Saturday, November 29, 2008

ਹਰਜਿੰਦਰ ਸਿੰਘ ਸੰਧੂ ਦੀ ਪਲੇਠੀ ਕਿਤਾਬ 'ਅੱਗ ਦੇ ਅੱਥਰੂ' ਰਿਲੀਜ਼







ਹਰਜਿੰਦਰ ਸਿੰਘ ਸੰਧੂ ਦੀ ਪਲੇਠੀ ਕਿਤਾਬ 'ਅੱਗ ਦੇ ਅੱਥਰੂ' ਰਿਲੀਜ਼
ਰਿਪੋਰਟ: ਨਿਰਮਲ ਕੰਧਾਲ਼ਵੀ
23 ਅਪ੍ਰੈਲ 2008 ਦਿਨ ਬੁੱਧਵਾਰ ਨੂੰ ਸ਼ਾਮ ਦੇ ਛੇ ਵਜੇ ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ, ਸੋਹੋ ਰੋਡ, ਬਰਮਿੰਘਮ ( ਯੂ.ਕੇ.)ਵਿਖੇ ਪੰਜਾਬੀ ਸੱਥ ਲਾਂਬੜਾ (ਪੰਜਾਬ ) ਦੀ ਯੂ.ਕੇ. ਅਤੇ ਯੂਰਪੀਨ ਇਕਾਈ ਵਲੋਂ, ਹਰਜਿੰਦਰ ਸਿੰਘ ਸੰਧੂ ਦੀ ਪਲੇਠੀ ਕਿਤਾਬ “ ਅੱਗ ਦੇ ਅੱਥਰੂ” ਜਾਰੀ ਕੀਤੀ ਗਈ।ਆਸਟਰੇਲੀਆ ਤੋਂ ਆਏ ਵਿਸ਼ੇਸ਼ ਮਹਿਮਾਨ ਲੇਖ਼ਕ ਗਿਆਨੀ ਸੰਤੋਖ ਸਿੰਘ ਅਤੇ ਵਲੈਤ ਦੀ ਧਰਤ ਤੋਂ ਅਜਮੇਰ ਸਿੰਘ ਕਵੈਂਟਰੀ ਹੋਰੀਂ ਇਸ ਰਸਮ ਨੂੰ ਨਿਭਾਉਣ ਦਾ ਸ਼ਰਫ਼ ਹਾਸਲ ਕੀਤਾ।
ਸਮਾਗਮ ਵਿਚ ਮਿੱਡਲੈਂਡ ਦੇ ਮੰਨੇ-ਪ੍ਰਮੰਨੇ ਕਵੀਆਂ ਤੋਂ ਇਲਾਵਾ ਹੋਰ ਉੱਘੀਆਂ ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਵੀ ਸ਼ਾਮਲ ਹੋਈਆਂ ਜਿਨ੍ਹਾਂ ਵਿਚ ਖੇਡ-ਸੰਸਾਰ ਦੇ ਸਿਤਾਰੇ ਝਲਮਣ ਸਿੰਘ ,ਜਸਪਾਲ ਸਿੰਘ ਬੈਂਸ ਈਸਟਰਨ ਮੀਡੀਆ ਤੋਂ, ਕੌਂਸਲਰ ਚਮਨ ਲਾਲ, ਮਨਮੋਹਨ ਸਿੰਘ ਮਹੇੜੂ, ਅਵਤਾਰ ਸਿੰਘ ਅਬਰੋਲ ਤੇ ਬੀਬੀ ਗੁਰਦੇਵ ਕੌਰ,ਗੁਰਜੀਤ ਸਿੰਘ ਤੱਖਰ, ਵੀਰ ਸਿੰਘ ਢਿੱਲੋਂ ਉਰਫ਼ ਸੋਖਾ ਮੀਓਂਵਾਲੀਆ,ਜਰਨੈਲ ਸਿੰਘ ਪ੍ਰਭਾਕਰ,ਗ੍ਰੰਥੀ ਸਤਨਾਮ ਸਿੰਘ ਅਤੇ ਗ੍ਰੰਥੀ ਨਿਰਮਲ ਸਿੰਘ।
ਸਮਾਗਮ ਦੀ ਸ਼ੁਰੂਆਤ ਕਰਦਿਆਂ ਸਟੇਜ ਸਕੱਤਰ ਨਿਰਮਲ ਸਿੰਘ ਕੰਧਾਲਵੀ ਹੋਰੀਂ ਹਰਜਿੰਦਰ ਸਿੰਘ ਸੰਧੂ ਦੀ ਕਿਤਾਬ ‘ਚੋਂ ਕੁਝ ਦਿਲ ਟੁੰਬਵੀਆਂ ਸਤਰਾਂ ਸੁਣਾ ਕੇ ਸਮਾਗਮ ਦਾ ਮੁੱਢ ਬੰਨ੍ਹਿਆਂ।ਇਸ ਤੋਂ ਬਾਅਦ ਸਰਦਾਰ ਮੋਤਾ ਸਿੰਘ ਸਰਾਏ ਹੋਰੀਂ ਪੰਜਾਬੀ ਸੱਥ ਦੀਆਂ ਸਰਗਰਮੀਆਂ ਉੱਪਰ ਪੰਛੀ-ਝਾਤ ਪੁਆਈ ਤੇ ਹਰਜਿੰਦਰ ਸਿੰਘ ਸੰਧੂ ਨੂੰ ਉਹਦੀ ਪਲੇਠੀ ਕਿਤਾਬ ਛਪਣ ‘ਤੇ ਵਧਾਈ ਦਿੱਤੀ।ਹਰਜਿੰਦਰ ਸਿੰਘ ਸੰਧੂ ਨੇ ਆਪਣੀ ਕਿਤਾਬ ਅਤੇ ਆਪਣੀ ਸ਼ਾਇਰੀ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ।
ਇਸ ਤੋਂ ਬਾਅਦ ਕਵੀ ਦਰਬਾਰ ਸ਼ੁਰੂ ਹੋਇਆ ਜਿਸ ਵਿਚ ਸਰਬ ਸ਼੍ਰੀ ਮਨਜੀਤ ਸਿੰਘ ਕਮਲਾ,ਦਲਬੀਰ ਕੌਰ,ਹਰਬੰਸ ਸਿੰਘ ਜੰਡੂ,ਚੰਨ ਜੰਡਿਆਲਵੀ,ਨਿਰਮਲ ਸਿੰਘ ਕੰਧਾਲਵੀ,ਮਹਿੰਦਰ ਸਿੰਘ ਦਿਲਬਰ,ਸੁਰਿੰਦਰ ਸਿੰਘ ਸਾਗਰ,ਸੋਹਣ ਸਿੰਘ ਭੂਖੜੀਵਾਲਾ,ਰਾਜ ਕੁਮਾਰ ਲਾਲੀ,ਤਾਰਾ ਸਿੰਘ ਤਾਰਾ,ਸੰਤੋਖ ਸਿੰਘ ਹੇਅਰ,ਕੁਲਵੰਤ ਸਿੰਘ ਢੇਸੀ,ਸੁਰਿੰਦਰਪਾਲ ਸਿੰਘ ਅਤੇ ਕਵੈਂਟਰੀ ਤੋਂ ਹੀ ਗਾਖਲ ਹੋਰੀਂ ਆਪਣਾ ਕਲਾਮ ਸੁਣਾ ਕੇ ਸਮਾਗਮ ਦੀ ਰੌਣਕ ਨੂੰ ਵਧਾਇਆ।
ਗਿਆਨੀ ਸੰਤੋਖ ਸਿੰਘ ਅਤੇ ਅਜਮੇਰ ਸਿੰਘ ਕਵੈਂਟਰੀ ਹੋਰੀਂ ਕਿਤਾਬ ਨੂੰ ਚਾਂਦੀ-ਰੰਗੇ ਕਾਗਜ਼ਾਂ ਦੀ ਬੁੱਕਲ ‘ਚੋਂ ਕੱਢ ਕੇ ਸਰੋਤਿਆਂ ਦੇ ਰੂਬਰੂ ਕੀਤਾ।ਗਿਆਨੀ ਜੀ ਅਤੇ ਅਜਮੇਰ ਹੋਰੀਂ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਸੰਬੰਧੀ ਬੜੇ ਨਿੱਗਰ ਵਿਚਾਰ ਪੇਸ਼ ਕੀਤੇ।ਪੰਜਾਬੀ ਭਾਸ਼ਾ ਸੰਬੰਧੀ ਸਭ ਦੇ ਇਹੋ ਵਿਚਾਰ ਸਨ ਕਿ ਇਕੱਲੇ ਮਤੇ ਪਾਸ ਕਰ ਕੇ ਕੁਝ ਨਹੀਂ ਹੋਣਾ ਜਿਤਨਾ ਚਿਰ ਆਪਣੀ ਮਾਂ-ਬੋਲੀ ਨੂੰ ਪਿਆਰ ਕਰਨ ਵਾਲੇ ਲੋਕ ਕਮਰ-ਕੱਸਾ ਕਰ ਕੇ ਖ਼ੁਦ ਸੰਘਰਸ਼ ਨਹੀਂ ਕਰਦੇ।
ਸਿੱਖ ਕਮਿਊਨਿਟੀ ਐਂਡ ਯੂਥ ਸਰਵਿਸ ਦੇ ਚੇਅਰਮੈਨ ਦਲ ਸਿੰਘ ਢੇਸੀ ਹੋਰੀਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗਿਆਨੀ ਸੰਤੋਖ ਸਿੰਘ ਜੀ ਨੂੰ ਭਗਤ ਧੰਨਾ ਜੀ ਮੈਮੋਰੀਅਲ ਸ਼ੀਲਡ ਨਾਲ ਸਨਮਾਨਿਤ ਕੀਤਾ ।
ਸਮਾਗਮ ਵਿਚ ਹਾਜ਼ਰ ਸਭ ਸਰੋਤਿਆਂ ਨੂੰ ਬੇਨਤੀ ਕੀਤੀ ਗਈ ਕਿ ਉਹ ਪੰਜਾਬੀ ਸੱਥ ਵਲੋਂ ਵਿਭਿੰਨ ਵਿਸ਼ਿਆਂ ਉੱਪਰ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਜ਼ਰੂਰ ਲੈ ਕੇ ਜਾਣ ਤੇ ਪੜ੍ਹਨ।
ਆਏ ਮਹਿਮਾਨਾਂ ਦੀ ਚਾਹ-ਪਾਣੀ ਨਾਲ ਸੇਵਾ ਕੀਤੀ ਗਈ।
ਨੋਟ:- ਪੰਜਾਬੀ ਸੱਥ ਵਲੋਂ ਇਸੇ ਲੜੀ ਦਾ ਅਗਲਾ ਪ੍ਰੋਗਰਾਮ 11 ਮਈ 2008 ਦਿਨ ਐਤਵਾਰ ਨੂੰ ਦੁਪਿਹਰ ਦੇ ਇਕ ਵਜੇ ਗੁਰੂ ਨਾਨਕ ਗੁਰਦੁਆਰਾ, ਐਡਵਰਡ ਸਟਰੀਟ, ਵੈਸਟ ਬਰਾਮਿਚ ( ਵੈਸਟ ਮਿਡਲੈਂਡਜ਼ ) ਦੇ ਕਮਿਊਨਿਟੀ ਸੈਂਟਰ ਵਿਚ ਕੀਤਾ ਜਾ ਰਿਹਾ ਹੈ ਜਿਸ ਵਿਚ ਪਰਕਾਸ਼ ਸਿੰਘ ਆਜ਼ਾਦ ਦੀ ਕਿਤਾਬ “ਜਦ ਰੋਈ ਧਰਤ ਪੰਜਾਬ ਦੀ” ਜਾਰੀ ਕੀਤੀ ਜਾਵੇਗੀ।

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ