Friday, June 19, 2009

ਯੂਰਪੀ ਪੰਜਾਬੀ ਸੱਥ ਵਾਲਸਾਲ ਦਾ ਨੌਵਾਂ ਸਨਮਾਨ ਸਮਾਗਮ - 18 ਜੁਲਾਈ, 2009 ਨੂੰ ਵੈਸਟ ਮਿਡਲੈਂਡ 'ਚ ਹੋਵੇਗਾ

ਯੂਰਪੀ ਦੇਸਾਂ ਵਿਚ ਵਸਦੇ ਆਪਣੇ ਭਾਈਚਾਰੇ ਦੀਆਂ ਜੱਦੀ ਜ਼ੁਬਾਨ ਤੇ ਵਿਰਾਸਤ ਨਾਲ ਮੋਹ ਦੀਆਂ ਤੰਦਾਂ ਹੋਰ ਪਕੇਰੀਆਂ ਕਰਨ ਲਈ ਸਮੂਹ ਪੰਜਾਬੀ ਪਿਆਰਿਆਂ ਅਤੇ ਮੀਡੀਆ ਦੀ ਮੱਦਦ ਨਾਲ ‘ਯੂਰਪੀ ਪੰਜਾਬੀ ਸੱਥ’ ਵੱਲੋਂ ਦੋ ਮਹਾਨ ਹਸਤੀਆਂ ਨੂੰ ਸਾਲ 2008-09 ਦੇ ਐਲਾਨੇ ਸਨਮਾਨ ਸਤਿਕਾਰ ਸਹਿਤ ਭੇਟ ਕਰਨ ਵਾਸਤੇ ਸਮਾਗਮ ਮਿਤੀ 18 ਜੁਲਾਈ 2009 ਦਿਨ ਸ਼ਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਆਦਰਯੋਗ ਬੀਬੀ ਰਾਣੀ ਮਲਿਕ ਲੰਦਨ ਅਤੇ ਦੇਸ ਪ੍ਰਦੇਸ ਪੇਪਰ ਸਾਊਥਹਾਲ ਨੂੰ ਮਾਣ ਸਨਮਾਨ ਭੇਟ ਕੀਤੇ ਜਾਣਗੇ। ਪ੍ਰੋਗਰਾਮ ‘ਚ ਸ਼ਾਮਲ ਹੋਣ ਵਾਸਤੇ ਡਾ. ਨਿਰਮਲ ਸਿੰਘ ‘ਪੰਜਾਬੀ ਸੱਥ ਲਾਂਬੜਾ’ ਅਤੇ ਸ. ਜਨਮੇਜਾ ਸਿੰਘ ਜੌਹਲ ਲੁਧਿਆਣਾ ਤੋਂ ਪਹੁੰਚ ਰਹੇ ਹਨ। ਉਹ ਵੀ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਮੁੱਢ ਤੋਂ ਲੈ ਕੇ ਹੁਣ ਤੀਕ ਯੌਰਪ ਦੇ ਵੱਖੋ-ਵੱਖ ਦੇਸਾਂ ਵਿਚੋਂ ਜਿਨ੍ਹਾਂ ਹੋਰ ਸ਼ਖ਼ਸੀਅਤਾਂ ਨੂੰ ਸਨਮਾਨ ਭੇਟ ਕਰਨ ਦਾ ਪੰਜਾਬੀ ਸੱਥ ਨੂੰ ਮਾਣ ਪ੍ਰਾਪਤ ਹੋਇਆ ਹੈ ਉਹ ਨੇ :-

ਰੂਸ -

1. ਸ੍ਰੀ ਈਗੋਰ ਸੈਰੇਬੇਰੀਆਕੋਵਾ ਮਾਸਕੋ

2. ਬੀਬੀ ਡਾ. ਲੁਦਮਿਲਾ ਖੋਖੋਲੋਵਾ

ਪੋਲੈਂਡ -

3. ਬੀਬੀ ਡਾ. ਅਨਨਾ ਸ਼ੈਕਲੂਸਕਾ

ਹਾਲੈਂਡ -

4. ਬੀਬੀ ਡਾ. ਅਮਰ ਜੋਤੀ

ਆਸਟਰੀਆ

5. ਸ਼੍ਰੀ ਸ਼ਿਵਚਰਨ ਜੱਗੀ ਕੁੱਸਾ

ਫਰਾਂਸ -

6. ਜਾਂ ਮਾਰੀ ਲੌਫੋਂ ਪੈਰਿਸ

ਸਕਾਟਲੈਂਡ -

7. ਸ੍ਰ. ਗੁਰਦੀਪ ਸਿੰਘ ਪੁਰੀ

ਇੰਗਲੈਂਡ -

8. ਸ੍ਰੀ ਹਰੀਸ਼ ਮਲਹੋਤਰਾ

9. ਸ੍ਰ. ਰਣਜੀਤ ਸਿੰਘ ਰਾਣਾ

10. ਸ੍ਰ. ਰਜਿੰਦਰ ਸਿੰਘ ਪੁਰੇਵਾਲ

11. ਸ੍ਰ. ਬਲਿਹਾਰ ਸਿੰਘ ਰੰਧਾਵਾ

12. ਬੀਬੀ ਗੁਰਦੇਵ ਕੌਰ

13. ਸ੍ਰ. ਹਰਬੰਸ ਸਿੰਘ ‘ਜੰਡੂ’ ਲਿੱਤਰਾਂ ਵਾਲਾ

14. ਡਾ. ਦੇਵਿੰਦਰ ਕੌਰ

15. ਡਾ. ਪ੍ਰੀਤਮ ਸਿੰਘ ਕੈਂਬੋ

16 ਸ੍ਰ. ਝਲਮਣ ਸਿੰਘ ਵੜੈਚ

17 ਬੀਬੀ ਕੈਲਾਸ਼ ਪੁਰੀ

18 ਸ੍ਰ, ਬਲਬੀਰ ਸਿੰਘ ਕੰਵਲ

ਸਮਾਗਮ 12.30 ਵਜੇ ਤੋਂ 2.30 ਵਜੇ ਦਿਨ ਦੇ ਸਮੇਂ ਤੀਕ ਸ਼ਾਈਨ ਸਟਾਰ ਬੈਂਕੁਇਟ ਸੁਇਟ, ਨਿਊ ਰੇਲਵੇ ਸਟਰੀਟ, ਵਿਲਨਹਾਲ, ਵੈਸਟ ਮਿਡਲੈਂਡ ਵਿਖੇ ਹੋਵੇਗਾ। ਅਜਿਹੀਆਂ ਮਜਲਸਾਂ ਦੀ ਰੌਣਕ ਭੈਣ ਭਰਾ ਹੀ ਹੁੰਦੇ ਹਨ। ਸਾਰਿਆਂ ਨੂੰ ਬੇਨਤੀ ਹੈ ਕਿ ਸੱਥ ਦੀ ਪਿਰਤ ਮੁਤਾਬਕ ਤੁਸੀਂ ਆਪਣੇ ਬੱਚਿਆਂ ਜਾਂ ਬਜ਼ੁਰਗਾਂ ਨੂੰ ਵੀ ਨਾਲ ਲਿਆ ਕੇ ਪੰਜਾਬੀਅਤ ਦਾ ਮਾਣ ਵਧਾਓ। ਚਾਹ/ਕੌਫੀ ਠੀਕ 12 ਵਜੇ ਦੁਪਹਿਰ ਨੂੰ ਸ਼ੁਰੂ ਹੋ ਜਾਵੇਗੀ ਅਤੇ ਦੇਸੀ ਲੰਗਰ ਪਾਣੀ (ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ) ਛਕਣ ਤੋਂ ਬਗੈਰ ਕਿਸੇ ਨੇ ਵੀ ਜਾਣ ਦੀ ਖੇਚਲ ਨਹੀਂ ਕਰਨੀ। ਅੱਜ ਦੇ ਯੁੱਗ ਵਿਚ ਜਦੋਂ ਸਭਿਆਚਾਰ ਤੇ ਬੋਲੀ ਤੇ ਸਾੜ੍ਹਸਤੀ ਆਈ ਹੋਈ ਹੈ ਤਾਂ ਪੰਜਾਬੀ ਸੱਥ ਨੇ ਆਪਣੀ ਮਾਂ ਬੋਲੀ ਨੂੰ ਵਡਿਆਉਂਦੀਆਂ ਕਿਤਾਬ ਛਾਪ ਕੇ ਆਪਣੀ ਵਿਰਾਸਤ ਨੂੰ ਸਾਂਭਿਆ ਹੈ। ਇਹ ਕਿਤਾਬਾਂ ਵੀ ਇਸੇ ਸਮਾਗਮ ਵਿਚ ਆਪ ਜੀ ਨੂੰ ਮਿਲ਼ ਸਕਦੀਆਂ ਹਨ।

ਖੁੱਲ੍ਹੀਆਂ ਬਾਹਵਾਂ ਨਾਲ਼ ਤੁਹਾਡੀ ਉਡੀਕ ਵਿਚ.....

ਸੰਚਾਲਕ ਯੂਰਪੀ ਪੰਜਾਬੀ ਸੱਥ

ਮੋਤਾ ਸਿੰਘ ਸਰਾਏ

(07850 750109)

ਸੰਪਰਕ ਲਈ ਫੋਨ ਕਰੋ :

ਹਰਜਿੰਦਰ ਸਿੰਘ ਸੰਧੂ (07855 312282)

ਨਿਰਮਲ ਸਿੰਘ ਕੰਧਾਲਵੀ (07766 924542)


Tuesday, June 9, 2009

ਪੰਜਾਬੀ ਸੱਥ ਦੀਆਂ ਪੰਜਾਬ ਵਿਚਲੀਆਂ ਇਕਾਈਆਂ ਦੀ ਮੀਟਿੰਗ ਮੋਹਾਲੀ ‘ਚ ਹੋਈ

ਮੋਹਾਲੀ ਮੀਟਿੰਗ 'ਚ ਸੱਥ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਮੁਫ਼ਤ ਨਾ ਵੰਡਣ ਦਾ ਫੈਸਲਾ ਲਿਆ ਗਿਆ
ਰਿਪੋਰਟਰ: ਡਾ. ਨਿਰਮਲ ਸਿੰਘ ‘ਪੰਜਾਬੀ ਸੱਥ ਲਾਂਬੜਾ’

ਜਲੰਧਰ, 7 ਜੂਨ - ਪੰਜਾਬੀ ਸੱਥ ਲਾਂਬੜਾ ਜਲੰਧਰ ਦੀਆਂ ਪੰਜਾਬ ਵਿਚਲੀਆਂ ਇਕਾਈਆਂ ਦੀ ਆਪਸੀ ਮਿਲਣੀ ਪੁਆਧੀ ਪੰਜਾਬੀ ਸੱਥ ਮੋਹਾਲੀ ਦੇ ਸੱਦੇ ਉੱਤੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼ - 6 ਮੋਹਾਲੀ ਵਿਖੇ ਸ. ਮਨਮੋਹਨ ਸਿੰਘ ਦਾਊਂ ਦੀ ਦੇਖ ਰੇਖ ਹੇਠ ਹੋਈ। ਇਸ ਮਿਲਣੀ ਵਿਚ ਸੱਥਾਂ ਦੀ ਪਿਛਲੇ 20 ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਦਿਆਂ ਸੱਥਾਂ ਦੇ ਕੰਮਕਾਜ ‘ਤੇ ਤਸੱਲੀ ਪ੍ਰਗਟਾਈ ਗਈ। ਦਾਊਂ ਹੋਰਾਂ ਨੇ ਜੀਓ ਆਇਆਂ ਆਖਦਿਆਂ ਪੁਆਧੀ ਪੰਜਾਬੀ ਸੱਥ ਦੇ ਕੀਤੇ ਕਾਰਜਾਂ ਅਤੇ ਪੁਆਧੀ ਸੱਥ ਵਲੋਂ ਛਾਪੀਆਂ ਕਿਤਾਬਾਂ ਤੇ ਕੀਤੇ ਸਨਮਾਨਾਂ ਸਬੰਧੀ ਜਾਣਕਾਰੀ ਦਿੱਤੀ। ਡਾ. ਨਿਰਮਲ ਸਿੰਘ ‘ਲਾਂਬੜਾ ਸੱਥ’ ਵਾਲਿਆਂ ਨੇ ਪੰਜਾਬ ਤੋਂ ਵੱਖ ਯੂਰਪ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਲਹਿੰਦੇ ਪੰਜਾਬ ਵਿਚ ਸੱਥ ਦੀਆਂ ਗਤੀਵਿਧੀਆਂ ਸਬੰਧੀ ਦੱਸਦਿਆਂ ਕਿਹਾ ਕਿ ਯੂਰਪੀ ਸੱਥ ਦੇ ਸਹਿਯੋਗ ਨਾਲ ਹੁਣ ਤੱਕ 60 ਤੋਂ ਵਧ ਕਿਤਾਬਾਂ ਅਤੇ ਵਿਰਾਸਤੀ ਕੈਲੰਡਰ ਛਾਪ ਕੇ ਵਿਸ਼ਵ ਪੰਜਾਬੀ ਭਾਈਚਾਰੇ ਵਿਚ ਆਪਣਾ ਇਕ ਵਿਸ਼ੇਸ਼ ਸਥਾਨ ਸਥਾਪਤ ਕਰ ਲਿਆ ਹੈ।

----

ਇਸ ਦੌਰਾਨ ਸਾਰੀਆਂ ਸੱਥਾਂ ਵਲੋਂ ਇਸ ਸਬੰਧੀ ਯੂਰਪੀ ਸੱਥ ਦੇ ਸੰਚਾਲਕ ਸ. ਮੋਤਾ ਸਿੰਘ ਸਰਾਏ, ਵਾਲਸਾਲ ਅਤੇ ਉਹਨਾ ਦੇ ਸਾਰੇ ਬੇਲੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।ਸੱਥਾਂ ਨੇ ਹੁਣ ਤੱਕ 300 ਤੋਂ ਵੱਧ ਹਸਤੀਆਂ ਤੇ ਸੰਸਥਾਵਾਂ ਦਾ ਸਤਿਕਾਰ ਸਹਿਤ ਸਨਮਾਨ ਕੀਤਾ ਗਿਆ ਹੈ । ਚੜ੍ਹਦੇ ਪੰਜਾਬ ਤੋਂ ਛੁੱਟ ਹਰਿਆਣਾ, ਦਿੱਲੀ, ਚੰਡੀਗੜ੍ਹ, ਜੰਮੂ-ਕਸ਼ਮੀਰ, ਲਹਿੰਦੇ ਪੰਜਾਬ, ਰੂਸ, ਪੋਲੈਂਡ, ਆਸਟ੍ਰੀਆ, ਹਾਲੈਂਡ, ਆਸਟ੍ਰੇਲੀਆ, ਇੰਗਲੈਂਡ, ਫਰਾਂਸ, ਸਕਾਟਲੈਂਡ, ਕੈਨੇਡਾ, ਯੂ.ਐਸ.ਏ. ਤੋਂ ਸਨਮਾਨਿਤ ਸ਼ਖ਼ਸੀਅਤਾਂ ਦੀ ਜਾਣਕਾਰੀ ਦਿੱਤੀ ਗਈ। ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਲੋਂ ਵਾਤਾਵਰਣ ਸਬੰਧੀ ਕੀਤੇ ਜਾ ਰਹੇ ਕਾਰਜਾਂ ਵਿਚ ਸੱਥ ਦੀ ਭੂਮਿਕਾ ਬਾਬਤ ਦੱਸਿਆ ਗਿਆ। ਮਿਲਣੀ ਦੌਰਾਨ ਪੰਜਾਬ ਦੇ ਵਾਤਾਵਰਣ, ਸੰਤਾਲੀ ਦੇ ਘੱਲੂਘਾਰੇ, ਨਸ਼ੇਖੋਰੀ, ਧੀਆਂ ਦੀ ਬੇਕਦਰੀ, ਰਿਸ਼ਤੇ-ਨਾਤੇ, ਪ੍ਰਵਾਸ ਅਤੇ ਸਮਾਜਿਕ ਸਰੋਕਾਰਾਂ ਬਾਰੇ ਮੁੱਦਿਆਂ ਉੱਤੇ ਆਧਾਰਤ ਛਾਪੀਆਂ ਕਿਤਾਬਾਂ ਬਾਰੇ ਭਰਪੂਰ ਚਰਚਾ ਕੀਤੀ ਗਈ ।

----

ਪ੍ਰਿ. ਕੁਲਵਿੰਦਰ ਸਿੰਘ ਸਰਾਏ ਸੰਚਾਲਕ ਮੰਜਕੀ ਪੰਜਾਬੀ ਸੱਥ ਭੰਗਾਲਾ (ਜਲੰਧਰ) ਹੋਰਾਂ ਨੇ ਅਪਣੀ ਸੱਥ ਦੀਆਂ ਗਤੀਵਿਧੀਆਂ ਦੇ ਨਾਲੋਂ ਨਾਲ ਸੱਥ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਦੀ ਵੰਡ ਵੰਡਾਈ ਤੇ ਵਿਕਰੀ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ । ਡਾ. ਸਵਰਾਜ ਸਿੰਘ ਵਲੋਂ ਲਿਖੀ ਨਵੀਂ ਕਿਤਾਬ ‘ਸਾਮਰਾਜੀ ਸੰਕਟ ਅਤੇ ਨਵੇਂ ਸੰਸਾਰ ਦਾ ਉਭਾਰ’ ਸਾਰੀਆਂ ਸੱਥਾਂ ਵਾਲਿਆਂ ਨੂੰ ਭੇਟ ਕੀਤੀ ਗਈ ਅਤੇ ਸਹਿਜ ਵਿਕਾਸ ਸਬੰਧੀ ਵਿਚਾਰਾਂ ਵੀ ਹੋਈਆਂ। ਇਸ ਮੌਕੇ ਪੰਜਾਬ ਵਿਚ ਦੋ ਹੋਰ ਇਕਾਈਆਂ ਸਥਾਪਤ ਕਰਨ ਦਾ ਫੈਸਲਾ ਹੋਇਆ। ਇਨ੍ਹਾਂ ਵਿਚੋਂ ਇਕ ਪਟਿਆਲੇ ਡਾ. ਦਰਸ਼ਨ ਸਿੰਘ ਆਸ਼ਟ ਦੀ ਦੇਖ-ਰੇਖ ਹੇਠ ਸਮੁੱਚੇ ਸੰਸਾਰ ਦੇ ਪੰਜਾਬੀ ਬਾਲ ਸਾਹਿਤ ‘ਤੇ ਕੇਂਦਰਿਤ ਹੋਵੇਗੀ ਅਤੇ ਦੂਜੀ ਸੱਥ ਪੰਜਾਬ ਦੇ ਇਤਿਹਾਸਕ ਪਿੰਡ ਜਰਗ ਜ਼ਿਲ੍ਹਾ ਲੁਧਿਆਣਾ ਵਿਚ ਸ. ਅਮਨਜੋਤ ਸਿੰਘ ਮੰਡੇਰ ਦੀ ਦੇਖ ਰੇਖ ਹੇਠ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਲਗਭਗ 70 ਕੁ ਹਸਤੀਆਂ ਦੇ ਇਕੱਠ ਵਿਚ ਪੰਜਾਬੀ ਸੱਥ ਸਰਹਿੰਦ ਵਲੋਂ ਸੰਤ ਸਿੰਘ ਸੋਹਲ,ਗੁਰਨਾਮ ਸਿੰਘ ਬਾਵਾ, ਮਲਵਈ ਸੱਥ ਵਲੋਂ ਡਾ. ਲਖਬੀਰ ਸਿੰਘ ਨਾਮਧਾਰੀ, ਮਾਝਾ ਪੰਜਾਬੀ ਸੱਥ ਤਰਨਤਾਰਨ ਵਲੋਂ ਸ. ਰਘਬੀਰ ਸਿੰਘ ਤੀਰ, ਰਿਆੜਕੀ ਸੱਥ ਹਰਪੁਰਾ ਧੰਦੋਈ-ਗੁਰਦਾਸਪੁਰ ਵਲੋਂ ਸ. ਸੂਬਾ ਸਿੰਘ ਖਹਿਰਾ, ਮਾਝਾ ਪੰਜਾਬੀ ਸੱਥ ਬੁਤਾਲਾ - ਅੰਮ੍ਰਿਤਸਰ ਵਲੋਂ ਬੀਬੀ ਸਵਰਨ ਕੌਰ ਬੱਲ, ਦੋਨਾ ਪੰਜਾਬੀ ਸੱਥ ਵਲੋਂ ਬਹਾਦਰ ਸਿੰਘ ਸੰਧੂ, ਢਾਹਾ ਪੰਜਾਬੀ ਸੱਥ ਵਲੋਂ ਗੁਰਦੀਪ ਸਿੰਘ ਕੰਗ ਹੋਰਾਂ ਨੇ ਆਪੋ ਆਪਣੀਆਂ ਸੱਥਾਂ ਦੀ ਕਾਰਗੁਜ਼ਾਰੀ ਬਾਬਤ ਵਿਸਥਾਰ ਨਾਲ ਦੱਸਿਆ ।

----

ਇਸ ਮਿਲਣੀ ਦੌਰਾਨ ਇਕ ਖ਼ਾਸ ਫੈਸਲਾ ਇਹ ਹੋਇਆ ਕਿ ਸੱਥ ਵਲੋਂ ਛਾਪੀਆਂ ਜਾਂਦੀਆਂ ਜਾਂ ਕੋਈ ਹੋਰ ਕਿਤਾਬਾਂ ਕਦੀ ਵੀ ਕਿਸੇ ਨੂੰ ਭਾਰਤ ‘ਚ ਮੁਫ਼ਤ ਨਾ ਦਿੱਤੀਆਂ ਜਾਣ। ਸੱਥਾਂ ਵਾਲੇ ਖ਼ੁਦ ਵੀ ਕਿਤਾਬਾਂ ਖਰੀਦ ਕੇ ਪੜ੍ਹਣ ਤੇ ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਮਾਂ ਬੋਲੀ ਦੀ ਚੜ੍ਹਦੀ ਕਲਾ ਵਿਚ ਯੋਗਦਾਨ ਪਾਉਣ। ਸਟੇਜ ਸਕੱਤਰ ਦੀ ਸੇਵਾ ਗੁਰਿੰਦਰ ਸਿੰਘ ਕਲਸੀ ਹੋਰਾਂ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਚੰਡੀਗੜ੍ਹ, ਹਰਿਆਣਾ, ਮੋਹਾਲੀ, ਪਟਿਆਲਾ, ਰੋਪੜ ਤੇ ਖਰੜ ਦੀਆਂ ਕਿੰਨੀਆਂ ਹੀ ਨਾਮੀ ਸਾਹਿਤਕ ਹਸਤੀਆਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਦੌਰਾਨ ਅਜਿਹੀਆਂ ਮਿਲਣੀਆਂ ਪੰਜਾਬ ਦੇ ਵੱਖੋ ਵੱਖ ਥਾਵਾਂ ‘ਤੇ ਭਵਿੱਖ ਵਿਚ ਵੀ ਕਰਨ ਦਾ ਅਹਿਦ ਲਿਆ ।ਕਿਤਾਬਾਂ ਦੀ ਵਿਕਰੀ ਦੇ ਫੋਰੀ ਅਸਰ ਵਜੋਂ ਮਿਲਣੀ ਤੋਂ ਬਾਅਦ 3500 ਰੁ: ਮੁੱਲ ਦੀਆਂ ਕਿਤਾਬਾਂ ਦੀ ਨਕਦ ਵਿਕਰੀ ਹੋਈ।

Sunday, June 7, 2009

ਅਦਾਰਾ ‘ਸ਼ਬਦ’ ਲੰਡਨ, ਯੂ.ਕੇ. ਦਾ ਬਾਰ੍ਹਵਾਂ ਸਾਲਾਨਾ ਸਮਾਗਮ ਅਮਿੱਟ ਯਾਦਾਂ ਛੱਡਦਾ ਸੰਪਨ

ਰਿਪੋਰਟਰ:- ਮਨਦੀਪ ਖੁਰਮੀ ਹਿੰਮਤਪੁਰਾ – ਯੂ.ਕੇ.

ਲੰਡਨ - ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਮਨਸ਼ੇ ਨਾਲ ਯਤਨਸ਼ੀਲ ਅਦਾਰਾ ‘ਸ਼ਬਦ’ ਵੱਲੋਂ ਆਪਣਾ ਸਾਲਾਨਾ 12ਵਾਂ ਸਮਾਗਮ ਸਾਊਥਾਲ ਦੇ ਅੰਬੇਦਕਰ ਹਾਲ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੇ ਪਹਿਲੇ ਦੌਰ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਡਾ. ਸਵਰਨ ਚੰਦਨ, ਦਰਸ਼ਨ ਧੀਰ ਅਤੇ ਸਾਥੀ ਲੁਧਿਆਣਵੀ ਜੀ ਨੇ ਕੀਤੀ। ਸਮਾਗਮ ਵਿੱਚ ਬਰਤਾਨੀਆ ਭਰ ਦੇ ਸਾਹਿਤਕਾਰਾਂ ਨੇ ਹਿੱਸਾ ਲਿਆ। ਸ਼ੁਰੂਆਤੀ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਲੇਬਰ ਪਾਰਟੀ ਦੇ ਐੱਮ. ਪੀ. ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠਿਆਂ ਵੀ ਸਾਹਿਤਕਾਰਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਅੱਖੋਂ- ਪਰੋਖੇ ਨਹੀਂ ਕੀਤਾ ਜਾ ਸਕਦਾ।

----

ਉਹਨਾਂ ਅਦਾਰਾ ‘ਸ਼ਬਦ’ ਨੂੰ ਇਸ ਉੱਦਮ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਨਰੋਏ ਉਪਰਾਲੇ ਕਰਦੇ ਰਹਿਣ ਦੀ ਆਸ ਪ੍ਰਗਟਾਈ ਜਿਸ ਨਾਲ ਪੰਜਾਬੀ ਸਾਹਿਤ ਨੂੰ ਹੋਰ ਬਲ ਮਿਲੇ। ਇਸ ਉਪਰੰਤ ਡਾ. ਗੁਰਪਾਲ ਸਿੰਘ ਸੰਧੂ ਨੇ “ਪਿਛਲੇ ਦਹਾਕੇ ਦੀ ਪੰਜਾਬੀ ਨਾਵਲਕਾਰੀ” ਅਤੇ ਡਾ. ਦਵਿੰਦਰ ਕੌਰ ਨੇ “ਸਮਕਾਲੀ ਪ੍ਰਵਾਸੀ ਪੰਜਾਬੀ ਕਵਿਤਾ” ਪਰਚੇ ਪੇਸ਼ ਕੀਤੇ, ਜਿਸ ‘ਤੇ ਹੋਈ ਭਖਵੀਂ ਬਹਿਸ ਦੌਰਾਨ ਨਾਵਲਕਾਰ ਸ਼ਿਵਚਰਨ ਗਿੱਲ, ਦਰਸ਼ਨ ਧੀਰ, ਅਵਤਾਰ ਜੰਡਿਆਲਵੀ, ਨਾਵਲਕਾਰ ਹਰਜੀਤ ਅਟਵਾਲ, ਮਹਿੰਦਰਪਾਲ ਧਾਲੀਵਾਲ, ਅਵਤਾਰ ਉੱਪਲ, ਅਰਵਿੰਦ ਧਾਲੀਵਾਲ, ਸਾਥੀ ਲੁਧਿਆਣਵੀ, ਪ੍ਰੀਤਮ ਸਿੱਧੂ, ਦਵਿੰਦਰ ਨੌਹਰੀਆ ਅਤੇ ਡਾ. ਸਵਰਨ ਚੰਦਨ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਆਦਿ ਨੇ ਹਿੱਸਾ ਲੈਂਦਿਆਂ ਪਰਚਿਆਂ ਨਾਲ ਸਬੰਧਿਤ ਨੁਕਤਿਆਂ ਨੂੰ ਉਭਾਰਨ ਦੇ ਨਾਲ ਨਾਲ ਸਾਹਿਤ ਨੂੰ ਦੋ ਵਰਗਾਂ ਪੰਜਾਬੀ ਸਾਹਿਤ ਅਤੇ ‘ਪ੍ਰਵਾਸੀ ਪੰਜਾਬੀ ਸਾਹਿਤ’ ਵਿੱਚ ਵੰਡੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ।

----

ਬੁੱਧੀਜੀਵੀਆਂ ਨੇ ਕਿਹਾ ਕਿ ਬੰਦੇ ਪ੍ਰਵਾਸੀ ਹੋ ਸਕਦੇ ਹਨ ਪਰ ਵਿਦੇਸ਼ਾਂ ਵਿੱਚ ਰਹਿੰਦਿਆਂ ਮਾਂ ਬੋਲੀ ਪੰਜਾਬੀ ਵਿੱਚ ਰਚੇ ਸਾਹਿਤ ਨੂੰ ‘ਪ੍ਰਵਾਸੀ’ ਸ਼ਬਦ ਦੀ ਵਲਗਣ ਵਿੱਚ ਕੈਦ ਕਰ ਦੇਣਾ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ। ਇਸ ਦੇ ਨਾਲ ਨਾਲ ਹੀ ਬਹਿਸਕਾਰਾਂ ਨੇ ਸਾਹਿਤ ਦੇ ਖੇਤਰ ਵਿੱਚ ਉਸਾਰੂ ਆਲੋਚਨਾ ਦੀ ਘਾਟ ਦਾ ਨੁਕਤਾ ਵੀ ਵਿਚਾਰਿਆ। ਉਹਨਾਂ ਕਿਹਾ ਕਿ ਆਲੋਚਨਾ ਆਮ ਜ਼ਿੰਦਗੀ ਅਤੇ ਸਾਹਿਤ ‘ਚ ਵਿਸ਼ੇਸ਼ ਸਥਾਨ ਰੱਖਦੀ ਹੈ। ਜੇ ਆਲੋਚਨਾ ‘ਚੋਂ ਨਿਰਪੱਖਤਾ ਮਨਫ਼ੀ ਕਰ ਦਿੱਤੀ ਜਾਵੇ ਤਾਂ ਆਲੋਚਨਾ, ਆਲੋਚਨਾ ਨਹੀਂ ਰਹਿੰਦੀ ਸਗੋਂ ਸਿਰਫ਼ ਸਿਫ਼ਤ ਦੇ ਪੁਲ ਹੀ ਬਣ ਕੇ ਰਹਿ ਜਾਂਦੀ ਹੈ।

----

ਸਮਾਗਮ ਦੇ ਦੂਜੇ ਦੌਰ ਵਿੱਚ ਆਯੋਜਿਤ ਕਵੀ ਦਰਬਾਰ ਸਮੇਂ ਸਰਵ ਸ੍ਰੀ ਮੁਸ਼ਤਾਕ ਸਿੰਘ, ਡਾ. ਗੁਰਪਾਲ ਸਿੰਘ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਸਕੱਤਰ ਅਜੀਮ ਸ਼ੇਖਰ, ਜਸਵਿੰਦਰ ਮਾਨ, ਕਿਰਪਾਲ ਸਿੰਘ ਪੂਨੀ, ਰਾਜਿੰਦਰਜੀਤ, ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ, ਸੰਤੋਖ ਧਾਲੀਵਾਲ, ਸ਼ਿਵਚਰਨ ਗਿੱਲ, ਗੁਰਬਚਨ ਆਸ਼ਾਦ, ਡਾ. ਸਵਰਨ ਚੰਦਨ, ਹਰਜੀਤ ਦੌਧਰੀਆ, ਕੁਲਵੰਤ ਕੌਰ ਢਿੱਲੋਂ, ਦਵਿੰਦਰ ਨੌਹਰੀਆ, ਸੁਰਿੰਦਰਪਾਲ ਕਵੈਂਟਰੀ, ਡਾ. ਮਹਿੰਦਰ ਗਿੱਲ, ਸੰਤੋਖ ਹੇਅਰ, ਚੌਧਰੀ ਮੁਹੰਮਦ ਅਨਵਰ ਢੋਲਣ, ਅਵਤਾਰ ਜੰਡਿਆਲਵੀ, ਸੁਰਿੰਦਰ ਸੀਹਰਾ, ਜਗਸੀਰ ਧਾਲੀਵਾਲ ਨੰਗਲ, ਕੁਲਦੀਪ ਬਾਂਸਲ, ਸੁਰਿੰਦਰਪਾਲ ਅਤੇ ਸਤਪਾਲ ਸੰਤੋਖਪੁਰੀ ਜੀ ਨੇ ਆਪਣੀਆਂ ਨਜ਼ਮਾਂ ਰਾਹੀਂ ਭਰਵੀ ਹਾਜ਼ਰੀ ਲੁਆਈ। ਸਮਾਗਮ ਦੌਰਾਨ ਉੱਘੀ ਲੇਖਿਕਾ ਅਮਰ ਜਯੋਤੀ, ‘ਚਰਚਾ’ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਢਿੱਲੋਂ, ਸੁਰਜੀਤ ਸਿੰਘ ਜੀਤ, ਕਲਾ ਪ੍ਰੇਮੀ ਉਮਰਾਓ ਅਟਵਾਲ, ਬਲਵੀਰ ਕੰਵਲ, ਜਗਤਾਰ ਢਾਅ, ਮੈਗਜੀਨ ‘ਸਤਿਯੁਗ’ ਦੇ ਸੰਪਾਦਕ ਨਾਮਧਾਰੀ ਤਾਰਾ ਸਿੰਘ ਅਣਜਾਣ, ਅਜੀਤ ਸਿੰਘ ਸੱਗੂ ਅਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਅਮਿੱਟ ਛਾਪ ਛੱਡ ਗਏ ਇਸ ਸਮੁੱਚੇ ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਵੀ ਦਰਸ਼ਨ ਬੁਲੰਦਵੀ ਅਤੇ ਸੁਰਿੰਦਰ ਸੀਹਰਾ ਨੇ ਬਾਖ਼ੂਬੀ ਨਿਭਾਈ।


Wednesday, June 3, 2009

ਨਿਰਮਲ ਜੌੜਾ ਦੀ ਨਾਟ ਪੁਸਤਕ ‘ਸਵਾਮੀ’ ਤੇ ਲੰਡਨ ਵਿੱਚ ਗੋਸ਼ਟੀ





ਨਿਰਮਲ ਜੌੜਾ ਦੀ ਨਾਟ ਪੁਸਤਕ ‘ਸਵਾਮੀ’ ਤੇ ਲੰਡਨ ਵਿੱਚ ਗੋਸ਼ਟੀ

ਰਿਪੋਰਟਰ: ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.

ਲੰਡਨ : ਗੁਰੂ ਨਾਨਕ ਫਾਊਡੇਸ਼ਨ ਇੰਟਰਨੈਸ਼ਨਲ ਸਾਊਥਹਾਲ ਵੱਲੋਂ ਹੰਸਲੋ ( ਲੰਡਨ ) ਦੇ ਕਿੰਗਜ਼ਵੇਅ ਹੋਟਲ ਵਿੱਚ ਆਯੋਜਿਤ ਇਕ ਸਮਾਗਮ ਵਿੱਚ ਪੰਜਾਬੀ ਦੇ ਉੱਘੇ ਰੰਗਕਰਮੀ ਡਾ: ਨਿਰਮਲ ਜੌੜਾ ਦੀ ਨਾਟ ਪੁਸਤਕ ‘ਸਵਾਮੀ’ ਤੇ ਚਰਚਾ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਕਲਾ ਪ੍ਰੇਮੀ ਸ੍ਰੀ ਉਮਰਾਓ ਸਿੰਘ ਅਟਵਾਲ ਨੇ ਕਿਹਾ ਕਿ ਨਿਰਮਲ ਜੌੜਾ ਦੇ ਨਾਟਕ ਸਵਾਮੀ ਦੇ ਡਾਇਲਾਗ ਅਤੇ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਹੋਣ ਕਰਕੇ ਇਹ ਨਾਟਕ ਆਪਣਾ ਸੁਨੇਹਾ ਦੇਣ ਵਿੱਚ ਕਾਮਯਾਬ ਹੈ ਅਤੇ ਇਕ ਉਸਾਰੂ ਸਾਹਿਤਕ ਰਚਨਾ ਦੇ ਤੌਰ ਤੇ ਸਾਰਥਕ ਭੂਮਿਕਾ ਵੀ ਨਿਭਾ ਰਿਹਾ ਹੈ।

----

ਉੱਘੇ ਕਲਾ ਪ੍ਰੇਮੀ ਜਸਵੰਤ ਗਰੇਵਾਲ ਨੇ ਕਿਹਾ ਕਿ ਨਾਟਕ ਸਵਾਮੀ ਰਾਹੀਂ ਨਿਰਮਲ ਜੌੜਾ ਨੇ ਇਕ ਸੁਚੇਤ ਰੰਗਕਰਮੀ ਦੇ ਤੌਰ ਤੇ ਹੋਕਾ ਦਿੱਤਾ ਹੈ। ਫਾਉਂਡੇਸ਼ਨ ਦੇ ਚੇਅਰਮੈਨ ਡਾ: ਤਾਰਾ ਸਿੰਘ ਆਲਮ ਨੇ ਡਾ: ਨਿਰਮਲ ਜੌੜਾ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ ਜਿਥੇ ਪੰਜਾਬੀ ਸਭਿਆਚਾਰ ਦੇ ਖੇਤਰ ਵਿੱਚ ਨਿਰਮਲ ਜੌੜਾ ਦਾ ਵਿਸ਼ੇਸ਼ ਸਥਾਨ ਹੈ ਉਥੇ ਇਕ ਰੰਗਕਰਮੀ ਅਤੇ ਨਾਟਕਕਾਰ ਦੇ ਤੌਰ ਤੇ ਨਿਰਮਲ ਜੌੜਾ ਨੇ ਸਲਾਹੁਣਯੋਗ ਕੰਮ ਕੀਤਾ ਹੈ।

----

ਨਾਟਕ ਸਵਾਮੀ ਬਾਰੇ ਗੱਲ ਕਰਦਿਆਂ ਡਾ: ਤਾਰਾ ਸਿੰਘ ਆਲਮ ਨੇ ਕਿਹਾ ਕਿ ਨਿਰਮਲ ਜੌੜਾ ਵੱਲੋਂ ਸਾਡੇ ਸਮਾਜ ਦੀ ਦਿਨੋਂ ਦਿਨ ਫੈਲ ਰਹੀ ਇੱਕ ਵਿਸੇਸ਼ ਕੁਰੀਤੀ ਨੂੰ ਮੁੱਖ ਰੱਖ ਕੇ ਇਹ ਨਾਟਕ ਲਿਖਿਆ ਗਿਆ ਹੈ ਜੋ ਕਿ ਚੁਸਤ, ਚਲਾਕ ਅਤੇ ਮੁਜ਼ਰਮ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਕੀਤੇ ਜਾ ਰਹੇ ਧ੍ਰੋਹ ਤੋਂ ਪਰਦਾ ਚੁੱਕਦਾ ਹੈ ਉਥੇ ਸਮਾਜ ਵਿੱਚ ਫੈਲੀ ਵਹਿਮਾਂ ਭਰਮਾਂ ਦੀ ਕੁਰੀਤੀ ਦੇ ਖ਼ਿਲਾਫ਼ ਵੀ ਆਵਾਜ਼ ਬੁਲੰਦ ਕਰਦਾ ਹੈ। ਡਾ: ਨਿਰਮਲ ਜੌੜਾ ਨੇ ਇਕੱਤਰ ਸਾਹਿਤਕਾਰਾਂ ਅਤੇ ਰੰਗਕਰਮੀਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਇਕ ਲੇਖਕ ਜਾਂ ਰੰਗਕਰਮੀ ਦੇ ਤੌਰ ਤੇ ਜੋ ਸਮਾਜ ਵਿੱਚ ਵਿਚਰਦਾ ਦੇਖਦੇ ਹਨ ਉਸ ਪ੍ਰਤੀ ਆਪਣੇ ਹਾਵ-ਭਾਵ ਪ੍ਰਗਟ ਕਰਨ ਲਈ ਆਪਣੇ ਨਾਟਕ ਦੀ ਵਿਧੀ ਅਪਣਾਉਂਦੇ ਹਨ । ਉੱਘੇ ਸਾਹਿਤਕਾਰ ਸਾਥੀ ਲਧਿਆਣਵੀ ਕਿਹਾ ਕਿ ਨਾਟਕ ਸਵਾਮੀ ਵਿੱਚ ਲੋਕਾਂ ਦੀ ਗੱਲ ਲੋਕਾਂ ਦੀ ਭਾਸ਼ਾ ਅਤੇ ਲੋਕਾਂ ਦੇ ਤੌਰ ਤਰੀਕਿਆਂ ਨਾਲ ਕੀਤੀ ਹੋਣ ਕਰਕੇ ਇਸ ਦਾ ਅਸਰ ਵਧੇਰੇ ਹੁੰਦਾ ਹੈ।

----

ਇਸ ਮੌਕੇ ਉੱਘੇ ਗਾਇਕ ਚੰਨੀ ਸਿੰਘ ਅਲਾਪ ,ਪੰਜਾਬੀ ਦੇ ਸ਼ਾਇਰ ਚਮਨ ਲਾਲ ਚਮਨ,ਪੱਤਰਕਾਰ ਮਨਪ੍ਰੀਤ ਬੱਧਨੀ, ਸ਼ਾਇਰਾ ਕੁਲਵੰਤ ਕੌਰ ਢਿੱਲੋ, ਰੰਗਕਰਮੀ ਸ਼੍ਰੀ ਚੰਦਰ ਸ਼ੇਖਰ, ਸਾਹਿਤਕਾਰ ਅਤੇ ਪੱਤਰਕਾਰ ਮਨਦੀਪ ਖੁਰਮੀ, ਪੰਜਾਬੀ ਦੇ ਜਾਣੇ ਪਹਿਚਾਣੇ ਨਾਵਲਕਾਰ ਸ਼੍ਰੀ ਸ਼ਿਵ ਚਰਨ ਜੱਗੀ ਕੁੱਸਾ ਨੇ ਵੀ ਇਸ ਨਾਟ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਅੰਤ ਵਿੱਚ ਸਰਦਾਰਨੀ ਜਸਵੀਰ ਕੌਰ ਅਟਵਾਲ ਨੇ ਸਭ ਦਾ ਧੰਨਵਾਦ ਕੀਤਾ।



ਬਰਜਿੰਦਰ ਸਿੰਘ ਹਮਦਰਦ ਦੀ ਸੀ. ਡੀ. ‘ਸ਼ਰਧਾਂਜਲੀ’ ਇੰਗਲੈਂਡ ਵਿੱਚ ਰਿਲੀਜ਼

ਫੋਟੋ---ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੰਜੀਦਾ ਆਵਾਜ਼ ਵਿੱਚ ਗਾਈਆਂ ਹੋਈਆਂ ਗ਼ਜ਼ਲਾਂ ਦੀ ਆਡੀਓ ਅਤੇ ਵੀਡੀਓ ਸੀ ਡੀ ‘ਸ਼ਰਧਾਂਜਲੀ’ ਰਿਲੀਜ਼ ਕਰਦੇ ਹੋਏ ਕਰਨੈਲ ਸਿੰਘ ਚੀਮਾ, ਸਰਦੂਲ ਸਿੰਘ ਮਰਵਾਹ ਜੇ ਪੀ ਐਮ ਬੀ ਈ, ਪਰਮਜੀਤ ਵਾਲਸਲ, ਸਖਦੇਵ ਸਿੰਘ ਕੋਮਲ, ਕੁਲਵੰਤ ਸਿੰਘ ਭੰਵਰਾ, ਸਰਦਾਰਾ ਗਿੱਲ ( ਆਪਣਾ ਸੰਗੀਤ)

********

‘ਸ਼ਰਧਾਂਜਲੀ’ ਪੁਖ਼ਤਾ ਸ਼ਬਦਾਵਲੀ ਅਤੇ ਸੰਜੀਦਾ ਆਵਾਜ਼ ਦੇ ਸੁਮੇਲ ਦਾ ਕਮਾਲ ਹੈ- ਕਰਨੈਲ ਸਿੰਘ ਚੀਮਾ

ਰਿਪੋਰਟਰ: ਮਨਪ੍ਰੀਤ ਬੱਧਨੀ, ਲੰਡਨ, ਯੂ.ਕੇ.

ਲਾਲ ਚੰਦ ਯਮਲਾ ਜੱਟ ਟਰੱਸਟ ਇੰਗਲੈਂਡ ਵੱਲੋਂ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ: ਬਰਜਿੰਦਰ ਸਿੰਘ ਹਮਦਰਦ ਦੀ ਸੰਜੀਦਾ ਆਵਾਜ਼ ਵਿੱਚ ਗਾਈਆਂ ਹੋਈਆਂ ਗ਼ਜ਼ਲਾਂ ਦੀ ਆਡੀਓ ਅਤੇ ਵੀਡੀਓ ਸੀ ਡੀ ‘ਸ਼ਰਧਾਂਜਲੀ’ ਰਿਲੀਜ਼ ਕਰਕੇ ਇੰਗਲੈਂਡ ਵਸਦੇ ਪੰਜਾਬੀਆਂ ਨੂੰ ਅਰਪਣ ਕੀਤੀ ਗਈ। ਇਸ ਸੀ ਡੀ ਵਿੱਚ ਉੱਘੇ ਗ਼ਜ਼ਲਗੋ ਅਤੇ ਪੰਜਾਬੀ ਪੱਤਰਕਾਰੀ ਦੇ ਪਿਤਾਮਾ ਡਾ: ਸਾਧੂ ਸਿੰਘ ਹਮਦਰਦ ਦੀਆਂ ਅੱਠ ਪ੍ਰਸਿੱਸ ਰਚਨਾਵਾਂ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ। ਬਰਮਿੰਘਮ ਦੇ ਸਿਟੀ ਸੈਂਟਰ ਵਿੱਚ ਵਿੱਚ ਇਕੱਤਰ ਪੰਜਾਬੀ ਸਾਹਿਤਕਾਰਾਂ ਅਤੇ ਸੰਗੀਤ ਪ੍ਰੇਮੀਆਂ ਨੂੰ ਸੰਬੋਧਨ ਹੁੰਦਿਆਂ ਟਰੱਸਟ ਦੇ ਪ੍ਰਧਾਨ ਪੰਜਾਬ ਰਤਨ ਸ: ਕਰਨੈਲ ਸਿੰਘ ਚੀਮਾ ਨੇ ਕਿਹਾ ਕਿ ਸ: ਬਰਜਿੰਦਰ ਸਿੰਘ ਹਮਦਰਦ ਨੇ ਜਿਥੇ ਪੰਜਾਬੀ ਪੱਤਰਕਾਰੀ ਦੇ ਖੇਤਰ ਵਿੱਚ ਮੀਲ ਪੱਥਰ ਕਾਇਮ ਕੀਤੇ ਹਨ ਉਥੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਝੰਡਾ ਬਰਦਾਰ ਬਣ ਕੇ ਪੰਜਾਬੀਆਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸੰਗੀਤ ਦੇ ਖੇਤਰ ਵਿੱਚ ਵੀ ਸ: ਬਰਜਿੰਦਰ ਸਿੰਘ ਹਮਦਰਦ ਨੇ ਅਹਿਮ ਭੂਮਿਕਾ ਨਿਭਾਈ ਹੈ । ਸ: ਚੀਮਾ ਨੇ ਕਿਹਾ ਪਿਛਲੇ ਕੁਝ ਸਾਲਾਂ ਤੋਂ ਆਪਣੀ ਸੰਜੀਦਾ ਆਵਾਜ਼ ਵਿੱਚ ਪੰਜਾਬੀ ਸੰਗੀਤ ਨੂੰ ਹੋਰ ਅਮੀਰ ਕਰਨ ਵਿੱਚ ਯਤਨਸ਼ੀਲ ਹਨ। ਰਿਲੀਜ਼ ਕੀਤੀ ਗਈ ਸੀ ਡੀ ‘ਸ਼ਰਧਾਂਜਲੀ’ ਬਾਰੇ ਜਾਣਕਾਰੀ ਦਿੰਦਿਆਂ ਸ: ਚੀਮਾ ਨੇ ਕਿਹਾ ਇਸ ਸੀ ਡੀ ਵਿੱਚ ਸਾਰੀਆਂ ਰਚਨਾਵਾਂ ਡਾ: ਸਾਧੂ ਸਿੰਘ ਹਮਦਰਦ ਦੀਆਂ ਹਨ ਜਿਨ੍ਹਾਂ ਨੂੰ ਉੱਘੇ ਸੰਗੀਤਕਾਰ ਗੁਰਦੀਪ ਸਿੰਘ ਨੇ ਸੰਗੀਤ ਵਿੱਚ ਪ੍ਰੋਇਆ ਹੈ।

----

ਸ: ਚੀਮਾ ਨੇ ਅਗੇ ਕਿਹਾ ਕਿ ਡਾ: ਹਮਦਰਦ ਦੀ ਮਿੱਠੀ ਅਤੇ ਸੁਹਜ ਆਵਾਜ਼ ਨੇ ਸ: ਸਾਧੂ ਸਿੰਘ ਹਮਦਰਦ ਪੁਖ਼ਤਾ ਸ਼ਬਦਾਵਲੀ ਨੂੰ ਚਾਰ ਚੰਨ ਲਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਡਾ: ਸਾਧੂ ਸਿੰਘ ਹਮਦਰਦ ਦੀ ਕਲਮ ਅਤੇ ਡਾ: ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਦਾ ਸੁਮੇਲ ਦਾ ਕਮਾਲ ਇਸ ਸੀ ਡੀ ਵਿੱਚ ਸੁਣਿਆ ਤੇ ਦੇਖਿਆ ਜਾ ਸਕਦਾ ਹੈ। ਇਸ ਮੌਕੇ ਸੀ ਡੀ ਵਿਚਲੀਆਂ ਗਜ਼ਲਾਂ , ਸਭ ਤਰਫ਼ ਤੇਰਾ ਇਸ਼ਾਰਾ ਹੋ ਰਿਹੈ, ਇਹ ਵੀ ਉਸ ਦਾ ਕਮਾਲ ਹੁੰਦਾ ਹੈ ਹਵਾ ਬੇਵਫ਼ਾਈ ਦੀ ਵਗਦੀ ਰਹੀ, ਜੁਲਮ ਵੀ ਪਿਆਰੇ ਦਾ ਪਿਆਰਾ ਹੋ ਗਿਆ। ਬੁਰੇ ਹਾਲ ਹੋਏ ਤੇਰੇ ਜਾਣ ਪਿੱਛੋਂ ਗੈਰ ਨਾਲ ਤੇਰੀ ਮੁਲਾਕਾਤ ਹੋ ਗਈ ਅਤੇ ਘੁੰਡ ਅਚਾਨਕ ਲਹਿ ਗਿਆ ਨੂੰ ਸਕਰੀਨ ਤੇ ਪੇਸ਼ ਕੀਤਾ ਗਿਆ ਜਿਸ ਦਾ ਦਰਸ਼ਕਾਂ ਨੇ ਖ਼ੂਬ ਆਨੰਦ ਲਿਆ। ਇਸ ਸਮਾਗਮ ਵਿੱਚ ਪ੍ਰਮੁੱਖ ਸ਼ਖ਼ਸੀਅਤਾਂ ਪਰਮਜੀਤ ਵਾਲਸਲ ਸਰਦੂਲ ਸਿੰਘ ਮਰਵਾਹ ਜੇ ਪੀ ਐਮ ਬੀ ਈ , ਸਖਦੇਵ ਸਿੰਘ ਕੋਮਲ , ਕੁਲਵੰਤ ਸਿੰਘ ਭੰਵਰਾ, ਸਰਦਾਰਾ ਸਿੰਘ ਗਿੱਲ, ਆਪਣਾ ਸੰਗੀਤ,ਰਣਜੀਤ ਸਿੰਘ ਰਾਣਾ, ਦਲ ਸਿੰਘ ਢੇਸੀ, ਨੇ ਭਾਗ ਲਿਆ। ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸ਼ਰਧਾਂਜਲੀ ਦੀ ਇਕ-ਇਕ ਸੀ ਡੀ ਭੇਂਟ ਕੀਤੀ। ਅੰਤ ਵਿੱਚ ਪਰਮਜੀਤ ਵਾਲਸਲ ਨੇ ਸਭ ਦਾ ਧੰਨਵਾਦ ਕੀਤਾ ।


Tuesday, May 26, 2009

‘ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ’ ਵੱਲੋਂ ਅਵਤਾਰ ਉੱਪਲ ਦੇ ਨਾਵਲ ‘ਧੁੰਦ ਤੇ ਪ੍ਰਭਾਤ’ ਉੱਪਰ ਗੋਸ਼ਟੀ

‘ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ’ ਵੱਲੋਂ ਅਵਤਾਰ ਉੱਪਲ ਦੇ ਨਾਵਲ ‘ਧੁੰਦ ਤੇ ਪ੍ਰਭਾਤ’ ਉੱਪਰ ਗੋਸ਼ਟੀ ਮੌਕੇ ਸਾਹਿਤਕ ਸਮਾਗਮ ਦਾ ਆਯੋਜਨ।

ਰਿਪੋਰਟਰ:- ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.

ਸਾਊਥਾਲ:- ਬੀਤੇ ਦਿਨੀਂ ਸਾਊਥਾਲ ਦੇ ਅੰਬੇਦਕਰ ਹਾਲ ਵਿਖੇ ‘ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ’ ਦੇ ਵਿਸ਼ੇਸ਼ ਉੱਦਮ ਸਦਕਾ ਨਾਵਲਕਾਰ ਅਵਤਾਰ ਉੱਪਲ ਦੇ ਨਾਵਲ ‘ਧੁੰਦ ਤੇ ਪ੍ਰਭਾਤ’ ਉੱਪਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਉੱਘੀਆਂ ਸਾਹਿਤਕ ਹਸਤੀਆਂ ਸਰਵ ਸ੍ਰੀ ਪ੍ਰੀਤਮ ਸਿੱਧੂ, ਡਾ: ਸਵਰਨ ਚੰਦਨ, ਹਰਬਖਸ਼ ਮਖਸੂਦਪੁਰੀ ਅਤੇ ਮੋਤਾ ਸਿੰਘ ਸਰਾਏ ਜੀ ਨੇ ਕੀਤੀ। ਨਾਵਲ ਦੇ ਸੰਦਰਭ ਵਿੱਚ ਪਰਚਾ ਨਾਵਲਕਾਰ ਹਰਜੀਤ ਅਟਵਾਲ ਨੇ ਪੇਸ਼ ਕੀਤਾ। ਜਿਸ ਦੌਰਾਨ ਉਹਨਾਂ ਨਾਵਲਕਾਰ ਵੱਲੋਂ ਨਾਵਲ ਵਿੱਚ ਉਭਾਰੇ ਗਏ ਨੁਕਤਿਆਂ, ਵਰਤੀ ਗਈ ਵਾਰਤਾਲਾਪ ਅਤੇ ਵਿਸ਼ੇ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਉਸਾਰੂ ਬਹਿਸ ਦਾ ਮੁੱਢ ਬੰਨ੍ਹਿਆ। ਇਸ ਉਪਰੰਤ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸਾਹਿਤਕਾਰ ਸਾਥੀ ਲੁਧਿਆਣਵੀ, ਨਿਰਮਲ ਲੰਧਾਲਵੀ, ਕੇ.ਸੀ. ਮੋਹਣ, ਦਵਿੰਦਰ ਨੌਰਾ, ਸੁਰਿੰਦਰਪਾਲ, ਗੁਰਪਾਲ ਸਿੰਘ, ਦਰਸ਼ਨ ਬੁਲੰਦਵੀ ਅਤੇ ਸੁਖਦੇਵ ਸਿੰਘ ਸਿੱਧੂ ਆਦਿ ਨੇ ਵੀ ਆਪਣੀਆਂ ਠੋਸ ਦਲੀਲਾਂ ਸਮੇਤ ਨਾਵਲ ਨੂੰ ਸਮੇਂ ਦਾ ਹਾਣੀ ਦੱਸਦਿਆਂ ਨਾਵਲਕਾਰ ਨੂੰ ਉਸਦੀ ਕਿਰਤ ਦੀਆਂ ਵਧਾਈਆਂ ਦਿੱਤੀਆਂ।

----

ਸਮਾਗਮ ਦੇ ਦੂਜੇ ਭਾਗ ਦੌਰਾਨ ਵਿਸ਼ਾਲ ਕਵੀ ਦਰਬਾਰ ਦਾ ਆਗਾਜ਼ ਨੌਜਵਾਨ ਬਾਂਸੁਰੀ ਵਾਦਕ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆ। ਕਵੀ ਦਰਬਾਰ ਵਿੱਚ ਉੱਘੇ ਕਵੀਆਂ ਮੁਸ਼ਤਾਕ ਸਿੰਘ ਮੁਸ਼ਤਾਕ, ਹਰਜੀਤ ਦੌਧਰੀਆ ਕੈਨੇਡਾ, ਸਾਥੀ ਲੁਧਿਆਣਵੀ, ਨਿਰਮਲ ਕੰਧਾਲਵੀ, ਜਸਵਿੰਦਰ ਮਾਨ, ਸੰਤੋਖ ਹੇਅਰ, ਦਰਸ਼ਨ ਬੁਲੰਦਵੀ, ਚੌਧਰੀ ਮੁਹੰਮਦ ਅਨਵਰ ਢੋਲਣ, ਇਜਾਜ ਅਹਿਮਦ ਇਜਾਜ, ਡਾ: ਸਵਰਨ ਚੰਦਨ, ਸੰਤੋਖ ਸਿੰਘ ਸੰਤੋਖ, ਸੁਰਿੰਦਰ ਗਾਖਲ, ਚਮਨ ਲਾਲ ਚਮਨ, ਰਾਜਿੰਦਰਜੀਤ, ਅਜ਼ੀਮ ਸ਼ੇਖਰ, ਮਹਿੰਦਰ ਸਿੰਘ ਦਿਲਬਰ, ਕੁਲਦੀਪ ਬਾਂਸਲ, ਕੁਲਵੰਤ ਕੌਰ ਢਿੱਲੋਂ, ਦਲਵੀਰ ਕੌਰ ਵੁਲਵਰਹੈਂਪਟਨ, ਭਿੰਦਰ ਜਲਾਲਾਬਾਦੀ ਆਦਿ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ।

----

ਇਸ ਤੋਂ ਇਲਾਵਾ ਸ੍ਰੀ ਰਵਿੰਦਰ ਭੱਠਲ ਦਾ ਕਾਵਿ ਸੰਗ੍ਰਿਹ ‘ਮਨ ਮੰਮਟੀ ਦੇ ਮੋਰ’, ਅਮਰਦੀਪ ਗਿੱਲ ਦਾ ਗੀਤ ਸੰਗ੍ਰਹਿ ‘ਸਿੱਲ੍ਹੀ ਸਿੱਲ੍ਹੀ ਹਵਾ’, ਸ੍ਰੀ ਸਤੀਸ਼ ਬੇਦਾਗ ਦਾ ਕਾਵਿ ਸੰਗ੍ਰਿਹ ‘ਏਕ ਚੁਟਕੀ ਚਾਂਦਨੀ’ ਅਤੇ ਰਣਧੀਰ ਸੰਧੂ ਦੇ ਦੋ ਕਾਵਿ ਸੰਗ੍ਰਿਹ ‘ਹੋਰ ਨਾ ਜੰਮੀਂ ਪੀੜਾਂ’ ਅਤੇ ‘ਸੋਨੇ ਦੀਆਂ ਵਾਲੀਆਂ’ ਆਦਿ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਇਸ ਸਮਾਗਮ ਦੌਰਾਨ ਮਨਪ੍ਰੀਤ ਸਿੰਘ, ਗਾਇਕ ਰਾਜ ਸੇਖੋਂ, ਚਰਨਜੀਤ ਸਿੰਘ ਸੰਧੂ, ਟੀ. ਵੀ. ਪੇਸ਼ਕਾਰ ਸੁਖਵੀਰ ਸੋਢੀ, ਉਪਿੰਦਰਪਾਲ ਸਿੰਘ, ਉੱਘੇ ਵਪਾਰੀ ਉਮਰਾਓ ਸਿੰਘ ਅਟਵਾਲ, ਮਨਦੀਪ ਖੁਰਮੀ ਹਿੰਮਤਪੁਰਾ,ਜਗਸੀਰ ਧਾਲੀਵਾਲ ਨੰਗਲ, ਤਲਵਿੰਦਰ ਢਿੱਲੋਂ, ਅਜੀਤ ਸਿੰਘ ਖੈਹਰਾ, ਅਨੀਤਾ, ਕਬੀਰ ਕੁੱਸਾ, ਪ੍ਰੋ: ਪੂਰਨ ਸਿੰਘ, ‘ਚਰਚਾ ਪੰਜਾਬ’ ਦੇ ਸੰਪਾਦਕ ਦਰਸ਼ਨ ਢਿੱਲੋਂ, ਨਾਵਲਕਾਰ ਮਹਿੰਦਰਪਾਲ ਧਾਲੀਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।




Friday, May 22, 2009

ਕੁਲਵਿੰਦਰ ਦਾ ਗ਼ਜ਼ਲ-ਸੰਗ੍ਰਹਿ ‘ਨੀਲੀਆਂ ਲਾਟਾਂ ਦਾ ਸੇਕ’ ਕੈਲੇਫੋਰਨੀਆਂ 'ਚ ਰਿਲੀਜ਼

ਸ਼ਾਇਰ ਕੁਲਵਿੰਦਰ ਦਾ ਗ਼ਜ਼ਲ-ਸੰਗ੍ਰਹਿ ‘ਨੀਲੀਆਂ ਲਾਟਾਂ ਦਾ ਸੇਕ’ ਰਿਲੀਜ਼ ਅਤੇ ਸਾਹਿਤਕ ਗੋਸ਼ਟੀ

ਵਿਪਸਾ ਦੀ ਤਿਮਾਹੀ ਬੈਠਕ ਅਤੇ ਪ੍ਰਭਾਵਸ਼ਾਲੀ ਕਵੀ ਦਰਬਾਰ ਸਜਿਆ

ਰਿਪੋਰਟਰ: ਜਗਜੀਤ ਨੌਸ਼ਹਿਰਵੀ (ਜਰਨਲ ਸਕੱਤਰ)

ਵਿਸ਼ਵ ਪੰਜਾਬੀ ਸਾਹਿਤ ਅਕਾਡਮੀ, ਕੈਲੀਫੋਰਨੀਆ

ਫਰੀਮੌਂਟ- ਕੈਲੇਫੋਰਨੀਆ: ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾਅ) ਕੈਲੇਫੋਰਨੀਆ ਵਲੋਂ ਕਰਵਾਏ ਗਏ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਸ਼ਾਇਰ ਕੁਲਵਿੰਦਰ ਦਾ ਦੂਜਾ ਗ਼ਜ਼ਲ ਸੰਗ੍ਰਹਿ “ਨੀਲੀਆਂ ਲਾਟਾਂ ਦਾ ਸੇਕ” ਰਿਲੀਜ਼ ਕੀਤਾ ਗਿਆ। ਮਿਲਪੀਟਸ ਲਾਇਬਰੇਰੀ ਦੇ ਵਿਸ਼ਾਲ ਆਡੀਟੋਰੀਅਮ ਵਿੱਚ ਹੋਏ ਸਮਾਗਮ ਦੇ ਪਹਿਲੇ ਪੜਾਅ ਵਿੱਚ ਕਿਤਾਬ ਰਿਲੀਜ਼ ਅਤੇ ਸਾਹਿਤਕ ਗੋਸ਼ਟੀ ਹੋਈ ਜਿਸ ਵਿੱਚ ਡਾ: ਗੁਰੂਮੇਲ ਸਿੱਧੂ, ਸੁਰਿੰਦਰ ਸੀਰਤ ਅਤੇ ਹਰਜਿੰਦਰ ਕੰਗ ਨੇ ਪਰਚੇ ਪੜ੍ਹੇ ਅਤੇ ਕੁਲਵਿੰਦਰ ਦਾ ਗ਼ਜ਼ਲ ਸੰਗ੍ਰਹਿ “ਨੀਲੀਆਂ ਲਾਟਾਂ ਦਾ ਸੇਕ” ਅਤੇ ਭਾਰਤ ਤੋਂ ਆਏ ਮਹਿਮਾਨ ਕਹਾਣੀਕਾਰ ਰਣਜੀਤ ਸਿੰਘ ਭਿੰਡਰ ਦਾ ਕਹਾਣੀ ਸੰਗ੍ਰਹਿ “ਸਮਾਂ ਤੇ ਸੁਪਨੇ” ਰਿਲੀਜ਼ ਕੀਤੇ ਗਏ। ਇਸ ਪੜਾਅ ਦੀ ਪ੍ਰਧਾਨਗੀ ਕਰ ਰਹੇ ਸਨ ਡਾ: ਵੇਦ ਵੱਟੁਕ, ਕੁਲਵਿੰਦਰ, ਰਣਜੀਤ ਸਿੰਘ ਭਿੰਡਰ, ਰੇਸ਼ਮ ਸਿੱਧੂ, ਅਤੇ ਸੁਰਿੰਦਰ ਸੀਰਤ । “ਨੀਲੀਆਂ ਲਾਟਾਂ ਦਾ ਸੇਕ” ਨੂੰ ਡਾ: ਵੇਦ ਵੱਟੁਕ ਨੇ ਰਿਲੀਜ਼ ਕੀਤਾ। ਡਾ: ਵੇਦ ਵੱਟੁਕ ਨੇ ਕੁਲਵਿੰਦਰ ਦੀ ਸ਼ਾਇਰੀ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਉਹ ਕੁਲਵਿੰਦਰ ਦੀ ਨਵੀਂ ਕਿਤਾਬ ਰਿਲੀਜ਼ ਕਰਦਿਆਂ ਉਹ ਮਾਣ ਮਹਿਸੂਸ ਕਰ ਰਹੇ ਹਨ।

----

“ਨੀਲੀਆਂ ਲਾਟਾਂ ਦੇ ਸੇਕ” ਵਿਚਲੀ ਸ਼ਾਇਰੀ ਬਾਰੇ ਬੋਲਦਿਆਂ ਸੁਰਿੰਦਰ ਸੀਰਤ ਨੇ ਕੁਲਵਿੰਦਰ ਨੂੰ ਇਕ ਮੁਕੰਮਲ ਗ਼ਜ਼ਲ-ਗੋ ਮੰਨਿਦਿਆਂ ਕਿਹਾ ਕੁਲਵਿੰਦਰ ਨੇ ਕਾਇਨਾਤ ਦੇ ਅਨੇਕਾਂ ਸੰਦਰਭਾਂ ਵਿੱਚੋਂ ਲੰਘਣ ਦੀ ਪ੍ਰਕਿਰਿਆ ਨਿਭਾਈ ਹੈ।ਉਸ ਨੇ ਕਰਮਕਾਂਡਾਂ ਨੂੰ ਆਪਣੀ ਮਾਨਸਿਕਤਾ ਵਿਚ ਹੰਢਾਇਆ ਹੈ।ਕਦੀ ਤਾਂ ਉਸ ਨੇ ਇਕ ਵਹਿੰਦੀ ਨਦੀ ਦਾ ਅਨੁਭਵ ਗ੍ਰਹਿਣ ਕੀਤਾ ਹੈ, ਕਿਤੇ ਉਚ ਪਹਾੜਾਂ ਦੀਆਂ ਚੋਟੀਆਂ ਤੇ ਵ੍ਹਰ ਰਹੇ ਬਰਫ਼ ਦਿਆਂ ਪੋਛਿਆਂ ਦੀ ਛੋਹ ਦਾ ਲੰਮਸ ਮਾਣਿਆ ਹੈ, ਕਿਤੇ ਦਰਿਆ ਤੋਂ ਸਮੁੰਦਰ ਤੀਕ ਅਪੜਨ ਦੀ ਲਾਲਸਾ ਦਰਸਾਈ ਹੈ, ਕਿਤੇ ਇਕ ਸੜ-ਬਲ ਰਹੇ ਜੰਗਲ ਵਿਚ ਇਕ ਘਣਛੱਤਾ ਬਿਰਖ ਹੋਣ ਦੀ ਅਭਿਲਾਸ਼ਾ ਨੂੰ ਦਰਸਾਇਆ ਹੈ, ਕਿਤੇ ਰੇਤਲੇ ਸਹਿਰਾਅ ਦੀ ਨੰਗੀ ਧੁੱਪ ਦਾ ਆਕਰੋਸ਼ ਸਹੇੜਿਆ ਹੈ, ਕਿਤੇ ਮੋਹ ਵਿਚ ਨਿਰਮੋਹਤਾ ਦਾ ਅਨੁਭਵ, ਕਿਤੇ ਇਸ ਆਰ ਤੋਂ ਉਸ ਪਾਰ ਦਾ ਸੰਕਲਪ ਸਹੇੜਿਆ ਹੈ।ਇੰਝ ਪੂਰੇ ਗਲੋਬ ਚੋਂ ੳਹਨਾਂ ਪ੍ਰਸਥਿਤੀਆਂ ਨੂੰ ਆਪਣੀ ਸੋਚ ਦੇ ਘੇਰੇ ਵਿਚ ਕੇਂਦ੍ਰਿਤ ਕਰਨ ਦੀ ਜਗਿਆਸਾ ਹਿਤ, ਕੁਲਵਿੰਦਰ ਆਪਣੇ ਆਪ ਨਾਲੋਂ ਟੁੱਟ ਚੁਕੇ ਸੰਦਰਭਾਂ ਨੂੰ ਵੇਖਦਾ ਹੈ। ਸੀਰਤ ਨੇ ਕਿਹਾ ਕਿ ਕੁਲਵਿੰਦਰ ਉਹਨਾਂ ਪੰਜਾਬੀ ਸ਼ਾਇਰਾਂ ਵਿਚੋਂ ਹੈ ਜਿਨ੍ਹਾਂ ਨੁੰ ਗ਼ਜ਼ਲ ਅਰੂਜ਼ ਉਪਰ ਪੂਰੀ ਪਕੜ ਹਾਸਲ ਹੈ।

----

ਡਾ: ਗੁਰੂਮੇਲ ਸਿਧੂ ਨੇ ਕੁਲਵਿੰਦਰ ਨੂੰ ਉਦਾਸ ਸੁਰਾਂ ਦਾ ਸ਼ਾਇਰ ਦਸਦਿਆਂ ਕਿਹਾ ਕਿ ਕੁਲਵਿੰਦਰ ਤਲਖ਼ੀਆਂ ਵਿੱਚੋਂ ਰੰਗੀਨੀਆਂ ਭਾਲਦਾ ਹੈ ਅਤੇ ਤੁਰਸ਼ ਤਰਜ਼ਬਿਆਂ ਨੂੰ ਜ਼ਿੰਦਗੀ ਦੇ ਰੂ-ਬ-ਰੂ ਕਰਕੇ ਉਸ ਨੂੰ ਖ਼ੁਸ਼ਗੁਵਾਰ ਬਣਾਉਣ ਦਾ ਯਤਨ ਕਰਦਾ ਹੈ। ਉਹ ਉਦਾਸ ਭਾਵੀ ਅਤੇ ਕਰੁਣਾਮਈ ਸ਼ਿਅਰਾਂ ਰਾਹੀਂ ਭਾਵਕ ਤਰੰਗ ਪੈਦਾ ਕਰਕੇ ਪਾਠਕਾਂ ਦੇ ਦਿਲਾਂ ਵਿੱਚ ਉਤੇਜਨਾ ਪੈਦਾ ਕਰਦਾ ਹੈ ਜੋ ਉਨ੍ਹਾਂ ਦੇ ਮਨ ਦੀਆਂ ਗੰਢਾਂ ਖੋਲ੍ਹਣ ਵਿੱਚ ਸਹਾਈ ਹੁੰਦੀ ਹੈ। ਇਹ ਇਕ ਪ੍ਰਕਾਰ ਨਾਲ ਜੀਵਨ ਦੀ ਥੈਰੇਪੀ ਹੈ, ਜੀਵਨ ਦਾ ਕਥਾਰਸਿਸ ਹੈ। ਮਨਫ਼ੀ ਨੂੰ ਮਨਫ਼ੀ ਨਾਲ ਕੱਟਕੇ ਜਾਂ ਪੌਜ਼ੇਟਿਵ ਨਾਲ ਮਨਫ਼ੀ ਨੂੰ ਸਾਵਾਂ ਕਰਕੇ ਜੀਵਨ ਨੂੰ ਸੁਖਾਵਾਂ ਬਣਾਉਣ ਦਾ ਸੂਤਰ ਹੈ।

----

ਹਰਜਿੰਦਰ ਕੰਗ ਨੇ ਆਪਣੇ ਪਰਚੇ – “ਨੀਲੀਆਂ ਲਾਟਾਂ ਦੇ ਸੇਕ ਦਾ ਸੂਰਜ” ਵਿੱਚ ਕੁਲਵਿੰਦਰ ਵਲੋਂ ਵਰਤੇ ਗਏ ਪ੍ਰਕ੍ਰਿਤਕ ਬਿੰਬਾਂ ਦਾ ਵਿਸਥਾਰ ਪੂਰਵਕ ਜਾਇਜ਼ਾ ਲਿਆ। ਕੰਗ ਨੇ ਕਿਹਾ ਕਿ ਭਾਸ਼ਾਈ ਸ਼ਬਦਾਂ ਨੂੰ ਕਵਿਤਾ ਵਿੱਚ 3 ਰੂਪਾਂ ਵਿੱਚ ਵਰਤਿਆ ਜਾ ਸਕਦਾ ਹੈ, ਹਕੀਕੀ, ਤਕਨੀਕੀ ਅਤੇ ਮਿਜਾਜ਼ੀ। ਮਿਸਾਲ ਵਜੋਂ ਕੁਲਵਿੰਦਰ ਨੇ ਸੂਰਜ ਨੂੰ ਬਹੁਤ ਸਾਰੇ ਸ਼ਿਅਰਾਂ ਵਿੱਚ ਹਕੀਕੀ ਰੂਪ ਵਿੱਚ ਵਰਤਿਆ ਹੈ।

ਢਲ ਰਿਹਾ ਸੂਰਜ ਸਮੁੰਦਰ ਵਿੱਚ ਨ ਲਹਿ ਜਾਵੇ ਕਿਤੇ।

ਸੰਦਲੀ ਆਥਣ ਸਦਾ ਵਿਛੜੀ ਨ ਰਹਿ ਜਾਵੇ ਕਿਤੇ।

ਕੁਲਵਿੰਦਰ ਪ੍ਰਕਿਰਤੀ ਨਾਲ ਨੇੜਿਓਂ ਜੁੜਿਆ ਹੋਇਆ ਵਿਅਕਤੀ ਹੈ ਅਤੇ ਉਹ ਆਪਣੇ ਅਲੰਕਾਰ ਅਤੇ ਬਿੰਬ ਏਸੇ ਜ਼ਮੀਨ ਚੋਂ ਚੁਣਕੇ ਸ਼ਿਅਰਾਂ ਨੂੰ ਖ਼ੂਬ ਸ਼ਿੰਗਾਰਨਾ ਜਾਣਦਾ ਹੈ।

----

ਜਗਜੀਤ ਨੌਸ਼ਹਿਰਵੀ ਨੇ ਕਿਤਾਬ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਤਾਬ ਵਿਚ ਦਰਜ਼ ਕੁਲਵਿੰਦਰ ਵਲੋਂ ਆਪਣੀ ਰਚਨ ਪ੍ਰਕਿਰਿਆ ਬਾਰੇ ਲਿਖੇ ਗਏ ਲੰਮੇ ਲੇਖ ਦੇ ਕੁੱਝ ਅੰਸ਼ ਸਰੋਤਿਆਂ ਨਾਲ ਸਾਂਝੇ ਕੀਤੇ। ਕਿਤਾਬ ਰਿਲੀਜ਼ ਉਪਰੰਤ ਕੁਲਵਿੰਦਰ ਨੇ ਆਪਣੇ ਬਹੁਤ ਸਾਰੇ ਪ੍ਰਤੀਨਿਧ ਸ਼ਿਅਰ ਸਰੋਤਿਆਂ ਨੂੰ ਸੁਣਾ ਕੇ ਉਹਨਾਂ ਦੀ ਦਾਦ ਹਾਸਲ ਕੀਤੀ। ਸ਼ਿਅਰ ਵੇਖੋ:

ਇਕ ਨਾ ਇਕ ਦਿਨ ਇਸਦੇ ਉਪਰ ਉੱਗ ਹੀ ਪੈਣਾ ਗੁਲਾਬ,

ਜਾਣਦਾ ਹਾਂ ਮੈਂ ਕਿ ਦਿਲ ਦੀ ਧਰਤ ਬੰਜ਼ਰ ਹੈ ਅਜੇ।

ਮੈਂ ਨਹੀਂ ਸੂਰਜ ਕਿ ਹਰ ਇਕ ਸ਼ਾਮ ਨੂੰ ਢਲਦਾ ਰਹਾਂਗਾ।

ਮੈਂ ਬੜਾ ਨਿੱਕਾ ਜਿਹਾ ਦੀਵਾ ਹਾਂ, ਪਰ ਬਲਦਾ ਰਹਾਂਗਾ।

ਮੈਂ ਪਰ ਹੀਣਾ ਪਰਿੰਦਾ ਬੰਦਾ ਹਾਂ ਇਕ ਪਿੰਜਰੇ ਅੰਦਰ,

ਮੇਰੇ ਖਾਬਾਂ ‘ਚ ਐਵੇਂ ਨੀਲ ਅੰਬਰ ਆ ਗਿਆ ਹੈ।

----

ਕਹਾਣੀਕਾਰ ਰਣਜੀਤ ਸਿੰਘ ਭਿੰਡਰ ਦੇ ਕਹਾਣੀ ਸੰਗ੍ਰਹਿ “ਸਮਾਂ ਤੇ ਸੁਪਨੇ” ਦੀ ਜਾਣ ਪਹਿਚਾਣ ਹਰਜਿੰਦਰ ਕੰਗ ਨੇ ਕਰਾਈ ਅਤੇ ਇਸ ਕਿਤਾਬ ਨੂੰ ਕਹਾਣੀਕਾਰ ਕਰਮ ਸਿੰਘ ਮਾਨ ਨੇ ਰਿਲੀਜ਼ ਕੀਤਾ। ਰਣਜੀਤ ਸਿੰਘ ਭਿੰਡਰ ਨੇ ਆਪਣੇ ਨਵੇਂ ਕਹਾਣੀ ਸੰਗ੍ਰਹਿ ਵਿਚੋਂ “ਸਾਂਝ” ਕਹਾਣੀ ਪੜ੍ਹਕੇ ਸੁਣਾਈ ਜੋ ਸਰੋਤਿਆਂ ਵਲੋਂ ਬਹੁਤ ਸਲਾਹੀ ਗਈ।

ਸਾਹਿਤਕ ਗੋਸ਼ਟੀ ਨੂੰ ਜਾਰੀ ਰੱਖਦਿਆਂ ਹਰਜਿੰਦਰ ਕੰਗ ਨੇ ਡਾ: ਗੁਰੂਮੇਲ ਸਿੱਧੂ ਦੀ ਕਿਤਾਬ “ਖੁੱਲ੍ਹੀ ਕਵਿਤਾ ਦੇ ਮਾਪਦੰਡ” ਬਾਰੇ ਆਪਣਾ ਸੰਖੇਪ ਪਰਚਾ ਪੜ੍ਹਿਆ। ਕੰਗ ਨੇ ਕਿਹਾ ਕਿ ਇਹ ਕਿਤਾਬ ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਨਾਂ ਲਈ ਹੀ ਕਵਿਤਾ ਦੀਆਂ ਬਰੀਕੀਆਂ ਨੂੰ ਸਮਝਣ ਲਈ ਬਹੁਤ ਹੀ ਲਾਹੇਵੰਦੀ ਸਾਬਤ ਹੋਏਗੀ। ਡਾ: ਸਿੱਧੂ ਹੋਰਾਂ ਇਸ ਕਿਤਾਬ ਵਿੱਚ ਵਿਸਥਾਰ ਸਾਹਿਤ ਖੁਲ੍ਹੀ ਕਵਿਤਾ ਦੇ ਵਿਭਿੰਨ ਮਾਪਦੰਡਾਂ ਦਾ ਜਾਇਜ਼ਾ ਲਿਆ ਹੈ। ਉਹਨਾਂ ਅਨੁਸਾਰ ਖੁਲ੍ਹੀ ਕਵਿਤਾ ਲਈ ਛੰਦ ਵਿਧਾਨ ਅਤੇ ਸੰਗੀਤਕ ਲੈਅ-ਬੱਧਤਾ ਦਾ ਪਾਬੰਦ ਹੋਣਾ ਬਹੁਤ ਜ਼ਰੂਰੀ ਹੈ।ਛੰਦ ਦੀ ਜਾਣਕਾਰੀ ਤੋਂ ਬਿਨਾਂ ਚੰਗੀ ਖੁਲ੍ਹੀ ਕਵਿਤਾ ਨਹੀਂ ਲਿਖੀ ਜਾ ਸਕਦੀ। ਇਸ ਕਿਤਾਬ ਦਾ ਸਭ ਤੋਂ ਮਹੱਤਵਪੂਰਨ ਅਧਿਆਏ ਸਤਰਬੰਦੀ ਅਤੇ ਠਹਿਰਾਉ ਬਾਰੇ ਹੈ। ਲਿਖੀ ਹੋਈ ਖੁੱਲ੍ਹੀ ਕਵਿਤਾ ਦੀ ਸਤਰ ਉਵੇਂ/ਓਥੇ ਟੁੱਟਣੀ ਚਾਹੀਦੀ ਹੈ ਜਿਵੇਂ ਕਵੀ ਕਵਿਤਾ ਸੁਣਾਉਣ ਵੇਲੇ ਕਰਦਾ ਹੈ ਨਹੀਂ ਤਾਂ ਕਵੀ ਦਾ ਭਾਵ ਸਹੀ ਰੂਪ ਵਿੱਚ ਪਾਠਕ ਤੱਕ ਨਹੀਂ ਪਹੁੰਚਦਾ।

----

ਉੱਘੇ ਗਾਇਕ ਸੁਖਦੇਵ ਸਾਹਿਲ ਨੇ ਕੁਲਵਿੰਦਰ ਦੀਆਂ ਤਿੰਨ ਗ਼ਜ਼ਲਾਂ ਦਾ ਗਾਇਨ ਕਰਕੇ ਮਹਿਫ਼ਿਲ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੱਤਾ। ਜਗਜੀਤ ਨੌਸ਼ਹਿਰਵੀ ਨੇ ਕਿਹਾ ਕਿ ਸਾਹਿਲ ਅਤੇ ਕੁਲਵਿੰਦਰ ਦੀ ਗਹਿਰੀ ਦੋਸਤੀ ਹੈ ਅਤੇ ਸਾਹਿਲ, ਕੁਲਵਿੰਦਰ ਦੇ ਬਹੁਤ ਸਾਰੇ ਸ਼ੇਅਰਾਂ ਨੂੰ ਪਹਿਲੇ ਰਚਨਾਤਮਕ ਪੜਾਅ ਵਿਚੋਂ ਗੁਜ਼ਰਦਿਆਂ ਹੀ ਆਪਣੀਆਂ ਸੰਗੀਤਕ ਧੁਨਾਂ ਤੇ ਬੰਨ੍ਹਣਾ ਸ਼ੁਰੂ ਕਰ ਦਿੰਦਾ ਹੈ। ਇਸ ਕਿਤਾਬ ਦੀ ਰਚਨਾ ਦੌਰਾਨ ਗਾਇਕ ਸੁਖਦੇਵ ਸਾਹਿਲ, ਸ਼ਾਇਰ ਕੁਲਵਿੰਦਰ ਦੇ ਨਾਲ ਨਾਲ ਵਿਚਰਿਆ ਹੈ ਜਿਸ ਕਰਕੇ ਇਹ ਕਿਤਾਬ ਸਾਹਿਲ ਨੂੰ ਸਮਰਪਤ ਕਰਨਾ ਹੋਰ ਵੀ ਢੁਕਵਾਂ ਲਗਦਾ ਹੈ। ਸਰੋਤਿਆਂ ਦੀ ਫਰਮਾਇਸ਼ ਤੇ ਸੁਖਦੇਵ ਸਾਹਿਲ ਨੇ ਲੋਕ ਗੀਤ ਮਾਹੀਆ ਵੀ ਸੁਣਾਇਆ ਜੋ ਸਭ ਨੇ ਬਹੁਤ ਸਰਾਹਿਆ। ਸਮਾਗਮ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਸ਼ਾਇਰ ਰਵਿੰਦਰ ਸਹਿਰਾਅ ਦੇ ਨੌਜਵਾਨ ਸਪੁੱਤਰ ਅਮਰਿੰਦਰ ਸਿੰਘ ਸਹਿਰਾਅ ਦੀ ਅਚਾਨਕ ਹੋਈ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ। ਸਹਿਰਾਅ ਪ੍ਰੀਵਾਰ ਨਾਲ ਹਮਰਦਰਦੀ ਦਾ ਪ੍ਰਗਟਾ ਕਰਦੇ ਹੋਏ ਸ਼ੋਕ ਮਤਾ ਪਾਸ ਕੀਤਾ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਭੇਟ ਕੀਤੀ।

----

ਸਮਾਗਮ ਦੇ ਦੂਸਰੇ ਪੜਾਅ ਵਿੱਚ ਡਾ: ਗੁਰੂਮੇਲ ਸਿਧੂ, ਰਣਜੀਤ ਸਿੰਘ ਭਿੰਡਰ, ਫ਼ਾਰੂਖ ਤਰਾਜ਼, ਦਲਜੀਤ ਸਰਾਂ ਅਤੇ ਆਜ਼ਾਦ ਜਲੰਧਰੀ ਦੀ ਸਦਾਰਤ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਕਵੀ ਦਰਬਾਰ ਆਯੋਜਤ ਹੋਇਆ। ਕਵੀ ਦਰਬਾਰ ਵਿਚ ਕੁਲਵਿੰਦਰ, ਫ਼ਾਰੂਖ ਤਰਾਜ਼, ਆਜ਼ਾਦ ਜਲੰਧਰੀ, ਈਸ਼ਰ ਸਿੰਘ ਮੋਮਨ, ਡਾ: ਸੁਖਪਾਲ ਸੰਘੇੜਾ, ਜਗਜੀਤ ਨੌਸ਼ਹਿਰਵੀ, ਰੇਸ਼ਮ ਸਿੱਧੂ, ਡਾ: ਵੇਦ ਵੱਟੁਕ, ਹਰਜਿੰਦਰ ਕੰਗ, ਅਮਨਦੀਪ ਬੋਪਾਰਾਏ, ਗੁਰਚਰਨ ਸਿੰਘ ਫ਼ਲਕ, ਸ਼ਾਇਰਾ ਨਵਨੀਤ ਪੰਨੂ, ਹਰਭਜਨ ਸਿੰਘ ਢਿਲੋਂ, ਮੇਜਰ ਭੁਪਿੰਦਰ ਦਲੇਰ, ਸੁਰਿੰਦਰ ਸੀਰਤ, ਕਮਲ ਬੰਗਾ ਆਦਿ ਸ਼ਾਇਰਾਂ ਨੇ ਆਪਣਾ ਕਲਾਮ ਸਰੋਤਿਆਂ ਨਾਲ ਸਾਂਝਾ ਕੀਤਾ। ਸਰੋਤਿਆਂ ਵਿੱਚ ਕੁਲਦੀਪ ਧਾਲੀਵਾਲ, ਪ੍ਰਿਤਪਾਲ ਸਿੰਘ, ਪੰਕਜ਼ ਆਂਸਲ, ਕੁਲਵੰਤ ਸੇਖੋਂ, ਓਮ ਪ੍ਰਕਾਸ਼ ਕਮਲ, ਰੁਬਿੰਦਰ ਬਿਰਦੀ, ਮਨਜੀਤ

ਪਲਾਹੀ, ਧਰਮ ਸਿੰਘ, ਅਵਤਾਰ ਸਿੰਘ ਲਾਖਾ, ਤੇਜਾ ਸਿੰਘ ਬਿਰਦੀ ਅਤੇ ਸੁਰਜੀਤ ਕੌਰ ਬਿਰਦੀ ਸਮੇਤ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜ਼ਰ ਸਨ।

ਇਹ ਰਿਪੋਰਟ ਬੇਅ ਏਰੀਆ ਇਕਾਈ ਦੇ ਜਰਨਲ ਸਕੱਤਰ ਜਗਜੀਤ ਨੌਸ਼ਹਿਰਵੀ ਅਤੇ ਚੇਅਰਮੈਨ ਰੇਸ਼ਮ ਸਿੱਧੂ ਵਲੋਂ ਜਾਰੀ ਕੀਤੀ ਗਈ ਹੈ।




































































ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ