜੀਤ ਦੀ ਪ੍ਰਧਾਨਗੀ ਹੇਠ ਪੰਜਾਬੀ ਨਾਟਕ ਅਤੇ ਰੰਗਮੰਚ ਦੇ ਅੰਤਰਰਾਸ਼ਟਰੀ ਪਰਿਪੇਖਤੇ ਹੋਏ ਸੈਮੀਨਾਰ ਵਿੱਚ ਪੰਜਾਬ ਯੂਨੀਵਰਸਿਟੀ ਲਹੌਰ ਦੇ ਪੰਜਾਬੀ ਵਿਭਾਗ ਦੀ ਪ੍ਰਾਅਧਿਆਪਕਾ ਡਾ. ਆਸਮਾ ਕਾਦਰੀ ਨੇ ਪੰਜਾਬੀ ਕਲਾਸਕੀ ਸ਼ਾਇਰੀ ਵਿਚ ਪੇਖਣ ਦੇ ਰੰਗਪੇਪਰ ਪੜਦਿਆਂ ਸ਼ਾਇਰੀ ਵਿੱਚਲੇ ਨਾਟਕੀ ਤੱਤਾਂ ਨੂੰ ਪੇਸ਼ ਕੀਤਾ ।ਡਾ. ਆਸਮਾ ਕਾਦਰੀ ਦਾ ਪੇਪਰ ਅਕਾਦਮਿਕ ਪੱਖ ਤੋਂ ਕਾਫੀ ਮੁਲਵਾਨ ਸੀ ,ਗੱਲ ਬਾਤ ਰੌਚਕ , ਸਪਸ਼ਟ ਉਚਾਰਨ ਅਤੇ ਅਵਾਜ਼ ਵਿੱਚ ਮਿਠਾਸ ਹੋਣ ਕਰਕੇ ਉਹ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ।ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਹੀ ਦੂਸਰੇ ਪੰਜਾਬੀ ਪ੍ਰਾਅਧਿਆਪਕਾ ਡਾ. ਨਿੱਗਦ ਖ਼ੁਰਸ਼ੀਦ ਨੇ ਅਜ਼ਾਦੀ ਤੋਂ ਬਾਅਦ ਦੇ ਪਾਕਿਸਤਾਨੀ ਪੰਜਾਬੀ ਨਾਟਕਬਾਰੇ ਆਪਣੇ ਖੋਜ ਪੇਪਰ ਵਿੱਚ ਲਹਿੰਦੇ ਪੰਜਾਬ ਵਿੱਚ ਹੁੰਦੇ ਰੰਗਮੰਚ ਦੀਆਂ ਪ੍ਰਾਪਤੀਆਂ ਅਤੇ ਘਾਟਾਂ ਦੀ ਗੱਲ ਬਾਤ ਕੀਤੀ ।ਦੋਹਾਂ ਪੰਜਾਬਾਂ ਦੀ ਮੁਹੱਬਤੀ ਚੜ੍ਹਦੀ ਕਲਾ ਲਈ ਜਨਾਬ ਆਸਿਫ਼ ਹੋਤ ਨੇ ਪੰਜਾਬੀ ਏਕਤਾਵਿਸ਼ੇ ਤੇ ਗੱਲ ਬਾਤ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਇਸ ਏਕਤਾ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਹਨਾਂ ਇਸ ਸਬੰਧੀ ਕਈ ਨੁਕਤਿਆਂ ਤੇ ਚਾਨਣਾ ਪਾਇਆ । ਰੰਗਸੰਗ ਦੇ ਸੰਪਾਦਕ ਡਾ. ਜਗਦੀਸ਼ ਗਰਗ ਨੇ ਭਾਰਤੀ ਪੰਜਾਬੀ ਰੰਗਮੰਚ ਦੇ ਇਤਹਿਾਸ ਨੂੰ ਫਰੋਲਿਆ ਜਦੋਂ ਕਿ ਗੁਰੂ ਗੋਬਿੰਦ ਸਿੰਘ ਕਾਲਜ ਕਮਾਲਪੁਰਾ ਦੇ ਪ੍ਰਿਸੀਪਲ ਡਾ. ਬਰਿੰਦਰਜੀਤ ਕੌਰ ਨੇ ਲੋਕ ਨਾਟਕਾਂ ਰਾਹੀਂ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀਖੋਜ਼ ਪੱਤਰ ਪੜਦਿਆਂ ਲੋਕ ਨਾਟ ਦੀਆਂ ਵੰਨਗੀਆਂ ਤੇ ਚਾਨਣਾ ਪਾਇਆ ।ਪ੍ਰਧਾਨਗੀ ਸੁਨੇਹੇ ਵਿੱਚ ਡਾ. ਆਤਮਜੀਤ ਨੇ ਕਿਹਾ ਕਿ ਰੰਗਕਰਮੀ ਦੀ ਮਿਹਨਤ ਅਤੇ ਕੰਮ ਪ੍ਰਤੀ ਦ੍ਰਿੜਤਾ ਹੀ ਉਸਦੀ ਜਾਇਦਾਦ ਹੈ ਉਹਨਾਂ ਕਿਹਾ ਲੋਕਾਂ ਦੀ ਗੱਲ ਲੋਕਾਂ ਦੀ ਜ਼ੁਬਾਨ ਵਿੱਚ ਕੀਤਿਆਂ ਹੀ ਅਸਰ ਹੁੰਦਾ ਹੈ ।ਸੰਤੋਖ ਸਿੰਘ ਸੁਖਾਣਾ ਦਾ ਮੱਤ ਸੀ ਰੰਗ ਕਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਸਹੂਲਤਾਂ ਅਤੇ ਉਪਰਾਲੇ ਹੋਣੇ ਚੲਹੀਦੇ ਹਨ ।ਭਾਰਤੀ ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਸ਼ਾਹਅਸਵਾਰਾਂ ਵਿੱਚੋਂ ਕੇਵਲ ਧਾਲੀਵਾਲ, ਟੋਨੀ ਬਾਤਿਸ਼ , ਡਾ. ਸਾਹਿਬ ਸਿੰਘ,ਅਸ਼ਵਨੀ ਚੈਟਲੇ, ਨਿਰਮਲ ਰਿਸ਼ੀ ਅਤੇ ਤਰਲੋਚਨ ਸਿੰਘ ਨੇ ਇਨਾਂ ਦੋਹਾਂ ਦਿਨਾਂ ਦੀ ਚਰਚਾ ਵਿੱਚ ਵੱਖ ਵੱਖ ਪਹਿਲੂਆਂ ਤੇ ਆਪਣਾ ਆਪਣਾ ਪੱਖ ਪੇਸ਼ ਕੀਤਾ। ਡਾ. ਸ ਨ ਸੇਵਕ ਦੀ ਨਾਟ ਪੁਸਤਕ ਦੁੱਲ੍ਹਾ’ (ਸ਼ਾਹਮੁਖੀ) ਤੇ ਸੋਮਪਾਲ ਹੀਰਾ ਦੀ ਨਾਟ ਪੁਸਤਕ ਕਥਾ ਰੁੱਖਾਂ ਤੇ ਕੁੱਖਾਂ ਦੀਲੋਕ ਅਰਪਣ ਕੀਤੀਆਂ ਗਈਆਂ ।



ਸ਼ਾਮ ਵੇਲੇ ਸਈਅਦ ਸਾਹਿਬ ਦਾ ਦੂਸਰਾ ਨਾਟਕ ਸੰਮੀ ਦੀ ਵਾਰਹੁਮਾ ਸਫਦਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ ਜਿਸ ਵਿਚ ਕੈਸਰ ਆਬਾਸ ਅਤੇ ਉਜ਼ਮਾ ਮਤਲੂਬ ਦੀ ਅਦਾਕਾਰੀ ਕਮਾਲ ਦੀ ਸੀ । ਭਾਰਤੀ ਪੰਜਾਬੀ ਰੰਗਮੰਚ ਦੀ ਨਿਮਾਇੰਦਗੀ ਕਰਦਾ ਸੋਮਪਾਲ ਹੀਰਾ ਦਾ ਨਾਟਕ ਕਥਾ ਰੁੱਖਾਂ ਤੇ ਕੁੱਖਾਂ ਦੀਸਮੇਂ ਦਾ ਸੁਨੇਹਾ ਦਿੰਦਾ ਦਰਸ਼ਕਾਂ ਦੇ ਦਿਲੋ-ਦਿਮਾਗ਼ ਤੇ ਗਹਿਰਾ ਅਸਰ ਪਾਉਣ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ। ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ਨੀਰ ਨਿਰੂਪਨਨਾਟਕ ਦੀ ਪੇਸ਼ਕਾਰੀ ਵੀ ਸਲਾਹੁਣਯੋਗ ਸੀ ।ਇਸ ਸ਼ਾਮ ਦੀ ਪ੍ਰਧਾਨਗੀ ਕਰਦਿਆਂ ਜਲੰਧਰ ਦੂਦਰਸ਼ਨ ਦੇ ਸੀਨੀਅਰ ਡਾਇਰੈਕਟਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਨਜ਼ਰ ਅਸਮਾਨ ਵੱਲ ਰੱਖੀਏ ਤਾਂ ਸਭ ਹੱਦਾਂ ਸਰਹੱਦਾਂ ਖ਼ਤਮ ਹੋ ਜਾਂਦੀਆਂ ਹਨ ।



ਦੋਵੇਂ ਪਾਕਿਸਤਾਨੀ ਪੰਜਾਬੀ ਨਾਟਕ ਅਗਲੇ ਦੋ ਦਿਨਾਂ ਵਿਚ ਰਾਮਗੜੀਆ ਗਰਲਜ਼ ਕਾਲਜ ਵਿਚ ਵੀ ਪੇਸ਼ ਹੋਏ । ਨਾਟਕਾਂ ਦੀ ਭਾਸ਼ਾ ਕੇਂਦਰੀ ਪੰਜਾਬੀ ਸੀ ਪਰੰਤੂ ਅਦਾਕਾਰੀ ,ਬਲਾਕਿੰਗ ਅਤੇ ਦ੍ਰਿਸ਼ ਪੇਸ਼ਕਾਰੀ ਇਸ ਤਰਾਂ ਦੀ ਸੀ ਕਿ ਦਰਸ਼ਕਾਂ ਨੇ ਚਾਰੇ ਦਿਨ ਸਾਹ ਰੋਕ ਕੇ ਇਹ ਨਾਟਕ ਵੇਖੇ ਅਤੇ ਲੁਤਫ਼ ਲਿਆ। ਨਾਟ ਪੇਸ਼ਕਾਰੀਆਂ ਦੌਰਾਨ ਸ਼ਫਕਤ ਹੂਸੈਨ ਅਤੇ ਆਈਸ਼ਾ ਅਲੀ ਦੀ ਪਿੱਠ ਵਰਤੀ ਅਵਾਜ਼ ਅਤੇ ਸੰਗੀਤ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ । ਪਾਕਿਸਤਾਨੀ ਮਹਿਮਾਨ ਕਲਾਕਾਰਾਂ ਦੇ ਸਵਾਗਤ ਵਿੱਚ ਅਸ਼ਵਨੀ ਚੈਟਲੇ ਵੱਲੋਂ ਸਤਲੁਜ ਕਲੱਬ ਵਿਖੇ ਅਯੋਜਤ ਵਿਸ਼ੇਸ ਸਮਾਗਮ ਵਿੱਚ ਸੁਰਜੀਤ ਪਾਤਰ ਦੀ ਸ਼ਾਇਰੀ ਦੇ ਨਾਲ ਨਾਲ ਦੇਵ ਦਿਲਦਾਰ, ਸ਼ਫਕਤ ਹੂਸੈਨ ਅਤੇ ਆਈਸ਼ਾ ਅਲੀ ਦੀ ਸੋਹਜ ਅਵਾਜ਼ ਵਿੱਚ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਦੀਆਂ ਕਾਫ਼ੀਆਂ ਅਤੇ ਵਾਰਿਸ ਦੀ ਹੀਰ ਦੇ ਗਾਇਨ ਨੇ ਖ਼ੂਬ ਰੰਗ ਜਮਾਇਆ ।ਪ੍ਰੋ ਗੁਣਵੰਤ ਸਿੰਘ ਦੂਆ ਵੱਲੋਂ ਘਰ ਵਿੱਚ ਕੀਤੀ ਮਹਿਮਾਨ ਨਿਵਾਜ਼ੀ ਦਾ ਅੰਦਾਜ਼ ਵੀ ਨਿਰਾਲਾ ਸੀ ਜਿਸਦਾ ਪਾਕਿਸਤਾਨੀ ਕਲਾਕਾਰਾਂ ਨੇ ਖ਼ੂਬ ਲੁਤਫ਼ ਲਿਆ ।



ਇਸ ਚਾਰ ਰੋਜ਼ਾ ਨਾਟਕ ਮੇਲੇ ਦਾ ਸਮਾਪਨ ਸਮਾਰੋਹ ਗੁਰੂ ਨਾਨਕ ਮੈਨੇਜਮੈਂਟ ਇੰਸਟੀਚਿਊਟ ਮਾਡਲ ਟਾਊਨ ਵਿਖੇ ਹੋਇਆ ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ ਦੇ ਗੀਤਾਂ ਨੇ ਮਹੌਲ ਨੂੰ ਪੰਜਾਬੀਅਤ ਦਾ ਰੰਗ ਚੜਾਇਆ। ਦੋਹਾਂ ਮੁਲਕਾਂ ਦੇ ਕਲਾਕਾਰਾਂ ਵਲੋਂ ਸਾਂਝੇ ਤੌਰ ਤੇ ਤਿਆਰ ਕੀਤੀਆਂ ਸਟੇਜੀ ਪੇਸ਼ਕਾਰੀਆਂ ਸਿਖ਼ਰ ਹੋ ਨਿਬੜੀਆਂ।ਇਨਾਂ ਚਾਰ ਦਿਨਾਂ ਦੌਰਾਨ ਬਰਨਾਲਾ ਦੇ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਤੂਰ ਨੇ ਜੋ ਬਜ਼ੁਰਗਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ, ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸੁਣੇ ਕਿੱਸੇ ਉਹਨਾਂ ਦੇ ਚਿਹਰਿਆਂ ਚੋਂ ਲੱਭਦਿਆਂ ਪਾਈਆਂ ਭਾਵੁਕ ਸਾਝਾਂ ਉਹ ਕਦੇ ਨਹੀਂ ਭੁੱਲਣਗੇ ।ਲੁਧਿਆਣਾ ਦੇ ਸਾਹਿਤਕਾਰਾਂ, ਰੰਗਕਰਮੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਆਪਣੀ ਹਾਜ਼ਰੀ ਨਾਲ ਇਸ ਨਾਟ ਮੇਲੇ ਨੂੰ ਬੇਹੱਦ ਮਾਣ ਬਖ਼ਸ਼ਿਆ।



ਸਾਨੂੰ ਪਤਾ ਈ ਨਹੀਂ ਲੱਗਿਆ ਕਿ ਚਾਰ ਦਿਨ ਕਿਵੇਂ ਬੀਤ ਗਏ ਸਵੇਰ ਦੇ ਛੇ ਵਜੇ ਉਹ ਸਭ ਜਾਣ ਲਈ ਤਿਆਰ ਹੋਏ ਖੜ੍ਹੇ ਸਨ …..ਨਾਟ ਮੇਲੇ ਦੀ ਕਾਮਯਾਬੀ ਦਾ ਸਭ ਨੂੰ ਨਸ਼ਾ ਸੀ ,ਵਿਛੜਨ ਨੂੰ ਕਿਸੇ ਦਾ ਵੀ ਜੀਅ ਨਹੀਂ ਸੀ ਕਰਦਾ ਪਰ ਤੁਰਨਾ ਪੈਣਾ ਸੀ, ਤੇ ਤੋਰਨਾ ਪੈਣਾ ਸੀ, …..ਪੰਜਾਬੀ ਨਾਟਕ ਅਤੇ ਰੰਗਮੰਚ ਦੇ ਸੌ ਵਰ੍ਹੇ ਸਪੂਰਨ ਹੋਣ ਤੇ ਆਉਂਦੇ ਸਾਲ ਵੱਡੇ ਜਸ਼ਨ ਮਨਾਉਣ ਦੇ ਸੁਪਨੇ ਨਾਲ ਹਸਦੇ ਖੇਡਦੇ ਅਸੀਂ ਅਟਾਰੀ ਵੱਲ ਨੂੰ ਹੋ ਤੁਰੇ ਅਤੇ ਰਸਤੇ ਵਿੱਚ ਕੁਝ ਹੋਰ ਚੰਗਾ ਕਰਨ ਦੀਆਂ ਵਿਉਤਾਂ ਬਣਾਉਂਦੇ ਗਏ ਤਾਂ ਕਿ ਪੰਜਾਬੀ ਮਾਂ ਬੋਲੀ ਅਤੇ ਰੰਗਮੰਚ ਦਾ ਦੀਵਾ ਜਗਦਾ ਰਵ੍ਹੇ ।





Sunday, April 24, 2011

ਹਰਚੰਦ ਸਿੰਘ ਬਾਗੜੀ ਦੇ ਮਹਾਂ-ਕਾਵਿ ‘ਕਿਸ ਬਿਧ ਲਈ ਆਜ਼ਾਦੀ ’ ਉੱਤੇ ਗੋਸ਼ਟੀ ਹੋਈ - ਰਿਪੋਰਟ

ਰਿਪੋਰਟ: ਡਾ. ਭਗਵੰਤ ਸਿੰਘ ( ਪਟਿਆਲਾ, ਅਪ੍ਰੈਲ 2011 ) ਪੂੰਜੀਵਾਦੀ ਵਿਸ਼ਵੀਕਰਨ ਅਮਰੀਕੀ ਸਾਮਰਾਜਵਾਦ ਦਾ ਸਿਖਰ ਹੈ। ਅੱਜ ਉਤਪਾਦਕੀ ਵਿਕਾਸ ਮਾਡਲ ਅਧੀਨ ਸੰਸਾਰ-ਮੰਡੀ ਅਤੇ ਤਕਨਾਲੋਜੀ ਨੇ ਸਿਰਜਾਨਾਤਮਕ ਵਿਕਾਸ ਮਾਡਲ ਨੂੰ ਨਿਗਲ਼ ਲਿਆ ਹੈ। ਖੱਪਤੀ ਸਭਿਆਚਾਰਕ ਉਸਾਰ ਨੇ ਕਿਰਤੀ ਸਭਿਆਚਾਰਕ ਕੀਮਤਾਂ ਦੀ ਨੈਤਿਕਤਾ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਹੈ... ਇਹ ਵਿਚਾਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਪ੍ਰਧਾਨ ਪ੍ਰਸਿੱਧ ਮਾਰਕਸਵਾਦੀ ਵਿਦਵਾਨ ਡਾ. ਤੇਜਵੰਤ ਮਾਨ ਨੇ ਮਾਲਵਾ ਰਿਸਰਚ ਸੈਂਟਰ, ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ਹਰਚੰਦ ਸਿੰਘ ਬਾਗੜੀ ਦੇ ਮਹਾਂ ਕਾਵਿ ਕਿਸ ਬਿਧ ਲਈ ਆਜ਼ਾਦੀ ਉੱਤੇ ਨਿਰਮਲ ਪੰਚਾਇਤੀ ਅਖਾੜਾ ਪਟਿਆਲਾ ਵਿਖੇ ਕਰਵਾਈ ਗਈ ਵਿਚਾਰ ਚਰਚਾ ਨੂੰ ਸਮੇਟਿਆ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਹੇ। ਡਾ. ਤੇਜਵੰਤ ਮਾਨ ਨੇ ਕਿਸ ਬਿਧ ਲਈ ਆਜ਼ਾਦੀ ਉੱਤੇ ਬੋਲਦਿਆਂ ਕਿਹਾ ਕਿ ਬਾਗੜੀ ਜੀ ਨੇ ਗੁਰਮਤਿ ਵਿਚਾਰਧਾਰਾਂ ਨੂੰ ਅਮਲ ਵਿਚ ਲਿਆਉਣ ਵਾਲੇ ਸਿੱਖ ਨਾਇਕਾਂ ਨੂੰ ਕੇਂਦਰ ਵਿਚ ਰਖਕੇ ਮਨੁੱਖੀ ਆਜ਼ਾਦੀ ਲਈ ਕੀਤੀ ਗਈ ਜੱਦੋ-ਜਹਿਦ ਨੂੰ ਇਕ ਵਿਗਿਆਨਕ ਦ੍ਰਿਸ਼ਟੀਕੌਣ ਤੋਂ ਇਸ ਮਹਾਂ-ਕਾਵਿ ਵਿਚ ਵਿਸਤਰਿਤ ਰੂਪ ਵਿਚ ਪੇਸ਼ ਕੀਤਾ ਹੈ।




ਇਸ ਮਹਾਂਕਾਵਿ ਉੱਤੇ ਪਰਚਾ ਪੜ੍ਹਦਿਆਂ ਡਾ. ਅਮਰ ਕੋਮਲ ਨੇ ਬੜੇ ਵਿਦਵਤਾ ਪੂਰਨ ਢੰਗ ਨਾਲ ਮਹਾਂ-ਕਾਵਿ ਦੇ ਕਲਾਤਮਕ ਅਤੇ ਵਿਸ਼ੇ ਆਤਮਿਕ ਗੁਣਾਂ ਨੂੰ ਉਜਾਗਰ ਕਰਦਿਆਂ ਬਾਗੜੀ ਦੁਆਰਾ ਰਚੇ ਇਸ ਮਹਾਂ-ਕਾਵਿ ਨੂੰ ਪੰਜਾਬੀ ਮਹਾਂ-ਕਾਵਿ ਦੀ ਇਕ ਪ੍ਰਾਪਤੀ ਕਿਹਾ। ਪੇਪਰ ਉੱਤੇ ਵਿਚਾਰ ਚਰਚਾ ਕਰਦਿਆਂ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਡਾ. ਸਵਰਾਜ ਸਿੰਘ ਨੇ ਗੁਰਮਤਿ ਫ਼ਲਸਫ਼ੇ ਵਿਚਲੇ ਮਨਮੁਖ ਅਤੇ ਗੁਰਮੁਖ ਸੰਕਲਪਾਂ ਦੀ ਵਿਆਖਿਆ ਕੀਤੀ। ਡਾ. ਸਿੰਘ ਨੇ ਅਮਰੀਕੀ ਸਾਮਰਾਜ ਨੂੰ ਹੰਕਾਰੀ ਮਨਮੁਖ ਦਾ ਵਿਸ਼ੇਸ਼ਣ ਦਿੰਦਿਆ ਜ਼ੋਰ ਦੇ ਕੇ ਕਿਹਾ ਕਿ, “ਇਸ ਦਾ ਵਿਰੋਧ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਇਤਿਹਾਸਕ ਵਿਰਾਸਤ ਵਿਚੋਂ ਗੁਰਮੁਖ ਨਾਇਕਾਂ ਦੀ ਪਹਿਚਾਣ ਕਰੀਏ। ਬਾਗੜੀ ਹੁਰਾਂ ਨੇ ਇਹ ਮਹਾਂ-ਕਾਵਿ ਲਿਖਕੇ ਗੁਰਮੁਖ ਨਾਇਕਾਂ ਦੀ ਪਹਿਚਾਣ ਕੀਤੀ ਹੈ।




ਵਿਚਾਰ ਚਰਚਾ ਵਿੱਚ ਪ੍ਰੋ. ਜੇ.ਕੇ. ਮਿਗਲਾਨੀ, ਡਾ. ਰਣਜੋਧ ਸਿੰਘ, ਸੁਖਪਾਲ ਸੋਹੀ, ਸੁਖਵਿੰਦਰ ਜ਼ਨਾਲ, ਸੰਤ ਹਰੀ ਸਿੰਘ, ਡਾ. ਰਮਿੰਦਰ, ਡਾ. ਜਸਬੀਰ, ਡਾ. ਸ਼ੇਰ ਸਿੰਘ, ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਸੰਦੀਪ, ਹਰਦਿਆਲ ਸਿੰਘ ਚੀਮਾ, ਪ੍ਰੋ. ਸ਼ਰਮਾ, ਸੁਖਮਿੰਦਰ ਸੇਖੋਂ, ਕੁਲਵੰਤ ਸਿੰਘ, ਜਗਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਕਈ ਸੁਆਲ ਖੜ੍ਹੇ ਕੀਤੇ।




ਇਸ ਵਿਚਾਰ ਚਰਚਾ ਵਿਚੋਂ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ੀ ਸਾਮਰਾਜ ਵਿਚ 1809 ਦੀ ਸੰਧੀ ਬਾਰੇ ਕਈ ਨੁਕਤੇ ਉਭਰੇ। ਇਨ੍ਹਾਂ ਨੁਕਤਿਆਂ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਵਿਚਾਰਿਆ ਗਿਆ। ਗੁਰਮਤਿ ਅਨੁਸਾਰ ਹੱਕ ਸੱਚ ਲਈ ਜੂਝਣਾ ਹੈ ਨਾ ਕਿ ਸਮਰਪਣ ਕਰਨਾ। ਇਹ ਗੋਸ਼ਟੀ ਬਹੁਤ ਸਾਰਥਿਕ ਤੇ ਉਸਾਰੂ ਸੰਵਾਦ ਸਿਰਜ ਗਈ। ਇਸ ਮੌਕੇ ਤੇ ਸੁਖਪਾਲ ਸੋਹੀ, ਗੁਰਵਿੰਦਰ ਸਿੰਘ ਕਮਾਲਪੁਰ, ਡਾ. ਅਮਰ ਕੋਮਲ, ਪਰਮਿੰਦਰ ਕੌਰ ਬਾਗੜੀ, ਕੁਲਵੰਤ ਸਿੰਘ, ਸੁਖਵਿੰਦਰ ਜਨਾਲ, ਡਾ. ਰਣਜੋਧ ਸਿੰਘ ਆਦਿ ਅਨੇਕਾਂ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਸਮੁੱਚੇ ਰੂਪ ਵਿੱਚ ਇਹ ਵਿਚਾਰ ਗੋਸ਼ਟੀ, ਪੰਜਾਬੀਅਤ ਦੀ ਮਸਲੇ ਨੂੰ ਉਭਾਰਨ ਲਈ ਆਧਾਰਕ ਸਮੱਗਰੀ ਮੁਹੱਈਆ ਕਰਾਉਣ ਦਾ ਸਾਰਥਿਕ ਉਪਰਾਲਾ ਹੋ ਨਿਬੜੀ।




ਡਾ. ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ ਨੇ ਸੁਹਜਮਈ ਢੰਗ ਨਾਲ ਸੰਚਾਲਨਾ ਕਰਦੇ ਹੋਏ ਬਹਿਸ ਨੂੰ ਸਿਖਰ ਤੇ ਪਹੁੰਚਾਇਆ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਨਿਰਮਲ ਡੇਰਾ ਧਰਮਧਜਾ ਬਾਬਾ ਹਰੀ ਸਿੰਘ, ਸੰਤ ਰਵੀਸ਼ੇਰ ਸਿੰਘ ਉਤਰਾਂਚਲ ਬਾਬਾ ਸੰਤਾ ਸਿੰਘ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਅਖਾੜੇ ਦੀ ਤਰਫ਼ੋਂ ਹਰਚੰਦ ਸਿੰਘ ਬਾਗੜੀ, ਪਰਮਿੰਦਰ ਬਾਗੜੀ, ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਅਮਰ ਕੋਮਲ ਨੂੰ ਸਨਮਾਨਿਤ ਕੀਤਾ।












Monday, April 11, 2011

ਡਾ.ਜਲੌਰ ਸਿੰਘ ਖੀਵਾ ਦੀ ਪੁਸਤਕ ‘ਪੰਜਾਬੀ ਸਭਿਆਚਾਰ :‘ਰਿਸ਼ਤਿਆਂ ਦੀ ਸੰਬਾਦਿਕਤਾ’‘ਤੇ ਵਿਚਾਰ ਗੋਸ਼ਟੀ - ਰਿਪੋਰਟ


ਰਿਪੋਰਟ: ਡਾ. ਨਿਰਮਲ ਜੌੜਾ: - ਗੁਜਰਾਂਵਾਲਾ ਗੁਰੁ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਅਤੇ ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਵਲੋਂ ਪੰਜਾਬੀ ਦੇ ਉੱਘੇ ਵਿਦਵਾਨ ਡਾ. ਜਲੌਰ ਸਿੰਘ ਖੀਵਾ ਦੀ ਅਲੋਚਨਾ ਪੁਸਤਕ ਪੰਜਾਬੀ ਸਭਿਆਚਾਰ : ਰਿਸ਼ਤਿਆਂ ਦੀ ਸੰਬਾਦਿਕਤਾ ਤੇ ਵਿਚਾਰ ਗੋਸ਼ਟੀ ਹਿਤ ਹੋਏ ਸਮਾਗਮ ਤੇ ਸਰਸਵਤੀ ਸਨਮਾਨ ਵਿਜੇਤਾ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਰਿਸ਼ਤਿਆਂ ਦੀ ਪਵਿੱਤਰਤਾ ਹੀ ਮਨੁੱਖਤਾ ਦਾ ਆਧਾਰ ਹੈ ਅਤੇ ਹਰ ਰਿਸ਼ਤੇ ਦੀ ਆਪਣੀ ਮਹੱਤਤਾ ਹੈ ਇਸ ਲਈ ਸਾਨੂੰ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਡਾ. ਪਾਤਰ ਨੇ ਕਿਹਾ ਕਿ ਅਸੀਂ ਸਹਿਜ-ਸੁਭਾਅ ਅਸੀਂ ਇਕ ਦੂਜੇ ਨੂੰ ਜਿਨਾਂ ਰਿਸ਼ਤਿਆਂ ਨਾਲ ਬੁਲਾਉਂਦੇ ਹਾਂ ਉਹਨਾਂ ਬਾਰੇ ਇਸ ਪੁਸਤਕ ਵਿਚੋਂ ਗਹਿਰਾ ਗਿਆਨ ਮਿਲਦਾ ਹੈ । ਉਹਨਾਂ ਕਿਹਾ ਕਿ ਜੇ ਰਿਸ਼ਤਿਆਂ ਦੇ ਅਰਥ ਪਤਾ ਹੋਣ ਤਾਂ ਇਨਾਂ ਨੂੰ ਵਰਤਣ ਦਾ ਲੁਤਫ਼ ਵੱਖਰਾ ਹੰਦਾ ਹੈ ।



ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ.ਸਿੰਘ ਨੇ ਕਿਹਾ ਕਿ ਡਾ. ਖੀਵਾ ਨੇ ਇਸ ਨਾਜ਼ਕ ਵਿਸ਼ੇ ਤੇ ਖੋਜ ਕਰਨ ਦੀ ਪਹਿਲਕਦਮੀ ਕੀਤੀ ਹੈ। ਇਸ ਪੁਸਤਕ ਵਿਚਲੇ ਵਿਸ਼ਿਆਂ ਤੇ ਅਧਿਐਨ ਕਰਦਿਆਂ ਡਾ. ਐਸ.ਪੀ.ਸਿੰਘ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਮਨੁੱਖੀ ਵਿਕਾਸ ਵਿਚ ਉੱਤਮ ਅਤੇ ਸੁੱਚਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਰਿਸ਼ਤਿਆਂ ਦੀ ਗੁਆਚ ਰਹੀ ਮਹਿਕ ਨੂੰ ਬਚਾਉਣਾ ਸਾਡਾ ਪਹਿਲਾ ਧਰਮ ਹੈ। ਉਹਨਾਂ ਪੰਜਾਬੀ ਗੀਤ ਸੰਗੀਤ ਅਤੇ ਹੋਰ ਲਿਖਤਾਂ ਵਿਚ ਰਿਸ਼ਤਿਆਂ ਦੀ ਹੋ ਰਹੀ ਦੁਰਗਤੀ ਨੂੰ ਭਵਿੱਖ ਲਈ ਬੇਹੱਦ ਖ਼ਤਰਨਾਕ ਕਿਹਾ । ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਡਾ. ਖੀਵਾ ਦੀ ਇਹ ਪੁਸਤਕ ਆਉਣ ਵਾਲੀਆਂ ਪੀੜੀਆਂ ਲਈ ਤੋਹਫ਼ਾ ਹੋਵੇਗੀ । ਰਿਸ਼ਤਿਆਂ ਨੂੰ ਆਪਣੇ ਗੀਤਾਂ ਚ ਪਰੋਕੇ ਪੇਸ਼ ਕਰਨ ਵਾਲੇ ਨਿਵੇਕਲੇ ਗਾਇਕ ਪਾਲੀ ਦੇਤਵਾਲੀਆ ਨੇ ਸੁਹਜ ਭਰੀ ਆਵਾਜ਼ ਅਤੇ ਅੰਦਾਜ਼ ਵਿਚ ਪੁਤਾਂ ਨੂੰ ਜਿਉਣ ਜੋਗੇ ਕਹਿਣ ਵਾਲਿੳ ਧੀਆਂ ਨੂੰ ਵੀ ਕਿਹਾ ਕਰੋ ਜਿਉਣ ਜੋਗੀਆਂਗੀਤ ਪੇਸ਼ ਕਰਕੇ ਮਾਹੌਲ ਨੂੰ ਹੋਰ ਸੰਜੀਦਾ ਕੀਤਾ ।



ਪੰਜਾਬੀ ਦੇ ਉੱਘੇ ਵਿਦਵਾਨ ਡਾ. ਸ.ਨ.ਸੇਵਕ ਦੇ ਸਵਾਗਤੀ ਸ਼ਬਦਾਂ ਉਪਰੰਤ ਸਮਾਗਮ ਵਿਚ ਹਾਜ਼ਿਰ ਸਾਹਿਤ ਪ੍ਰੇਮੀਆਂ ਨਾਲ ਪੁਸਤਕ ਸਬੰਧੀ ਵਿਚਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਕਮਾਲਪੁਰਾ ਦੇ ਪ੍ਰਿੰਸੀਪਲ ਡਾ. ਬਰਿੰਦਰਜੀਤ ਕੌਰ ਦਾ ਮੱਤ ਸੀ ਡਾ. ਖੀਵਾ ਨੇ ਮਨੁੱਖੀ ਰਿਸ਼ਤਿਆਂ ਦੀ ਤਹਿਸੀਰ ਨੂੰ ਸਫ਼ਲਤਾ ਨਾਲ ਫਰੋਲਿਆ ਹੈ । ਆਪਣੇ ਖੋਜ ਪੱਤਰ ਵਿਚ ਖਾਲਸਾ ਕਾਲਜ ਫਾਰ ਵਿਮੈਨ ਦੇ ਪੰਜਾਬੀ ਪ੍ਰਾਅਧਿਆਪਕ ਡਾ. ਪਰਮਜੀਤ ਕੌਰ ਪਾਸੀ ਨੇ ਪੁਸਤਕ ਦੇ ਸਹਿ ਵਿਸ਼ਿਆਂ ਦਾ ਬਾਖ਼ੂਬੀ ਨਾਲ ਵਿਸ਼ਲੇਸ਼ਣ ਕੀਤਾ ਅਤੇ ਕੁਮਾਰ ਜਗਦੇਵ ਸਿੰਘ ਨੇ ਡਾ. ਜਲੌਰ ਸਿੰਘ ਖੀਵਾ ਦੀ ਪੁਸਤਕ ਦੇ ਨਾਲ ਨਾਲ ਸ਼ਖ਼ਸੀਅਤ ਅਤੇ ਸਾਹਿਤਕ ਜੀਵਨ ਯਾਤਰਾ ਤੇ ਚਾਨਣਾ ਪਾਉਂਦਿਆਂ ਡਾ. ਖੀਵਾ ਨੂੰ ਜ਼ਿੰਦਗੀ ਦਾ ਕਰਮਯੋਗੀ ਕਿਹਾ ।ਪੁਸਤਕ ਅਤੇ ਖੋਜ ਪੱਤਰਾਂ ਤੇ ਹੋਈ ਉਸਾਰੂ ਚਰਚਾ ਵਿਚ ਡਾ. ਸ.ਨ.ਸੇਵਕ, ਡਾ. ਸੁਖਦੇਵ ਸਿੰਘ , ਸ. ਚੰਦ ਸਿੰਘ ਸਦਿਉੜਾ ਕੈਨੇਡਾ , ਜਸਵੰਤ ਜ਼ਫ਼ਰ, ਡਾ. ਗੁਲਜ਼ਾਰ ਪੰਧੇਰ ,ਰਮਣੀਕ ਕੌਰ ਅਤੇ ਸੁਖਦੇਵ ਮਾਦਪੁਰੀ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਫਾਊਂਡੇਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਅਤੇ ਮੰਚ ਦੇ ਪ੍ਰਧਾਨ ਸ. ਸੰਤੋਖ ਸਿੰਘ ਸੁਖਾਣਾ ਨੇ ਪ੍ਰੋ.ਖੀਵਾ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।



ਖੋਜ ਪੱਤਰਾਂ ਅਤੇ ਵਿਦਵਾਨਾਂ ਦੇ ਵਿਚਾਰਾਂ ਦੇ ਪ੍ਰਤੀਕਰਮ ਵਜੋਂ ਬੋਲਦਿਆਂ ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਬਚਪਨ ਤੋਂ ਹੁਣ ਤੱਕ ਜੋ ਕੁਝ ਤਨ ਮਨ 'ਤੇ ਹੰਢਾਇਆ ਹੈ ਉਸਦਾ ਗੁੱਭ-ਗੁਹਾਟ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ। ਡਾ. ਖੀਵਾ ਨੇ ਕਿਹਾ ਰਿਸ਼ਤਿਆਂ ਵਿਚਲੀ ਮਹਿਕ ਅਤੇ ਦੁਰਗੰਧ ਦਾ ਸੁਮੇਲ ਮੇਰੇ ਹੱਡਾਂ ਵਿਚ ਰਚਿਆ ਹੈ ਜਿਸ ਨੂੰ ਮੈਂ ਉਮਰ ਭਰ ਤਨ-ਮਨ ਤੇ ਹੰਢਾਇਆ ਹੈ ,ਆਉਣ ਵਾਲੇ ਸਮੇਂ ਵਿਚ ਸਭ ਬੰਦਿਸ਼ਾਂ ਨੂੰ ਤੋੜਕੇ ਲੋਕ ਅਰਪਣ ਕਰ ਦੇਵਾਂਗਾ । ਇਸ ਵਿਚਾਰ ਗੋਸ਼ਟੀ ਵਿਚ ਪੰਜਾਬੀ ਦੇ ਉੱਘੇ ਵਿਦਵਾਨ , ਸਾਹਿਤਕਾਰ, ਵੱਖ ਵੱਖ ਕਾਲਜਾਂ ਦੇ ਪੰਜਾਬੀ ਪ੍ਰਾਅਧਿਆਪਕਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਾਹਿਤ-ਪ੍ਰੇਮੀ ਹਾਜ਼ਿਰ ਸਨ।ਪ੍ਰੋ. ਗੁਣਵੰਤ ਸਿੰਘ ਦੂਆ ਨੇ ਡਾ: ਖੀਵਾ ,ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।



ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ