ਰਿਪੋਰਟਰ: ਡਾ. ਨਿਰਮਲ ਸਿੰਘ ‘ਪੰਜਾਬੀ ਸੱਥ ਲਾਂਬੜਾ’
ਜਲੰਧਰ, 7 ਜੂਨ - ਪੰਜਾਬੀ ਸੱਥ ਲਾਂਬੜਾ ਜਲੰਧਰ ਦੀਆਂ ਪੰਜਾਬ ਵਿਚਲੀਆਂ ਇਕਾਈਆਂ ਦੀ ਆਪਸੀ ਮਿਲਣੀ ਪੁਆਧੀ ਪੰਜਾਬੀ ਸੱਥ ਮੋਹਾਲੀ ਦੇ ਸੱਦੇ ਉੱਤੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼ - 6 ਮੋਹਾਲੀ ਵਿਖੇ ਸ. ਮਨਮੋਹਨ ਸਿੰਘ ਦਾਊਂ ਦੀ ਦੇਖ ਰੇਖ ਹੇਠ ਹੋਈ। ਇਸ ਮਿਲਣੀ ਵਿਚ ਸੱਥਾਂ ਦੀ ਪਿਛਲੇ 20 ਸਾਲਾਂ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕਰਦਿਆਂ ਸੱਥਾਂ ਦੇ ਕੰਮਕਾਜ ‘ਤੇ ਤਸੱਲੀ ਪ੍ਰਗਟਾਈ ਗਈ। ਦਾਊਂ ਹੋਰਾਂ ਨੇ ਜੀਓ ਆਇਆਂ ਆਖਦਿਆਂ ਪੁਆਧੀ ਪੰਜਾਬੀ ਸੱਥ ਦੇ ਕੀਤੇ ਕਾਰਜਾਂ ਅਤੇ ਪੁਆਧੀ ਸੱਥ ਵਲੋਂ ਛਾਪੀਆਂ ਕਿਤਾਬਾਂ ਤੇ ਕੀਤੇ ਸਨਮਾਨਾਂ ਸਬੰਧੀ ਜਾਣਕਾਰੀ ਦਿੱਤੀ। ਡਾ. ਨਿਰਮਲ ਸਿੰਘ ‘ਲਾਂਬੜਾ ਸੱਥ’ ਵਾਲਿਆਂ ਨੇ ਪੰਜਾਬ ਤੋਂ ਵੱਖ ਯੂਰਪ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਲਹਿੰਦੇ ਪੰਜਾਬ ਵਿਚ ਸੱਥ ਦੀਆਂ ਗਤੀਵਿਧੀਆਂ ਸਬੰਧੀ ਦੱਸਦਿਆਂ ਕਿਹਾ ਕਿ ਯੂਰਪੀ ਸੱਥ ਦੇ ਸਹਿਯੋਗ ਨਾਲ ਹੁਣ ਤੱਕ 60 ਤੋਂ ਵਧ ਕਿਤਾਬਾਂ ਅਤੇ ਵਿਰਾਸਤੀ ਕੈਲੰਡਰ ਛਾਪ ਕੇ ਵਿਸ਼ਵ ਪੰਜਾਬੀ ਭਾਈਚਾਰੇ ਵਿਚ ਆਪਣਾ ਇਕ ਵਿਸ਼ੇਸ਼ ਸਥਾਨ ਸਥਾਪਤ ਕਰ ਲਿਆ ਹੈ।
----
ਇਸ ਦੌਰਾਨ ਸਾਰੀਆਂ ਸੱਥਾਂ ਵਲੋਂ ਇਸ ਸਬੰਧੀ ਯੂਰਪੀ ਸੱਥ ਦੇ ਸੰਚਾਲਕ ਸ. ਮੋਤਾ ਸਿੰਘ ਸਰਾਏ, ਵਾਲਸਾਲ ਅਤੇ ਉਹਨਾ ਦੇ ਸਾਰੇ ਬੇਲੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।ਸੱਥਾਂ ਨੇ ਹੁਣ ਤੱਕ 300 ਤੋਂ ਵੱਧ ਹਸਤੀਆਂ ਤੇ ਸੰਸਥਾਵਾਂ ਦਾ ਸਤਿਕਾਰ ਸਹਿਤ ਸਨਮਾਨ ਕੀਤਾ ਗਿਆ ਹੈ । ਚੜ੍ਹਦੇ ਪੰਜਾਬ ਤੋਂ ਛੁੱਟ ਹਰਿਆਣਾ, ਦਿੱਲੀ, ਚੰਡੀਗੜ੍ਹ, ਜੰਮੂ-ਕਸ਼ਮੀਰ, ਲਹਿੰਦੇ ਪੰਜਾਬ, ਰੂਸ, ਪੋਲੈਂਡ, ਆਸਟ੍ਰੀਆ, ਹਾਲੈਂਡ, ਆਸਟ੍ਰੇਲੀਆ, ਇੰਗਲੈਂਡ, ਫਰਾਂਸ, ਸਕਾਟਲੈਂਡ, ਕੈਨੇਡਾ, ਯੂ.ਐਸ.ਏ. ਤੋਂ ਸਨਮਾਨਿਤ ਸ਼ਖ਼ਸੀਅਤਾਂ ਦੀ ਜਾਣਕਾਰੀ ਦਿੱਤੀ ਗਈ। ਬਾਬਾ ਬਲਬੀਰ ਸਿੰਘ ਸੀਚੇਵਾਲ, ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਲੋਂ ਵਾਤਾਵਰਣ ਸਬੰਧੀ ਕੀਤੇ ਜਾ ਰਹੇ ਕਾਰਜਾਂ ਵਿਚ ਸੱਥ ਦੀ ਭੂਮਿਕਾ ਬਾਬਤ ਦੱਸਿਆ ਗਿਆ। ਮਿਲਣੀ ਦੌਰਾਨ ਪੰਜਾਬ ਦੇ ਵਾਤਾਵਰਣ, ਸੰਤਾਲੀ ਦੇ ਘੱਲੂਘਾਰੇ, ਨਸ਼ੇਖੋਰੀ, ਧੀਆਂ ਦੀ ਬੇਕਦਰੀ, ਰਿਸ਼ਤੇ-ਨਾਤੇ, ਪ੍ਰਵਾਸ ਅਤੇ ਸਮਾਜਿਕ ਸਰੋਕਾਰਾਂ ਬਾਰੇ ਮੁੱਦਿਆਂ ਉੱਤੇ ਆਧਾਰਤ ਛਾਪੀਆਂ ਕਿਤਾਬਾਂ ਬਾਰੇ ਭਰਪੂਰ ਚਰਚਾ ਕੀਤੀ ਗਈ ।
----
ਪ੍ਰਿ. ਕੁਲਵਿੰਦਰ ਸਿੰਘ ਸਰਾਏ ਸੰਚਾਲਕ ਮੰਜਕੀ ਪੰਜਾਬੀ ਸੱਥ ਭੰਗਾਲਾ (ਜਲੰਧਰ) ਹੋਰਾਂ ਨੇ ਅਪਣੀ ਸੱਥ ਦੀਆਂ ਗਤੀਵਿਧੀਆਂ ਦੇ ਨਾਲੋਂ ਨਾਲ ਸੱਥ ਵੱਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਦੀ ਵੰਡ ਵੰਡਾਈ ਤੇ ਵਿਕਰੀ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ । ਡਾ. ਸਵਰਾਜ ਸਿੰਘ ਵਲੋਂ ਲਿਖੀ ਨਵੀਂ ਕਿਤਾਬ ‘ਸਾਮਰਾਜੀ ਸੰਕਟ ਅਤੇ ਨਵੇਂ ਸੰਸਾਰ ਦਾ ਉਭਾਰ’ ਸਾਰੀਆਂ ਸੱਥਾਂ ਵਾਲਿਆਂ ਨੂੰ ਭੇਟ ਕੀਤੀ ਗਈ ਅਤੇ ਸਹਿਜ ਵਿਕਾਸ ਸਬੰਧੀ ਵਿਚਾਰਾਂ ਵੀ ਹੋਈਆਂ। ਇਸ ਮੌਕੇ ਪੰਜਾਬ ਵਿਚ ਦੋ ਹੋਰ ਇਕਾਈਆਂ ਸਥਾਪਤ ਕਰਨ ਦਾ ਫੈਸਲਾ ਹੋਇਆ। ਇਨ੍ਹਾਂ ਵਿਚੋਂ ਇਕ ਪਟਿਆਲੇ ਡਾ. ਦਰਸ਼ਨ ਸਿੰਘ ਆਸ਼ਟ ਦੀ ਦੇਖ-ਰੇਖ ਹੇਠ ਸਮੁੱਚੇ ਸੰਸਾਰ ਦੇ ਪੰਜਾਬੀ ਬਾਲ ਸਾਹਿਤ ‘ਤੇ ਕੇਂਦਰਿਤ ਹੋਵੇਗੀ ਅਤੇ ਦੂਜੀ ਸੱਥ ਪੰਜਾਬ ਦੇ ਇਤਿਹਾਸਕ ਪਿੰਡ ਜਰਗ ਜ਼ਿਲ੍ਹਾ ਲੁਧਿਆਣਾ ਵਿਚ ਸ. ਅਮਨਜੋਤ ਸਿੰਘ ਮੰਡੇਰ ਦੀ ਦੇਖ ਰੇਖ ਹੇਠ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਲਗਭਗ 70 ਕੁ ਹਸਤੀਆਂ ਦੇ ਇਕੱਠ ਵਿਚ ਪੰਜਾਬੀ ਸੱਥ ਸਰਹਿੰਦ ਵਲੋਂ ਸੰਤ ਸਿੰਘ ਸੋਹਲ,ਗੁਰਨਾਮ ਸਿੰਘ ਬਾਵਾ, ਮਲਵਈ ਸੱਥ ਵਲੋਂ ਡਾ. ਲਖਬੀਰ ਸਿੰਘ ਨਾਮਧਾਰੀ, ਮਾਝਾ ਪੰਜਾਬੀ ਸੱਥ ਤਰਨਤਾਰਨ ਵਲੋਂ ਸ. ਰਘਬੀਰ ਸਿੰਘ ਤੀਰ, ਰਿਆੜਕੀ ਸੱਥ ਹਰਪੁਰਾ ਧੰਦੋਈ-ਗੁਰਦਾਸਪੁਰ ਵਲੋਂ ਸ. ਸੂਬਾ ਸਿੰਘ ਖਹਿਰਾ, ਮਾਝਾ ਪੰਜਾਬੀ ਸੱਥ ਬੁਤਾਲਾ - ਅੰਮ੍ਰਿਤਸਰ ਵਲੋਂ ਬੀਬੀ ਸਵਰਨ ਕੌਰ ਬੱਲ, ਦੋਨਾ ਪੰਜਾਬੀ ਸੱਥ ਵਲੋਂ ਬਹਾਦਰ ਸਿੰਘ ਸੰਧੂ, ਢਾਹਾ ਪੰਜਾਬੀ ਸੱਥ ਵਲੋਂ ਗੁਰਦੀਪ ਸਿੰਘ ਕੰਗ ਹੋਰਾਂ ਨੇ ਆਪੋ ਆਪਣੀਆਂ ਸੱਥਾਂ ਦੀ ਕਾਰਗੁਜ਼ਾਰੀ ਬਾਬਤ ਵਿਸਥਾਰ ਨਾਲ ਦੱਸਿਆ ।
----
ਇਸ ਮਿਲਣੀ ਦੌਰਾਨ ਇਕ ਖ਼ਾਸ ਫੈਸਲਾ ਇਹ ਹੋਇਆ ਕਿ ਸੱਥ ਵਲੋਂ ਛਾਪੀਆਂ ਜਾਂਦੀਆਂ ਜਾਂ ਕੋਈ ਹੋਰ ਕਿਤਾਬਾਂ ਕਦੀ ਵੀ ਕਿਸੇ ਨੂੰ ਭਾਰਤ ‘ਚ ਮੁਫ਼ਤ ਨਾ ਦਿੱਤੀਆਂ ਜਾਣ। ਸੱਥਾਂ ਵਾਲੇ ਖ਼ੁਦ ਵੀ ਕਿਤਾਬਾਂ ਖਰੀਦ ਕੇ ਪੜ੍ਹਣ ਤੇ ਇਸ ਪਰੰਪਰਾ ਨੂੰ ਅੱਗੇ ਤੋਰਦਿਆਂ ਮਾਂ ਬੋਲੀ ਦੀ ਚੜ੍ਹਦੀ ਕਲਾ ਵਿਚ ਯੋਗਦਾਨ ਪਾਉਣ। ਸਟੇਜ ਸਕੱਤਰ ਦੀ ਸੇਵਾ ਗੁਰਿੰਦਰ ਸਿੰਘ ਕਲਸੀ ਹੋਰਾਂ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਚੰਡੀਗੜ੍ਹ, ਹਰਿਆਣਾ, ਮੋਹਾਲੀ, ਪਟਿਆਲਾ, ਰੋਪੜ ਤੇ ਖਰੜ ਦੀਆਂ ਕਿੰਨੀਆਂ ਹੀ ਨਾਮੀ ਸਾਹਿਤਕ ਹਸਤੀਆਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਦੌਰਾਨ ਅਜਿਹੀਆਂ ਮਿਲਣੀਆਂ ਪੰਜਾਬ ਦੇ ਵੱਖੋ ਵੱਖ ਥਾਵਾਂ ‘ਤੇ ਭਵਿੱਖ ਵਿਚ ਵੀ ਕਰਨ ਦਾ ਅਹਿਦ ਲਿਆ ।ਕਿਤਾਬਾਂ ਦੀ ਵਿਕਰੀ ਦੇ ਫੋਰੀ ਅਸਰ ਵਜੋਂ ਮਿਲਣੀ ਤੋਂ ਬਾਅਦ 3500 ਰੁ: ਮੁੱਲ ਦੀਆਂ ਕਿਤਾਬਾਂ ਦੀ ਨਕਦ ਵਿਕਰੀ ਹੋਈ।
No comments:
Post a Comment