ਪੰਜਾਬੀ ਸੱਥ, ਵਾਲਸਾਲ, ਯੂ.ਕੇ.
ਯੂਰਪੀ ਪੰਜਾਬੀ ਸੱਥ ਦੀ ਇਕ ਵਿਸ਼ੇਸ਼ ਬੈਠਕ ਸ ਮੋਤਾ ਸਿੰਘ ਸਰਾਏ ਦੇ ਘਰ ਵਾਲਸਾਲ ਯੂ ਕੇ ਵਿਖੇ ਜਰਮਨੀ ਪੰਜਾਬੀ ਸੱਥ ਦੀ ਇਕਾਈ ਸਥਾਪਤ ਕਰਨ ਸਬੰਧੀ, ਬੀਬੀ ਅੰਜੂ ਜੀਤ ਸ਼ਰਮਾ ਜਰਮਨ ਨਿਵਾਸੀ ਦੇ ਸੁਝਾਅ ਨੂੰ ਸਾਹਮਣੇ ਰੱਖਦਿਆਂ ਹੋਈ। ਪੰਜਾਬੀ ਬੋਲੀ,ਵਿਰਾਸਤ, ਸਭਿਆਚਾਰ, ਫਲਸਫੇ ਅਤੇ ਸਮਾਜਕ ਗਤੀਵਿਧੀਆਂ ਦੇ ਪਿਛਲੇ ਕੁੱਝ ਦਹਾਕਿਆਂ ਵਿਚ ਹੋਏ ਪਸਾਰ ਨੂੰ ਮੁੱਖ ਰੱਖਦਿਆਂ ਸਾਰੇ ਸੰਗੀ ਬੇਲੀਆਂ ਦੀ ਰਾਏ ਸੀ ਕਿ ਅਜੋਕੇ ਦੌਰ ਵਿਚ ਵਿਕਾਸ ਦੀ ਜਾਮਨ ਵੰਨ-ਸੁਵੰਨਤਾ ਨੂੰ ਕਾਇਮ ਰੱਖਿਆ ਜਾਵੇ। ਇਸ ਕਾਰਜ ਲਈ ਸੁਚੇਤ ਰੂਪ ਵਿਚ ਉਪਰਾਲੇ ਕਰਨੇ ਲਾਜ਼ਮੀ ਹਨ। ਸਾਰੇ ਸੰਸਾਰ ਵਿਚ ਹੀ ਆਪਣੀ ਨਿਵੇਕਲੀ ਪਹਿਚਾਣ ਤੇ ਰਹਿਤਲ ਨੂੰ ਬਚਾ ਕੇ ਵੱਖੋ-ਵੱਖ ਦੇਸਾਂ ਤੇ ਭਾਈਚਾਰਿਆਂ ਵਿਚ ਏਕਤਾ ਕਾਇਮ ਕਰਨਾ ਹੀ ਸਾਡਾ ਮੁੱਖ ਮੰਤਵ ਹੋਣਾ ਆਪਣੇ ਆਪ ਵਿਚ ਹੀ ਅੱਗੇ ਵਧਣ ਦਾ ਰਾਹ ਹੈ। ਸੰਸਾਰ ਦੇ ਇਤਿਹਾਸ ਵਿਚ ਜਰਮਨ ਕੌਮ, ਡੁਇਚ ਜ਼ੁਬਾਨ ਤੇ ਸਭਿਆਚਾਰ ਦਾ ਵਿਸੇਸ਼ ਸਥਾਨ ਹੈ। ਉਸ ਧਰਤੀ ਨਾਲ ਸਾਡੀ ਪੁਸ਼ਤੈਨੀ ਧਰਤੀ ਦਾ ਲੰਬੇ ਸਮੇਂ ਤੋ ਬਹੁਤ ਸੁਖਾਵਾਂ ਰਾਬਤਾ ਰਿਹਾ ਹੈ। ਪੰਜਾਬੀ ਕਈ ਪੀੜ੍ਹੀਆਂ ਤੋ ਜਰਮਨ ਕਾਰੀਗਰੀ, ਸਾਹਿਤ, ਫਲਸਫੇ ਦੇ ਪ੍ਰਸ਼ੰਸ਼ਕ ਰਹੇ ਹਨ। ਜਰਮਨ ਲੋਕਾਂ ਨੂੰ ਅਸੀ ਹਮੇਸਾਂ ਇੱਜ਼ਤ ਸਤਿਕਾਰ ਦੀਆਂ ਨਜ਼ਰਾਂ ਨਾਲ ਵੇਖਿਆ ਹੈ। ਪੰਜਾਬੀਆਂ ਦੇ ਜਰਮਨੀ ਦੀ ਧਰਤੀ ਨਾਲ ਏਸ ਮੋਹ ਕਾਰਨ ਹੀ ਏਥੇ ਆ ਕੇ ਕੰਮ ਕਰਨ ਤੋਂ ਵਸਣ ਦਾ ਰੁਝਾਨ ਪਿਛਲੇ ਦਹਾਕਿਆਂ ਵਿਚ ਵਧਿਆ ਹੈ। ਉਂਜ ਸਾਨੂੰ ਬੌਨ, ਕਲੌਨ, ਸਟੁਟਗਾਰਟ, ਮਿਊਨਿਖ, ਮੇਨਜ਼, ਬਰਲਿਨ, ਫੈਰਡਨ ਐਲਰ, ਲਾਈਪਜ਼ਿਗ ਵਰਗੇ ਸ਼ਹਿਰਾਂ ਦੇ ਨਾਂ ਓਪਰੇ ਨਹੀ ਲਗਦੇ। ਅਸਾਂ ਏਥੇ ਆ ਕੇ ਰੋਟੀ ਰੋਜ਼ੀ ਵੀ ਕਮਾਈ ਹੈ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਵਾਸਤੇ ਗੁਰੂ ਘਰ, ਮੰਦਰ, ਮਸਜਿਦਾਂ ਤੋਂ ਅੱਗੇ ਅਖ਼ਬਾਰ, ਰਸਾਲੇ, ਰੇਡੀਓ, ਸਾਹਿਤ ਸਭਾਵਾਂ ਤੇ ਭੰਗੜੇ, ਗਿੱਧੇ ਤੇ ਕਬੱਡੀਆਂ ਤੀਕ ਦੇ ਵਾਧੇ ਲਈ ਸੰਸਥਾਵਾ ਉਸਾਰੀਆਂ ਨੇ। ਪੰਜਾਬੀ ਸੱਥ ਰਾਹੀ ਅਸੀ ਏਥੇ ਆਪਣੇ ਆਪ ਨੂੰ ਪਛਾਣ ਕੇ ਸਤਿਕਾਰ ਦੇਣ ਲਈ ਏਸ ਦੇਸ ਵਿਚ ਸੱਥ ਦੀ ਸਥਾਪਤੀ ਜ਼ਰੂਰੀ ਸਮਝਦੇ ਹਾਂ।
----
ਆਪਣੇ ਭਾਈਚਾਰੇ ਦੀ ਚੋਖੀ ਗਿਣਤੀ ਵਾਲੇ ਏਸ ਦੇਸ ਵਿਚ ਇਕ ਪੰਜਾਬੀ ਪਿਛੋਕੜ ਵਾਲੀ ਧੀ ਭੈਣ ਨੂੰ ਏਸ ਸੱਥ ਦੀ ਕਰਤਾ ਧਰਤਾ ਦੀ ਜ਼ਿੰਮੇਵਾਰੀ ਸੰਭਾਲਣ ਦਾ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ। ਅਸੀ ਪਿਛਲੇ ਕੁਝ ਵਰ੍ਹਿਆਂ ਤੋ ਠੀਕ ਜਾਂ ਗ਼ਲਤ ਕਾਰਨਾਂ ਕਰਕੇ ਬਦਨਾਮ ਹੋ ਰਹੇ ਸਾਂ ਕਿ ਅਸੀ ਜਗਤ ਜਨਣੀ ਦੀ ਅੰਸ਼ ਵੰਸ਼ ਨਾਲ ਵਿਤਕਰਾ ਕਰਦੇ ਹਾਂ। ਇਕ ਤਾਂ ਅਸੀਂ ਏਸ ਊਜ ਦਾ ਉੱਤਰ ਦੇ ਰਹੇ ਹਾਂ ਤੇ ਦੂਜੇ ਸਾਨੂੰ ਆਪਣੀ ਵਿਰਾਸਤ ਤੋਂ ਸਿਹਤਮੰਦ ਸੇਧ ਲੈਣ ਲਈ ਦੀ ਵੀ ਖ਼ੁਸ਼ੀ ਹੈ। ਅਸੀ ਆਪਣੇ ਵੱਡੇ ਬਾਬੇ ਦੀ ਗੱਲ ਵੱਲ ਕੰਨ ਧਰਨ ਦਾ ਯਤਨ ਕੀਤਾ ਹੈ। ਬੀਬੀ ਭਾਨੀ, ਮਾਈ ਭਾਗੋ, ਰਾਣੀ ਸਾਹਿਬ ਕੌਰ, ਰਾਣੀ ਜਿੰਦਾਂ, ਅੰਮ੍ਰਿਤਾ ਸ਼ੇਰਗਿਲ, ਆਸਮਾ ਜਹਾਂਗੀਰ ਤੇ ਕਲਪਣਾ ਚਾਵਲਾ ਦੀ ਲੀਹ ਨੂੰ ਅੱਗੇ ਤੋਰਨ ਦੀ ਕੋਸ਼ਿਸ ਕੀਤੀ ਹੈ। ਸੋ ਅਸੀ ਸਮੂਹਿਕ ਰੂਪ ਵਿਚ ਫੈਸਲਾ ਕੀਤਾ ਹੈ ਕਿ ਜਰਮਨ ਪੰਜਾਬੀ ਸੱਥ, ਯੂਰਪੀ ਪੰਜਾਬੀ ਸੱਥ ਵਾਲਸਾਲ ਦੀ ਇਕਾਈ ਦੇ ਰੂਪ ਵਿਚ ਸਥਾਪਤ ਕੀਤੀ ਜਾਵੇ। ਇਸ ਇਕਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਫੈਰਡਨ ਐਲਰ, ਜਰਮਨੀ ਨਿਵਾਸੀ ਬੀਬੀ ਅੰਜੂ ਜੀਤ ਸ਼ਰਮਾ, ਸ ਮੋਤਾ ਸਿੰਘ ਸਰਾਏ ਨਾਲ਼ ਲਗਾਤਾਰ ਸੰਪਰਕ ਰੱਖਣਗੇ ਅਤੇ ਵਿਸ਼ਵ ਭਰ ਵਿਚ ਫੈਲੇ ਪੰਜਾਬੀ ਸੱਥਾਂ ਦੇ ਤਾਣੇ ਬਾਣੇ ਦਾ ਇਕ ਅਹਿਮ ਹਿੱਸਾ ਬਣ ਕੇ ਵਿਚਰਨਗੇ। ਆਪਣੀ ਨਿਵੇਕਲੀ ਪਛਾਣ ਨੂੰ ਬਰਕਰਾਰ ਰੱਖਣ ਲਈ ਜਰਮਨੀ ਵਿਚ ਵਸਦੇ ਆਪਣੇ ਭਾਈਚਾਰੇ ਤੋਂ ਸਹਿਯੋਗ ਲੈ ਕੇ ਦੂਰੀਆਂ ਘਟਾਉਣ ਤੇ ਨੇੜਤਾ ਵਧਾਉਣ ਲਈ ਆਪਣੇ ਵਿਤ ਮੂਜਬ ਕਾਰਜ ਕਰਨਗੇ। ਸੱਥ ਦੀ ਸਥਾਪਤੀ ਵਾਸਤੇ ਪਹਿਲਾ ਸਮਾਗਮ 15 ਅਗਸਤ 2009 ਵਾਲੇ ਦਿਨ ਸ਼ਨਿੱਚਰਵਾਰ ਲਾਈਪਜ਼ਿਗ, ਜਰਮਨੀ ਵਿਖੇ ਹੋਵੇਗਾ। ਏਸ ਇੱਕਠ ਵਿਚ ਪੁਸ਼ਤੈਨੀ ਪੰਜਾਬ ਦੀ ਪੰਜਾਬੀ ਸੱਥ ਲਾਬੜਾ ਜਲੰਧਰ ਤੋਂ ਸੱਥ ਦੇ ਸੇਵਾਦਾਰ ਡਾ ਨਿਰਮਲ ਸਿੰਘ, ਲੁਧਿਆਣਾ ਤੋਂ ਸ ਜਨਮੇਜਾ ਸਿੰਘ ਜੌਹਲ ਤੋ ਇਲਾਵਾ ਡਰੌਇਟਵਿਚ ਤੋ ਹਰਜਿੰਦਰ ਸਿੰਘ ਸੰਧੂ, ਕਵੈਂਟਰੀ ਤੋਂ ਗੁਰਜੀਤ ਸਿੰਘ ਤੱਖਰ ਅਤੇ ਅਜਮੇਰ ਸਿੰਘ ਬੈਂਸ, ਵਾਲਸਾਲ ਤੋਂ ਜਸਵੀਰ ਸਿੰਘ ਬਚੜਾ ਅਤੇ ਮਹਿੰਦਰ ਸਿੰਘ ਦਿਲਬਰ ਸ਼ਾਮਲ ਸਨ।
No comments:
Post a Comment