Showing posts with label ਲੇਖਕ ਰੂ-ਬ-ਰੂ ਰਿਪੋਰਟ. Show all posts
Showing posts with label ਲੇਖਕ ਰੂ-ਬ-ਰੂ ਰਿਪੋਰਟ. Show all posts

Saturday, April 30, 2011

ਟਰਾਂਟੋ, ਕੈਨੇਡਾ ਵਿਚ ਕਾਫ਼ਲੇ ਵੱਲੋਂ ਅਜਮੇਰ ਔਲਖ ਨਾਲ਼ ਮੁਲਾਕਾਤ - ਰਿਪੋਰਟ


ਰਿਪੋਰਟ: ਟਰਾਂਟੋ:-(ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਕੈਨੇਡਾ ਫੇਰੀ ‘ਤੇ ਆਏ ਪੰਜਾਬੀ ਨਾਟਕਕਾਰ ਅਜਮੇਰ ਔਲਖ ਨਾਲ਼ 16 ਅਪ੍ਰੈਲ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਮੀਟਿੰਗ ਦੌਰਾਨ ਇੰਡੀਅਨ ਅਤੇ ਕੈਨੇਡੀਅਨ ਪੰਜਾਬੀ ਰੰਗ-ਮੰਚ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਬਲਜਿੰਦਰ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਾਫ਼ਲਾ ਸੰਚਾਲਕ ਉਂਕਾਰਪ੍ਰੀਤ ਨੇ ਕਿਹਾ ਕਿ 1992 ਤੋਂ ਸਰਗਰਮ ਕਾਫ਼ਲੇ ਵੱਲੋਂ ਹਮੇਸ਼ਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਲਾ ਨੂੰ ਲੋਕਾਂ ਦੇ ਪੱਖ ਵਿੱਚ ਵਰਤਣ ਵਾਲ਼ੀਆਂ ਹਸਤੀਆਂ ਨਾਲ਼ ਮੁਲਾਕਾਤ ਕੀਤੀ ਜਾਵੇ। ਅਜਮੇਰ ਔਲਖ ਨੂੰ ਪੰਜਾਬੀ ਦੇ ‘ਸਿਰਕੱਢ ਨਾਟਕਕਾਰਾਂ ਵਿੱਚੋਂ ਇੱਕ’ ਦੱਸਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਔਲਖ ਨੇ ਗੁਰਸ਼ਰਨ ਭਾਅ ਜੀ ਵਾਂਗ ਹੀ ਨਾਟਕ ਨੂੰ ਲਹਿਰ ਦਾ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਵਿੱਚ ਉਨ੍ਹਾਂ ਦੇ ਸਮੁੱਚੇ ਪਰਵਾਰ ਦੀ ਸ਼ਮੂਲੀਅਤ ਉਨ੍ਹਾਂ ਦੀ ਪ੍ਰਤੀਬਧਤਾ ਨੂੰ ਹੋਰ ਵੀ ਦ੍ਰਿੜ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਔਲਖ ਦੇ ਨਾਟਕ ਕਿਸਾਨੀ ਜੀਵਨ ਦੇ ਅੰਤਰਮਨ ਦੀ ਵਿਥਿਆ ਬਿਆਨ ਕਰਦੇ ਹਨ ਓਥੇ ਲੋਟੂ ਅਨਸਰਾਂ ਨੂੰ ਕਟਹਿਰੇ ਵਿੱਚ ਵੀ ਖੜ੍ਹਾ ਕਰਦੇ ਹਨ। ਗੁਰਦੇਵ ਚੌਹਾਨ ਹੁਰਾਂ ਕਿਹਾ ਕਿ ਔਲਖ ਦੇ ਨਾਟਕਾਂ ਦੀ ਸਮੱਗਰੀ ਉਨ੍ਹਾਂ ਦੇ ਨਿੱਜੀ ਤਜਰਬੇ ਵਿੱਚੋਂ ਆਈ ਹੋਣ ਕਰਕੇ ਉਨ੍ਹਾਂ ਦੇ ਨਾਟਕ ਸ਼ੇਕਸਪੀਅਰ ਵਾਂਗ ਹੀ ਪੜ੍ਹਨ ਨੂੰ ਵੀ ਓਨੇ ਹੀ ਦਿਲਚਸਪ ਹਨ ਜਿੰਨੇ ਕਿ ਵੇਖਣ ਨੂੰ ਜਦ ਕਿ ਡਾ. ਆਤਮਜੀਤ ਅਤੇ ਗੁਰਸ਼ਰਨ ਭਾਅ ਜੀ ਦੇ ਨਾਟਕਾਂ ਵਿੱਚ ਇਹ ਗੱਲ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੁਰਸ਼ਰਨ ਭਾਅ ਜੀ ਸੰਦੇਸ਼ ਨੂੰ ਮੁੱਖ ਰੱਖ ਕੇ ਨਾਟਕ ਲਿਖਦੇ ਹਨ ਓਥੇ ਔਲਖ ਆਪਣੇ ਸੰਦੇਸ਼ ਨੂੰ ਕਲਾ ਵਿੱਚ ਲਪੇਟ ਕੇ ਪੇਸ਼ ਕਰਦੇ ਹਨ ਜੋ ਨਾਟਕ ਨੂੰ ਹੋਰ ਵੀ ਪ੍ਰਭਾਵਸ਼ਾਲੀ ਕਰਦਾ ਹੈ। ਬਲਰਾਜ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੰਤ ਸਿੰਘ ਸੇਖੋਂ ਨੇ ਕਹਾਣੀ ਵਿੱਚ ਪੇਂਡੂ ਜੀਵਨ ਨੂੰ ਉਭਾਰਿਆ ਉਵੇਂ ਹੀ ਅਜਮੇਰ ਔਲਖ ਨੇ ਆਪਣੇ ਨਾਟਕਾਂ ਰਾਹੀਂ ਪੇਂਡੂ ਜੀਵਨ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਹੈ। ਚੀਮਾ ਨੇ ਕਿਹਾ ਕਿ ਭਾਵੇਂ ਕਈ ਨਾਟਕਕਾਰਾਂ ਦੇ ਨਾਟਕ ਸਿਰਫ਼ ਪੜ੍ਹ ਕੇ ਮਾਣੇ ਜਾ ਸਕਦੇ ਹਨ ਪਰ ਉਨ੍ਹਾਂ ਵਿੱਚ ਸਟੇਜੀ ਗੁਣ ਨਹੀਂ ਹੁੰਦਾ ਪਰ ਔਲਖ ਨੇ ਨਾਟਕ ਪੜ੍ਹਨ ਨੂੰ ਵੀ ਓਨੇ ਹੀ ਰੌਚਿਕ ਹਨ ਜਿੰਨੇ ਕਿ ਵੇਖਣ ਨੂੰ।



ਅਜਮੇਰ ਔਲਖ ਨੇ ਦੱਸਿਆ ਕਿ ਉਨ੍ਹਾਂ ਦੀ ਲਿਖਣ ਪ੍ਰਕਿਰਿਆ ਤਕਰੀਬਨ 8-9 ਸਾਲ ਦੀ ਉਮਰ ਤੋਂ ਹੀ ਗੀਤਾਂ ਦੇ ਰੂਪ ਵਿੱਚ ਸ਼ੁਰੂ ਹੋ ਗਈ ਸੀ ਅਤੇ ਦਸਵੀਂ ਦਾ ਇਮਤਿਹਾਨ ਦੇਣ ਤੋਂ ਬਾਅਦ ਉਨ੍ਹਾਂ ਨੇ ਇੱਕ ਨਾਵਲ ਵੀ ਲਿਖਿਆ ਸੀ ਜੋ ਤਜਰਬੇ ਪੱਖੋਂ ਭਾਵੇਂ ਕੱਚਾ-ਪਿੱਲਾ ਹੀ ਸੀ ਪਰ ਉਸ ਵਿੱਚੋਂ ਉਨ੍ਹਾਂ ਦੀ ਸੋਚ ਦਾ ਸਬੂਤ ਝਲਕਦਾ ਹੈ। ਮੁਜਾਰੇ ਪਰਿਵਾਰ ਵਿੱਚ ਪੈਦਾ ਹੋਏ ਹੋਣ ਕਰਕੇ ਕਿਸਾਨੀ ਪਰਵਾਰਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ‘ਤੇ ਗਹਿਰਾ ਅਸਰ ਹੋਇਆ ਅਤੇ ਉਨ੍ਹਾਂ ਦੇ ਨਾਟਕਾਂ ਦਾ ਵਿਸ਼ਾ ਬਣਿਆ। ਉਨ੍ਹਾਂ ਕਿਹਾ ਕਿ 1970-72 ਵਿੱਚ ਲੈਕਚਰਰ ਲੱਗਣ ਤੋਂ ਬਾਅਦ ਭਾਵੇਂ ਉਨ੍ਹਾਂ ਵੱਲੋਂ ਤਿਆਰ ਕਰਵਾਈਆਂ ਜਾਂਦੀਆਂ ਸੱਭਿਆਚਾਰਕ ਆਈਟਮਾਂ ਨੂੰ ਕਲਾਕਾਰਾਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਲੱਗ ਪਿਆ ਸੀ ਪਰ ਉਨ੍ਹਾਂ ਕਦੀ ਸੋਚਿਆ ਤੱਕ ਵੀ ਨਹੀਂ ਸੀ ਕਿ ਉਹ ਨਾਟਕ ਲਿਖਣ ਲੱਗ ਪੈਣਗੇ। ਫ਼ਰੀਦਕੋਟ ਦੇ ਬ੍ਰਜਿੰਦਰਾ ਕਾਲਿਜ ਵਿੱਚ ਹੁੰਦੇ ਯੂਥ ਫੈਸਟੀਵਲ ਦੌਰਾਨ ਉਨ੍ਹਾਂ ਦੀ ਪ੍ਰਦਰਸ਼ਨੀ ਨੂੰ ਵੇਖਦਿਆਂ ਹੋਇਆਂ ਉਸ ਸਮੇਂ ਦੇ ਵਿਦਵਾਨ ਸਾਹਿਤਕਾਰਾਂ ਵੱਲੋਂ ਉਨ੍ਹਾਂ ਨੂੰ ਸਿਰਫ ਨਾਟਕ ਲਿਖਣ ਵੱਲ ਹੀ ਧਿਆਨ ਦਿੱਤੇ ਜਾਣ ਦਾ ਸੁਝਾਅ ਆਉਣ ‘ਤੇ ਹੀ ਉਨ੍ਹਾਂ ਨੇ ਤਕਰੀਬਨ 1979 ਵਿੱਚ ਨਾਟਕ ਲਿਖਣਾ ਸ਼ੁਰੂ ਕੀਤਾ। ਜਾਗੀਰਦਾਰ ਦੇ ਖੇਤਾਂ ‘ਚ ਕੰਮ ਕਰਦਿਆਂ ਆਪਣੇ ਪੁੱਤ ਲਈ ਇੱਕ ਛੱਲੀ ਘਰ ਲਿਆਉਣ ਦੀ ਕੋਸ਼ਿਸ਼ ਕਰਨ ਬਦਲੇ ਜਾਗੀਰਦਾਰਾਂ ਦੇ ਗੁੰਡਿਆਂ ਵੱਲੋਂ ਆਪਣੀ ਮਾਂ ਦੀ ਕੀਤੀ ਗਈ ਬੇਇਜ਼ਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਉਸ ਘਟਨਾ ਦੀ ਯਾਦ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੰਦੀ ਹੈ। ਸੁਦਾਗਰ ਬਰਾੜ ਵੱਲੋਂ ਲਹਿਰਾਂ ਦੇ ਪ੍ਰਭਾਵ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨੀ ਘੋਲ਼, ਜਿਨ੍ਹਾਂ ਵਿੱਚ ਆਦਿਵਾਸੀ ਕਿਸਾਨਾਂ ਦਾ ਘੋਲ਼ ਵੀ ਸ਼ਾਮਿਲ ਹੈ, ਨਾਲ਼ ਸਬੰਧਤ ਹਰ ਲਹਿਰ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਉਨ੍ਹਾਂ ਉੱਤੇ ਮੁਢਲਾ ਪ੍ਰਭਾਵ ਮੁਜਾਰਾ ਲਹਿਰ ਦਾ ਹੀ ਪਿਆ। ਗੁਰਸ਼ਰਨ ਭਾਅ ਜੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਫੈਸਲਾ ਕੀਤਾ ਕਿ ਜੇ ਲਿਖਣਾ ਹੈ ਤਾਂ ਸਿਰਫ਼ ਦੱਬੇ-ਕੁਚਲ਼ੇ ਆਮ ਲੋਕਾਂ ਲਈ ਹੀ ਲਿਖਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਏਥੋਂ ਵਰਗੀਆਂ ਸਟੇਜੀ ਅਤੇ ਤਕਨੀਕੀ ਸਹੂਲਤਾਂ ਨਹੀਂ ਮਿਲ਼ਦੀਆਂ ਪਰ ਉਨ੍ਹਾਂ ਦੇ ਆਦਰਸ਼ ਗੁਰਸ਼ਰਨ ਭਾਅ ਜੀ ਅਤੇ ਜੋਗਿੰਦਰ ਬਾਹਰਲੇ ਵਰਗੇ ਨਾਟਕਕਾਰ ਹਨ ਜੋ ਗੱਡਿਆਂ ਦੀ ਸਟੇਜ ਬਣਾ ਕੇ ਅਤੇ ਮਸ਼ਾਲਾਂ ਦੀ ਰੌਸ਼ਨੀ ਵਿੱਚ ਹੀ ਨਾਟਕ ਕਰਕੇ ਪੰਜਾਬ ਵਿੱਚ ਨਾਟਕਾਂ ਦੀ ਪਿਰਤ ਪਾ ਗਏ ਹਨ। ਔਲਖ ਹੁਰਾਂ ਕਿਹਾ ਕਿ ਅਸਲੀ ਪੇਸ਼ਕਾਰੀ ਤਾਂ ਕਲਾਕਾਰ ਦੀ ਕਲਾਕਾਰੀ ਹੀ ਹੈ ਸਟੇਜੀ ਸਹੂਲਤਾਂ ਤਾਂ ਸਿਰਫ ਪੇਸ਼ਖਾਰੀ ਵਿੱਚ ਸਹਾਈ ਹੀ ਹੋ ਸਕਦੀਆਂ ਹਨ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਸਮਾਗਮ ਵਿੱਚ ਉਨ੍ਹਾਂ ਤੋਂ ਪਹਿਲਾਂ ਹਰਪਾਲ ਟਿਵਾਣਾ ਵੱਲੋਂ ਖੇਡੇ ਗਏ ਨਾਟਕ ਵਿੱਚ ਸਟੇਜ ‘ਤੇ ਮਹਿਲ ਬਣਾ ਕੇ ਵੇਸ-ਭੂਸ਼ਾ ‘ਤੇ ਬੇਹੱਦ ਧਿਆਨ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਨਾਟਕ ਸਮੇਂ ਸਟੇਜ ‘ਤੇ ਸਿਰਫ਼ ਇੱਕ ਮੰਜਾ ਅਤੇ ਲੱਕੜ ਦਾ ਖੁੰਢ ਹੀ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਕਲਾਕਾਰਾਂ ਵੱਲੋਂ ਵਧੀਆ ਪ੍ਰਦਰਸ਼ਨੀ ਕਰ ਦਿੱਤੇ ਜਾਣ ਕਰਕੇ ਉਨ੍ਹਾਂ ਦੇ ਨਾਟਕ ਨੂੰ ਵੱਧ ਸਲਾਹਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਸਲੀ ਮਾਰਗ-ਦਰਸ਼ਕ ਅਤੇ ਆਲੋਚਕ ਯੂਨੀਵਰਸਿਟੀਆਂ ਵਿੱਚ ਬੈਠੇ ਹੋਏ ਆਲੋਚਕ ਨਹੀਂ ਸਗੋਂ ਸਧਾਰਨ ਪੇਂਡੂ ਲੋਕ ਹਨ ਜੋ ਬਿਨਾਂ ਕਿਸੇ ਹੇਰ-ਫੇਰ ਦੇ ਦਿਲੀ ਰਾਏ ਦੇ ਕੇ ਉਨ੍ਹਾਂ ਦੇ ਨਾਟਕਾਂ ਦਾ ਸੁਹਿਰਦ ਮੁਲਾਂਕਣ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਟਕਾਂ ਵਿੱਚ ਕੰਮ ਕਰਨ ਵਾਲ਼ੇ ਅਦਾਕਾਰਾਂ ਦੀ ਚੋਣ ਸਿਖਲਾਈ ਹਾਸਲ ਕਲਾਕਾਰਾਂ ਵਿੱਚੋਂ ਕਰਨ ਦੀ ਬਜਾਏ ਆਮ ਸਧਾਰਨ ਲੋਕਾਂ ਵਿੱਚੋਂ ਹੀ ਕਰਦੇ ਹਨ ਜੋ ਨਾ ਸਿਰਫ਼ ਪੇਂਡੂ ਕਿਰਦਾਰਾਂ ਨਾਲ਼ ਸਹੀ ਇਨਸਾਫ਼ ਹੀ ਕਰਦੇ ਹਨ ਸਗੋਂ ਉਨ੍ਹਾਂ (ਔਲਖ) ਦੀਆਂ ਭਾਸ਼ਾਈ ਕਮਜ਼ੋਰੀਆਂ ਵੱਲ ਵੀ ਧਿਆਨ ਦਿਵਾਉਂਦੇ ਹਨ। 2008 ਸਾਲ ਦੌਰਾਨ ਆਪਣੀ ਬੀਮਾਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਕਈ ਵਾਰ ਲੇਖਕਾਂ/ਕਲਾਕਾਰਾਂ ਨੂੰ ਇਲਾਜ ਲਈ ਪੈਸਾ ਦੇ ਹੀ ਦਿੰਦੀਆਂ ਨੇ ਪਰ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਉਨ੍ਹਾਂ ਦੇ ਦਿੱਲੀ ਹਸਪਤਾਲ ਵਿੱਚ ਪਏ ਹੋਣ ਸਮੇਂ ਵੱਖ ਵੱਖ ਸੰਸਥਾਵਾਂ ਨੇ ਆਮ ਜਨਤਾ ਵਿੱਚੋਂ ਤਕਰੀਬਨ 9 ਲੱਖ ਰੁਪਏ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਹੋ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਸਨਮਾਨ ਸੀ ਅਤੇ ਜਨਤਾ ਦੇ ਇਸ ਮੋਹ ਸਦਕਾ ਉਨ੍ਹਾਂ ਦੀ ਪ੍ਰਤੀਬੱਧਤਾ ਹੋਰ ਵੀ ਪੱਕੀ ਹੋਈ ਹੈ।



ਕੈਨੇਡੀਅਨ ਪੰਜਾਬੀ ਨਾਟਕ ਬਾਰੇ ਬੋਲਦਿਆਂ ਜਸਪਾਲ ਢਿੱਲੋਂ ਹੁਰਾਂ ਕਿਹਾ ਕਿ ਭਾਵੇਂ ਉਨ੍ਹਾਂ ਨੇ 1991 ਵਿੱਚ ਟਰਾਂਟੋ ਵਿੱਚ ਨਾਟਕ ਸ਼ੁਰੂ ਕਰਕੇ ਏਥੇ ਲੋਕਲ ਨਾਟਕਾਂ ਦੀ ਸ਼ੁਰੂਆਤ ਵਿੱਚ ਹਿੱਸਾ ਪਾਇਆ ਸੀ ਪਰ ਹੁਣ ਬਲਜਿੰਦਰ ਲੇਲਣਾ ਹੁਰਾਂ ਦੀ ‘ਪੰਜਾਬੀ ਆਰਟਸ ਐਸੋਸੀਏਸ਼ਨ’ ਅਤੇ ਹੀਰਾ ਰੰਧਾਵਾ ਵਰਗੇ ਨਾਟਕਕਾਰਾਂ ਨੇ ਆਪਣਾ ਪਰਿਵਾਰ ਵਧਾ ਕੇ ਟਰਾਂਟੋ ਦੇ ਰੰਗ-ਮੰਚ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਟੀਮ ਭਾਵੇਂ ਕੋਈ ਵੀ ਕੰਮ ਕਰ ਰਹੀ ਹੋਵੇ, ਸਾਨੂੰ ਹਮੇਸ਼ਾਂ ਨਾਟਕ ਨੂੰ ਮੁੱਖ ਰੱਖ ਕੇ ਇੱਕ-ਦੂਸਰੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਬਲਜਿੰਦਰ ਲੇਲਣਾ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਕੈਨੇਡੀਅਨ ਜੀਵਨ ਬਾਰੇ ਪੰਜਾਬੀ ਨਾਟਕਾਂ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਕਿ ਸਾਡੇ ਲੋਕ ਅਤੇ ਖ਼ਾਸ ਕਰਕੇ ਸਾਡੇ ਬੱਚੇ ਸਾਡੇ ਨਾਟਕਾਂ ਨਾਲ਼ ਜੁੜ ਸਕਣ। ਨਾਹਰ ਔਜਲਾ ਨੇ ਕਿਹਾ ਕਿ ਕਿਉਂਕਿ ਪਹਿਲਾਂ ਲੋਕ ਕਮਾਈ ਕਰਕੇ ਵਾਪਸ ਇੰਡੀਆ ਮੁੜ ਜਾਣ ਦੇ ਮਕਸਦ ਨਾਲ਼ ਆਉਂਦੇ ਸਨ ਇਸ ਲਈ ਉਨ੍ਹਾਂ ਦਾ ਝੁਕਾਅ ਹਮੇਸ਼ਾਂ ਪੰਜਾਬ ਵੱਲ ਹੀ ਰਹਿੰਦਾ ਸੀ। ਪਰ ਅੱਜਕਲ੍ਹ ਆ ਰਹੇ ਬਹੁਤੇ ਪੰਜਾਬੀ ਇਮੀਗ੍ਰੈਂਟ ਪਹਿਲਾਂ ਹੀ ਪੱਕੇ ਤੌਰ ‘ਤੇ ਕੈਨੇਡਾ ਰਹਿਣ ਦਾ ਮਨ ਬਣਾ ਕੇ ਆ ਰਹੇ ਹੋਣ ਕਰਕੇ ਹੁਣ ਏਥੋਂ ਦੀ ਜ਼ਿੰਦਗੀ ਨਾਲ਼ ਸਬੰਧਤ ਮਸਲਿਆਂ ਵਿੱਚ ਰੁਚੀ ਵਧੀ ਹੈ। ਇਸ ਕਰਕੇ ਏਥੋਂ ਦੀਆਂ ਸਮੱਸਿਆਵਾਂ ਨੂੰ ਮੁਖ਼ਾਤਿਬ ਨਾਟਕਾਂ ਦੀ ਲੋੜ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਜੇ ਵੀ ਕੈਨੇਡੀਅਨ ਪੰਜਾਬੀ ਨਾਟਕ ਇੰਡੀਆ ਤੋਂ ਆਉਣ ਵਾਲ਼ੇ ਕਲਾਕਾਰਾਂ ਦੇ ਸਿਰ ‘ਤੇ ਹੀ ਜੀਅ ਰਿਹਾ ਹੈ। ਬਲਦੇਵ ਰਹਿਪਾ ਨੇ ‘ਤਰਕਸ਼ੀਲ ਸੁਸਾਇਟੀ’ ਦੇ ਨਾਟਕਾਂ ਬਾਰੇ ਬੋਲਦਿਆਂ ਕਿਹਾ ਕਿ ਇਸ ਸੁਸਾਇਟੀ ਦੇ ਨਿਸ਼ਾਨੇ ਸੀਮਤ ਹੋਣ ਕਰਕੇ ਇਨ੍ਹਾਂ ਵੱਲੋਂ ਕਰਵਾਏ ਜਾਣ ਵਾਲ਼ੇ ਨਾਟਕਾਂ ਦੇ ਵਿਸ਼ੇ ਵੀ ਸੀਮਤ ਰਹਿ ਜਾਂਦੇ ਹਨ ਕਿਉਂਕਿ ਉਹ ਆਪਣੇ ਸੰਦੇਸ਼ ਨੂੰ ਮੁੱਖ ਰੱਖ ਕੇ ਹੀ ਨਾਟਕ ਕਰਵਾ ਸਕਦੇ ਹਨ। ਪਰ ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਅਤੇ ਗੋਲਬਲਾਈਜ਼ੇਸ਼ਨ ਦੇ ਯੁਗ ਵਿੱਚ ਅਸੀਂ ਆਪਣੇ ਆਪ ਨੂੰ ਪੰਜਾਬ ਤੋਂ ਅਲੱਗ ਕਰਕੇ ਨਹੀਂ ਵੇਖ ਸਕਦੇ ਕਿਉਂਕਿ ਅੱਜ ਭਾਵੇਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਈਏ, ਸਾਡੀਆਂ ਸਮੱਸਿਆਵਾਂ ਤਕਰੀਬਨ ਇੱਕੋ ਜਿਹੀਆਂ ਹੀ ਹਨ। ਉਨ੍ਹਾਂ ਨੇ ਹਰ ਸੰਸਥਾ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਸਾਂਝੇ ਕਾਜ ਦੀ ਇੱਕ ਇੱਕ ਕੜੀ ਦੱਸਦਿਆਂ ਕਿਹਾ ਕਿ ਸਾਨੂੰ ਸਭ ਨੂੰ ਹਰ ਉਸ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਲੋਕ-ਭਲਾਈ ਬਾਰੇ ਯਤਨਸ਼ੀਲ ਹੈ। ਬਲਜਿੰਦਰ ਲੇਲਣਾ ਵੱਲੋਂ ਔਲਖ ਸਾਹਿਬ ਨੂੰ ਏਥੋਂ ਦੇ ਜੀਵਨ ਨਾਲ਼ ਸਬੰਧਤ ਨਾਟਕ ਲਿਖਣ ਦੀ ਬੇਨਤੀ ਕੀਤੀ ਗਈ ਜਿਸ ਦੇ ਜਵਾਬ ਵਿੱਚ ਔਲਖ ਸਾਹਿਬ ਨੇ ਕਿਹਾ ਕਿ ਕੁਝ ਸਮੇਂ ਲਈ ਕੈਨੇਡਾ ਆਇਆ ਲੇਖਕ ਏਥੋਂ ਦੇ ਜੀਵਨ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦਾ ਜਿਸ ਕਰਕੇ ਉਹ ਨਾਟਕ ਨਾਲ਼ ਪੂਰਾ ਇਨਸਾਫ਼ ਨਹੀਂ ਕਰ ਸਕਦਾ। ਕੁਲਵਿੰਦਰ ਖਹਿਰਾ ਨੇ ਉਨ੍ਹਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਏਥੋਂ ਬਾਰੇ ਨਾਟਕ ਲਿਖਣ ਲਈ ਏਥੋਂ ਦੇ ਜੀਵਨ ਵਰਤਾਰੇ ਨੂੰ ਧੁਰ ਤੱਕ ਸਮਝਣਾ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ ਕਿ ਕੈਨੇਡੀਅਨ ਪੰਜਾਬੀ ਨਾਟਕ ਦੀ ਪ੍ਰਫੁੱਲਤਾ ਲਈ ਜਿੱਥੇ ਏਥੋਂ ਦੇ ਮੁੱਖਧਾਰਾ ਦੇ ਸਾਹਿਤਕ ਮਾਹੌਲ ਤੋਂ ਪੂਰੀ ਤਰ੍ਹਾਂ ਵਾਕਫ਼ ਹੋਣ ਦੀ ਲੋੜ ਹੈ ਓਥੇ ਪੰਜਾਬ ਤੋਂ ਆਉਣ ਵਾਲ਼ੇ ਨਾਟਕਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਮੌਜੂਦਾ ਮਸਲਿਆਂ ਨਾਲ਼ ਸਬੰਧਤ ਨਾਟਕ ਲੈ ਕੇ ਆਉਣ ਤਾਂ ਕਿ ਅਸੀਂ ਜਾਣ ਸਕੀਏ ਕਿ ਕੈਨੇਡਾ ਦਾ ਮੁੱਖਧਾਰਾ ਦਾ ਸਾਹਿਤ ਕੀ ਕਹਿ ਰਿਹਾ ਹੈ ਅਤੇ ਪੰਜਾਬ ਵਿਚਲਾ ਸਾਹਿਤ ਕਿਨ੍ਹਾਂ ਵਿਸ਼ਿਆਂ ਬਾਰੇ ਗੱਲ ਕਰ ਰਿਹਾ ਹੈ।



ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਕਿਹਾ ਕਿ ਔਲਖ ਦੇ ਨਾਟਕਾਂ ਦਾ ਗੁਣ ਇਹ ਹੈ ਕਿ ਔਲਖ ਸਾਹਿਬ ਹਰ ਡਾਇਆਲੌਗ ਢਿੱਡੋਂ ਬੋਲਦੇ ਹਨ, ਉਨ੍ਹਾਂ ਦੀ ਸਵੈ-ਜੀਵਨੀ ਦਾ ਸਿਰਲੇਖ ਵੀ ‘ਨੰਗਾ-ਢਿੱਡ’ ਹੀ ਹੈ। ਜਗਮੋਹਨ ਸੇਖੋਂ ਨੇ ਔਲਖ ਸਾਹਿਬ ਦੇ ਪ੍ਰਭਾਵਸ਼ਾਲੀ ਭਾਸ਼ਨੀ ਅੰਦਾਜ਼ ਦੀ ਪ੍ਰਸੰਸਾ ਕਰਦਿਆਂ ਉਰਦੂ ਦੇ ਇੱਕ ਸਿ਼ਅਰ ਦੇ ਹਵਾਲੇ ਨਾਲ਼ ਕਿਹਾ ਕਿ ਔਲਖ ਸਾਹਿਬ ਉਹ ਸੁਰਾਹੀ ਹਨ ਜਿਨ੍ਹਾਂ ਨੇ ਪਿਆਲੇ ਕੋਲ਼ੋਂ ਲੈਣਾ ਕੁਝ ਨਹੀਂ ਪਰ ਫਿਰ ਵੀ ਝੁਕ ਕੇ ਹੀ ਪਿਆਲੇ ਨੂੰ ਭਰਦੀ ਹੈ।



ਇਸ ਮੌਕੇ ਹੋਈ ਗੱਲਬਾਤ ਵਿੱਚ ਬਰਜਿੰਦਰ ਗੁਲਾਟੀ, ਹਰਜੀਤ ਕੌਰ, ਜਗਤਾਰ ਸਿੰਘ ਗਿੱਲ, ਅਮਰਜੀਤ ਸਿੰਘ ਬਰਾੜ, ਗੁਰਦਾਸ ਮਿਨਹਾਸ, ਚਰਨਜੀਤ ਬਰਾੜ, ਵਕੀਲ ਕਲੇਰ, ਮਨਮੋਹਨ ਗੁਲਾਟੀ, ਰਾਵੀ ਮਿਨਹਾਸ, ਪਰਮਜੀਤ ਢਿੱਲੋਂ, ਅਤੇ ਸਤੰਵਤ ਔਜਲਾ ਨੇ ਵੀ ਭਰਪੂਰ ਯੋਗਦਾਨ ਪਾਇਆ।



Tuesday, September 14, 2010

ਪੰਜਾਬੀ ਅਤੇ ਉਰਦੂ ਸ਼ਾਇਰੀ ਦੇ ਰੰਗ - ਵਿਦਵਾਨ ਦੋਸਤਾਂ ਦੇ ਸੰਗ - ਰਿਪੋਰਟ

ਡੈਲਟਾ, ਬੀ.ਸੀ. (ਬਿੱਕਰ ਸਿੰਘ ਖੋਸਾ)-ਅਗਸਤ 31, ਦਿਨ ਮੰਗਲਵਾਰ ਨੂੰ ਇੱਥੋਂ ਦੀ ਜਾਰਜ ਮੈਕੀ ਲਇਬ੍ਰੇਰੀ ਵਿੱਚ ਸਰਬਜੀਤ ਕੌਰ ਰੰਧਾਵਾ ਅਤੇ ਸਰਵਨ ਸਿੰਘ ਰੰਧਾਵਾ ਜੋ ਪੰਜਾਬੀ ਦੇ ਅਕਸ ਨੂੰ ਉਚਾਈਆਂ ਤੇ ਵੇਖਣ ਲਈ ਯਤਨਸ਼ੀਲ ਹਨ, ਦੇ ਉੱਦਮਾਂ ਸਦਕਾ ਪੰਜਾਬੀ ਜਗਤ ਦੀਆਂ ਤਿੰਨ ਪ੍ਰਸਿੱਧ ਹਸਤੀਆਂ ਦਰਸ਼ਨ ਗਿੱਲ, ਪਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਅਤੇ ਨਦੀਮ ਪਰਮਾਰ ਹੋਰਾਂ ਦਿਆਂ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਦੀ ਮਹਿਫ਼ਿਲ ਸਜਾਈ ਗਈ ।ਇਸ ਵਿੱਚ ਪੰਜਾਬੀ ਦੇ ਉਸਤਾਦ ਗ਼ਜ਼ਲਕਾਰ, ਕਵੀ, ਲੇਖਕ ਅਤੇ ਸੂਝਵਾਨ ਪਾਠਕਾਂ ਨੇ ਹਾਜ਼ਰੀ ਲਵਾਈ।ਭਾਰਤ ਤੋਂ ਪਹੁੰਚੇ ਪ੍ਰੋ:ਕਰਮਜੀਤ ਸਿੰਘ ਗਿੱਲ ਅਤੇ ਹਿੰਦੀ ਦੇ ਵਿਦਵਾਨ ਆਚਾਰੀਆ ਦਿਵੇਦੀ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

-----

ਸੰਖੇਪ ਜਾਣ-ਪਛਾਣ ਤੋਂ ਬਾਦ ਦਰਸ਼ਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਨਾਲ ਪ੍ਰੋਗਰਾਮ ਨੂੰ ਰੰਗੀਨੀ ਦਿੱਤੀ ।ਸਿਰਫ਼ ਮੈਂ ਹੀ ਨਹੀਂ ਬਲ਼ਿਆ ਚਿਰਾਗ਼ਾਂ ਦੀ ਤਰ੍ਹਾਂ ਯਾਰੋ, ਜੋ ਮੇਰੇ ਸਾਹਮਣੇ ਸਨ ਵਾਂਗ ਮੇਰੇ ਦਹਿਕੀਆਂ ਸੜਕਾਂ।ਗ਼ਜ਼ਲ ਦਾ ਇੱਕ ਇੱਕ ਸ਼ੇਅਰ ਦਾਦ ਦੇ ਕਾਬਿਲ ਸੀ। ਮੱਛੀ ਦੀ ਅੱਖ ਵਿੱਚ ਲੱਗੇ ਨਾ ਤੀਰ ਕੋਈ, ਅੱਜ ਕੱਲ੍ਹ ਵੇਲਾ ਨਹੀਂ ਸਵੰਬਰ ਦਾ। ੳਨ੍ਹਾਂ ਨੇ ਆਪਣੀ ਕਿਤਾਬ “ਉਕਾਬ ਦੀ ਉਡਾਨ” ਵਿੱਚੋਂ ਆਦਿਵਾਸੀ ਕਵੀ ਚੀਫ਼ ਡਾਨ ਜਾਰਜ ਦੀ ਪੰਜਾਬੀ ਅਨੁਵਾਦਿਤ ਕਵਿਤਾ ੳਤੇ ਹੋਰ ਕਵਿਤਾਵਾਂ ਪੜ੍ਹ ਕੇ ਆਪਣੀ ਕਾਵਿ ਕਲਾ ਦੀ ਪੁਖ਼ਤਗੀ ਦਾ ਨਮੂਨਾ ਪੇਸ਼ ਕੀਤਾ।

-----

ਪਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਦੀ ਵਾਰੀ ਆਈ ਜਿਸ ਦੌਰਾਨ ਉਨ੍ਹਾਂ ਨੇ ਨਿਮਰਤਾ ਨਾਲ ਡਾ: ਦਰਸ਼ਨ ਗਿੱਲ ਨੂੰ ਆਪਣਾ ਉਸਤਾਦ ਕਹਿੰਦਿਆਂ ਸਾਰੇ ਆਉਂਣ ਵਾਲਿਆਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਆਪਣੀਆਂ ਮਿਆਰੀ ਰਚਨਾਵਾਂ: “ਨਾ ਮੇਰਾ ਸੂਰਜ ਠਰਿਆ ਸੀ , ਨਾ ਮੇਰਾ ਗੀਤ ਹੀ ਮਰਿਆ ਸੀ”, “ਟੁੱਟਦੇ ਭੱਜਦੇ ਰਿਸ਼ਤਿਆਂ ਦੇ ਸੰਸਾਰ ਬੜੇ ਨੇ” ਅਤੇ ਕਵਿਤਾ ਸੁਪਨਾ ’ਤੇ ਕੁੜੀ, ਭਾਣਾ, ਹਿੰਦੀ ਦੀ ਕਵਿਤਾ ਮੋਮਬੱਤੀਆਂ ਅਤੇ ਲੈਅ ਭਰਪੂਰ ਕਵਿਤਾ- ਸਿਖਰ ਦੁਪਿਹਰੇ ਦਮ ਘੁੱਟਦਾ ਹੈ , ਹੁਣ ਛਾਵਾਂ ਵਿੱਚ ਜਾਣ ਦਿਉ ਸੁਣਾਈ । ਅੰਤ ਵਿੱਚ ਉਨ੍ਹਾਂ ਨੇ ਵਧੇਰੇ ਪ੍ਰਵਾਨ ਹੋਈ ਕਵਿਤਾ “ਮੌਸਮ” ਪੜ੍ਹੀ ।

----

ਨਦੀਮ ਪਰਮਾਰ ਹੋਰਾਂ ਨੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਆਪਣੀ ਕਵਿ ਕਲਾ ਦਾ ਮੁੱਢ ਉਰਦੂ ਗ਼ਜ਼ਲਾਂ ਨਾਲ ਸ਼ੁਰੂਆਤ ਕੀਤੀ।“ਹਰ ਇਨਾਇਤ ਕਰਮ ਨਹੀਂ ਹੋਤੀ – ਹਰ ਮੁਹੱਬਤ ਭਰਮ ਨਹੀਂ ਹੋਤੀ” ਤੋਂ ਇਲਾਵਾ ਪ੍ਰਵਾਸ ਦਾ ਦੁੱਖ ਹੰਡਾਵਣ ਦੀ ਕਵਿਤਾ-“ਸ਼ਾਇਦ ਤੁਮਨੇ ਸੋਚਾ ਹੋਗਾ” ਵੀ ਸੁਣਾਈ। ਦੋ ਹਾਸ ਵਿਅੰਗ ਭਰਪੂਰ ਰਚਨਾਵਾਂ ਅਤੇ ਦੋ ਪੰਜਾਬੀ ਗ਼ਗ਼ਲਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ “ਤੇ ਆਉਂਦਾ ਅਸਤ ਆਪਣੇ ਇੱਕ ਨਦੀ ਵਿੱਚ ਤਾਰ ਆਇਆਂ ਹਾਂ” ਪੜ੍ਹੀ ।

-----

ਸਮਾਪਤੀ ‘ਤੇ ਸਰਬਜੀਤ ਕੌਰ ਰੰਧਾਵਾ ਨੇ ਆਪਣੀਆਂ ਕਵਿਤਾਵਾਂ ਵਿੱਚੋਂ ਇੱਕ ਕਵਿਤਾ “ਮਨ ਦੀ ਸੋਚ ਦੇ ਸੁੱਚੇ ਮੋਤੀ ਬਿਖਰੇ-2 ਬਿਖਰੇ ਰਹਿੰਦੇ, ਜਦ ਦੇ ਅਸੀਂ ਪਰਾਏ ਦੇਸ਼ ਨੂੰ ਆਪਣਾ-ਆਪਣਾ ਕਹਿੰਦੇ” ਤਰੰਨੁਮ ਵਿੱਚ ਸੁਣਾ ਕੇ ਆਪਣੀ ਕਾਵਿ ਕਲਾ ਦਾ ਨਮੂਨਾ ਪੇਸ਼ ਕੀਤਾ।ਇਹ ਪ੍ਰੋਗਰਾਮ ਸਾਡੇ ਛੇ ਵਜੇ ਸ਼ੁਰੂ ਹੋਇਆ ਅਤੇ ਠੀਕ ਅੱਠ ਵਜੇ ਸਮਾਪਤ ਹੇਇਆ। ਸਰਬਜੀਤ ਨੇ ਅਗਲਾ ਕਵੀਆਂ ਦੀ ਸ਼ਾਮ ਪ੍ਰੋਗਰਾਮ 28 ਸਤੰਬਰ ਨੂੰ ਸਾਡੇ ਛੇ ਵਜੇ ਇਸੇ ਲਾਇਬ੍ਰੇਰੀ ਵਿੱਚ ਹੋਣ ਬਾਰੇ ਵੀ ਜਾਣਕਾਰੀ ਦਿੱਤੀ।











Friday, September 10, 2010

ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਕੁਰੂਕਸ਼ੇਤਰ ਯੁਨੀਵਰਸਿਟੀ ਦੇ ਵਿਦਿਆਰਥੀਆਂ ਦੇ ਰੂ-ਬ-ਰੂ - ਰਿਪੋਰਟ


ਰਿਪੋਰਟ: ਨਿਸ਼ਾਨ ਸਿੰਘ ਰਾਠੌਰ: ਕੁਰੂਕਸ਼ੇਤਰ ਯੁਨੀਵਰਸਿਟੀ ਪੰਜਾਬੀ ਵਿਭਾਗ ਵੱਲੋਂ 6 ਸਤੰਬਰ 2010 ਨੂੰ ਦਿਨੇ 11 ਵਜੇ ਸੀਨੇਟ ਹਾਲ ਵਿਖੇ ਪ੍ਰਸਿੱਧ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਡੀ.ਡੀ. ਐੱਸ ਸੰਧੂ ਨੇ ਕੀਤੀ।

-----

ਸਭ ਤੋਂ ਪਹਿਲਾਂ ਪੰਜਾਬੀ ਵਿਭਾਗ ਦੇ ਚੇਅਰਮੈਨ ਡਾ. ਰਜਿੰਦਰ ਸਿੰਘ ਭੱਟੀ ਨੇ ਇੰਦਰਜੀਤ ਇਮਰੋਜ਼, ਪ੍ਰਸਿੱਧ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਅਤੇ ਬਾਹਰੋਂ ਆਏ ਸਾਰੇ ਮਹਿਮਾਨਾਂ ਨੂੰ ਜੀਅ ਆਇਆਂ ਆਖਿਆ। ਉਹਨਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਭਾਗ ਦੇ ਵਿਦਿਆਰਥੀਆਂ ਨੂੰ ਲਾਭ ਹੋਵੇਗਾ।

-----

ਇਸ ਤੋਂ ਬਾਅਦ ਡੀਨ ਆਫ਼ ਅਕੈਡਮਿਕ ਅਫ਼ੇਸਰ ਅਤੇ ਪ੍ਰਸਿੱਧ ਪੰਜਾਬੀ ਅਲੋਚਕ ਡਾ. ਅਮਰਜੀਤ ਸਿੰਘ ਕਾਂਗ ਨੇ ਇੰਦਰਜੀਤ ਇਮਰੋਜ਼ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਕਾਂਗ ਨੇ ਕਿਹਾ ਕਿ ਇੰਦਰਜੀਤ ਇਮਰੋਜ਼ ਦੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚ ਆਉਣ ਨਾਲ ਸਾਡਾ ਸਾਰਿਆਂ ਦਾ ਮਾਣ ਵਧਿਆ ਹੈ।

------

ਉਨ੍ਹਾਂ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਵੀ.ਸੀ. ਸਾਹਬ ਯੂਨੀਵਰਸਿਟੀ ਵਿਚ ਅਜਿਹੇ ਪ੍ਰੋਗਰਾਮ ਕਰਵਾਉਣ ਵਿਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ। ਉਨ੍ਹਾਂ ਦੇ ਇਸ ਉੱਦਮ ਸਦਕਾ ਹੀ ਅੱਜ ਇਕ ਮਹਾਨ ਸ਼ਾਇਰ/ਚਿੱਤਰਕਾਰ ਸਾਡੇ ਵਿਚ ਆਇਆ ਹੈ।

-----

ਇਸ ਤੋਂ ਬਾਅਦ ਇੰਦਰਜੀਤ ਇਮਰੋਜ਼ ਨੇ ਅੰਮ੍ਰਿਤਾ ਪ੍ਰੀਤਮ ਨਾਲ ਬਿਤਾਏ ਆਪਣੇ ਜੀਵਨ ਦੇ ਸੁਨਹਿਰੀ ਪਲਾਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ। ਉਨ੍ਹਾਂ ਆਪਣੀ ਜ਼ਿੰਦਗੀ ਦੇ ਨਿਜੀ ਤਜਰਬਿਆਂ ਬਾਰੇ, ਚਿੱਤਰਕਲਾ ਬਾਰੇ ਅਤੇ ਸ਼ਾਇਰੀ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਉਨ੍ਹਾਂ ਨੇ ਅਮ੍ਰਿਤਾ ਪ੍ਰੀਤਮ ਅਤੇ ਆਪਣੀਆਂ ਨਜ਼ਮਾਂ ਵੀ ਸੁਣਾਈਆਂ। ਇੰਦਰਜੀਤ ਇਮਰੋਜ਼ ਨਾਲ ਵਿਸ਼ੇਸ਼ ਤੌਰ ‘ਤੇ ਆਈ ਸ਼ਾਇਰਾ ਸਫ਼ੀਨਾ ਬਿੱਟੂ ਸੰਧੂ ਨੇ ਆਪਣੀਆਂ ਨਜ਼ਮਾਂ ਰਾਹੀਂ ਹਾਜ਼ਿਰ ਸਰੋਤਿਆਂ ਨੂੰ ਝੂੰਮਣ ਲਈ ਮਜਬੂਰ ਕਰ ਦਿੱਤਾ।

-----

ਪੰਜਾਬੀ ਵਿਭਾਗ ਅਤੇ ਫਾਈਨ ਆਰਟ ਵਿਭਾਗ ਦੇ ਵਿਦਿਆਰਥੀਆਂ ਨੇ ਇੰਦਰਜੀਤ ਇਮਰੋਜ਼ ਅਤੇ ਸਫ਼ੀਨਾ ਬਿੱਟੂ ਸੰਧੂ ਤੋਂ ਉਹਨਾਂ ਦੀ ਕਲਾ ਬਾਰੇ ਜਾਣਕਾਰੀ ਲੈਣ ਹਿੱਤ ਕਈ ਸਵਾਲ ਵੀ ਪੁੱਛੇ ਜਿਹਨਾਂ ਦਾ ਉਹਨਾਂ ਨੇ ਵਧੀਆ ਢੰਗ ਨਾਲ ਜਵਾਬ ਦਿੱਤਾ।

-----

ਆਪਣੇ ਪ੍ਰਧਾਨਗੀ ਭਾਸ਼ਣ ਵਿਚ ਵੀ.ਸੀ. ਡਾ. ਡੀ.ਡੀ.ਐੱਸ ਸੰਧੂ ਨੇ ਕਿਹਾ ਕਿ ਇਹ ਯੂਨੀਵਰਸਿਟੀ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਮਹਾਨ ਸ਼ਾਇਰ ਅਤੇ ਚਿੱਤਰਕਾਰ ਇੰਦਰਜੀਤ ਇਮਰੋਜ਼ ਸਾਡੇ ਵਿਚ ਆਏ ਹਨ। ਉਹਨਾਂ ਪੰਜਾਬੀ ਵਿਭਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਪੰਜਾਬੀ ਵਿਭਾਗ ਦਾ ਇਹ ਇਕ ਵਧੀਆ ਉਪਰਾਲਾ ਹੈ ਅਤੇ ਯੂਨੀਵਰਸਿਟੀ ਦੇ ਦੂਜੇ ਵਿਭਾਗਾਂ ਨੂੰ ਵੀ ਇਸ ਤੋਂ ਪ੍ਰੇਰਣਾ ਲੈ ਕੇ ਆਪਣੇ ਖੇਤਰ ਵਿਚ ਸਥਾਪਤ ਲੋਕਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

-----

ਅੰਤ ਵਿਚ ਡਾ. ਅਮਰਜੀਤ ਸਿੰਘ ਕਾਂਗ ਨੇ ਆਏ ਸਾਰੇ ਮਹਿਮਾਨਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ. ਕਰਮਜੀਤ ਸਿੰਘ ਨੇ ਨਿਭਾਈ। ਇਸ ਮੌਕੇ ਤੇ ਯੂਨੀਵਰਸਿਟੀ ਦੇ ਵਿਭਿੰਨ ਵਿਭਾਗਾਂ ਦੇ ਡੀਨ, ਚੇਅਰਮੈਨ, ਪ੍ਰੋਫ਼ੈਸਰ, ਕਵੀ, ਸ਼ਾਇਰ ਅਤੇ ਵਿਭਿੰਨ ਵਿਭਾਗਾਂ ਦੇ ਵਿਦਿਆਰਥੀ ਵੀ ਹਾਜ਼ਿਰ ਸਨ।



Tuesday, August 31, 2010

ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ ਵੱਲੋਂ ਡਾ: ਇਸਮਤਉੱਲਾ ਜ਼ਾਹਿਦ ਪੰਜਾਬੀ ਪਿਆਰਿਆਂ ਦੇ ਰੂ-ਬ-ਰੂ - ਰਿਪੋਰਟ


ਲੰਡਨ, ਯੂ.ਕੇ. (ਗੁਰਨਾਮ ਗਿੱਲ) - ਯੂਨੀਵਰਸਿਟੀ ਆਫ ਪੰਜਾਬ, ਲਾਹੌਰ ਦੇ ਪੰਜਾਬੀ ਵਿਭਾਗ ਦੇ ਚੇਅਰਮੈਨ ਪ੍ਰੋ: ਡਾ: ਇਸਮਤਉੱਲਾ ਜ਼ਾਹਿਦ ਦੀ ਇੰਗਲੈਂਡ ਫੇਰੀ ਦੌਰਾਨ ਉਹਨਾਂ ਨੂੰ ਪੰਜਾਬੀ ਪਿਆਰਿਆਂ ਦੇ ਰੂ-ਬ-ਰੂ ਕਰਵਾਇਆ ਗਿਆ । ਇਸ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦਾ ਬੰਦੋਬਸਤ ਇੰਟਰਨੈਸ਼ਨਲ ਪੰਜਾਬੀ ਸਾਹਿਤ ਸਭਾ, ਲੰਡਨ ਵੱਲੋਂ ਪੰਜਾਬੀ ਸੈਂਟਰ, ਲੇਅ ਸਟਰੀਟ ਵਿਖੇ ਕੀਤਾ ਗਿਆ ।

----

ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਡਾ: ਜ਼ਾਹਿਦ ਤੋਂ ਇਲਾਵਾ ਡਾ ਫ਼ਕੀਰ ਮੁਹੰਮਦ ਭੱਟੀ, ਗੁਰਨਾਮ ਗਿੱਲ ਤੇ ਬਲਬੀਰ ਸਿੰਘ ਕੰਵਲ ਸ਼ਾਮਿਲ ਹੋਏ । ਸ਼ੁਰੂ ਵਿੱਚ ਡਾ ਭੱਟੀ ਨੇ ਮਹਿਮਾਨ ਵਿਦਵਾਨ ਨਾਲ਼ ਤੁਆਰਫ਼ ਕਰਾਉਂਦਿਆਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਸਿਰਤੋੜ ਯਤਨ ਕਰਨ ਵਾਲ਼ੇ ਚੁਨਿੰਦਾ ਵਿਦਵਾਨਾਂ ’ਚੋਂ ਇੱਕ ਹਨ । ਉਹਨਾਂ ਨੇ ਪੰਜਾਬੀ ਆਲੋਚਨਾ ਦੀਆਂ ਬਾਰਾਂ ਪੁਸਤਕਾਂ ਤੋਂ ਇਲਾਵਾ ਸੌ ਤੋਂ ਵੱਧ ਖੋਜ ਲੇਖ ਲਿਖੇ ਹਨ ਜਿਨ੍ਹਾਂ ਨੇ ਪਾਕਿ ਦੇ ਅਕਾਦਮਿਕ ਹਲਕਿਆਂ ’ਚ ਪੰਜਾਬੀ ਭਾਸ਼ਾ ਨੂੰ ਬਣਦਾ ਸਨਮਾਨ ਦੁਆਇਆ ਹੈ ।

-----

ਡਾ: ਇਸਮਤਉੱਲਾ ਜ਼ਾਹਿਦ ਨੇ ਆਪਣੇ ਭਾਸ਼ਨ ’ਚ ਚੜ੍ਹਦੇ ਤੇ ਲਹਿੰਦੇ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਬਾਰੇ ਖੁੱਲ੍ਹ ਕੇ ਚਰਚਾ ਕੀਤੀ । ਉਹਨਾਂ ਨੇ ਲੇਖਕਾਂ ਵਰਗੇ ਚੇਤੰਨ ਵਰਗ ਨੂੰ ਇਸ ਪਾਸੇ ਗੰਭੀਰ ਹੋਣ ਲਈ ਕਿਹਾ । ਉਹਨਾਂ ਕਿਹਾ ਕਿ ਇੱਕ ਲੇਖਕ ਦੀ ਦ੍ਰਿਸ਼ਟੀ ਵਿਸ਼ਾਲ ਹੋਣੀ ਚਾਹੀਦੀ ਹੈ । ਸਿਆਸਤ ਇੱਕ ਵੱਖਰਾ ਮਸਲਾ ਹੈ ਪਰ ਦੋਹਾਂ ਮੁਲਕਾਂ ਦੇ ਪੰਜਾਬੀ ਸੁਹਿਰਦ ਹਨ । ਉਨ੍ਹਾਂ ਨੇ ਸਰੋਤਿਆਂ ਦੇ ਸਵਾਲਾਂ ਦੇ ਢੁਕਵੇਂ ਜਵਾਬ ਦਿੱਤੇ । ਇਸ ਦੌਰਾਨ ਬਲਬੀਰ ਸਿੰਘ ਕੰਵਲ ਦੀ ਖੋਜ ਪੁਸਤਕ ‘ ਪੰਜਾਬ ਦੇ ਪ੍ਰਸਿੱਧ ਰਾਗੀ-ਰਬਾਬੀ ( 1604 ਤੋਂ 2004 )’ ਜਾਰੀ ਕੀਤੀ ਗਈ ।ਸਭਾ ਵੱਲੋਂ ਡਾ ਜ਼ਾਹਿਦ ਤੇ ਡਾ ਭੱਟੀ ਨੂੰ ਮਾਣ ਪੱਤਰ ਭੇਂਟ ਕੀਤੇ ਗਏ।

-----

ਦੂਸਰੇ ਦੌਰ ‘ਚ ਹੋਏ ਮੁਸ਼ਾਇਰੇ ਦੀ ਸ਼ੁਰੂਆਤ ਡਾ ਇਸਮਤਉੱਲਾ ਜ਼ਾਹਿਦ ਦੀ ਗ਼ਜ਼ਲ ਨਾਲ ਹੋਈ-‘ਗ਼ਰਜ਼ਾਂ ਦੀ ਦੋਸਤੀ ਤੋਂ ਮੈਂ ਤਨ ਮਨ ਵੀ ਵਾਰਿਆ, ਫਿਰ ਵੀ ਮੈਂ ਖੇਡ ਪਿਆਰ ਦੀ ਹਰ ਵਾਰ ਹਾਰਿਆ ।’ ਪ੍ਰਸਿੱਧ ਸ਼ਾਇਰ ਅਮਜਦ ਮਿਰਜ਼ਾ ਮੁਖ਼ਾਤਿਬ ਹੋਏ- ‘ਤੇਰੀ-ਮੇਰੀ ਸਾਂਝੀ ਗੱਲ ਸੀ, ਸਾਂਝੇ ਜ਼ਿਮੀਂ ਅਸਮਾਨ ।’ ਬਲਬੀਰ ਸਿੰਘ ਕੰਵਲ ਤੇ ਡਾ ਜਾਰਜ ਸਿੰਘ ਨੇ ਕਵਿਤਾਵਾਂ ਪੇਸ਼ ਕੀਤੀਆਂ । ਅਸ਼ਫ਼ਾਕ ਹੁਸੈਨ ਨੇ ਉਰਦੂ ਗ਼ਜ਼ਲਾਂ ਨਾਲ ਸਮਾ ਬੰਨ੍ਹਿਆਂ- ‘ਹੈ ਮੇਰੀ ਆਂਖ ਮੇਂ ਸੁਰਖ਼ੀ ਤੋ ਜਾਨ ਲੇ ਜਾਨਾ, ਕਿ ਤੇਰੇ ਅਕ਼ਸ ਕੀ ਰੰਗਤ ਝਲਕ ਗਈ ਹੋਗੀ ।’ ਮੁਹੰਮਦ ਹਨੀਫ਼ ਉਰਫ਼ ਸਾਈਂ ਜੀ ਨੇ ਸੂਫ਼ੀਆਨਾ ਕ਼ਲਾਮ ਨਾਲ ਮਾਹੌਲ ਨੂੰ ਰੰਗਤ ਦਿੱਤੀ । ਗੁਰਨਾਮ ਗਿੱਲ ਤੇ ਰਾਜਿੰਦਰਜੀਤ ਨਵੀਆਂ ਗ਼ਜ਼ਲਾਂ ਨਾਲ ਪੇਸ਼ ਹੋਏ । ਮਹਿਬੂਬ ਅਹਿਮਦ ਮਹਿਬੂਬ ਤੇ ਅਯੂਬ ਔਲੀਆ ਨੇ ਆਪੋ-ਆਪਣੇ ਰੰਗ ਪੇਸ਼ ਕੀਤੇ । ਇੰਦਰ ਸਿੰਘ ਜੰਮੂ (ਸਾਬਕਾ ਮੇਅਰ ), ਜਗਦੇਵ ਸਿੰਘ ਪੁਰੇਵਾਲ, ਮਹਿੰਦਰ ਸਿੰਘ, ਗੁਰਚਰਨ ਸਿੰਘ , ਜਸਵੰਤ ਸਿੰਘ ਛੋਕਰ, ਸੁਰਜੀਤ ਸਿੰਘ ਤੇ ਕਾਮਰਾਨ ਭੱਟੀ ਨੇ ਵੀ ਹਾਜ਼ਰੀ ਲੁਆਈ । ਸਮੁੱਚੇ ਸਮਾਗਮ ਨੂੰ ਰਾਜਿੰਦਰਜੀਤ ਨੇ ਸੰਚਾਲਿਤ ਕੀਤਾ।

Monday, July 5, 2010

ਜਾਰਜ ਮੈਕੀ ਲਾਇਬ੍ਰੇਰੀ ਵਿਖੇ ‘ਇੱਕ ਸ਼ਾਮ ਕਵੀਆਂ ਦੇ ਨਾਮ’ ਸਫ਼ਲ ਰਹੀ - ਰਿਪੋਰਟ

ਰਿਪੋਰਟ: ਬਿੱਕਰ ਸਿੰਘ ਖੋਸਾ

ਮੰਗਲਵਾਰ, ਜੂਨ 29: ਸਰਬਜੀਤ ਕੌਰ ਰੰਧਾਵਾ ਅਤੇ ਸ੍ਰ:ਸਰਵਨ ਸਿੰਘ ਰੰਧਾਵਾ ਜੋ ਕਿ ਇੱਥੇ ਲੋਅਰ ਮੇਨਲੈਂਡ ਵਿੱਚ ਲਾਇਬ੍ਰੇਰੀ ਵਿੱਚ ਸੇਵਾਵਾਂ ਨਿਭਾ ਰਹੇ ਹਨ ਵਲੋਂ ਪੰਜਾਬੀ ਬੋਲੀ ਅਤੇ ਸਾਹਿਤ ਨਾਲ ਪਿਆਰ ਜਤਾਉਂਦਿਆਂ ਜੋ ਵੱਡਾ ਉੱਦਮ ਪੰਜਾਬੀ ਕਵਿਤਾ ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਹੈ ਅੱਜ ਉਸ ਦਾ ਦੂਜਾ ਸਮਾਗਮ ਜਾਰਜ ਮੈਕੀ ਲਾਇਬ੍ਰੇਰੀ, ਨਾਰਥ ਡੈਲਟਾ ਵਿਖੇ ਜੂਨ 29, 2010 ਦਿਨ ਮੰਗਲਵਾਰ ਨੂੰ ਲੋਕਾਂ ਦੀ ਭਰਪੂਰ ਹਾਜ਼ਰੀ ਵਿੱਚ ਸ਼ਾਮੀਂ 6.30 ਵਜੇ ਸ਼ੁਰੂ ਹੋਇਆ।ਜਿਸ ਵਿੱਚ ਕਵੀ ਗਿੱਲ ਮੋਰਾਂਵਾਲੀ ਅਤੇ ਸ੍ਰਦਾਰ ਗਿਆਨ ਸਿੰਘ ਕੋਟਲੀ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਪੁੱਜਣ ਵਾਲੀਆਂ ਸਤਿਕਾਰਤ ਹਸਤੀਆਂ ਵਿੱਚ ਸ੍ਰਦਾਰ ਰਘਬੀਰ ਸਿੰਘ ਬੈਂਸ ਅਤੇ ਸ੍ਰ. ਜਗਰੂਪ ਸਿੰਘ ਬਰਾੜ ਵੀ ਮੌਕੇ ਤੇ ਹਾਜ਼ਿਰ ਸਨ।ਸਰਬਜੀਤ ਕੌਰ ਰੰਧਾਵਾ ਨੇ ਇਸ ਮਹਿਫ਼ਿਲ ਵਿੱਚ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹੋਏ ਸਭ ਤੋਂ ਪਹਿਲਾਂ ਗਿੱਲ ਮੋਰਾਂਵਾਲੀ ਦੀ ਜਾਣ-ਪਹਿਚਾਣ ਕਰਵਾਉਂਦੇ ਹੋਏ ਉਨ੍ਹਾ ਨੂੰ ਸਟੇਜ ਤੇ ਸੱਦਿਆ।ਗਿੱਲ ਮੋਰਾਂਵਾਲੀ ਨੇ ਆਪਣੇ ਸਾਹਿਤਕ ਦਾਇਰੇ ਦੀ ਪਹਿਚਾਣ ਦੱਸਦਿਆਂ ਆਪਣੇ ਪਹਿਲਾਂ ਲਿਖੇ ਗੀਤਾਂ ਤੋਂ ਅੱਜ ਦੇ ਦੌਰ ਦਾ ਆਰੰਭ ਕੀਤਾ।ਉਨ੍ਹਾਂ ਦੇ ਗੀਤ ਦੇ ਬੋਲ ਸਨ ਪਿਆਰ ਦੀ ਸੁਗਾਤ ਮਾਏ ਕਿੱਥੇ ਮੈਂ ਲੁਕਾ ਕੇ ਰੱਖਾਂ, ਇਹਦੇ ਵਿੱਚੋਂ ਆਵੇ ਖ਼ੁਸ਼ਬੋ। ਇਸ ਪਿੱਛੋਂ ਉਨ੍ਹਾਂ ਵਲੋਂ ਹੇਠ ਲਿਖੀਆਂ ਗ਼ਜ਼ਲਾਂ ਪੜ੍ਹੀਆਂ ਗਈਆਂ:

-ਜ਼ਿੰਦਗੀ ਦੇ ਹੁਸੀਨ ਪਲਾਂ ਨੂੰ ਮੈਂ ਸੂਲੀ ਤੇ ਚੜ੍ਹਾਈ ਬੈਠਾ ਹਾਂ

......

-ਅਸੀਂ ਉਸ ਤੋਂ ਮੁੱਖ ਛੁਪਾ ਕੇ ਰੋਏ

.....

-ਦਿਲ ਦਾ ਦੁੱਖ ਹੋਰ ਹੈ ਦਿਲ ਦਾ ਦਰਦ ਹੋਰ ਹੁਣ ਸਤਾਉਂਦੇ ਬੜਾ ਨੇ

......

-ਜਿਹੜੇ ਸੱਚ ਨੂੰ ਪਾ ਲੈਂਦੇ ਨੇ

......

-ਸੁਣਦਾ ਹਾਂ ਮੈਂ ਸਵਾਲ ਸਭ ਦੇ ਸੁਣਦਾ ਨਾ ਕੋਈ ਜਵਾਬ ਮੇਰਾ

......

ਅੰਤ ਵਿੱਚ ਉਹਨਾਂ ਨੇ ਆਪਣੀ ਬਹੁ ਪ੍ਰਵਾਨਤ ਕਾਵਿ-ਵਿਧੀ ‘ਦੋਹੇ’ ਸੁਣਾਉਂਦਿਆਂ ਔਰਤ ਅਤੇ ਧੀ ਦੇ ਨਾਲ ਸਬੰਧਿਤ ਪੁਸਤਕਾਂ ਵਿੱਚੋਂ ਦੋਹੇ ਸੁਣਾ ਕੇ ਵੱਖਰਾ ਹੀ ਰੰਗ ਬੰਨ੍ਹਿਆ।

-----

ਦੂਜੇ ਚਰਚਿਤ ਸ਼ਾਇਰ ਸਰਦਾਰ ਗਿਆਨ ਸਿੰਘ ਕੋਟਲੀ ਨੇ ਇਸ ਮਹੀਨੇ ਨਾਲ ਸਬੰਧਿਤ ਖ਼ਾਸ ਦਿਨਾਂ ਨਾਲ ਜੁੜੀਆਂ ਆਪਣੀਆਂ ਨਿੱਗਰ ਰਚਨਾਵਾਂ ਲੜੀਵਾਰ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਹੇਠ ਲਿਖੀਆਂ ਕਵਿਤਾਵਾਂ ਸ਼ਾਮਿਲ ਸਨ:

ਸ਼ੇਰ ਬੱਬਰ ਦੇ ਜੀਂਦੇ ਜੀਅ ਤੂੰ ਸੱਤਲੁੱਜ ਵੱਲ ਨੂੰ ਆ ਨਹੀਂ ਸਕਦਾ (ਮਹਾਂਰਾਜਾ ਰਣਜੀਤ ਸਿੰਘ ਬਾਰੇ)

.......

ਤੇਰੇ ਵਾਗੂੰ ਅਰਸ਼ੀ ਦਾਤਾ, ਹੋਰ ਕਿਸੇ ਕੁਰਬਾਨ ਨਹੀਂ ਹੋਣਾ (ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ)

......

ਭਾਵੇਂ ਸੁਹਣਾ-2 ਲੱਗਦਾ ਫੁੱਲਾਂ ਦੀ ਗੁਲਜ਼ਾਰ ਕੈਨੇਡਾ ਪਰ ਫੁੱਲਾਂ ਦੇ ਨਾਲੇ ਵੱਸਦੇ ਹੈਗੇ ਵੀ ਨੇ ਖ਼ਾਰ ਕੈਨੇਡਾ-ਕਨੇਡਾ ਦੇ ਸਭਿਆਚਾਰਕ ਰੰਗ ਦਰਸਾਉਂਦੀ ਹੋਈ ਕਵਿਤਾ

......

ਦੁਨੀਆਂ ‘ਤੇ ਬਣਕੇ ਆਵੇ ਰਾਹਗੀਰ ਜਿੰਦਗੀ ਦਾ -ਗੁਰੂ ਗੋਬਿੰਦ ਸਿੰਘ ਜੀ ਬਾਰੇ ਕਵਿਤਾ

.....

ਨੇਕ ਕਮਾਈ-ਕਮਾਈ ਕਰਨ ਤੇ ਸੁਚੱਜੀ ਜੀਵਨ ਜਾਂਚ ਦੀਆਂ ਕਵਿਤਾਵਾਂ

ਅੰਤ ਵਿੱਚ ਉਹਨਾਂ ਨੇ ਜ਼ਿੰਦਗੀ ਦੇ ਵੱਖ-ਵੱਖ ਰੰਗਾਂ ਨੂੰ ਦਰਸਾਉਦੀਆਂ ਹਾਸਿਆਂ ਭਰਭੂਰ ਕਵਿਤਾਵਾਂ ਸੁਣਾਉਦਿਆਂ ਆਪਣਾ ਕਾਵਿ ਰਚਨਾਵਾਂ ਪੜ੍ਹਨ ਦਾ ਦੌਰ ਸਮਾਪਤ ਕੀਤਾ।

-----

ਇਸ ਤੋਂ ਇਲਾਵਾ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਪਹਿਲਾਂ ਸਰਬਜੀਤ ਕੌਰ ਰੰਧਾਵਾ ਨੇ ਆਪਣੇ ਪਿੱਛੇ ਪੰਜਾਬ ਵਿੱਚ ਰਹਿ ਗਏ ਆਪਣੇ ਘਰ ਦੀ ਯਾਦ ਵਿੱਚ ਲਿਖੀ ਬੜੀ ਹੀ ਭਾਵੁਕ ਗੀਤ “ਅੱਜ ਵੀ ਯਾਦ ਮੇਰੀ ਵਿੱਚ ਵੱਸਿਆ ਮੇਰੇ ਬੰਦ ਘਰ ਦਾ ਸਿਰਨਾਵਾਂ” ਸੁਣਾਈ ਜਿਸ ਦਾ ਹਰ ਲਫ਼ਜ਼ ਦਿਲ ਨੂੰ ਟੁੰਬਣ ਵਾਲਾ ਸੀ ।ਉਹਨਾ ਦੀ ਇਸ ਕਵਿਤਾ ਨੂੰ ਸਾਰਿਆ ਵਲੋਂ ਬੜੀ ਹੀ ਦਾਦ ਮਿਲੀ।ਪ੍ਰੋਗਰਾਮ ਦੇ ਅਖੀਰ ਵਿੱਚ ਉਹਨਾਂ ਵਲੋਂ ਅਤੇ ਸਰਦਾਰ ਸਰਵਨ ਸਿੰਘ ਰੰਧਾਵਾ ਵਲੋਂ ਅੱਜ ਦੇ ਸਮਾਗਮ ਵਿੱਚ ਆਉਂਣ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਿਥੇ ਸਮੇਂ ਤੇ 8:15 ਵਜੇ ਇਹ ਪ੍ਰੋਗਰਾਮ ਸਮਾਪਿਤ ਹੋ ਗਿਆ।ਇਸ ਤਰ੍ਹਾਂ ਇਹ ਪੋਗਰਾਮ ਬੜਾ ਹੀ ਸਾਰਥਕ ਹੋ ਨਿੱਬੜਿਆ।







Wednesday, April 21, 2010

ਜਾਰਜ ਮੈਕੀ ਲਾਇਬ੍ਰੇਰੀ (ਨੌਰਥ ਡੈਲਟਾ, ਬੀ.ਸੀ.) ਵਿੱਚ ਇੱਕ ਅਨੋਖੀ ਸ਼ਾਮ ਕਵੀਆਂ ਦੇ ਨਾਮ - ਰਿਪੋਰਟ

ਜਾਰਜ ਮੈਕੀ ਲਾਇਬ੍ਰੇਰੀ (ਨੌਰਥ ਡੈਲਟਾ, ਬੀ.ਸੀ.) ਵਿੱਚ ਇੱਕ ਅਨੋਖੀ ਸ਼ਾਮ ਕਵੀਆਂ ਦੇ ਨਾਮ - ਰਿਪੋਰਟ

ਨੌਰਥ ਡੈਲਟਾ (ਬਿੱਕਰ ਸਿੰਘ ਖੋਸਾ) 14 ਅਪ੍ਰੈਲ 2010 ਦਿਨ ਬੁੱਧਵਾਰ ਨੂੰ ਪੰਜਾਬੀ ਬੋਲੀ ਅਤੇ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਿਹੇ ਯਤਨਾਂ ਵਜੋਂ ਇੱਥੇ ਫਰੇਜ਼ਰਵੈਲੀ ਦੀ ਲਾਇਬ੍ਰੇਰੀ ਵਿੱਚ ਸੇਵਾ ਨਿਭਾ ਰਹੇ ਸਰਦਾਰ ਸਰਵਨ ਸਿੰਘ ਰੰਧਾਵਾ ਦੇ ਉਦਮ ਸਦਕਾ ਇੱਥੋਂ ਦੀ ਜਾਰਜ ਮੈਕੀ ਲਾਇਬ੍ਰੇਰੀ ਵਿੱਚ ਪੰਜਾਬੀ ਕਵੀਆਂ ਦੇ ਨਾਮ ਇੱਕ ਸ਼ਾਮ ਮਨਾਈ ਗਈ ।ਅੱਜ ਦੇ ਕਵੀਆਂ ਵਜੋਂ ਇੰਦਰਜੀਤ ਕੌਰ ਸਿੱਧੂ ਅਤੇ ਮੋਹਨ ਗਿੱਲ ਨੂੰ ਪੇਸ਼ ਕੀਤਾ ਗਿਆ। ਇਹ ਸਮਾਗਮ ਸ਼ਾਮ ਦੇ ਸੱਤ ਵਜੇ ਸ਼ੁਰੂ ਹੋਇਆ।

-----

ਪਹਿਲੇ ਦੌਰ ਵਿੱਚ ਸ਼ਾਮਿਲ ਹੋਣ ਲਈ ਮੋਹਨ ਗਿੱਲ ਨੂੰ ਬੁਲਾਇਆ ਗਿਆ ਜਿਹਨਾਂ ਦੀ ਸਾਹਿਤਕ ਜਾਣ-ਪਛਾਣ ਸਰਬਜੀਤ ਕੌਰ ਰੰਧਾਵਾ ਵਲੋਂ ਕਰਵਾਈ ਗਈ ਅਤੇ ਮੋਹਨ ਗਿੱਲ ਆਪਣਾ ਕਲਾਮ ਲੈ ਕੇ ਹਾਜ਼ਿਰ ਹੋਏ।ਉਹਨਾਂ ਪਹਿਲੀ ਕਵਿਤਾ ਵਿਸਾਖੀ ਦੇ ਪਵਿੱਤਰ ਦਿਹਾੜੇ ਨਾਲ ਸਬੰਧਤ ਸੁਣਾਈ ਅਤੇ ਵਿਸਾਖੀ ਦੇ ਅਗਲੇ ਚੰਗੇਰੇ ਦਿਨਾਂ ਦੀ ਕਾਮਨਾ ਕੀਤੀ। ਅਗਲੀ ਕਵਿਤਾ ਇੱਕ ਦੋਸਤ ਨੂੰ ਸੰਬੋਧਿਤ ਜ਼ਿੰਦਗੀ ਦੇ ਦੁਖਾਂਤਾਂ ਨੂੰ ਦਰਸਾਉਂਦੀ ਸੰਵੇਦਨਸ਼ੀਲ ਲਫ਼ਜ਼ਾਂ ਵਿਚ ਕਹੀ ।ਇੱਕ ਉਸਾਰੂ ਗੀਤ –“ਰਾਤ ਦੇ ਹਨੇਰਿਆਂ ਨੂੰ ਛੱਡ” ਅਤੇ ਕਵਿਤਾ ਰੱਖੜੀ ਦੀ ਤੰਦ ਵਿੱਚ ਧੀ ਵਲੋਂ ਮਾਪਿਆਂ ਤੋਂ ਜੰਮਣ ਦਾ ਹੱਕ ਮੰਗਣ ਦਾ ਉੱਚਾ ਹੋਕਾ ਦਿੱਤਾ ਗਿਆ।

-----

ਉਹਨਾਂ ਕਵਿਤਾਵਾਂ ਦੇ ਦੌਰ ਵਿਚ ਪਰਵਾਸ ਦੀਆਂ ਤਲਖ਼ੀਆਂ-ਰੰਗੀਨੀਆਂ ਨੂੰ ਸਰੋਤਿਆਂ ਸਾਹਮਣੇ ਪੇਸ਼ ਕੀਤਾ ਜਿਹੜੀ ਕਿ ਪ੍ਰਦੇਸਣ ਧੀ ਵਲੋਂ ਮਾਂ ਨੂੰ ਸੰਬੋਧਿਤ ਸੀ। ਕਵਿਤਾ ਕਦੇ -2 ਮੇਰਾ ਜੀਅ ਕਰਦਾ ਹੈ ਵਿੱਚ ਮੋਹਨ ਗਿੱਲ ਆਪਣੇ ਮਨ ਦੀ ਗੱਲ ਕਹਿਣ ਵਿੱਚ ਸਫ਼ਲ ਰਹੇ।ਉਹਨਾਂ ਆਪਣੇ ਘਰ-ਪਿਆਰ ਨਾਲ ਸਬੰਧਿਤ ਕਵਿਤਾ “ਸੈਨਤ ਮਾਰੇ ਕੋਲ ਬੁਲਾਵੇ-ਮੈਨੂੰ ਮੇਰਾ ਆਪਣਾ ਘਰ”, ਫ਼ਰਮਾਇਸ਼ੀ ਕਵਿਤਾ –“ਸੱਜਣਾ ਹੱਥੋਂ ਹੋਈ ਸਾਡੀ ਬੋਹਣੀ ਏ, ਅੱਜ ਹੱਟੀ ਤੇ ਬਹੁਤ ਕਮਾਈ ਹੋਣੀ ਏ” ਤੋਂ ਇਲਾਵਾ ਚੰਚਲ ਮਨ ਦੀ ਉਡਾਰੀ ਦਰਸਾਉਂਦੀ ਇੱਕ ਕਵਿਤਾ ਆਪਣੀ ਨਵੀਂ ਪੁਸਤਕ “ਤਰੇਲ ਤੁਪਕੇ” ਵਿੱਚੋਂ ਨਵੀਂ ਤਿੰਨ ਸਤਰੀ ਹਾਇਕੂ ਦੇ ਕੁਝ ਰੰਗ ਸਰੋਤਿਆਂ ਦੇ ਸਾਹਮਣੇ ਰੱਖੇ ਜਿਸ ਨੇ ਬਹੁਤ ਹੀ ਪ੍ਰਭਾਵਸ਼ਾਲੀ ਰੰਗ ਬਖੇਰ ਕੇ ਤਾੜੀਆਂ ਨਾਲ ਵਾਹ-2 ਖੱਟੀ ।

-----

ਦੂਜੇ ਦੌਰ ਵਿੱਚ ਅੱਠ ਪੁਸਤਕਾਂ ਦੀ ਲੇਖਿਕਾ ਕਵਿੱਤਰੀ ਅਤੇ ਕਹਾਣੀਕਾਰਾ ਇੰਦਰਜੀਤ ਕੌਰ ਸਿੱਧੂ ਨੂੰ ਪੇਸ਼ ਕੀਤਾ ਗਿਆ। ਜਿਨ੍ਹਾਂ ਦੀ ਲੇਖਣੀ ਵਿੱਚ ਜ਼ਿੰਦਗੀ ਦੇ ਹਰ ਰੰਗ ਸਪੱਸ਼ਟ ਵੇਖਿਆ ਜਾ ਸਕਦਾ ਹੈ। ਉਹਨਾਂ ਨੇ ਆਪਣੀ ਪਹਿਲੀ ਕਵਿਤਾ “ਲਛਮਣ ਰੇਖਾ” ਵਿੱਚ ਔਰਤ ਲਈ ਮਰਦ ਵਲੋਂ ਖਿੱਚੀ ਲਛਮਣ ਰੇਖਾ ਦੇ ਉਰਵਾਰਪਾਰ ਰਹਿਣ ਦੇ ਸੰਤਾਪ ਨੂੰ ਰੂਪਮਾਨ ਕੀਤਾ, ਸਮੇਂ ਤੋਂ ਸਵਾਲ ਪੁੱਛਦੀ ਕਵਿਤਾ-“ਮੈ ਕਿਸ ਯੁੱਗ ਦੀ ਵਸਨੀਕ ਹਾਂ”, ਧੁੱਪ ਦਾ ਟੋਟਾ ਚੋਰੀ ਕਰਕੇ ਮਨ ਨੂੰ ਸੇਕ ਦੇਣ ਦੀ ਗੱਲ ਅਤੇ ਪੰਜਾਬ ਦੀ ਲੰਮੀ ਤਰਾਸਦੀ ਨਾਲ਼ ਸਬੰਧਤ ਕਵਿਤਾ ਸ਼ਹੀਦ ਪੁੱਤ ਦੀ ਵਿਥਿਆ ਭਾਵੁਕ ਹੁੰਦਿਆਂ ਪੜ੍ਹੀਆਂ। ਉਹਨਾਂ ਪੰਜਾਬ ਦੇ ਮੱਥੇ ਉੱਤੇ ਲਾਏ ਅੱਤਵਾਦ ਦੇ ਟਿੱਕੇ ਬਾਰੇ ਵੀ ਗੱਲ ਕੀਤੀ। ਕੈਨੇਡਾ ਦੇ ਸਫ਼ਰ ਦੀ ਸ਼ੁਰੂਆਤ ਦੀ ਵੰਗਾਰਮਈ ਕਵਿਤਾ-ਆ ਸੱਜਣ ਕੁਝ ਬੋਲ ਅਤੇ ਇਸ ਤੋਂ ਅਗਲੀ ਕਵਿਤਾ ਵਿੱਚ ਪ੍ਰਦੇਸਣ ਧੀ ਵਲੋਂ ਮਾਂ ਨੂੰ ਆਪਣੀ ਮਿੱਟੀ ਦੀ , ਆਪਣੇ ਸਭਿਆਚਾਰ ਦੀ ਆਪਸੀ ਸਾਂਝਾਂ ਦੀ ਯਾਦ ਦਿਵਾਉਦੀ- “ਮਾਂ ਮੈਂ ਘਰ ਜ਼ਰੂਰ ਪਰਤਾਂਗੀ ਕਹੀ ।ਇਸ ਤੋਂ ਅੱਗੇ ਜਵਾਨੀ ਤੋਂ ਢਲਦੀ ਉਮਰ ਤੱਕ ਦੇ ਅੰਦਰੂਨੀ ਵਲਵਲੇ ਅਤੇ ਢਲ਼ਦਿਆਂ ਪਰਛਾਵਿਆਂ ਦੀ ਗੱਲ ਆਪਣੀ ਵਿਦਰੋਹੀ ਰੰਗ ਵਿੱਚ ਰੰਗੀ ਕਵਿਤਾ –ਮੈਂ ਉਹ ਸੀਤਾ ਨਹੀਂ ਹਾਂ ਕਹਿ ਕੇ ਸਰੋਤਿਆਂ ਤੋਂ ਵਾਹ-ਵਾਹ ਖੱਟੀ।ਅਗਲੀ ਕਵਿਤਾ ਵਿੱਚ ਇੱਕ ਬਾਪ ਵਲੋਂ ਧੀ ਦੇ ਹੋਏ ਦਰਦਨਾਕ ਕ਼ਤਲ ਦੀ ਵਾਰਤਾ, ਕਵਿਤਾ ਕੁੜੀਆਂ-ਚਿੜੀਆਂ ਵਿੱਚ ਕੁੜੀਆਂ ਨੂੰ ਚਿੜੀਆਂ ਦੇ ਰੂਪ ਵਿੱਚ ਸਿਰਜਿਆ ਗਿਆ ਹੈ-ਜਿਹਨਾਂ ਦੇ ਹੁਣ ਖੰਭ ਨਿਕਲ ਆਏ ਹਨ ਅਤੇ ਜਿਨ੍ਹਾਂ ਦੇ ਖੁੱਲ੍ਹੇ ਅਸਮਾਨ ਵਿੱਚ ਉੱਡਣ ਦੀ ਗੱਲ ਕੀਤੀ ਗਈ ਹੈ ਜੋ ਔਰਤ ਦੀ ਆਜ਼ਾਦੀ ਦਾ ਸੰਕੇਤ ਦਿੰਦੀ ਹੈ।ਕਵਿਤਾ “ਸਰਦਲ ਅਤੇ ਮੈਂ” ਔਰਤ ਦੇ ਘਰ ਦੀ ਸਰਦਲ ਦੇ ਅੰਦਰ ਅਤੇ ਬਾਹਰ ਦੀ ਪੀੜ ਦਰਸਾਉਂਦੀ ਹੈ ਅਤੇ ਅੰਤ ਵਿੱਚ ਉਹਨਾਂ ਆਪਣੀ ਕਵਿਤਾ “ ਜਾਗਦੀ ਅੱਖ ਦਾ ਸੁਪਨਾ” ਜਿਸ ਵਿਚ ਬੇਰੰਗ ਹੁੰਦੇ ਰੰਗਾਂ , ਟੁੱਟਦੇ ਸੁਪਨਿਆਂ, ਦਫ਼ਨ ਹੋ ਰਹੀਆਂ ਸੱਧਰਾਂ , ਬੇਆਵਾਜ਼ ਹੁੰਦੀਆਂ ਕਿਲਕਾਰੀਆਂ ਨੂੰ ਨਵਾਂ ਕਾਵਿ ਰੂਪ ਦੇ ਕੇ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ।

-----

ਸਰਬਜੀਤ ਕੌਰ ਰੰਧਾਵਾ ਵਲੋਂ ਅੱਜ ਦੀ ਇਸ ਮਹਿਫ਼ਿਲ ਵਿੱਚ ਪੁੱਜਣ ਵਾਲੇ ਉਸਤਾਦ ਗ਼ਜ਼ਲਕਾਰਾਂ, ਕਵੀਆਂ , ਲੇਖਕਾਂ, ਵਿਦਵਾਨਾਂ, ਸਾਹਿਤ ਪ੍ਰੇਮੀਆਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਆਪਣੀ ਲਿਖੀ ਕਾਲਜੇ ਨੂੰ ਧੂਹ ਪਾਉਣ ਵਾਲੀ ਕਵਿਤਾ “ਮੈਂ ਮਾਣਮੱਤਾ ਪੰਜਾਬ ਹਾਂ, ਅੱਜ ਸੜ ਗਏ ਮੇਰੇ ਭਾਗ” ਸੁਣਾ ਕੇ ਸਰੋਤਿਆਂ ਦਾ ਧਿਆਨ ਖਿੱਚਿਆ।ਇਸ ਉਪਰੰਤ ਸਰਦਾਰ ਸਰਵਨ ਸਿੰਘ ਰੰਧਾਵਾ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਾਹਿਤਕ ਇੱਕਠ ਨੂੰ ਸੰਬੋਧਨ ਕਰਦਿਆਂ ਸਾਰਿਆ ਨੂੰ ਕਿਤਾਬਾਂ ਪੜ੍ਹਨ ਦੀ ਰੁਚੀ ਵੱਲ ਪ੍ਰੇਰਣਾ ਦਿੱਤੀ । ਉਹਨਾਂ ਨੇ ਸਾਰਿਆ ਵੱਲੋਂ ਸਹਿਯੋਗ ਮਿਲਣ ਤੇ ਅਜਿਹੇ ਪ੍ਰੋਗਰਾਮ ਹਰ ਮਹੀਨੇ ਕੀਤੇ ਜਾਣ ਬਾਰੇ ਆਪਣੇ ਯਤਨਾਂ ਦੀ ਸਾਂਝ ਪਾਈ । ਅੱਜ ਦੇ ਸਾਰੇ ਸਮਾਗਮ ਦੀ ਰਿਕਾਰਡਿੰਗ ਟੀ ਵੀ “ਮਹਿਕ ਪੰਜਾਬ ਦੀ” ਦੇ ਸੰਚਾਲਕਾਂ ਕਮਲਜੀਤ ਸਿੰਘ ਥਿੰਦ ਅਤੇ ਸੰਜੀਵ ਥਿੰਦ ਵੱਲੋਂ ਕੀਤੀ ਗਈ । ਅੱਜ ਦਾ ਇਹ ਸਮਾਗਮ ਨਵੀਆ ਆਸਾਂ ਲੈ ਕੇ ਸ਼ਾਮ ਨੂੰ ਸੱਤ ਵਜੇ ਸ਼ੁਰੂ ਹੋਇਆ ਇਹ ਪ੍ਰੋਗਰਾਮ ਸਾਢੇ ਅੱਠ ਵਜੇ ਸਮਾਪਤ ਹੋਇਆ ।











ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ