Friday, March 25, 2011

ਅਦਾਰਾ ਜਾਗੋ ਇੰਟਰਨੈਸ਼ਨਲ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਬੀ.ਐਸ. ਰਤਨ ਦੀ ਪੁਸਤਕ “ਕਿੱਤੂਰ ਦੀ ਰਾਣੀ ਚਾਨੰਮਾ” ਤੇ ਗੋਸ਼ਟੀ - ਰਿਪੋਰਟ

ਫੋਟੋ ਕੈਪਸ਼ਨ - 1. ਮੰਚ ‘ਤੇ ਡਾ. ਤੇਜਵੰਤ ਮਾਨ, ਸ੍ਰੀਮਤੀ ਹਰਭਜਨ ਕੌਰ ਐਡੀਸ਼ਨਲ ਡਾਇਰੈਕਟਰ, ਡਾ. ਸਵਰਾਜ ਸਿੰਘ, ਸ੍ਰੀਮਤੀ ਬਲਬੀਰ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਸ੍ਰੀ ਬੀ.ਐਸ. ਰਤਨ ਡਾ. ਭਗਵੰਤ ਸਿੰਘ 2. ਸ੍ਰੀ ਬੀ.ਐਸ. ਰਤਨ ਨੂੰ ਸਨਮਾਨਿਤ ਕਰਦੇ ਹੋਏ ਸ੍ਰੀਮਤੀ ਬਲਬੀਰ ਕੌਰ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਡਾ. ਸਵਰਾਜ ਸਿੰਘ, ਪ੍ਰੋ. ਸ਼ੇਰ ਸਿੰਘ ਢਿਲੋਂ, ਡਾ. ਤੇਜਵੰਤ ਮਾਨ, ਸ੍ਰੀਮਤੀ ਹਰਭਜਨ ਕੌਰ, ਬਾਬਾ ਹਰੀ ਸਿੰਘ, ਡਾ. ਭਗਵੰਤ ਸਿੰਘ

******

ਰਿਪੋਰਟ: ਡਾ. ਭਗਵੰਤ ਸਿੰਘ

ਪਟਿਆਲਾ : ਮਾਰਚ 2011- “ਇਤਿਹਾਸ ਭਾਵੇਂ ਜੇਤੂਆਂ ਦਾ ਹੁੰਦਾ ਹੈ ਪਰੰਤੂ ਕਈ ਵਾਰੀ ਦੁਨੀਆਵੀ ਤੌਰ ਤੇ ਹਾਰ ਜਾਣ ਵਾਲੀ ਧਿਰ ਵੀ ਆਪਣੀ ਬੇਮਿਸਾਲ ਬਹਾਦਰੀ ਅਤੇ ਦਲੇਰੀ ਦੀ ਇਤਿਹਾਸ ਤੇ ਅਜਿਹੀ ਛਾਪ ਛੱਡ ਜਾਂਦੀ ਹੈ ਕਿ ਉਸਦਾ ਜੀਵਨ ਸੰਘਰਸ਼ ਆਉਣ ਵਾਲੀਆ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣ ਜਾਂਦਾ ਹੈ। ਅਜਿਹਾ ਹੀ ਬਹਾਦਰ ਰਾਣੀ ਚਾਨੰਮਾ, ਰਾਣੀ ਲਕਸ਼ਮੀ ਬਾਈ ਮਹਾਰਾਣੀ ਜਿੰਦਾਂ ਦੇ ਕਿਰਦਾਰਾਂ ਤੋ ਉਭਰਦਾ ਹੈ। ਭਾਰਤ ਵਿਚ ਉਤਰੀ ਖਿੱਤੇ ਦੇ ਲੋਕ ਨਾਇਕਾਂ ਬਾਰੇ ਦੱਖਣ ਵਿਚ ਅਤੇ ਦੱਖਣੀ ਖਿੱਤੇ ਦੇ ਲੋਕ ਨਾਇਕਾਂ ਬਾਰੇ ਉੱਤਰ ਵਿਚ ਬਹੁਤ ਘੱਟ ਜਾਣਕਾਰੀ ਹੈ। ਇਸ ਜਾਣਕਾਰੀ ਦੀ ਘਾਟ ਦੇ ਕਾਰਨਾ ਬਾਰੇ ਖੋਜ ਕਰਨ ਦੀ ਜ਼ਰੂਰਤ ਹੈ। ਬੀ.ਐਸ. ਰਤਨ ਨੇ ਕਾਵਿ ਸਿਰਜਣਾ ਕਰਕੇ ਪੰਜਾਬੀ ਸਾਹਿਤ ਨੂੰ ਦੱਖਣੀ ਲੋਕ ਨਾਇਕਾਂ ਤੋਂ ਜਾਣੂੰ ਕਰਾਉਣ ਦੀ ਪਹਿਲ ਕਦਮੀ ਕੀਤੀ ਹੈ। ਇਹ ਇਕ ਇਤਿਹਾਸਕ ਦਸਤਾਵੇਜ਼ ਹੈ ਜਿਸੱ ਬਹੁਤ ਹੀ ਸੁਹਜਮਈ ਢੰਗ ਨਾਲ ਪੇਸ਼ ਕਰਕੇ ਲੇਖਕ ਨੇ ਆਪਣੀ ਕਾਵਿ ਕੌਸ਼ਲਤਾ ਦਾ ਪ੍ਰਗਟਾਵਾ ਕੀਤਾ ਹੈ। ਅਜਿਹੇ ਯਤਨਾਂ ਦਾ ਪੰਜਾਬੀ ਸਾਹਿਤ ਜਗਤ ਵਿਚ ਸੁਆਗਤ ਹੈ। ਇਹ ਭਾਵ ਮਾਲਵਾ ਰਿਸਰਚ ਸੈਂਟਰ ਪਟਿਆਲਾ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਵਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਬੀ.ਐਸ. ਰਤਨ ਦੀ ਪੁਸਤਕ “ਕਿੱਤੂਰ ਦੀ ਰਾਣੀ ਚਾਨੰਮਾ” ਉਪਰ ਹੋਈ ਗੋਸ਼ਟੀ ਸਮੇਂ ਵਿਦਵਾਨਾਂ, ਚਿੰਤਕਾਂ ਅਤੇ ਲੇਖਕਾਂ ਦੁਆਰਾ ਰਚਾਏ ਗਏ ਸੰਵਾਦ ਉਪਰੰਤ ਉੱਭਰ ਕੇ ਸਾਹਮਣੇ ਆਏ।

-----

ਭਾਸ਼ਾ ਭਵਨ ਵਿਖੇ ਆਯੋਜਿਤ ਗੋਸ਼ਟੀ ਦੀ ਪ੍ਰਧਾਨਗੀ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਬਲਬੀਰ ਕੌਰ ਨੇ ਕੀਤੀ, ਪੁਸਤਕ ਉਪਰ ਪਰਚਾ ਡਾ. ਸਵਰਾਜ ਸਿੰਘ ਯੂ.ਐਸ.ਏ. ਨੇ ਪੜ੍ਹਿਆ ਤੇ ਬਹਿਸ ਦਾ ਸਾਰੰਸ਼ ਡਾ. ਤੇਜਵੰਤ ਮਾਨ ਨੇ ਕੀਤਾ ਜਦਕਿ ਪਰਚੇ ਉੱਪਰ ਨਿਠਕੇ ਹੋਈ ਬਹਿਸ ਵਿਚ ਸ੍ਰ. ਚੇਤਨ ਸਿੰਘ, ਪ੍ਰੋ. ਸ਼ਰਮਾ, ਪ੍ਰੋ. ਸ਼ੇਰ ਸਿੰਘ ਢਿੱਲੋਂ, ਜੋਗਿੰਦਰ ਪ੍ਰਵਾਨਾ, ਡਾ. ਭਗਵੰਤ ਸਿੰਘ, ਡਾ. ਹਰਨੇਕ ਸਿੰਘ ਡਾ. ਤੇਜਾ ਸਿੰਘ ਤਿਲਕ ਸੁਰਜੀਤ ਸਿੰਘ ਪੰਛੀ ਆਦਿ ਨੇ ਹਿੱਸਾ ਲਿਆ। ਸੁਰਜੀਤ ਪਾਪੜਾ, ਜਸਵੀਰ ਸਿੰਘ ਵੇਰਕਾ ਤੇ ਕਵਿੱਤਰੀ ਸਰਬਜੀਤ ਜੱਸ ਨੇ ਕਵਿਤਾਵਾਂ ਪੇਸ਼ ਕੀਤੀਆਂ।

-----

ਡਾ. ਸਵਰਾਜ ਸਿੰਘ ਨੇ ਪੇਪਰ ਪੇਸ਼ ਕਰਦੇ ਹੋਏ ਰਾਣੀ ਚਾਨੰਮਾਂ ਦੇ ਕਿਰਦਾਰ ਅਤੇ ਪੁਸਤਕ ਦੇ ਸਾਹਿਤਕ ਪਹਿਲੂਆਂ ਨੂੰ ਉਭਾਰਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪਹਿਲੀ ਵਾਰ ਦੱਖਣੀ ਭਾਰਤ ਦੇ ਇਤਿਹਾਸਕ ਪਾਤਰਾਂ ਤੋਂ ਜਾਣੂ ਕਰਾ ਕੇ ਬੀ.ਐਸ. ਰਤਨ ਨੇ ਪੰਜਾਬੀ ਸਾਹਿਤਕ ਜਗਤ ਦਾ ਘੇਰਾ ਹੋਰ ਮੋਕਲ਼ਾ ਕੀਤਾ ਹੈ। ਉਨ੍ਹਾਂ ਨੇ ਸੰਸਾਰੀਕਰਨ ਦੇ ਦ੍ਰਿਸ਼ਟੀਕੋਣ ਤੋਂ “ਰਾਣੀ ਚਾਨੰਮਾਂ ” ਦੇ ਕਿਰਦਾਰ ਨੂੰ ਰੋਲ ਮਾਡਲ ਬਣਾ ਕੇ ਪੇਸ਼ ਕੀਤਾ। ਉਨਾ ਕਿਹਾ ਕਿ ਅਜ ਵੀ ਇਹੋ ਜਿਹੇ ਕਿਰਦਾਰਾਂ ਦੀ ਜ਼ਰੂਰਤ ਹੈ ਤਾਂ ਜੋ ਸਾਮਰਾਜੀ ਤਾਕਤਾਂ ਦੀ ਧੌਂਸ ਨੂੰ ਰੋਕਿਆ ਜਾ ਸਕੇ। ਸ. ਚੇਤਨ ਸਿੰਘ ਸੰਯੁਕਤ ਡਾਇਰੈਕਟਰ ਨੇ ਮਾਲਵਾ ਰਿਸਰਚ ਸੈਂਟਰ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਵੇ ਕਿਹਾ ਕਿ ਪੰਜਾਬੀ ਸਾਹਿਤ ਦੀ ਬਹਮੁੱਲੀ ਤੇ ਬਹਗੁਣੀ ਪੁਸਤਕ ਉਪਰ ਸੰਵਾਦ ਸਿਰਜਕੇ ਸੈਂਟਰ ਨੇ ਨਵੀ ਪਿਰਤ ਪਾਈ ਹੈ। ਉਨਾ ਨੇ ਪੁਸਤਕ ਦੇ ਸੁਹਜਾਤਮਕ ਪੱਖ ਬਾਰੇ ਸਿਧਾਂਤਕ ਗੱਲਾਂ ਕੀਤੀਆਂ। ਡਾ. ਤੇਜਵੰਤ ਮਾਨ ਨੇ ਪੁਸਤਕ ਉੱਪਰ ਹੋਈ ਬਹਿਸ ਨੂੰ ਸਮੇਟਦਿਆਂ ਕਿਹਾ ਕਿ ਇਹ ਸਾਮਰਾਜੀ ਤਾਕਤਾਂ ਦੀ ਸਾਜ਼ਿਸ਼ ਸੀ ਕਿ ਉੱਤਰੀ ਅਤੇ ਦੱਖਣੀ ਖਿਤਿਆਂ ਨੂੰ ਇਕਸੁਰ ਨਹੀਂ ਹੋਣ ਦਿਤਾ। ਉਨ੍ਹਾਂ ਨੇ ਆਪਣੇ ਸਵਾਰਥਾਂ ਲਈ ਇਨ੍ਹਾਂ ਨੂੰ ਵੰਡ ਕੇ ਰੱਖਿਆ ਹੈ। ਬੀ.ਐਸ. ਰਤਨ ਨੇ ਦੱਖਣ ਦੀ ਬਹਾਦਰ ਔਰਤ ਬਾਰੇ ਕਾਵਿ ਰਚਨਾ ਕਰਕੇ ਪੰਜਾਬੀ ਦੇ ਲੇਖਕਾਂ ਦੀ ਅਗਵਾਈ ਕੀਤੀ ਹੈ। ਇਸ ਤਰ੍ਹਾਂ ਹੀ ਦੱਖਣੀ ਲੇਖਕਾਂ ਨੂੰ ਪੰਜਾਬੀ ਲੋਕ ਨਾਇਕਾਂ ਬਾਰੇ ਰਚਨਾਵਾਂ ਰਚਣੀਆਂ ਚਾਹੀ ਦੀਆਂ ਹਨ। ਗਣਰਾਜੀ ਏਕਤਾ ਨੂੰ ਉਜਾਗਰ ਕਰਨ ਲਈ ਅਜਿਹੀਆਂ ਗੋਸ਼ਟੀਆਂ ਬਹੁਤ ਸਹਾਈ ਹੋ ਸਕਦੀਆਂ ਹਨ।

-----

ਸ੍ਰੀਮਤੀ ਬਲਬੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਕੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੀ.ਐਸ.ਰਤਨ ਦੀ ਸੁਹਜਮਈ ਪੁਸਤਕ ਨੂੰ ਪੰਜਾਬੀ ਸਾਹਿਤ ਵਿਚ ਇਤਿਹਾਸਕ ਦਸਤਾਵੇਜ਼ ਦੱਸਿਆ। ਉਨ੍ਹਾਂ ਹੋਈ ਬਹਿਸ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਇਸ ਨਾਲ ਰਾਸ਼ਟਰੀ ਏਕਤਾ ਦੀ ਮਜਬੂਤੀ ਵਿਚ ਇਕ ਨਵਾ ਅਧਿਆਇ ਜੁੜ ਗਿਆ ਹੈ। ਇਸ ਗੋਸ਼ਟੀ ਵਿਚ ਹੋਰ ਚਿੰਤਕਾਂ ਤੋ ਇਲਾਵਾ ਡਾ. ਰਾਕੇਸ਼ ਵਰਮਾ, ਪ੍ਰੋ. ਜੇ ਕੇ ਮਿਗਲਾਨੀ, ਡਾ. ਗੁਰਮੁਖ ਸਿੰਘ, ਡਾ. ਬਲਜਿੰਦਰ ਜੋਸ਼ੀ, ਗੁਲਜ਼ਾਰ ਸਿੰਘ ਸ਼ੌਂਕੀ, ਧਰਮ ਕੰਮੇਆਣਾ ਸ੍ਰੀਮਤੀ ਪ੍ਰਿਤਪਾਲ ਕੌਰ, ਸ੍ਰੀਮਤੀ ਹਰਭਜਨ ਕੌਰ ਵਧੀਕ ਡਾਇਰੈਕਟਰ, ਸ੍ਰੀਮਤੀ ਕਮਲਜੀਤ ਕੌਰ, ਬਾਬਾ ਹਰੀ ਸਿੰਘ ਨਿਰਮਲ ਅਖਾੜਾ, ਚਰਨ ਬੰਬੀਹਾ, ਸੁਰਿੰਦਰ ਕੌਰ ਮਿਸ ਸ਼ੈਲਜਾ, ਅਲੀ ਰਾਜਪੁਰਾ, ਡਾ. ਮੋਹਨ ਤਿਆਗੀ, ਮੇਘ ਰਾਜ ਆਦਿ ਅਨੇਕਾਂ ਬੁੱਧੀਜੀਵੀ ਹਾਜ਼ਿਰ ਸਨ। ਇਸ ਸਮਾਗਮ ਵਿਚ ਬੀ.ਐਸ. ਰਤਨ ਨੇ ਆਪਣੀ ਕਵਿਤਾ ਦੇ ਪ੍ਰਭਾਵਾਸ਼ਾਲੀ ਅੰਸ਼ਾਂ ਨੂੰ ਪ੍ਰਸਤੁਤ ਕੀਤਾ। ਉਨ੍ਹਾਂ ਨੇ ਇਸ ਪੁਸਤਕ ਦੇ ਪਿਛੋਕੜ ਨੂੰ ਵੀ ਬਿਆਨ ਕੀਤਾ। ਉਨ੍ਹਾਂ ਇਤਿਹਾਸਕ ਤੱਥਾਂ ਬਾਰੇ ਵੀ ਜਾਣਕਾਰੀ ਪਾਈ ਦਿੱਤੀ। ਮਾਲਵਾ ਰਿਸਰਚ ਸੈਂਟਰ, ਪਟਿਆਲਾ ਵਲੋਂ ਬੀ.ਐਸ. ਰਤਨ ਨੂੰ ਸਨਮਾਨ ਪੱਤਰ ਭੇਂਟ ਕੀਤਾ। ਪ੍ਰੋ. ਸ਼ੇਰ ਸਿੰਘ ਦਿਲ ਨੇ ਜੀ ਆਇਆਂ ਕਿਹਾ ਤੇ ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਨਾ ਕੀਤੀ।

Tuesday, September 21, 2010

ਓਕਨਆਗਨ ਪੰਜਾਬੀ ਸੱਥ ਵਰਨਨ ਵੱਲੋਂ ਪਾਲ ਢਿੱਲੋਂ ਦਾ ਗ਼ਜ਼ਲ-ਸੰਗ੍ਰਹਿ ਸਰੀ ‘ਚ ਰਿਲੀਜ਼ ਕੀਤਾ ਗਿਆ - ਰਿਪੋਰਟ

ਸਰੀ:- (ਜਰਨੈਲ ਸਿੰਘ ਸੇਖਾ) ਓਕਨਆਗਨ ਪੰਜਾਬੀ ਸੱਥ ਵਰਨਨ ਵੱਲੋਂ 18 ਸਤੰਬਰ, 10 ਨੂੰ ਪਰੋਗ੍ਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਫਰੇਜ਼ਰ ਵੈਲੀ ਤੇ ਓਕਨਆਗਨ ਵੈਲੀ ‘ਚੋਂ ਆਏ ਪੰਜਾਬੀ ਲੇਖਕਾਂ ਦੀ ਭਰਵੀਂ ਸ਼ਮੂਲੀਅਤ ਸੀ।

----

ਪਹਿਲੇ ਸੈਸ਼ਨ ਦੇ ਪਰਧਾਨਗੀ ਮੰਡਲ ਵਿਚ ਡਾਕਟਰ ਦਰਸ਼ਨ ਗਿੱਲ, ਹੈਰੀ ਬੈਂਸ ਅਤੇ ਪਾਲ ਢਿੱਲੋਂ ਸ਼ਾਮਲ ਹੋਏ. ਸਟੇਜ ਦੀ ਕਾਰਵਾਈ ਮੋਹਨ ਗਿੱਲ ਨੇ ਨਿਭਾਈ। ਸਭ ਤੋਂ ਪਹਿਲਾਂ ਮੋਹਨ ਗਿੱਲ ਨੇ ਓਕਨਆਗਨ ਪੰਜਾਬੀ ਸੱਥ ਦੇ ਕਨਵੀਨਰ ਛਿੰਦਾ ਢਿੱਲੋਂ ਨੂੰ ਸੱਦਾ ਦਿੱਤਾ ਕਿ ਉਹ ਦੂਰੋਂ ਨੇੜਿਉਂ ਆਏ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜੀਅ ਆਇਆਂ ਕਹਿਣ। ਛਿੰਦਾ ਢਿੱਲੋਂ ਦੇ ਹਾਸੇ ਤੇ ਮਜ਼ਾਹੀਆ ਲਹਿਜ਼ੇ ਵਿਚ 'ਜੀਅ ਆਇਆਂ' ਕਹਿਣ ਮਗਰੋਂ ਮੋਹਣ ਗਿੱਲ ਨੇ ਵਰਨਨ ਦੇ ਨਾਮਵਰ ਗ਼ਜ਼ਲਗੋ ਪਾਲ ਢਿੱਲੋਂ ਦੇ ਸਾਹਿਤਕ ਸਫ਼ਰ ਦੀ ਜਾਣਕਾਰੀ ਦੇ ਕੇ ਡਾਕਟਰ ਦਰਸ਼ਨ ਗਿੱਲ ਨੂੰ ‘ਖੰਨਿਓਂ ਤਿੱਖਾ ਸਫਰ’ ਉਪਰ ਪਰਚਾ ਪੜ੍ਹਨ ਲਈ ਬੇਨਤੀ ਕੀਤੀ।

-----

ਡਾ: ਗਿੱਲ ਨੇ ਪੁਸਤਕ ਉਪਰ ਗੱਲ ਕਰਦਿਆਂ ਕਿਹਾ ਕਿ ਪਾਲ ਢਿੱਲੋਂ ਨੇ ਗ਼ਜ਼ਲ ਜਿਹੀ ਔਖੀ, ਇਕੋ ਇਕ ਵਿਧਾ ਨੂੰ ਅਪਣਾਇਆ ਹੈ। ਹੋਰ ਕਲਾਵਾਂ ਵਾਂਗ ਸ਼ਾਇਰੀ ਵੀ ਇਕ ਕਲਾ ਹੈ ਤੇ ਕਲਾ ਸਾਧਨਾ ਮੰਗਦੀ ਹੈ। ਢਿੱਲੋਂ ਇਕ ਸਾਧਕ ਸ਼ਾਇਰ ਹੈ. ਡਾ: ਗਿੱਲ ਨੇ ਪੁਸਤਕ ਵਿਚੋਂ ਵੱਖ ਵੱਖ ਰੰਗਾਂ ਦੇ ਸ਼ਿਅਰ ਸੁਣਾ ਕੇ ਕਿਹਾ ਕਿ ਇਹੋ ਕਾਰਨ ਹੈ ਜੋ ਢਿੱਲੋਂ ਦੀ ਗ਼ਜ਼ਲ ਵਿਚ ਪਰਪੱਕਤਾ ਆਈ ਹੈ। ਢਿੱਲੋਂ ਕੁਦਰਤ ਤੇ ਲੋਕਤਾ ਦਾ ਯਥਾਰਥਵਾਦੀ ਸ਼ਾਇਰ ਹੈ। ਗੁਰਦਰਸ਼ਨ ਬਾਦਲ ਨੇ ਆਪਣੇ ਪਰਚੇ ਵਿਚ ਦੱਸਿਆ ਕਿ ਢਿੱਲੋਂ ਨੂੰ ਗ਼ਜ਼ਲ ਦੇ ਬਹਿਰਾਂ ਦੀ ਬਹੁਤ ਸੂਝ ਹੈ ਤੇ ਉਸ ਦਾ ਹਰਮਨ ਪਿਆਰਾ ਬਹਿਰ ‘ਹਜ਼ਜ’ ਹੈ। ਨਦੀਮ ਪਰਮਾਰ ਨੇ ਢਿੱਲੋਂ ਦੀ ਗ਼ਜ਼ਲ ਦੀ ਕਲਾ ਤੇ ਬਣਤਰ ਬਾਰੇ ਗੱਲ ਕਰਦਿਆਂ ਕਿਹਾ ਕਿ ਗ਼ਜ਼ਲਕਾਰ ਨਹੀਂ ਗ਼ਜ਼ਲਗੋ ਹੁੰਦਾ ਹੈ। ਗ਼ਜ਼ਲ ਲਿਖੀ ਨਹੀਂ ਜਾਂਦੀ ਗ਼ਜ਼ਲ ਕਹੀ ਜਾਂਦੀ ਹੈ। ਗ਼ਜ਼ਲ ਵਿਧਾ ਵਿਚ ਉਸਤਾਦਾਂ ਨੇ 65 ਗੁਣ ਤੇ 32 ਐਬ ਦੱਸੇ ਹਨ, ਇਸ ਲਈ ਗ਼ਜ਼ਲ ਲਿਖਦਿਆਂ ਬੰਦਸ਼ ਦੇ ਨਾਲ ਕਈ ਵਾਰ ਖੁੱਲ੍ਹ ਵੀ ਲੈ ਲਈ ਜਾਂਦੀ ਹੈ ਪਰ ਇਹ ਖੁੱਲ੍ਹਾਂ ਸਦੀਵੀ ਨਹੀਂ ਹੁੰਦੀਆਂ। ਜਰਨੈਲ ਸਿੰਘ ਸੇਖਾ ਨੇ ਢਿੱਲੋਂ ਦੀਆਂ ਪੁਸਤਕਾਂ ਦੇ ਨਾਵਾਂ ਰਾਹੀਂ ਢਿੱਲੋਂ ਦੀ ਸ਼ਾਇਰੀ ਦੇ ਸਫਰ ਦੀ ਗੱਲ ਕੀਤੀ ਅਤੇ ਵਾਕ ਲੈਣ ਵਾਂਗ ਪੁਸਤਕ ਖੋਲ੍ਹ ਕੇ ਇਕ ਗ਼ਜ਼ਲ ਪੜ੍ਹੀ ਤੇ ਦੱਸਿਆ ਕਿ ਪੁਸਤਕ ਵਿਚੋਂ ਕਿਤੋਂ ਵੀ ਕੋਈ ਗ਼ਜ਼ਲ ਪੜ੍ਹ ਲਈ ਜਾਵੇ, ਸਭ ਗ਼ਜ਼ਲਾਂ ਹੀ ਉੱਚ ਪਾਏ ਦੀਆਂ ਹਨ।

------

ਉਸ ਤੋਂ ਮਗਰੋਂ ਤਾੜੀਆਂ ਦੀ ਗੂੰਜ ਵਿਚ ਪਾਲ ਢਿੱਲੋਂ ਦੀ ਪੁਸਤਕ ‘ਖੰਨਿਓਂ ਤਿੱਖਾ ਸਫਰ’ ਨੂੰ ਸਰੋਤਿਆਂ ਦੇ ਸਨਮੁਖ ਕੀਤਾ ਗਿਆ. ਪੁਸਤਕ ਰਿਲੀਜ਼ ਕਰਨ ਮਗਰੋਂ ਹੈਰੀ ਬੈਂਸ ਐਮ.ਐਲ.ਏ. ਨੇ ਆਪਣੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਸਾਹਿਤਕਾਰ ਦੇਸ਼ ਦੀ ਤਰੱਕੀ ਵਿਚ ਬੜਾ ਵੱਡਾ ਯੋਗਦਾਨ ਪਾ ਰਹੇ ਹਨ। ਜੱਸ ਢਿੱਲੋਂ, ਸੁਪਤਨੀ ਪਾਲ ਢਿੱਲੋਂ, ਨੇ ਵੀ ਕੁਝ ਸ਼ਬਦ ਪਾਲ ਢਿੱਲੋਂ ਬਾਰੇ ਕਹੇ। ਇਸ ਸੈਸ਼ਨ ਦੇ ਅੰਤ ‘ਤੇ ਪਾਲ ਢਿੱਲੋਂ ਨੇ ਆਪਣੀ ਨਵੀਂ ਪੁਸਤਕ ਵਿਚੋਂ ਕੁਝ ਗ਼ਜਲ਼ਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

-----

ਚਾਹ ਪਾਣੀ ਪੀਣ ਮਗਰੋਂ ਦੂਜਾ ਸੈਸ਼ਨ ਕਵੀ ਦਰਬਾਰ ਦੇ ਰੂਪ ਵਿਚ ਆਰੰਭ ਹੋਇਆ, ਜਿਸ ਦੀ ਪ੍ਰਧਾਨਗੀ ਨਦੀਮ ਪਰਮਾਰ ਤੇ ਪਾਲ ਢਿੱਲੋਂ ਨੇ ਕੀਤੀ। ਇਸ ਵਾਰ ਵੀ ਸਟੇਜ ਦੀ ਕਾਰਵਾਈ ਮੋਹਣ ਗਿੱਲ ਨੇ ਨਿਭਾਈ। ਉਸ ਸੂਚਨਾ ਹਿਤ ਦੱਸਿਆ ਕਿ 28 ਸਤੰਬਰ ਨੂੰ ਸ਼ਾਮ 6:30 ਵਜੇ ਜਾਰਜ ਮੈਕੀਅ ਲਾਇਬ੍ਰੇਰੀ ਡੈਲਟਾ ਵਿਚ ਜਰਨੈਲ ਸਿੰਘ ਸੇਖਾ ਦਾ ਕਹਾਣੀ ਪਾਠ, ਹਰਭਜਨ ਮਾਂਗਟ ਤੇ ਜਤਿੰਦਰ ਦਾ ਕਵਿਤਾ ਪਾਠ ਹੋਵੇਗਾ। 9 ਅਕਤੂਬਰ ਨੂੰ ਬਿਲ ਪਰਫਾਰਮਿੰਗ ਸੈਂਟਰ ਸਰੀ ਵਿਚ 12।30 ਵਜੇ ਤਰਕਸੀਲ ਮੇਲਾ ਹੋਵੇਗਾ। ਮੋਹਣ ਗਿੱਲ ਦੀ ਖ਼ੂਬੀ ਇਹ ਸੀ ਕਿ ਉਹ ਹਰ ਬੁਲਾਰੇ ਦੇ ਸਟੇਜ ‘ਤੇ ਆਉਣ ਤੋਂ ਪਹਿਲਾਂ ਪਾਲ ਢਿੱਲੋਂ ਦੀ ਨਵੀਂ ਪੁਸਤਕ ਵਿਚੋਂ ਕੁਝ ਸ਼ਿਅਰ ਸਰੋਤਿਆਂ ਨੂੰ ਸੁਣਾ ਦਿੰਦਾ ਸੀ।

-----

ਪਹਿਲੀ ਕਵਿਤਾ ‘ਜ਼ਿੰਮੇਵਾਰੀ’ ਇੰਦਰਜੀਤ ਸਿੰਘ ਧਾਮੀ ਨੇ ਪੜ੍ਹੀ ਜਿਹੜੀ ਔਰਤ ਦੇ ਪਰਵਾਸ ਦੀ ਗੱਲ ਕਰਦੀ ਸੀ। ਓਕਨਆਗਨ ਵੈਲੀ ਦੇ ਸ਼ਹਿਰ ਕੈਸਲਗਾਰ ‘ਚੋਂ ਆਏ ਕਵੀ ਪਰਮਜੀਤ ਗਿੱਲ ਨੇ ‘ਅੱਗ’ ਦਾ ਗੀਤ ਗਾ ਕੇ ਸੁਣਾਇਆ ਇਹ ਗੀਤ ਵੀ ਔਰਤ ਦੇ ਪਰਵਾਸ ਦੀ ਤਰਜਮਾਨੀ ਕਰਦਾ ਸੀ। ਬਿੱਕਰ ਸਿੰਘ ਖੋਸਾ ਨੇ ਢਿੱਲੋਂ ਦੀ ਕਵਿਤਾ ‘ਇਕ ਖ਼ਤ ਲਿਖੀਂ’ ਦੀ ਗੱਲ ਕਰਕੇ ਇਕ ਗ਼ਜ਼ਲ ਸੁਣਾਈ ‘ਵੱਡੇ ਘਰਾਂ ਦੇ ਵੱਡੇ ਵਿਹੜੇ, ਦਿਲ ਦੇ ਵਿਹੜੇ ਤੰਗ ਘਰਾਂ ਵਿਚ।’

-----

ਪਰਮਿੰਦਰ ਸਵੈਚ ਦੀ ਕਵਿਤਾ ‘ਹਿੰਦਸੇ’ ਦਸਦੀ ਸੀ ਕਿ ਅਜੋਕਾ ਮਨੁੱਖ ਹਿੰਦਸਿਆਂ ਦੀ ਭੀੜ ਵਿਚ ਗੁੰਮ ਹੋ ਕੇ ਰਹਿ ਗਿਆ ਹੈ। ਫਿਰ ਦਰਸ਼ਨ ਸੰਘਾ ਨੇ ਆਪਣੀਆਂ ਵਿਅੰਗਾਤਮਿਕ ਬੋਲੀਆਂ ਸੁਣਾ ਕੇ ਸਰੋਤਿਆਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ. ਦਵਿੰਦਰ ਪੂਨੀਆ ਨੇ ਆਪਣੀ ਫਲਾਸਫਾਨਾ ਗ਼ਜ਼ਲ ਸੁਣਾਈ. ਸੁਰਜੀਤ ਮਾਧੋਪੁਰੀ ਨੇ ਆਪਣੀ ਬੁਲੰਦ ਅਵਾਜ਼ ਵਿਚ ਇਕ ਗੀਤ ਸੁਣਾ ਕੇ ਪਾਲ ਢਿੱਲੋਂ ਦੀ ਇਕ ਗ਼ਜ਼ਲ ਤਰੰਨੁਮ ਵਿਚ ਸੁਣਾਈ। ਅੰਗ੍ਰੇਜ਼ ਬਰਾੜ ਦੀਆਂ ਬੋਲੀਆਂ ਪੰਜਾਬੀਆਂ ਦੇ ਮਾਣ ਦੀ ਗੱਲ ਕਰਦੀਆਂ ਸਨ। ਪ੍ਰਿਤਪਾਲ ਸਿੰਘ ਗਿੱਲ ਨੇ ਕਵਿਤਾ ਸੁਣਾਉਣ ਥਾਂ ਪਾਲ ਢਿੱਲੋਂ ਦੀ ਸ਼ਾਇਰੀ ਵਿਚ ਕੁਝ ਬੋਲ ਬੋਲੇ. ਨਾਲ ਹੀ ਉਸ ਨੇ 26 ਸਤੰਬਰ ਦੀ ਸ਼ਾਮ ਨੂੰ ਬੰਬੇ ਬੈਂਕੁਇਟ ਹਾਲ ਵਿਚ ਰੋਪੜ ਨਿਵਾਸੀਆਂ ਦੇ ਸਮਾਗਮ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

-----

ਦਲਜੀਤ ਕਲਿਆਣਪੁਰੀ ਦੀਆਂ ਰੁਬਾਈਆਂ ਵਿਚ ਉਸ ਦੇ ਬੋਲਾਂ ਜਿਹੀ ਹੀ ਖਣਕ ਸੀ। ਚਰਨ ਸਿੰਘ ਵਿਰਦੀ ਨੇ ਪਾਲ ਢਿੱਲੋਂ ਦੀ ਗ਼ਜ਼ਲ ਵਿਚ ਸੰਜਮ, ਸਤੁੰਲਨ ਤੇ ਸੰਤੋਖ ਦੀ ਗੱਲ ਕਰਨ ਮਗਰੋਂ ਆਪਣੀ ਨਜ਼ਮ ‘ਤੇਰੇ ਰੰਗ ਵਰਗਾ’ ਸੁਣਾ ਕੇ ਰੰਗ ਬੰਨ੍ਹਿਆ। ਭੂਪਿੰਦਰ ਮੱਲ੍ਹੀ ਨੇ ਦੱਸਿਆ ਕਿ ਪਾਲ ਢਿੱਲੋਂ ਦੀ ਗ਼ਜ਼ਲ ਵਿਸ਼ੇ ਤੇ ਖ਼ਿਆਲ ਪੱਖੋਂ ਪਰਪੱਕ ਹੈ। ਉਹਨਾਂ 26 ਸਤੰਬਰ ਨੂੰ ਬੰਬੇ ਬੈਂਕੁਇਟ ਹਾਲ ਸਰੀ ਵਿਚ 12 ਵਜੇ ਦੁਪਹਿਰ ਪ੍ਰੋ: ਪ੍ਰੀਤਮ ਸਿੰਘ ਯਾਦ ਵਿਚ ਹੋ ਰਹੇ ਸਮਾਗਮ ਆਉਣ ਦਾ ਖੁੱਲ੍ਹਾ ਸੱਦਾ ਦਿੱਤਾ।

-----

ਗਿੱਲ ਮੋਰਾਂਵਾਲੀ ਨੇ ਆਪਣੀ ਛੋਟੇ ਬਹਿਰ ਦੀ ਇਕ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ। ਤਨਦੀਪ ਤਮੰਨਾ ਨੇ ਪਾਲ ਢਿੱਲੋਂ ਦੀ ਇਕ ਗ਼ਜ਼ਲ ‘ਸ਼ੁਆ ਜੇਕਰ ਹਨੇਰਾ ਚੀਰਦੀ ਹੋਈ ਗੁਜ਼ਰ ਜਾਂਦੀ, ਜ਼ਰਾ ਭਰ ਖ਼ੌਫ਼ ਦੀ ਚਾਦਰ ਦਿਲਾਂ ਉੱਤੋਂ ਉਤਰ ਜਾਂਦੀ’ ਸੁਣਾਈ।

-----

ਸੈਸ਼ਨ ਦੇ ਅਖੀਰ ਵਿਚ ਨਦੀਮ ਪਰਮਾਰ ਨੇ ਪ੍ਰਧਾਨਗੀ ਭਾਸ਼ਨ ਦੀ ਥਾਂ ਆਪਣੀ ਇਕ ਛੋਟੇ ਬਹਿਰ ਦੀ ਨਵੀਂ ਗ਼ਜ਼ਲ, ‘ਜਾਣ ਬੇਜਾਨ ਅਈਨਾ ਮੈਨੂੰ, ਦੇ ਗਿਆ ਮੋਨ ਦੀ ਸਜ਼ਾ ਮੈਨੂੰ, ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਮੋਹਨ ਗਿੱਲ ਨੇ ਓਕਨਆਗਨ ਪੰਜਾਬੀ ਸੱਥ ਵੱਲੋਂ ‘ਇਹ ਸਮਾਗਮ’ ਸਰੀ ਵਿਚ ਕਰਨ ਲਈ ਉਹਨਾ ਦਾ ਧੰਨਵਾਦ ਕੀਤਾ। ਛਿੰਦਾ ਢਿੱਲੋਂ ਦੇ ਸਮਾਗਮ ਵਿਚ ਆਏ ਸੱਜਣਾਂ ਦਾ ਧੰਨਵਾਦ ਕਰਨ ਨਾਲ ਸਭਾ ਦੀ ਸਮਾਪਤੀ ਹੋ ਗਈ। ਇਹ ਸਮਾਰੋਹ ਅਭੁੱਲ ਯਾਦਾਂ ਛੱਡ ਗਿਆ।


Wednesday, September 15, 2010

ਸੰਤੋਖ ਧਾਲੀਵਾਲ ਦੇ ਕਹਾਣੀ-ਸੰਗ੍ਰਹਿ: ‘...ਤੇ ਕਾਨੂ ਮਰ ਗਿਆ ’ ‘ਤੇ ਗੋਸ਼ਟੀ ਅਤੇ ਕਵੀ ਦਰਬਾਰ - ਰਿਪੋਰਟ


ਪੰਜਾਬੀ ਅਕੈਡਮੀ ਨੌਟਿੰਘਮ, ਯੂ.ਕੇ. - 22 ਅਗਸਤ ਦਿਨ ਐਤਵਾਰ, ਪਿਛਲੇ ਸਾਲਾਂ ਦੀ ਤਰ੍ਹਾਂ ਇਸ ਵਰ੍ਹੇ ਵੀ ਇੰਡੀਅਨ ਸੈਂਟਰ ਨੌਟਿੰਘਮ ਤੇ ਏਸ਼ੀਅਨ ਆਰਟਸ ਕੌਂਸਲ ਦੇ ਸਹਿਯੋਗ ਨਾਲ ਪੰਜਾਬੀ ਅਕੈਡਮੀ ਨੌਟਿੰਘਮ ਵਲੋਂ ਸੰਤੋਖ ਧਾਲੀਵਾਲ ਦੀ ਕਹਾਣੀਆਂ ਦੀ ਕਿਤਾਬ ‘... ਤੇ ਕਾਨੂ ਮਰ ਗਿਆ’ ਤੇ ਗੋਸ਼ਟੀ ਤੇ ਕਵੀ ਦਰਬਾਰ ਅਯੋਜਤ ਕੀਤਾ ਗਿਆ।ਇਸ ਸਾਲ ਪ੍ਰੋਗਰਾਮ ਮਹਾਨ ਸ਼ਹੀਦਾਂ, ਊਧਮ ਸਿੰਘ ਤੇ ਮਦਨ ਲਾਲ ਢੀਂਗਰਾ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਵੀ ਮਨਾਇਆ ਗਿਆ।

-----

ਪਹਿਲੇ ਸੈਸ਼ਨ ਦੇ ਪ੍ਰਧਾਨਗੀ ਮੰਡਲ ‘ਚ ਚੈਂਚਲ ਸਿੰਘ ਬਾਬਕ, ਕਸ਼ਮੀਰਾ ਸਿੰਘ, ਸਾਥੀ ਲੁਧਿਆਣਵੀ, ਮੋਤਾ ਸਿੰਘ ਸਰਾਏ, ਹਰਪਾਲ ਬਰਾੜ, ਡਾ. ਰਤਨ ਰੀਹਲ, ਤੇ ਡਾ. ਕਰਨੈਲ ਸ਼ੁਸ਼ੋਭਿਤ ਸਨ।ਸੰਤੋਖ ਧਾਲੀਵਾਲ ਦੀ ਨਵੀਂ ਕਹਾਣੀਆਂ ਦੀ ਕਿਤਾਬ, ...ਤੇ ਕਾਨੂੰ ਮਰ ਗਿਆ ਤੇ ਡਾ. ਰਤਨ ਰੀਹਲ ਨੇ ਪਰਚਾ ਪੜ੍ਹਿਆ ਜਿਸ ਤੇ ਵਿਦਵਾਨਾਂ ਵਲੋਂ ਭਰਵੀਂ ਬਹਿਸ ਹੋਈ।ਬਹਿਸ ‘ਚ ਡਾ. ਦਵਿੰਦਰ ਕੌਰ, ਦਲਬੀਰ ਕੌਰ, ਪੰਜਾਬੋਂ ਆਏ ਡਾ. ਜਾਰਜ ਸਿੰਘ, ਵਰਿੰਦਰ ਪਰਿਹਾਰ, ਮਨਮੋਹਨ ਸਿੰਘ, ਇੰਦਰਜੀਤ ਸਿੰਘ ਜੀਤ ਤੇ ਹੋਰ ਕਈ ਵਿਦਵਾਨਾਂ ਨੇ ਹਿੱਸਾ ਲਿਆ।ਪਰਚੇ ਵਿਚ ਕੀਤੇ ਵਿਸਥਾਰ ਤੇ ਕਈ ਸਵਾਲ ਉਠਾਏ ਗਏ ਜਿਨ੍ਹਾਂ ਦਾ ਡਾ. ਰਤਨ ਰੀਹਲ ਨੇ ਜਵਾਬ ਦਿੱਤਾ।

-----

ਪਰਚੇ ਤੋਂ ਮਗਰੋਂ ਹਰਪਾਲ ਬਰਾੜ ਨੇ ਸ਼ਹੀਦਾਂ ਦੀਆਂ ਕ਼ੁਰਬਾਨੀਆਂ ਤੇ ਉਸ ਵੇਲੇ ਦੇ ਭਾਰਤ ਦੀ ਸਿਆਸਤ ‘ਤੇ ਵਿਸਥਾਰ ਵਿਚ ਚਾਨਣਾ ਪਾਇਆ ਤੇ ਕਾਂਗਰਸ ਦੀਆਂ ਦੋਗਲੀਆਂ ਨੀਤੀਆਂ ਨੂੰ ਚੰਗੀ ਤਰ੍ਹਾਂ ਜਗ-ਜ਼ਾਹਿਰ ਕੀਤਾ।ਇਸ ਤੋਂ ਬਾਅਦ, ‘...ਤੇ ਕਾਨੂੰ ਮਰ ਗਿਆ’ ਤੇ ਸੰਤੋਖ ਧਾਲੀਵਾਲ ਦੀ ਵਲੈਤੀ ਕਥਾਕਾਰਾਂ ਦੀਆਂ 21 ਕਹਾਣੀਆਂ ਦਾ ਐਡਿਟ ਕੀਤਾ ਸੰਗ੍ਰਹਿ ‘ਕਥਾ ਸਮੁੰਦਰੋਂ ਪਾਰ ਦੀ’ ਤੇ ਦਵਿੰਦਰ ਕੌਰ ਦੀ ਨਵੀ ਸੀ. ਡੀ ‘ਦੀਵਾ ਬਾਲ਼ ਕੇ ਰੱਖੀਂ’ ਨੂੰ ਰਿਲੀਜ਼ ਕੀਤਾ ਗਿਆ ।ਸਾਥੀ ਲੁਧਿਆਣਵੀ ਨੇ ਪਹਿਲੇ ਸੈਸ਼ਨ ਨੂੰ ਪੂਰੇ ਵਿਸਥਾਰ ‘ਚ ਸਮੇਟਿਆ। ਕਥਾ ਸਮੁੰਦਰੋਂ ਪਾਰ ਦੀ, ਬਾਰੇ ਮੋਤਾ ਸਿੰਘ ਸਰਾਏ, ਸੰਚਾਲਕ ਯੂਰਪੀਅਨ ਪੰਜਾਬੀ ਸੱਥ ਨੇ ਇਨ੍ਹਾਂ 21 ਕਹਾਣੀਆਂ ਦੇ ਸੰਗ੍ਰਹਿ ਦੀ ਛਪਾਈ ਤੇ ਕਹਾਣੀਆਂ ਦੀ ਇਹੋ ਜਹੀ ਇੰਗਲੈਂਡ ‘ਚ ਪਹਿਲੀ ਕਿਤਾਬ ਦੀ ਮਹੱਤਤਾ ਦਾ ਜ਼ਿਕਰ ਕੀਤਾ ਜਿਸ ‘ਚ ਸਿਰਫ਼ ਸਥਾਪਤ ਕਹਾਣੀਕਾਰ ਹੀ ਦਰਜ ਨਹੀਂ ਕੀਤੇ ਗਏ ਸਗੋਂ ਵਲੈਤ ‘ਚ ਲਿਖੀ ਜਾ ਰਹੀ ਕਹਾਣੀ ਨੂੰ ਪੂਰੀ ਤਰ੍ਹਾਂ ਹਾਈਲਾਈਟ ਕੀਤਾ ਗਿਆ ਹੈ। ਕਥਾ ਸਮੁੰਦਰੋਂ ਪਾਰ ਦੀ ਕਹਾਣੀ ਸੰਗ੍ਰਹਿ ਇੱਕ ਦਸਤਾਵੇਜ਼ ਬਣ ਗਿਆ ਹੈ।

-----

ਰੈਡ ਹੌਟ ਰੈਸਟੋਰੈਂਟ ਤੋਂ ਆਏ ਪਕੌੜੇ, ਸਮੋਸੇ ਤੇ ਬੇਸਣ, ਤੇ ਚਾਹ ਤੇ ਕੌਫੀ ਦੇ ਘੁੱਟਾਂ ਨਾਲ ਛੋਟੀ ਜਿਹੀ ਬਰੇਕ ਮਗਰੋਂ ਕਵੀ ਦਰਬਾਰ ਦੀ ਸ਼ਰੂਆਤ ਡਾ. ਦਵਿੰਦਰ ਕੌਰ ਨੇ ਹੀਰ ਗਾ ਕੇ ਕੀਤੀ । ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੋਂ ਆਏ ਡਾ. ਅੰਬਰੀਸ਼, ਉਨ੍ਹਾਂ ਦੀ ਪਤਨੀ ਪਰਮਜੀਤ, ਭੁਪਿੰਦਰਪ੍ਰੀਤ, ਬਿਪਨਪ੍ਰੀਤ, ਡਾ. ਦਵਿੰਦਰ ਕੌਰ, ਦਲਬੀਰ ਕੌਰ, ਕੁਲਵੰਤ ਢਿੱਲੋਂ, ਵਰਿੰਦਰ ਪਰਿਹਾਰ ਤੇ ਦਰਸ਼ਨ ਬੁਲੰਦਵੀ ਨੇ ਕੀਤੀ।ਸਰੋਤਿਆਂ ‘ਚ ਐਕਸੀਡੈਂਟ ਤੋਂ ਬਾਅਦ ਸਿਹਤ ਬਹੁਤੀ ਠੀਕ ਨਾ ਹੋਣ ਦੇ ਬਾਵਜੂਦ ਵੀ ਹਰਬਖ਼ਸ਼ ਮਕਸੂਦਪੁਰੀ ਤੇ ਹੋਰ ਬਹੁਤ ਸਾਰੀਆਂ ਉੱਚ ਦੁਮਾਲੜੀਆਂ ਸ਼ਖ਼ਸੀਅਤਾਂ ਨੇ ਹਾਜ਼ਰੀ ਲੁਆਈ।

-----

ਕਵੀ ਦਰਬਾਰ ‘ਚ ਡਾ. ਦਵਿੰਦਰ ਕੌਰ, ਡਾ.ਅੰਬਰੀਸ਼, ਪਰਮਜੀਤ, ਭੁਪਿੰਦਰਪ੍ਰੀਤ, ਬਿਪਨਪ੍ਰੀਤ, ਵਰਿੰਦਰ ਪਰਿਹਾਰ, ਦਰਸ਼ਨ ਬੁਲੰਦਵੀ, ਜਸਵਿੰਦਰ ਮਾਨ, ਕੁਲਵੰਤ ਢਿੱਲੋਂ, ਰਾਜਿੰਦਰਜੀਤ, ਸਾਥੀ ਲੁਧਿਆਣਵੀ, ਡਾ. ਰਤਨ ਰੀਹਲ, ਇੰਦਰਜੀਤ ਜੀਤ, ਕਿਰਪਾਲ ਪੂਨੀ, ਡਾ. ਕਰਨੈਲ, ਕੁਲਦੀਪ ਬਾਂਸਲ, ਹਰਵਿੰਦਰ ਬਣਵੈਤ, ਮੁਹਿੰਦਰ ਸਿੰਘ ਦਿਲਬਰ, ਹਰਜਿੰਦਰ ਸੰਧੂ ਤੇ ਦਲਜੀਤ ਕੌਰ ਨਿੱਝਰ ਨੇ ਆਪਣੀਆਂ ਨਵੀਆਂ ਕਵਿਤਾਵਾਂ ਨਾਲ ਹਾਜ਼ਰੀ ਲੁਆਈ।ਖਚਾ-ਖਚ ਭਰੇ ਹਾਲ ‘ਚ ਪੰਜਾਬੋਂ ਆਈਆਂ ਸ਼ਾਇਰ ਜੋੜੀਆਂ ਨੂੰ ਸਨਮਾਨਿਤ ਕੀਤਾ ਗਿਆ।ਅੰਤ ‘ਚ ਕਸ਼ਮੀਰਾ ਸਿੰਘ ਨੇ ਆਏ ਮਹਿਮਾਨਾਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।

------

30 ਲੱਖ ਪੌਂਡਾਂ ਦੀ ਲਾਗਤ ਨਾਲ ਖ਼ਰੀਦੇ ਤੇ ਸ਼ਿੰਗਾਰੇ ਇੰਡੀਅਨ ਸੈਂਟਰ ਦੇ ਖ਼ੂਬਸੂਰਤ ਹਾਲ ‘ਚ 200 ਤੋਂ ਉੱਪਰ ਕਵੀਆਂ ਤੇ ਸਰੋਤਿਆਂ ਨੇ ਮਿਲਕੇ ਖਾਣਾ ਖਾਧਾ ਤੇ ਰੁਖ਼ਸਤੀ ਲਈ। ਇੱਕ ਵਾਰ ਫੇਰ ਇਸ ਵਰ੍ਹੇ ਵੀ ਨੌਟਿੰਘਮ ਦਾ ਪ੍ਰੋਗਰਾਮ ਇੱਕ ਮਿਸਾਲ ਬਣਿਆ।ਸੰਤੋਖ ਧਾਲੀਵਾਲ ਨੇ ਦੋਨਾਂ ਸੈਸ਼ਨਾਂ ਦੀ ਸਟੇਜ ਸੰਭਾਲੀ ਤੇ ਹਾਜ਼ਿਰ ਕਵੀਆਂ, ਸਰੋਤਿਆਂ, ਇੰਡੀਅਨ ਸੈਂਟਰ ਦੇ ਬੋਰਡ ਤੇ ਕਰਮਚਾਰੀ, ਏਸ਼ੀਅਨ ਆਰਟਸ ਕੌਂਸਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਨੌਟਿੰਘਮ ਦੀ ਪੰਜਾਬੀ ਵਸੋਂ ਵੱਲੋਂ ਭਰਵੇਂ ਹੁੰਘਾਰੇ ਨੇ ਪ੍ਰਬੰਧਕਾਂ ਦਾ ਹੌਸਲਾ ਹੋਰ ਵੀ ਬੁਲੰਦ ਕੀਤਾ।






'ਪੁੰਗਰਦੇ ਹਰਫ਼’ ਅਤੇ P.A.U. ਸਾਹਿਤ ਸਭਾ ਵੱਲੋਂ ਕਵੀ-ਦਰਬਾਰ ਦਾ ਆਯੋਜਨ - ਰਿਪੋਰਟ


ਰਿਪੋਰਟ: ਰੇਨੂ ਨਈਅਰ: 'ਪੁੰਗਰਦੇ ਹਰਫ਼ ਸਮਾਜਿਕ-ਸਭਿਆਚਾਰਕ ਸੋਸਾਇਟੀ (ਰਜਿ.) ਅਤੇ P.A.U. ਸਾਹਿਤ ਸਭਾ ਦੇ ਸਾਂਝੇ ਸਹਿਯੋਗ ਨਾਲ 4 ਸਿਤੰਬਰ 2010 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਪੁੰਗਰਦੇ ਹਰਫ਼ ਸੋਸਾਇਟੀ, ਜੋ ਨਵੇਂ ਕਵੀਆਂ ਦੇ ਦੋ ਕਾਵਿ - ਸੰਗ੍ਰਿਹ ਸਾਹਿਤ ਜਗਤ ਨੂੰ ਦੇ ਚੁੱਕੀ ਹੈ ਅਤੇ ਤੀਜੇ ਕਾਵਿ-ਸੰਗ੍ਰਿਹ ਤੇ ਕੰਮ ਕਰ ਰਹੀ ਹੈ, ਵੱਲੋਂ ਇਹ ਖਾਸ ਉਪਰਾਲਾ ਨਵੇਂ ਕਵੀਆਂ ਨੂੰ ਸਾਂਝਾ ਮੰਚ ਦੇਣ ਲਈ ਕੀਤਾ ਗਿਆ । P.A.U. ਸਾਹਿਤ ਸਭਾ ਵੱਲੋਂ ਜਿਥੇ ਗੁਲਜ਼ਾਰ ਪੰਧੇਰ ਜੀ ਨੇ ਖ਼ਾਸ ਸ਼ਿਰਕਤ ਕੀਤੀ ਉਥੇ ਹੀ ਉਹਨਾਂ ਨੇ ਇਹਨਾਂ ਨਵੇਂ ਕਵੀਆਂ ਨੂੰ ਲਿਖਣ ਦੀ ਸੇਧ ਦਿੰਦੇ ਹੋਏ ਸਮਾਜਿਕ ਮੁੱਦਿਆਂ ਤੇ ਵੀ ਲਿਖਣ ਲਈ ਪ੍ਰੇਰਿਤ ਕੀਤਾ।

-----

ਇਹ ਕਵੀ ਦਰਬਾਰ ਖ਼ਾਸ ਕਰ ਕੇ ਉਹਨਾਂ ਪੰਜਾਬੀ ਲਿਖਾਰੀਆਂ ਲਈ ਕਰਵਾਇਆ ਗਿਆ ਜੋ ਦੇਸ਼ ਤੋਂ ਬਾਹਰ ਰਹਿ ਕੇ ਵੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ। ਸੁਖਦਰਸ਼ਨ ਧਾਲੀਵਾਲ (Kansaf City, USA) ਅਤੇ ਰਮਨ ਸੰਧੂ (Qatar) ਦੇ ਨਾਮ ਇਸੇ ਲੜੀ ਵਿਚ ਸ਼ਾਮਿਲ ਹਨ। ਇਹਨਾਂ ਨੇ ਮਾਂ-ਬੋਲੀ ਪ੍ਰਤੀ ਆਪਣੇ ਪਿਆਰ ਬਾਰੇ, ਆਪਣੀ ਕਲਮ ਦੇ ਸਫ਼ਰ ਬਾਰੇ ਦੱਸਦਿਆਂ ਹੋਇਆਂ ਆਪਣੀਆਂ ਗ਼ਜ਼ਲਾਂ ਵੀ ਸਾਂਝੀਆਂ ਕੀਤੀਆਂ।

-----

ਜਸਵਿੰਦਰ ਮਹਿਰਮ, ਜਤਿੰਦਰ ਸੰਧੂ, ਸ਼ੈਲੀ ਅਰੋੜਾ, ਖ਼ੁਸ਼ਹਾਲ ਸਿੰਘ, ਨਿਵੇਦਿਤਾ ਸ਼ਰਮਾ, ਨਵਕਿਰਣ ਜੋਤ, ਜਗਜੀਤ ਹਾਂਸ, ਇੰਦਰਜੀਤ ਕੌਰ, ਰੇਨੂੰ ਨਈਅਰ, ਗੁਰਪ੍ਰੀਤ ਮਾਨ ਹੋਰਾਂ ਨੇ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ । ਇਸ ਮੌਕੇ ਹਰਪ੍ਰੀਤ ਸਿੰਘ ਮੋਗਾ ਦੀ ਗ਼ਜ਼ਲਾਂ ਦੀ ਤੀਜੀ ਸੀ.ਡੀ "ਇਜ਼ਹਾਰ" ਵੀ ਰਿਲੀਜ਼ ਕੀਤੀ ਗਈ। ਇਸੇ ਸੀ.ਡੀ. ਵਿੱਚੋਂ ਉਹਨਾਂ ਨੇ ੩ ਗ਼ਜ਼ਲਾਂ ਆਪ ਗਾ ਕੇ ਸੁਨੀਆਂ ਜਿਹਨਾਂ ਦਾ ਸਰੋਤਿਆਂ ਨੇ ਖ਼ੂਬ ਆਨੰਦ ਮਾਣਿਆ।

-----

ਸਭਾ ਦੇ ਅੰਤ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਹਰ ਕਵੀ ਨੂੰ ਸਨਮਾਨ-ਚਿੰਨ੍ਹ ਅਤੇ ਪ੍ਰਮਾਣ-ਪੱਤਰ ਦਿੱਤੇ ਗਏ ਅਤੇ ਕਵਿਤਾ ਦੇ ਖੇਤਰ ਵਿਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਸੋਸਾਇਟੀ ਦੇ ਪ੍ਰਧਾਨ ਵੱਲੋਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।



Tuesday, September 14, 2010

ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨਾਲ਼ ਇਕ ਮਿਲਣੀ - ਰਿਪੋਰਟ

ਪੰਜਾਬੀ ਸੱਥ: ਵਾਲਸਾਲ: ਇੰਗਲੈਂਡ ਦੇ ਮਿਡਲੈਂਡਜ਼ ਇਲਾਕੇ ਦੇ ਅਤਿ ਪ੍ਰਾਚੀਨ ਤੇ ਰਮਣੀਕ ਸ਼ਹਿਰ ਵਾਲਸਾਲ ਦੀ ਸੰਘਣੇ ਰੁੱਖਾਂ ਦੀਆਂ ਝੰਗੀਆਂ ਵਾਲੀ ਹਰੀ ਭਰੀ ਸੜਕ ਕੁਈਨਜ਼ ਰੋਡ ਦੇ 11 ਨੰਬਰ ਦੇ ਘਰ ਵਿਚ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਦੀ ਆਮਦ ਨਾਲ ਸਮੁੱਚੀ ਕੁਦਰਤ ਹੀ ਮਹਿਕ ਉੱਠੀ।ਯੂਰਪੀ ਪੰਜਾਬੀ ਸੱਥ ਦੇ ਕਰਤਾ ਧਰਤਾ ਸ. ਮੋਤਾ ਸਿੰਘ ਸਰਾਏ, ਬੀਬੀ ਰਸ਼ਪਿੰਦਰ ਕੌਰ ਸਰਾਏ, ਅਤੇ ਉਹਨਾਂ ਦੀਆਂ ਪਿਆਰੀਆਂ ਧੀਆਂ ਕੁਲਜੀਤ ਕੌਰ ਸਰਾਏ ਅਤੇ ਰਣਦੀਪ ਕੌਰ ਸਰਾਏ ਤੇ ਸੁਘੜ ਸਿਆਣੀ ਭੈਣ ਸੁਖਵਿੰਦਰ ਕੌਰ ਬੋਪਾਰਾਏ ਹੋਰਾਂ ਦੇ ਨਿੱਘੇ ਸੱਦੇ ‘ਤੇ ਨਵੇਂ ਘਰ ਰੂਪੀ ਦਰਖ਼ਤਾਂ ਨਾਲ ਘਿਰੇ ਆਲ੍ਹਣੇ ਵਿਚ ਏਸ ਪਰਿਵਾਰ ਵਲੋਂ ਮਿਤੀ 7.9.2010 ਦਿਨ ਮੰਗਲਵਾਰ ਨੂੰ ਆਪਣੇ ਭਾਈਚਾਰੇ ਦੇ ਵੀਹ ਪੱਚੀ ਭੈਣ ਭਰਾਵਾਂ ਨਾਲ ਸੰਤਾਂ ਦਾ ਧੰਨਵਾਦ ਕਰਨ ਅਤੇ ਉਹਨਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਮਿਲਣੀ ਦਾ ਪ੍ਰਬੰਧ ਕੀਤਾ ਗਿਆ।

-----

ਬਾਬਾ ਜੀ ਨੂੰ ਇਸ ਵਿਸ਼ਾਲ ਵਲਾਇਤੀ ਘਰ ਵਿਚ ਜਦੋਂ ਢੇਰਾਂ ਦੇ ਢੇਰ ਪੰਜਾਬੀ ਪੁਸਤਕਾਂ ਅਤੇ ਹਰੇ ਕਚੂਰ ਘਾਹ ਦੇ ਦਰਸ਼ਨ ਹੋਏ ਤਾਂ ਉਹ ਗਦ ਗਦ ਹੋ ਉੱਠੇ।ਘਰ ਦਾ ਗੇੜਾ ਕੱਢਦਿਆਂ ਮੋਤਾ ਸਿੰਘ ਹੋਰਾਂ ਬਾਬਾ ਜੀ ਨੂੰ ਦੱਸਿਆ ਕਿ ਭਾਵੇਂ ਇਹ ਜਾਇਦਾਦ ਉਹਨਾਂ ਦੀ ਨਿੱਜੀ ਹੈ ਪਰ ਭਵਿੱਖ ਵਿਚ ਇਸ ਦੀ ਵਰਤੋਂ ਆਪਣੀ ਬੋਲੀ, ਸਭਿਆਚਾਰ, ਵਿਰਾਸਤ ਤੇ ਵਾਤਾਵਰਣ ਨੂੰ ਜਾਨਣ, ਸਮਝਣ ਤੇ ਅੱਗੇ ਵਧਾਉਣ ਲਈ ਸਾਰਿਆਂ ਦੇ ਸਹਿਯੋਗ ਨਾਲ ਕੀਤੀ ਜਾਵੇਗੀ।ਯੂਰਪੀ ਪੰਜਾਬੀ ਸੱਥ ਲਈ ਇਹ ਅਸਥਾਨ ਮੁੱਖ ਦਫ਼ਤਰ, ਮਿਲਣੀਆਂ ਦਾ ਕੇਂਦਰ, ਲਾਇਬ੍ਰੇਰੀ, ਅਜਾਇਬ ਘਰ, ਪੁਸਤਕ ਭੰਡਾਰ ਅਤੇ ਸਰਬੱਤ ਦੇ ਭਲੇ ਲਈ ਕੀਤੇ ਜਾਣ ਵਾਲੇ ਕਾਰਜਾਂ ਦਾ ਕੇਂਦਰ ਹੋਵੇਗਾ।

-----

ਇਸ ਅਤਿਅੰਤ ਅਹਿਮ ਅਤੇ ਗੰਭੀਰ ਮਿਲਣੀ ਵਿਚ ਜਿੰਨੇ ਵੀ ਭੈਣ ਭਰਾ ਸ਼ਾਮਿਲ ਹੋਏ ਉਹ ਆਪਣੇ ਆਪ ਵਿਚ ਹੀ ਮਨੁੱਖ ਨਹੀਂ ਸੰਸਥਾਵਾਂ ਸਨ।ਸਭ ਤੋਂ ਪਹਿਲਾਂ ਪੁੱਜੇ ਬਜ਼ੁਰਗ਼ਵਾਰ, ਪੰਜਾਬੀਆਂ ਦੀ ਹਰ ਮਹਿਫ਼ਲ ਵਿਚ ਹਾਸਿਆਂ ਦੇ ਖੁੱਲ੍ਹੇ ਗੱਫੇ ਵੰਡਣ ਤੇ ਪਿੱਛੋਂ ਗੰਭੀਰ ਸੋਚਾਂ ਵਿਚ ਪਾਉਣ ਵਾਲੇ ਸ. ਤੇਜਾ ਸਿੰਘ ਤੇਜ ਕੋਟਲੇ ਵਾਲਾ ਜੀ ਸਨ।ਯੂਰਪੀ ਪੰਜਾਬੀ ਸੱਥ ਦੇ ਬਹੁਤ ਹੀ ਮਜ਼ਬੂਤ ਥੰਮ੍ਹ ਅਤੇ ਸੂਝਵਾਨ ਚਿੰਤਕ ਤੇ ਕਵੀ ਹਰਜਿੰਦਰ ਸਿੰਘ ਸੰਧੂ, ਧਰਮ ਪਤਨੀ ਬੀਬੀ ਦਲਬੀਰ ਕੌਰ ਅਤੇ ਉਹਨਾਂ ਦਾ ਬੇਟਾ ਅਤੇ ਸੰਧੂ ਹੋਰਾਂ ਦੇ ਵੱਡੇ ਭਰਾਤਾ ਸ.ਇੰਦਰਜੀਤ ਸਿੰਘ ਸੰਧੂ,ਜੋ ਕਿ ਅੱਜ ਕਲ ਪੰਜਾਬ ਤੋਂ ਇੱਥੇ ਆਏ ਹੋਏ ਹਨ, ਪਰਿਵਾਰ ਸਮੇਤ ਹਾਜ਼ਿਰ ਹੋਏ।ਸੰਧੂ ਹੋਰੀਂ ਦੁਆਬੇ ਦੀ ਧਰਤੀ ਦੀ ਸਿਰਮੌਰ ਸੰਸਥਾ ‘ ਮੰਜਕੀ ਪੰਜਾਬੀ ਸੱਥ ਭੰਗਾਲਾ’ ਦੀ ਸੱਜੀ ਬਾਂਹ ਹਨ।ਯੂਰਪੀ ਸੱਥ ਦੇ ਮੋਢੀਆਂ ‘ਚੋਂ, ਵਰ੍ਹਿਆਂ ਤੋਂ ਯੂ.ਕੇ. ਦੀ ਧਰਤੀ ‘ਤੇ ਵਸਦੇ ਅਤੇ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਸੰਘਰਸ਼ਸ਼ੀਲ ਕਵੀ ਤੇ ਸਟੇਜ ਦੇ ਧਨੀ ਸ. ਨਿਰਮਲ ਸਿੰਘ ਕੰਧਾਲਵੀ ਵੀ ਇਸ ਮਿਲਣੀ ਦੀ ਅਹਿਮ ਹਸਤੀ ਸਨ।ਪੰਜਾਬਣ ਮਾਂ ਦੀ ਸੁੱਖਾਂ ਲੱਧੀ ਧੀ ਡਾਕਟਰ ਦਵਿੰਦਰ ਕੌਰ ਜੋ ਕਿ ਇਕ ਗੰਭੀਰ ਕਵਿੱਤਰੀ, ਗਾਇਕਾ ਹੋਣ ਤੋਂ ਇਲਾਵਾ ਸਾਹਿਤਿਕ ਆਲੋਚਨਾ ਦੇ ਖੇਤਰ ਵਿਚ ਵੀ ਇਕ ਪ੍ਰਮੁੱਖ ਨਾਮ ਹੈ, ਹੋਰੀਂ ਵੀ ਇਸ ਸਮੇਂ ਹਾਜ਼ਰ ਸਨ।ਇੰਜ ਹੀ ਗੁਰਮਤਿ ਚਿੰਤਨ. ਮੀਡੀਆ ਪੱਤਰਕਾਰੀ ਅਤੇ ਸਮਾਜਿਕ ਪਰਿਵਰਤਨ ਲਈ ਸਦਾ ਹੀ ਯਤਨਸ਼ੀਲ ਪੰਜਾਬੀਆਂ ਦੀ ਮਾਣਮੱਤੀ ਹਸਤੀ ਸ. ਕੁਲਵੰਤ ਸਿੰਘ ਢੇਸੀ ਹੋਰਾਂ ਦੀ ਮੌਜੂਦਗੀ ਇਸ ਮਿਲਣੀ ਦਾ ਖ਼ਾਸ ਹਾਸਿਲ ਸੀ।

-----

ਇਸ ਦੇਸ਼ ਵਿਚ ਵਸਦੇ ਦੱਖਣੀ ਏਸ਼ੀਆ ਦੇ ਵਿਭਿੰਨ ਭਾਈਚਾਰਿਆਂ ਦੀ ਦਿਨ ਰਾਤ ਸੇਵਾ ਵਿਚ ਜੁਟੀ ਪ੍ਰਸਿੱਧ ਹਸਤੀ ਸ. ਦਲ ਸਿੰਘ ਢੇਸੀ ਕੌਂਸਲਰ ਗੁਰਦੇਵ ਸਿੰਘ ਮਣਕੂ ਹੋਰਾਂ ਨੂੰ ਨਾਲ ਲੈ ਕੇ ਹਾਜ਼ਰ ਹੋਏ।ਅੱਜ ਦੀ ਮਿਲਣੀ ਵਿਚ ਉਹਨਾਂ ਨੇ ਬਾਬਾ ਬਲਬੀਰ ਸਿੰਘ ਜੀ ਨੂੰ ਉਹਨਾਂ ਦੀਆਂ ਪ੍ਰਦੂਸ਼ਣ ਮੁਕਤੀ ਸੰਬੰਧੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ।ਢੇਸੀ ਹੋਰਾਂ ਵਲੋਂ ਪੰਜਾਬੀ ਸੱਥ ਲਾਂਬੜਾ ਦੇ ਸੇਵਾਦਾਰ ਡਾਕਟਰ ਨਿਰਮਲ ਸਿੰਘ ਜੀ ਨੂੰ ਵੀ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ ਗਿਆ।

-----

ਸ੍ਰੀ ਮਹਿੰਦਰ ਸਿੰਘ ਦਿਲਬਰ ਜੋ ਕਿ ਸੱਥ ਦੇ ਕਾਰਜਾਂ ਵਿਚ ਕਈ ਮਹੱਤਵਪੂਰਨ ਸੇਵਾਵਾਂ ਨਿਭਾਉਂਦੇ ਹਨ ਅਤੇ ਖ਼ੁਦ ਸਮਾਜ ਸੁਧਾਰਕ ਅਤੇ ਅਗਾਂਹ ਵਧੂ ਕਵੀ ਹਨ, ਇਸ ਸਮੇਂ ਮੌਜੂਦ ਸਨ।‘ਦਿਲਬਰ’ ਹੋਰਾਂ ਦੀ ਕਿਤਾਬ ‘ ਕਾਲਾ ਗੁਲਾਬ ਚਿੱਟੀ ਮਹਿਕ’ ਅਜੇ ਹੁਣੇ ਹੀ ਪੰਜ ਸਤੰਬਰ ਨੂੰ ਪੰਜਾਬੀ ਸੱਥ ਦੀ ਦਸਵੀਂ ਪਰ੍ਹਿਆ ਵਿਚ ਲੋਕ ਅਰਪਣ ਕੀਤੀ ਗਈ ਹੈ।ਯੂਰਪੀ ਪੰਜਾਬੀ ਸੱਥ ਵਲੋਂ ਛਾਪੀ ਗਈ ‘ਦਿਲਬਰ’ ਹੋਰਾਂ ਦੀ ਇਹ ਪਲੇਠੀ ਕਿਤਾਬ ਹੈ।

ਹੋਰ ਹਸਤੀਆਂ ਵਿਚੋਂ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰੋਤਸਾਹਿਤ ਕਰਨ, ਆਪਣੇ ਮੰਜਕੀ ਖੇਤਰ ਦੇ ਪੁਸ਼ਤੈਨੀ ਪਿੰਡ ਸ਼ਾਦੀ ਪੁਰ ਦੀ ਬਾਬਾ ਸੀਚੇਵਾਲ ਜੀ ਦੀ ਅਗਵਾਈ ਨਾਲ ਕਾਇਆ ਕਲਪ ਕਰਨ ਵਾਲੇ ਅਣਥੱਕ ਸਮਾਜ ਸੁਧਾਰਕ ਸ. ਅਜਾਇਬ ਸਿੰਘ ਗਰਚਾ, ਯੂਰਪੀ ਪੰਜਾਬੀ ਸੱਥ ਦੇ ਇਕ ਹੋਰ ਅਹਿਮ ਬੇਲੀ ਸ. ਨਛੱਤਰ ਸਿੰਘ, ਗੁਰਦੁਆਰਾ ਵਿਲਨਹਾਲ ਦੇ ਸਾਬਕਾ ਹੈੱਡ ਗ੍ਰੰਥੀ ਭਾਈ ਜਰਨੈਲ ਸਿੰਘ ਪ੍ਰਭਾਕਰ ਆਪਣੀ ਅਰਧੰਗਣੀ ਸਮੇਤ ਹਾਜ਼ਿਰ ਹੋਏ।

-----

ਇਹਨਾਂ ਸਾਰਿਆਂ ਭੈਣਾਂ ਭਰਾਵਾਂ ਅਤੇ ਸੰਤ ਜੀ ਨੂੰ ਜੀ ਆਇਆਂ ਆਖਦਿਆਂ ਮੋਤਾ ਸਿੰਘ ਸਰਾਏ ਹੋਰਾਂ ਸਭ ਦਾ ਹਾਰਦਿਕ ਧੰਨਵਾਦ ਕੀਤਾ।ਉਹਨਾਂ ਪੰਜਾਬੀ ਸੱਥ ਵਲੋਂ ਕੀਤੇ ਜਾਂਦੇ ਕਾਰਜਾਂ ਅਤੇ ਕਾਲੀ ਵੇਈਂ ਦੀ ਕਾਰ ਸੇਵਾ ਦੀ ਮੁਹਿੰਮ ਸੰਬੰਧੀ ਖੋਲ੍ਹ ਕੇ ਦੱਸਿਆ।ਉਹਨਾਂ ਮਾਂ-ਬੋਲੀ ਦੀ ਯੂਰਪੀ ਦੇਸ਼ਾਂ ਵਿਚ ਹਾਲਤ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਆਪਾਂ ਸਾਰੇ ਨਿੱਕੇ ਮੋਟੇ ਗਿਲੇ ਸ਼ਿਕਵੇ ਮੁਕਾ ਕੇ ਸੰਤ ਜੀ ਵਾਂਗ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਭਾਈਚਾਰੇ ਦੀ ਸੇਵਾ ਵਿਚ ਜੁੱਟ ਜਾਈਏ ਤਾਂ ਨਤੀਜੇ ਜ਼ਰੂਰ ਹੀ ਹਾਂ ਪੱਖੀ ਨਿਕਲਣਗੇ।ਉਹਨਾਂ ਬਾਬਾ ਜੀ ਵਲੋਂ ਕੀਤੇ ਕਾਰਜਾਂ ਤੋਂ ਸੇਧ ਲੈਂਦਿਆਂ, ਧੜੇਬੰਦੀਆਂ, ਵੰਡਾਂ ਦਰ ਵੰਡਾਂ ਨੂੰ ਇਕ ਪਾਸੇ ਰਖਦਿਆਂ, ਸੌੜੀਆਂ ਸਿਆਸਤਾਂ ਅਤੇ ਘੜੰਮ ਚੌਧਰੀਆਂ ਤੋਂ ਬਚਦਿਆਂ ਸਾਰਿਆਂ ਨੂੰ ਇਕ ਲੜੀ ਵਿਚ ਪ੍ਰੋ ਕੇ ਗੰਭੀਰਤਾ ਨਾਲ ਸੋਚਣ ਲਈ ਹੀ ਨਹੀਂ ਸਗੋਂ ਅਮਲ ਕਰਨ ਦੀ ਸਲਾਹ ਦਿਤੀ।

-----

ਯੂਰਪੀ ਪੰਜਾਬੀ ਸੱਥ ਵਲੋਂ ਛਾਪੀਆਂ ਗਈਆਂ 85 ਕਿਤਾਬਾਂ, ਵਿਰਾਸਤੀ ਕੈਲੰਡਰ, ਦੋ ਦੋ ਤੋਲੇ ਦੇ ਖਰੇ ਸੋਨੇ ਦੇ ਮੈਡਲਾਂ ਨਾਲ ਹਰੇਕ ਸਾਲ ਹੋਣ ਵਾਲੇ ਸਨਮਾਨ ਸਮਾਗਮ, ਕੁਇੰਟਲਾਂ ਦੇ ਹਿਸਾਬ ਨਾਲ ਪੰਜਾਬ ਤੋਂ ਆਪਣੇ ਖ਼ਰਚੇ ‘ਤੇ ਲਿਆਂਦੀਆਂ ਕਿਤਾਬਾਂ ਨੂੰ ਸਿਰਫ਼ ਯੂ.ਕੇ. ਹੀ ਨਹੀਂ ਸਗੋਂ ਯੂਰਪ ਭਰ ਤੀਕ ਪਹੁੰਚਾਉਣ ਸੰਬੰਧੀ ਜਾਣਕਾਰੀ ਦੇ ਕੇ ਅਜਿਹੇ ਸਾਰੇ ਖ਼ਦਸ਼ਿਆਂ ਤੋਂ ਸਾਰਿਆਂ ਨੂੰ ਮੁਕਤ ਕਰ ਦਿਤਾ ਕਿ ਪੰਜਾਬੀ ਬੋਲੀ ਮਰ ਰਹੀ ਹੈ।ਸੱਥ ਵਲੋਂ ਪਾਈ ਨਵੀਂ ਪਿਰਤ, ਲੇਖਕਾਂ ਅਤੇ ਵਿਦਵਾਨਾਂ ਦੀਆਂ ਸੁਪਤਨੀਆਂ ਨੂੰ ਸਨਮਾਨਿਤ ਕਰਨਾ, ਆਪਣੇ ਆਪ ਵਿਚ ਹੀ ਪੰਜਾਬੀ ਸਭਿਆਚਾਰ ਦਾ ਇਕ ਇਤਿਹਾਸਕ ਮੋੜ ਹੈ।ਮੋਤਾ ਸਿੰਘ ਹੋਰਾਂ ਬਾਬਾ ਜੀ ਨੂੰ ਆਪਣੇ ਪ੍ਰਵਚਨਾਂ ਰਾਹੀਂ ਸਰੋਤਿਆਂ ਨੂੰ ਨਿਹਾਲ ਕਰਨ ਲਈ ਬੇਨਤੀ ਕੀਤੀ।

-----

ਬਾਬਾ ਜੀ ਨੇ ਵੇਈਂ ਦੇ ਕਾਰਜਾਂ ਤੋਂ ਵੀ ਪਹਿਲਾਂ ਰਸਤਿਆਂ,ਸੜਕਾਂ ਦੀ ਸੇਵਾ, ਖੇਡਾਂ, ਰੁੱਖ ਲਾਉਣ, ਕਵੀ ਦਰਬਾਰਾਂ ਅਤੇ ਸਕੂਲ ਖੋਲ੍ਹਣ ਸੰਬੰਧੀ ਦੱਸਦਿਆਂ ਕਿਹਾ ਕਿ ਜੇ ਅਸੀਂ ਨਾਂਹ-ਪੱਖੀ ਵਿਚਾਰਾਂ ਤੋਂ ਖਹਿੜਾ ਛੁਡਵਾ ਕੇ ਹਾਂ-ਪੱਖੀ ਵਿਚਾਰਾਂ ਦੇ ਧਾਰਨੀ ਬਣ ਜਾਈਏ ਤਾਂ ਕੁਝ ਵੀ ਅਸੰਭਵ ਨਹੀਂ।15 ਜੁਲਾਈ 2010 ਵਿਚ ਜਲੰਧਰ ਵਿਖੇ ‘ਪੰਜਾਬੀ ਸੱਥ’ ਅਤੇ ‘ਧਰਤਿ ਸੁਹਾਵੀ’ ਦੇ ਇਕ ਭਰਵੇਂ ਸਮਾਗਮ ਸਮੇਂ ਸੰਤਾਂ ਵਲੋਂ ਕਾਲੀ ਵੇਈਂ ਦੀ, ਸਿੱਖੀ ਦੇ ਸੋਮੇ ਸੁਲਤਾਨ ਪੁਰ ਲੋਧੀ ਤੋਂ ਸ਼ੁਰੂ ਹੋਈ ਕਾਰ ਸੇਵਾ ਦਾ ਪਿਛਲੇ ਦਸਾਂ ਸਾਲਾਂ ਦਾ ਲੇਖਾ ਕਰਦਿਆਂ ਉਹਨਾਂ ਕਿਹਾ ਕਿ ਬਦਲਵੇਂ ਵਿਕਾਸ ਦਾ ਸੰਗਤ ਦੇ ਸਹਿਯੋਗ ਨਾਲ ਗੁਰਮਤਿ ਵਾਲਾ ਇਹ ਇਕ ਅਦਭੁੱਤ ਨਮੂਨਾ ਹੈ।ਇਹਦੀ ਸ਼ੋਭਾ ਪੰਜਾਬ, ਭਾਰਤ, ਤੋਂ ਹੁੰਦੀ ਹੋਈ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਹੋ ਰਹੀ ਹੈ।ਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਦੇ ਨਾਲ ਅੱਜ ਹੀਣ ਭਾਵਨਾ ਤੋਂ ਮੁਕਤ ਹੋ ਕੇ ਕੁੱਲ ਸੰਸਾਰ ਨੂੰ ਸੇਧ ਦੇਣ ਤੱਕ ਦਾ ਪੈਂਡਾ ਮਾਰਿਆ ਹੈ।ਬਾਬਾ ਜੀ ਨੇ ਉਹਨਾਂ ਦੇ ਰਾਹ ਵਿਚ ਪਾਏ ਗਏ ਅੜਿੱਕੇ ਤੇ ਆਈਆਂ ਦੁਸ਼ਵਾਰੀਆਂ ਦਾ ਜ਼ਿਕਰ ਵੀ ਬੇਬਾਕੀ ਨਾਲ ਕੀਤਾ ਤੇ ਦੱਸਿਆ ਕਿ ਜੇ ਆਪਾਂ ਸਾਰੇ ਇਵੇਂ ਹੀ ਰਲ ਮਿਲ ਕੇ, ਆਪਸੀ ਰੰਜ਼ਿਸ਼ਾਂ ਮਿਟਾ ਕੇ ਚਲਦੇ ਰਹੇ ਤਾਂ ਕੁਝ ਸਾਲਾਂ ਵਿਚ ਹੀ ਪੰਜਾਬ ਦੀ ਧਰਤੀ ਉੱਤੇ ਮੋੜ ਅਵੱਸ਼ ਆਵੇਗਾ।ਉਹਨਾਂ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਭੈਣਾਂ ਭਰਾਵਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਏਸ ਮੁਹਿੰਮ ਵਿਚ ਹਰੇਕ ਪ੍ਰਕਾਰ ਦਾ ਸਾਥ ਦਿਤਾ।

-----

ਪੰਜਾਬੀ ਸੱਥ ਲਾਂਬੜਾ ਤੋਂ ਆਏ ਡਾਕਟਰ ਨਿਰਮਲ ਸਿੰਘ ਹੋਰਾਂ ਨੇ ਦੇਸ ਪ੍ਰਦੇਸ ਦੀਆਂ ਸੱਥਾਂ ਦੀਆਂ ਸਰਗ਼ਰਮੀਆਂ, ਬਾਬਾ ਸੀਚੇਵਾਲ ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਇਤਿਹਾਸਕ ਮੋੜ ਦੱਸਦਿਆਂ ਇਹਨਾਂ ਦੇ ਲੁਕੇ ਹੋਏ ਪੱਖਾਂ ਉੱਤੇ ਚਾਨਣਾ ਪਾਇਆ।ਉਹਨਾਂ ਬਾਬਾ ਜੀ ਨੂੰ ਅਤੇ ਸਾਰੀਆਂ ਸੰਗਤਾਂ ਨੂੰ ਮਿਲ ਬੈਠ ਕੇ ਸੰਜੀਦਗੀ ਨਾਲ ਸੋਚਣ ਦੀ ਇਸ ਪ੍ਰਕਿਰਿਆ ਦੀ ਵਧਾਈ ਦਿਤੀ।ਗੁਰਬਾਣੀ ਦੇ ਫ਼ਲਸਫ਼ੇ ਮੁਤਾਬਿਕ ਕਿਸੇ ਉੱਤੇ ਆਸ ਰੱਖਣ ਦੀ ਥਾਂ ਆਪਣੇ ਕਾਰਜ ਆਪ ਸੰਵਾਰਨ ਵਲ ਪਰਤਣ ਲਈ ਉਹਨਾਂ ਨੇ ਉਚੇਚੀ ਬੇਨਤੀ ਕੀਤੀ।ਕੁਲਵੰਤ ਸਿੰਘ ਢੇਸੀ, ਅਜਾਇਬ ਸਿੰਘ ਗਰਚਾ, ਨਿਰਮਲ ਸਿੰਘ ਕੰਧਾਲਵੀ ਹੋਰਾਂ ਨੇ ਕਈ ਮੁੱਲਵਾਨ ਸੁਝਾਉ ਦਿਤੇ।

-----

ਸਰਾਏ ਪਰਿਵਾਰ ਵਲੋਂ ਬੜੀ ਸ਼ਰਧਾਪੂਰਵਕ ਸਾਰੀ ਸੰਗਤ ਨੂੰ ਜਲ-ਪਾਣੀ ਛਕਾਇਆ ਗਿਆ। ਅਸਲ ਵਿਚ ਇਹ ਸਾਰਾ ਸਮਾਗਮ ਇਕ ਹਿਸਾਬ ਨਾਲ ਏਸ ਨਵੇਂ ਘਰ ਵਿਚ ਗ੍ਰਹਿ-ਪ੍ਰਵੇਸ਼ ਵਾਂਗ ਹੀ ਹੋ ਨਿਬੜਿਆ।ਸੰਤਾਂ ਨਾਲ ਨਿੱਘੀਆਂ ਤੇ ਮੋਹ ਭਰੀਆਂ ਗੱਲਾਂ ਕਾਰਨ ਮਾਹੌਲ ਸਹਿਜ ਵੀ ਸੀ ਤੇ ਸੁਹਾਵਣਾ ਵੀ।ਸਭ ਨੇ ਰਲ ਮਿਲ ਕੇ ਤਕਰੀਬਨ ਦੋ ਘੰਟੇ ਚੱਲੇ ਇਸ ਮਿਲਾਪ ਰੂਪੀ ਗੰਭੀਰ ਸਮਾਗਮ ਦਾ ਆਨੰਦ ਮਾਣਿਆ।ਬਾਬਾ ਜੀ ਨੂੰ ਲਿਆਉਣ ਦੀ ਸੇਵਾ ਸ. ਬਲਦੇਵ ਸਿੰਘ ਦਿਉਲ ਅਤੇ ਸ. ਅਰਜਨ ਸਿੰਘ ਹੋਰਾਂ ਨੇ ਨਿਭਾਈ।


ਪੰਜਾਬੀ ਲੇਖਕ ਮੰਚ ਦੀ ਸਾਲਾਨਾ ਮੀਟਿੰਗ ਵਿਚ ਚੋਣ - ਰਿਪੋਰਟ

ਸਰੀ, ਕੈਨੇਡਾ:- (ਪੱਤਰ ਪ੍ਰੇਰਕ) ਪੰਜਾਬੀ ਲੇਖਕ ਮੰਚ ਵੈਨਕੂਵਰ ਦੀ ਵਾਰਸ਼ਿਕ ਇਕੱਤਰਤਾ 12 ਸਤੰਬਰ ਨੂੰ ਨਿਊਟਨ ਪਬਲਿਕ ਲਾਇਬ੍ਰੇਰੀ ਵਿਚ ਹੋਈ। ਸਭ ਤੋਂ ਪੰਜਾਬੀ ਦੇ ਨਾਮਵਰ ਕਹਾਣੀਕਾਰ ਮੰਚ ਮੈਂਬਰ ਅਮਰਜੀਤ ਚਾਹਲ ਦੀ ਧਰਮਪਤਨੀ ਅਤੇ ਪੰਜਾਬੀ ਦੇ ਉੱਘੇ ਲੇਖਕ, ਪ੍ਰਕਾਸ਼ਕ ਤੇ ਤ੍ਰੈਮਾਸਕ ‘ਮੀਰ’ ਦੇ ਸੰਪਾਦਕ ਪਰਦੁਮਨ ਸਿੰਘ ਬੇਦੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪਰਗਟਾ ਕੀਤਾ ਗਿਆ ਤੇ ਦੋ ਮਿੰਟ ਦੀ ਚੁੱਪ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

-----

ਸੂਚਨਾ ਹਿਤ ਮੰਚ ਮੈਂਬਰਾਂ ਨੂੰ ਜਾਣੂੰ ਕਰਵਾਇਆ ਗਿਆ ਕਿ 26 ਸਤੰਬਰ ਨੂੰ ਵਰਾਸਤ ਫਾਊਂਡੇਸ਼ਨ ਵੱਲੋਂ ਪ੍ਰੋ. ਪ੍ਰੀਤਮ ਸਿੰਘ ਦੀਆਂ ਦੋ ਪੁਸਤਕਾਂ ਬੰਬੇ ਬੈਂਕੁਇਟ ਹਾਲ ਵਿਚ, ਉਹਨਾਂ ਦੀ ਬੇਟੀ ਡਾ. ਹਰਸ਼ਿੰਦਰ ਕੌਰ ਰਾਹੀਂ, ਦੁਪਹਿਰ 12 ਵਜੇ ਰੀਲੀਜ਼ ਕੀਤੀਆਂ ਜਾ ਰਹੀਆਂ ਹਨ। ਦੂਜੀ ਸੂਚਨਾ ਇਹ ਦਿੱਤੀ ਗਈ ਕਿ ਗ਼ਜ਼ਲਗੋ ਪਾਲ ਢਿੱਲੋਂ ਦੀ ਗਜ਼ਲਾਂ ਦੀ ਕਿਤਾਬ ‘ਖੰਨਿਓਂ ਤਿੱਖਾ ਸਫ਼ਰ’ ਦੇਸ਼ ਭਗਤ ਸੈਂਟਰ ਸਰੀ ਵਿਖੇ 18 ਸਤੰਬਰ ਨੂੰ ਇਕ ਵਜੇ ਰਿਲੀਜ਼ ਕੀਤੀ ਜਾਵੇਗੀ। ਤੀਜੀ ਸੂਚਨਾ ਵਿਚ ਦੱਸਿਆ ਗਿਆ ਕਿ ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ 28 ਸਤੰਬਰ ਨੂੰ ਸ਼ਾਮ ਸਾਢੇ ਛੇ ਵਜੇ ਜਰਨੈਲ ਸਿੰਘ ਦਾ ਕਹਾਣੀ ਪਾਠ ਹੋਵੇਗਾ ਅਤੇ ਜਤਿੰਦਰ ਤੇ ਹਰਭਜਨ ਮਾਂਗਟ ਕਵਿਤਾ ਪਾਠ ਕਰਨਗੇ।

------

ਦੂਜੇ ਦੌਰ ਵਿਚ ਮੰਚ ਮੈਂਬਰਾਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਇੰਦਰਜੀਤ ਧਾਮੀ, ਸੁਰਿੰਦਰ ਸਹੋਤਾ, ਨਿਰਮਲ ਗਿੱਲ, ਸੁਸ਼ੀਲ ਕੌਰ, ਹਰਿਭਜਨ ਜੰਡਿਆਲਵੀ ਅਤੇ ਜੁਗਿੰਦਰ ਸ਼ਮਸ਼ੇਰ ਨੇ ਕਵਿਤਾਵਾਂ ਸੁਣਾਈਆਂ। ਕ੍ਰਿਸ਼ ਭਨੋਟ, ਗੁਰਦਰਸ਼ਨ ਬਾਦਲ, ਜੀਵਨ ਰਾਮ ਪੁਰੀ, ਸਤਿਨਾਮ ਸਿੰਘ ਕੋਮਲ ਅਤੇ ਨਦੀਮ ਪਰਮਾਰ ਨੇ ਗ਼ਜ਼ਲਾਂ ਸੁਣਾਈਆਂ। ਜਰਨੈ਼ਲ ਸਿੰਘ ਸੇਖਾ ਨੇ ਆਪਣੇ ਬਚਪਨ ਦੀ ਯਾਦ ਨਾਲ ਸਬੰਧਤ ਇਕ ਲੇਖ ‘ਜਰਨਲ ਮੋਹਣ ਸਿੰਘ ਤੇ ਕਾੜ੍ਹਨੀ ਦਾ ਦੁੱਧ’ ਪੜ੍ਹਿਆ ਫਿਰੇ ਬਰਜਿੰਦਰ ਢਿੱਲੋਂ ਨੇ ਇਕ ਕਹਾਣੀ ‘ਦੇਬੋ ਤੇ ਊਸ਼ਾ” ਸੁਣਾਈ। ਥੋੜ੍ਹੀਆਂ ਰਚਨਾਵਾਂ ਉਪਰ ਹੀ ਕੋਈ ਟਿੱਪਣੀ ਹੋਈ, ਬਹੁਤੀਆਂ ਰਚਨਵਾਂ ਸਲਾਹੀਆਂ ਗਈਆਂ।

-----

ਅਖੀਰਲੇ ਪੜਾਅ ਵਿਚ ਸਾਲ 2010-11 ਲਈ 13 ਮੈਂਬਰੀ ਕਾਰਜਕਾਰਨੀ ਦੀ ਚੋਣ ਸਰਵ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿਚ ਸਾਧੂ ਬਿਨਿੰਗ, ਜਰਨੈਲ ਸਿੰਘ ਆਰਟਿਸਟ, ਜਰਨੈਲ ਸਿੰਘ ਸੇਖਾ, ਜੁਗਿੰਦਰ ਸ਼ਮਸ਼ੇਰ, ਅਮਰਜੀਤ ਕੌਰ ਸ਼ਾਂਤ ਮਾਂਗਟ, ਹਰਜੀਤ ਦੌਧਰੀਆ, ਸੁਖਵੰਤ ਹੁੰਦਲ, ਹਰਬੰਸ ਢਿੱਲੋਂ, ਗੁਰਦਰਸ਼ਨ ਬਾਦਲ, ਜਸਵਿੰਦਰ ਕੌਰ ਗਿੱਲ, ਨਦੀਮ ਪਰਮਾਰ ਅਤੇ ਦਰਸ਼ਨ ਮਾਨ ਚੁਣੇ ਗਏ। ਫਿਰ ਕਾਰਜ ਕਾਰਨੀ ਨੇ ਆਪਣੇ ਵਿਚੋਂ ਜਰਨੈਲ ਸਿੰਘ ਆਰਟਿਸਟ ਅਤੇ ਜਰਨੈਲ ਸਿੰਘ ਸੇਖਾ ਨੂੰ ਸੰਚਾਲਕ, ਨਦੀਮ ਪਰਮਾਰ ਨੂੰ ਖ਼ਜ਼ਾਨਚੀ ਅਤੇ ਦਰਸ਼ਨ ਮਾਨ ਨੂੰ ਸਹਾਇਕ ਖ਼ਜ਼ਾਨਚੀ ਚੁਣ ਲਿਆ। ਲੇਖਕ ਮੰਚ ਦੀ ਅਗਲੀ ਮੀਟਿੰਗ ਨਿਊਟਨ ਪਬਲਿਕ ਲਾਇਬ੍ਰੇਰੀ ਸਰੀ ਵਿਚ 3 ਅਕਤੂਬਰ ਨੂੰ ਦੁਪਹਿਰ 1.30 ਵਜੇ ਹੋਵੇਗੀ।

ਸੰਚਾਲਕ

ਜਰਨੈਲ ਸਿੰਘ ਸੇਖਾ 604 543 8721

ਜਰਨੈਲ ਸਿੰਘ ਆਰਟਿਸਟ 604 825 4659


ਪੰਜਾਬੀ ਅਤੇ ਉਰਦੂ ਸ਼ਾਇਰੀ ਦੇ ਰੰਗ - ਵਿਦਵਾਨ ਦੋਸਤਾਂ ਦੇ ਸੰਗ - ਰਿਪੋਰਟ

ਡੈਲਟਾ, ਬੀ.ਸੀ. (ਬਿੱਕਰ ਸਿੰਘ ਖੋਸਾ)-ਅਗਸਤ 31, ਦਿਨ ਮੰਗਲਵਾਰ ਨੂੰ ਇੱਥੋਂ ਦੀ ਜਾਰਜ ਮੈਕੀ ਲਇਬ੍ਰੇਰੀ ਵਿੱਚ ਸਰਬਜੀਤ ਕੌਰ ਰੰਧਾਵਾ ਅਤੇ ਸਰਵਨ ਸਿੰਘ ਰੰਧਾਵਾ ਜੋ ਪੰਜਾਬੀ ਦੇ ਅਕਸ ਨੂੰ ਉਚਾਈਆਂ ਤੇ ਵੇਖਣ ਲਈ ਯਤਨਸ਼ੀਲ ਹਨ, ਦੇ ਉੱਦਮਾਂ ਸਦਕਾ ਪੰਜਾਬੀ ਜਗਤ ਦੀਆਂ ਤਿੰਨ ਪ੍ਰਸਿੱਧ ਹਸਤੀਆਂ ਦਰਸ਼ਨ ਗਿੱਲ, ਪਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਅਤੇ ਨਦੀਮ ਪਰਮਾਰ ਹੋਰਾਂ ਦਿਆਂ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਦੀ ਮਹਿਫ਼ਿਲ ਸਜਾਈ ਗਈ ।ਇਸ ਵਿੱਚ ਪੰਜਾਬੀ ਦੇ ਉਸਤਾਦ ਗ਼ਜ਼ਲਕਾਰ, ਕਵੀ, ਲੇਖਕ ਅਤੇ ਸੂਝਵਾਨ ਪਾਠਕਾਂ ਨੇ ਹਾਜ਼ਰੀ ਲਵਾਈ।ਭਾਰਤ ਤੋਂ ਪਹੁੰਚੇ ਪ੍ਰੋ:ਕਰਮਜੀਤ ਸਿੰਘ ਗਿੱਲ ਅਤੇ ਹਿੰਦੀ ਦੇ ਵਿਦਵਾਨ ਆਚਾਰੀਆ ਦਿਵੇਦੀ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

-----

ਸੰਖੇਪ ਜਾਣ-ਪਛਾਣ ਤੋਂ ਬਾਦ ਦਰਸ਼ਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਨਾਲ ਪ੍ਰੋਗਰਾਮ ਨੂੰ ਰੰਗੀਨੀ ਦਿੱਤੀ ।ਸਿਰਫ਼ ਮੈਂ ਹੀ ਨਹੀਂ ਬਲ਼ਿਆ ਚਿਰਾਗ਼ਾਂ ਦੀ ਤਰ੍ਹਾਂ ਯਾਰੋ, ਜੋ ਮੇਰੇ ਸਾਹਮਣੇ ਸਨ ਵਾਂਗ ਮੇਰੇ ਦਹਿਕੀਆਂ ਸੜਕਾਂ।ਗ਼ਜ਼ਲ ਦਾ ਇੱਕ ਇੱਕ ਸ਼ੇਅਰ ਦਾਦ ਦੇ ਕਾਬਿਲ ਸੀ। ਮੱਛੀ ਦੀ ਅੱਖ ਵਿੱਚ ਲੱਗੇ ਨਾ ਤੀਰ ਕੋਈ, ਅੱਜ ਕੱਲ੍ਹ ਵੇਲਾ ਨਹੀਂ ਸਵੰਬਰ ਦਾ। ੳਨ੍ਹਾਂ ਨੇ ਆਪਣੀ ਕਿਤਾਬ “ਉਕਾਬ ਦੀ ਉਡਾਨ” ਵਿੱਚੋਂ ਆਦਿਵਾਸੀ ਕਵੀ ਚੀਫ਼ ਡਾਨ ਜਾਰਜ ਦੀ ਪੰਜਾਬੀ ਅਨੁਵਾਦਿਤ ਕਵਿਤਾ ੳਤੇ ਹੋਰ ਕਵਿਤਾਵਾਂ ਪੜ੍ਹ ਕੇ ਆਪਣੀ ਕਾਵਿ ਕਲਾ ਦੀ ਪੁਖ਼ਤਗੀ ਦਾ ਨਮੂਨਾ ਪੇਸ਼ ਕੀਤਾ।

-----

ਪਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਦੀ ਵਾਰੀ ਆਈ ਜਿਸ ਦੌਰਾਨ ਉਨ੍ਹਾਂ ਨੇ ਨਿਮਰਤਾ ਨਾਲ ਡਾ: ਦਰਸ਼ਨ ਗਿੱਲ ਨੂੰ ਆਪਣਾ ਉਸਤਾਦ ਕਹਿੰਦਿਆਂ ਸਾਰੇ ਆਉਂਣ ਵਾਲਿਆਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਆਪਣੀਆਂ ਮਿਆਰੀ ਰਚਨਾਵਾਂ: “ਨਾ ਮੇਰਾ ਸੂਰਜ ਠਰਿਆ ਸੀ , ਨਾ ਮੇਰਾ ਗੀਤ ਹੀ ਮਰਿਆ ਸੀ”, “ਟੁੱਟਦੇ ਭੱਜਦੇ ਰਿਸ਼ਤਿਆਂ ਦੇ ਸੰਸਾਰ ਬੜੇ ਨੇ” ਅਤੇ ਕਵਿਤਾ ਸੁਪਨਾ ’ਤੇ ਕੁੜੀ, ਭਾਣਾ, ਹਿੰਦੀ ਦੀ ਕਵਿਤਾ ਮੋਮਬੱਤੀਆਂ ਅਤੇ ਲੈਅ ਭਰਪੂਰ ਕਵਿਤਾ- ਸਿਖਰ ਦੁਪਿਹਰੇ ਦਮ ਘੁੱਟਦਾ ਹੈ , ਹੁਣ ਛਾਵਾਂ ਵਿੱਚ ਜਾਣ ਦਿਉ ਸੁਣਾਈ । ਅੰਤ ਵਿੱਚ ਉਨ੍ਹਾਂ ਨੇ ਵਧੇਰੇ ਪ੍ਰਵਾਨ ਹੋਈ ਕਵਿਤਾ “ਮੌਸਮ” ਪੜ੍ਹੀ ।

----

ਨਦੀਮ ਪਰਮਾਰ ਹੋਰਾਂ ਨੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਆਪਣੀ ਕਵਿ ਕਲਾ ਦਾ ਮੁੱਢ ਉਰਦੂ ਗ਼ਜ਼ਲਾਂ ਨਾਲ ਸ਼ੁਰੂਆਤ ਕੀਤੀ।“ਹਰ ਇਨਾਇਤ ਕਰਮ ਨਹੀਂ ਹੋਤੀ – ਹਰ ਮੁਹੱਬਤ ਭਰਮ ਨਹੀਂ ਹੋਤੀ” ਤੋਂ ਇਲਾਵਾ ਪ੍ਰਵਾਸ ਦਾ ਦੁੱਖ ਹੰਡਾਵਣ ਦੀ ਕਵਿਤਾ-“ਸ਼ਾਇਦ ਤੁਮਨੇ ਸੋਚਾ ਹੋਗਾ” ਵੀ ਸੁਣਾਈ। ਦੋ ਹਾਸ ਵਿਅੰਗ ਭਰਪੂਰ ਰਚਨਾਵਾਂ ਅਤੇ ਦੋ ਪੰਜਾਬੀ ਗ਼ਗ਼ਲਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ “ਤੇ ਆਉਂਦਾ ਅਸਤ ਆਪਣੇ ਇੱਕ ਨਦੀ ਵਿੱਚ ਤਾਰ ਆਇਆਂ ਹਾਂ” ਪੜ੍ਹੀ ।

-----

ਸਮਾਪਤੀ ‘ਤੇ ਸਰਬਜੀਤ ਕੌਰ ਰੰਧਾਵਾ ਨੇ ਆਪਣੀਆਂ ਕਵਿਤਾਵਾਂ ਵਿੱਚੋਂ ਇੱਕ ਕਵਿਤਾ “ਮਨ ਦੀ ਸੋਚ ਦੇ ਸੁੱਚੇ ਮੋਤੀ ਬਿਖਰੇ-2 ਬਿਖਰੇ ਰਹਿੰਦੇ, ਜਦ ਦੇ ਅਸੀਂ ਪਰਾਏ ਦੇਸ਼ ਨੂੰ ਆਪਣਾ-ਆਪਣਾ ਕਹਿੰਦੇ” ਤਰੰਨੁਮ ਵਿੱਚ ਸੁਣਾ ਕੇ ਆਪਣੀ ਕਾਵਿ ਕਲਾ ਦਾ ਨਮੂਨਾ ਪੇਸ਼ ਕੀਤਾ।ਇਹ ਪ੍ਰੋਗਰਾਮ ਸਾਡੇ ਛੇ ਵਜੇ ਸ਼ੁਰੂ ਹੋਇਆ ਅਤੇ ਠੀਕ ਅੱਠ ਵਜੇ ਸਮਾਪਤ ਹੇਇਆ। ਸਰਬਜੀਤ ਨੇ ਅਗਲਾ ਕਵੀਆਂ ਦੀ ਸ਼ਾਮ ਪ੍ਰੋਗਰਾਮ 28 ਸਤੰਬਰ ਨੂੰ ਸਾਡੇ ਛੇ ਵਜੇ ਇਸੇ ਲਾਇਬ੍ਰੇਰੀ ਵਿੱਚ ਹੋਣ ਬਾਰੇ ਵੀ ਜਾਣਕਾਰੀ ਦਿੱਤੀ।











ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ