ਰਿਪੋਰਟਰ:- ਮਨਦੀਪ ਖੁਰਮੀ ਹਿੰਮਤਪੁਰਾ – ਯੂ.ਕੇ.
ਲੰਡਨ - ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਮਨਸ਼ੇ ਨਾਲ ਯਤਨਸ਼ੀਲ ਅਦਾਰਾ ‘ਸ਼ਬਦ’ ਵੱਲੋਂ ਆਪਣਾ ਸਾਲਾਨਾ 12ਵਾਂ ਸਮਾਗਮ ਸਾਊਥਾਲ ਦੇ ਅੰਬੇਦਕਰ ਹਾਲ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦੇ ਪਹਿਲੇ ਦੌਰ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਡਾ. ਸਵਰਨ ਚੰਦਨ, ਦਰਸ਼ਨ ਧੀਰ ਅਤੇ ਸਾਥੀ ਲੁਧਿਆਣਵੀ ਜੀ ਨੇ ਕੀਤੀ। ਸਮਾਗਮ ਵਿੱਚ ਬਰਤਾਨੀਆ ਭਰ ਦੇ ਸਾਹਿਤਕਾਰਾਂ ਨੇ ਹਿੱਸਾ ਲਿਆ। ਸ਼ੁਰੂਆਤੀ ਭਾਸ਼ਣ ਦੌਰਾਨ ਸੰਬੋਧਨ ਕਰਦਿਆਂ ਲੇਬਰ ਪਾਰਟੀ ਦੇ ਐੱਮ. ਪੀ. ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠਿਆਂ ਵੀ ਸਾਹਿਤਕਾਰਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਅੱਖੋਂ- ਪਰੋਖੇ ਨਹੀਂ ਕੀਤਾ ਜਾ ਸਕਦਾ।
----
ਉਹਨਾਂ ਅਦਾਰਾ ‘ਸ਼ਬਦ’ ਨੂੰ ਇਸ ਉੱਦਮ ਲਈ ਮੁਬਾਰਕਬਾਦ ਦਿੰਦਿਆਂ ਭਵਿੱਖ ਵਿੱਚ ਹੋਰ ਨਰੋਏ ਉਪਰਾਲੇ ਕਰਦੇ ਰਹਿਣ ਦੀ ਆਸ ਪ੍ਰਗਟਾਈ ਜਿਸ ਨਾਲ ਪੰਜਾਬੀ ਸਾਹਿਤ ਨੂੰ ਹੋਰ ਬਲ ਮਿਲੇ। ਇਸ ਉਪਰੰਤ ਡਾ. ਗੁਰਪਾਲ ਸਿੰਘ ਸੰਧੂ ਨੇ “ਪਿਛਲੇ ਦਹਾਕੇ ਦੀ ਪੰਜਾਬੀ ਨਾਵਲਕਾਰੀ” ਅਤੇ ਡਾ. ਦਵਿੰਦਰ ਕੌਰ ਨੇ “ਸਮਕਾਲੀ ਪ੍ਰਵਾਸੀ ਪੰਜਾਬੀ ਕਵਿਤਾ” ਪਰਚੇ ਪੇਸ਼ ਕੀਤੇ, ਜਿਸ ‘ਤੇ ਹੋਈ ਭਖਵੀਂ ਬਹਿਸ ਦੌਰਾਨ ਨਾਵਲਕਾਰ ਸ਼ਿਵਚਰਨ ਗਿੱਲ, ਦਰਸ਼ਨ ਧੀਰ, ਅਵਤਾਰ ਜੰਡਿਆਲਵੀ, ਨਾਵਲਕਾਰ ਹਰਜੀਤ ਅਟਵਾਲ, ਮਹਿੰਦਰਪਾਲ ਧਾਲੀਵਾਲ, ਅਵਤਾਰ ਉੱਪਲ, ਅਰਵਿੰਦ ਧਾਲੀਵਾਲ, ਸਾਥੀ ਲੁਧਿਆਣਵੀ, ਪ੍ਰੀਤਮ ਸਿੱਧੂ, ਦਵਿੰਦਰ ਨੌਹਰੀਆ ਅਤੇ ਡਾ. ਸਵਰਨ ਚੰਦਨ, ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਆਦਿ ਨੇ ਹਿੱਸਾ ਲੈਂਦਿਆਂ ਪਰਚਿਆਂ ਨਾਲ ਸਬੰਧਿਤ ਨੁਕਤਿਆਂ ਨੂੰ ਉਭਾਰਨ ਦੇ ਨਾਲ ਨਾਲ ਸਾਹਿਤ ਨੂੰ ਦੋ ਵਰਗਾਂ ਪੰਜਾਬੀ ਸਾਹਿਤ ਅਤੇ ‘ਪ੍ਰਵਾਸੀ ਪੰਜਾਬੀ ਸਾਹਿਤ’ ਵਿੱਚ ਵੰਡੇ ਜਾਣ ਨੂੰ ਮੰਦਭਾਗਾ ਕਰਾਰ ਦਿੱਤਾ।
----
ਬੁੱਧੀਜੀਵੀਆਂ ਨੇ ਕਿਹਾ ਕਿ ਬੰਦੇ ਪ੍ਰਵਾਸੀ ਹੋ ਸਕਦੇ ਹਨ ਪਰ ਵਿਦੇਸ਼ਾਂ ਵਿੱਚ ਰਹਿੰਦਿਆਂ ਮਾਂ ਬੋਲੀ ਪੰਜਾਬੀ ਵਿੱਚ ਰਚੇ ਸਾਹਿਤ ਨੂੰ ‘ਪ੍ਰਵਾਸੀ’ ਸ਼ਬਦ ਦੀ ਵਲਗਣ ਵਿੱਚ ਕੈਦ ਕਰ ਦੇਣਾ ਕਿਸੇ ਵੀ ਨਜ਼ਰੀਏ ਤੋਂ ਉਚਿਤ ਨਹੀਂ। ਇਸ ਦੇ ਨਾਲ ਨਾਲ ਹੀ ਬਹਿਸਕਾਰਾਂ ਨੇ ਸਾਹਿਤ ਦੇ ਖੇਤਰ ਵਿੱਚ ਉਸਾਰੂ ਆਲੋਚਨਾ ਦੀ ਘਾਟ ਦਾ ਨੁਕਤਾ ਵੀ ਵਿਚਾਰਿਆ। ਉਹਨਾਂ ਕਿਹਾ ਕਿ ਆਲੋਚਨਾ ਆਮ ਜ਼ਿੰਦਗੀ ਅਤੇ ਸਾਹਿਤ ‘ਚ ਵਿਸ਼ੇਸ਼ ਸਥਾਨ ਰੱਖਦੀ ਹੈ। ਜੇ ਆਲੋਚਨਾ ‘ਚੋਂ ਨਿਰਪੱਖਤਾ ਮਨਫ਼ੀ ਕਰ ਦਿੱਤੀ ਜਾਵੇ ਤਾਂ ਆਲੋਚਨਾ, ਆਲੋਚਨਾ ਨਹੀਂ ਰਹਿੰਦੀ ਸਗੋਂ ਸਿਰਫ਼ ਸਿਫ਼ਤ ਦੇ ਪੁਲ ਹੀ ਬਣ ਕੇ ਰਹਿ ਜਾਂਦੀ ਹੈ।
----
ਸਮਾਗਮ ਦੇ ਦੂਜੇ ਦੌਰ ਵਿੱਚ ਆਯੋਜਿਤ ਕਵੀ ਦਰਬਾਰ ਸਮੇਂ ਸਰਵ ਸ੍ਰੀ ਮੁਸ਼ਤਾਕ ਸਿੰਘ, ਡਾ. ਗੁਰਪਾਲ ਸਿੰਘ, ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੇ ਸਕੱਤਰ ਅਜੀਮ ਸ਼ੇਖਰ, ਜਸਵਿੰਦਰ ਮਾਨ, ਕਿਰਪਾਲ ਸਿੰਘ ਪੂਨੀ, ਰਾਜਿੰਦਰਜੀਤ, ਪੱਤਰਕਾਰ ਮਨਦੀਪ ਖੁਰਮੀ ਹਿੰਮਤਪੁਰਾ, ਪੱਤਰਕਾਰ ਮਨਪ੍ਰੀਤ ਸਿੰਘ ਬੱਧਨੀ, ਸੰਤੋਖ ਧਾਲੀਵਾਲ, ਸ਼ਿਵਚਰਨ ਗਿੱਲ, ਗੁਰਬਚਨ ਆਸ਼ਾਦ, ਡਾ. ਸਵਰਨ ਚੰਦਨ, ਹਰਜੀਤ ਦੌਧਰੀਆ, ਕੁਲਵੰਤ ਕੌਰ ਢਿੱਲੋਂ, ਦਵਿੰਦਰ ਨੌਹਰੀਆ, ਸੁਰਿੰਦਰਪਾਲ ਕਵੈਂਟਰੀ, ਡਾ. ਮਹਿੰਦਰ ਗਿੱਲ, ਸੰਤੋਖ ਹੇਅਰ, ਚੌਧਰੀ ਮੁਹੰਮਦ ਅਨਵਰ ਢੋਲਣ, ਅਵਤਾਰ ਜੰਡਿਆਲਵੀ, ਸੁਰਿੰਦਰ ਸੀਹਰਾ, ਜਗਸੀਰ ਧਾਲੀਵਾਲ ਨੰਗਲ, ਕੁਲਦੀਪ ਬਾਂਸਲ, ਸੁਰਿੰਦਰਪਾਲ ਅਤੇ ਸਤਪਾਲ ਸੰਤੋਖਪੁਰੀ ਜੀ ਨੇ ਆਪਣੀਆਂ ਨਜ਼ਮਾਂ ਰਾਹੀਂ ਭਰਵੀ ਹਾਜ਼ਰੀ ਲੁਆਈ। ਸਮਾਗਮ ਦੌਰਾਨ ਉੱਘੀ ਲੇਖਿਕਾ ਅਮਰ ਜਯੋਤੀ, ‘ਚਰਚਾ’ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਢਿੱਲੋਂ, ਸੁਰਜੀਤ ਸਿੰਘ ਜੀਤ, ਕਲਾ ਪ੍ਰੇਮੀ ਉਮਰਾਓ ਅਟਵਾਲ, ਬਲਵੀਰ ਕੰਵਲ, ਜਗਤਾਰ ਢਾਅ, ਮੈਗਜੀਨ ‘ਸਤਿਯੁਗ’ ਦੇ ਸੰਪਾਦਕ ਨਾਮਧਾਰੀ ਤਾਰਾ ਸਿੰਘ ਅਣਜਾਣ, ਅਜੀਤ ਸਿੰਘ ਸੱਗੂ ਅਦਿ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਅਮਿੱਟ ਛਾਪ ਛੱਡ ਗਏ ਇਸ ਸਮੁੱਚੇ ਸਮਾਗਮ ਦੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕਵੀ ਦਰਸ਼ਨ ਬੁਲੰਦਵੀ ਅਤੇ ਸੁਰਿੰਦਰ ਸੀਹਰਾ ਨੇ ਬਾਖ਼ੂਬੀ ਨਿਭਾਈ।
No comments:
Post a Comment