ਅਦਾਰਾ ਤ੍ਰਿਸ਼ੰਕੂ ਵਲੋਂ ਰਵਿੰਦਰ ਸਹਿਰਾਅ ਦੀ ਕਾਵਿ-ਪੁਸਤਕ ‘ਕਾਗਦ ਕਲਮ ਕਿਤਾਬ ਰਿਲੀਜ਼ ਸਮਾਰੋਹ ਅਤੇ ਵਿਚਾਰ ਚਰਚਾ
ਸਤੀਸ਼ ਗੁਲਾਟੀ, ਪੰਜਾਬੀ ਭਵਨ, ਲੁਧਿਆਣਾ
ਅਦਾਰਾ ਤ੍ਰਿਸ਼ੰਕੂ ਵਲੋਂ ਮਿਤੀ 31-7-2009 ਨੂੰ ਪੰਜਾਬੀ ਭਵਨ ਵਿਖੇ ਸ਼ਾਮ ਚਾਰ ਵਜੇ ਰਵਿੰਦਰ ਸਹਿਰਾਅ ਦੀ ਕਾਵਿ-ਪੁਸਤਕ ‘ਕਾਗਦ ਕਲਮ ਕਿਤਾਬ’ ਨੂੰ ਸ੍ਰੀ ਅਨੂਪ ਸਿੰਘ ਵਿਰਕ (ਪ੍ਰਧਾਨ, ਕੇਂਦਰੀ ਲੇਖਕ ਸਭਾ), ਡਾ. ਬਲਦੇਵ ਸਿੰਘ ਚੀਮਾ (ਚੇਅਰਮੈਨ, ਸਕੂਲ ਆਫ਼ ਪੰਜਾਬੀ ਸਟਡੀਜ਼, ਪੰਜਾਬੀ ਯੂਨੀਵਰਸਿਟੀ ਪਟਿਆਲਾ), ਪ੍ਰੋ. ਸੁਰਜੀਤ ਜੱਜ, ਪ੍ਰੋ. ਗੁਰਭਜਨ ਗਿੱਲ, ਪ੍ਰੋ. ਗੁਰਇਕਬਾਲ ਸਿੰਘ ਅਤੇ ਸ੍ਰੀ ਸਤੀਸ਼ ਗੁਲਾਟੀ ਨੇ ਰਿਲੀਜ਼ ਕੀਤਾ।ਉਪਰੰਤ ਇਸ ਪੁਸਤਕ ’ਤੇ ਵਿਚਾਰ-ਚਰਚਾ ਹੋਈ।
----
ਪ੍ਰੋ. ਅਨੂਪ ਸਿੰਘ ਵਿਰਕ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਇਹ ਸਪੱਸ਼ਟ ਕੀਤਾ ਕਿ ਜਿਨ੍ਹਾਂ ਸਥਿਤੀਆਂ ਵਿਚ ਰਵਿੰਦਰ ਸਹਿਰਾਅ ਨੇ ਲਿਖਣਾ ਸ਼ੁਰੂ ਕੀਤਾ, ਉਹ ਸਥਿਤੀਆਂ ਅੱਜ ਵੀ ਵਿਦਮਾਨ ਹਨ, ਇਸੇ ਕਰਕੇ ਰਵਿੰਦਰ ਸਹਿਰਾਅ ਦੀ ਕਵਿਤਾ ਵਰਤਮਾਨ ਵਿਚ ਵੀ ਉਨੀ ਹੀ ਸਾਰਥਿਕ ਹੈ। ਉਨ੍ਹਾਂ ਆਖਿਆ ਕਿ ਸਹਿਰਾਅ ਇਕ ਵਧੀਆ ਸ਼ਾਇਰ ਹੀ ਨਹੀਂ, ਸਗੋਂ ਇਕ ਵਧੀਆ ਇਨਸਾਨ ਵੀ ਹੈ। ਉਹ ਸਦਮਿਆਂ ਵਿਚੋਂ ਉਭਰਿਆ ਸ਼ਾਇਰ ਹੈ ਪਰ ਉਹ ਆਪਣੇ ਨਿੱਜੀ ਸਦਮਿਆਂ ਤੋਂ ਉਪਰ ਉੱਠ ਕੇ ਸਮਾਜਕ ਸਰੋਕਾਰਾਂ ਨੂੰ ਹਮੇਸ਼ਾ ਹੀ ਸੰਬੋਧਿਤ ਰਿਹਾ ਹੈ ਅਤੇ ਪਰਿਵਰਤਨ ਦੀ ਧਾਰਨਾ ਨੂੰ ਉਸ ਨੇ ਵਿਦਰੋਹ ਦੇ ਮੁਹਾਵਰੇ ਵਿਚ ਪੇਸ਼ ਕੀਤਾ ਹੈ। ਉਸ ਨੇ ਜਿਸ ਮੁਹੱਬਤ, ਅਕੀਦਤ ਅਤੇ ਸਿਧਾਂਤ ਨੂੰ ਪਾਲਿਆ, ਉਸ ’ਤੇ ਸ਼ਾਇਰ ਨੇ ਸਾਰੀ ਉਮਰ ਪਹਿਰਾ ਦਿੱਤਾ।
----
ਡਾ. ਬਲਦੇਵ ਸਿੰਘ ਚੀਮਾ ਨੇ ਸਹਿਰਾਅ ਦੀ ਕਾਵਿ ਪੁਸਤਕ ਬਾਰੇ ਬੋਲਦਿਆਂ ਕਿਹਾ ਕਿ ਸਹਿਰਾਅ ਦੀ ਕਵਿਤਾ ਨੂੰ ਵੱਖ-ਵੱਖ ਧਾਰਾਵਾਂ ਵਿਚ ਰੱਖ ਕੇ ਵੇਖਣ ਦੀ ਲੋੜ ਨਹੀਂ ਸਗੋਂ ਵਰਤਮਾਨ ਪ੍ਰਸੰਗ ਵਿਚ ਵਿਚ ਰੱਖ ਕੇ ਵੇਖਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਸਾਮਰਾਜੀ ਸ਼ਕਤੀਆਂ ਦੇ ਵਿਸ਼ਵ ਪੱਧਰ ’ਤੇ ਵੱਖ-ਵੱਖ ਰੂਪ ਹਨ, ਇਨ੍ਹਾਂ ਨੂੰ ਚਲਾਉਣ ਵਾਲਾ ਤਾਂ ‘ਇੱਕ’ ਹੀ ਹੈ। ਸਹਿਰਾਅ ਦੀ ਕਵਿਤਾ ਉਸ ਸ਼ਕਤੀ ਨੂੰ ਹੀ ਪਹਿਚਾਣਨ ਦਾ ਜਤਨ ਹੈ। ਸਾਨੂੰ ਕਵਿਤਾ ਵਿਚ ਤੂੰ ਤੇ ਮੈਂ ਦੀ ਸੋਚ ਤੋਂ ਪਾਰ ਜਾਣਾ ਹੋਵੇਗਾ ਤਾਂ ਹੀ ਕਵਿਤਾ ਸਾਰਥਿਕ ਰੂਪ ਪੇਸ਼ ਕਰ ਸਕੇਗੀ ਤੇ ਉਹ ਸਮੁੱਚੇ ਸਮਾਜ ਨੂੰ ਪੇਸ਼ ਕਰਨ ਵਾਲੀ ਕਵਿਤਾ ਹੋਵੇਗੀ।
----
ਪ੍ਰੋ. ਗੁਰਭਜਨ ਗਿੱਲ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਹਿਰਾਅ ਦੀ ਕਵਿਤਾ ਦਾ ਮੂਲ ਪ੍ਰਸੰਗ ਨਕਸਲਾਈਟ ਲਹਿਰ ਨਾਲ ਜੁੜਦਾ ਹੈ ਤੇ ਇਸ ਧਾਰਾ ਦਾ ਪ੍ਰਸੰਗ ਗਦਰ ਲਹਿਰ ਨਾਲ ਜੁੜਦਾ ਹੈ। ਸਹਿਰਾਅ ਅੱਜਕਲ੍ਹ ਉਸ ਧਰਤੀ ਦਾ ਬਸ਼ਿੰਦਾ ਹੈ। ਇਸੇ ਕਰਕੇ ਸਹਿਰਾਅ ਦੀ ਕਵਿਤਾ ਉਸ ਵਿਚਾਰਧਾਰਕ ਆਧਾਰ ਨੂੰ ਲੈ ਕੇ ਤੁਰਦੀ ਹੈ। ਗਦਰ ਲਹਿਰ ਦੇ ਕਵੀਆਂ ਦੀ ਮੁੱਖ ਸੋਚ ਪ੍ਰਚੱਲਤ ਖੱਬੇ ਪੱਖੀ ਧਾਰਾ ਨਹੀਂ ਸੀ। ਸਹਿਰਾਅ ਦੀ ਪੁਸਤਕ ਸਾਨੂੰ ਉਸ ਵਕਤ ਨੂੰ ਪੜ੍ਹਨ ਵੱਲ ਤੋਰਦੀ ਹੈ, ਜਿਸਨੂੰ ਕਵੀ ਹੁੰਗਾਰਾ ਭਰਦਾ ਹੈ।
----
ਇਸ ਤੋਂ ਪਹਿਲਾਂ ਪ੍ਰੋ. ਜਗਵਿੰਦਰ ਯੋਧਾ ਨੇ ਸਹਿਰਾਅ ਦੀ ਪੁਸਤਕ ਬਾਰੇ ਭਾਵਪੂਰਤ ਪੇਪਰ ਪ੍ਰਸਤੁਤ ਕੀਤਾ। ਉਸ ਨੇ ਪੇਪਰ ਪੜ੍ਹਦਿਆਂ ਉਨ੍ਹਾਂ ਸਥਿਤੀਆਂ ਨੂੰ ਸਪੱਸ਼ਟ ਕੀਤਾ ਜਿਨ੍ਹਾਂ ਪ੍ਰਤੀ ਸਹਿਰਾਅ ਆਪਣੀ ਕਵਿਤਾ ਵਿਚ ਹੁੰਗਾਰਾ ਭਰਦਾ ਹੈ, ਉਸ ਸਮੇਂ ਦੇ ਸੱਚ ਨੂੰ ਪਛਾਣਨ ਦਾ ਜਤਨ ਕਰਦਾ ਹੈ। ਉਸ ਅਨੁਸਾਰ ਸਹਿਰਾਅ ਨੇ ਆਪਣੀ ਕਵਿਤਾ ਵਿਚ ਵਰਤਮਾਨ ਬਿੰਬ ਨੂੰ ਪਿੱਛਲ ਤੱਕ ਪਾਸਾਰ ਕਰਨ ਦਾ ਜਤਨ ਕੀਤਾ ਹੈ। ਸਹਿਰਾਅ ਦੀ ਕਵਿਤਾ ਦੇ ਵਿਚਾਰਧਾਰਕ ਆਧਾਰ ਨੂੰ ਸਪੱਸ਼ਟ ਕਰਦਿਆਂ ਪ੍ਰੋ. ਯੋਧਾ ਨੇ ਕਵਿਤਾ ਦੇ ਕਲਾਤਮਕ ਪਹਿਲੂਆਂ ਬਾਰੇ ਵੀ ਬਹੁਤ ਸਾਰੇ ਪ੍ਰਸ਼ਨ ਖੜ੍ਹੇ ਕੀਤੇ।
----
ਵਿਚਾਰ-ਚਰਚਾ ਦਾ ਆਰੰਭ ਕਰਦਿਆਂ ਪ੍ਰੋ. ਗੁਰਇਕਬਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਸਹਿਰਾਅ ਦੀ ਕਵਿਤਾ ਦਾ ਕੇਂਦਰੀ ਸੂਤਰ ਸਾਮਰਾਜੀ ਸੰਕਟ ਤੋਂ ਉਤਪੰਨ ਸੰਕਟਾਂ ਵਿਚ ਵੇਖਿਆ ਜਾ ਸਕਦਾ ਹੈ। ਇਨ੍ਹਾਂ ਸੰਕਟਾਂਨੂੰ ਸਹਿਰਾਅ ਨਕਸਲਬਾੜੀ ਸੰਕਟ, ਪੰਜਾਬ ਸੰਕਟ, ਪ੍ਰਵਾਸ ਸੰਕਟ ਅਤੇ ਸਾਮਰਾਜੀ-ਆਰਥਿਕ ਸੰਕਟਾਂ ਦੇ ਪ੍ਰਸੰਗ ਵਿਚ ਪਾਸਾਰਦਾ ਹੈ। ਉਨ੍ਹਾਂ ਕਿਹਾ ਕਿ ਸਹਿਰਾਅ ਚਾਹੇ ਨਕਸਲਬਾੜੀ ਸੰਕਟ ਤੋਂ ਸਾਮਰਾਜੀ ਸੰਕਟ ਤੱਕ ਪਾਸਾਰ ਕਰਦਾ ਹੈ ਚਾਹੇ ਉ¤ਲਟ ਪਰ ਉਸ ਦੀ ਕਾਵਿ ਸੰਵੇਦਨਾ ਸਾਮਰਾਜਵਾਦ ਦੁਆਰਾ ਸੰਚਾਲਿਤ ਅਮਾਨਵੀ ਸ਼ਕਤੀਆਂ ਦੀ ਪਛਾਣ ਵੀ ਕਰਦੀ ਤੇ ਵਿਦਰੋਹ ਦੇ ਮੁਹਾਵਰੇ ਰਾਹੀਂ ਉਸ ਨੂੰ ਬਦਲਣ ਵੱਲ ਅਹੁਲਦੀ ਵੀ ਹੈ।ਚਰਚਾ ਵਿਚ ਸ਼ਾਮਲ ਹੁੰਦਿਆਂ ਭੰਡਾਲ ਨੇ ਕਿਹਾ ਕਿ ਸਹਿਰਾਅ ਦੀ ਕਵਿਤਾ ਨੂੰ ਸਮੁੱਚੇ ਵਿਸ਼ਵ ਪ੍ਰਸੰਗ ਵਿਚ ਵੇਖਣ ਤੇ ਪਰਖਣ ਦੀ ਲੋੜ ਹੈ। ਸਹਿਰਾਅ ਤੇ ਉਸ ਦੌਰ ਦੇ ਹੋਰ ਬਹੁਤ ਸਾਰੇ ਕਵੀ ਵਿਦਿਆਰਥੀਆਂ ਘੋਲਾਂ ਨਾਲ ਜੁੜੇ ਕਵੀ ਹਨ। ਪਰ ਇਨ੍ਹਾਂ ਘੋਲਾਂ ਨਾਲ ਜੁੜੇ ਕਵੀਆਂ ਦੇ ਬਾਅਦ ਦੇ ਚਿੰਤਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਹਿਰਾਅ ਦੀ ਕਵਿਤਾ ਵਿਚ ਪਰਿਵਰਤਨ ਦਾ ਅਨੁਭਵ, ਨਕਸਲੀ ਅਨੁਭਵ, ਪੰਜਾਬ ਸੰਕਟ ਦਾ ਅਨੁਭਵ ਹੈ ਪਰ ਬਾਅਦ ਦੀ ਕਵਿਤਾ ਪੈਸਿਵ ਅਨੁਭਵ ਦੀ ਕਵਿਤਾ ਹੈ, ਜਿਸ ਨੂੰ ਉਹ ਆਦਰਸ਼ਕ ਕੋਟੀ ਵਿਚ ਪੇਸ਼ ਕਰਦਾ ਹੈ।
----
ਪ੍ਰਬੁੱਧ ਆਲੋਚਕ ਤਸਕੀਨ ਨੇ ਸਹਿਰਾਅ ਦੀ ਕਵਿਤਾ ਨੂੰ ਸੰਬੋਧਨੀ ਸੁਰ ਦੀ ਕਵਿਤਾ ਕਿਹਾ। ਇਸ ਕਵਿਤਾ ਨੇ ਪ੍ਰਗਤੀਵਾਦੀ ਕਵਿਤਾ ਦਾ ਮੁਹਾਂਦਰਾ ਬਦਲਿਆ। ਇਹ ਕਵਿਤਾ ਦੋ ਵਿਰੋਧੀ ਜਮਾਤਾਂ ਦੀ ਲੜਾਈ ਹੈ। ਉਨ੍ਹਾਂ ਸਹਿਰਾਅ ਦੀ ਕਵਿਤਾ ਦੇ ਇਕ ਮਹੱਤਵਪੂਰਨ ਨੁਕਤੇ ਬਾਰੇ ਦੱਸਦਿਆਂ ਕਿਹਾ ਕਿ ਸਹਿਰਾਅ ਆਪਣੀ ਪਿਆਰ ਕਵਿਤਾ ਵਿਚ ਸੈਕਸਿਊਲ ਰਿਪਰੈਸ਼ਨ ਤੋੜਨ ਦੀ ਥਾਂ ਜੋੜਨਾ ਹੈ ਜਿਹੜਾ ਉਸ ਦੀ ਮੁਹੱਬਤੀ ਸੁਰ ਬਾਰੇ ਸੰਦੇਹ ਪੈਦਾ ਕਰਦਾ ਹੈ।
----
ਡਾ. ਰਜਨੀਸ਼ ਬਹਾਦਰ ਸਿੰਘ ਨੇ ਸਹਿਰਾਅ ਦੀ ਕਵਿਤਾ ਬਾਰੇ ਬੋਲਦਿਆਂ ਕਿਹਾ ਕਿ ਸਹਿਰਾਅ ਦੀ ਕਾਵਿ- ਸੰਵੇਦਨਾ ਦਾ ਦੌਰ ਪੀ.ਐਸ.ਯੂ. ਦੀ ਚੜ੍ਹਾਈ ਦਾ ਦੌਰ ਹੈ, ਜਿਹੜਾ ਨਕਸਲਬਾੜੀ ਲਹਿਰ ਦਾ ਰਾਜਸੀ-ਸਭਿਆਚਾਰਕ ਫਰੰਟ ਦੇ ਰੂਪ ਵਿਚ ਸਾਹਮਣੇ ਆਇਆ ਤੇ ਨਕਸਲਬਾੜੀ ਲਹਿਰ ਸੋਵੀਅਤ ਯੂਨੀਅਨ, ਚੀਨ ਜਾਂ ਤੀਜੇ ਗਰੁੱਪ- ਕਿਹੜੇ ਮਾਡਲ ਨੂੰ ਅਪਣਾਉਂਦੀ ਹੈ-ਬਹੁਤ ਵੱਡਾ ਮਸਲਾ ਹੈ। ਨਕਸਲਬਾੜੀ ਲਹਿਰ ਪੰਜਾਬ ਵਿਚ ਪੇਂਡੂ ਵਰਗ ਦੇ ਪ੍ਰਸੰਗ ਵਿਚ ਕਿਸਾਨੀ ਦੀ ਟੁੱਟ-ਭੱਜ ਦੇ ਬਿੰਬ ਨੂੰ ਉਭਾਰਦੀ ਹੈ ਤੇ ਸਹਿਰਾਅ ਦੀ ਕਵਿਤਾ ਨਕਸਲਬਾੜੀ ਲਹਿਰ ਦੇ ਪਤਨ ਦੇ ਦੌਰ ਦੀ ਕਵਿਤਾ ਦੇ ਪ੍ਰਸੰਗ ਨੂੰ ਉਭਾਰਨ ਦਾ ਜਤਨ ਕਰਦੀ ਹੈ। ਸਹਿਰਾਅ ਨਕਸਲਬਾੜੀ ਲਹਿਰ ਤੋਂ ਗ੍ਰਹਿਣ ਕੀਤੀ ਰਾਜਨੀਤਕ ਸੂਝ ਨੂੰ ਨਕਸਲਬਾੜੀ ਸੰਕਟ, ਪੰਜਾਬ ਸੰਕਟ ਅਤੇ ਅਮਰੀਕੀ ਪ੍ਰਸੰਗ ਵਿਚ ਵੇਖਦਾ ਹੈ ਤੇ ਉਸ ਦੀ ਕਵਿਤਾ ਦਾ ਕਾਵਿ-ਮੁਹਾਵਰੇ ਨੂੰ ਵੀ ਉਸੇ ਪ੍ਰਸੰਗ ਵਿਚ ਵਾਚਣ ਦੀ ਲੋੜ ਹੈ।
----
ਸ਼ਾਇਰ ਜਸਵੰਤ ਜ਼ਫ਼ਰ ਨੇ ਬਹਿਸ ਵਿਚ ਸ਼ਾਮਲ ਹੁੰਦਿਆਂ ਕਿਹਾ ਕਿ ਸਹਿਰਾਅ ਦੀ ਕਵਿਤਾ ਵਿਭਿੰਨ ਵਕਫ਼ਿਆਂ ’ਚ ਲਿਖੀ ਕਵਿਤਾ ਹੈ, ਜਿਸ ਵਿਚ ਉਸ ਦਾ ਜਵਾਨੀ ਵਾਲਾ ਸੂਝ-ਵਿਵੇਕ ਨਜ਼ਰ ਆਉਂਦਾ ਹੈ। ਹਾਸ-ਵਿਅੰਗ ਲੇਖਕ ਸ੍ਰੀ ਕੇ.ਐਲ. ਗਰਗ ਨੇ ਕਿਹਾ ਕਿ ਸਹਿਰਾਅ ਨੇ ਆਪਣੀ ਕਵਿਤਾ ਵਿਚ, ਜੋ ਜਜ਼ਬਾ ਪੇਂਡੂ ਮਾਨਸਿਕਤਾ ਵਿਚੋਂ ਗ੍ਰਹਿਣ ਕੀਤਾ, ਉਸ ਨੂੰ ਗਲੋਬਲ ਪੱਧਰ ਤੱਕ ਫੈਲਾਉਣ ਦਾ ਜਤਨ ਕਰਦਾ ਹੈ। ਉਸ ਦੀ ਸਮੁੱਚੀ ਕਵਿਤਾ ਪਿੰਡ ਤੋਂ ਗਲੋਬਲ ਪਿੰਡ ਤੱਕ ਦੇ ਸਾਮਰਾਜੀ ਸੰਕਟ ਦੀ ਤਰਜ਼ਮਾਨੀ ਹੈ। ਉਸਦੀ
ਕਵਿਤਾ ਵਿਚ ਪੰਜਾਬ ਵਿਚ ਉ¤ਚੀ ਸੁਰ ਬਦਲ ਕੇ ਪ੍ਰਵਾਸ ਵਿਚ ਧੀਮੀ ਸੁਰ ਵਿਚ ਬਦਲਦੀ ਹੈ ਤੇ ਵਿਚਾਰਾਂ ਦਾ ਰੂਪ ਬਦਲ ਕੇ ਸਿਆਣਿਆਂ ਵਾਲੇ ਰੂਪ ਵਿਚ ਪੇਸ਼ ਹੁੰਦਾ ਹੈ।
----
ਵਿਚਾਰ-ਚਰਚਾ ਆਰੰਭ ਹੋਣ ਤੋਂ ਪਹਿਲਾਂ ਰਵਿੰਦਰ ਸਹਿਰਾਅ ਨੇ ਆਪਣੇ ਵੱਖਰੇ-ਵੱਖਰੇ ਦੌਰ ਦੀਆਂ ਮਹੱਤਵਪੂਰਨ ਕਵਿਤਾਵਾਂ ਦਾ ਕਾਵਿ-ਪਾਠ ਕੀਤਾ ਜਿਹੜਾ ਉਨ੍ਹਾਂ ਦੀ ਕਵਿਤਾ ਦੇ ਵਿਕਾਸ ਨੂੰ ਪੇਸ਼ ਕਰ ਰਿਹਾ ਸੀ। ਇਸ ਰਿਲੀਜ਼ ਸਮਾਰੋਹ ’ਤੇ ਵਿਚਾਰ-ਚਰਚਾ ਵਿਚ ਰਵਿੰਦਰ ਭੱਠਲ, ਜਸਵੰਤ ਅਮਨ, ਡਾ. ਬਲਵੰਤ ਸੰਧੂ, ਡਾ. ਜਸਵਿੰਦਰ ਸੈਣੀ, ਡਾ. ਸੁਰਜੀਤ, ਸੁਭਾਸ਼ ਕਲਾਕਾਰ, ਦਲਜਿੰਦਰ ਸਾਗਰ, ਤਰਲੋਚਨ ਲੋਚੀ, ਗੁਲਜ਼ਾਰ ਪੰਧੇਰ, ਸਵਰਨਜੀਤ ਸੈਣੀ, ਤ੍ਰਿਲੋਚਨ ਝਾਂਡੇ, ਨਾਟਕਕਾਰ ਤ੍ਰਿਲੋਚਨ, ਮਨਜਿੰਦਰ ਧਨੋਆ, ਸੁਮਿਤ ਗੁਲਾਟੀ, ਗਗਨ ਬੰਗਾ ਤੇ ਹੋਰਾਂ ਨੇ ਸ਼ਿਰਕਤ ਕੀਤੀ। ਪ੍ਰੋ. ਸੁਰਜੀਤ ਜੱਜ ਨੇ ਮੰਚ ਸੰਚਾਲਣ ਕਰਦਿਆਂ ਰਵਿੰਦਰ ਸਹਿਰਾਅ ਦੀ ਜ਼ਿੰਦਗੀ ਅਤੇ ਕਾਵਿ ਬਾਰੇ ਜਾਣਕਾਰੀ ਦਿੱਤੀ ਤੇ ਉਸ ਨੂੰ ਸਮਾਜਕ ਸਰੋਕਾਰਾਂ ਨਾਲ ਸੰਬੰਧਤ ਪ੍ਰਤੀਬੱਧ ਸ਼ਾਇਰ ਕਿਹਾ। ਸ੍ਰੀ ਸਤੀਸ਼ ਗੁਲਾਟੀ, ਚੇਤਨਾ ਪ੍ਰਕਾਸ਼ਨ ਨੇ ਆਏ ਮਹਿਮਾਨਾਂ, ਸਰੋਤਿਆਂ, ਦਰਸ਼ਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਅਦਾਰਾ ਤ੍ਰਿਸ਼ੰਕੂ ਵਲੋਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਂਦਾ ਰਹੇਗਾ।
No comments:
Post a Comment