Wednesday, May 11, 2011

ਕਾਫ਼ਲੇ ਵੱਲੋਂ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਬਾਰੇ ਭਰਪੂਰ ਗੱਲਬਾਤ ਕੀਤੀ ਗਈ - ਰਿਪੋਰਟ

ਟਰਾਂਟੋ:- (ਕੁਲਵਿੰਦਰ ਖਹਿਰਾ) ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਵਿੱਚ ਜਿੱਥੇ ਇਨਕਲਾਬੀ ਸ਼ਾਇਰ ਸੰਤ ਰਾਮ ਉਦਾਸੀ ਦੀ ਕਾਵਿ-ਰਚਨਾ ਤੇ ਖੁੱਲ੍ਹ ਕੇ ਗੱਲਬਾਤ ਹੋਈ ਓਥੇ ਚਾਰ ਨਵੀਆਂ ਕਿਤਾਬਾਂ ਵੀ ਰਲੀਜ਼ ਕੀਤੀਆਂ ਗਈਆਂ ਅਤੇ ਸੰਚਾਲਕਾਂ ਦੀ ਚੋਣ ਵੀ ਹੋਈ।


ਉਦਾਸੀ ਦੀ ਆਪਣੀ ਆਵਾਜ਼ ਵਿੱਚ ਅਸੀਂ ਤੋੜ ਦੇਣੀ ਲਹੂ ਪੀਣੀ ਜੋਕ...ਅਤੇ ਤੂੰ ਮਘਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇਗੀਤ ਨਾਲ਼ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਉਂਕਾਰਪ੍ਰੀਤ ਨੇ ਦੱਸਿਆ ਕਿ ਧਾਰਮਿਕ ਪਰਵਾਰ ਵਿੱਚ ਪੈਦਾ ਹੋਇਆ ਹੋਣ ਕਰਕੇ ਸੰਤ ਰਾਮ ਉਦਾਸੀ ਦੀ ਲੇਖਣੀ ਕੂਕਾ ਲਹਿਰ ਦੇ ਪ੍ਰਭਾਵ ਹੇਠ ਹੋਈ। ਪਰ ਇਸ ਸੰਸਥਾ ਵਿੱਚ ਆ ਗਏ ਫ਼ਰਕ ਅਤੇ ਜਸਵੰਤ ਸਿੰਘ ਕੰਵਲ, ਸੰਤੋਖ ਸਿੰਘ ਧੀਰ, ਅਤੇ ਪ੍ਰੋਫ਼ੈਸਰ ਮੋਹਨ ਸਿੰਘ, ਆਦਿ ਲੇਖਕਾਂ ਦੀਆਂ ਰਚਨਾਵਾਂ ਨੇ ਉਦਾਸੀ ਨੂੰ ਮਾਰਕਸਵਾਦ ਵੱਲ ਖਿੱਚਿਆ। ਫਿਰ ਨਕਸਲਵਾਦੀ ਲਹਿਰ ਦੇ ਪ੍ਰਭਾਵ ਹੇਠ ਆ ਕੇ ਉਦਾਸੀ ਨੇ ਆਪਣਾ ਸਦੀਵੀ ਰਾਹ ਅਪਣਾਇਆ। ਉਂਕਾਰਪ੍ਰੀਤ ਨੇ ਇਸ ਗੱਲ ਤੇ ਸ਼ਿਕਵਾ ਕੀਤਾ ਕਿ ਉਦਾਸੀ ਦੀ ਕਵਿਤਾ ਦੀਆਂ ਜੜ੍ਹਾਂ ਸਿੱਖ ਵਿਰਸੇ ਦੀ ਅਮੀਰੀ ਵਿੱਚ ਪਈਆਂ ਹੋਣ ਕਰਕੇ ਉਸ ਦੀ ਕਵਿਤਾ ਨੂੰ ਖ਼ਾਲਿਸਤਾਨੀ ਲਹਿਰ ਨਾਲ਼ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪਾਸ਼-ਉਦਾਸੀ ਬਾਰੇ ਛੇੜੇ ਜਾ ਰਹੇ ਸ਼ਰਾਰਤੀ ਵਿਵਾਦ ਤੇ ਟਿੱਪਣੀ ਕਰਦਿਆਂ ਕਿਹਾ ਕਿ ਦੋਵਾਂ ਹੀ ਕਵੀਆਂ ਨੇ ਆਪਣੀਆਂ ਰਚਨਾਵਾਂ ਵਿੱਚ ਸਿੱਖ ਧਰਮ ਦੀ ਵਿਰਾਸਤ ਨੂੰ ਆਧਾਰ ਬਣਾਇਆ, ਦੋਵਾਂ ਨੇ ਹੀ ਨਿਮਨ-ਵਰਗ ਬਾਰੇ ਹੀ ਲਿਖਿਆ ਅਤੇ ਦੋਵੇਂ ਹੀ ਇਨਕਲਾਬੀ ਸੋਚ ਨੂੰ ਦਿਲੋਂ ਅਪਣਾਏ ਹੋਏ ਹੋਣ ਕਰਕੇ ਲੋਕਾਂ ਨਾਲ਼ ਜੁੜੇ ਹੋਏ ਕਵੀ ਸਨ ਜਿਸ ਕਰਕੇ ਇਸ ਤਰ੍ਹਾਂ ਦੀ ਬੇਹੂਦੀ ਦੂਸ਼ਣਬਾਜ਼ੀ ਬੇ-ਬੁਨਿਆਦ ਹੈ।



ਕੁਲਵਿੰਦਰ ਖਹਿਰਾ ਨੇ ਇਸ ਗੱਲ ਤੇ ਅਫ਼ਸੋਸ ਪ੍ਰਗਟ ਕੀਤਾ ਕਿ ਆਪਣੇ ਆਪ ਨੂੰ ਅਗਾਂਹਵਧੂ ਵਿਚਾਰਧਾਰਾ ਅਤੇ ਸੰਤ ਰਾਮ ਉਦਾਸੀ ਦੇ ਹਮਦਰਦ ਹੋਣ ਦਾ ਵਿਖਾਵਾ ਕਰਦੇ ਹੋਏ ਕੁਝ ਲੇਖਕ ਉਦਾਸੀ ਨੂੰ ਫ਼ਿਰਕੂ ਲਹਿਰ ਨਾਲ਼ ਜੋੜਨ ਅਤੇ ਪਾਸ਼ ਅਤੇ ਉਦਾਸੀ ਵਿਚਾਲੇ ਜਾਤੀਵਾਦ ਦਾ ਵਖਰੇਵਾਂ ਪਾਉਣ ਦੀਆਂ ਗੱਲਾਂ ਕਰਕੇ ਇਨ੍ਹਾਂ ਮਹਾਨ ਕਵੀਆਂ ਦੇ ਕੱਦ ਨੂੰ ਨੀਵਿਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸ਼ਰਾਰਤ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦ ਹੋਣ ਬਾਰੇ ਛੇੜੇ ਜਾ ਰਹੇ ਵਿਵਾਦ ਨਾਲ਼ ਜੋੜਦਿਆਂ ਹੋਇਆਂ ਉਸ ਨੇ ਕਿਹਾ ਕਿ ਅਜਿਹਾ ਕਰਨ ਵਾਲ਼ੇ ਲੋਕ ਸਿੱਧੇ ਰੂਪ ਵਿੱਚ ਹਾਕਮ ਜਮਾਤਾਂ ਦੇ ਹੱਕ ਵਿੱਚ ਭੁਗਤ ਰਹੇ ਹਨ। ਉਸ ਨੇ ਕਿਹਾ ਕਿ ਇਹ ਹਸਤੀਆਂ ਪੰਜਾਬੀ ਵਿਰਸੇ ਦੇ ਉਹ ਥੰਮ੍ਹ ਹਨ ਜੋ ਕਿਸੇ ਵੀ ਆਉਣ ਵਾਲ਼ੀ ਸੰਘਰਸ਼ਮਈ ਲਹਿਰ ਖਾਤਰ ਪੰਜਾਬੀਆਂ ਲਈ ਰਹਿ-ਨੁਮਾਈ ਕਰ ਸਕਦੇ ਹਨ ਜਿਸ ਕਰਕੇ ਇਨ੍ਹਾਂ ਦੇ ਅਕਸ ਨੂੰ ਵਿਗਾੜਨਾ ਜਾਂ ਇਨ੍ਹਾਂ ਦੀ ਕੁਰਬਾਨੀ ਤੇ ਬੇ-ਬੁਨਿਆਦ ਸਵਾਲੀਆ ਚਿੰਨ੍ਹ ਲਾਉਣੇ ਸਪੱਸ਼ਟ ਰੂਪ ਵਿੱਚ ਪੰਜਾਬੀ ਕੌਮ ਨਾਲ਼ ਗ਼ੱਦਾਰੀ ਹੈ। ਉਸ ਨੇ ਪਾਸ਼ ਅਤੇ ਉਦਾਸੀ ਨੂੰ ਇੱਕੋ ਹੀ ਗੱਡੀ ਦੇ ਦੋ ਪਹੀਏ ਦੱਸਿਆ ਜਿਨ੍ਹਾਂ ਵਿੱਚੋਂ ਇੱਕ ਆਮ ਜਨਤਾ ਨੂੰ ਸੰਬੋਧਨ ਹੋ ਕੇ ਅਤੇ ਦੂਸਰਾ ਅਕਾਦਮਿਕ ਪੱਧਰ ਤੇ ਜਾ ਕੇ ਇੱਕੋ ਹੀ ਵਰਗ ਦੇ ਲੋਕਾਂ ਦੀ ਗੱਲ ਕਰਦਾ ਸੀ। ਪਾਸ਼ ਦੀ ਡਾਇਰੀ ਵਿੱਚੋਂ ਆਖਰੀ ਇੰਟਰੀ ਦਾ ਹਵਾਲਾ ਦਿੰਦਿਆਂ ਉਸ ਨੇ ਕਿਹਾ ਕਿ ਪਾਸ਼ ਵੱਲੋਂ ਏਨੇ ਸਪਸ਼ਟ ਰੂਪ ਵਿੱਚ ਉਦਾਸੀ ਦੇ ਵਡੱਪਣ ਦੀ ਦਾਦ ਦੇਣਾ ਆਪਣੇ ਆਪ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਦੋਵੇਂ ਕਵੀ ਇੱਕ-ਸੁਰ ਸਨ ਅਤੇ ਉਨ੍ਹਾਂ ਨੂੰ ਵੰਡਣ ਵਾਲ਼ੇ ਮੌਜੂਦਾ ਲੋਕ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਰਕਾਰ ਅਤੇ ਲੋਟੂ ਜਮਾਤ ਦੇ ਹੱਕ ਵਿੱਚ ਭੁਗਤ ਰਹੇ ਹਨ। ਜਸਵਿੰਦਰ ਸੰਧੂ ਨੇ ਕਿਹਾ ਕਿ ਸਾਨੂੰ ਕਵਿਤਾ ਵਿੱਚ ਅਕਾਦਮਿਕ ਅਤੇ ਸਧਾਰਨ ਪੱਧਰ ਵਰਗੀਆਂ ਵੰਡੀਆਂ ਵੀ ਨਹੀਂ ਪਾਉਣੀਆਂ ਚਾਹੀਦੀਆਂ। ਉਨ੍ਹਾਂ ਕਿਹਾ ਕਿ ਬੇਸ਼ੱਕ ਅਕਾਦਮਿਕ ਅਦਾਰਿਆਂ ਨੇ ਉਦਾਸੀ ਨੂੰ ਅਣਗੌਲ਼ਿਆ ਹੈ ਪਰ ਆਮ ਲੋਕਾਂ ਨੇ ਉਦਾਸੀ ਨੂੰ ਸਵੀਕਾਰਿਆ ਹੈ। ਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਕਮੀਆਂ-ਪੇਸ਼ੀਆਂ ਹਰ ਇਨਸਾਨ ਵਿੱਚ ਹੁੰਦੀਆਂ ਹਨ ਪਰ ਦੋ ਕਵੀਆਂ ਵਿੱਚ ਮੁਕਾਬਲਾ ਕਰਨਾ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿੱਥੇ ਪਾਸ਼ ਦਾ ਆਪਣਾ ਸਾਹਿਤਕ ਕੱਦ-ਬੁੱਤ ਹੈ ਓਥੇ ਉਦਾਸੀ ਨੇ ਆਪਣੀ ਲੇਖਣੀ ਅਤੇ ਆਵਾਜ਼ ਰਾਹੀਂ ਹਜ਼ਾਰਾਂ ਹੀ ਲੋਕਾਂ ਦੇ ਇਕੱਠਾਂ ਨੂੰ ਪ੍ਰਭਾਵਿਤ ਕੀਤਾ ਹੈ।



ਬ੍ਰਜਿੰਦਰ ਕੌਰ ਗੁਲਾਟੀ ਨੇ ਅੰਤਰਰਾਸ਼ਟਰੀ ਪੱਧਰ ਤੇ ਅਪ੍ਰੈਲ ਮਹੀਨੇ ਦੇ ਕਵਿਤਾ-ਮਾਹ ਵੱਜੋਂ ਮਨਾਏੇ ਜਾਣ ਬਾਰੇ ਲਿਖੇ ਆਪਣੇ ਲੇਖ ਵਿੱਚ ਕਿਹਾ ਕਿ ਕਵਿਤਾ ਵੱਲ ਲੋਕਾਂ ਦੀ ਰੁਚੀ ਵਧਾਉਣ ਲਈ, ਕਵੀਆਂ ਦੀਆਂ ਲਿਖਤਾਂ ਨੂੰ ਹੋਰ ਜ਼ਿਆਦਾ ਲੋਕਾਂ ਦੇ ਸਾਹਮਣੇ ਲਿਆਉਣ ਲਈ, ਅਤੇ ਸਕੂਲਾਂ ਦੇ ਸਿਲੇਬਸ ਵਿੱਚ ਕਵਿਤਾ ਨੂੰ ਹੋਰ ਅਹਿਮੀਅਤ ਦੁਆਉਣ ਦੇ ਵਿਚਾਰ ਨਾਲ ਅਕੈਡਮੀ ਔਫ਼ ਅਮੈਰਿਕਨ ਪੋਇਟਸਨਾਂ ਦੀ ਸੰਸਥਾ ਵੱਲੋਂ ਇਹ ਮੁਹਿੰਮ ਛੇੜੀ ਗਈ ਅਤੇ 1996 ਵਿੱਚ ਇਸ ਦਿਨ ਨੂੰ ਮਾਨਤਾ ਦਿੰਦਿਆਂ ਹੋਇਆਂ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਕਿਹਾ ਕਵੀਆਂ ਦੀ ਲਿਖਤ ਅਤੇ ਉਨ੍ਹਾਂ ਦੇ ਸ਼ਬਦਾਂ ਦਾ ਭੰਡਾਰ ਸਾਡੇ ਕਲਚਰ ਨੂੰ ਹੋਰ ਅਮੀਰ ਕਰਦਾ ਹੈ ਅਤੇ ਨਵੀਂ ਅਮਰੀਕਨ ਪੀੜ੍ਹੀ ਨੂੰ ਲਿਖਣ ਅਤੇ ਪੜ੍ਹਣ ਵੱਲ ਪ੍ਰੇਰਦਾ ਹੈ।ਸੰਨ 1999 ਵਿੱਚ ਕੈਨੇਡਾ ਨੇ ਵੀ ਅਪ੍ਰੈਲ ਵਿੱਚ ਨੈਸ਼ਨਲ ਪੋਇਟਰੀ ਮੰਥਮਨਾਉਣਾ ਸ਼ੁਰੂ ਕੀਤਾ ਜਿਸ ਨੂੰ ਲੀਗ ਔਫ਼ ਕਨੇਡੀਅਨ ਪੋਇਟਸਨੇ ਸਪੌਂਸਰ ਕੀਤਾ। ਉਨ੍ਹਾਂ ਵੱਲੋਂ ਇਸ ਮਹੀਨੇ ਕਵੀਆਂ ਦੀਆਂ ਕਿਰਤਾਂ ਨੂੰ ਲੈ ਕੇ ਦਾ ਜਰਾਰਡ ਲੈਂਪਰਟ ਐਂਡ ਲੋਥਰ ਅਵਾਰਡਜ਼ਲਈ ਮੁਕਾਬਲੇ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਦੁਨੀਆਂ ਭਰ ਵਿੱਚ ਅਪ੍ਰੈਲ ਮਹੀਨੇ ਨੂੰ ਕਵਿਤਾ-ਮਾਹ ਵਜੋਂ ਮਨਾਇਆ ਜਾਣ ਲੱਗਾ ਹੈ। ਕੈਨੇਡੀਅਨ ਕਵੀ ਪੀਅਰ ਜਿਔਰਜੀਔ ਡੀ ਸਿਕੋ ਦੇ ਸ਼ਬਦਾਂ ਨੂੰ ਦੁਹਰਾਉਂਦਿਆਂ ਗੁਲਾਟੀ ਹੁਰਾਂ ਕਿਹਾ ਕਵਿਤਾ ਦੇ ਉੱਚੇ ਵਿਚਾਰਾਂ ਅਤੇ ਸ਼ਾਨੋ-ਸ਼ੌਕਤ ਤੋਂ ਬਿਨਾਂ ਤੁਸੀਂ ਭਵਿੱਖ ਨੂੰ ਚੰਗਾ ਨਹੀਂ ਬਣਾ ਸਕਦੇ। ਅੱਜ ਦਾ ਯੁੱਗ ਧਨ-ਦੌਲਤ ਅਤੇ ਖ਼ੁਸ਼ਹਾਲੀ ਦਾ ਰਾਗ ਅਲਾਪ ਰਿਹਾ ਹੈ, ਉਸ ਵਕਤ ਕਵੀ ਹੀ ਸਾਨੂੰ ਦੱਸਦੇ ਹਨ ਕਿ ਸ਼ਹਿਰ ਇਨਸਾਨਾਂ ਤੋਂ ਬਿਨਾਂ ਕੁਝ ਵੀ ਨਹੀਂ। ਕਵਿਤਾ ਜ਼ਿੰਦਗੀ ਜੀਣ ਦਾ ਇੱਕ ਅਲੱਗ ਅੰਦਾਜ਼ ਹੈ। ਕਵੀ ਨੇ ਨਾਗਰਿਕ ਦੇ ਤੌਰ ਤੇ ਸਿਰਜਣਾਤਮਕ ਰਚਨਾ ਨੂੰ ਉੱਚਾ ਚੁੱਕਣਾ ਹੈ ਜਿਸ ਤੋਂ ਬਿਨਾਂ ਜਿ਼ੰਦਗੀ ਬਹੁਤ ਨੀਰਸ ਹੋ ਜਾਂਦੀ ਹੈ।ਕਾਫ਼ਲੇ ਦੀ ਸਾਲ 2001 ਵਿੱਚ ਛਪੀ ਕਿਤਾਬ ਪਿੱਪਲ਼ ਤੋਂ ਮੇਪਲ ਤੱਕਦਾ ਹਵਾਲਾ ਦਿੰਦਿਆਂ ਅਤੇ ਕਾਫ਼ਲੇ ਦੀ ਪਿਛਲੇ 18 ਸਾਲ ਦੀ ਕਾਰਗੁਜ਼ਾਰੀ ਤੇ ਨਜ਼ਰ ਮਾਰਦਿਆਂ ਉਨ੍ਹਾਂ ਕਿਹਾ ਕਿ ਕੈਨੇਡੀਅਨ ਸਾਹਿਤ ਵਿੱਚ ਕਾਫ਼ਲਾ ਆਪਣਾ ਮਾਣਮੱਤਾ ਯੋਗਦਾਨ ਪਾ ਰਿਹਾ ਹੈ।



ਇਸ ਸਮਾਗਮ ਦੌਰਾਨ ਪ੍ਰਿੰਸੀਪਲ ਸਰਵਣ ਸਿੰਘ ਵੱਲੋਂ ਸੰਪਾਦਤ ਕਿਤਾਬ ਕੰਪਿਊਟਰ ਦਾ ਧਨੰਤਰ: ਕਿਰਪਾਲ ਸਿੰਘ ਪੰਨੂੰ” (ਕਿਰਪਾਲ ਪੰਨੂੰ ਦੇ 75ਵੇਂ ਜਨਮ-ਦਿਨ ਤੇ ਦੂਸਰੇ ਲੇਖਕਾਂ ਵੱਲੋਂ ਉਨ੍ਹਾਂ ਪ੍ਰਤੀ ਲਿਖੇ ਲੇਖ), ਜਰਨੈਲ ਸਿੰਘ ਕਹਾਣੀਕਾਰ ਵੱਲੋਂ ਕੈਨੇਡਾ ਦੀਆਂ ਪੰਜਾਬੀ ਕਹਾਣੀਆਂ ਦੀ ਸੰਪਾਦਤ ਕੀਤੀ ਹੋਈ ਕਿਤਾਬ ਮੇਪਲ ਦੇ ਰੰਗ”, ਹਰਮੋਹਨ ਛਿੱਬਰ ਹੁਰਾਂ ਦੀ ਹਾਸ-ਰਸ ਦੀ ਅੰਗ੍ਰੇਜ਼ੀ ਵਿੱਚ ਲਿਖੀ ਕਿਤਾਬ ਇਨਸੀਡੈਂਟਲ ਸਮਾਇਲਜ਼”, ਅਤੇ ਮਲੂਕ ਸਿੰਘ ਕਾਹਲ਼ੋਂ ਦੀ ਕਿਤਾਬ ਲੋਕ ਵੇਦਨਾਰਲੀਜ਼ ਕੀਤੀਆਂ ਗਈਆਂ ਅਤੇ ਆਉਣ ਵਾਲ਼ੇ ਦਿਨਾਂ ਵਿੱਚ ਇਨ੍ਹਾਂ ਤੇ ਵਿਚਾਰ ਚਰਚਾ ਕਰਨ ਦਾ ਵਾਅਦਾ ਕੀਤਾ ਗਿਆ।



ਇਸੇ ਦੌਰਾਨ ਜਿੱਥੇ ਕਾਫ਼ਲੇ ਵੱਲੋਂ ਅਗਲੇ ਮਹੀਨੇ ਪ੍ਰਗਤੀਸ਼ੀਲ ਸਾਹਿਤਦੇ ਵਿਸ਼ੇ ਤੇ ਕਰਵਾਏ ਜਾ ਰਹੇ ਸੈਮੀਨਾਰ ਬਾਰੇ ਗੱਲਬਾਤ ਹੋਈ ਓਥੇ ਕਾਫ਼ਲੇ ਦਾ ਵੈੱਬਸਾਈਟ www.kalmandakafla.com ਵੀ ਲੌਂਚ ਕੀਤਾ ਗਿਆ।



ਉਂਕਾਰਪ੍ਰੀਤ ਵੱਲੋਂ ਕਾਫ਼ਲੇ ਦੇ ਸੰਚਾਲਕਾਂ ਦੀ ਚੋਣ ਸਮੇਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਜਰਨੈਲ ਸਿੰਘ ਕਹਾਣੀਕਾਰ ਨੂੰ ਬੇਨਤੀ ਕੀਤੀ ਗਈ ਕਿ ਉਹ ਇਹ ਕਾਰਵਾਈ ਚਲਾਉਣ। ਜਰਨੈਲ ਸਿੰਘ ਨੇ ਇਸ ਕਾਰਵਾਈ ਲਈ ਸੁਝਾਅ ਦੇਣ ਦਾ ਸੱਦਾ ਦੇਣ ਦੇ ਨਾਲ਼ ਹੀ ਆਪਣੇ ਵੱਲੋਂ ਸੁਝਾਅ ਦਿੱਤਾ ਕਿ ਮੌਜੂਦਾ ਟੀਮ ਦੇ ਕੰਮ ਦੀ ਰੌਸ਼ਨੀ ਵਿੱਚ ਉਹ ਸੁਝਾਅ ਦਿੰਦੇ ਹਨ ਕਿ ਇਸੇ ਟੀਮ ਨੂੰ ਹੀ ਅਗਲੇ ਸਾਲ ਲਈ ਰੱਖਿਆ ਜਾਵੇ। ਮਿੰਨੀ ਗਰੇਵਾਲ਼ ਵੱਲੋਂ ਇਸ ਸਿਫ਼ਾਰਿਸ਼ ਨੂੰ ਸੈਕਿੰਡ ਕੀਤਾ ਗਿਆ ਜਦਕਿ ਕੁਲਜੀਤ ਮਾਨ ਅਤੇ ਰਾਜਪਾਲ ਬੋਪਾਰਾਏ ਬਹੁਤ ਸਾਰੇ ਹਾਜ਼ਰ ਮੈਂਬਰਾਂ ਨੇ ਇਸ ਸਿਫ਼ਾਰਿਸ਼ ਦੀ ਪ੍ਰੋੜਤਾ ਕੀਤੀ। ਮੌਜੂਦਾ ਟੀਮ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਮੈਂਬਰਾਂ ਵੱਲੋਂ ਆਏ ਸੁਝਾਵਾਂ, ਜਿਨ੍ਹਾਂ ਵਿੱਚ ਜਸਵਿੰਦਰ ਸੰਧੂ ਵੱਲੋਂ ਬਾਕੀ ਮੈਂਬਰਾਂ ਵੱਲੋਂ ਵੀ ਕਾਫ਼ਲੇ ਦੀ ਕਾਰਵਾਈ ਵਿੱਚ ਹਿੱਸਾ ਲੈਣ ਲਈ ਪ੍ਰੇਰਨਾ ਅਤੇ ਨਾਹਰ ਔਜਲਾ ਵੱਲੋਂ ਸਵਾਲ-ਜਵਾਬਾਂ ਲਈ ਵੱਧ ਸਮਾਂ ਦੇਣਾ ਸ਼ਾਮਲ ਸੀ, ਨੂੰ ਅਗਲੇ ਦਿਨਾਂ ਵਿੱਚ ਲਾਗੂ ਕਰਨ ਦਾ ਵਾਅਦਾ ਕੀਤਾ। ਜਰਨੈਲ ਸਿੰਘ ਅਤੇ ਸੁਦਾਗਰ ਸਿੰਘ ਬਰਾੜ ਲੰਡੇ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਮੇਂ ਦੀ ਪਾਬੰਦੀ ਹੋਣ ਕਰਕੇ ਗੱਲਬਾਤ ਨੂੰ ਸੀਮਤ ਰੱਖਣਾ ਇੱਕ ਮਜਬੂਰੀ ਹੈ ਪਰ ਸਾਰੇ ਮੈਂਬਰਾਂ ਦੇ ਸਮੇਂ-ਸਿਰ ਮੀਟਿੰਗ ਵਿੱਚ ਪਹੁੰਚਣ ਨਾਲ਼ ਇਹ ਮੁਸ਼ਕਲ ਕਾਫੀ ਹੱਦ ਤੱਕ ਹੱਲ ਹੋ ਸਕਦੀ ਹੈ।



ਮੀਟਿੰਗ ਦੀ ਗੱਲਬਾਤ ਵਿੱਚ ਹਿੱਸਾ ਲੈ ਰਹੇ ਸਾਹਿਤਕਾਰਾਂ ਅਤੇ ਦੋਸਤਾਂ ਵਿੱਚ ਡਾ. ਹਰਭਜਨ ਸਿੰਘ ਗਰੀਜ਼ੀ, ਜਗਤਾਰ ਸਿੰਘ ਗਿੱਲ, ਜਰਨੈਲ ਸਿੰਘ ਗਰਚਾ, ਹਰਜੀਤ ਕੌਰ ਸੰਧੂ, ਪਤਵੰਤ ਕੌਰ ਪੰਨੂੰ, ਕੁਲਜੀਤ ਮਾਨ, ਮਨਮੋਹਨ ਗੁਲਾਟੀ, ਰਾਵੀ ਮਿਨਹਾਸ, ਬਲਰਾਜ ਚੀਮਾ, ਪੂਰਨ ਸਿੰਘ ਪਾਂਧੀ, ਸੁਰਜਨ ਜ਼ੀਰਵੀ, ਨਾਹਰ ਸਿੰਘ ਔਜਲਾ, ਮਿੰਨੀ ਗਰੇਵਾਲ, ਪ੍ਰਿਤਪਾਲ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ ਢਿੱਲੋਂ, ਬਲਦੇਵ ਦੂਹੜੇ, ਅਤੇ ਗੁਰਮੀਤ ਸਿੰਘ, ਆਦਿ ਸ਼ਾਮਲ ਸਨ। ਕਾਫ਼ਲੇ ਦੀ ਅਗਲੀ ਮੀਟਿੰਗ ਵਿਸ਼ੇਸ਼ ਮੀਟਿੰਗ ਹੋਵੇਗੀ ਜੋ 28 ਮਈ ਨੂੰ ਸੰਤ ਸਿੰਘ ਸੇਖੋਂ ਹਾਲ ਵਿੱਚ ਸਵੇਰ ਤੋਂ ਸ਼ੁਰੂ ਹੋਵੇਗੀ ਅਤੇ ਰਾਤ ਨੂੰ ਕਵੀ ਦਰਬਾਰ ਨਾਲ਼ ਸਮਾਪਤ ਹੋਵੇਗੀ। ਇਸ ਦੀ ਜ਼ਿਆਦਾ ਜਾਣਕਾਰੀ ਕਾਫ਼ਲੇ ਦੀ ਉਪਰੋਕਤ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ।

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ