Saturday, May 28, 2011

ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਿਹ ‘ਆਲ੍ਹਣਿਆਂ ਦੀ ਚਿੰਤਾ’ ਰਿਲੀਜ਼ - ਰਿਪੋਰਟ


ਰਿਪੋਰਟ: ਪ੍ਰੋ: ਸੁਰਜੀਤ ਜੱਜ; ਫਗਵਾੜਾ:- ਬੀਤੇ ਦਿਨੀਂ ਕੌਮਾਂਤਰੀ ਲੇਖਕ ਮੰਚ(ਕਲਮ)-ਫ਼ਗਵਾੜਾ ਵਲੋਂ ਪੰਜਾਬੀ ਦੇ ਨੌਜਵਾਨ ਸ਼ਾਇਰ ਦਾਦਰ ਪੰਡੋਰਵੀ ਦਾ ਨਵ-ਪ੍ਰਕਾਸ਼ਤ ਗ਼ਜ਼ਲ ਸੰਗ੍ਰਿਹ"ਆਲ੍ਹਣਿਆਂ ਦੀ ਚਿੰਤਾ" ਦਾ ਰਿਲੀਜ਼ ਸਮਾਗਮ ਸਥਾਨਕ ਬਲੱਡ ਬੈਂਕ(ਹਰਗੋਬਿੰਦ ਨਗਰ-ਫ਼ਗਵਾੜਾ) ਦੇ ਸੈਮੀਨਾਰ ਹਾਲ ਵਿਚ ਅਯੋਜਿਤ ਕੀਤਾ ਗਿਆ।


ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਵਸ਼੍ਰੀ ਡਾ.ਰਜਨੀਸ਼ ਬਹਾਦਰ,ਐਸ ਬਲਵੰਤ,ਸ.ਅਮਰੀਕ ਸਿੰਘ (ਲੁਬਰਾਈਟ ਇੰਡਸਟ੍ਰੀਜ਼),ਅਵਤਾਰ ਜੌੜਾ ਤੇ ਮਲਕੀਤ ਸਿੰਘ ਰਘਬੋਤਰਾ ਨੇ ਕੀਤੀ।ਦਾਦਰ ਪੰਡੋਰਵੀ ਨੇ ਆਪਣੀਆਂ ਕੁਝ ਚੋਣਵੀਆਂ ਗ਼ਜ਼ਲਾਂ ਨਾਲ ਸਰੋਤਿਆਂ ਦੇ ਰੂਬਰੂ ਹੋ ਕੇ ਸਮਾਗਮ ਦੀ ਸ਼ੁਰੂਆਤ ਕੀਤੀ।


ਪ੍ਰਧਾਨਗੀ ਮੰਡਲ ਵਲੋਂ ਆਲ੍ਹਣਿਆਂ ਦੀ ਚਿੰਤਾ ਨੂੰ ਰਿਲੀਜ਼ ਕਰਨ ਉਪਰੰਤ ਡਾ.ਰਾਮ ਮੂਰਤੀ ਤੇ ਡਾ. ਜਗਵਿੰਦਰ ਜੋਧਾ ਵਲੋਂ ਪਰਚੇ ਪੜ੍ਹੇ ਗਏ।ਡਾ.ਰਾਮ ਮੂਰਤੀ ਨੇ ਗ਼ਜ਼ਲ ਸੰਗ੍ਰਿਹ ਸੰਬੰਧੀ ਪੜ੍ਹੇ ਆਪਣੇ ਪਰਚੇ ਵਿਚ ਕਵਿਤਾ ਤੇ ਖ਼ਾਸ ਕਰਕੇ ਗ਼ਜ਼ਲਗੋਈ ਵਿਚ ਚਿਹਨ ਸ਼ਾਸ਼ਤਰ ਦੀ ਮਹੱਤਤਾ ਵਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਤੇ ਦਾਦਰ ਦੀ ਸ਼ਾਇਰੀ ਵਿਚ ਇਸ ਦੀ ਸਾਰਥਕਤਾ ਦੀ ਟੋਹ ਲਗਾਈ।ਡਾ.ਰਾਮ ਮੂਰਤੀ ਨੇ ਕਿਹਾ ਕਿ ਦਾਦਰ ਦੀ ਸ਼ਾਇਰੀ ਵਿਚ ਚਿਹਨ ਤਾਂ ਮੌਜੂਦ ਹਨ ਪਰ ਇਨ੍ਹਾਂ ਚਿਹਨਾਂ ਨੂੰ ਵਰਤ ਕੇ ਸ਼ਿਅਰਾਂ ਨੂੰ ਬਹੁ-ਪਰਤੀ ਰੂਪਾਂ ਵਿਚ ਤਬਦੀਲ ਕਰਨ ਦੀ ਕਲਾ ਨੇ ਅਜੇ ਹੋਰ ਉਜਾਗਰ ਹੋਣਾ ਹੈ।ਡਾ. ਜਗਵਿੰਦਰ ਜੋਧਾ ਦੁਆਰਾ ਪੜ੍ਹੇ ਗਏ ਪਰਚੇ ਵਿਚ ਦਾਦਰ ਦੀ ਸ਼ਾਇਰੀ ਨੂੰ ਪ੍ਰੰਪਰਾ ਤੋਂ ਅਧੁਨਿਕ ਮੁਹਾਵਰੇ ਵੱਲ ਮੁੜਦੀ ਸ਼ਾਇਰੀ ਕਰਾਰ ਦਿੱਤਾ ਗਿਆ।ਡਾ. ਜੋਧੇ ਨੇ "ਆਲ੍ਹਣਿਆਂ ਦੀ ਚਿੰਤਾ" ਨੂੰ ਸਸ਼ੱਕਤ ਸ਼ਾਇਰੀ ਵਿਚ ਜ਼ਿਕਰਯੋਗ ਵਾਧਾ ਕਿਹਾ ਤੇ ਦਾਦਰ ਤੋਂ ਅਜੇ ਹੋਰ ਬਿਹਤਰ ਲਿਖਣ ਦੀ ਉਮੀਦ ਪ੍ਰਗਟਾਈ।


ਪ੍ਰੋ.ਸੁਰਜੀਤ ਜੱਜ ਨੇ ਕਿਹਾ ਕਿ ਹੁਣ ਦਾਦਰ ਦੀ ਸ਼ਾਇਰੀ ਉਘੜਵੇਂ ਰੂਪ ਵਿਚ ਪਾਠਕਾਂ ਨੂੰ ਮੁਖ਼ਾਤਿਬ ਹੋ ਰਹੀ ਹੈ।ਹਰਵਿੰਦਰ ਭੰਡਾਲ ਨੇ ਵੀ ਸ਼ਿਅਰਾਂ ਦੇ ਹਵਾਲੇ ਨਾਲ ਦਾਦਰ ਦੀ ਸ਼ਾਇਰੀ ਬਾਰੇ ਵਿਚਾਰ ਸਾਂਝੇ ਕੀਤੇ।ਉਪਰੋਕਤ ਤੋਂ ਇਲਾਵਾ ਡਾ. ਰਜਨੀਸ਼ ਬਹਾਦਰ,ਐਸ ਬਲਵੰਤ,ਮੈਡਮ ਗੁਰਚਰਨ ਕੌਰ ਕੋਚਰ ਤੇ ਸ਼ਮਸ਼ੇਰ ਮੋਹੀ ਨੇ ਵੀ ਰਿਲੀਜ਼ ਗ਼ਜ਼ਲ ਸੰਗ੍ਰਿਹ ਤੇ ਪੜ੍ਹੇ ਗਏ ਪਰਚਿਆਂ ਨੂੰ ਆਧਾਰ ਬਣਾ ਕੇ ਦਾਦਰ ਦੀ ਸ਼ਾਇਰੀ ਸੰਬੰਧੀ ਆਪਣੇ-ਆਪਣੇ ਵਿਚਾਰ ਰੱਖੇ।ਦੇਸ ਰਾਜ ਕਾਲੀ,ਭਗਵੰਤ ਰਸੂਲਪੁਰੀ,ਪ੍ਰੋ. ਭੁਪਿੰਦਰ ਕੌਰ ਤੇ ਗਾਇਕ ਮਕਬੂਲ ਨੇ ਵੀ ਇਸ ਸਮਾਗਮ 'ਚ ਆਪਣੀ ਹਾਜ਼ਰੀ ਲੁਆਈ।

ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿਚ ਸਰਵਸ਼੍ਰੀ ਭਜਨ ਸਿੰਘ ਵਿਰਕ,ਕੁਲਵਿੰਦਰ ਕੁੱਲਾ,ਸੋਮਦੱਤ ਦਿਲਗੀਰ,ਅਸ਼ੋਕ ਕਾਸਿਦ,ਜੁਗਿੰਦਰ ਮਤਵਾਲਾ,ਸੁਮਨ ਸ਼ਾਮਪੁਰੀ,ਜਗਦੀਸ਼ ਰਾਣਾ,ਸੋਹਣ ਸਿਹਜਲ,ਕੰਵਰ ਇਕਬਾਲ,ਅਸ਼ੋਕ ਕਾਸਿਦ,ਮਨੋਜ ਫ਼ਗਵਾੜਵੀ ਤੇ ਸਰਬਜੀਤ ਕਰੀਮਪੁਰੀ ਨੇ ਆਪਣੀਆਂ- ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਦੇ ਅਖੀਰ 'ਚ ਪ੍ਰੋ.ਸੁਰਜੀਤ ਜੱਜ ਨੇ ਆਏ ਹੋਏ ਸਰੋਤਿਆਂ ਤੇ ਸ਼ਾਇਰ ਦੋਸਤਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਪ੍ਰੋ. ਸੁਰਜੀਤ ਜੱਜ ਤੇ ਡਾ. ਜਗਵਿੰਦਰ ਜੋਧਾ ਨੇ ਸਾਂਝੇ ਤੌਰ ਤੇ ਕੀਤਾ।

Wednesday, May 11, 2011

ਕਾਫ਼ਲੇ ਵੱਲੋਂ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਬਾਰੇ ਭਰਪੂਰ ਗੱਲਬਾਤ ਕੀਤੀ ਗਈ - ਰਿਪੋਰਟ

ਟਰਾਂਟੋ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਦੀ ਕਾਵਿ-ਰਚਨਾ ‘ਤੇ ਖੁੱਲ੍ਹ ਕੇ ਗੱਲਬਾਤ ਹੋਈ ਓਥੇ ਚਾਰ ਨਵੀਆਂ ਕਿਤਾਬਾਂ ਵੀ ਰਲੀਜ਼ ਕੀਤੀਆਂ ਗਈਆਂ ਅਤੇ ਸੰਚਾਲਕਾਂ ਦੀ ਚੋਣ ਵੀ ਹੋਈ।


ਉਦਾਸੀ ਦੀ ਆਪਣੀ ਆਵਾਜ਼ ਵਿੱਚ “ਅਸੀਂ ਤੋੜ ਦੇਣੀ ਲਹੂ ਪੀਣੀ ਜੋਕ...” ਅਤੇ “ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ” ਗੀਤ ਨਾਲ਼ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਉਂਕਾਰਪ੍ਰੀਤ ਨੇ ਦੱਸਿਆ ਕਿ ਧਾਰਮਿਕ ਪਰਵਾਰ ਵਿੱਚ ਪੈਦਾ ਹੋਇਆ ਹੋਣ ਕਰਕੇ ਸੰਤ ਰਾਮ ਉਦਾਸੀ ਦੀ ਲੇਖਣੀ ਕੂਕਾ ਲਹਿਰ ਦੇ ਪ੍ਰਭਾਵ ਹੇਠ ਹੋਈ। ਪਰ ਇਸ ਸੰਸਥਾ ਵਿੱਚ ਆ ਗਏ ਫ਼ਰਕ ਅਤੇ ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਅਤੇ ਪ੍ਰੋਫ਼ੈਸਰ ਮੋਹਨ ਸਿੰਘ, ਆਦਿ ਲੇਖਕਾਂ ਦੀਆਂ ਰਚਨਾਵਾਂ ਨੇ ਉਦਾਸੀ ਨੂੰ ਮਾਰਕਸਵਾਦ ਵੱਲ ਖਿੱਚਿਆ। ਫਿਰ ਨਕਸਲਵਾਦੀ ਲਹਿਰ ਦੇ ਪ੍ਰਭਾਵ ਹੇਠ ਆ ਕੇ ਉਦਾਸੀ ਨੇ ਆਪਣਾ ਸਦੀਵੀ ਰਾਹ ਅਪਣਾਇਆ। ਉਂਕਾਰਪ੍ਰੀਤ ਨੇ ਇਸ ਗੱਲ ‘ਤੇ ਸ਼ਿਕਵਾ ਕੀਤਾ ਕਿ ਉਦਾਸੀ ਦੀ ਕਵਿਤਾ ਦੀਆਂ ਜੜ੍ਹਾਂ ਸਿੱਖ ਵਿਰਸੇ ਦੀ ਅਮੀਰੀ ਵਿੱਚ ਪਈਆਂ ਹੋਣ ਕਰਕੇ ਉਸ ਦੀ ਕਵਿਤਾ ਨੂੰ ਖ਼ਾਲਿਸਤਾਨੀ ਲਹਿਰ ਨਾਲ਼ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪਾਸ਼-ਉਦਾਸੀ ਬਾਰੇ ਛੇੜੇ ਜਾ ਰਹੇ ਸ਼ਰਾਰਤੀ ਵਿਵਾਦ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਦੋਵਾਂ ਹੀ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਸਿੱਖ ਧਰਮ ਦੀ ਵਿਰਾਸਤ ਨੂੰ ਆਧਾਰ ਬਣਾਇਆ, ਦੋਵਾਂ ਨੇ ਹੀ ਨਿਮਨ-ਵਰਗ ਬਾਰੇ ਹੀ ਲਿਖਿਆ ਅਤੇ ਦੋਵੇਂ ਹੀ ਇਨਕਲਾਬੀ ਸੋਚ ਨੂੰ ਦਿਲੋਂ ਅਪਣਾਏ ਹੋਏ ਹੋਣ ਕਰਕੇ ਲੋਕਾਂ ਨਾਲ਼ ਜੁੜੇ ਹੋਏ ਕਵੀ ਸਨ ਜਿਸ ਕਰਕੇ ਇਸ ਤਰ੍ਹਾਂ ਦੀ ਬੇਹੂਦੀ ਦੂਸ਼ਣਬਾਜ਼ੀ ਬੇ-ਬੁਨਿਆਦ ਹੈ।



ਕੁਲਵਿੰਦਰ ਖਹਿਰਾ ਨੇ ਇਸ ਗੱਲ ‘ਤੇ ਅਫ਼ਸੋਸ ਪ੍ਰਗਟ ਕੀਤਾ ਕਿ ਆਪਣੇ ਆਪ ਨੂੰ ਅਗਾਂਹਵਧੂ ਵਿਚਾਰਧਾਰਾ ਅਤੇ ਸੰਤ ਰਾਮ ਉਦਾਸੀ ਦੇ ਹਮਦਰਦ ਹੋਣ ਦਾ ਵਿਖਾਵਾ ਕਰਦੇ ਹੋਏ ਕੁਝ ਲੇਖਕ ਉਦਾਸੀ ਨੂੰ ਫ਼ਿਰਕੂ ਲਹਿਰ ਨਾਲ਼ ਜੋੜਨ ਅਤੇ ਪਾਸ਼ ਅਤੇ ਉਦਾਸੀ ਵਿਚਾਲੇ ਜਾਤੀਵਾਦ ਦਾ ਵਖਰੇਵਾਂ ਪਾਉਣ ਦੀਆਂ ਗੱਲਾਂ ਕਰਕੇ ਇਨ੍ਹਾਂ ਮਹਾਨ ਕਵੀਆਂ ਦੇ ਕੱਦ ਨੂੰ ਨੀਵਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸ਼ਰਾਰਤ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਹੋਣ ਬਾਰੇ ਛੇੜੇ ਜਾ ਰਹੇ ਵਿਵਾਦ ਨਾਲ਼ ਜੋੜਦਿਆਂ ਹੋਇਆਂ ਉਸ ਨੇ ਕਿਹਾ ਕਿ ਅਜਿਹਾ ਕਰਨ ਵਾਲ਼ੇ ਲੋਕ ਸਿੱਧੇ ਰੂਪ ਵਿੱਚ ਹਾਕਮ ਜਮਾਤਾਂ ਦੇ ਹੱਕ ਵਿੱਚ ਭੁਗਤ ਰਹੇ ਹਨ। ਉਸ ਨੇ ਕਿਹਾ ਕਿ ਇਹ ਹਸਤੀਆਂ ਪੰਜਾਬੀ ਵਿਰਸੇ ਦੇ ਉਹ ਥੰਮ੍ਹ ਹਨ ਜੋ ਕਿਸੇ ਵੀ ਆਉਣ ਵਾਲ਼ੀ ਸੰਘਰਸ਼ਮਈ ਲਹਿਰ ਖਾਤਰ ਪੰਜਾਬੀਆਂ ਲਈ ਰਹਿ-ਨੁਮਾਈ ਕਰ ਸਕਦੇ ਹਨ ਜਿਸ ਕਰਕੇ ਇਨ੍ਹਾਂ ਦੇ ਅਕਸ ਨੂੰ ਵਿਗਾੜਨਾ ਜਾਂ ਇਨ੍ਹਾਂ ਦੀ ਕੁਰਬਾਨੀ ‘ਤੇ ਬੇ-ਬੁਨਿਆਦ ਸਵਾਲੀਆ ਚਿੰਨ੍ਹ ਲਾਉਣੇ ਸਪੱਸ਼ਟ ਰੂਪ ਵਿੱਚ ਪੰਜਾਬੀ ਕੌਮ ਨਾਲ਼ ਗ਼ੱਦਾਰੀ ਹੈ। ਉਸ ਨੇ ਪਾਸ਼ ਅਤੇ ਉਦਾਸੀ ਨੂੰ ਇੱਕੋ ਹੀ ਗੱਡੀ ਦੇ ਦੋ ਪਹੀਏ ਦੱਸਿਆ ਜਿਨ੍ਹਾਂ ਵਿੱਚੋਂ ਇੱਕ ਆਮ ਜਨਤਾ ਨੂੰ ਸੰਬੋਧਨ ਹੋ ਕੇ ਅਤੇ ਦੂਸਰਾ ਅਕਾਦਮਿਕ ਪੱਧਰ ‘ਤੇ ਜਾ ਕੇ ਇੱਕੋ ਹੀ ਵਰਗ ਦੇ ਲੋਕਾਂ ਦੀ ਗੱਲ ਕਰਦਾ ਸੀ। ਪਾਸ਼ ਦੀ ਡਾਇਰੀ ਵਿੱਚੋਂ ਆਖਰੀ ਇੰਟਰੀ ਦਾ ਹਵਾਲਾ ਦਿੰਦਿਆਂ ਉਸ ਨੇ ਕਿਹਾ ਕਿ ਪਾਸ਼ ਵੱਲੋਂ ਏਨੇ ਸਪਸ਼ਟ ਰੂਪ ਵਿੱਚ ਉਦਾਸੀ ਦੇ ਵਡੱਪਣ ਦੀ ਦਾਦ ਦੇਣਾ ਆਪਣੇ ਆਪ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਦੋਵੇਂ ਕਵੀ ਇੱਕ-ਸੁਰ ਸਨ ਅਤੇ ਉਨ੍ਹਾਂ ਨੂੰ ਵੰਡਣ ਵਾਲ਼ੇ ਮੌਜੂਦਾ ਲੋਕ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਰਕਾਰ ਅਤੇ ਲੋਟੂ ਜਮਾਤ ਦੇ ਹੱਕ ਵਿੱਚ ਭੁਗਤ ਰਹੇ ਹਨ। ਜਸਵਿੰਦਰ ਸੰਧੂ ਨੇ ਕਿਹਾ ਕਿ ਸਾਨੂੰ ਕਵਿਤਾ ਵਿੱਚ ਅਕਾਦਮਿਕ ਅਤੇ ਸਧਾਰਨ ਪੱਧਰ ਵਰਗੀਆਂ ਵੰਡੀਆਂ ਵੀ ਨਹੀਂ ਪਾਉਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਬੇਸ਼ੱਕ ਅਕਾਦਮਿਕ ਅਦਾਰਿਆਂ ਨੇ ਉਦਾਸੀ ਨੂੰ ਅਣਗੌਲ਼ਿਆ ਹੈ ਪਰ ਆਮ ਲੋਕਾਂ ਨੇ ਉਦਾਸੀ ਨੂੰ ਸਵੀਕਾਰਿਆ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਕਮੀਆਂ-ਪੇਸ਼ੀਆਂ ਹਰ ਇਨਸਾਨ ਵਿੱਚ ਹੁੰਦੀਆਂ ਹਨ ਪਰ ਦੋ ਕਵੀਆਂ ਵਿੱਚ ਮੁਕਾਬਲਾ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿੱਥੇ ਪਾਸ਼ ਦਾ ਆਪਣਾ ਸਾਹਿਤਕ ਕੱਦ-ਬੁੱਤ ਹੈ ਓਥੇ ਉਦਾਸੀ ਨੇ ਆਪਣੀ ਲੇਖਣੀ ਅਤੇ ਆਵਾਜ਼ ਰਾਹੀਂ ਹਜ਼ਾਰਾਂ ਹੀ ਲੋਕਾਂ ਦੇ ਇਕੱਠਾਂ ਨੂੰ ਪ੍ਰਭਾਵਿਤ ਕੀਤਾ ਹੈ।



ਬ੍ਰਜਿੰਦਰ ਕੌਰ ਗੁਲਾਟੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਅਪ੍ਰੈਲ ਮਹੀਨੇ ਦੇ ਕਵਿਤਾ-ਮਾਹ ਵੱਜੋਂ ਮਨਾਏੇ ਜਾਣ ਬਾਰੇ ਲਿਖੇ ਆਪਣੇ ਲੇਖ ਵਿੱਚ ਕਿਹਾ ਕਿ ਕਵਿਤਾ ਵੱਲ ਲੋਕਾਂ ਦੀ ਰੁਚੀ ਵਧਾਉਣ ਲਈ, ਕਵੀਆਂ ਦੀਆਂ ਲਿਖਤਾਂ ਨੂੰ ਹੋਰ ਜ਼ਿਆਦਾ ਲੋਕਾਂ ਦੇ ਸਾਹਮਣੇ ਲਿਆਉਣ ਲਈ, ਅਤੇ ਸਕੂਲਾਂ ਦੇ ਸਿਲੇਬਸ ਵਿੱਚ ਕਵਿਤਾ ਨੂੰ ਹੋਰ ਅਹਿਮੀਅਤ ਦੁਆਉਣ ਦੇ ਵਿਚਾਰ ਨਾਲ ‘ਅਕੈਡਮੀ ਔਫ਼ ਅਮੈਰਿਕਨ ਪੋਇਟਸ” ਨਾਂ ਦੀ ਸੰਸਥਾ ਵੱਲੋਂ ਇਹ ਮੁਹਿੰਮ ਛੇੜੀ ਗਈ ਅਤੇ 1996 ਵਿੱਚ ਇਸ ਦਿਨ ਨੂੰ ਮਾਨਤਾ ਦਿੰਦਿਆਂ ਹੋਇਆਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਕਿਹਾ “ਕਵੀਆਂ ਦੀ ਲਿਖਤ ਅਤੇ ਉਨ੍ਹਾਂ ਦੇ ਸ਼ਬਦਾਂ ਦਾ ਭੰਡਾਰ ਸਾਡੇ ਕਲਚਰ ਨੂੰ ਹੋਰ ਅਮੀਰ ਕਰਦਾ ਹੈ ਅਤੇ ਨਵੀਂ ਅਮਰੀਕਨ ਪੀੜ੍ਹੀ ਨੂੰ ਲਿਖਣ ਅਤੇ ਪੜ੍ਹਣ ਵੱਲ ਪ੍ਰੇਰਦਾ ਹੈ।” ਸੰਨ 1999 ਵਿੱਚ ਕੈਨੇਡਾ ਨੇ ਵੀ ਅਪ੍ਰੈਲ ਵਿੱਚ ‘ਨੈਸ਼ਨਲ ਪੋਇਟਰੀ ਮੰਥ’ ਮਨਾਉਣਾ ਸ਼ੁਰੂ ਕੀਤਾ ਜਿਸ ਨੂੰ ‘ਲੀਗ ਔਫ਼ ਕਨੇਡੀਅਨ ਪੋਇਟਸ’ ਨੇ ਸਪੌਂਸਰ ਕੀਤਾ। ਉਨ੍ਹਾਂ ਵੱਲੋਂ ਇਸ ਮਹੀਨੇ ਕਵੀਆਂ ਦੀਆਂ ਕਿਰਤਾਂ ਨੂੰ ਲੈ ਕੇ ‘ਦਾ ਜਰਾਰਡ ਲੈਂਪਰਟ ਐਂਡ ਲੋਥਰ ਅਵਾਰਡਜ਼’ ਲਈ ਮੁਕਾਬਲੇ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਦੁਨੀਆਂ ਭਰ ਵਿੱਚ ਅਪ੍ਰੈਲ ਮਹੀਨੇ ਨੂੰ ਕਵਿਤਾ-ਮਾਹ ਵਜੋਂ ਮਨਾਇਆ ਜਾਣ ਲੱਗਾ ਹੈ। ਕੈਨੇਡੀਅਨ ਕਵੀ ਪੀਅਰ ਜਿਔਰਜੀਔ ਡੀ ਸਿਕੋ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਗੁਲਾਟੀ ਹੁਰਾਂ ਕਿਹਾ “ਕਵਿਤਾ ਦੇ ਉੱਚੇ ਵਿਚਾਰਾਂ ਅਤੇ ਸ਼ਾਨੋ-ਸ਼ੌਕਤ ਤੋਂ ਬਿਨਾਂ ਤੁਸੀਂ ਭਵਿੱਖ ਨੂੰ ਚੰਗਾ ਨਹੀਂ ਬਣਾ ਸਕਦੇ। ਅੱਜ ਦਾ ਯੁੱਗ ਧਨ-ਦੌਲਤ ਅਤੇ ਖ਼ੁਸ਼ਹਾਲੀ ਦਾ ਰਾਗ ਅਲਾਪ ਰਿਹਾ ਹੈ, ਉਸ ਵਕਤ ਕਵੀ ਹੀ ਸਾਨੂੰ ਦੱਸਦੇ ਹਨ ਕਿ ਸ਼ਹਿਰ ਇਨਸਾਨਾਂ ਤੋਂ ਬਿਨਾਂ ਕੁਝ ਵੀ ਨਹੀਂ। ਕਵਿਤਾ ਜ਼ਿੰਦਗੀ ਜੀਣ ਦਾ ਇੱਕ ਅਲੱਗ ਅੰਦਾਜ਼ ਹੈ। ਕਵੀ ਨੇ ਨਾਗਰਿਕ ਦੇ ਤੌਰ ਤੇ ਸਿਰਜਣਾਤਮਕ ਰਚਨਾ ਨੂੰ ਉੱਚਾ ਚੁੱਕਣਾ ਹੈ ਜਿਸ ਤੋਂ ਬਿਨਾਂ ਜਿ਼ੰਦਗੀ ਬਹੁਤ ਨੀਰਸ ਹੋ ਜਾਂਦੀ ਹੈ।” ਕਾਫ਼ਲੇ ਦੀ ਸਾਲ 2001 ਵਿੱਚ ਛਪੀ ਕਿਤਾਬ ‘ਪਿੱਪਲ਼ ਤੋਂ ਮੇਪਲ ਤੱਕ” ਦਾ ਹਵਾਲਾ ਦਿੰਦਿਆਂ ਅਤੇ ਕਾਫ਼ਲੇ ਦੀ ਪਿਛਲੇ 18 ਸਾਲ ਦੀ ਕਾਰਗੁਜ਼ਾਰੀ ‘ਤੇ ਨਜ਼ਰ ਮਾਰਦਿਆਂ ਉਨ੍ਹਾਂ ਕਿਹਾ ਕਿ ਕੈਨੇਡੀਅਨ ਸਾਹਿਤ ਵਿੱਚ ਕਾਫ਼ਲਾ ਆਪਣਾ ਮਾਣਮੱਤਾ ਯੋਗਦਾਨ ਪਾ ਰਿਹਾ ਹੈ।



ਇਸ ਸਮਾਗਮ ਦੌਰਾਨ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਸੰਪਾਦਤ ਕਿਤਾਬ “ਕੰਪਿਊਟਰ ਦਾ ਧਨੰਤਰ: ਕਿਰਪਾਲ ਸਿੰਘ ਪੰਨੂੰ” (ਕਿਰਪਾਲ ਪੰਨੂੰ ਦੇ 75ਵੇਂ ਜਨਮ-ਦਿਨ ‘ਤੇ ਦੂਸਰੇ ਲੇਖਕਾਂ ਵੱਲੋਂ ਉਨ੍ਹਾਂ ਪ੍ਰਤੀ ਲਿਖੇ ਲੇਖ), ਜਰਨੈਲ ਸਿੰਘ ਕਹਾਣੀਕਾਰ ਵੱਲੋਂ ਕੈਨੇਡਾ ਦੀਆਂ ਪੰਜਾਬੀ ਕਹਾਣੀਆਂ ਦੀ ਸੰਪਾਦਤ ਕੀਤੀ ਹੋਈ ਕਿਤਾਬ “ਮੇਪਲ ਦੇ ਰੰਗ”, ਹਰਮੋਹਨ ਛਿੱਬਰ ਹੁਰਾਂ ਦੀ ਹਾਸ-ਰਸ ਦੀ ਅੰਗ੍ਰੇਜ਼ੀ ਵਿੱਚ ਲਿਖੀ ਕਿਤਾਬ “ਇਨਸੀਡੈਂਟਲ ਸਮਾਇਲਜ਼”, ਅਤੇ ਮਲੂਕ ਸਿੰਘ ਕਾਹਲ਼ੋਂ ਦੀ ਕਿਤਾਬ “ਲੋਕ ਵੇਦਨਾ” ਰਲੀਜ਼ ਕੀਤੀਆਂ ਗਈਆਂ ਅਤੇ ਆਉਣ ਵਾਲ਼ੇ ਦਿਨਾਂ ਵਿੱਚ ਇਨ੍ਹਾਂ ‘ਤੇ ਵਿਚਾਰ ਚਰਚਾ ਕਰਨ ਦਾ ਵਾਅਦਾ ਕੀਤਾ ਗਿਆ।



ਇਸੇ ਦੌਰਾਨ ਜਿੱਥੇ ਕਾਫ਼ਲੇ ਵੱਲੋਂ ਅਗਲੇ ਮਹੀਨੇ ‘ਪ੍ਰਗਤੀਸ਼ੀਲ ਸਾਹਿਤ’ ਦੇ ਵਿਸ਼ੇ ‘ਤੇ ਕਰਵਾਏ ਜਾ ਰਹੇ ਸੈਮੀਨਾਰ ਬਾਰੇ ਗੱਲਬਾਤ ਹੋਈ ਓਥੇ ਕਾਫ਼ਲੇ ਦਾ ਵੈੱਬਸਾਈਟ www.kalmandakafla.com ਵੀ ਲੌਂਚ ਕੀਤਾ ਗਿਆ।



ਉਂਕਾਰਪ੍ਰੀਤ ਵੱਲੋਂ ਕਾਫ਼ਲੇ ਦੇ ਸੰਚਾਲਕਾਂ ਦੀ ਚੋਣ ਸਮੇਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਜਰਨੈਲ ਸਿੰਘ ਕਹਾਣੀਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਇਹ ਕਾਰਵਾਈ ਚਲਾਉਣ। ਜਰਨੈਲ ਸਿੰਘ ਨੇ ਇਸ ਕਾਰਵਾਈ ਲਈ ਸੁਝਾਅ ਦੇਣ ਦਾ ਸੱਦਾ ਦੇਣ ਦੇ ਨਾਲ਼ ਹੀ ਆਪਣੇ ਵੱਲੋਂ ਸੁਝਾਅ ਦਿੱਤਾ ਕਿ ਮੌਜੂਦਾ ਟੀਮ ਦੇ ਕੰਮ ਦੀ ਰੌਸ਼ਨੀ ਵਿੱਚ ਉਹ ਸੁਝਾਅ ਦਿੰਦੇ ਹਨ ਕਿ ਇਸੇ ਟੀਮ ਨੂੰ ਹੀ ਅਗਲੇ ਸਾਲ ਲਈ ਰੱਖਿਆ ਜਾਵੇ। ਮਿੰਨੀ ਗਰੇਵਾਲ਼ ਵੱਲੋਂ ਇਸ ਸਿਫ਼ਾਰਿਸ਼ ਨੂੰ ਸੈਕਿੰਡ ਕੀਤਾ ਗਿਆ ਜਦਕਿ ਕੁਲਜੀਤ ਮਾਨ ਅਤੇ ਰਾਜਪਾਲ ਬੋਪਾਰਾਏ ਬਹੁਤ ਸਾਰੇ ਹਾਜ਼ਰ ਮੈਂਬਰਾਂ ਨੇ ਇਸ ਸਿਫ਼ਾਰਿਸ਼ ਦੀ ਪ੍ਰੋੜਤਾ ਕੀਤੀ। ਮੌਜੂਦਾ ਟੀਮ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਮੈਂਬਰਾਂ ਵੱਲੋਂ ਆਏ ਸੁਝਾਵਾਂ, ਜਿਨ੍ਹਾਂ ਵਿੱਚ ਜਸਵਿੰਦਰ ਸੰਧੂ ਵੱਲੋਂ ਬਾਕੀ ਮੈਂਬਰਾਂ ਵੱਲੋਂ ਵੀ ਕਾਫ਼ਲੇ ਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਪ੍ਰੇਰਨਾ ਅਤੇ ਨਾਹਰ ਔਜਲਾ ਵੱਲੋਂ ਸਵਾਲ-ਜਵਾਬਾਂ ਲਈ ਵੱਧ ਸਮਾਂ ਦੇਣਾ ਸ਼ਾਮਲ ਸੀ, ਨੂੰ ਅਗਲੇ ਦਿਨਾਂ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ। ਜਰਨੈਲ ਸਿੰਘ ਅਤੇ ਸੁਦਾਗਰ ਸਿੰਘ ਬਰਾੜ ਲੰਡੇ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਮੇਂ ਦੀ ਪਾਬੰਦੀ ਹੋਣ ਕਰਕੇ ਗੱਲਬਾਤ ਨੂੰ ਸੀਮਤ ਰੱਖਣਾ ਇੱਕ ਮਜਬੂਰੀ ਹੈ ਪਰ ਸਾਰੇ ਮੈਂਬਰਾਂ ਦੇ ਸਮੇਂ-ਸਿਰ ਮੀਟਿੰਗ ਵਿੱਚ ਪਹੁੰਚਣ ਨਾਲ਼ ਇਹ ਮੁਸ਼ਕਲ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ।



ਮੀਟਿੰਗ ਦੀ ਗੱਲਬਾਤ ਵਿੱਚ ਹਿੱਸਾ ਲੈ ਰਹੇ ਸਾਹਿਤਕਾਰਾਂ ਅਤੇ ਦੋਸਤਾਂ ਵਿੱਚ ਡਾ. ਹਰਭਜਨ ਸਿੰਘ ਗਰੀਜ਼ੀ, ਜਗਤਾਰ ਸਿੰਘ ਗਿੱਲ, ਜਰਨੈਲ ਸਿੰਘ ਗਰਚਾ, ਹਰਜੀਤ ਕੌਰ ਸੰਧੂ, ਪਤਵੰਤ ਕੌਰ ਪੰਨੂੰ, ਕੁਲਜੀਤ ਮਾਨ, ਮਨਮੋਹਨ ਗੁਲਾਟੀ, ਰਾਵੀ ਮਿਨਹਾਸ, ਬਲਰਾਜ ਚੀਮਾ, ਪੂਰਨ ਸਿੰਘ ਪਾਂਧੀ, ਸੁਰਜਨ ਜ਼ੀਰਵੀ, ਨਾਹਰ ਸਿੰਘ ਔਜਲਾ, ਮਿੰਨੀ ਗਰੇਵਾਲ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਢਿੱਲੋਂ, ਬਲਦੇਵ ਦੂਹੜੇ, ਅਤੇ ਗੁਰਮੀਤ ਸਿੰਘ, ਆਦਿ ਸ਼ਾਮਲ ਸਨ। ਕਾਫ਼ਲੇ ਦੀ ਅਗਲੀ ਮੀਟਿੰਗ ਵਿਸ਼ੇਸ਼ ਮੀਟਿੰਗ ਹੋਵੇਗੀ ਜੋ 28 ਮਈ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਸਵੇਰ ਤੋਂ ਸ਼ੁਰੂ ਹੋਵੇਗੀ ਅਤੇ ਰਾਤ ਨੂੰ ਕਵੀ ਦਰਬਾਰ ਨਾਲ਼ ਸਮਾਪਤ ਹੋਵੇਗੀ। ਇਸ ਦੀ ਜ਼ਿਆਦਾ ਜਾਣਕਾਰੀ ਕਾਫ਼ਲੇ ਦੀ ਉਪਰੋਕਤ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ।

Saturday, April 30, 2011

ਟਰਾਂਟੋ, ਕੈਨੇਡਾ ਵਿਚ ਕਾਫ਼ਲੇ ਵੱਲੋਂ ਅਜਮੇਰ ਔਲਖ ਨਾਲ਼ ਮੁਲਾਕਾਤ - ਰਿਪੋਰਟ


ਰਿਪੋਰਟ: ਟਰਾਂਟੋ:-(ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਕੈਨੇਡਾ ਫੇਰੀ ‘ਤੇ ਆਏ ਪੰਜਾਬੀ ਨਾਟਕਕਾਰ ਅਜਮੇਰ ਔਲਖ ਨਾਲ਼ 16 ਅਪ੍ਰੈਲ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਮੀਟਿੰਗ ਦੌਰਾਨ ਇੰਡੀਅਨ ਅਤੇ ਕੈਨੇਡੀਅਨ ਪੰਜਾਬੀ ਰੰਗ-ਮੰਚ ਬਾਰੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਬਲਜਿੰਦਰ ਸੇਖੋਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਾਫ਼ਲਾ ਸੰਚਾਲਕ ਉਂਕਾਰਪ੍ਰੀਤ ਨੇ ਕਿਹਾ ਕਿ 1992 ਤੋਂ ਸਰਗਰਮ ਕਾਫ਼ਲੇ ਵੱਲੋਂ ਹਮੇਸ਼ਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕਲਾ ਨੂੰ ਲੋਕਾਂ ਦੇ ਪੱਖ ਵਿੱਚ ਵਰਤਣ ਵਾਲ਼ੀਆਂ ਹਸਤੀਆਂ ਨਾਲ਼ ਮੁਲਾਕਾਤ ਕੀਤੀ ਜਾਵੇ। ਅਜਮੇਰ ਔਲਖ ਨੂੰ ਪੰਜਾਬੀ ਦੇ ‘ਸਿਰਕੱਢ ਨਾਟਕਕਾਰਾਂ ਵਿੱਚੋਂ ਇੱਕ’ ਦੱਸਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਔਲਖ ਨੇ ਗੁਰਸ਼ਰਨ ਭਾਅ ਜੀ ਵਾਂਗ ਹੀ ਨਾਟਕ ਨੂੰ ਲਹਿਰ ਦਾ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਵਿੱਚ ਉਨ੍ਹਾਂ ਦੇ ਸਮੁੱਚੇ ਪਰਵਾਰ ਦੀ ਸ਼ਮੂਲੀਅਤ ਉਨ੍ਹਾਂ ਦੀ ਪ੍ਰਤੀਬਧਤਾ ਨੂੰ ਹੋਰ ਵੀ ਦ੍ਰਿੜ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਔਲਖ ਦੇ ਨਾਟਕ ਕਿਸਾਨੀ ਜੀਵਨ ਦੇ ਅੰਤਰਮਨ ਦੀ ਵਿਥਿਆ ਬਿਆਨ ਕਰਦੇ ਹਨ ਓਥੇ ਲੋਟੂ ਅਨਸਰਾਂ ਨੂੰ ਕਟਹਿਰੇ ਵਿੱਚ ਵੀ ਖੜ੍ਹਾ ਕਰਦੇ ਹਨ। ਗੁਰਦੇਵ ਚੌਹਾਨ ਹੁਰਾਂ ਕਿਹਾ ਕਿ ਔਲਖ ਦੇ ਨਾਟਕਾਂ ਦੀ ਸਮੱਗਰੀ ਉਨ੍ਹਾਂ ਦੇ ਨਿੱਜੀ ਤਜਰਬੇ ਵਿੱਚੋਂ ਆਈ ਹੋਣ ਕਰਕੇ ਉਨ੍ਹਾਂ ਦੇ ਨਾਟਕ ਸ਼ੇਕਸਪੀਅਰ ਵਾਂਗ ਹੀ ਪੜ੍ਹਨ ਨੂੰ ਵੀ ਓਨੇ ਹੀ ਦਿਲਚਸਪ ਹਨ ਜਿੰਨੇ ਕਿ ਵੇਖਣ ਨੂੰ ਜਦ ਕਿ ਡਾ. ਆਤਮਜੀਤ ਅਤੇ ਗੁਰਸ਼ਰਨ ਭਾਅ ਜੀ ਦੇ ਨਾਟਕਾਂ ਵਿੱਚ ਇਹ ਗੱਲ ਬਹੁਤ ਘੱਟ ਹੈ। ਉਨ੍ਹਾਂ ਕਿਹਾ ਕਿ ਜਿੱਥੇ ਗੁਰਸ਼ਰਨ ਭਾਅ ਜੀ ਸੰਦੇਸ਼ ਨੂੰ ਮੁੱਖ ਰੱਖ ਕੇ ਨਾਟਕ ਲਿਖਦੇ ਹਨ ਓਥੇ ਔਲਖ ਆਪਣੇ ਸੰਦੇਸ਼ ਨੂੰ ਕਲਾ ਵਿੱਚ ਲਪੇਟ ਕੇ ਪੇਸ਼ ਕਰਦੇ ਹਨ ਜੋ ਨਾਟਕ ਨੂੰ ਹੋਰ ਵੀ ਪ੍ਰਭਾਵਸ਼ਾਲੀ ਕਰਦਾ ਹੈ। ਬਲਰਾਜ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਸੰਤ ਸਿੰਘ ਸੇਖੋਂ ਨੇ ਕਹਾਣੀ ਵਿੱਚ ਪੇਂਡੂ ਜੀਵਨ ਨੂੰ ਉਭਾਰਿਆ ਉਵੇਂ ਹੀ ਅਜਮੇਰ ਔਲਖ ਨੇ ਆਪਣੇ ਨਾਟਕਾਂ ਰਾਹੀਂ ਪੇਂਡੂ ਜੀਵਨ ਨੂੰ ਸਾਹਿਤ ਦਾ ਵਿਸ਼ਾ ਬਣਾਇਆ ਹੈ। ਚੀਮਾ ਨੇ ਕਿਹਾ ਕਿ ਭਾਵੇਂ ਕਈ ਨਾਟਕਕਾਰਾਂ ਦੇ ਨਾਟਕ ਸਿਰਫ਼ ਪੜ੍ਹ ਕੇ ਮਾਣੇ ਜਾ ਸਕਦੇ ਹਨ ਪਰ ਉਨ੍ਹਾਂ ਵਿੱਚ ਸਟੇਜੀ ਗੁਣ ਨਹੀਂ ਹੁੰਦਾ ਪਰ ਔਲਖ ਨੇ ਨਾਟਕ ਪੜ੍ਹਨ ਨੂੰ ਵੀ ਓਨੇ ਹੀ ਰੌਚਿਕ ਹਨ ਜਿੰਨੇ ਕਿ ਵੇਖਣ ਨੂੰ।



ਅਜਮੇਰ ਔਲਖ ਨੇ ਦੱਸਿਆ ਕਿ ਉਨ੍ਹਾਂ ਦੀ ਲਿਖਣ ਪ੍ਰਕਿਰਿਆ ਤਕਰੀਬਨ 8-9 ਸਾਲ ਦੀ ਉਮਰ ਤੋਂ ਹੀ ਗੀਤਾਂ ਦੇ ਰੂਪ ਵਿੱਚ ਸ਼ੁਰੂ ਹੋ ਗਈ ਸੀ ਅਤੇ ਦਸਵੀਂ ਦਾ ਇਮਤਿਹਾਨ ਦੇਣ ਤੋਂ ਬਾਅਦ ਉਨ੍ਹਾਂ ਨੇ ਇੱਕ ਨਾਵਲ ਵੀ ਲਿਖਿਆ ਸੀ ਜੋ ਤਜਰਬੇ ਪੱਖੋਂ ਭਾਵੇਂ ਕੱਚਾ-ਪਿੱਲਾ ਹੀ ਸੀ ਪਰ ਉਸ ਵਿੱਚੋਂ ਉਨ੍ਹਾਂ ਦੀ ਸੋਚ ਦਾ ਸਬੂਤ ਝਲਕਦਾ ਹੈ। ਮੁਜਾਰੇ ਪਰਿਵਾਰ ਵਿੱਚ ਪੈਦਾ ਹੋਏ ਹੋਣ ਕਰਕੇ ਕਿਸਾਨੀ ਪਰਵਾਰਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ‘ਤੇ ਗਹਿਰਾ ਅਸਰ ਹੋਇਆ ਅਤੇ ਉਨ੍ਹਾਂ ਦੇ ਨਾਟਕਾਂ ਦਾ ਵਿਸ਼ਾ ਬਣਿਆ। ਉਨ੍ਹਾਂ ਕਿਹਾ ਕਿ 1970-72 ਵਿੱਚ ਲੈਕਚਰਰ ਲੱਗਣ ਤੋਂ ਬਾਅਦ ਭਾਵੇਂ ਉਨ੍ਹਾਂ ਵੱਲੋਂ ਤਿਆਰ ਕਰਵਾਈਆਂ ਜਾਂਦੀਆਂ ਸੱਭਿਆਚਾਰਕ ਆਈਟਮਾਂ ਨੂੰ ਕਲਾਕਾਰਾਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਣ ਲੱਗ ਪਿਆ ਸੀ ਪਰ ਉਨ੍ਹਾਂ ਕਦੀ ਸੋਚਿਆ ਤੱਕ ਵੀ ਨਹੀਂ ਸੀ ਕਿ ਉਹ ਨਾਟਕ ਲਿਖਣ ਲੱਗ ਪੈਣਗੇ। ਫ਼ਰੀਦਕੋਟ ਦੇ ਬ੍ਰਜਿੰਦਰਾ ਕਾਲਿਜ ਵਿੱਚ ਹੁੰਦੇ ਯੂਥ ਫੈਸਟੀਵਲ ਦੌਰਾਨ ਉਨ੍ਹਾਂ ਦੀ ਪ੍ਰਦਰਸ਼ਨੀ ਨੂੰ ਵੇਖਦਿਆਂ ਹੋਇਆਂ ਉਸ ਸਮੇਂ ਦੇ ਵਿਦਵਾਨ ਸਾਹਿਤਕਾਰਾਂ ਵੱਲੋਂ ਉਨ੍ਹਾਂ ਨੂੰ ਸਿਰਫ ਨਾਟਕ ਲਿਖਣ ਵੱਲ ਹੀ ਧਿਆਨ ਦਿੱਤੇ ਜਾਣ ਦਾ ਸੁਝਾਅ ਆਉਣ ‘ਤੇ ਹੀ ਉਨ੍ਹਾਂ ਨੇ ਤਕਰੀਬਨ 1979 ਵਿੱਚ ਨਾਟਕ ਲਿਖਣਾ ਸ਼ੁਰੂ ਕੀਤਾ। ਜਾਗੀਰਦਾਰ ਦੇ ਖੇਤਾਂ ‘ਚ ਕੰਮ ਕਰਦਿਆਂ ਆਪਣੇ ਪੁੱਤ ਲਈ ਇੱਕ ਛੱਲੀ ਘਰ ਲਿਆਉਣ ਦੀ ਕੋਸ਼ਿਸ਼ ਕਰਨ ਬਦਲੇ ਜਾਗੀਰਦਾਰਾਂ ਦੇ ਗੁੰਡਿਆਂ ਵੱਲੋਂ ਆਪਣੀ ਮਾਂ ਦੀ ਕੀਤੀ ਗਈ ਬੇਇਜ਼ਤੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਵੀ ਉਸ ਘਟਨਾ ਦੀ ਯਾਦ ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੰਦੀ ਹੈ। ਸੁਦਾਗਰ ਬਰਾੜ ਵੱਲੋਂ ਲਹਿਰਾਂ ਦੇ ਪ੍ਰਭਾਵ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨੀ ਘੋਲ਼, ਜਿਨ੍ਹਾਂ ਵਿੱਚ ਆਦਿਵਾਸੀ ਕਿਸਾਨਾਂ ਦਾ ਘੋਲ਼ ਵੀ ਸ਼ਾਮਿਲ ਹੈ, ਨਾਲ਼ ਸਬੰਧਤ ਹਰ ਲਹਿਰ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਉਨ੍ਹਾਂ ਉੱਤੇ ਮੁਢਲਾ ਪ੍ਰਭਾਵ ਮੁਜਾਰਾ ਲਹਿਰ ਦਾ ਹੀ ਪਿਆ। ਗੁਰਸ਼ਰਨ ਭਾਅ ਜੀ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਫੈਸਲਾ ਕੀਤਾ ਕਿ ਜੇ ਲਿਖਣਾ ਹੈ ਤਾਂ ਸਿਰਫ਼ ਦੱਬੇ-ਕੁਚਲ਼ੇ ਆਮ ਲੋਕਾਂ ਲਈ ਹੀ ਲਿਖਣਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਵਿੱਚ ਏਥੋਂ ਵਰਗੀਆਂ ਸਟੇਜੀ ਅਤੇ ਤਕਨੀਕੀ ਸਹੂਲਤਾਂ ਨਹੀਂ ਮਿਲ਼ਦੀਆਂ ਪਰ ਉਨ੍ਹਾਂ ਦੇ ਆਦਰਸ਼ ਗੁਰਸ਼ਰਨ ਭਾਅ ਜੀ ਅਤੇ ਜੋਗਿੰਦਰ ਬਾਹਰਲੇ ਵਰਗੇ ਨਾਟਕਕਾਰ ਹਨ ਜੋ ਗੱਡਿਆਂ ਦੀ ਸਟੇਜ ਬਣਾ ਕੇ ਅਤੇ ਮਸ਼ਾਲਾਂ ਦੀ ਰੌਸ਼ਨੀ ਵਿੱਚ ਹੀ ਨਾਟਕ ਕਰਕੇ ਪੰਜਾਬ ਵਿੱਚ ਨਾਟਕਾਂ ਦੀ ਪਿਰਤ ਪਾ ਗਏ ਹਨ। ਔਲਖ ਹੁਰਾਂ ਕਿਹਾ ਕਿ ਅਸਲੀ ਪੇਸ਼ਕਾਰੀ ਤਾਂ ਕਲਾਕਾਰ ਦੀ ਕਲਾਕਾਰੀ ਹੀ ਹੈ ਸਟੇਜੀ ਸਹੂਲਤਾਂ ਤਾਂ ਸਿਰਫ ਪੇਸ਼ਖਾਰੀ ਵਿੱਚ ਸਹਾਈ ਹੀ ਹੋ ਸਕਦੀਆਂ ਹਨ। ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਸਮਾਗਮ ਵਿੱਚ ਉਨ੍ਹਾਂ ਤੋਂ ਪਹਿਲਾਂ ਹਰਪਾਲ ਟਿਵਾਣਾ ਵੱਲੋਂ ਖੇਡੇ ਗਏ ਨਾਟਕ ਵਿੱਚ ਸਟੇਜ ‘ਤੇ ਮਹਿਲ ਬਣਾ ਕੇ ਵੇਸ-ਭੂਸ਼ਾ ‘ਤੇ ਬੇਹੱਦ ਧਿਆਨ ਦਿੱਤਾ ਗਿਆ ਸੀ ਪਰ ਉਨ੍ਹਾਂ ਦੇ ਨਾਟਕ ਸਮੇਂ ਸਟੇਜ ‘ਤੇ ਸਿਰਫ਼ ਇੱਕ ਮੰਜਾ ਅਤੇ ਲੱਕੜ ਦਾ ਖੁੰਢ ਹੀ ਪਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਦੇ ਕਲਾਕਾਰਾਂ ਵੱਲੋਂ ਵਧੀਆ ਪ੍ਰਦਰਸ਼ਨੀ ਕਰ ਦਿੱਤੇ ਜਾਣ ਕਰਕੇ ਉਨ੍ਹਾਂ ਦੇ ਨਾਟਕ ਨੂੰ ਵੱਧ ਸਲਾਹਿਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਸਲੀ ਮਾਰਗ-ਦਰਸ਼ਕ ਅਤੇ ਆਲੋਚਕ ਯੂਨੀਵਰਸਿਟੀਆਂ ਵਿੱਚ ਬੈਠੇ ਹੋਏ ਆਲੋਚਕ ਨਹੀਂ ਸਗੋਂ ਸਧਾਰਨ ਪੇਂਡੂ ਲੋਕ ਹਨ ਜੋ ਬਿਨਾਂ ਕਿਸੇ ਹੇਰ-ਫੇਰ ਦੇ ਦਿਲੀ ਰਾਏ ਦੇ ਕੇ ਉਨ੍ਹਾਂ ਦੇ ਨਾਟਕਾਂ ਦਾ ਸੁਹਿਰਦ ਮੁਲਾਂਕਣ ਕਰਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਨਾਟਕਾਂ ਵਿੱਚ ਕੰਮ ਕਰਨ ਵਾਲ਼ੇ ਅਦਾਕਾਰਾਂ ਦੀ ਚੋਣ ਸਿਖਲਾਈ ਹਾਸਲ ਕਲਾਕਾਰਾਂ ਵਿੱਚੋਂ ਕਰਨ ਦੀ ਬਜਾਏ ਆਮ ਸਧਾਰਨ ਲੋਕਾਂ ਵਿੱਚੋਂ ਹੀ ਕਰਦੇ ਹਨ ਜੋ ਨਾ ਸਿਰਫ਼ ਪੇਂਡੂ ਕਿਰਦਾਰਾਂ ਨਾਲ਼ ਸਹੀ ਇਨਸਾਫ਼ ਹੀ ਕਰਦੇ ਹਨ ਸਗੋਂ ਉਨ੍ਹਾਂ (ਔਲਖ) ਦੀਆਂ ਭਾਸ਼ਾਈ ਕਮਜ਼ੋਰੀਆਂ ਵੱਲ ਵੀ ਧਿਆਨ ਦਿਵਾਉਂਦੇ ਹਨ। 2008 ਸਾਲ ਦੌਰਾਨ ਆਪਣੀ ਬੀਮਾਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਕਈ ਵਾਰ ਲੇਖਕਾਂ/ਕਲਾਕਾਰਾਂ ਨੂੰ ਇਲਾਜ ਲਈ ਪੈਸਾ ਦੇ ਹੀ ਦਿੰਦੀਆਂ ਨੇ ਪਰ ਉਨ੍ਹਾਂ ਨੂੰ ਇਸ ਗੱਲ ਦਾ ਬੇਹੱਦ ਮਾਣ ਹੈ ਉਨ੍ਹਾਂ ਦੇ ਦਿੱਲੀ ਹਸਪਤਾਲ ਵਿੱਚ ਪਏ ਹੋਣ ਸਮੇਂ ਵੱਖ ਵੱਖ ਸੰਸਥਾਵਾਂ ਨੇ ਆਮ ਜਨਤਾ ਵਿੱਚੋਂ ਤਕਰੀਬਨ 9 ਲੱਖ ਰੁਪਏ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਇਹੋ ਹੀ ਉਨ੍ਹਾਂ ਦਾ ਸਭ ਤੋਂ ਵੱਡਾ ਸਨਮਾਨ ਸੀ ਅਤੇ ਜਨਤਾ ਦੇ ਇਸ ਮੋਹ ਸਦਕਾ ਉਨ੍ਹਾਂ ਦੀ ਪ੍ਰਤੀਬੱਧਤਾ ਹੋਰ ਵੀ ਪੱਕੀ ਹੋਈ ਹੈ।



ਕੈਨੇਡੀਅਨ ਪੰਜਾਬੀ ਨਾਟਕ ਬਾਰੇ ਬੋਲਦਿਆਂ ਜਸਪਾਲ ਢਿੱਲੋਂ ਹੁਰਾਂ ਕਿਹਾ ਕਿ ਭਾਵੇਂ ਉਨ੍ਹਾਂ ਨੇ 1991 ਵਿੱਚ ਟਰਾਂਟੋ ਵਿੱਚ ਨਾਟਕ ਸ਼ੁਰੂ ਕਰਕੇ ਏਥੇ ਲੋਕਲ ਨਾਟਕਾਂ ਦੀ ਸ਼ੁਰੂਆਤ ਵਿੱਚ ਹਿੱਸਾ ਪਾਇਆ ਸੀ ਪਰ ਹੁਣ ਬਲਜਿੰਦਰ ਲੇਲਣਾ ਹੁਰਾਂ ਦੀ ‘ਪੰਜਾਬੀ ਆਰਟਸ ਐਸੋਸੀਏਸ਼ਨ’ ਅਤੇ ਹੀਰਾ ਰੰਧਾਵਾ ਵਰਗੇ ਨਾਟਕਕਾਰਾਂ ਨੇ ਆਪਣਾ ਪਰਿਵਾਰ ਵਧਾ ਕੇ ਟਰਾਂਟੋ ਦੇ ਰੰਗ-ਮੰਚ ਨੂੰ ਅੱਗੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਟੀਮ ਭਾਵੇਂ ਕੋਈ ਵੀ ਕੰਮ ਕਰ ਰਹੀ ਹੋਵੇ, ਸਾਨੂੰ ਹਮੇਸ਼ਾਂ ਨਾਟਕ ਨੂੰ ਮੁੱਖ ਰੱਖ ਕੇ ਇੱਕ-ਦੂਸਰੇ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਬਲਜਿੰਦਰ ਲੇਲਣਾ ਨੇ ਕਿਹਾ ਕਿ ਉਨ੍ਹਾਂ ਦਾ ਨਿਸ਼ਾਨਾ ਕੈਨੇਡੀਅਨ ਜੀਵਨ ਬਾਰੇ ਪੰਜਾਬੀ ਨਾਟਕਾਂ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਕਿ ਸਾਡੇ ਲੋਕ ਅਤੇ ਖ਼ਾਸ ਕਰਕੇ ਸਾਡੇ ਬੱਚੇ ਸਾਡੇ ਨਾਟਕਾਂ ਨਾਲ਼ ਜੁੜ ਸਕਣ। ਨਾਹਰ ਔਜਲਾ ਨੇ ਕਿਹਾ ਕਿ ਕਿਉਂਕਿ ਪਹਿਲਾਂ ਲੋਕ ਕਮਾਈ ਕਰਕੇ ਵਾਪਸ ਇੰਡੀਆ ਮੁੜ ਜਾਣ ਦੇ ਮਕਸਦ ਨਾਲ਼ ਆਉਂਦੇ ਸਨ ਇਸ ਲਈ ਉਨ੍ਹਾਂ ਦਾ ਝੁਕਾਅ ਹਮੇਸ਼ਾਂ ਪੰਜਾਬ ਵੱਲ ਹੀ ਰਹਿੰਦਾ ਸੀ। ਪਰ ਅੱਜਕਲ੍ਹ ਆ ਰਹੇ ਬਹੁਤੇ ਪੰਜਾਬੀ ਇਮੀਗ੍ਰੈਂਟ ਪਹਿਲਾਂ ਹੀ ਪੱਕੇ ਤੌਰ ‘ਤੇ ਕੈਨੇਡਾ ਰਹਿਣ ਦਾ ਮਨ ਬਣਾ ਕੇ ਆ ਰਹੇ ਹੋਣ ਕਰਕੇ ਹੁਣ ਏਥੋਂ ਦੀ ਜ਼ਿੰਦਗੀ ਨਾਲ਼ ਸਬੰਧਤ ਮਸਲਿਆਂ ਵਿੱਚ ਰੁਚੀ ਵਧੀ ਹੈ। ਇਸ ਕਰਕੇ ਏਥੋਂ ਦੀਆਂ ਸਮੱਸਿਆਵਾਂ ਨੂੰ ਮੁਖ਼ਾਤਿਬ ਨਾਟਕਾਂ ਦੀ ਲੋੜ ਵੀ ਵਧੀ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਅਜੇ ਵੀ ਕੈਨੇਡੀਅਨ ਪੰਜਾਬੀ ਨਾਟਕ ਇੰਡੀਆ ਤੋਂ ਆਉਣ ਵਾਲ਼ੇ ਕਲਾਕਾਰਾਂ ਦੇ ਸਿਰ ‘ਤੇ ਹੀ ਜੀਅ ਰਿਹਾ ਹੈ। ਬਲਦੇਵ ਰਹਿਪਾ ਨੇ ‘ਤਰਕਸ਼ੀਲ ਸੁਸਾਇਟੀ’ ਦੇ ਨਾਟਕਾਂ ਬਾਰੇ ਬੋਲਦਿਆਂ ਕਿਹਾ ਕਿ ਇਸ ਸੁਸਾਇਟੀ ਦੇ ਨਿਸ਼ਾਨੇ ਸੀਮਤ ਹੋਣ ਕਰਕੇ ਇਨ੍ਹਾਂ ਵੱਲੋਂ ਕਰਵਾਏ ਜਾਣ ਵਾਲ਼ੇ ਨਾਟਕਾਂ ਦੇ ਵਿਸ਼ੇ ਵੀ ਸੀਮਤ ਰਹਿ ਜਾਂਦੇ ਹਨ ਕਿਉਂਕਿ ਉਹ ਆਪਣੇ ਸੰਦੇਸ਼ ਨੂੰ ਮੁੱਖ ਰੱਖ ਕੇ ਹੀ ਨਾਟਕ ਕਰਵਾ ਸਕਦੇ ਹਨ। ਪਰ ਉਨ੍ਹਾਂ ਕਿਹਾ ਕਿ ਅੱਜ ਦੇ ਤਕਨੀਕੀ ਅਤੇ ਗੋਲਬਲਾਈਜ਼ੇਸ਼ਨ ਦੇ ਯੁਗ ਵਿੱਚ ਅਸੀਂ ਆਪਣੇ ਆਪ ਨੂੰ ਪੰਜਾਬ ਤੋਂ ਅਲੱਗ ਕਰਕੇ ਨਹੀਂ ਵੇਖ ਸਕਦੇ ਕਿਉਂਕਿ ਅੱਜ ਭਾਵੇਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਈਏ, ਸਾਡੀਆਂ ਸਮੱਸਿਆਵਾਂ ਤਕਰੀਬਨ ਇੱਕੋ ਜਿਹੀਆਂ ਹੀ ਹਨ। ਉਨ੍ਹਾਂ ਨੇ ਹਰ ਸੰਸਥਾ ਵੱਲੋਂ ਨਿਭਾਏ ਜਾ ਰਹੇ ਰੋਲ ਨੂੰ ਸਾਂਝੇ ਕਾਜ ਦੀ ਇੱਕ ਇੱਕ ਕੜੀ ਦੱਸਦਿਆਂ ਕਿਹਾ ਕਿ ਸਾਨੂੰ ਸਭ ਨੂੰ ਹਰ ਉਸ ਸੰਸਥਾ ਦਾ ਸਾਥ ਦੇਣਾ ਚਾਹੀਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਲੋਕ-ਭਲਾਈ ਬਾਰੇ ਯਤਨਸ਼ੀਲ ਹੈ। ਬਲਜਿੰਦਰ ਲੇਲਣਾ ਵੱਲੋਂ ਔਲਖ ਸਾਹਿਬ ਨੂੰ ਏਥੋਂ ਦੇ ਜੀਵਨ ਨਾਲ਼ ਸਬੰਧਤ ਨਾਟਕ ਲਿਖਣ ਦੀ ਬੇਨਤੀ ਕੀਤੀ ਗਈ ਜਿਸ ਦੇ ਜਵਾਬ ਵਿੱਚ ਔਲਖ ਸਾਹਿਬ ਨੇ ਕਿਹਾ ਕਿ ਕੁਝ ਸਮੇਂ ਲਈ ਕੈਨੇਡਾ ਆਇਆ ਲੇਖਕ ਏਥੋਂ ਦੇ ਜੀਵਨ ਦਾ ਸਹੀ ਅੰਦਾਜ਼ਾ ਨਹੀਂ ਲਗਾ ਸਕਦਾ ਜਿਸ ਕਰਕੇ ਉਹ ਨਾਟਕ ਨਾਲ਼ ਪੂਰਾ ਇਨਸਾਫ਼ ਨਹੀਂ ਕਰ ਸਕਦਾ। ਕੁਲਵਿੰਦਰ ਖਹਿਰਾ ਨੇ ਉਨ੍ਹਾਂ ਦੀ ਪ੍ਰੋੜ੍ਹਤਾ ਕਰਦਿਆਂ ਕਿਹਾ ਕਿ ਏਥੋਂ ਬਾਰੇ ਨਾਟਕ ਲਿਖਣ ਲਈ ਏਥੋਂ ਦੇ ਜੀਵਨ ਵਰਤਾਰੇ ਨੂੰ ਧੁਰ ਤੱਕ ਸਮਝਣਾ ਬਹੁਤ ਜ਼ਰੂਰੀ ਹੈ। ਉਸ ਨੇ ਕਿਹਾ ਕਿ ਕੈਨੇਡੀਅਨ ਪੰਜਾਬੀ ਨਾਟਕ ਦੀ ਪ੍ਰਫੁੱਲਤਾ ਲਈ ਜਿੱਥੇ ਏਥੋਂ ਦੇ ਮੁੱਖਧਾਰਾ ਦੇ ਸਾਹਿਤਕ ਮਾਹੌਲ ਤੋਂ ਪੂਰੀ ਤਰ੍ਹਾਂ ਵਾਕਫ਼ ਹੋਣ ਦੀ ਲੋੜ ਹੈ ਓਥੇ ਪੰਜਾਬ ਤੋਂ ਆਉਣ ਵਾਲ਼ੇ ਨਾਟਕਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਮੌਜੂਦਾ ਮਸਲਿਆਂ ਨਾਲ਼ ਸਬੰਧਤ ਨਾਟਕ ਲੈ ਕੇ ਆਉਣ ਤਾਂ ਕਿ ਅਸੀਂ ਜਾਣ ਸਕੀਏ ਕਿ ਕੈਨੇਡਾ ਦਾ ਮੁੱਖਧਾਰਾ ਦਾ ਸਾਹਿਤ ਕੀ ਕਹਿ ਰਿਹਾ ਹੈ ਅਤੇ ਪੰਜਾਬ ਵਿਚਲਾ ਸਾਹਿਤ ਕਿਨ੍ਹਾਂ ਵਿਸ਼ਿਆਂ ਬਾਰੇ ਗੱਲ ਕਰ ਰਿਹਾ ਹੈ।



ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪ੍ਰਿੰਸੀਪਲ ਸਰਵਣ ਸਿੰਘ ਹੁਰਾਂ ਕਿਹਾ ਕਿ ਔਲਖ ਦੇ ਨਾਟਕਾਂ ਦਾ ਗੁਣ ਇਹ ਹੈ ਕਿ ਔਲਖ ਸਾਹਿਬ ਹਰ ਡਾਇਆਲੌਗ ਢਿੱਡੋਂ ਬੋਲਦੇ ਹਨ, ਉਨ੍ਹਾਂ ਦੀ ਸਵੈ-ਜੀਵਨੀ ਦਾ ਸਿਰਲੇਖ ਵੀ ‘ਨੰਗਾ-ਢਿੱਡ’ ਹੀ ਹੈ। ਜਗਮੋਹਨ ਸੇਖੋਂ ਨੇ ਔਲਖ ਸਾਹਿਬ ਦੇ ਪ੍ਰਭਾਵਸ਼ਾਲੀ ਭਾਸ਼ਨੀ ਅੰਦਾਜ਼ ਦੀ ਪ੍ਰਸੰਸਾ ਕਰਦਿਆਂ ਉਰਦੂ ਦੇ ਇੱਕ ਸਿ਼ਅਰ ਦੇ ਹਵਾਲੇ ਨਾਲ਼ ਕਿਹਾ ਕਿ ਔਲਖ ਸਾਹਿਬ ਉਹ ਸੁਰਾਹੀ ਹਨ ਜਿਨ੍ਹਾਂ ਨੇ ਪਿਆਲੇ ਕੋਲ਼ੋਂ ਲੈਣਾ ਕੁਝ ਨਹੀਂ ਪਰ ਫਿਰ ਵੀ ਝੁਕ ਕੇ ਹੀ ਪਿਆਲੇ ਨੂੰ ਭਰਦੀ ਹੈ।



ਇਸ ਮੌਕੇ ਹੋਈ ਗੱਲਬਾਤ ਵਿੱਚ ਬਰਜਿੰਦਰ ਗੁਲਾਟੀ, ਹਰਜੀਤ ਕੌਰ, ਜਗਤਾਰ ਸਿੰਘ ਗਿੱਲ, ਅਮਰਜੀਤ ਸਿੰਘ ਬਰਾੜ, ਗੁਰਦਾਸ ਮਿਨਹਾਸ, ਚਰਨਜੀਤ ਬਰਾੜ, ਵਕੀਲ ਕਲੇਰ, ਮਨਮੋਹਨ ਗੁਲਾਟੀ, ਰਾਵੀ ਮਿਨਹਾਸ, ਪਰਮਜੀਤ ਢਿੱਲੋਂ, ਅਤੇ ਸਤੰਵਤ ਔਜਲਾ ਨੇ ਵੀ ਭਰਪੂਰ ਯੋਗਦਾਨ ਪਾਇਆ।



ਇੰਡੋ-ਪਾਕਿ ਡਰਾਮਾ ਫੈਸਟੀਵਲ ਲੁਧਿਆਣਾ ਵਿਖੇ ਹੋਇਆ - ਰਿਪੋਰਟ




ਰਿਪੋਰਟ: ਡਾ: ਨਿਰਮਲ ਜੌੜਾ - ਪੰਜਾਬੀ ਨਾਟ ਅਕਾਦਮੀ ਲੁਧਿਆਣਾ ਵੱਲੋਂ ਵਿਉਂਤ ਤਾਂ ‘ਵਿਸ਼ਵ ਪੰਜਾਬੀ ਰੰਗਮੰਚ ਕਾਨਫਰੰਸ’ ਆਯੋਜਿਤ ਕਰਨ ਦੀ ਬਣਾਈ ਸੀ । ਅਮਰੀਕਾ,ਆਸਟ੍ਰੇਲੀਆ, ਕੈਨੇਡਾ ,ਪਾਕਿਸਤਾਨ ਤੋਂ ਪੰਜਾਬੀ ਰੰਗ ਕਰਮੀਆਂ ਨੇ ਹਾਮੀ ਵੀ ਭਰ ਦਿੱਤੀ ਸੀ ਪਰ ਪਾਕਿਸਤਾਨ ਤੋਂ ਕਲਾਕਾਰਾਂ ਲਈ ਕਾਫੀ ਬੰਦਸ਼ਾਂ ਹੋਣ ਕਰਕੇ ਗ੍ਰਹਿ ਵਿਭਾਗ ਵੱਲੋਂ ਵਕਤ ਸਿਰ ਮਨਜ਼ੂਰੀ ਨਾ ਮਿਲੀ, ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਨੇ ਦਿੱਲੀ ਨਾਲ ਤਾਰਾਂ ਜੋੜੀ ਰੱਖੀਆਂ , ਕਿਉਂਕਿ ਗ੍ਰਹਿ ਵਿਭਾਗ ਨੇ ਮਨਾਹੀ ਨਹੀਂ ਸੀ ਕੀਤੀ ਸਗੋਂ ਪਾਕਿਸਤਾਨ ਤੋਂ ਆਉਣ ਵਾਲੇ ਕਲਾਕਾਰਾਂ ਦੀ ਪੜਤਾਲ ਚੱਲ ਰਹੀ ਸੀ ।ਸੰਤੋਖ ਦੀ ਹਿੰਮਤ ਨੇ ਤਰੀਕਾਂ ਬਦਲ ਕੇ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਲੈ ਲਈ , ਇਹ ਸੋਚਕੇ ਕਿ ਪਾਕਿਸਤਾਨ ਤੋਂ ਜੇ ਕੁਝ ਕਲਾਕਾਰ ਆ ਜਾਣ ਤਾਂ ਭਾਰਤ ਪਾਕਿ ਪੰਜਾਬੀ ਨਾਟ ਫੈਸਟੀਵਲ ਦਾ ਅਯੋਜਨ ਕਰ ਲਵਾਂਗੇ ,ਪਰ ਪਾਕਿਸਤਾਨੀ ਰੰਗਕਰਮੀਆਂ ਦੇ ਵੀਜ਼ੇ ਬਾਰੇ ਅਸੀਂ ਅਜੇ ਵੀ ਹਨੇਰੇ ਵਿਚ ਹੀ ਸਾਂ ਕਿ ਮਿਲੇਗਾ ਕਿ ਨਹੀਂ – ਪ੍ਰਬੰਧ ਕਰੀਏ ਕਿ ਨਾ । ਊਠ ਦੇ ਲਟਕਦੇ ਬੁੱਲ੍ਹ ਨੂੰ ਵੇਖ-ਵੇਖ ਅਸੀਂ ਕਈ ਦਿਨ ਟਪਾ ਦਿੱਤੇ ਅਸੀਂ ਉਮੀਦਾਂ ਗੁਆ, ਹੱਕ-ਹਾਰ ਕੇ ਇੱਕ ਵਾਰ ਫਿਰ ਆਪਣੇ ਆਪਣੇ ਕੰਮ ਲੱਗ ਗਏ। ਅਚਨਚੇਤ ਪਾਕਿਸਤਾਨ ਤੋਂ ਸ਼ਫੀਕ ਬੱਟ ਦਾ ਫੋਨ ਆ ਗਿਆ ਕਿ ਵੀਜ਼ਾ ਲੱਗ ਗਿਆ, ,ਵੀਜ਼ਾ ਸਿਰਫ਼ ਲੁਧਿਆਣੇ ਦਾ ਸੀ ਅਤੇ ਸਮਾਗਮ ਮਿਥੇ ਸਮੇਂ ਤੇ ਹੀ ਹੋਣਾ ਸੀ, ਜਿਸ ਵਿੱਚ ਸਿਰਫ਼ ਤਿੰਨ ਦਿਨ ਬਾਕੀ ਰਹਿ ਗਏ ਸਨ । ਹੁਣ ਵੱਡਾ ਸਵਾਲ ਅਤੇ ਫ਼ਿਕਰ ਇਹ ਸੀ ਕਿ ਕੀ ਤਿੰਨ ਦਿਨਾਂ ਵਿਚ ਅਸੀਂ ਸਾਰੇ ਪ੍ਰਬੰਧ ਕਰਕੇ ਇਹ ਚਾਰ ਦਿਨਾਂ ਸਮਾਗਮ ਕਰ ਲਵਾਂਗੇ – ਜੇਕਰ ਕਰ ਵੀ ਲਵਾਂਗੇ ਤਾਂ ਕਾਮਯਾਬ ਹੋਵਾਂਗੇ।ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਕੋਆਰਡੀਨੇਟਰ ਪ੍ਰੋ ਗੁਣਵੰਤ ਸਿੰਘ ਦੂਆ, ਹਰਪਾਲ ਸਿੰਘ ਮਾਂਗਟ, ਅਸ਼ਵਨੀ ਚੈਟਲੇ ਹੋਰਾਂ ਨਾਲ ਸਲਾਹ ਕੀਤੀ , ਉਹਨਾਂ ਐਸਾ ਹੌਂਸਲਾ ਤੇ ਥਾਪੀ ਦਿੱਤੀ ਕਿ ਅਸੀਂ ਉਤਸ਼ਾਹ ਨਾਲ ਪ੍ਰਬੰਧਾਂ ਵਿੱਚ ਜੁਟ ਗਏ ।



ਪਾਕਿਸਤਾਨ ਤੋਂ ਪੰਜਾਬ ਲੋਕ ਸੁਜਾਗ, ਪੰਜਾਬ ਲੋਕ ਰਹਾਸ ਅਤੇ ਸੰਗਤ ਲਹੌਰ ਦੇ ਕਲਾਕਾਰਾਂ ਦਾ ਕਾਫ਼ਲਾ ਲੁਧਿਆਣਾ ਪਹੁੰਚ ਗਿਆ। ਪੰਜਾਬੀ ਨਾਟ ਅਕਾਦਮੀ ਦੇ ਚੇਅਰਮੈਨ ਸੰਤੋਖ ਸਿੰਘ ਸੁਖਾਣਾ ਇਸ ਕਾਫ਼ਲੇ ਨੂੰ ਅਟਾਰੀ ਤੋਂ ਲੈ ਕੇ ਆਏ। ਪਹਿਲੇ ਦਿਨ ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਹੜੇ ਪ੍ਰਬੰਧਕੀ ਕਮੇਟੀ, ਅਧਿਆਪਕਾਂ, ਵਿਦਿਆਰਥੀਆਂ ਅਤੇ ਲੁਧਿਆਣਾ ਦੇ ਰੰਗਕਰਮੀਆਂ ਵਲੋਂ ਭਰਵਾਂ ਸਵਾਗਤ ਹੋਇਆ। ਇਹ ਦੁਪਿਹਰ ਪਾਕਿਸਤਾਨ ਅਤੇ ਭਾਰਤ ਦੇ ਪੰਜਾਬੀ ਰੰਗਕਰਮੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ.ਸਿੰਘ ਅਤੇ ਸਰਸਵਤੀ ਸਨਮਾਨ ਵਿਜੇਤਾ ਡਾ. ਸਰਜੀਤ ਪਾਤਰ ਦੀ ਅਗਵਾਈ ਹੇਠ ਉਦਘਾਟਨੀ ਸਮਾਗਮ ਦੇ ਰੂਪ ਵਿੱਚ ਸਾਂਝੀ ਕੀਤੀ ।ਨਾਟ ਨਿਰਦੇਸ਼ਕ ਅਤੇ ਲੇਖਕ ਡਾ. ਸ.ਨ. ਸੇਵਕ ਨੇ ਸਵਾਗਤੀ ਸ਼ਬਦਾਂ ਦੌਰਾਨ ਪੰਜਾਬੀ ਰੰਗਕਰਮੀਆਂ ਵਲੋਂ ਮਾਂ ਬੋਲੀ ਦੇ ਵਿਕਾਸ ਲਈ ਹੋ ਰਹੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ । ਪੰਜਾਬੀ ਨਾਟਕ ਅਤੇ ਰੰਗਮੰਚ ਦੇ ਇਤਿਹਾਸ ਨੂੰ ਦਾਦੀ ਨਾਨੀ ਦੀਆਂ ਕਾਹਣੀਆਂ ਵਾਂਗ ਚੇਤਿਆਂ ਚ’ ਵਸਾਕੇ ਰੱਖਣ ਵਾਲੇ ਡਾ. ਸਤੀਸ਼ ਵਰਮਾ ਨੇ ਆਪਣੇ ਮੁੱਖ-ਸੁਰ ਭਾਸ਼ਣ ਵਿਚ ਦੋਹਾਂ ਪੰਜਾਬਾਂ ਵਿੱਚ ਹੁੰਦੇ ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਭੂਤ,ਵਰਤਮਾਨ ਅਤੇ ਭਵਿੱਖ ਤੇ ਖ਼ੂਬਸੂਰਤੀ ਨਾਲ ਵਿਚਾਰ ਰੱਖੇ ।ਡਾ. ਵਰਮਾ ਵੱਲੋਂ ਬਣਾਈ ਗਈ ਭੂਮਿਕਾ ਨੇ ਜਿਵੇਂ ਇਸ ਸਮਾਗਮ ਨੂੰ ਲੀਹੇ ਪਾ ਦਿੱਤਾ ।ਪਾਕਿਸਤਾਨ ਦੀ ਪ੍ਰਸਿੱਧ ਨਾਟ ਨਿਰਦੇਸ਼ਿਕਾ ਹੁਮਾ ਸਫ਼ਦਰ ਨੇ ‘ਰੀਤ ਦਾ ਥੀਏਟਰ ਅਤੇ ਥੀਏਟਰ ਦੀ ਰੀਤ’ ਖੋਜ ਪੇਪਰ ਵਿੱਚ ਵਾਰਿਸ ਸ਼ਾਹ ਦੀ ਹੀਰ ਦੇ ਦਸ ਬੰਦ ਲੈ ਕੇ ਐਸਾ ਵਿਸਲੇਸ਼ਨ ਕੀਤਾ ਕਿ ਜਿਵੇਂ ਸਾਹਮਣੇ ਹੀਰ ਰਾਂਝਾ ਨਾਟਕ ਖੇਡਿਆ ਜਾ ਰਿਹਾ ਹੋਵੇ ।ਇਕੱਲੇ ਇਕੱਲੇ ਬੰਦ ਦੀ ਹਰ ਲਾਈਨ ਨੂੰ ਥੀਏਟਰ ਨਾਲ ਜੋੜਨ ਦਾ ਅੰਦਾਜ਼ ਬਾਕਮਾਲ ਸੀ ।ਡਾ. ਐਸ.ਪੀ.ਸਿੰਘ ਨੇ ਕਿਹਾ ਕਿ ਸਮਾਜਕ ਸਰੋਕਾਰਾਂ ਪ੍ਰਤੀ ਸੁਚੇਤ ਗੱਲ ਕਰਨ ਲਈ ਰੰਗਮੰਚ ਸਾਰਥਿਕ ਪਲੇਟਫਾਰਮ ਹੈ ।ਉਹਨਾ ਕਿਹਾ ਕਿ ਦੋਹਾਂ ਪੰਜਾਬਾਂ ਦੀ ਸਾਂਝ ਨੂੰ ਵਧਾਉਣ ਵਿੱਚ ਰੰਗਕਰਮੀਆਂ ਦੀ ਭੂਮਿਕਾ ਸਲਾਹੁਣਯੋਗ ਹੈ ਇਸ ਤਰਾਂ ਦੇ ਸਾਂਝੇ ਫੈਸਟੀਵਲ ਹੋਣੇ ਚਾਹੀਦਾ ਹੈ।ਡਾ. ਸਰਜੀਤ ਪਾਤਰ ਨੇ ਕਿਹਾ ਕਿ ਪੰਜਾਬੀ ਨਾਟਕ ਅਤੇ ਰੰਗਮੰਚ ਸਥਾਪਤੀ ਵੱਲ ਵਧ ਰਿਹਾ ਹੈ ਅਤੇ ਨਵੀਆਂ ਤਕਨੀਕਾਂ ਨਾਲ ਸਾਡਾ ਰੰਗਮੰਚ ਲੋਕਾਂ ਦੇ ਨੇੜੇ ਹੋ ਰਿਹਾ ਹੈ। ਡਾ. ਪਾਤਰ ਨੇ ਕਿਹਾ ਕਿ ਰੰਗਮੰਚ ਸਾਰੀਆਂ ਸਾਹਿਤਕ ਵਿਦਾਵਾਂ ਦਾ ਸੁਮੇਲ ਹੋਣ ਕਰਕੇ ਵਧੇਰੇ ਪ੍ਰਭਾਵਸ਼ਾਲੀ ਹੈ ।ਸ਼ਾਮ ਨੂੰ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਆਡੀਟੋਰੀਅਮ ਵਿੱਚ ਹੁਮਾ ਸਫ਼ਦਰ ਦੀ ਨਿਰਦੇਸ਼ਨਾ ਵਿਚ ਨਜ਼ਮ ਹੁਸੈਨ ਸਈਅਦ ਦਾ ਨਾਟਕ ‘ਚੋਗ ਕਸੁੰਬੇ ਦੀ ’ ਪੇਸ਼ ਕੀਤਾ ਗਿਆ ।ਸੂਫ਼ੀ ਕਲਾਮ ‘ ਮੈਂ ਕਸੁੰਬੜਾ ਚੁਣ ਚੁਣ ਹਾਰੀ ’ ਨੂੰ ਅਧਾਰ ਬਣਾਕੇ ਮਿਹਨਤ ਅਤੇ ਵਪਾਰ ਦੇ ਸਬੰਧਾਂ ਨੂੰ ਦਰਸਾਂਉਦਾ ਇਹ ਨਾਟਕ ਕਸੁੰਬੇ ਦੇ ਕੱਚੇ ਰੰਗਾਂ ਵਾਲੇ ਫਲਾਂ ਦੇ ਪੱਕੇ ਵਪਾਰੀਆਂ ਦੀ ਸੋਚ ਨੂੰ ਠੋਕਰਦਾ ਹੈ , ਜਿਸ ਵਿੱਚ ਹੁਮਾ ਤੋਂ ਇਲਾਵਾ ਨੈਮਾ ਦੀਆ,ਆਈਸ਼ਾ ਅਲੀ , ਆਮਨਾ , ਫ਼ਰੀਦਾ , ਸਾਰਾ ਖ਼ਾਨ , ਨੇ ਅਹਿਮ ਭੂਮਿਕਾਵਾਂ ਨਿਭਾਈਆਂ ।



ਦੂਸਰੇ ਦਿਨ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਡਾ. ਆਤਮਜੀਤ ਦੀ ਪ੍ਰਧਾਨਗੀ ਹੇਠ ‘ਪੰਜਾਬੀ ਨਾਟਕ ਅਤੇ ਰੰਗਮੰਚ ਦੇ ਅੰਤਰਰਾਸ਼ਟਰੀ ਪਰਿਪੇਖ’ ਤੇ ਹੋਏ ਸੈਮੀਨਾਰ ਵਿੱਚ ਪੰਜਾਬ ਯੂਨੀਵਰਸਿਟੀ ਲਹੌਰ ਦੇ ਪੰਜਾਬੀ ਵਿਭਾਗ ਦੀ ਪ੍ਰਾਅਧਿਆਪਕਾ ਡਾ. ਆਸਮਾ ਕਾਦਰੀ ਨੇ ‘ਪੰਜਾਬੀ ਕਲਾਸਕੀ ਸ਼ਾਇਰੀ ਵਿਚ ਪੇਖਣ ਦੇ ਰੰਗ’ ਪੇਪਰ ਪੜਦਿਆਂ ਸ਼ਾਇਰੀ ਵਿੱਚਲੇ ਨਾਟਕੀ ਤੱਤਾਂ ਨੂੰ ਪੇਸ਼ ਕੀਤਾ ।ਡਾ. ਆਸਮਾ ਕਾਦਰੀ ਦਾ ਪੇਪਰ ਅਕਾਦਮਿਕ ਪੱਖ ਤੋਂ ਕਾਫੀ ਮੁਲਵਾਨ ਸੀ ,ਗੱਲ ਬਾਤ ਰੌਚਕ , ਸਪਸ਼ਟ ਉਚਾਰਨ ਅਤੇ ਅਵਾਜ਼ ਵਿੱਚ ਮਿਠਾਸ ਹੋਣ ਕਰਕੇ ਉਹ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ।ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਹੀ ਦੂਸਰੇ ਪੰਜਾਬੀ ਪ੍ਰਾਅਧਿਆਪਕਾ ਡਾ. ਨਿੱਗਦ ਖ਼ੁਰਸ਼ੀਦ ਨੇ ‘ਅਜ਼ਾਦੀ ਤੋਂ ਬਾਅਦ ਦੇ ਪਾਕਿਸਤਾਨੀ ਪੰਜਾਬੀ ਨਾਟਕ’ ਬਾਰੇ ਆਪਣੇ ਖੋਜ ਪੇਪਰ ਵਿੱਚ ਲਹਿੰਦੇ ਪੰਜਾਬ ਵਿੱਚ ਹੁੰਦੇ ਰੰਗਮੰਚ ਦੀਆਂ ਪ੍ਰਾਪਤੀਆਂ ਅਤੇ ਘਾਟਾਂ ਦੀ ਗੱਲ ਬਾਤ ਕੀਤੀ ।ਦੋਹਾਂ ਪੰਜਾਬਾਂ ਦੀ ਮੁਹੱਬਤੀ ਚੜ੍ਹਦੀ ਕਲਾ ਲਈ ਜਨਾਬ ਆਸਿਫ਼ ਹੋਤ ਨੇ ‘ਪੰਜਾਬੀ ਏਕਤਾ’ ਵਿਸ਼ੇ ਤੇ ਗੱਲ ਬਾਤ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਇਸ ਏਕਤਾ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ। ਉਹਨਾਂ ਇਸ ਸਬੰਧੀ ਕਈ ਨੁਕਤਿਆਂ ਤੇ ਚਾਨਣਾ ਪਾਇਆ । ਰੰਗਸੰਗ ਦੇ ਸੰਪਾਦਕ ਡਾ. ਜਗਦੀਸ਼ ਗਰਗ ਨੇ ਭਾਰਤੀ ਪੰਜਾਬੀ ਰੰਗਮੰਚ ਦੇ ਇਤਹਿਾਸ ਨੂੰ ਫਰੋਲਿਆ ਜਦੋਂ ਕਿ ਗੁਰੂ ਗੋਬਿੰਦ ਸਿੰਘ ਕਾਲਜ ਕਮਾਲਪੁਰਾ ਦੇ ਪ੍ਰਿਸੀਪਲ ਡਾ. ਬਰਿੰਦਰਜੀਤ ਕੌਰ ਨੇ ‘ਲੋਕ ਨਾਟਕਾਂ ਰਾਹੀਂ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ’ ਖੋਜ਼ ਪੱਤਰ ਪੜਦਿਆਂ ਲੋਕ ਨਾਟ ਦੀਆਂ ਵੰਨਗੀਆਂ ਤੇ ਚਾਨਣਾ ਪਾਇਆ ।ਪ੍ਰਧਾਨਗੀ ਸੁਨੇਹੇ ਵਿੱਚ ਡਾ. ਆਤਮਜੀਤ ਨੇ ਕਿਹਾ ਕਿ ਰੰਗਕਰਮੀ ਦੀ ਮਿਹਨਤ ਅਤੇ ਕੰਮ ਪ੍ਰਤੀ ਦ੍ਰਿੜਤਾ ਹੀ ਉਸਦੀ ਜਾਇਦਾਦ ਹੈ ਉਹਨਾਂ ਕਿਹਾ ਲੋਕਾਂ ਦੀ ਗੱਲ ਲੋਕਾਂ ਦੀ ਜ਼ੁਬਾਨ ਵਿੱਚ ਕੀਤਿਆਂ ਹੀ ਅਸਰ ਹੁੰਦਾ ਹੈ ।ਸੰਤੋਖ ਸਿੰਘ ਸੁਖਾਣਾ ਦਾ ਮੱਤ ਸੀ ਰੰਗ ਕਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਸਹੂਲਤਾਂ ਅਤੇ ਉਪਰਾਲੇ ਹੋਣੇ ਚੲਹੀਦੇ ਹਨ ।ਭਾਰਤੀ ਪੰਜਾਬੀ ਨਾਟਕ ਅਤੇ ਰੰਗ ਮੰਚ ਦੇ ਸ਼ਾਹਅਸਵਾਰਾਂ ਵਿੱਚੋਂ ਕੇਵਲ ਧਾਲੀਵਾਲ, ਟੋਨੀ ਬਾਤਿਸ਼ , ਡਾ. ਸਾਹਿਬ ਸਿੰਘ,ਅਸ਼ਵਨੀ ਚੈਟਲੇ, ਨਿਰਮਲ ਰਿਸ਼ੀ ਅਤੇ ਤਰਲੋਚਨ ਸਿੰਘ ਨੇ ਇਨਾਂ ਦੋਹਾਂ ਦਿਨਾਂ ਦੀ ਚਰਚਾ ਵਿੱਚ ਵੱਖ ਵੱਖ ਪਹਿਲੂਆਂ ਤੇ ਆਪਣਾ ਆਪਣਾ ਪੱਖ ਪੇਸ਼ ਕੀਤਾ। ਡਾ. ਸ ਨ ਸੇਵਕ ਦੀ ਨਾਟ ਪੁਸਤਕ ‘ਦੁੱਲ੍ਹਾ’ (ਸ਼ਾਹਮੁਖੀ) ਤੇ ਸੋਮਪਾਲ ਹੀਰਾ ਦੀ ਨਾਟ ਪੁਸਤਕ ‘ਕਥਾ ਰੁੱਖਾਂ ਤੇ ਕੁੱਖਾਂ ਦੀ’ ਲੋਕ ਅਰਪਣ ਕੀਤੀਆਂ ਗਈਆਂ ।



ਸ਼ਾਮ ਵੇਲੇ ਸਈਅਦ ਸਾਹਿਬ ਦਾ ਦੂਸਰਾ ਨਾਟਕ ‘ਸੰਮੀ ਦੀ ਵਾਰ’ ਹੁਮਾ ਸਫਦਰ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ ਜਿਸ ਵਿਚ ਕੈਸਰ ਆਬਾਸ ਅਤੇ ਉਜ਼ਮਾ ਮਤਲੂਬ ਦੀ ਅਦਾਕਾਰੀ ਕਮਾਲ ਦੀ ਸੀ । ਭਾਰਤੀ ਪੰਜਾਬੀ ਰੰਗਮੰਚ ਦੀ ਨਿਮਾਇੰਦਗੀ ਕਰਦਾ ਸੋਮਪਾਲ ਹੀਰਾ ਦਾ ਨਾਟਕ ‘ ਕਥਾ ਰੁੱਖਾਂ ਤੇ ਕੁੱਖਾਂ ਦੀ’ ਸਮੇਂ ਦਾ ਸੁਨੇਹਾ ਦਿੰਦਾ ਦਰਸ਼ਕਾਂ ਦੇ ਦਿਲੋ-ਦਿਮਾਗ਼ ਤੇ ਗਹਿਰਾ ਅਸਰ ਪਾਉਣ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ। ਗੁਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ‘ਨੀਰ ਨਿਰੂਪਨ’ ਨਾਟਕ ਦੀ ਪੇਸ਼ਕਾਰੀ ਵੀ ਸਲਾਹੁਣਯੋਗ ਸੀ ।ਇਸ ਸ਼ਾਮ ਦੀ ਪ੍ਰਧਾਨਗੀ ਕਰਦਿਆਂ ਜਲੰਧਰ ਦੂਦਰਸ਼ਨ ਦੇ ਸੀਨੀਅਰ ਡਾਇਰੈਕਟਰ ਡਾ. ਦਲਜੀਤ ਸਿੰਘ ਨੇ ਕਿਹਾ ਕਿ ਜੇਕਰ ਅਸੀਂ ਆਪਣੀ ਨਜ਼ਰ ਅਸਮਾਨ ਵੱਲ ਰੱਖੀਏ ਤਾਂ ਸਭ ਹੱਦਾਂ ਸਰਹੱਦਾਂ ਖ਼ਤਮ ਹੋ ਜਾਂਦੀਆਂ ਹਨ ।



ਦੋਵੇਂ ਪਾਕਿਸਤਾਨੀ ਪੰਜਾਬੀ ਨਾਟਕ ਅਗਲੇ ਦੋ ਦਿਨਾਂ ਵਿਚ ਰਾਮਗੜੀਆ ਗਰਲਜ਼ ਕਾਲਜ ਵਿਚ ਵੀ ਪੇਸ਼ ਹੋਏ । ਨਾਟਕਾਂ ਦੀ ਭਾਸ਼ਾ ਕੇਂਦਰੀ ਪੰਜਾਬੀ ਸੀ ਪਰੰਤੂ ਅਦਾਕਾਰੀ ,ਬਲਾਕਿੰਗ ਅਤੇ ਦ੍ਰਿਸ਼ ਪੇਸ਼ਕਾਰੀ ਇਸ ਤਰਾਂ ਦੀ ਸੀ ਕਿ ਦਰਸ਼ਕਾਂ ਨੇ ਚਾਰੇ ਦਿਨ ਸਾਹ ਰੋਕ ਕੇ ਇਹ ਨਾਟਕ ਵੇਖੇ ਅਤੇ ਲੁਤਫ਼ ਲਿਆ। ਨਾਟ ਪੇਸ਼ਕਾਰੀਆਂ ਦੌਰਾਨ ਸ਼ਫਕਤ ਹੂਸੈਨ ਅਤੇ ਆਈਸ਼ਾ ਅਲੀ ਦੀ ਪਿੱਠ ਵਰਤੀ ਅਵਾਜ਼ ਅਤੇ ਸੰਗੀਤ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ । ਪਾਕਿਸਤਾਨੀ ਮਹਿਮਾਨ ਕਲਾਕਾਰਾਂ ਦੇ ਸਵਾਗਤ ਵਿੱਚ ਅਸ਼ਵਨੀ ਚੈਟਲੇ ਵੱਲੋਂ ਸਤਲੁਜ ਕਲੱਬ ਵਿਖੇ ਅਯੋਜਤ ਵਿਸ਼ੇਸ ਸਮਾਗਮ ਵਿੱਚ ਸੁਰਜੀਤ ਪਾਤਰ ਦੀ ਸ਼ਾਇਰੀ ਦੇ ਨਾਲ ਨਾਲ ਦੇਵ ਦਿਲਦਾਰ, ਸ਼ਫਕਤ ਹੂਸੈਨ ਅਤੇ ਆਈਸ਼ਾ ਅਲੀ ਦੀ ਸੋਹਜ ਅਵਾਜ਼ ਵਿੱਚ ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਦੀਆਂ ਕਾਫ਼ੀਆਂ ਅਤੇ ਵਾਰਿਸ ਦੀ ਹੀਰ ਦੇ ਗਾਇਨ ਨੇ ਖ਼ੂਬ ਰੰਗ ਜਮਾਇਆ ।ਪ੍ਰੋ ਗੁਣਵੰਤ ਸਿੰਘ ਦੂਆ ਵੱਲੋਂ ਘਰ ਵਿੱਚ ਕੀਤੀ ਮਹਿਮਾਨ ਨਿਵਾਜ਼ੀ ਦਾ ਅੰਦਾਜ਼ ਵੀ ਨਿਰਾਲਾ ਸੀ ਜਿਸਦਾ ਪਾਕਿਸਤਾਨੀ ਕਲਾਕਾਰਾਂ ਨੇ ਖ਼ੂਬ ਲੁਤਫ਼ ਲਿਆ ।



ਇਸ ਚਾਰ ਰੋਜ਼ਾ ਨਾਟਕ ਮੇਲੇ ਦਾ ਸਮਾਪਨ ਸਮਾਰੋਹ ਗੁਰੂ ਨਾਨਕ ਮੈਨੇਜਮੈਂਟ ਇੰਸਟੀਚਿਊਟ ਮਾਡਲ ਟਾਊਨ ਵਿਖੇ ਹੋਇਆ ਪੰਜਾਬੀ ਲੋਕ ਗਾਇਕ ਸਰਬਜੀਤ ਚੀਮਾ ਦੇ ਗੀਤਾਂ ਨੇ ਮਹੌਲ ਨੂੰ ਪੰਜਾਬੀਅਤ ਦਾ ਰੰਗ ਚੜਾਇਆ। ਦੋਹਾਂ ਮੁਲਕਾਂ ਦੇ ਕਲਾਕਾਰਾਂ ਵਲੋਂ ਸਾਂਝੇ ਤੌਰ ਤੇ ਤਿਆਰ ਕੀਤੀਆਂ ਸਟੇਜੀ ਪੇਸ਼ਕਾਰੀਆਂ ਸਿਖ਼ਰ ਹੋ ਨਿਬੜੀਆਂ।ਇਨਾਂ ਚਾਰ ਦਿਨਾਂ ਦੌਰਾਨ ਬਰਨਾਲਾ ਦੇ ਐਸ.ਐਸ.ਪੀ. ਸ. ਗੁਰਪ੍ਰੀਤ ਸਿੰਘ ਤੂਰ ਨੇ ਜੋ ਬਜ਼ੁਰਗਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ, ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸੁਣੇ ਕਿੱਸੇ ਉਹਨਾਂ ਦੇ ਚਿਹਰਿਆਂ ਚੋਂ ਲੱਭਦਿਆਂ ਪਾਈਆਂ ਭਾਵੁਕ ਸਾਝਾਂ ਉਹ ਕਦੇ ਨਹੀਂ ਭੁੱਲਣਗੇ ।ਲੁਧਿਆਣਾ ਦੇ ਸਾਹਿਤਕਾਰਾਂ, ਰੰਗਕਰਮੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਆਪਣੀ ਹਾਜ਼ਰੀ ਨਾਲ ਇਸ ਨਾਟ ਮੇਲੇ ਨੂੰ ਬੇਹੱਦ ਮਾਣ ਬਖ਼ਸ਼ਿਆ।



ਸਾਨੂੰ ਪਤਾ ਈ ਨਹੀਂ ਲੱਗਿਆ ਕਿ ਚਾਰ ਦਿਨ ਕਿਵੇਂ ਬੀਤ ਗਏ …ਸਵੇਰ ਦੇ ਛੇ ਵਜੇ ਉਹ ਸਭ ਜਾਣ ਲਈ ਤਿਆਰ ਹੋਏ ਖੜ੍ਹੇ ਸਨ …..ਨਾਟ ਮੇਲੇ ਦੀ ਕਾਮਯਾਬੀ ਦਾ ਸਭ ਨੂੰ ਨਸ਼ਾ ਸੀ ,ਵਿਛੜਨ ਨੂੰ ਕਿਸੇ ਦਾ ਵੀ ਜੀਅ ਨਹੀਂ ਸੀ ਕਰਦਾ ਪਰ ਤੁਰਨਾ ਪੈਣਾ ਸੀ, ਤੇ ਤੋਰਨਾ ਪੈਣਾ ਸੀ, …..ਪੰਜਾਬੀ ਨਾਟਕ ਅਤੇ ਰੰਗਮੰਚ ਦੇ ਸੌ ਵਰ੍ਹੇ ਸਪੂਰਨ ਹੋਣ ਤੇ ਆਉਂਦੇ ਸਾਲ ਵੱਡੇ ਜਸ਼ਨ ਮਨਾਉਣ ਦੇ ਸੁਪਨੇ ਨਾਲ ਹਸਦੇ ਖੇਡਦੇ ਅਸੀਂ ਅਟਾਰੀ ਵੱਲ ਨੂੰ ਹੋ ਤੁਰੇ ਅਤੇ ਰਸਤੇ ਵਿੱਚ ਕੁਝ ਹੋਰ ਚੰਗਾ ਕਰਨ ਦੀਆਂ ਵਿਉਤਾਂ ਬਣਾਉਂਦੇ ਗਏ ਤਾਂ ਕਿ ਪੰਜਾਬੀ ਮਾਂ ਬੋਲੀ ਅਤੇ ਰੰਗਮੰਚ ਦਾ ਦੀਵਾ ਜਗਦਾ ਰਵ੍ਹੇ ।





Sunday, April 24, 2011

ਹਰਚੰਦ ਸਿੰਘ ਬਾਗੜੀ ਦੇ ਮਹਾਂ-ਕਾਵਿ ‘ਕਿਸ ਬਿਧ ਲਈ ਆਜ਼ਾਦੀ ’ ਉੱਤੇ ਗੋਸ਼ਟੀ ਹੋਈ - ਰਿਪੋਰਟ

ਰਿਪੋਰਟ: ਡਾ. ਭਗਵੰਤ ਸਿੰਘ ( ਪਟਿਆਲਾ, ਅਪ੍ਰੈਲ 2011 ) “ਪੂੰਜੀਵਾਦੀ ਵਿਸ਼ਵੀਕਰਨ ਅਮਰੀਕੀ ਸਾਮਰਾਜਵਾਦ ਦਾ ਸਿਖਰ ਹੈ। ਅੱਜ ਉਤਪਾਦਕੀ ਵਿਕਾਸ ਮਾਡਲ ਅਧੀਨ ਸੰਸਾਰ-ਮੰਡੀ ਅਤੇ ਤਕਨਾਲੋਜੀ ਨੇ ਸਿਰਜਾਨਾਤਮਕ ਵਿਕਾਸ ਮਾਡਲ ਨੂੰ ਨਿਗਲ਼ ਲਿਆ ਹੈ। ਖੱਪਤੀ ਸਭਿਆਚਾਰਕ ਉਸਾਰ ਨੇ ਕਿਰਤੀ ਸਭਿਆਚਾਰਕ ਕੀਮਤਾਂ ਦੀ ਨੈਤਿਕਤਾ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਹੈ”... ਇਹ ਵਿਚਾਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਪ੍ਰਧਾਨ ਪ੍ਰਸਿੱਧ ਮਾਰਕਸਵਾਦੀ ਵਿਦਵਾਨ ਡਾ. ਤੇਜਵੰਤ ਮਾਨ ਨੇ ਮਾਲਵਾ ਰਿਸਰਚ ਸੈਂਟਰ, ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ਹਰਚੰਦ ਸਿੰਘ ਬਾਗੜੀ ਦੇ ਮਹਾਂ ਕਾਵਿ ‘ਕਿਸ ਬਿਧ ਲਈ ਆਜ਼ਾਦੀ ’ ਉੱਤੇ ਨਿਰਮਲ ਪੰਚਾਇਤੀ ਅਖਾੜਾ ਪਟਿਆਲਾ ਵਿਖੇ ਕਰਵਾਈ ਗਈ ਵਿਚਾਰ ਚਰਚਾ ਨੂੰ ਸਮੇਟਿਆ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਹੇ। ਡਾ. ਤੇਜਵੰਤ ਮਾਨ ਨੇ ਕਿਸ ਬਿਧ ਲਈ ਆਜ਼ਾਦੀ ਉੱਤੇ ਬੋਲਦਿਆਂ ਕਿਹਾ ਕਿ ਬਾਗੜੀ ਜੀ ਨੇ ਗੁਰਮਤਿ ਵਿਚਾਰਧਾਰਾਂ ਨੂੰ ਅਮਲ ਵਿਚ ਲਿਆਉਣ ਵਾਲੇ ਸਿੱਖ ਨਾਇਕਾਂ ਨੂੰ ਕੇਂਦਰ ਵਿਚ ਰਖਕੇ ਮਨੁੱਖੀ ਆਜ਼ਾਦੀ ਲਈ ਕੀਤੀ ਗਈ ਜੱਦੋ-ਜਹਿਦ ਨੂੰ ਇਕ ਵਿਗਿਆਨਕ ਦ੍ਰਿਸ਼ਟੀਕੌਣ ਤੋਂ ਇਸ ਮਹਾਂ-ਕਾਵਿ ਵਿਚ ਵਿਸਤਰਿਤ ਰੂਪ ਵਿਚ ਪੇਸ਼ ਕੀਤਾ ਹੈ।




ਇਸ ਮਹਾਂਕਾਵਿ ਉੱਤੇ ਪਰਚਾ ਪੜ੍ਹਦਿਆਂ ਡਾ. ਅਮਰ ਕੋਮਲ ਨੇ ਬੜੇ ਵਿਦਵਤਾ ਪੂਰਨ ਢੰਗ ਨਾਲ ਮਹਾਂ-ਕਾਵਿ ਦੇ ਕਲਾਤਮਕ ਅਤੇ ਵਿਸ਼ੇ ਆਤਮਿਕ ਗੁਣਾਂ ਨੂੰ ਉਜਾਗਰ ਕਰਦਿਆਂ ਬਾਗੜੀ ਦੁਆਰਾ ਰਚੇ ਇਸ ਮਹਾਂ-ਕਾਵਿ ਨੂੰ ਪੰਜਾਬੀ ਮਹਾਂ-ਕਾਵਿ ਦੀ ਇਕ ਪ੍ਰਾਪਤੀ ਕਿਹਾ। ਪੇਪਰ ਉੱਤੇ ਵਿਚਾਰ ਚਰਚਾ ਕਰਦਿਆਂ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਡਾ. ਸਵਰਾਜ ਸਿੰਘ ਨੇ ਗੁਰਮਤਿ ਫ਼ਲਸਫ਼ੇ ਵਿਚਲੇ ਮਨਮੁਖ ਅਤੇ ਗੁਰਮੁਖ ਸੰਕਲਪਾਂ ਦੀ ਵਿਆਖਿਆ ਕੀਤੀ। ਡਾ. ਸਿੰਘ ਨੇ ਅਮਰੀਕੀ ਸਾਮਰਾਜ ਨੂੰ ਹੰਕਾਰੀ ਮਨਮੁਖ ਦਾ ਵਿਸ਼ੇਸ਼ਣ ਦਿੰਦਿਆ ਜ਼ੋਰ ਦੇ ਕੇ ਕਿਹਾ ਕਿ, “ਇਸ ਦਾ ਵਿਰੋਧ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਇਤਿਹਾਸਕ ਵਿਰਾਸਤ ਵਿਚੋਂ ਗੁਰਮੁਖ ਨਾਇਕਾਂ ਦੀ ਪਹਿਚਾਣ ਕਰੀਏ। ਬਾਗੜੀ ਹੁਰਾਂ ਨੇ ਇਹ ਮਹਾਂ-ਕਾਵਿ ਲਿਖਕੇ ਗੁਰਮੁਖ ਨਾਇਕਾਂ ਦੀ ਪਹਿਚਾਣ ਕੀਤੀ ਹੈ।”




ਵਿਚਾਰ ਚਰਚਾ ਵਿੱਚ ਪ੍ਰੋ. ਜੇ.ਕੇ. ਮਿਗਲਾਨੀ, ਡਾ. ਰਣਜੋਧ ਸਿੰਘ, ਸੁਖਪਾਲ ਸੋਹੀ, ਸੁਖਵਿੰਦਰ ਜ਼ਨਾਲ, ਸੰਤ ਹਰੀ ਸਿੰਘ, ਡਾ. ਰਮਿੰਦਰ, ਡਾ. ਜਸਬੀਰ, ਡਾ. ਸ਼ੇਰ ਸਿੰਘ, ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਸੰਦੀਪ, ਹਰਦਿਆਲ ਸਿੰਘ ਚੀਮਾ, ਪ੍ਰੋ. ਸ਼ਰਮਾ, ਸੁਖਮਿੰਦਰ ਸੇਖੋਂ, ਕੁਲਵੰਤ ਸਿੰਘ, ਜਗਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਕਈ ਸੁਆਲ ਖੜ੍ਹੇ ਕੀਤੇ।




ਇਸ ਵਿਚਾਰ ਚਰਚਾ ਵਿਚੋਂ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ੀ ਸਾਮਰਾਜ ਵਿਚ 1809 ਦੀ ਸੰਧੀ ਬਾਰੇ ਕਈ ਨੁਕਤੇ ਉਭਰੇ। ਇਨ੍ਹਾਂ ਨੁਕਤਿਆਂ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਵਿਚਾਰਿਆ ਗਿਆ। ਗੁਰਮਤਿ ਅਨੁਸਾਰ ਹੱਕ ਸੱਚ ਲਈ ਜੂਝਣਾ ਹੈ ਨਾ ਕਿ ਸਮਰਪਣ ਕਰਨਾ। ਇਹ ਗੋਸ਼ਟੀ ਬਹੁਤ ਸਾਰਥਿਕ ਤੇ ਉਸਾਰੂ ਸੰਵਾਦ ਸਿਰਜ ਗਈ। ਇਸ ਮੌਕੇ ਤੇ ਸੁਖਪਾਲ ਸੋਹੀ, ਗੁਰਵਿੰਦਰ ਸਿੰਘ ਕਮਾਲਪੁਰ, ਡਾ. ਅਮਰ ਕੋਮਲ, ਪਰਮਿੰਦਰ ਕੌਰ ਬਾਗੜੀ, ਕੁਲਵੰਤ ਸਿੰਘ, ਸੁਖਵਿੰਦਰ ਜਨਾਲ, ਡਾ. ਰਣਜੋਧ ਸਿੰਘ ਆਦਿ ਅਨੇਕਾਂ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਸਮੁੱਚੇ ਰੂਪ ਵਿੱਚ ਇਹ ਵਿਚਾਰ ਗੋਸ਼ਟੀ, ਪੰਜਾਬੀਅਤ ਦੀ ਮਸਲੇ ਨੂੰ ਉਭਾਰਨ ਲਈ ਆਧਾਰਕ ਸਮੱਗਰੀ ਮੁਹੱਈਆ ਕਰਾਉਣ ਦਾ ਸਾਰਥਿਕ ਉਪਰਾਲਾ ਹੋ ਨਿਬੜੀ।




ਡਾ. ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ ਨੇ ਸੁਹਜਮਈ ਢੰਗ ਨਾਲ ਸੰਚਾਲਨਾ ਕਰਦੇ ਹੋਏ ਬਹਿਸ ਨੂੰ ਸਿਖਰ ਤੇ ਪਹੁੰਚਾਇਆ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਨਿਰਮਲ ਡੇਰਾ ਧਰਮਧਜਾ ਬਾਬਾ ਹਰੀ ਸਿੰਘ, ਸੰਤ ਰਵੀਸ਼ੇਰ ਸਿੰਘ ਉਤਰਾਂਚਲ ਬਾਬਾ ਸੰਤਾ ਸਿੰਘ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਅਖਾੜੇ ਦੀ ਤਰਫ਼ੋਂ ਹਰਚੰਦ ਸਿੰਘ ਬਾਗੜੀ, ਪਰਮਿੰਦਰ ਬਾਗੜੀ, ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਅਮਰ ਕੋਮਲ ਨੂੰ ਸਨਮਾਨਿਤ ਕੀਤਾ।












Monday, April 11, 2011

ਡਾ.ਜਲੌਰ ਸਿੰਘ ਖੀਵਾ ਦੀ ਪੁਸਤਕ ‘ਪੰਜਾਬੀ ਸਭਿਆਚਾਰ :‘ਰਿਸ਼ਤਿਆਂ ਦੀ ਸੰਬਾਦਿਕਤਾ’‘ਤੇ ਵਿਚਾਰ ਗੋਸ਼ਟੀ - ਰਿਪੋਰਟ


ਰਿਪੋਰਟ: ਡਾ. ਨਿਰਮਲ ਜੌੜਾ: - ਗੁਜਰਾਂਵਾਲਾ ਗੁਰੁ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਅਤੇ ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਵਲੋਂ ਪੰਜਾਬੀ ਦੇ ਉੱਘੇ ਵਿਦਵਾਨ ਡਾ. ਜਲੌਰ ਸਿੰਘ ਖੀਵਾ ਦੀ ਅਲੋਚਨਾ ਪੁਸਤਕ ‘ਪੰਜਾਬੀ ਸਭਿਆਚਾਰ : ਰਿਸ਼ਤਿਆਂ ਦੀ ਸੰਬਾਦਿਕਤਾ ‘ ਤੇ ਵਿਚਾਰ ਗੋਸ਼ਟੀ ਹਿਤ ਹੋਏ ਸਮਾਗਮ ਤੇ ਸਰਸਵਤੀ ਸਨਮਾਨ ਵਿਜੇਤਾ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਰਿਸ਼ਤਿਆਂ ਦੀ ਪਵਿੱਤਰਤਾ ਹੀ ਮਨੁੱਖਤਾ ਦਾ ਆਧਾਰ ਹੈ ਅਤੇ ਹਰ ਰਿਸ਼ਤੇ ਦੀ ਆਪਣੀ ਮਹੱਤਤਾ ਹੈ ਇਸ ਲਈ ਸਾਨੂੰ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਡਾ. ਪਾਤਰ ਨੇ ਕਿਹਾ ਕਿ ਅਸੀਂ ਸਹਿਜ-ਸੁਭਾਅ ਅਸੀਂ ਇਕ ਦੂਜੇ ਨੂੰ ਜਿਨਾਂ ਰਿਸ਼ਤਿਆਂ ਨਾਲ ਬੁਲਾਉਂਦੇ ਹਾਂ ਉਹਨਾਂ ਬਾਰੇ ਇਸ ਪੁਸਤਕ ਵਿਚੋਂ ਗਹਿਰਾ ਗਿਆਨ ਮਿਲਦਾ ਹੈ । ਉਹਨਾਂ ਕਿਹਾ ਕਿ ਜੇ ਰਿਸ਼ਤਿਆਂ ਦੇ ਅਰਥ ਪਤਾ ਹੋਣ ਤਾਂ ਇਨਾਂ ਨੂੰ ਵਰਤਣ ਦਾ ਲੁਤਫ਼ ਵੱਖਰਾ ਹੰਦਾ ਹੈ ।



ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ.ਸਿੰਘ ਨੇ ਕਿਹਾ ਕਿ ਡਾ. ਖੀਵਾ ਨੇ ਇਸ ਨਾਜ਼ਕ ਵਿਸ਼ੇ ਤੇ ਖੋਜ ਕਰਨ ਦੀ ਪਹਿਲਕਦਮੀ ਕੀਤੀ ਹੈ। ਇਸ ਪੁਸਤਕ ਵਿਚਲੇ ਵਿਸ਼ਿਆਂ ਤੇ ਅਧਿਐਨ ਕਰਦਿਆਂ ਡਾ. ਐਸ.ਪੀ.ਸਿੰਘ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਮਨੁੱਖੀ ਵਿਕਾਸ ਵਿਚ ਉੱਤਮ ਅਤੇ ਸੁੱਚਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਰਿਸ਼ਤਿਆਂ ਦੀ ਗੁਆਚ ਰਹੀ ਮਹਿਕ ਨੂੰ ਬਚਾਉਣਾ ਸਾਡਾ ਪਹਿਲਾ ਧਰਮ ਹੈ। ਉਹਨਾਂ ਪੰਜਾਬੀ ਗੀਤ ਸੰਗੀਤ ਅਤੇ ਹੋਰ ਲਿਖਤਾਂ ਵਿਚ ਰਿਸ਼ਤਿਆਂ ਦੀ ਹੋ ਰਹੀ ਦੁਰਗਤੀ ਨੂੰ ਭਵਿੱਖ ਲਈ ਬੇਹੱਦ ਖ਼ਤਰਨਾਕ ਕਿਹਾ । ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਡਾ. ਖੀਵਾ ਦੀ ਇਹ ਪੁਸਤਕ ਆਉਣ ਵਾਲੀਆਂ ਪੀੜੀਆਂ ਲਈ ਤੋਹਫ਼ਾ ਹੋਵੇਗੀ । ਰਿਸ਼ਤਿਆਂ ਨੂੰ ਆਪਣੇ ਗੀਤਾਂ ਚ ਪਰੋਕੇ ਪੇਸ਼ ਕਰਨ ਵਾਲੇ ਨਿਵੇਕਲੇ ਗਾਇਕ ਪਾਲੀ ਦੇਤਵਾਲੀਆ ਨੇ ਸੁਹਜ ਭਰੀ ਆਵਾਜ਼ ਅਤੇ ਅੰਦਾਜ਼ ਵਿਚ ‘ਪੁਤਾਂ ਨੂੰ ਜਿਉਣ ਜੋਗੇ ਕਹਿਣ ਵਾਲਿੳ ਧੀਆਂ ਨੂੰ ਵੀ ਕਿਹਾ ਕਰੋ ਜਿਉਣ ਜੋਗੀਆਂ‘ ਗੀਤ ਪੇਸ਼ ਕਰਕੇ ਮਾਹੌਲ ਨੂੰ ਹੋਰ ਸੰਜੀਦਾ ਕੀਤਾ ।



ਪੰਜਾਬੀ ਦੇ ਉੱਘੇ ਵਿਦਵਾਨ ਡਾ. ਸ.ਨ.ਸੇਵਕ ਦੇ ਸਵਾਗਤੀ ਸ਼ਬਦਾਂ ਉਪਰੰਤ ਸਮਾਗਮ ਵਿਚ ਹਾਜ਼ਿਰ ਸਾਹਿਤ ਪ੍ਰੇਮੀਆਂ ਨਾਲ ਪੁਸਤਕ ਸਬੰਧੀ ਵਿਚਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਕਮਾਲਪੁਰਾ ਦੇ ਪ੍ਰਿੰਸੀਪਲ ਡਾ. ਬਰਿੰਦਰਜੀਤ ਕੌਰ ਦਾ ਮੱਤ ਸੀ ਡਾ. ਖੀਵਾ ਨੇ ਮਨੁੱਖੀ ਰਿਸ਼ਤਿਆਂ ਦੀ ਤਹਿਸੀਰ ਨੂੰ ਸਫ਼ਲਤਾ ਨਾਲ ਫਰੋਲਿਆ ਹੈ । ਆਪਣੇ ਖੋਜ ਪੱਤਰ ਵਿਚ ਖਾਲਸਾ ਕਾਲਜ ਫਾਰ ਵਿਮੈਨ ਦੇ ਪੰਜਾਬੀ ਪ੍ਰਾਅਧਿਆਪਕ ਡਾ. ਪਰਮਜੀਤ ਕੌਰ ਪਾਸੀ ਨੇ ਪੁਸਤਕ ਦੇ ਸਹਿ ਵਿਸ਼ਿਆਂ ਦਾ ਬਾਖ਼ੂਬੀ ਨਾਲ ਵਿਸ਼ਲੇਸ਼ਣ ਕੀਤਾ ਅਤੇ ਕੁਮਾਰ ਜਗਦੇਵ ਸਿੰਘ ਨੇ ਡਾ. ਜਲੌਰ ਸਿੰਘ ਖੀਵਾ ਦੀ ਪੁਸਤਕ ਦੇ ਨਾਲ ਨਾਲ ਸ਼ਖ਼ਸੀਅਤ ਅਤੇ ਸਾਹਿਤਕ ਜੀਵਨ ਯਾਤਰਾ ਤੇ ਚਾਨਣਾ ਪਾਉਂਦਿਆਂ ਡਾ. ਖੀਵਾ ਨੂੰ ਜ਼ਿੰਦਗੀ ਦਾ ਕਰਮਯੋਗੀ ਕਿਹਾ ।ਪੁਸਤਕ ਅਤੇ ਖੋਜ ਪੱਤਰਾਂ ਤੇ ਹੋਈ ਉਸਾਰੂ ਚਰਚਾ ਵਿਚ ਡਾ. ਸ.ਨ.ਸੇਵਕ, ਡਾ. ਸੁਖਦੇਵ ਸਿੰਘ , ਸ. ਚੰਦ ਸਿੰਘ ਸਦਿਉੜਾ ਕੈਨੇਡਾ , ਜਸਵੰਤ ਜ਼ਫ਼ਰ, ਡਾ. ਗੁਲਜ਼ਾਰ ਪੰਧੇਰ ,ਰਮਣੀਕ ਕੌਰ ਅਤੇ ਸੁਖਦੇਵ ਮਾਦਪੁਰੀ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਫਾਊਂਡੇਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਅਤੇ ਮੰਚ ਦੇ ਪ੍ਰਧਾਨ ਸ. ਸੰਤੋਖ ਸਿੰਘ ਸੁਖਾਣਾ ਨੇ ਪ੍ਰੋ.ਖੀਵਾ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।



ਖੋਜ ਪੱਤਰਾਂ ਅਤੇ ਵਿਦਵਾਨਾਂ ਦੇ ਵਿਚਾਰਾਂ ਦੇ ਪ੍ਰਤੀਕਰਮ ਵਜੋਂ ਬੋਲਦਿਆਂ ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਬਚਪਨ ਤੋਂ ਹੁਣ ਤੱਕ ਜੋ ਕੁਝ ਤਨ ਮਨ 'ਤੇ ਹੰਢਾਇਆ ਹੈ ਉਸਦਾ ਗੁੱਭ-ਗੁਹਾਟ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ। ਡਾ. ਖੀਵਾ ਨੇ ਕਿਹਾ ਰਿਸ਼ਤਿਆਂ ਵਿਚਲੀ ਮਹਿਕ ਅਤੇ ਦੁਰਗੰਧ ਦਾ ਸੁਮੇਲ ਮੇਰੇ ਹੱਡਾਂ ਵਿਚ ਰਚਿਆ ਹੈ ਜਿਸ ਨੂੰ ਮੈਂ ਉਮਰ ਭਰ ਤਨ-ਮਨ ਤੇ ਹੰਢਾਇਆ ਹੈ ,ਆਉਣ ਵਾਲੇ ਸਮੇਂ ਵਿਚ ਸਭ ਬੰਦਿਸ਼ਾਂ ਨੂੰ ਤੋੜਕੇ ਲੋਕ ਅਰਪਣ ਕਰ ਦੇਵਾਂਗਾ । ਇਸ ਵਿਚਾਰ ਗੋਸ਼ਟੀ ਵਿਚ ਪੰਜਾਬੀ ਦੇ ਉੱਘੇ ਵਿਦਵਾਨ , ਸਾਹਿਤਕਾਰ, ਵੱਖ ਵੱਖ ਕਾਲਜਾਂ ਦੇ ਪੰਜਾਬੀ ਪ੍ਰਾਅਧਿਆਪਕਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਾਹਿਤ-ਪ੍ਰੇਮੀ ਹਾਜ਼ਿਰ ਸਨ।ਪ੍ਰੋ. ਗੁਣਵੰਤ ਸਿੰਘ ਦੂਆ ਨੇ ਡਾ: ਖੀਵਾ ,ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।



Friday, March 25, 2011

ਅਦਾਰਾ ਜਾਗੋ ਇੰਟਰਨੈਸ਼ਨਲ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਬੀ.ਐਸ. ਰਤਨ ਦੀ ਪੁਸਤਕ “ਕਿੱਤੂਰ ਦੀ ਰਾਣੀ ਚਾਨੰਮਾ” ਤੇ ਗੋਸ਼ਟੀ - ਰਿਪੋਰਟ

ਫੋਟੋ ਕੈਪਸ਼ਨ - 1. ਮੰਚ ‘ਤੇ ਡਾ. ਤੇਜਵੰਤ ਮਾਨ, ਸ੍ਰੀਮਤੀ ਹਰਭਜਨ ਕੌਰ ਐਡੀਸ਼ਨਲ ਡਾਇਰੈਕਟਰ, ਡਾ. ਸਵਰਾਜ ਸਿੰਘ, ਸ੍ਰੀਮਤੀ ਬਲਬੀਰ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਸ੍ਰੀ ਬੀ.ਐਸ. ਰਤਨ ਡਾ. ਭਗਵੰਤ ਸਿੰਘ 2. ਸ੍ਰੀ ਬੀ.ਐਸ. ਰਤਨ ਨੂੰ ਸਨਮਾਨਿਤ ਕਰਦੇ ਹੋਏ ਸ੍ਰੀਮਤੀ ਬਲਬੀਰ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਡਾ. ਸਵਰਾਜ ਸਿੰਘ, ਪ੍ਰੋ. ਸ਼ੇਰ ਸਿੰਘ ਢਿਲੋਂ, ਡਾ. ਤੇਜਵੰਤ ਮਾਨ, ਸ੍ਰੀਮਤੀ ਹਰਭਜਨ ਕੌਰ, ਬਾਬਾ ਹਰੀ ਸਿੰਘ, ਡਾ. ਭਗਵੰਤ ਸਿੰਘ

******

ਰਿਪੋਰਟ: ਡਾ. ਭਗਵੰਤ ਸਿੰਘ

ਪਟਿਆਲਾ : ਮਾਰਚ 2011- “ਇਤਿਹਾਸ ਭਾਵੇਂ ਜੇਤੂਆਂ ਦਾ ਹੁੰਦਾ ਹੈ ਪਰੰਤੂ ਕਈ ਵਾਰੀ ਦੁਨੀਆਵੀ ਤੌਰ ਤੇ ਹਾਰ ਜਾਣ ਵਾਲੀ ਧਿਰ ਵੀ ਆਪਣੀ ਬੇਮਿਸਾਲ ਬਹਾਦਰੀ ਅਤੇ ਦਲੇਰੀ ਦੀ ਇਤਿਹਾਸ ਤੇ ਅਜਿਹੀ ਛਾਪ ਛੱਡ ਜਾਂਦੀ ਹੈ ਕਿ ਉਸਦਾ ਜੀਵਨ ਸੰਘਰਸ਼ ਆਉਣ ਵਾਲੀਆ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣ ਜਾਂਦਾ ਹੈ। ਅਜਿਹਾ ਹੀ ਬਹਾਦਰ ਰਾਣੀ ਚਾਨੰਮਾ, ਰਾਣੀ ਲਕਸ਼ਮੀ ਬਾਈ ਮਹਾਰਾਣੀ ਜਿੰਦਾਂ ਦੇ ਕਿਰਦਾਰਾਂ ਤੋ ਉਭਰਦਾ ਹੈ। ਭਾਰਤ ਵਿਚ ਉਤਰੀ ਖਿੱਤੇ ਦੇ ਲੋਕ ਨਾਇਕਾਂ ਬਾਰੇ ਦੱਖਣ ਵਿਚ ਅਤੇ ਦੱਖਣੀ ਖਿੱਤੇ ਦੇ ਲੋਕ ਨਾਇਕਾਂ ਬਾਰੇ ਉੱਤਰ ਵਿਚ ਬਹੁਤ ਘੱਟ ਜਾਣਕਾਰੀ ਹੈ। ਇਸ ਜਾਣਕਾਰੀ ਦੀ ਘਾਟ ਦੇ ਕਾਰਨਾ ਬਾਰੇ ਖੋਜ ਕਰਨ ਦੀ ਜ਼ਰੂਰਤ ਹੈ। ਬੀ.ਐਸ. ਰਤਨ ਨੇ ਕਾਵਿ ਸਿਰਜਣਾ ਕਰਕੇ ਪੰਜਾਬੀ ਸਾਹਿਤ ਨੂੰ ਦੱਖਣੀ ਲੋਕ ਨਾਇਕਾਂ ਤੋਂ ਜਾਣੂੰ ਕਰਾਉਣ ਦੀ ਪਹਿਲ ਕਦਮੀ ਕੀਤੀ ਹੈ। ਇਹ ਇਕ ਇਤਿਹਾਸਕ ਦਸਤਾਵੇਜ਼ ਹੈ ਜਿਸੱ ਬਹੁਤ ਹੀ ਸੁਹਜਮਈ ਢੰਗ ਨਾਲ ਪੇਸ਼ ਕਰਕੇ ਲੇਖਕ ਨੇ ਆਪਣੀ ਕਾਵਿ ਕੌਸ਼ਲਤਾ ਦਾ ਪ੍ਰਗਟਾਵਾ ਕੀਤਾ ਹੈ। ਅਜਿਹੇ ਯਤਨਾਂ ਦਾ ਪੰਜਾਬੀ ਸਾਹਿਤ ਜਗਤ ਵਿਚ ਸੁਆਗਤ ਹੈ। ਇਹ ਭਾਵ ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਵਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਬੀ.ਐਸ. ਰਤਨ ਦੀ ਪੁਸਤਕ “ਕਿੱਤੂਰ ਦੀ ਰਾਣੀ ਚਾਨੰਮਾ” ਉਪਰ ਹੋਈ ਗੋਸ਼ਟੀ ਸਮੇਂ ਵਿਦਵਾਨਾਂ, ਚਿੰਤਕਾਂ ਅਤੇ ਲੇਖਕਾਂ ਦੁਆਰਾ ਰਚਾਏ ਗਏ ਸੰਵਾਦ ਉਪਰੰਤ ਉੱਭਰ ਕੇ ਸਾਹਮਣੇ ਆਏ।

-----

ਭਾਸ਼ਾ ਭਵਨ ਵਿਖੇ ਆਯੋਜਿਤ ਗੋਸ਼ਟੀ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਬਲਬੀਰ ਕੌਰ ਨੇ ਕੀਤੀ, ਪੁਸਤਕ ਉਪਰ ਪਰਚਾ ਡਾ. ਸਵਰਾਜ ਸਿੰਘ ਯੂ.ਐਸ.ਏ. ਨੇ ਪੜ੍ਹਿਆ ਤੇ ਬਹਿਸ ਦਾ ਸਾਰੰਸ਼ ਡਾ. ਤੇਜਵੰਤ ਮਾਨ ਨੇ ਕੀਤਾ ਜਦਕਿ ਪਰਚੇ ਉੱਪਰ ਨਿਠਕੇ ਹੋਈ ਬਹਿਸ ਵਿਚ ਸ੍ਰ. ਚੇਤਨ ਸਿੰਘ, ਪ੍ਰੋ. ਸ਼ਰਮਾ, ਪ੍ਰੋ. ਸ਼ੇਰ ਸਿੰਘ ਢਿੱਲੋਂ, ਜੋਗਿੰਦਰ ਪ੍ਰਵਾਨਾ, ਡਾ. ਭਗਵੰਤ ਸਿੰਘ, ਡਾ. ਹਰਨੇਕ ਸਿੰਘ ਡਾ. ਤੇਜਾ ਸਿੰਘ ਤਿਲਕ ਸੁਰਜੀਤ ਸਿੰਘ ਪੰਛੀ ਆਦਿ ਨੇ ਹਿੱਸਾ ਲਿਆ। ਸੁਰਜੀਤ ਪਾਪੜਾ, ਜਸਵੀਰ ਸਿੰਘ ਵੇਰਕਾ ਤੇ ਕਵਿੱਤਰੀ ਸਰਬਜੀਤ ਜੱਸ ਨੇ ਕਵਿਤਾਵਾਂ ਪੇਸ਼ ਕੀਤੀਆਂ।

-----

ਡਾ. ਸਵਰਾਜ ਸਿੰਘ ਨੇ ਪੇਪਰ ਪੇਸ਼ ਕਰਦੇ ਹੋਏ ਰਾਣੀ ਚਾਨੰਮਾਂ ਦੇ ਕਿਰਦਾਰ ਅਤੇ ਪੁਸਤਕ ਦੇ ਸਾਹਿਤਕ ਪਹਿਲੂਆਂ ਨੂੰ ਉਭਾਰਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਹਿਲੀ ਵਾਰ ਦੱਖਣੀ ਭਾਰਤ ਦੇ ਇਤਿਹਾਸਕ ਪਾਤਰਾਂ ਤੋਂ ਜਾਣੂ ਕਰਾ ਕੇ ਬੀ.ਐਸ. ਰਤਨ ਨੇ ਪੰਜਾਬੀ ਸਾਹਿਤਕ ਜਗਤ ਦਾ ਘੇਰਾ ਹੋਰ ਮੋਕਲ਼ਾ ਕੀਤਾ ਹੈ। ਉਨ੍ਹਾਂ ਨੇ ਸੰਸਾਰੀਕਰਨ ਦੇ ਦ੍ਰਿਸ਼ਟੀਕੋਣ ਤੋਂ “ਰਾਣੀ ਚਾਨੰਮਾਂ ” ਦੇ ਕਿਰਦਾਰ ਨੂੰ ਰੋਲ ਮਾਡਲ ਬਣਾ ਕੇ ਪੇਸ਼ ਕੀਤਾ। ਉਨਾ ਕਿਹਾ ਕਿ ਅਜ ਵੀ ਇਹੋ ਜਿਹੇ ਕਿਰਦਾਰਾਂ ਦੀ ਜ਼ਰੂਰਤ ਹੈ ਤਾਂ ਜੋ ਸਾਮਰਾਜੀ ਤਾਕਤਾਂ ਦੀ ਧੌਂਸ ਨੂੰ ਰੋਕਿਆ ਜਾ ਸਕੇ। ਸ. ਚੇਤਨ ਸਿੰਘ ਸੰਯੁਕਤ ਡਾਇਰੈਕਟਰ ਨੇ ਮਾਲਵਾ ਰਿਸਰਚ ਸੈਂਟਰ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਵੇ ਕਿਹਾ ਕਿ ਪੰਜਾਬੀ ਸਾਹਿਤ ਦੀ ਬਹਮੁੱਲੀ ਤੇ ਬਹਗੁਣੀ ਪੁਸਤਕ ਉਪਰ ਸੰਵਾਦ ਸਿਰਜਕੇ ਸੈਂਟਰ ਨੇ ਨਵੀ ਪਿਰਤ ਪਾਈ ਹੈ। ਉਨਾ ਨੇ ਪੁਸਤਕ ਦੇ ਸੁਹਜਾਤਮਕ ਪੱਖ ਬਾਰੇ ਸਿਧਾਂਤਕ ਗੱਲਾਂ ਕੀਤੀਆਂ। ਡਾ. ਤੇਜਵੰਤ ਮਾਨ ਨੇ ਪੁਸਤਕ ਉੱਪਰ ਹੋਈ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਇਹ ਸਾਮਰਾਜੀ ਤਾਕਤਾਂ ਦੀ ਸਾਜ਼ਿਸ਼ ਸੀ ਕਿ ਉੱਤਰੀ ਅਤੇ ਦੱਖਣੀ ਖਿਤਿਆਂ ਨੂੰ ਇਕਸੁਰ ਨਹੀਂ ਹੋਣ ਦਿਤਾ। ਉਨ੍ਹਾਂ ਨੇ ਆਪਣੇ ਸਵਾਰਥਾਂ ਲਈ ਇਨ੍ਹਾਂ ਨੂੰ ਵੰਡ ਕੇ ਰੱਖਿਆ ਹੈ। ਬੀ.ਐਸ. ਰਤਨ ਨੇ ਦੱਖਣ ਦੀ ਬਹਾਦਰ ਔਰਤ ਬਾਰੇ ਕਾਵਿ ਰਚਨਾ ਕਰਕੇ ਪੰਜਾਬੀ ਦੇ ਲੇਖਕਾਂ ਦੀ ਅਗਵਾਈ ਕੀਤੀ ਹੈ। ਇਸ ਤਰ੍ਹਾਂ ਹੀ ਦੱਖਣੀ ਲੇਖਕਾਂ ਨੂੰ ਪੰਜਾਬੀ ਲੋਕ ਨਾਇਕਾਂ ਬਾਰੇ ਰਚਨਾਵਾਂ ਰਚਣੀਆਂ ਚਾਹੀ ਦੀਆਂ ਹਨ। ਗਣਰਾਜੀ ਏਕਤਾ ਨੂੰ ਉਜਾਗਰ ਕਰਨ ਲਈ ਅਜਿਹੀਆਂ ਗੋਸ਼ਟੀਆਂ ਬਹੁਤ ਸਹਾਈ ਹੋ ਸਕਦੀਆਂ ਹਨ।

-----

ਸ੍ਰੀਮਤੀ ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੀ.ਐਸ.ਰਤਨ ਦੀ ਸੁਹਜਮਈ ਪੁਸਤਕ ਨੂੰ ਪੰਜਾਬੀ ਸਾਹਿਤ ਵਿਚ ਇਤਿਹਾਸਕ ਦਸਤਾਵੇਜ਼ ਦੱਸਿਆ। ਉਨ੍ਹਾਂ ਹੋਈ ਬਹਿਸ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਇਸ ਨਾਲ ਰਾਸ਼ਟਰੀ ਏਕਤਾ ਦੀ ਮਜਬੂਤੀ ਵਿਚ ਇਕ ਨਵਾ ਅਧਿਆਇ ਜੁੜ ਗਿਆ ਹੈ। ਇਸ ਗੋਸ਼ਟੀ ਵਿਚ ਹੋਰ ਚਿੰਤਕਾਂ ਤੋ ਇਲਾਵਾ ਡਾ. ਰਾਕੇਸ਼ ਵਰਮਾ, ਪ੍ਰੋ. ਜੇ ਕੇ ਮਿਗਲਾਨੀ, ਡਾ. ਗੁਰਮੁਖ ਸਿੰਘ, ਡਾ. ਬਲਜਿੰਦਰ ਜੋਸ਼ੀ, ਗੁਲਜ਼ਾਰ ਸਿੰਘ ਸ਼ੌਂਕੀ, ਧਰਮ ਕੰਮੇਆਣਾ ਸ੍ਰੀਮਤੀ ਪ੍ਰਿਤਪਾਲ ਕੌਰ, ਸ੍ਰੀਮਤੀ ਹਰਭਜਨ ਕੌਰ ਵਧੀਕ ਡਾਇਰੈਕਟਰ, ਸ੍ਰੀਮਤੀ ਕਮਲਜੀਤ ਕੌਰ, ਬਾਬਾ ਹਰੀ ਸਿੰਘ ਨਿਰਮਲ ਅਖਾੜਾ, ਚਰਨ ਬੰਬੀਹਾ, ਸੁਰਿੰਦਰ ਕੌਰ ਮਿਸ ਸ਼ੈਲਜਾ, ਅਲੀ ਰਾਜਪੁਰਾ, ਡਾ. ਮੋਹਨ ਤਿਆਗੀ, ਮੇਘ ਰਾਜ ਆਦਿ ਅਨੇਕਾਂ ਬੁੱਧੀਜੀਵੀ ਹਾਜ਼ਿਰ ਸਨ। ਇਸ ਸਮਾਗਮ ਵਿਚ ਬੀ.ਐਸ. ਰਤਨ ਨੇ ਆਪਣੀ ਕਵਿਤਾ ਦੇ ਪ੍ਰਭਾਵਾਸ਼ਾਲੀ ਅੰਸ਼ਾਂ ਨੂੰ ਪ੍ਰਸਤੁਤ ਕੀਤਾ। ਉਨ੍ਹਾਂ ਨੇ ਇਸ ਪੁਸਤਕ ਦੇ ਪਿਛੋਕੜ ਨੂੰ ਵੀ ਬਿਆਨ ਕੀਤਾ। ਉਨ੍ਹਾਂ ਇਤਿਹਾਸਕ ਤੱਥਾਂ ਬਾਰੇ ਵੀ ਜਾਣਕਾਰੀ ਪਾਈ ਦਿੱਤੀ। ਮਾਲਵਾ ਰਿਸਰਚ ਸੈਂਟਰ, ਪਟਿਆਲਾ ਵਲੋਂ ਬੀ.ਐਸ. ਰਤਨ ਨੂੰ ਸਨਮਾਨ ਪੱਤਰ ਭੇਂਟ ਕੀਤਾ। ਪ੍ਰੋ. ਸ਼ੇਰ ਸਿੰਘ ਦਿਲ ਨੇ ਜੀ ਆਇਆਂ ਕਿਹਾ ਤੇ ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਨਾ ਕੀਤੀ।

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ