ਪੰਜਾਬੀ ਸੱਥ ਦੀ ਯੂਰਪੀ ਇਕਾਈ ਵੱਲੋਂ ਦੋ ਵਿਰਾਸਤੀ ਕਿੱਸਿਆਂ ਦੀ ਮੁੱਖ ਵਿਖਾਈ
ਪੰਜਾਬੀ ਸੱਥ ਦੀ ਯੂਰਪੀ ਇਕਾਈ ਨੇ ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਮੀਲ ਦੂਰ ਵਸਦੇ ਪੰਜਾਬੀ ਭਾਈਚਾਰੇ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਾਸਤੇ ਕਿਤਾਬਾਂ, ਕੈਲੰਡਰ ਛਾਪਣ ਅਤੇ ਬੁੱਧੀਮਾਨਾਂ ਨੂੰ ਸਨਮਾਨ ਦੇਣ ਲਈ ਪਿਛਲੇ ਇੱਕ ਦਹਾਕੇ ਵਿਚ ਬਹੁਤ ਸ਼ਲਾਘਾਯੋਗ ਕਾਰਜ ਕੀਤੇ ਹਨ। ਏਸੇ ਉੱਦਮ ਨੂੰ ਅਗਾਂਹ ਤੋਰਦਿਆਂ ਸ. ਮੋਤਾ ਸਿੰਘ ਸਰਾਏ ਦੀ ਦੂਰ ਅੰਦੇਸ਼ੀ ਅਤੇ ਹਿੰਮਤ ਨਾਲ ਪੰਜਾਬੀ ਕਵੀਸ਼ਰੀ ਦੇ ਥੰਮ ਸਵਰਗਵਾਸੀ ਕਵੀਸ਼ਰ ਚੰਦ ਸਿੰਘ ਮਰ੍ਹਾਜ ਜ਼ਿਲ੍ਹਾ ਬਠਿੰਡਾ ਦੁਆਰਾ ਰਚਿਤ ਦੋ ਨਵੇਂ ਛਪੇ ਕਿੱਸਿਆਂ ਦੀ ਮੁੱਖ ਵਿਖਾਈ ਲੈਮਿੰਗਟਨ ਸਪਾ, ਇੰਗਲੈਂਡ ਵਿਖੇ ਇਕ ਘਰੋਗੀ ਪਰ ਪ੍ਰਭਾਵਸ਼ਾਲੀ ਸਮਾਗਮ ਵਿਚ ਕੀਤੀ। ਠੇਠ ਮਲਵਈ ਲਹਿਜ਼ੇ ਵਿਚ ਲਿਖੇ ਕਿੱਸੇ ‘ਕੂਕਾ ਲਹਿਰ' ਅਤੇ ‘ਗਿਆਨੋ ਸੁਜਾਨੋ' ਪੰਜਾਬ ਦੀ ਲਹੂ ਲੁਹਾਣ ਵਿਰਾਸਤ ਦੀਆਂ ਮੂੰਹ ਬੋਲਦੀਆਂ ਇਤਿਹਾਸਕ ਤਸਵੀਰਾਂ ਹਨ। ਅੰਗਰੇਜ਼ਾਂ ਵੱਲੋਂ ਮਲੇਰਕੋਟਲੇ ਵਿਖੇ 70 ਬਹਾਦਰ ਕੂਕਿਆਂ ਨੂੰ ਤੋਪਾਂ ਨਾਲ ਉਡਾਏ ਜਾਣ ਦੀ ਵਿਥਿਆ ਪਹਿਲੇ ਕਿੱਸੇ ਦੀ ਕਹਾਣੀ ਹੈ।
----
ਦੂਜੇ ਕਿੱਸੇ ਵਿੱਚ ਪੱਛਮੀ ਪੰਜਾਬ ਵਿਚਲੇ ਸਰਗੋਧੇ ਦੇ ਸਰਦਾਰ ਸੇਵਾ ਸਿੰਘ, ਦੀਆਂ ਧੀਆਂ ਅਤੇ ਉਸਦੇ ਪੱਗਵਟ ਭਰਾ ਸ਼ੇਰ ਮੁਹੰਮਦ ਦੇ ਸੱਚੇ ਸੁੱਚੇ ਪੈਰੋਕਾਰ ਵੱਲੋਂ ਉਨ੍ਹਾਂ ਬੀਬੀਆਂ ਨੂੰ ਜ਼ਾਲਮਾਂ ਕੋਲੋਂ ਬਚਾਉਣ ਦੀ ਸਾਡੇ ਸਾਰਿਆਂ ਲਈ ਪੰਜਾਬੀ ਸ਼ਾਨਾਮਤੀ ਵਿਰਾਸਤ ਦੀ ਦਾਸਤਾਨ ਹੈ।ਇਹ ਰਸਮ ਲੈਮਿੰਗਟਨ ਸਪਾ ਦੇ ਲੰਬੇ ਸਮੇਂ ਤੀਕ ਰਹੇ ਕੌਂਸਲਰ ਅਤੇ ਸਾਬਕਾ ਮੇਅਰ, ਜਾਣੀ ਪਛਾਣੀ ਸ਼ਖ਼ਸੀਅਤ ਸ. ਮੋਤਾ ਸਿੰਘ ਨੇ ਨਿਭਾਈ। ਕਿੱਸਿਆਂ ਦੀ ਛਪਾਈ ਲਈ ਸਹਿਯੋਗ ਦੇਣ ਵਾਲੀ ਬੀਬੀ ਜਗਜੀਤ ਕੌਰ ਜੌਹਲ ਖ਼ੁਦ ਇਸ ਮੌਕੇ ਏਸ ਰਸਮ ਵਿਚ ਸ਼ਾਮਿਲ ਸਨ। ਪੰਜਾਬੀ ਸੱਥ ਲਾਂਬੜਾ ਤੋਂ ਡਾ. ਨਿਰਮਲ ਸਿੰਘ, ਲੁਧਿਆਣਾ ਤੋਂ ਜਨਮੇਜਾ ਸਿੰਘ ਜੌਹਲ ਤੋਂ ਬਿਨਾਂ ਬੀਬੀ ਇਕਬਾਲ ਕੌਰ ਛੀਨਾ, ਮਹਿੰਦਰ ਸਿੰਘ ਦਿਲਬਰ ਵਾਲਸਾਲ, ਹਰਜਿੰਦਰ ਸਿੰਘ ਸੰਧੂ ਡਰੌਇਟਵਿਚ ਨੇ ਉਚੇਚੀ ਹਾਜ਼ਰੀ ਭਰੀ। ਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ. ਮੋਤਾ ਸਿੰਘ ਸਰਾਏ ਹੋਰਾਂ ਸਾਰੇ ਹਾਜ਼ਰ ਪੰਜਾਬੀਆਂ ਦਾ ਹਾਰਦਿਕ ਧੰਨਵਾਦ ਕਰਦਿਆਂ ਯੂ.ਕੇ. ਤੇ ਯੂਰਪ ਨਿਵਾਸੀ ਪੰਜਾਬੀਆਂ ਨੂੰ ਆਪਣਾ ਵਿਰਸਾ ਅਤੇ ਬੋਲੀ ਬਚਾਉਣ ਲਈ ਸਿਰ ਜੋੜ ਕੇ ਬੈਠਣ ਦੀ ਅਪੀਲ ਕੀਤੀ।
No comments:
Post a Comment