Tuesday, September 14, 2010

ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਨਾਲ਼ ਇਕ ਮਿਲਣੀ - ਰਿਪੋਰਟ

ਪੰਜਾਬੀ ਸੱਥ: ਵਾਲਸਾਲ: ਇੰਗਲੈਂਡ ਦੇ ਮਿਡਲੈਂਡਜ਼ ਇਲਾਕੇ ਦੇ ਅਤਿ ਪ੍ਰਾਚੀਨ ਤੇ ਰਮਣੀਕ ਸ਼ਹਿਰ ਵਾਲਸਾਲ ਦੀ ਸੰਘਣੇ ਰੁੱਖਾਂ ਦੀਆਂ ਝੰਗੀਆਂ ਵਾਲੀ ਹਰੀ ਭਰੀ ਸੜਕ ਕੁਈਨਜ਼ ਰੋਡ ਦੇ 11 ਨੰਬਰ ਦੇ ਘਰ ਵਿਚ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ ਦੀ ਆਮਦ ਨਾਲ ਸਮੁੱਚੀ ਕੁਦਰਤ ਹੀ ਮਹਿਕ ਉੱਠੀਯੂਰਪੀ ਪੰਜਾਬੀ ਸੱਥ ਦੇ ਕਰਤਾ ਧਰਤਾ ਸ. ਮੋਤਾ ਸਿੰਘ ਸਰਾਏ, ਬੀਬੀ ਰਸ਼ਪਿੰਦਰ ਕੌਰ ਸਰਾਏ, ਅਤੇ ਉਹਨਾਂ ਦੀਆਂ ਪਿਆਰੀਆਂ ਧੀਆਂ ਕੁਲਜੀਤ ਕੌਰ ਸਰਾਏ ਅਤੇ ਰਣਦੀਪ ਕੌਰ ਸਰਾਏ ਤੇ ਸੁਘੜ ਸਿਆਣੀ ਭੈਣ ਸੁਖਵਿੰਦਰ ਕੌਰ ਬੋਪਾਰਾਏ ਹੋਰਾਂ ਦੇ ਨਿੱਘੇ ਸੱਦੇ ਤੇ ਨਵੇਂ ਘਰ ਰੂਪੀ ਦਰਖ਼ਤਾਂ ਨਾਲ ਘਿਰੇ ਆਲ੍ਹਣੇ ਵਿਚ ਏਸ ਪਰਿਵਾਰ ਵਲੋਂ ਮਿਤੀ 7.9.2010 ਦਿਨ ਮੰਗਲਵਾਰ ਨੂੰ ਆਪਣੇ ਭਾਈਚਾਰੇ ਦੇ ਵੀਹ ਪੱਚੀ ਭੈਣ ਭਰਾਵਾਂ ਨਾਲ ਸੰਤਾਂ ਦਾ ਧੰਨਵਾਦ ਕਰਨ ਅਤੇ ਉਹਨਾਂ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਮਿਲਣੀ ਦਾ ਪ੍ਰਬੰਧ ਕੀਤਾ ਗਿਆ

-----

ਬਾਬਾ ਜੀ ਨੂੰ ਇਸ ਵਿਸ਼ਾਲ ਵਲਾਇਤੀ ਘਰ ਵਿਚ ਜਦੋਂ ਢੇਰਾਂ ਦੇ ਢੇਰ ਪੰਜਾਬੀ ਪੁਸਤਕਾਂ ਅਤੇ ਹਰੇ ਕਚੂਰ ਘਾਹ ਦੇ ਦਰਸ਼ਨ ਹੋਏ ਤਾਂ ਉਹ ਗਦ ਗਦ ਹੋ ਉੱਠੇਘਰ ਦਾ ਗੇੜਾ ਕੱਢਦਿਆਂ ਮੋਤਾ ਸਿੰਘ ਹੋਰਾਂ ਬਾਬਾ ਜੀ ਨੂੰ ਦੱਸਿਆ ਕਿ ਭਾਵੇਂ ਇਹ ਜਾਇਦਾਦ ਉਹਨਾਂ ਦੀ ਨਿੱਜੀ ਹੈ ਪਰ ਭਵਿੱਖ ਵਿਚ ਇਸ ਦੀ ਵਰਤੋਂ ਆਪਣੀ ਬੋਲੀ, ਸਭਿਆਚਾਰ, ਵਿਰਾਸਤ ਤੇ ਵਾਤਾਵਰਣ ਨੂੰ ਜਾਨਣ, ਸਮਝਣ ਤੇ ਅੱਗੇ ਵਧਾਉਣ ਲਈ ਸਾਰਿਆਂ ਦੇ ਸਹਿਯੋਗ ਨਾਲ ਕੀਤੀ ਜਾਵੇਗੀਯੂਰਪੀ ਪੰਜਾਬੀ ਸੱਥ ਲਈ ਇਹ ਅਸਥਾਨ ਮੁੱਖ ਦਫ਼ਤਰ, ਮਿਲਣੀਆਂ ਦਾ ਕੇਂਦਰ, ਲਾਇਬ੍ਰੇਰੀ, ਅਜਾਇਬ ਘਰ, ਪੁਸਤਕ ਭੰਡਾਰ ਅਤੇ ਸਰਬੱਤ ਦੇ ਭਲੇ ਲਈ ਕੀਤੇ ਜਾਣ ਵਾਲੇ ਕਾਰਜਾਂ ਦਾ ਕੇਂਦਰ ਹੋਵੇਗਾ

-----

ਇਸ ਅਤਿਅੰਤ ਅਹਿਮ ਅਤੇ ਗੰਭੀਰ ਮਿਲਣੀ ਵਿਚ ਜਿੰਨੇ ਵੀ ਭੈਣ ਭਰਾ ਸ਼ਾਮਿਲ ਹੋਏ ਉਹ ਆਪਣੇ ਆਪ ਵਿਚ ਹੀ ਮਨੁੱਖ ਨਹੀਂ ਸੰਸਥਾਵਾਂ ਸਨਸਭ ਤੋਂ ਪਹਿਲਾਂ ਪੁੱਜੇ ਬਜ਼ੁਰਗ਼ਵਾਰ, ਪੰਜਾਬੀਆਂ ਦੀ ਹਰ ਮਹਿਫ਼ਲ ਵਿਚ ਹਾਸਿਆਂ ਦੇ ਖੁੱਲ੍ਹੇ ਗੱਫੇ ਵੰਡਣ ਤੇ ਪਿੱਛੋਂ ਗੰਭੀਰ ਸੋਚਾਂ ਵਿਚ ਪਾਉਣ ਵਾਲੇ ਸ. ਤੇਜਾ ਸਿੰਘ ਤੇਜ ਕੋਟਲੇ ਵਾਲਾ ਜੀ ਸਨਯੂਰਪੀ ਪੰਜਾਬੀ ਸੱਥ ਦੇ ਬਹੁਤ ਹੀ ਮਜ਼ਬੂਤ ਥੰਮ੍ਹ ਅਤੇ ਸੂਝਵਾਨ ਚਿੰਤਕ ਤੇ ਕਵੀ ਹਰਜਿੰਦਰ ਸਿੰਘ ਸੰਧੂ, ਧਰਮ ਪਤਨੀ ਬੀਬੀ ਦਲਬੀਰ ਕੌਰ ਅਤੇ ਉਹਨਾਂ ਦਾ ਬੇਟਾ ਅਤੇ ਸੰਧੂ ਹੋਰਾਂ ਦੇ ਵੱਡੇ ਭਰਾਤਾ ਸ.ਇੰਦਰਜੀਤ ਸਿੰਘ ਸੰਧੂ,ਜੋ ਕਿ ਅੱਜ ਕਲ ਪੰਜਾਬ ਤੋਂ ਇੱਥੇ ਆਏ ਹੋਏ ਹਨ, ਪਰਿਵਾਰ ਸਮੇਤ ਹਾਜ਼ਿਰ ਹੋਏਸੰਧੂ ਹੋਰੀਂ ਦੁਆਬੇ ਦੀ ਧਰਤੀ ਦੀ ਸਿਰਮੌਰ ਸੰਸਥਾ ਮੰਜਕੀ ਪੰਜਾਬੀ ਸੱਥ ਭੰਗਾਲਾਦੀ ਸੱਜੀ ਬਾਂਹ ਹਨਯੂਰਪੀ ਸੱਥ ਦੇ ਮੋਢੀਆਂ ਚੋਂ, ਵਰ੍ਹਿਆਂ ਤੋਂ ਯੂ.ਕੇ. ਦੀ ਧਰਤੀ ਤੇ ਵਸਦੇ ਅਤੇ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਸੰਘਰਸ਼ਸ਼ੀਲ ਕਵੀ ਤੇ ਸਟੇਜ ਦੇ ਧਨੀ ਸ. ਨਿਰਮਲ ਸਿੰਘ ਕੰਧਾਲਵੀ ਵੀ ਇਸ ਮਿਲਣੀ ਦੀ ਅਹਿਮ ਹਸਤੀ ਸਨਪੰਜਾਬਣ ਮਾਂ ਦੀ ਸੁੱਖਾਂ ਲੱਧੀ ਧੀ ਡਾਕਟਰ ਦਵਿੰਦਰ ਕੌਰ ਜੋ ਕਿ ਇਕ ਗੰਭੀਰ ਕਵਿੱਤਰੀ, ਗਾਇਕਾ ਹੋਣ ਤੋਂ ਇਲਾਵਾ ਸਾਹਿਤਿਕ ਆਲੋਚਨਾ ਦੇ ਖੇਤਰ ਵਿਚ ਵੀ ਇਕ ਪ੍ਰਮੁੱਖ ਨਾਮ ਹੈ, ਹੋਰੀਂ ਵੀ ਇਸ ਸਮੇਂ ਹਾਜ਼ਰ ਸਨਇੰਜ ਹੀ ਗੁਰਮਤਿ ਚਿੰਤਨ. ਮੀਡੀਆ ਪੱਤਰਕਾਰੀ ਅਤੇ ਸਮਾਜਿਕ ਪਰਿਵਰਤਨ ਲਈ ਸਦਾ ਹੀ ਯਤਨਸ਼ੀਲ ਪੰਜਾਬੀਆਂ ਦੀ ਮਾਣਮੱਤੀ ਹਸਤੀ ਸ. ਕੁਲਵੰਤ ਸਿੰਘ ਢੇਸੀ ਹੋਰਾਂ ਦੀ ਮੌਜੂਦਗੀ ਇਸ ਮਿਲਣੀ ਦਾ ਖ਼ਾਸ ਹਾਸਿਲ ਸੀ

-----

ਇਸ ਦੇਸ਼ ਵਿਚ ਵਸਦੇ ਦੱਖਣੀ ਏਸ਼ੀਆ ਦੇ ਵਿਭਿੰਨ ਭਾਈਚਾਰਿਆਂ ਦੀ ਦਿਨ ਰਾਤ ਸੇਵਾ ਵਿਚ ਜੁਟੀ ਪ੍ਰਸਿੱਧ ਹਸਤੀ ਸ. ਦਲ ਸਿੰਘ ਢੇਸੀ ਕੌਂਸਲਰ ਗੁਰਦੇਵ ਸਿੰਘ ਮਣਕੂ ਹੋਰਾਂ ਨੂੰ ਨਾਲ ਲੈ ਕੇ ਹਾਜ਼ਰ ਹੋਏਅੱਜ ਦੀ ਮਿਲਣੀ ਵਿਚ ਉਹਨਾਂ ਨੇ ਬਾਬਾ ਬਲਬੀਰ ਸਿੰਘ ਜੀ ਨੂੰ ਉਹਨਾਂ ਦੀਆਂ ਪ੍ਰਦੂਸ਼ਣ ਮੁਕਤੀ ਸੰਬੰਧੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾਢੇਸੀ ਹੋਰਾਂ ਵਲੋਂ ਪੰਜਾਬੀ ਸੱਥ ਲਾਂਬੜਾ ਦੇ ਸੇਵਾਦਾਰ ਡਾਕਟਰ ਨਿਰਮਲ ਸਿੰਘ ਜੀ ਨੂੰ ਵੀ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ ਗਿਆ

-----

ਸ੍ਰੀ ਮਹਿੰਦਰ ਸਿੰਘ ਦਿਲਬਰ ਜੋ ਕਿ ਸੱਥ ਦੇ ਕਾਰਜਾਂ ਵਿਚ ਕਈ ਮਹੱਤਵਪੂਰਨ ਸੇਵਾਵਾਂ ਨਿਭਾਉਂਦੇ ਹਨ ਅਤੇ ਖ਼ੁਦ ਸਮਾਜ ਸੁਧਾਰਕ ਅਤੇ ਅਗਾਂਹ ਵਧੂ ਕਵੀ ਹਨ, ਇਸ ਸਮੇਂ ਮੌਜੂਦ ਸਨਦਿਲਬਰਹੋਰਾਂ ਦੀ ਕਿਤਾਬ ਕਾਲਾ ਗੁਲਾਬ ਚਿੱਟੀ ਮਹਿਕਅਜੇ ਹੁਣੇ ਹੀ ਪੰਜ ਸਤੰਬਰ ਨੂੰ ਪੰਜਾਬੀ ਸੱਥ ਦੀ ਦਸਵੀਂ ਪਰ੍ਹਿਆ ਵਿਚ ਲੋਕ ਅਰਪਣ ਕੀਤੀ ਗਈ ਹੈਯੂਰਪੀ ਪੰਜਾਬੀ ਸੱਥ ਵਲੋਂ ਛਾਪੀ ਗਈ ਦਿਲਬਰਹੋਰਾਂ ਦੀ ਇਹ ਪਲੇਠੀ ਕਿਤਾਬ ਹੈ

ਹੋਰ ਹਸਤੀਆਂ ਵਿਚੋਂ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਪ੍ਰੋਤਸਾਹਿਤ ਕਰਨ, ਆਪਣੇ ਮੰਜਕੀ ਖੇਤਰ ਦੇ ਪੁਸ਼ਤੈਨੀ ਪਿੰਡ ਸ਼ਾਦੀ ਪੁਰ ਦੀ ਬਾਬਾ ਸੀਚੇਵਾਲ ਜੀ ਦੀ ਅਗਵਾਈ ਨਾਲ ਕਾਇਆ ਕਲਪ ਕਰਨ ਵਾਲੇ ਅਣਥੱਕ ਸਮਾਜ ਸੁਧਾਰਕ ਸ. ਅਜਾਇਬ ਸਿੰਘ ਗਰਚਾ, ਯੂਰਪੀ ਪੰਜਾਬੀ ਸੱਥ ਦੇ ਇਕ ਹੋਰ ਅਹਿਮ ਬੇਲੀ ਸ. ਨਛੱਤਰ ਸਿੰਘ, ਗੁਰਦੁਆਰਾ ਵਿਲਨਹਾਲ ਦੇ ਸਾਬਕਾ ਹੈੱਡ ਗ੍ਰੰਥੀ ਭਾਈ ਜਰਨੈਲ ਸਿੰਘ ਪ੍ਰਭਾਕਰ ਆਪਣੀ ਅਰਧੰਗਣੀ ਸਮੇਤ ਹਾਜ਼ਿਰ ਹੋਏ

-----

ਇਹਨਾਂ ਸਾਰਿਆਂ ਭੈਣਾਂ ਭਰਾਵਾਂ ਅਤੇ ਸੰਤ ਜੀ ਨੂੰ ਜੀ ਆਇਆਂ ਆਖਦਿਆਂ ਮੋਤਾ ਸਿੰਘ ਸਰਾਏ ਹੋਰਾਂ ਸਭ ਦਾ ਹਾਰਦਿਕ ਧੰਨਵਾਦ ਕੀਤਾਉਹਨਾਂ ਪੰਜਾਬੀ ਸੱਥ ਵਲੋਂ ਕੀਤੇ ਜਾਂਦੇ ਕਾਰਜਾਂ ਅਤੇ ਕਾਲੀ ਵੇਈਂ ਦੀ ਕਾਰ ਸੇਵਾ ਦੀ ਮੁਹਿੰਮ ਸੰਬੰਧੀ ਖੋਲ੍ਹ ਕੇ ਦੱਸਿਆਉਹਨਾਂ ਮਾਂ-ਬੋਲੀ ਦੀ ਯੂਰਪੀ ਦੇਸ਼ਾਂ ਵਿਚ ਹਾਲਤ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਆਪਾਂ ਸਾਰੇ ਨਿੱਕੇ ਮੋਟੇ ਗਿਲੇ ਸ਼ਿਕਵੇ ਮੁਕਾ ਕੇ ਸੰਤ ਜੀ ਵਾਂਗ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਭਾਈਚਾਰੇ ਦੀ ਸੇਵਾ ਵਿਚ ਜੁੱਟ ਜਾਈਏ ਤਾਂ ਨਤੀਜੇ ਜ਼ਰੂਰ ਹੀ ਹਾਂ ਪੱਖੀ ਨਿਕਲਣਗੇਉਹਨਾਂ ਬਾਬਾ ਜੀ ਵਲੋਂ ਕੀਤੇ ਕਾਰਜਾਂ ਤੋਂ ਸੇਧ ਲੈਂਦਿਆਂ, ਧੜੇਬੰਦੀਆਂ, ਵੰਡਾਂ ਦਰ ਵੰਡਾਂ ਨੂੰ ਇਕ ਪਾਸੇ ਰਖਦਿਆਂ, ਸੌੜੀਆਂ ਸਿਆਸਤਾਂ ਅਤੇ ਘੜੰਮ ਚੌਧਰੀਆਂ ਤੋਂ ਬਚਦਿਆਂ ਸਾਰਿਆਂ ਨੂੰ ਇਕ ਲੜੀ ਵਿਚ ਪ੍ਰੋ ਕੇ ਗੰਭੀਰਤਾ ਨਾਲ ਸੋਚਣ ਲਈ ਹੀ ਨਹੀਂ ਸਗੋਂ ਅਮਲ ਕਰਨ ਦੀ ਸਲਾਹ ਦਿਤੀ

-----

ਯੂਰਪੀ ਪੰਜਾਬੀ ਸੱਥ ਵਲੋਂ ਛਾਪੀਆਂ ਗਈਆਂ 85 ਕਿਤਾਬਾਂ, ਵਿਰਾਸਤੀ ਕੈਲੰਡਰ, ਦੋ ਦੋ ਤੋਲੇ ਦੇ ਖਰੇ ਸੋਨੇ ਦੇ ਮੈਡਲਾਂ ਨਾਲ ਹਰੇਕ ਸਾਲ ਹੋਣ ਵਾਲੇ ਸਨਮਾਨ ਸਮਾਗਮ, ਕੁਇੰਟਲਾਂ ਦੇ ਹਿਸਾਬ ਨਾਲ ਪੰਜਾਬ ਤੋਂ ਆਪਣੇ ਖ਼ਰਚੇ ਤੇ ਲਿਆਂਦੀਆਂ ਕਿਤਾਬਾਂ ਨੂੰ ਸਿਰਫ਼ ਯੂ.ਕੇ. ਹੀ ਨਹੀਂ ਸਗੋਂ ਯੂਰਪ ਭਰ ਤੀਕ ਪਹੁੰਚਾਉਣ ਸੰਬੰਧੀ ਜਾਣਕਾਰੀ ਦੇ ਕੇ ਅਜਿਹੇ ਸਾਰੇ ਖ਼ਦਸ਼ਿਆਂ ਤੋਂ ਸਾਰਿਆਂ ਨੂੰ ਮੁਕਤ ਕਰ ਦਿਤਾ ਕਿ ਪੰਜਾਬੀ ਬੋਲੀ ਮਰ ਰਹੀ ਹੈਸੱਥ ਵਲੋਂ ਪਾਈ ਨਵੀਂ ਪਿਰਤ, ਲੇਖਕਾਂ ਅਤੇ ਵਿਦਵਾਨਾਂ ਦੀਆਂ ਸੁਪਤਨੀਆਂ ਨੂੰ ਸਨਮਾਨਿਤ ਕਰਨਾ, ਆਪਣੇ ਆਪ ਵਿਚ ਹੀ ਪੰਜਾਬੀ ਸਭਿਆਚਾਰ ਦਾ ਇਕ ਇਤਿਹਾਸਕ ਮੋੜ ਹੈਮੋਤਾ ਸਿੰਘ ਹੋਰਾਂ ਬਾਬਾ ਜੀ ਨੂੰ ਆਪਣੇ ਪ੍ਰਵਚਨਾਂ ਰਾਹੀਂ ਸਰੋਤਿਆਂ ਨੂੰ ਨਿਹਾਲ ਕਰਨ ਲਈ ਬੇਨਤੀ ਕੀਤੀ

-----

ਬਾਬਾ ਜੀ ਨੇ ਵੇਈਂ ਦੇ ਕਾਰਜਾਂ ਤੋਂ ਵੀ ਪਹਿਲਾਂ ਰਸਤਿਆਂ,ਸੜਕਾਂ ਦੀ ਸੇਵਾ, ਖੇਡਾਂ, ਰੁੱਖ ਲਾਉਣ, ਕਵੀ ਦਰਬਾਰਾਂ ਅਤੇ ਸਕੂਲ ਖੋਲ੍ਹਣ ਸੰਬੰਧੀ ਦੱਸਦਿਆਂ ਕਿਹਾ ਕਿ ਜੇ ਅਸੀਂ ਨਾਂਹ-ਪੱਖੀ ਵਿਚਾਰਾਂ ਤੋਂ ਖਹਿੜਾ ਛੁਡਵਾ ਕੇ ਹਾਂ-ਪੱਖੀ ਵਿਚਾਰਾਂ ਦੇ ਧਾਰਨੀ ਬਣ ਜਾਈਏ ਤਾਂ ਕੁਝ ਵੀ ਅਸੰਭਵ ਨਹੀਂ15 ਜੁਲਾਈ 2010 ਵਿਚ ਜਲੰਧਰ ਵਿਖੇ ਪੰਜਾਬੀ ਸੱਥਅਤੇ ਧਰਤਿ ਸੁਹਾਵੀਦੇ ਇਕ ਭਰਵੇਂ ਸਮਾਗਮ ਸਮੇਂ ਸੰਤਾਂ ਵਲੋਂ ਕਾਲੀ ਵੇਈਂ ਦੀ, ਸਿੱਖੀ ਦੇ ਸੋਮੇ ਸੁਲਤਾਨ ਪੁਰ ਲੋਧੀ ਤੋਂ ਸ਼ੁਰੂ ਹੋਈ ਕਾਰ ਸੇਵਾ ਦਾ ਪਿਛਲੇ ਦਸਾਂ ਸਾਲਾਂ ਦਾ ਲੇਖਾ ਕਰਦਿਆਂ ਉਹਨਾਂ ਕਿਹਾ ਕਿ ਬਦਲਵੇਂ ਵਿਕਾਸ ਦਾ ਸੰਗਤ ਦੇ ਸਹਿਯੋਗ ਨਾਲ ਗੁਰਮਤਿ ਵਾਲਾ ਇਹ ਇਕ ਅਦਭੁੱਤ ਨਮੂਨਾ ਹੈਇਹਦੀ ਸ਼ੋਭਾ ਪੰਜਾਬ, ਭਾਰਤ, ਤੋਂ ਹੁੰਦੀ ਹੋਈ ਅੱਜ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀ ਹੈਸਾਨੂੰ ਪੰਜਾਬੀਆਂ ਨੂੰ ਮਾਣ ਹੈ ਕਿ ਅਸੀਂ ਆਪਣੇ ਗੁਰੂ ਸਾਹਿਬ ਦੀ ਬਖ਼ਸ਼ਿਸ਼ ਦੇ ਨਾਲ ਅੱਜ ਹੀਣ ਭਾਵਨਾ ਤੋਂ ਮੁਕਤ ਹੋ ਕੇ ਕੁੱਲ ਸੰਸਾਰ ਨੂੰ ਸੇਧ ਦੇਣ ਤੱਕ ਦਾ ਪੈਂਡਾ ਮਾਰਿਆ ਹੈਬਾਬਾ ਜੀ ਨੇ ਉਹਨਾਂ ਦੇ ਰਾਹ ਵਿਚ ਪਾਏ ਗਏ ਅੜਿੱਕੇ ਤੇ ਆਈਆਂ ਦੁਸ਼ਵਾਰੀਆਂ ਦਾ ਜ਼ਿਕਰ ਵੀ ਬੇਬਾਕੀ ਨਾਲ ਕੀਤਾ ਤੇ ਦੱਸਿਆ ਕਿ ਜੇ ਆਪਾਂ ਸਾਰੇ ਇਵੇਂ ਹੀ ਰਲ ਮਿਲ ਕੇ, ਆਪਸੀ ਰੰਜ਼ਿਸ਼ਾਂ ਮਿਟਾ ਕੇ ਚਲਦੇ ਰਹੇ ਤਾਂ ਕੁਝ ਸਾਲਾਂ ਵਿਚ ਹੀ ਪੰਜਾਬ ਦੀ ਧਰਤੀ ਉੱਤੇ ਮੋੜ ਅਵੱਸ਼ ਆਵੇਗਾਉਹਨਾਂ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਭੈਣਾਂ ਭਰਾਵਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਏਸ ਮੁਹਿੰਮ ਵਿਚ ਹਰੇਕ ਪ੍ਰਕਾਰ ਦਾ ਸਾਥ ਦਿਤਾ

-----

ਪੰਜਾਬੀ ਸੱਥ ਲਾਂਬੜਾ ਤੋਂ ਆਏ ਡਾਕਟਰ ਨਿਰਮਲ ਸਿੰਘ ਹੋਰਾਂ ਨੇ ਦੇਸ ਪ੍ਰਦੇਸ ਦੀਆਂ ਸੱਥਾਂ ਦੀਆਂ ਸਰਗ਼ਰਮੀਆਂ, ਬਾਬਾ ਸੀਚੇਵਾਲ ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਇਤਿਹਾਸਕ ਮੋੜ ਦੱਸਦਿਆਂ ਇਹਨਾਂ ਦੇ ਲੁਕੇ ਹੋਏ ਪੱਖਾਂ ਉੱਤੇ ਚਾਨਣਾ ਪਾਇਆਉਹਨਾਂ ਬਾਬਾ ਜੀ ਨੂੰ ਅਤੇ ਸਾਰੀਆਂ ਸੰਗਤਾਂ ਨੂੰ ਮਿਲ ਬੈਠ ਕੇ ਸੰਜੀਦਗੀ ਨਾਲ ਸੋਚਣ ਦੀ ਇਸ ਪ੍ਰਕਿਰਿਆ ਦੀ ਵਧਾਈ ਦਿਤੀਗੁਰਬਾਣੀ ਦੇ ਫ਼ਲਸਫ਼ੇ ਮੁਤਾਬਿਕ ਕਿਸੇ ਉੱਤੇ ਆਸ ਰੱਖਣ ਦੀ ਥਾਂ ਆਪਣੇ ਕਾਰਜ ਆਪ ਸੰਵਾਰਨ ਵਲ ਪਰਤਣ ਲਈ ਉਹਨਾਂ ਨੇ ਉਚੇਚੀ ਬੇਨਤੀ ਕੀਤੀਕੁਲਵੰਤ ਸਿੰਘ ਢੇਸੀ, ਅਜਾਇਬ ਸਿੰਘ ਗਰਚਾ, ਨਿਰਮਲ ਸਿੰਘ ਕੰਧਾਲਵੀ ਹੋਰਾਂ ਨੇ ਕਈ ਮੁੱਲਵਾਨ ਸੁਝਾਉ ਦਿਤੇ

-----

ਸਰਾਏ ਪਰਿਵਾਰ ਵਲੋਂ ਬੜੀ ਸ਼ਰਧਾਪੂਰਵਕ ਸਾਰੀ ਸੰਗਤ ਨੂੰ ਜਲ-ਪਾਣੀ ਛਕਾਇਆ ਗਿਆਅਸਲ ਵਿਚ ਇਹ ਸਾਰਾ ਸਮਾਗਮ ਇਕ ਹਿਸਾਬ ਨਾਲ ਏਸ ਨਵੇਂ ਘਰ ਵਿਚ ਗ੍ਰਹਿ-ਪ੍ਰਵੇਸ਼ ਵਾਂਗ ਹੀ ਹੋ ਨਿਬੜਿਆਸੰਤਾਂ ਨਾਲ ਨਿੱਘੀਆਂ ਤੇ ਮੋਹ ਭਰੀਆਂ ਗੱਲਾਂ ਕਾਰਨ ਮਾਹੌਲ ਸਹਿਜ ਵੀ ਸੀ ਤੇ ਸੁਹਾਵਣਾ ਵੀਸਭ ਨੇ ਰਲ ਮਿਲ ਕੇ ਤਕਰੀਬਨ ਦੋ ਘੰਟੇ ਚੱਲੇ ਇਸ ਮਿਲਾਪ ਰੂਪੀ ਗੰਭੀਰ ਸਮਾਗਮ ਦਾ ਆਨੰਦ ਮਾਣਿਆਬਾਬਾ ਜੀ ਨੂੰ ਲਿਆਉਣ ਦੀ ਸੇਵਾ ਸ. ਬਲਦੇਵ ਸਿੰਘ ਦਿਉਲ ਅਤੇ ਸ. ਅਰਜਨ ਸਿੰਘ ਹੋਰਾਂ ਨੇ ਨਿਭਾਈ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ