ਡੈਲਟਾ, ਬੀ.ਸੀ. (ਬਿੱਕਰ ਸਿੰਘ ਖੋਸਾ)-ਅਗਸਤ 31, ਦਿਨ ਮੰਗਲਵਾਰ ਨੂੰ ਇੱਥੋਂ ਦੀ ਜਾਰਜ ਮੈਕੀ ਲਇਬ੍ਰੇਰੀ ਵਿੱਚ ਸਰਬਜੀਤ ਕੌਰ ਰੰਧਾਵਾ ਅਤੇ ਸਰਵਨ ਸਿੰਘ ਰੰਧਾਵਾ ਜੋ ਪੰਜਾਬੀ ਦੇ ਅਕਸ ਨੂੰ ਉਚਾਈਆਂ ਤੇ ਵੇਖਣ ਲਈ ਯਤਨਸ਼ੀਲ ਹਨ, ਦੇ ਉੱਦਮਾਂ ਸਦਕਾ ਪੰਜਾਬੀ ਜਗਤ ਦੀਆਂ ਤਿੰਨ ਪ੍ਰਸਿੱਧ ਹਸਤੀਆਂ ਦਰਸ਼ਨ ਗਿੱਲ, ਪਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਅਤੇ ਨਦੀਮ ਪਰਮਾਰ ਹੋਰਾਂ ਦਿਆਂ ਗੀਤਾਂ, ਗ਼ਜ਼ਲਾਂ ਅਤੇ ਕਵਿਤਾਵਾਂ ਦੀ ਮਹਿਫ਼ਿਲ ਸਜਾਈ ਗਈ ।ਇਸ ਵਿੱਚ ਪੰਜਾਬੀ ਦੇ ਉਸਤਾਦ ਗ਼ਜ਼ਲਕਾਰ, ਕਵੀ, ਲੇਖਕ ਅਤੇ ਸੂਝਵਾਨ ਪਾਠਕਾਂ ਨੇ ਹਾਜ਼ਰੀ ਲਵਾਈ।ਭਾਰਤ ਤੋਂ ਪਹੁੰਚੇ ਪ੍ਰੋ:ਕਰਮਜੀਤ ਸਿੰਘ ਗਿੱਲ ਅਤੇ ਹਿੰਦੀ ਦੇ ਵਿਦਵਾਨ ਆਚਾਰੀਆ ਦਿਵੇਦੀ ਜੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
-----
ਸੰਖੇਪ ਜਾਣ-ਪਛਾਣ ਤੋਂ ਬਾਦ ਦਰਸ਼ਨ ਗਿੱਲ ਨੇ ਆਪਣੀਆਂ ਗ਼ਜ਼ਲਾਂ ਨਾਲ ਪ੍ਰੋਗਰਾਮ ਨੂੰ ਰੰਗੀਨੀ ਦਿੱਤੀ ।ਸਿਰਫ਼ ਮੈਂ ਹੀ ਨਹੀਂ ਬਲ਼ਿਆ ਚਿਰਾਗ਼ਾਂ ਦੀ ਤਰ੍ਹਾਂ ਯਾਰੋ, ਜੋ ਮੇਰੇ ਸਾਹਮਣੇ ਸਨ ਵਾਂਗ ਮੇਰੇ ਦਹਿਕੀਆਂ ਸੜਕਾਂ।ਗ਼ਜ਼ਲ ਦਾ ਇੱਕ ਇੱਕ ਸ਼ੇਅਰ ਦਾਦ ਦੇ ਕਾਬਿਲ ਸੀ। ਮੱਛੀ ਦੀ ਅੱਖ ਵਿੱਚ ਲੱਗੇ ਨਾ ਤੀਰ ਕੋਈ, ਅੱਜ ਕੱਲ੍ਹ ਵੇਲਾ ਨਹੀਂ ਸਵੰਬਰ ਦਾ। ੳਨ੍ਹਾਂ ਨੇ ਆਪਣੀ ਕਿਤਾਬ “ਉਕਾਬ ਦੀ ਉਡਾਨ” ਵਿੱਚੋਂ ਆਦਿਵਾਸੀ ਕਵੀ ਚੀਫ਼ ਡਾਨ ਜਾਰਜ ਦੀ ਪੰਜਾਬੀ ਅਨੁਵਾਦਿਤ ਕਵਿਤਾ ੳਤੇ ਹੋਰ ਕਵਿਤਾਵਾਂ ਪੜ੍ਹ ਕੇ ਆਪਣੀ ਕਾਵਿ ਕਲਾ ਦੀ ਪੁਖ਼ਤਗੀ ਦਾ ਨਮੂਨਾ ਪੇਸ਼ ਕੀਤਾ।
-----
ਪਿੰਸੀਪਲ ਸੁਰਿੰਦਰਪਾਲ ਕੌਰ ਬਰਾੜ ਦੀ ਵਾਰੀ ਆਈ ਜਿਸ ਦੌਰਾਨ ਉਨ੍ਹਾਂ ਨੇ ਨਿਮਰਤਾ ਨਾਲ ਡਾ: ਦਰਸ਼ਨ ਗਿੱਲ ਨੂੰ ਆਪਣਾ ਉਸਤਾਦ ਕਹਿੰਦਿਆਂ ਸਾਰੇ ਆਉਂਣ ਵਾਲਿਆਂ ਦਾ ਧੰਨਵਾਦ ਕੀਤਾ।ਉਨ੍ਹਾਂ ਨੇ ਆਪਣੀਆਂ ਮਿਆਰੀ ਰਚਨਾਵਾਂ: “ਨਾ ਮੇਰਾ ਸੂਰਜ ਠਰਿਆ ਸੀ , ਨਾ ਮੇਰਾ ਗੀਤ ਹੀ ਮਰਿਆ ਸੀ”, “ਟੁੱਟਦੇ ਭੱਜਦੇ ਰਿਸ਼ਤਿਆਂ ਦੇ ਸੰਸਾਰ ਬੜੇ ਨੇ” ਅਤੇ ਕਵਿਤਾ ਸੁਪਨਾ ’ਤੇ ਕੁੜੀ, ਭਾਣਾ, ਹਿੰਦੀ ਦੀ ਕਵਿਤਾ ਮੋਮਬੱਤੀਆਂ ਅਤੇ ਲੈਅ ਭਰਪੂਰ ਕਵਿਤਾ- ਸਿਖਰ ਦੁਪਿਹਰੇ ਦਮ ਘੁੱਟਦਾ ਹੈ , ਹੁਣ ਛਾਵਾਂ ਵਿੱਚ ਜਾਣ ਦਿਉ ਸੁਣਾਈ । ਅੰਤ ਵਿੱਚ ਉਨ੍ਹਾਂ ਨੇ ਵਧੇਰੇ ਪ੍ਰਵਾਨ ਹੋਈ ਕਵਿਤਾ “ਮੌਸਮ” ਪੜ੍ਹੀ ।
----
ਨਦੀਮ ਪਰਮਾਰ ਹੋਰਾਂ ਨੇ ਆਪਣੀ ਜਾਣ-ਪਛਾਣ ਕਰਵਾਉਂਦਿਆਂ ਆਪਣੀ ਕਵਿ ਕਲਾ ਦਾ ਮੁੱਢ ਉਰਦੂ ਗ਼ਜ਼ਲਾਂ ਨਾਲ ਸ਼ੁਰੂਆਤ ਕੀਤੀ।“ਹਰ ਇਨਾਇਤ ਕਰਮ ਨਹੀਂ ਹੋਤੀ – ਹਰ ਮੁਹੱਬਤ ਭਰਮ ਨਹੀਂ ਹੋਤੀ” ਤੋਂ ਇਲਾਵਾ ਪ੍ਰਵਾਸ ਦਾ ਦੁੱਖ ਹੰਡਾਵਣ ਦੀ ਕਵਿਤਾ-“ਸ਼ਾਇਦ ਤੁਮਨੇ ਸੋਚਾ ਹੋਗਾ” ਵੀ ਸੁਣਾਈ। ਦੋ ਹਾਸ ਵਿਅੰਗ ਭਰਪੂਰ ਰਚਨਾਵਾਂ ਅਤੇ ਦੋ ਪੰਜਾਬੀ ਗ਼ਗ਼ਲਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ “ਤੇ ਆਉਂਦਾ ਅਸਤ ਆਪਣੇ ਇੱਕ ਨਦੀ ਵਿੱਚ ਤਾਰ ਆਇਆਂ ਹਾਂ” ਪੜ੍ਹੀ ।
-----
ਸਮਾਪਤੀ ‘ਤੇ ਸਰਬਜੀਤ ਕੌਰ ਰੰਧਾਵਾ ਨੇ ਆਪਣੀਆਂ ਕਵਿਤਾਵਾਂ ਵਿੱਚੋਂ ਇੱਕ ਕਵਿਤਾ “ਮਨ ਦੀ ਸੋਚ ਦੇ ਸੁੱਚੇ ਮੋਤੀ ਬਿਖਰੇ-2 ਬਿਖਰੇ ਰਹਿੰਦੇ, ਜਦ ਦੇ ਅਸੀਂ ਪਰਾਏ ਦੇਸ਼ ਨੂੰ ਆਪਣਾ-ਆਪਣਾ ਕਹਿੰਦੇ” ਤਰੰਨੁਮ ਵਿੱਚ ਸੁਣਾ ਕੇ ਆਪਣੀ ਕਾਵਿ ਕਲਾ ਦਾ ਨਮੂਨਾ ਪੇਸ਼ ਕੀਤਾ।ਇਹ ਪ੍ਰੋਗਰਾਮ ਸਾਡੇ ਛੇ ਵਜੇ ਸ਼ੁਰੂ ਹੋਇਆ ਅਤੇ ਠੀਕ ਅੱਠ ਵਜੇ ਸਮਾਪਤ ਹੇਇਆ। ਸਰਬਜੀਤ ਨੇ ਅਗਲਾ ਕਵੀਆਂ ਦੀ ਸ਼ਾਮ ਪ੍ਰੋਗਰਾਮ 28 ਸਤੰਬਰ ਨੂੰ ਸਾਡੇ ਛੇ ਵਜੇ ਇਸੇ ਲਾਇਬ੍ਰੇਰੀ ਵਿੱਚ ਹੋਣ ਬਾਰੇ ਵੀ ਜਾਣਕਾਰੀ ਦਿੱਤੀ।
No comments:
Post a Comment