Wednesday, September 15, 2010

'ਪੁੰਗਰਦੇ ਹਰਫ਼’ ਅਤੇ P.A.U. ਸਾਹਿਤ ਸਭਾ ਵੱਲੋਂ ਕਵੀ-ਦਰਬਾਰ ਦਾ ਆਯੋਜਨ - ਰਿਪੋਰਟ


ਰਿਪੋਰਟ: ਰੇਨੂ ਨਈਅਰ: 'ਪੁੰਗਰਦੇ ਹਰਫ਼ ਸਮਾਜਿਕ-ਸਭਿਆਚਾਰਕ ਸੋਸਾਇਟੀ (ਰਜਿ.) ਅਤੇ P.A.U. ਸਾਹਿਤ ਸਭਾ ਦੇ ਸਾਂਝੇ ਸਹਿਯੋਗ ਨਾਲ 4 ਸਿਤੰਬਰ 2010 ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕਵੀ ਦਰਬਾਰ ਕਰਵਾਇਆ ਗਿਆ। ਪੁੰਗਰਦੇ ਹਰਫ਼ ਸੋਸਾਇਟੀ, ਜੋ ਨਵੇਂ ਕਵੀਆਂ ਦੇ ਦੋ ਕਾਵਿ - ਸੰਗ੍ਰਿਹ ਸਾਹਿਤ ਜਗਤ ਨੂੰ ਦੇ ਚੁੱਕੀ ਹੈ ਅਤੇ ਤੀਜੇ ਕਾਵਿ-ਸੰਗ੍ਰਿਹ ਤੇ ਕੰਮ ਕਰ ਰਹੀ ਹੈ, ਵੱਲੋਂ ਇਹ ਖਾਸ ਉਪਰਾਲਾ ਨਵੇਂ ਕਵੀਆਂ ਨੂੰ ਸਾਂਝਾ ਮੰਚ ਦੇਣ ਲਈ ਕੀਤਾ ਗਿਆ । P.A.U. ਸਾਹਿਤ ਸਭਾ ਵੱਲੋਂ ਜਿਥੇ ਗੁਲਜ਼ਾਰ ਪੰਧੇਰ ਜੀ ਨੇ ਖ਼ਾਸ ਸ਼ਿਰਕਤ ਕੀਤੀ ਉਥੇ ਹੀ ਉਹਨਾਂ ਨੇ ਇਹਨਾਂ ਨਵੇਂ ਕਵੀਆਂ ਨੂੰ ਲਿਖਣ ਦੀ ਸੇਧ ਦਿੰਦੇ ਹੋਏ ਸਮਾਜਿਕ ਮੁੱਦਿਆਂ ਤੇ ਵੀ ਲਿਖਣ ਲਈ ਪ੍ਰੇਰਿਤ ਕੀਤਾ।

-----

ਇਹ ਕਵੀ ਦਰਬਾਰ ਖ਼ਾਸ ਕਰ ਕੇ ਉਹਨਾਂ ਪੰਜਾਬੀ ਲਿਖਾਰੀਆਂ ਲਈ ਕਰਵਾਇਆ ਗਿਆ ਜੋ ਦੇਸ਼ ਤੋਂ ਬਾਹਰ ਰਹਿ ਕੇ ਵੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ। ਸੁਖਦਰਸ਼ਨ ਧਾਲੀਵਾਲ (Kansaf City, USA) ਅਤੇ ਰਮਨ ਸੰਧੂ (Qatar) ਦੇ ਨਾਮ ਇਸੇ ਲੜੀ ਵਿਚ ਸ਼ਾਮਿਲ ਹਨ। ਇਹਨਾਂ ਨੇ ਮਾਂ-ਬੋਲੀ ਪ੍ਰਤੀ ਆਪਣੇ ਪਿਆਰ ਬਾਰੇ, ਆਪਣੀ ਕਲਮ ਦੇ ਸਫ਼ਰ ਬਾਰੇ ਦੱਸਦਿਆਂ ਹੋਇਆਂ ਆਪਣੀਆਂ ਗ਼ਜ਼ਲਾਂ ਵੀ ਸਾਂਝੀਆਂ ਕੀਤੀਆਂ।

-----

ਜਸਵਿੰਦਰ ਮਹਿਰਮ, ਜਤਿੰਦਰ ਸੰਧੂ, ਸ਼ੈਲੀ ਅਰੋੜਾ, ਖ਼ੁਸ਼ਹਾਲ ਸਿੰਘ, ਨਿਵੇਦਿਤਾ ਸ਼ਰਮਾ, ਨਵਕਿਰਣ ਜੋਤ, ਜਗਜੀਤ ਹਾਂਸ, ਇੰਦਰਜੀਤ ਕੌਰ, ਰੇਨੂੰ ਨਈਅਰ, ਗੁਰਪ੍ਰੀਤ ਮਾਨ ਹੋਰਾਂ ਨੇ ਵੀ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ । ਇਸ ਮੌਕੇ ਹਰਪ੍ਰੀਤ ਸਿੰਘ ਮੋਗਾ ਦੀ ਗ਼ਜ਼ਲਾਂ ਦੀ ਤੀਜੀ ਸੀ.ਡੀ "ਇਜ਼ਹਾਰ" ਵੀ ਰਿਲੀਜ਼ ਕੀਤੀ ਗਈ। ਇਸੇ ਸੀ.ਡੀ. ਵਿੱਚੋਂ ਉਹਨਾਂ ਨੇ ੩ ਗ਼ਜ਼ਲਾਂ ਆਪ ਗਾ ਕੇ ਸੁਨੀਆਂ ਜਿਹਨਾਂ ਦਾ ਸਰੋਤਿਆਂ ਨੇ ਖ਼ੂਬ ਆਨੰਦ ਮਾਣਿਆ।

-----

ਸਭਾ ਦੇ ਅੰਤ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਹਰ ਕਵੀ ਨੂੰ ਸਨਮਾਨ-ਚਿੰਨ੍ਹ ਅਤੇ ਪ੍ਰਮਾਣ-ਪੱਤਰ ਦਿੱਤੇ ਗਏ ਅਤੇ ਕਵਿਤਾ ਦੇ ਖੇਤਰ ਵਿਚ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ। ਸੋਸਾਇਟੀ ਦੇ ਪ੍ਰਧਾਨ ਵੱਲੋਂ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।



No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ