Sunday, April 24, 2011

ਹਰਚੰਦ ਸਿੰਘ ਬਾਗੜੀ ਦੇ ਮਹਾਂ-ਕਾਵਿ ‘ਕਿਸ ਬਿਧ ਲਈ ਆਜ਼ਾਦੀ ’ ਉੱਤੇ ਗੋਸ਼ਟੀ ਹੋਈ - ਰਿਪੋਰਟ

ਰਿਪੋਰਟ: ਡਾ. ਭਗਵੰਤ ਸਿੰਘ ( ਪਟਿਆਲਾ, ਅਪ੍ਰੈਲ 2011 ) ਪੂੰਜੀਵਾਦੀ ਵਿਸ਼ਵੀਕਰਨ ਅਮਰੀਕੀ ਸਾਮਰਾਜਵਾਦ ਦਾ ਸਿਖਰ ਹੈ। ਅੱਜ ਉਤਪਾਦਕੀ ਵਿਕਾਸ ਮਾਡਲ ਅਧੀਨ ਸੰਸਾਰ-ਮੰਡੀ ਅਤੇ ਤਕਨਾਲੋਜੀ ਨੇ ਸਿਰਜਾਨਾਤਮਕ ਵਿਕਾਸ ਮਾਡਲ ਨੂੰ ਨਿਗਲ਼ ਲਿਆ ਹੈ। ਖੱਪਤੀ ਸਭਿਆਚਾਰਕ ਉਸਾਰ ਨੇ ਕਿਰਤੀ ਸਭਿਆਚਾਰਕ ਕੀਮਤਾਂ ਦੀ ਨੈਤਿਕਤਾ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਹੈ... ਇਹ ਵਿਚਾਰ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਪ੍ਰਧਾਨ ਪ੍ਰਸਿੱਧ ਮਾਰਕਸਵਾਦੀ ਵਿਦਵਾਨ ਡਾ. ਤੇਜਵੰਤ ਮਾਨ ਨੇ ਮਾਲਵਾ ਰਿਸਰਚ ਸੈਂਟਰ, ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ਹਰਚੰਦ ਸਿੰਘ ਬਾਗੜੀ ਦੇ ਮਹਾਂ ਕਾਵਿ ਕਿਸ ਬਿਧ ਲਈ ਆਜ਼ਾਦੀ ਉੱਤੇ ਨਿਰਮਲ ਪੰਚਾਇਤੀ ਅਖਾੜਾ ਪਟਿਆਲਾ ਵਿਖੇ ਕਰਵਾਈ ਗਈ ਵਿਚਾਰ ਚਰਚਾ ਨੂੰ ਸਮੇਟਿਆ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਹੇ। ਡਾ. ਤੇਜਵੰਤ ਮਾਨ ਨੇ ਕਿਸ ਬਿਧ ਲਈ ਆਜ਼ਾਦੀ ਉੱਤੇ ਬੋਲਦਿਆਂ ਕਿਹਾ ਕਿ ਬਾਗੜੀ ਜੀ ਨੇ ਗੁਰਮਤਿ ਵਿਚਾਰਧਾਰਾਂ ਨੂੰ ਅਮਲ ਵਿਚ ਲਿਆਉਣ ਵਾਲੇ ਸਿੱਖ ਨਾਇਕਾਂ ਨੂੰ ਕੇਂਦਰ ਵਿਚ ਰਖਕੇ ਮਨੁੱਖੀ ਆਜ਼ਾਦੀ ਲਈ ਕੀਤੀ ਗਈ ਜੱਦੋ-ਜਹਿਦ ਨੂੰ ਇਕ ਵਿਗਿਆਨਕ ਦ੍ਰਿਸ਼ਟੀਕੌਣ ਤੋਂ ਇਸ ਮਹਾਂ-ਕਾਵਿ ਵਿਚ ਵਿਸਤਰਿਤ ਰੂਪ ਵਿਚ ਪੇਸ਼ ਕੀਤਾ ਹੈ।




ਇਸ ਮਹਾਂਕਾਵਿ ਉੱਤੇ ਪਰਚਾ ਪੜ੍ਹਦਿਆਂ ਡਾ. ਅਮਰ ਕੋਮਲ ਨੇ ਬੜੇ ਵਿਦਵਤਾ ਪੂਰਨ ਢੰਗ ਨਾਲ ਮਹਾਂ-ਕਾਵਿ ਦੇ ਕਲਾਤਮਕ ਅਤੇ ਵਿਸ਼ੇ ਆਤਮਿਕ ਗੁਣਾਂ ਨੂੰ ਉਜਾਗਰ ਕਰਦਿਆਂ ਬਾਗੜੀ ਦੁਆਰਾ ਰਚੇ ਇਸ ਮਹਾਂ-ਕਾਵਿ ਨੂੰ ਪੰਜਾਬੀ ਮਹਾਂ-ਕਾਵਿ ਦੀ ਇਕ ਪ੍ਰਾਪਤੀ ਕਿਹਾ। ਪੇਪਰ ਉੱਤੇ ਵਿਚਾਰ ਚਰਚਾ ਕਰਦਿਆਂ ਪ੍ਰਸਿੱਧ ਵਿਦਵਾਨ ਅਤੇ ਚਿੰਤਕ ਡਾ. ਸਵਰਾਜ ਸਿੰਘ ਨੇ ਗੁਰਮਤਿ ਫ਼ਲਸਫ਼ੇ ਵਿਚਲੇ ਮਨਮੁਖ ਅਤੇ ਗੁਰਮੁਖ ਸੰਕਲਪਾਂ ਦੀ ਵਿਆਖਿਆ ਕੀਤੀ। ਡਾ. ਸਿੰਘ ਨੇ ਅਮਰੀਕੀ ਸਾਮਰਾਜ ਨੂੰ ਹੰਕਾਰੀ ਮਨਮੁਖ ਦਾ ਵਿਸ਼ੇਸ਼ਣ ਦਿੰਦਿਆ ਜ਼ੋਰ ਦੇ ਕੇ ਕਿਹਾ ਕਿ, “ਇਸ ਦਾ ਵਿਰੋਧ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਇਤਿਹਾਸਕ ਵਿਰਾਸਤ ਵਿਚੋਂ ਗੁਰਮੁਖ ਨਾਇਕਾਂ ਦੀ ਪਹਿਚਾਣ ਕਰੀਏ। ਬਾਗੜੀ ਹੁਰਾਂ ਨੇ ਇਹ ਮਹਾਂ-ਕਾਵਿ ਲਿਖਕੇ ਗੁਰਮੁਖ ਨਾਇਕਾਂ ਦੀ ਪਹਿਚਾਣ ਕੀਤੀ ਹੈ।




ਵਿਚਾਰ ਚਰਚਾ ਵਿੱਚ ਪ੍ਰੋ. ਜੇ.ਕੇ. ਮਿਗਲਾਨੀ, ਡਾ. ਰਣਜੋਧ ਸਿੰਘ, ਸੁਖਪਾਲ ਸੋਹੀ, ਸੁਖਵਿੰਦਰ ਜ਼ਨਾਲ, ਸੰਤ ਹਰੀ ਸਿੰਘ, ਡਾ. ਰਮਿੰਦਰ, ਡਾ. ਜਸਬੀਰ, ਡਾ. ਸ਼ੇਰ ਸਿੰਘ, ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਸੰਦੀਪ, ਹਰਦਿਆਲ ਸਿੰਘ ਚੀਮਾ, ਪ੍ਰੋ. ਸ਼ਰਮਾ, ਸੁਖਮਿੰਦਰ ਸੇਖੋਂ, ਕੁਲਵੰਤ ਸਿੰਘ, ਜਗਜੀਤ ਸਿੰਘ ਅਤੇ ਜੋਗਿੰਦਰ ਸਿੰਘ ਨੇ ਕਈ ਸੁਆਲ ਖੜ੍ਹੇ ਕੀਤੇ।




ਇਸ ਵਿਚਾਰ ਚਰਚਾ ਵਿਚੋਂ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ੀ ਸਾਮਰਾਜ ਵਿਚ 1809 ਦੀ ਸੰਧੀ ਬਾਰੇ ਕਈ ਨੁਕਤੇ ਉਭਰੇ। ਇਨ੍ਹਾਂ ਨੁਕਤਿਆਂ ਨੂੰ ਗੁਰਮਤਿ ਦੇ ਨਜ਼ਰੀਏ ਤੋਂ ਵਿਚਾਰਿਆ ਗਿਆ। ਗੁਰਮਤਿ ਅਨੁਸਾਰ ਹੱਕ ਸੱਚ ਲਈ ਜੂਝਣਾ ਹੈ ਨਾ ਕਿ ਸਮਰਪਣ ਕਰਨਾ। ਇਹ ਗੋਸ਼ਟੀ ਬਹੁਤ ਸਾਰਥਿਕ ਤੇ ਉਸਾਰੂ ਸੰਵਾਦ ਸਿਰਜ ਗਈ। ਇਸ ਮੌਕੇ ਤੇ ਸੁਖਪਾਲ ਸੋਹੀ, ਗੁਰਵਿੰਦਰ ਸਿੰਘ ਕਮਾਲਪੁਰ, ਡਾ. ਅਮਰ ਕੋਮਲ, ਪਰਮਿੰਦਰ ਕੌਰ ਬਾਗੜੀ, ਕੁਲਵੰਤ ਸਿੰਘ, ਸੁਖਵਿੰਦਰ ਜਨਾਲ, ਡਾ. ਰਣਜੋਧ ਸਿੰਘ ਆਦਿ ਅਨੇਕਾਂ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਸਮੁੱਚੇ ਰੂਪ ਵਿੱਚ ਇਹ ਵਿਚਾਰ ਗੋਸ਼ਟੀ, ਪੰਜਾਬੀਅਤ ਦੀ ਮਸਲੇ ਨੂੰ ਉਭਾਰਨ ਲਈ ਆਧਾਰਕ ਸਮੱਗਰੀ ਮੁਹੱਈਆ ਕਰਾਉਣ ਦਾ ਸਾਰਥਿਕ ਉਪਰਾਲਾ ਹੋ ਨਿਬੜੀ।




ਡਾ. ਭਗਵੰਤ ਸਿੰਘ ਜਨਰਲ ਸਕੱਤਰ ਮਾਲਵਾ ਰਿਸਰਚ ਸੈਂਟਰ ਨੇ ਸੁਹਜਮਈ ਢੰਗ ਨਾਲ ਸੰਚਾਲਨਾ ਕਰਦੇ ਹੋਏ ਬਹਿਸ ਨੂੰ ਸਿਖਰ ਤੇ ਪਹੁੰਚਾਇਆ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਨਿਰਮਲ ਡੇਰਾ ਧਰਮਧਜਾ ਬਾਬਾ ਹਰੀ ਸਿੰਘ, ਸੰਤ ਰਵੀਸ਼ੇਰ ਸਿੰਘ ਉਤਰਾਂਚਲ ਬਾਬਾ ਸੰਤਾ ਸਿੰਘ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਅਖਾੜੇ ਦੀ ਤਰਫ਼ੋਂ ਹਰਚੰਦ ਸਿੰਘ ਬਾਗੜੀ, ਪਰਮਿੰਦਰ ਬਾਗੜੀ, ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਅਮਰ ਕੋਮਲ ਨੂੰ ਸਨਮਾਨਿਤ ਕੀਤਾ।












No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ