Monday, April 11, 2011

ਡਾ.ਜਲੌਰ ਸਿੰਘ ਖੀਵਾ ਦੀ ਪੁਸਤਕ ‘ਪੰਜਾਬੀ ਸਭਿਆਚਾਰ :‘ਰਿਸ਼ਤਿਆਂ ਦੀ ਸੰਬਾਦਿਕਤਾ’‘ਤੇ ਵਿਚਾਰ ਗੋਸ਼ਟੀ - ਰਿਪੋਰਟ


ਰਿਪੋਰਟ: ਡਾ. ਨਿਰਮਲ ਜੌੜਾ: - ਗੁਜਰਾਂਵਾਲਾ ਗੁਰੁ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਚ ਬਾਬਾ ਫਰੀਦ ਫਾਊਂਡੇਸ਼ਨ ਇੰਟਰਨੈਸ਼ਨਲ ਅਤੇ ਯੂਥ ਸਭਿਆਚਾਰਕ ਲੋਕ ਹਿਤੈਸ਼ੀ ਮੰਚ ਵਲੋਂ ਪੰਜਾਬੀ ਦੇ ਉੱਘੇ ਵਿਦਵਾਨ ਡਾ. ਜਲੌਰ ਸਿੰਘ ਖੀਵਾ ਦੀ ਅਲੋਚਨਾ ਪੁਸਤਕ ਪੰਜਾਬੀ ਸਭਿਆਚਾਰ : ਰਿਸ਼ਤਿਆਂ ਦੀ ਸੰਬਾਦਿਕਤਾ ਤੇ ਵਿਚਾਰ ਗੋਸ਼ਟੀ ਹਿਤ ਹੋਏ ਸਮਾਗਮ ਤੇ ਸਰਸਵਤੀ ਸਨਮਾਨ ਵਿਜੇਤਾ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਰਿਸ਼ਤਿਆਂ ਦੀ ਪਵਿੱਤਰਤਾ ਹੀ ਮਨੁੱਖਤਾ ਦਾ ਆਧਾਰ ਹੈ ਅਤੇ ਹਰ ਰਿਸ਼ਤੇ ਦੀ ਆਪਣੀ ਮਹੱਤਤਾ ਹੈ ਇਸ ਲਈ ਸਾਨੂੰ ਰਿਸ਼ਤਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਡਾ. ਪਾਤਰ ਨੇ ਕਿਹਾ ਕਿ ਅਸੀਂ ਸਹਿਜ-ਸੁਭਾਅ ਅਸੀਂ ਇਕ ਦੂਜੇ ਨੂੰ ਜਿਨਾਂ ਰਿਸ਼ਤਿਆਂ ਨਾਲ ਬੁਲਾਉਂਦੇ ਹਾਂ ਉਹਨਾਂ ਬਾਰੇ ਇਸ ਪੁਸਤਕ ਵਿਚੋਂ ਗਹਿਰਾ ਗਿਆਨ ਮਿਲਦਾ ਹੈ । ਉਹਨਾਂ ਕਿਹਾ ਕਿ ਜੇ ਰਿਸ਼ਤਿਆਂ ਦੇ ਅਰਥ ਪਤਾ ਹੋਣ ਤਾਂ ਇਨਾਂ ਨੂੰ ਵਰਤਣ ਦਾ ਲੁਤਫ਼ ਵੱਖਰਾ ਹੰਦਾ ਹੈ ।



ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ.ਸਿੰਘ ਨੇ ਕਿਹਾ ਕਿ ਡਾ. ਖੀਵਾ ਨੇ ਇਸ ਨਾਜ਼ਕ ਵਿਸ਼ੇ ਤੇ ਖੋਜ ਕਰਨ ਦੀ ਪਹਿਲਕਦਮੀ ਕੀਤੀ ਹੈ। ਇਸ ਪੁਸਤਕ ਵਿਚਲੇ ਵਿਸ਼ਿਆਂ ਤੇ ਅਧਿਐਨ ਕਰਦਿਆਂ ਡਾ. ਐਸ.ਪੀ.ਸਿੰਘ ਕਿਹਾ ਕਿ ਅਧਿਆਪਕ ਅਤੇ ਵਿਦਿਆਰਥੀ ਦਾ ਰਿਸ਼ਤਾ ਮਨੁੱਖੀ ਵਿਕਾਸ ਵਿਚ ਉੱਤਮ ਅਤੇ ਸੁੱਚਾ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਗਿੱਲ ਨੇ ਰਿਸ਼ਤਿਆਂ ਦੀ ਗੁਆਚ ਰਹੀ ਮਹਿਕ ਨੂੰ ਬਚਾਉਣਾ ਸਾਡਾ ਪਹਿਲਾ ਧਰਮ ਹੈ। ਉਹਨਾਂ ਪੰਜਾਬੀ ਗੀਤ ਸੰਗੀਤ ਅਤੇ ਹੋਰ ਲਿਖਤਾਂ ਵਿਚ ਰਿਸ਼ਤਿਆਂ ਦੀ ਹੋ ਰਹੀ ਦੁਰਗਤੀ ਨੂੰ ਭਵਿੱਖ ਲਈ ਬੇਹੱਦ ਖ਼ਤਰਨਾਕ ਕਿਹਾ । ਵਿਸ਼ਵ ਪੰਜਾਬੀ ਸਭਿਆਚਾਰਕ ਮੰਚ ਦੇ ਪ੍ਰਧਾਨ ਸ. ਜਗਦੇਵ ਸਿੰਘ ਜੱਸੋਵਾਲ ਨੇ ਕਿਹਾ ਕਿ ਡਾ. ਖੀਵਾ ਦੀ ਇਹ ਪੁਸਤਕ ਆਉਣ ਵਾਲੀਆਂ ਪੀੜੀਆਂ ਲਈ ਤੋਹਫ਼ਾ ਹੋਵੇਗੀ । ਰਿਸ਼ਤਿਆਂ ਨੂੰ ਆਪਣੇ ਗੀਤਾਂ ਚ ਪਰੋਕੇ ਪੇਸ਼ ਕਰਨ ਵਾਲੇ ਨਿਵੇਕਲੇ ਗਾਇਕ ਪਾਲੀ ਦੇਤਵਾਲੀਆ ਨੇ ਸੁਹਜ ਭਰੀ ਆਵਾਜ਼ ਅਤੇ ਅੰਦਾਜ਼ ਵਿਚ ਪੁਤਾਂ ਨੂੰ ਜਿਉਣ ਜੋਗੇ ਕਹਿਣ ਵਾਲਿੳ ਧੀਆਂ ਨੂੰ ਵੀ ਕਿਹਾ ਕਰੋ ਜਿਉਣ ਜੋਗੀਆਂਗੀਤ ਪੇਸ਼ ਕਰਕੇ ਮਾਹੌਲ ਨੂੰ ਹੋਰ ਸੰਜੀਦਾ ਕੀਤਾ ।



ਪੰਜਾਬੀ ਦੇ ਉੱਘੇ ਵਿਦਵਾਨ ਡਾ. ਸ.ਨ.ਸੇਵਕ ਦੇ ਸਵਾਗਤੀ ਸ਼ਬਦਾਂ ਉਪਰੰਤ ਸਮਾਗਮ ਵਿਚ ਹਾਜ਼ਿਰ ਸਾਹਿਤ ਪ੍ਰੇਮੀਆਂ ਨਾਲ ਪੁਸਤਕ ਸਬੰਧੀ ਵਿਚਾਰ ਕਰਦਿਆਂ ਗੁਰੂ ਗੋਬਿੰਦ ਸਿੰਘ ਗਰਲਜ਼ ਕਾਲਜ ਕਮਾਲਪੁਰਾ ਦੇ ਪ੍ਰਿੰਸੀਪਲ ਡਾ. ਬਰਿੰਦਰਜੀਤ ਕੌਰ ਦਾ ਮੱਤ ਸੀ ਡਾ. ਖੀਵਾ ਨੇ ਮਨੁੱਖੀ ਰਿਸ਼ਤਿਆਂ ਦੀ ਤਹਿਸੀਰ ਨੂੰ ਸਫ਼ਲਤਾ ਨਾਲ ਫਰੋਲਿਆ ਹੈ । ਆਪਣੇ ਖੋਜ ਪੱਤਰ ਵਿਚ ਖਾਲਸਾ ਕਾਲਜ ਫਾਰ ਵਿਮੈਨ ਦੇ ਪੰਜਾਬੀ ਪ੍ਰਾਅਧਿਆਪਕ ਡਾ. ਪਰਮਜੀਤ ਕੌਰ ਪਾਸੀ ਨੇ ਪੁਸਤਕ ਦੇ ਸਹਿ ਵਿਸ਼ਿਆਂ ਦਾ ਬਾਖ਼ੂਬੀ ਨਾਲ ਵਿਸ਼ਲੇਸ਼ਣ ਕੀਤਾ ਅਤੇ ਕੁਮਾਰ ਜਗਦੇਵ ਸਿੰਘ ਨੇ ਡਾ. ਜਲੌਰ ਸਿੰਘ ਖੀਵਾ ਦੀ ਪੁਸਤਕ ਦੇ ਨਾਲ ਨਾਲ ਸ਼ਖ਼ਸੀਅਤ ਅਤੇ ਸਾਹਿਤਕ ਜੀਵਨ ਯਾਤਰਾ ਤੇ ਚਾਨਣਾ ਪਾਉਂਦਿਆਂ ਡਾ. ਖੀਵਾ ਨੂੰ ਜ਼ਿੰਦਗੀ ਦਾ ਕਰਮਯੋਗੀ ਕਿਹਾ ।ਪੁਸਤਕ ਅਤੇ ਖੋਜ ਪੱਤਰਾਂ ਤੇ ਹੋਈ ਉਸਾਰੂ ਚਰਚਾ ਵਿਚ ਡਾ. ਸ.ਨ.ਸੇਵਕ, ਡਾ. ਸੁਖਦੇਵ ਸਿੰਘ , ਸ. ਚੰਦ ਸਿੰਘ ਸਦਿਉੜਾ ਕੈਨੇਡਾ , ਜਸਵੰਤ ਜ਼ਫ਼ਰ, ਡਾ. ਗੁਲਜ਼ਾਰ ਪੰਧੇਰ ,ਰਮਣੀਕ ਕੌਰ ਅਤੇ ਸੁਖਦੇਵ ਮਾਦਪੁਰੀ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ । ਫਾਊਂਡੇਸ਼ਨ ਦੇ ਚੇਅਰਮੈਨ ਪ੍ਰੀਤਮ ਸਿੰਘ ਭਰੋਵਾਲ ਅਤੇ ਮੰਚ ਦੇ ਪ੍ਰਧਾਨ ਸ. ਸੰਤੋਖ ਸਿੰਘ ਸੁਖਾਣਾ ਨੇ ਪ੍ਰੋ.ਖੀਵਾ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ।



ਖੋਜ ਪੱਤਰਾਂ ਅਤੇ ਵਿਦਵਾਨਾਂ ਦੇ ਵਿਚਾਰਾਂ ਦੇ ਪ੍ਰਤੀਕਰਮ ਵਜੋਂ ਬੋਲਦਿਆਂ ਡਾ. ਜਲੌਰ ਸਿੰਘ ਖੀਵਾ ਨੇ ਕਿਹਾ ਕਿ ਬਚਪਨ ਤੋਂ ਹੁਣ ਤੱਕ ਜੋ ਕੁਝ ਤਨ ਮਨ 'ਤੇ ਹੰਢਾਇਆ ਹੈ ਉਸਦਾ ਗੁੱਭ-ਗੁਹਾਟ ਇਸ ਪੁਸਤਕ ਦੇ ਰੂਪ ਵਿਚ ਤੁਹਾਡੇ ਸਾਹਮਣੇ ਹੈ। ਡਾ. ਖੀਵਾ ਨੇ ਕਿਹਾ ਰਿਸ਼ਤਿਆਂ ਵਿਚਲੀ ਮਹਿਕ ਅਤੇ ਦੁਰਗੰਧ ਦਾ ਸੁਮੇਲ ਮੇਰੇ ਹੱਡਾਂ ਵਿਚ ਰਚਿਆ ਹੈ ਜਿਸ ਨੂੰ ਮੈਂ ਉਮਰ ਭਰ ਤਨ-ਮਨ ਤੇ ਹੰਢਾਇਆ ਹੈ ,ਆਉਣ ਵਾਲੇ ਸਮੇਂ ਵਿਚ ਸਭ ਬੰਦਿਸ਼ਾਂ ਨੂੰ ਤੋੜਕੇ ਲੋਕ ਅਰਪਣ ਕਰ ਦੇਵਾਂਗਾ । ਇਸ ਵਿਚਾਰ ਗੋਸ਼ਟੀ ਵਿਚ ਪੰਜਾਬੀ ਦੇ ਉੱਘੇ ਵਿਦਵਾਨ , ਸਾਹਿਤਕਾਰ, ਵੱਖ ਵੱਖ ਕਾਲਜਾਂ ਦੇ ਪੰਜਾਬੀ ਪ੍ਰਾਅਧਿਆਪਕਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਾਹਿਤ-ਪ੍ਰੇਮੀ ਹਾਜ਼ਿਰ ਸਨ।ਪ੍ਰੋ. ਗੁਣਵੰਤ ਸਿੰਘ ਦੂਆ ਨੇ ਡਾ: ਖੀਵਾ ,ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।



No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ