Friday, August 20, 2010

ਕਾਫ਼ਲੇ ਵੱਲੋਂ ਬਲਬੀਰ ਕੌਰ ਸੰਘੇੜਾ ਦੇ ਨਾਵਲ ‘ਜਾਲ਼’ ‘ਤੇ ਭਖਵੀਂ ਗੋਸ਼ਟੀ ਹੋਈ - ਰਿਪੋਰਟ


ਟਰਾਂਟੋ:- (ਕੁਲਵਿੰਦਰ ਖਹਿਰਾ) ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋਵੱਲੋਂ 8 ਅਗਸਤ ਨੂੰ ਬਲਬੀਰ ਕੌਰ ਸੰਘੇੜਾ ਦੇ ਨਵੇਂ ਨਾਵਲ ਜਾਲ਼’ ‘ਤੇ ਗੋਸ਼ਟੀ ਕਰਵਾਈ ਗਈ ਜਿਸ ਵਿੱਚ ਜਰਨੈਲ ਸਿੰਘ ਕਹਾਣੀਕਾਰ ਅਤੇ ਕੁਲਜੀਤ ਮਾਨ ਵੱਲੋਂ ਪੇਪਰ ਪੜ੍ਹੇ ਗਏ ਅਤੇ ਹਾਜ਼ਿਰ ਲੇਖਕਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ

-----

ਰੌਇਲ ਇੰਡੀਆ ਸਵੀਟਸਰੈਸਟੋਰੈਂਟ ਵਿੱਚ ਹੋਏ ਇਸ ਸਮਾਗਮ ਵਿੱਚ ਪੇਪਰ ਪੜ੍ਹਦਿਆਂ ਜਰਨੈਲ ਸਿੰਘ ਨੇ ਨਾਵਲ ਦੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਨਾਵਲ ਮੁੱਖ ਤੌਰ ਤੇ ਇੱਕ ਸੰਘਰਸ਼ਸ਼ੀਲ ਪਤਨੀ ਦਾ ਇੱਕ ਸ਼ਰਾਬੀ-ਕਬਾਬੀ ਤੇ ਅਨੁ਼ਸਾਸ਼ਨਹੀਣ ਪਤੀ ਨਾਲ਼ ਕੁਜੋੜ ਦੀ ਗਾਥਾ ਹੈਜੂਏਬਾਜ਼ੀ ਦੀ ਲਾਹਨਤ ਵਿੱਚ ਫ਼ਸ ਕੇ ਕਰਜ਼ੇ ਦੀ ਪੰਡ ਤੋਂ ਡਰਦਾ ਹੋਇਆ ਇੰਦਰਾ ਗਾਂਧੀ ਦੇ ਕਤਲ ਵਾਲ਼ੇ ਦਿਨ ਦਿੱਲੀ ਤੋਂ ਪੰਜਾਬ ਭੱਜਾ ਗੁਰਿੰਦਰ ਅੱਤਵਾਦ ਦੇ ਨਾਂ ਤੇ ਪੰਜਾਬ ਪੁਲੀਸ ਦੀ ਮਾਰ ਹੇਠ ਆਉਣ ਤੋਂ ਬਾਅਦ ਆਪਣੀ ਪਤਨੀ ਸਮੇਤ ਕੈਨੇਡਾ ਪਹੁੰਚਦਾ ਹੈ ਜਿੱਥੇ ਮਿਹਨਤੀ ਜ਼ਿੰਦਗੀ ਸ਼ੁਰੂ ਕਰਨ ਤੋਂ ਬਾਅਦ ਇੱਕ ਵਾਰ ਫਿਰ ਸ਼ਰਾਬ ਅਤੇ ਜੂਏ ਦੇ ਜਾਲ਼ ਵਿੱਚ ਏਨੀ ਬੁਰੀ ਤਰ੍ਹਾਂ ਫ਼ਸਦਾ ਹੈ ਕਿ ਕੁਝ ਪੈਸਿਆਂ ਬਦਲੇ ਆਪਣੀ ਪਤਨੀ ਪ੍ਰੀਤੀ ਦਾ ਹੱਥ ਸਤਵੰਤ ਦੇ ਹੱਥ ਦੇ ਦਿੰਦਾ ਹੈਭਾਵੇਂ ਗੁਰਿੰਦਰ ਆਪਣੀ ਇਸ ਕਮੀਨਗੀ ਤੋਂ ਸ਼ਰਮਿੰਦਾ ਹੋ ਕੇ ਮੁਆਫ਼ੀ ਵੀ ਮੰਗਦਾ ਹੈ ਪਰ ਪ੍ਰੀਤੀ ਆਪਣੇ ਬੱਚੇ ਲੈਕੇ ਉਸ ਤੋਂ ਵੱਖ ਹੋ ਜਾਂਦੀ ਹੈ ਅਤੇ ਸਤਵੰਤ ਵੱਲ ਖਿੱਚੀ ਜਾਂਦੀ ਹੈਗੁਰਿੰਦਰ ਦੇ ਫਿਰ ਤੋਂ ਪਰਵਾਰ ਨਾਲ਼ ਜੁੜਨ ਦੀ ਕੋਸ਼ਿਸ਼ ਕਰਨ ਕਰਕੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚਦੀ ਹੋਈ ਪ੍ਰੀਤੀ ਦੋਚਿੱਤੀ ਵਿੱਚ ਹੀ ਹੁੰਦੀ ਹੈ ਕਿ ਇੰਡੀਆ ਗਏ ਗੁਰਿੰਦਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਅਤੇ ਨਾਵਲ ਦਾ ਅੰਤ ਹੋ ਜਾਂਦਾ ਹੈ

-----

ਜਰਨੈਲ ਸਿੰਘ ਨੇ ਵੇਰਵਾ ਦਿੰਦਿਆਂ ਦੱਸਿਆ ਕਿ ਇਸ ਨਾਵਲ ਰਾਹੀਂ ਬਲਬੀਰ ਕੌਰ ਸੰਘੇੜਾ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਲੈਣ ਲਈ ਵਰਤੇ ਜਾਂਦੇ ਹਥਕੰਡਿਆਂ ਤੋਂ ਇਲਾਵਾ ਭਾਰਤ ਅਤੇ ਕੈਨੇਡਾ ਨਾਲ਼ ਸਬੰਧਿਤ ਬਹੁਤ ਸਾਰੇ ਇਤਿਹਾਸਕ, ਸਮਾਜਿਕ, ਅਤੇ ਰਾਜਨੀਤਿਕ ਮਸਲਿਆਂ ਨੂੰ ਵੀ ਪੇਸ਼ ਕੀਤਾ ਹੈਜਰਨੈਲ ਸਿੰਘ ਨੇ ਕਿਹਾ ਕਿ ਜਿੱਥੇ ਬਲਬੀਰ ਕੌਰ ਸੰਘੇੜਾ ਨੇ ਬਹੁਤ ਸਾਰੇ ਮਸਲਿਆਂ ਨੂੰ ਛੁੰਹਦਿਆਂ ਹੋਇਆਂ ਨਾਵਲ ਦੇ ਸਾਰੇ ਕਾਂਡ ਆਪਸ ਵਿੱਚ ਬਾਖ਼ੂਬੀ ਜੋੜੇ ਹਨ ਓਥੇ ਕੁਝ ਗੱਲਾਂ ਧਿਆਨ ਦੀ ਮੰਗ ਵੀ ਕਰਦੀਆਂ ਹਨ ਜਿਵੇਂ ਕਿ ਨਾਵਲ ਦੀ ਬੁਣਤਰ ਸੰਘਣੀ ਹੋਣ ਦੀ ਬਜਾਏ ਸਰਲ ਅਤੇ ਲਕੀਰੀ ਜਾਪਦੀ ਹੈ ਅਤੇ ਕਿਤੇ ਕਿਤੇ ਭਾਸ਼ਾ ਦੀਆਂ ਉਕਾਈਆਂ ਵੀ ਮਹਿਸੂਸ ਹੁੰਦੀਆਂ ਹਨ, ਪਰ ਮੂਲ਼ ਰੂਪ ਵਿੱਚ ਨਾਵਲ ਇੱਕ ਸਫ਼ਲ ਰਚਨਾ ਹੈ ਜਿਸ ਨਾਲ਼ ਪੰਜਾਬੀ ਦੇ ਨਾਵਲੀ ਸਾਹਿਤ ਵਿੱਚ ਗੌਲਣਯੋਗ ਵਾਧਾ ਹੋਇਆ ਹੈ

-----

ਕੁਲਜੀਤ ਮਾਨ ਨੇ ਆਪਣੇ ਪੇਪਰ ਵਿੱਚ ਕਿਹਾ, “ਬਲਬੀਰ ਸੰਘੇੜਾ ਰਚਿਤ ਜਾਲ਼ਅਸਲ ਵਿਚ ਪਿਛਲੇ ਚਾਲ਼ੀ ਸਾਲ ਦੀਆਂ ਘਟਨਾਵਾਂ ਤੇ ਉਹਨਾਂ ਘਟਨਾਵਾਂ ਦੇ ਮਨੁੱਖੀ ਅਵਚੇਤਨ ਤੇ ਪਏ ਅਸਰ ਦਾ ਇੰਦਰਾਜ਼ ਹੈਇਹ ਨਾਵਲ ਇੱਕ ਖਾਸ ਕਾਲ ਦੌਰਾਨ, ਇੱਕ ਖਾਸ ਖਿੱਤੇ ਦੇ ਜੀਵਨ-ਅਨੁਭਵ ਨੂੰ ਆਪਣੇ ਗਲਪੀ-ਸੰਸਾਰ ਵਿਚ ਸਮੇਟਦਾ ਹੋਇਆ ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਕ ਇਤਿਹਾਸ ਦੀ ਵਾਸਤਵਿਕਤਾ ਵਿਚ ਝਾਕਣ ਦਾ ਉਪਰਾਲਾ ਕਰਦਾ ਹੈਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ ਵਰਤਾਰੇ ਨੂੰ ਸਮਝਣ ਲਈ ਲੇਖਿਕਾ ਨੇ ਘੋਖਣ ਦਾ ਰਸਤਾ ਅਪਨਾਉਂਦਿਆਂ ਹੋਇਆਂ ਸਨਸਨੀਖੇਜ਼ ਘਟਨਾਵਾਂ ਨੂੰ ਨੱਥੀ ਕਰਕੇ ਆਪਣਾ ਕਾਰਜ ਸੰਪਨ ਨਹੀਂ ਕੀਤਾ ਸਗੋਂ ਸੁਹਿਰਦਤਾ ਨਾਲ ਆਪਣੇ ਕਾਰਜ ਨੂੰ ਅੰਜਾਮ ਦਿੱਤਾ ਹੈ ਭਾਵੇਂ ਇਸ ਵਿਚ ਕਾਹਲ ਵੀ ਨਜ਼ਰ ਆਉਂਦੀ ਹੈਉਨ੍ਹਾਂ ਇਹ ਵੀ ਕਿਹਾ ਕਿ ਨਾਵਲ ਵਿਚ ਕੈਨੇਡਾ ਤੇ ਖਾਸ ਕਰਕੇ ਓਨਟੈਰੀਓ ਸੂਬੇ ਦੇ ਸ਼ਹਿਰ ਟਰਾਂਟੋ ਦਾ ਭੂਗੋਲਿਕ ਤੇ ਵਿਕਾਸ ਦਾ ਖੇਤਰ ਵੀ ਵਿਸਥਾਰਿਆ ਗਿਆ ਹੈਭਾਵੇਂ ਇਸ ਵਿਸਥਾਰ ਦਾ ਸਿੱਧਾ ਸਬੰਧ ਉਸ ਧਰਾਤਲ ਨਾਲ ਹੀ ਹੈ ਜਿੱਥੇ ਨਾਵਲ ਦੇ ਪਾਤਰ ਵਿਚਰਦੇ ਹਨ ਪਰ ਇਸਦੀ ਸੰਖੇਪਤਾ ਨਾਵਲ ਦੇ ਤਿੱਖੇ ਵੇਗ ਵਿਚ ਸਹਾਈ ਹੋ ਸਕਦੀ ਸੀਇਸ ਵਿਸਥਾਰ ਵਿਚ ਉਲਝਿਆ ਪਾਠਕ ਨਾਵਲ ਦੇ ਬਝਵੇਂ ਪ੍ਰਭਾਵ ਤੋਂ ਖਿੰਡ ਜਾਂਦਾ ਹੈਕੁਲਜੀਤ ਮਾਨ ਦੇ ਕਹਿਣ ਅਨੁਸਾਰ ਇਸ ਨਾਵਲ ਵਿੱਚ ਸਿੱਧਰੀ,ਨਿਘਰੀ ਤੇ ਸਿਖਰਲੀ ਪ੍ਰੇਰਨਾ ਸਰੋਤ ਦੇ ਕਾਰਣ ਤੇ ਉਹਨਾਂ ਦੀ ਪੁਣ-ਛਾਣ, ਸਮਾਜਿਕਤਾ ਵਿਚ ਪਏ ਚੰਗੇ ਮੰਦੇ ਰੁਝਾਨ ਤੇ ਉਹਨਾਂ ਰੁਝਾਨਾਂ ਦਾ ਸਮਾਜਿਕ ਤਾਣਾ ਬਾਣਾ ਚੰਗਾ ਦਰਸਾਇਆ ਗਿਆ ਹੈਪਰਿਵਾਰਕ ਮੋਹ ਦੀਆਂ ਤੰਦਾਂ ਤੇ ਉਹਨਾਂ ਦੇ ਪਿੱਛੇ ਕਾਰਜ਼ਸ਼ੀਲ ਸ਼ਕਤੀਆਂ ਦਾ ਮੁਲਅੰਕਣ ਕਰਨ ਦੀ ਸੁਹਿਰਦ ਕੋਸ਼ਿਸ਼ ਕੀਤੀ ਗਈ ਹੈ

-----

ਨਾਵਲ ਦੀਆਂ ਊਣਤਾਈਆਂ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਾਵਲ ਵਿੱਚ ਬੇਲੋੜਾ ਦੁਹਰਾ ਇਵੇਂ ਜਾਪਦਾ ਹੈ ਜਿਵੇਂ ਰਿੱਝੀ ਖੀਰ ਵਿੱਚ ਕਰੇਲਾ ਪੈ ਗਿਆ ਹੋਵੇਅਤੇ ਨਾਵਲ ਘੋਖਦਿਆਂ ਇਹ ਗੱਲ ਵੀ ਔੜਦੀ ਹੈ ਕਿ ਰਚਨਾ ਤੇ ਪਾਠਕ ਵਿਚ ਲੇਖਿਕਾ ਆਪ ਖੜ੍ਹੀ ਹੈਅੰਤ ਵਿੱਚ ਉਨ੍ਹਾਂ ਕਿਹਾ, “ਲਿਤਾੜੀ ਔਰਤ ਦੇ ਹੱਕਾਂ ਲਈ ਲੜ ਰਹੀ ਬਲਬੀਰ ਕੌਰ ਸੰਘੇੜਾ ਨੇ ਇੱਕ ਕਾਰਜ ਸੰਪੂਰਨ ਕੀਤਾ ਹੈ, ਜਿਸ ਲਈ ਉਹ ਵਧਾਈ ਦੀ ਹੱਕਦਾਰ ਹੈਉਸਦਾ ਅਣਕਿਹਾ ਇਹ ਕਹਿਣਾ ਕਿ ਮੁਹਬਤ ਮਕਬਰਿਆਂ ਵਿਚ ਨਹੀਂ ਵਸਦੀ ਕਾਬਿਲੇ-ਤਾਰੀਫ ਹੈ

ਉਂਕਾਰਪ੍ਰੀਤ ਨੇ ਆਪਣੀ ਸੰਚਾਲਨਾ ਦੌਰਾਨ ਕਿਹਾ ਕਿ ਨਾਵਲ ਵਿੱਚ ਸੰਪੂਰਨ ਵਾਕ ਦੀਆਂ ਖਾਮੀਆਂ ਰੜਕਦੀਆਂ ਹਨ ਜੋ ਭਾਸ਼ਾ ਦੀ ਕਚਿਆਈ ਬਣਦੀਆਂ ਹਨਬਹੁਤ ਸਾਰੀਆਂ ਉਦਾਹਰਣਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਵਾਕ-ਬਣਤਰ ਨੂੰ ਦਰੁਸਤ ਕਰਨ ਦੀ ਲੋੜ ਹੈ ਤਾਂ ਕਿ ਰਚਨਾ ਆਪਣਾ ਪ੍ਰਭਾਵ ਛੱਡ ਸਕੇਇਸੇ ਹੀ ਤਰ੍ਹਾਂ ਉਨ੍ਹਾਂ ਨੇ ਨਾਵਲ ਵਿੱਚੋਂ ਹਵਾਲੇ ਦਿੰਦਿਆਂ ਕਿਹਾ ਕਿ ਮੁਹਾਵਰਿਆਂ ਨੂੰ ਇਸ ਤਰ੍ਹਾਂ ਤੋੜ-ਮਰੋੜ ਕੇ ਪੇਸ਼ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਦੇ ਅਰਥ ਹੀ ਬਦਲ ਜਾਣ

-----

ਜਸਵਿੰਦਰ ਸੰਧੂ ਨੇ ਕਿਹਾ ਕਿ ਲੇਖਿਕਾ ਨੇ ਅੰਗ੍ਰੇਜ਼ੀ ਸ਼ਬਦਾਂ ਦੇ ਨਾਲ਼ ਨਾਲ਼ ਉਨ੍ਹਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਕੇ ਬਹੁਤ ਵਧੀਆ ਕੀਤਾ ਹੈ ਜਿਸ ਨਾਲ਼ ਆਮ ਪਾਠਕ ਨੂੰ ਵੀ ਹਰ ਸ਼ਬਦ ਅਸਾਨੀ ਨਾਲ਼ ਸਮਝ ਆ ਜਾਂਦਾ ਹੈਇਸੇ ਤਰ੍ਹਾਂ ਨਾਵਲ ਵਿੱਚ ਕੈਨੇਡੀਅਨ ਪੰਜਾਬੀ ਭਾਈਚਾਰੇ ਦਾ ਵਰਨਣ ਵੀ ਕੈਨੇਡਾ ਤੋਂ ਬਾਹਰ ਬੈਠੇ ਪਾਠਕ ਦੀ ਜਾਣਕਾਰੀ ਵਿੱਚ ਵਾਧਾ ਕਰਦਾ ਹੈਬਲਦੇਵ ਦੂਹੜੇ ਨੇ ਕਿਹਾ ਕਿ ਨਾਵਲ ਦੀ ਮੁੱਖ ਪਾਤਰ ਵੱਲੋਂ ਮਰਦ ਪ੍ਰਤੀ ਪੇਸ਼ ਕੀਤੇ ਗਏ ਖਰ੍ਹਵੇ ਵਿਚਾਰ ਇੱਕ ਪਾਤਰ ਦੇ ਵਿਚਾਰ ਹਨ ਜਿਸ ਤਰ੍ਹਾਂ ਦੇ ਹੋਰ ਵੀ ਹੋਣੇ ਚਾਹੀਦੇ ਹਨ ਪਰ ਇਸ ਦੇ ਨਾਲ਼ ਹੀ ਦੂਸਰੇ ਪਾਤਰਾਂ ਰਾਹੀਂ ਇਨ੍ਹਾਂ ਵਿਚਾਰਾਂ ਦਾ ਦੂਸਰਾ ਪੱਖ ਵੀ ਪੇਸ਼ ਹੋਣਾ ਚਾਹੀਦਾ ਹੈ

ਅਖੀਰ ਵਿੱਚ ਕੁਲਜੀਤ ਮਾਨ ਨੇ ਕਿਹਾ ਕਿ ਗੱਲਬਾਤ ਨਾਵਲ ਦੀ ਭਾਸ਼ਾ ਤੱਕ ਹੀ ਸੀਮਤ ਹੋ ਕੇ ਰਹਿ ਗਈ ਜਦਕਿ ਇਸ ਨਾਵਲ ਦੇ ਮਸਲਿਆਂ ਬਾਰੇ ਵਿਚਾਰ ਹੋਣਾ ਬਹੁਤ ਜ਼ਰੂਰੀ ਸੀ

------

ਬਲਬੀਰ ਕੌਰ ਸੰਘੇੜਾ ਨੇ ਕਿਹਾ ਕਿ ਦਰਅਸਲ ਇਸ ਨਾਵਲ ਦਾ ਪਲਾਟ ਪੰਜਾਬ ਦੇ ਸ਼ਹਿਰ ਦਾ ਪਲਾਟ ਸੀ ਪਰ ਉਸ ਸ਼ਹਿਰ ਦੀ ਭੂਗੋਲਕਤਾ ਬਾਰੇ ਜਾਣਕਾਰੀ ਨਾ ਹੋਣ ਕਰਕੇ ਉਸ ਨੂੰ ਇਸ ਪਲਾਟ ਦਾ ਧਰਾਤਲ ਟਰਾਂਟੋ ਬਣਾਉਣਾ ਪਿਆ ਜਿਸ ਕਰਕੇ ਕਹਾਣੀ ਵਿੱਚ ਵੀ ਲੋੜੀਂਦਾ ਮੋੜ ਦੇਣਾ ਪਿਆਉਨ੍ਹਾਂ ਕਿਹਾ ਕਿ ਭਾਵੇਂ ਲੇਖਕ ਦੀ ਆਪਣੀ ਇੱਕ ਵਾਕ ਸ਼ੈਲੀ ਵੀ ਹੁੰਦੀ ਹੈ ਪਰ ਉਹ ਜ਼ਰੂਰ ਇਸ ਗੋਸ਼ਟੀ ਤੋਂ ਬਹੁਤ ਕੁਝ ਸਿੱਖਣਗੇ ਅਤੇ ਰਹਿ ਗਈਆਂ ਕਮਜ਼ੋਰੀਆਂ ਵੱਲ ਅੱਗੇ ਤੋਂ ਧਿਆਨ ਦੇਣਗੇ

------

ਸਮਾਗਮ ਦੌਰਾਨ ਜਰਨੈਲ ਸਿੰਘ ਗਰਚਾ, ਬਲਰਾਜ ਚੀਮਾ, ਮਿਨੀ ਗਰੇਵਾਲ, ਰਛਪਾਲ ਕੌਰ ਗਿੱਲ, ਕਿਰਪਾਲ ਸਿੰਘ ਪੰਨੂੰ, ਸੁਦਾਗਰ ਬਰਾੜ ਲੰਡੇ, ਪਰਮਿੰਦਰ ਕੌਰ ਮਠਾੜੂ, ਸੁੰਦਰਪਾਲ ਕੌਰ ਰਾਜਾਸਾਂਸੀ, ਅਤੇ ਜਗਦੇਵ ਨਿੱਝਰ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਲੇਖਿਕਾ ਨੂੰ ਵਧਾਈ ਦਿੱਤੀ ਗਈ






No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ