ਜਰਮਨੀ ਦੇ ਲਾਈਪਜ਼ਿਗ ਸ਼ਹਿਰ ਵਿਚ ਮੀਡੀਆ ਪੰਜਾਬ’ ਵਲੋਂ ਕਰਵਾਇਆ ਸਾਹਿਤਕ ਸਮਾਗਮ ਤੇ ਕਵੀ ਦਰਬਾਰ
ਰਿਪੋਰਟਰ: ਕੇਹਰ ਸ਼ਰੀਫ - ਜਰਮਨੀ
ਜਰਮਨੀ ਦਾ ਸ਼ਹਿਰ ਲਾਈਪਜ਼ਿਗ ਜਰਮਨ ਜ਼ੁਬਾਨ ਦੇ ਬਹੁਤ ਉੱਘੇ ਲੇਖਕ ਬਰੂਨੋ ਅਪਤਿਜ਼ ਕਰਕੇ ਸੰਸਾਰ ਭਰ ਵਿਚ ਜਾਣਿਆ ਜਾਂਦਾ ਹੈ, ਜਿਸ ਦਾ ਨਾਵਲ ‘ਬਘਿਆੜਾਂ ਦੇ ਵੱਸ’ ਪੰਜਾਬੀ ਸਮੇਤ ਦੁਨੀਆਂ ਦੀਆਂ ਤੀਹ ਤੋਂ ਉੱਪਰ ਜ਼ੁਬਾਨਾਂ ਵਿਚ ਅਨੁਵਾਦ ਹੋ ਕੇ ਪੜ੍ਹਿਆ ਗਿਆ। ਇਸੇ ਸ਼ਹਿਰ ਵਿਚ 15 ਅਗਸਤ ਦੇ ਦਿਹਾੜੇ ‘ਮੀਡੀਆ ਪੰਜਾਬ’ ਵਲੋਂ ਸਾਹਿਤਕ ਸਮਾਗਮ ਅਤੇ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚ ਯੂਰਪ ਦੇ ਮੁਲਕਾਂ ਇੰਗਲੈਂਡ, ਫਰਾਂਸ, ਇਟਲੀ, ਜਰਮਨੀ ਦੇ ਨਾਲ ਹੀ ਭਾਰਤ ਤੋਂ ਵੀ ਸਾਹਿਤਕਾਰ ਤੇ ਪੰਜਾਬੀ ਪਿਆਰੇ ਸ਼ਾਮਲ ਹੋਏ। ਜਰਮਨੀ ਵਿਚ ਹੁਣ ਫਰੈਂਕਫਰਟ ਤੋਂ ਬਾਅਦ ਜੋ ਪੰਜਾਬੀ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਣਿਆ ਉਹ ਹੈ ਲਾਈਪਜ਼ਿਗ ਸ਼ਹਿਰ ਜੋ ਮੁਲਕ ਦੇ ਪੂਰਬੀ ਪਾਸੇ ਸਥਿੱਤ ਹੈ। ਇਸ ਸ਼ਹਿਰ ਵਿਚੋਂ ਪਿਛਲੇ ਪੌਣੇ ਕੁ ਤਿੰਨ ਸਾਲ ਤੋਂ ਗੁਰਦੀਸ਼ਪਾਲ ਕੌਰ ਬਾਜਵਾ, ਮੁੱਖ ਸੰਪਾਦਕ ਅਤੇ ਬਲਦੇਵ ਸਿੰਘ ਬਾਜਵਾ ਪ੍ਰਬੰਧਕੀ ਸੰਪਾਦਕ ਵਲੋਂ ਇੰਟਰਨੈਟ ਰਾਹੀਂ ਪੰਜਾਬੀ ਦੀ ਸੇਵਾ ਲਈ ‘ਮੀਡੀਆ ਪੰਜਾਬ’ ਨਾਂ ਦਾ ਰੋਜ਼ਾਨਾ ਅਖਬਾਰ ਕੱਢਿਆ ਜਾ ਰਿਹਾ ਹੈ (ਹੁਣ ਤੱਕ ਇਸ ਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਗਿਆਰਾਂ ਲੱਖ ਨੂੰ ਟੱਪ ਗਈ ਹੈ) ਅਤੇ ਇਨ੍ਹਾਂ ਵਲੋਂ ਨਾਲ ਹੀ ‘ਮੀਡੀਆ ਪੰਜਾਬ ਰੇਡੀਉ’ ਵੀ ਚਲਾਇਆ ਜਾ ਰਿਹਾ ਹੈ। ਜਿਸ ਰਾਹੀਂ ਬਾਜਵਾ ਜੋੜੀ ਪੰਜਾਬੀ ਜ਼ੁਬਾਨ, ਸਾਹਿਤ ਅਤੇ ਸੱਭਿਆਚਾਰ ਦੇ ਨਰੋਏ ਪੱਖਾਂ ਦੇ ਪ੍ਰਚਾਰ, ਪ੍ਰਸਾਰ ਵਾਸਤੇ ਜਤਨ ਕਰਦੇ ਹਨ। ਵੱਖੋ-ਵੱਖ ਥਾਹੀਂ ਵਸਦੇ ਪੰਜਾਬੀ ਭਾਈਚਾਰੇ ਨੂੰ ਜੋੜਨਾ ਵੀ ਇਸ ਅਖਬਾਰ ਅਤੇ ਰੇਡੀਉ ਦੇ ਕਾਰਜਾਂ ਵਿਚ ਸ਼ਾਮਲ ਹੈ। ਹੁਣ ਤੱਕ ਪੰਜਾਬੀ ਦੇ ਕਾਫੀ ਸਾਰੇ ਉੱਘੇ ਸਾਹਿਤਕਾਰ ਵੀ ‘ਮੀਡੀਆ ਪੰਜਾਬ’ ਨਾਲ ਜੁੜ ਚੁੱਕੇ ਹਨ। ਜਿਨ੍ਹਾਂ ਦੀਆਂ ਰਚਨਾਵਾਂ ਨੂੰ ਨਿੱਤ ਦਿਹਾੜੇ ਇਸ ਅਖ਼ਬਾਰ ਦੇ ਪੰਨਿਆਂ ’ਤੇ ਦੇਖਿਆ ਜਾ ਸਕਦਾ ਹੈ।
----
ਇਸ ਵਾਰ ਦੇ ਸਮਾਗਮ ਦਾ ਮੁੱਖ ਮੁੱਦਾ ਭਾਵੇਂ ਕਵੀ ਦਰਬਾਰ ਹੀ ਸੀ ਪਰ ਫੇਰ ਵੀ ਇਸ ਵਿਚ ਪੰਜਾਬੀ ਬਾਰੇ ਗਹਿਰ-ਗੰਭੀਰ ਵਿਚਾਰ ਪੇਸ਼ ਹੋਏ। ਭਾਈ ਰਵਿੰਦਰ ਸਿੰਘ ਆਲਮਗੀਰ ਵਲੋਂ ਗੁਰਮਤਿ ਬਾਰੇ ਕਾਫੀ ਭਾਵਪੂਰਤ ਵਿਚਾਰ ਪੇਸ਼ ਕੀਤੇ ਗਏ। ਗੁਰਦੀਸ਼ਪਾਲ ਕੌਰ ਬਾਜਵਾ ਨੇ ਸੁਰਜੀਤ ਪਾਤਰ ਦਾ ਇਹ ਸ਼ਿਅਰ ਕਿ :
ਮੈਂ ਰਾਹਾਂ ’ਤੇ ਨਹੀਂ ਤੁਰਦਾ
ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਪੜ੍ਹਦਿਆਂ ਸਟੇਜ ਦੀ ਜੁੰਮੇਵਾਰੀ ਸੰਭਾਲਦਿਆਂ ਕਵੀ ਦਰਬਾਰ ਦਾ ਆਰੰਭ ਕੀਤਾ। ਇਸ ਕਵੀ ਦਰਬਾਰ ਵਿਚ ਪੇਸ਼ ਹੋਣ ਵਾਲੇ ਜਸਕਰਨ ਸਿੰਘ ਬਾਜਵਾ, ਅੰਜੂਜੀਤ ਸ਼ਰਮਾ ਨੇ ਆਪਣੀਆਂ ਭਾਵਪੂਰਤ ਕਾਵਿ ਪੰਕਤੀਆਂ ਨਾਲ ਸਭ ਨੂੰ ‘ਮੀਡੀਆ ਪੰਜਾਬ’ ਦੇ ਵਿਹੜੇ ਆਉਣ ’ਤੇ ਜੀ ਆਇਆਂ ਕਿਹਾ। ਕੁਲਵੰਤ ਕੌਰ ਚੰਨ ਜੰਮੂ ਪੈਰਿਸ, ਫਰਾਂਸ ਨੇ ਆਜ਼ਾਦੀ ਦਿਹਾੜੇ ਤੇ ਝੰਡੇ ਨੂੰ ਉੱਚਾ ਰਹਿਣ ਦੀ ਦੁਆ ਦਾ ਗੀਤ ਗਾਇਆ ਫੇਰ ਸਰੋਤਿਆਂ ਨੇ ਕਈ ਵਾਰ ਬੀਬੀ ਚੰਨ ਆਪਣਾ ਕਲਾਮ ਤਰੰਨੁੰਮ ਵਿਚ ਪੇਸ਼ ਕਰਨ ਲਈ ਕਿਹਾ। ਫਰਾਂਸ ਤੋਂ ਹੀ ਪਹੁੰਚੇ ਸੁਖਬੀਰ ਸਿੰਘ ਸੰਧੂ ਨੇ ਪੰਜਾਬੀਆਂ ਵਲੋਂ ਪਰਦੇਸ ਦੀ ਦੌੜ ਬਾਰੇ ਕੁੜੀਆਂ ਨੂੰ ਬਲਦੀ ਦੇ ਬੁੱਥੇ ਪਾਉਣ ਬਾਰੇ ਬਹੁਤ ਵਧੀਆ ਰਚਨਾ ਪੇਸ਼ ਕੀਤੀ। ਬਲਵੀਰ ਸਿੰਘ ਜੱਸੀ ਖਾਲਸਾ ਨੇ ਅੱਜ ਦੇ ਸਿਆਸੀ ਵਾਤਾਵਰਨ ਬਾਰੇ ਆਪਣੀ ਕਵਿਤਾ:
ਵਾਹ ਕਿਹੜੇ ਦਿਨ ਆਏ
‘ਪੰਜ ਦਰਿਆਵਾਂ ਦੇ ਪੱਤਣਾਂ ’ਤੇ
ਲੋਕ ਮਰਨ ਤ੍ਰਿਹਾਏ’
ਵਾਲੀ ਭਾਵਪੂਰਤ ਕਵਿਤਾ ਨੂੰ ਤਰੰਨੁੰਮ ਵਿਚ ਸਲੀਕੇ ਨਾਲ ਪੇਸ਼ ਕੀਤਾ। ਸੁੱਚਾ ਸਿੰਘ ਬਾਜਵਾ ਨੇ ਵਿਅੰਗ ਭਰੀ ਹਾਸਰਸੀ ਕਵਿਤਾ ਨਾਲ ਹਾਜ਼ਰੀ ਲਵਾਈ। ਇਟਲੀ ਤੋਂ ਆਏ ਸੁੱਖਾ ਨੱਤ ਨਾਨੋਵਾਲੀਆਂ ਅਤੇ ਪਵਨ ਕੁਮਾਰ ਨੇ ਲੈਅ ਭਰੀ ਸੁਰ ਨਾਲ ਗੀਤ ਪੇਸ਼ ਕੀਤੇ, ਅਮਰਜੀਤ ਸਿੰਘ ਸਿੱਧੂ, ਅਮਨਦੀਪ ਸਿੰਘ ਕਾਲਕਟ, ਮਲਕੀਤ ਸਿੰਘ ਸੁਹਲ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਲਾਈਪਜ਼ਿਗ ਦੇ ਗੁਆਂਢੀ ਸ਼ਹਿਰ ਹਾਲੇ ਤੋਂ ਡਾ: ਲਹਿਰੀ ਨੇ ਰੱਬ ਨਾਲ ਗੱਲ ਕਰਦੀ ਕਵਿਤਾ ‘ਮੈਂ ਰੱਬ ਤੇ ਤੂੰ ਮਜਦੂਰ ਹੁੰਦਾ’ ਪੇਸ਼ ਕੀਤੀ। ਨਿਰਮਲ ਸਿੰਘ ਕੰਧਾਲਵੀ ਨੇ ਅੱਜ ਦੇ ਸਮਾਜਕ ਮਸਲਿਆਂ ਬਾਰੇ, ਬਾਬਿਆਂ ਦੇ ਪ੍ਰਦੂਸ਼ਣ ਬਾਰੇ, ਧਾਰਮਿਕ ਸਥਾਨਾਂ ਅੰਦਰਲੀਆਂ ਧੜੇਬੰਦੀਆਂ ਦਾ ਵਿਅੰਗ ਰਾਹੀਂ ਵਧੀਆ ਨਕਸ਼ਾ ਪੇਸ਼ ਕਰਦਿਆਂ ‘ਮੂੰਹ ਰੱਖੋ ਬੰਦ ਜੀ’ ਦਾ ਉਪਦੇਸ਼ ਦਿੱਤਾ, ਇਸੇ ਤਰ੍ਹਾਂ ਇੰਗਲੈਂਡ ਤੋਂ ਆਏ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਵਿਅੰਗਮਈ ਕਵਿਤਾਵਾਂ ਨਾਲ ਹਾਜ਼ਰੀ ਲਵਾਈ। ਇੰਗਲੈਂਡ ਤੋਂ ਹੀ ਸ਼ਮਸ਼ੇਰ ਸਿੰਘ ਰਾਏ (ਪੰਜਾਬ ਰੇਡੀਉ), ਇਟਲੀ ਤੋਂ ਆਏ ਕਵੀ ਵਿਸ਼ਾਲ ਨੇ ਬੌਧਿਕਤਾ ਭਾਵੀ ਕਵਿਤਾਵਾਂ ਦਾ ਪਾਠ ਕੀਤਾ। ਗੁਲਜ਼ਾਰ ਸਿੰਘ ਨਿਊਰਨਬਰਗ ਨੇ ‘ਮੀਡੀਆ ਪੰਜਾਬ’ ਦੇ ਔਖੇ-ਸੌਖੇ ਰਾਹਾਂ ਨੂੰ ਪਾਰ ਕਰਦਿਆਂ ਇਹਦੇ ਸਥਾਪਤੀ ਤੱਕ ਪਹੁੰਚਣ ਦੀ ਗਾਥਾ ਬਿਆਨ ਕੀਤੀ। ਬਲਦੇਵ ਸਿੰਘ ਬੱਧਨੀ, ਬਿੰਦਰ ਸਿੰਘ ਭੁੱਲਰ ਅਤੇ ਬੀਬੀ ਰਮਾ ਸ਼ਰਮਾ ਸਮੇਤ ਪ੍ਰੀਵਾਰ, ਰਣਜੀਤ ਸਿੰਘ ਚੰਨ ਪੈਰਿਸ, ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਤੇ ਵਿਅੰਗ ਭਰੀਆਂ ਕਾਮਯਾਬ ਟਿੱਪਣੀਆਂ ਕਰਨ ਵਾਲਾ ਰਣਜੀਤ ਸਿੰਘ ਦੂਲੇ ਉਰਫ ਤਾਇਆ ਬੱਕਰੀਆਂ ਵਾਲਾ ਆਦਿ ਵੀ ਇਸ ਸਮਾਗਮ ਵਿਚ ਸ਼ਾਮਲ ਹੋਏ। ਇਸ ਸਮਾਗਮ ਦਾ ਉਜਲਾ ਪੱਖ ਕਿ ਵੱਡੀ ਗਿਣਤੀ ਵਿਚ ਬੀਬੀਆਂ ਇਸ ਵਿਚ ਸ਼ਾਮਲ ਹੋਈਆਂ। ਸਮਾਗਮ ਦੇ ਮੁੱਕਣ ਤੋਂ ਪਹਿਲਾਂ ਇਕ ਵੀ ਸਰੋਤਾ ਨਹੀਂ ਗਿਆ।
----
ਇਸ ਸਮਾਗਮ ਵਿਚ ਦੋ ਕਿਤਾਬਾਂ ਮਲਕੀਤ ਸਿੰਘ ਸੁਹਲ ਦੀ ਕਾਵਿ ਪੁਸਤਕ ‘ਸੱਜਣਾਂ ਬਾਝ ਹਨੇਰਾ’ ਅਤੇ ਅਮਰਜੀਤ ਸਿੰਘ ਸਿੱਧੂ ਦਾ ਕਹਾਣੀ ਸੰਗ੍ਰਹਿ ‘ਤਿੜਕਦੇ ਰਿਸ਼ਤੇ’ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਵਿਚ ਪੰਜਾਬੀ ਸੱਥ ਵਲੋਂ ਜਰਮਨੀ ਵਿਚ ਪੰਜਾਬੀ ਸੱਥ ਦੀ ਇਕਾਈ ਕਾਇਮ ਕੀਤੀ ਗਈ। ਬਰੀਮਨ ਦੇ ਨੇੜੇ ਰਹਿਣ ਵਾਲੀ ਬੀਬੀ ਅੰਜੂਜੀਤ ਸ਼ਰਮਾ ਨੂੰ ਇਸ ਦੀ ਮੁੱਖ ਸੰਚਾਲਕਾ ਥਾਪਿਆ ਗਿਆ। ਨਾਲ ਹੀ ਫਰਾਂਕਫਰਟ ਤੋਂ ਸੁੱਚਾ ਸਿੰਘ ਬਾਜਵਾ ਨੂੰ ਉਸਦਾ ਸਹਿਯੋਗੀ ਬਣਾਇਆ ਗਿਆ। ਇਸ ਦੇ ਸਬੰਧ ਵਿਚ ਗੱਲ ਕਰਦਿਆਂ ‘ਮੀਡੀਆ ਪੰਜਾਬ’ ਅਤੇ ‘ਮੀਡੀਆ ਪੰਜਾਬ ਰੇਡੀਉ’ ਦੇ ਪ੍ਰਬੰਧਕ ਸੰਪਾਦਕ ਬਲਦੇਵ ਸਿੰਘ ਬਾਜਵਾ ਨੇ ਜਰਮਨ ਵਿਚ ਸਥਾਪਤ ਕੀਤੀ ਗਈ ‘ਪੰਜਬੀ ਸੱਥ’ ਦੀ ਇਕਾਈ ਨੂੰ ਆਪਣੇ ਅਦਾਰੇ ਵਲੋਂ ਹਰ ਕਿਸਮ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪੰਜਾਬੀ ਸੱਥ ਵਲੋਂ ਕਾਫੀ ਸਾਰੀਆਂ ਪੰਜਾਬੀ ਪੁਸਤਕਾਂ ਅਤੇ ‘ਪੰਜਾਬੀ ਸੱਥ’ ਦਾ ਕਲੰਡਰ ਆਏ ਪੰਜਾਬੀ ਪ੍ਰੇਮੀਆਂ ਵਿਚ ਮੁਫਤ ਵੰਡੇ ਗਏ।
----
ਇੰਗਲੈਂਡ ਤੋਂ ਆਏ ਪੰਜਾਬੀ ਸੱਥ ਲਾਂਬੜਾ ਵਲੋਂ ਯੂਰਪ ਦੇ ਮੁਖ ਸੇਵਾਦਾਰ ਮੋਤਾ ਸਿੰਘ ਸਰਾਏ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਹਾਜ਼ਰ ਪੰਜਾਬੀਆਂ ਨੂੰ ਪੰਜਾਬੀ ਸੱਭਿਆਚਾਰ ਦੇ ਅਮੀਰ ਪੱਖਾਂ ਤੇ ਪਹਿਰਾ ਦੇਣ ਦੇ ਫ਼ਰਜ਼ ਨਿਭਾਉਣ ਦਾ ਸੱਦਾ ਦਿੱਤਾ। ਕਿਤਾਬਾਂ ਦਾ ਜਿ਼ਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਕਿਤਾਬਾਂ ਪੜ੍ਹਨ ਵੱਲ ਵੀ ਉਚੇਚਾ ਧਿਆਨ ਦੇਣਾ ਚਾਹੀਦਾ ਹੈ। ਇਸੇ ਤਰ੍ਹਾਂ ਸਰਾਏ ਹੋਰਾਂ ਨੇ ਆਉਣ ਵਾਲੀ ਪੀੜ੍ਹੀ ਵਿਚ ਪੰਜਾਬੀ ਸੱਭਿਆਚਾਰ ਦੇ ਸੰਚਾਰ ਦਾ ਸਵਾਲ ਬਾਰੇ ਵੀ ਚਰਚਾ ਕੀਤੀ। ਸਰਾਏ ਹੋਰਾਂ ਨੇ ‘ਪੰਜਾਬੀ ਸੱਥ ਵਲੋਂ ਵੱਖੋ-ਵੱਖ ਮੁਲਕਾਂ ਵਿਚ ਪੰਜਾਬੀਆਂ ਅੰਦਰ ਆਪਣੀ ਸੱਥ ਦੀਆਂ ਸਰਗਰਮੀਆਂ ਤੇ ਵੀ ਚਾਨਣਾ ਪਾਇਆ। ਕੇਹਰ ਸ਼ਰੀਫ਼ ਨੇ ਵੀ ਅਜਾਦੀ ਦਿਹਾੜੇ ਦੀ ਗੱਲ ਕਰਦਿਆਂ ਅਜਾਦੀ ਲਈ ਜਾਨਾ ਵਾਰ ਗਏ ਸ਼ਹੀਦਾਂ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ 1947 ਦੀ ਵੰਡ ਵੇਲੇ ਮਾਰੇ ਗਏ ਦਸ ਲੱਖ ਪੰਜਾਬੀਆਂ ਦੀ ਯਾਦ ਵਿਚ ਯਾਦਗਾਰ ਉਸਾਰਨ ਦੀ ਮੰਗ ਕੀਤੀ। ਮੀਡੀਆ ਪੰਜਾਬ ਨੂੰ ਅਜਿਹੇ ਸਮਾਗਮ ਦਾ ਪ੍ਰਬੰਧ ਕਰਨ ਲਈ ਸ਼ਾਬਾਸ਼ ਪੇਸ਼ ਕੀਤੀ।
----
ਅਦਾਰਾ ‘ਮੀਡੀਆ ਪੰਜਾਬ’ ਵਲੋਂ ਆਏ ਮਹਿਮਾਨਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਆ ਗਿਆ। ਆਖਰ ਵਿਚ ‘ਮੀਡੀਆਂ ਪੰਜਾਬ’ ਦੇ ਪ੍ਰਬੰਧਕ ਸੰਪਾਦਕ ਬਲਦੇਵ ਸਿੰਘ ਬਾਜਵਾ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਪੂਰੀ ਤਨਦੇਹੀ ਨਾਲ ਕੰਮ ਕਰਦੇ ਰਹਿਣ ਦਾ ਆਪਣਾ ਵਾਅਦਾ ਦੁਹਰਾਇਆ। ਸਟੇਜ ਸਕੱਤਰ ਦੇ ਫਰਜ਼ ਨਿਭਾਉਂਦਿਆਂ’ ਮੀਡੀਆ ਪੰਜਾਬ’ ਦੀ ਮੁੱਖ ਸੰਪਾਦਕ ਗੁਰਦੀਸ਼ਪਾਲ ਕੌਰ ਬਾਜਵਾ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਸਟੇਜ ਨੂੰ ਚਲਾਇਆ । ਹਰ ਵਕਤਾ ਨੂੰ ਪੇਸ਼ ਕਰਦਿਆਂ ਬਹੁ-ਮੁੱਲੇ ਸ਼ੇਅਰ, ਕਾਵਿ ਟੁਕੜੀਆਂ ਤੇ ਭਾਵਪੂਰਤ ਵਿਚਾਰ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਸਮਾਗਮ ਦੇ ਪ੍ਰਬੰਧਕਾਂ ਵਲੋਂ ਵਧੀਆ ਖਾਣਾ ਵੀ ਆਏ ਮਹਿਮਾਨਾਂ ਨੂੰ ਪੇਸ਼ ਕੀਤਾ ਗਿਆ। ਇਹ ਕਵੀ ਦਰਬਾਰ ਤੇ ਸਾਹਿਤਕ ਸਮਾਗਮ ਆਪਣੇ ਆਪ ਵਿਚ ਮਿਸਾਲ ਕਾਇਮ ਕਰ ਗਿਆ। ‘ਮੀਡੀਆ ਪੰਜਾਬ ਰੇਡੀਉ’ ਵਲੋਂ 6 ਘੰਟੇ ਚੱਲੇ ਇਸ ਸਮਾਗਮ ਦਾ ਸਿੱਧਾ ਪਰਸਾਰਣ ਕੀਤਾ ਗਿਆ, ਯਾਦ ਰਹੇ ਇੰਟਰਨੈਟ ਤੇ ਚੱਲਦੇ ਇਸ ਰੇਡੀਉ ਨੂੰ 85 ਮੁਲਕਾਂ ਵਿਚ ਸੁਣਿਆਂ ਜਾਂਦਾ ਹੈ ਲੱਗਭੱਗ ਇੰਨੇ ਹੀ ਮੁਲਕਾਂ ਵਿਚ ‘ਮੀਡੀਆ ਪੰਜਾਬ’ ਅਖ਼ਬਾਰ ਵੀ ਇੰਟਰਨੈਟ ’ਤੇ ਪੜ੍ਹਿਆ ਜਾਂਦਾ ਹੈ।
No comments:
Post a Comment