Wednesday, November 19, 2008

ਇੰਦਰਜੀਤ ਨੰਦਨ ਦੀ ਪੁਸਤਕ ’ਤੇ ਗੋਸ਼ਟੀ


ਇੰਦਰਜੀਤ ਨੰਦਨ ਦੀ ਪੁਸਤਕ 'ਤੇ ਗੋਸ਼ਟੀ
ਰਿਪੋਰਟਰ: ਜਸਵੀਰ ਹੁਸੈਨ ( ਇੰਡੀਆ)
ਨੌਜਵਾਨ ਕਵਿੱਤਰੀ ਇੰਦਰਜੀਤ ਨੰਦਨ ਦੀ ਪੁਸਤਕ ‘ਸ਼ਹੀਦ ਭਗਤ ਸਿੰਘ ਅਣਥੱਕ ਜੀਵਨ ਗਾਥਾ’ ਉੱਪਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਹ ਗੋਸ਼ਟੀ ਸ਼ਬਦ ਮੰਡਲ ਵਲੋਂ ਕਰਵਾਈ ਗਈ। ਪੁਸਤਕ ’ਤੇ ਪਰਚਾ ਡਾ. ਤਜਿੰਦਰ ਵਿਰਲੀ ਨੇ ਪੇਸ਼ ਕੀਤਾ। ਪੇਪਰ ’ਚ ਉਹਨਾਂ ਨੇ ਕਿਹਾ ਕਿ ਇੰਦਰਜੀਤ ਦੀ ਇਹ ਲੰਬੀ ਕਵਿਤਾ ਸ਼ਹੀਦ ਭਗਤ ਸਿੰਘ ਦੇ ਬਿੰਬ ਨੂੰ ਬੜੀ ਖ਼ੂਬਸੂਰਤੀ ਨਾਲ ਉਭਾਰਦੀ ਹੈ। ਭਗਤ ਸਿੰਘ ਨੂੰ ਨਾਇਕ ਦੇ ਰੂਪ ’ਚ ਉਭਾਰਨ ਵਾਲਾ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ, ਪਰੰਤੂ ਇਹ ਕਾਵਿ ਭਗਤ ਸਿੰਘ ਦੀ ਵਿਚਾਰਧਾਰਾ ਦੇ ਨਾਲ ਜੁੜ ਕੇ ਲਿਖਿਆ ਗਿਆ ਹੈ। ਇਹ ਇਸ ਸਮੇਂ ਦੀ ਬਹੁਤ ਜ਼ਰੂਰਤ ਸੀ।
ਪ੍ਰੋ: ਜਗਵਿੰਦਰ ਯੋਧਾ ਨੇ ਪੁਸਤਕ ਦੇ ਮਹਾਂਕਾਵਿ ਹੋਣ ਦੀਆਂ ਸੰਭਾਵਨਾਵਾਂ ’ਤੇ ਵਿਸਤਾਰ ਨਾਲ ਰੌਸ਼ਨੀ ਪਾਈ। ਉਹਨਾਂ ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਵੀ ਕਿਹਾ ਕਿ ਭਗਤ ਸਿੰਘ ਦੀ ਜਨਮ ਸ਼ਤਾਬਦੀ ਹੋਣ ਕਰਕੇ ਬਹੁਤ ਸਾਰਾ ਸਾਹਿਤ ਇਸ ਸਬੰਧੀ ਰਚਿਆ ਗਿਆ ਹੈ। ਉਹਨਾਂ ਸਾਹਿਤ ਉੱਪਰ ਮੰਡੀ ਦੇ ਪੈ ਰਹੇ ਪ੍ਰਭਾਵ ਦੀ ਗੱਲ ਆਖੀ। ਜਿਸ ਸਬੰਧੀ ਬਾਅਦ ਵਿਚ ਇੰਦਰਜੀਤ ਨੰਦਨ ਨੇ ਆਪਣੀ ਇਸ ਰਚਨਾ ਬਾਰੇ ਦੱਸਦਿਆਂ ਯੋਧਾ ਦੇ ਇਸ ਵਿਚਾਰ ਨਾਲ ਅਸਹਿਮਤੀ ਪ੍ਰਗਟਾਈ। ਡਾ. ਰਾਮ ਮੂਰਤੀ ਨੇ ਲੇਖਿਕਾ ਨੂੰ ਵਧਾਈ ਦਿੰਦਿਆਂ ਉਸਦੀ ਕਾਵਿ ਸਮਰੱਥਾ ਦੀ ਪੜਤਾਲ ਕੀਤੀ। ਉਹਨਾਂ ਨੇ ਇਸ ਵਿਚ ਕੁਝ ਛੰਦਾਵਲੀ ਦੀ ਸਮੱਸਿਆ ਦਾ ਜ਼ਿਕਰ ਕੀਤਾ। ਇਸਤੋਂ ਬਾਅਦ ਨੌਜਵਾਨ ਆਲੋਚਕ ਹਰਵਿੰਦਰ ਭੰਡਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਜਦੋਂ ਇਸ ਦੌਰ ਵਿਚ 'ਮੈਂ ਮੁਖੀ' ਕਵਿਤਾ ਵਧੇਰੇ ਰਚੀ ਜਾ ਰਹੀ ਹੈ, ਅਜਿਹੇ ਸਮੇਂ ਅਜਿਹੀ ਕਵਿਤਾ ਦੀ ਆਮਦ ਦਾ ਹੋਣਾ ਪੰਜਾਬੀ ਕਵਿਤਾ ਲਈ ਚੰਗੀ ਗੱਲ ਹੈ। ਉਹਨਾਂ ਨੇ ਇਸ ਅਲੱਗ ਕਿਸਮ ਦੀ ਸ਼ਾਇਰੀ ਕਰਨ ਲਈ ਇੰਦਰਜੀਤ ਨੰਦਨ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਤਸਕੀਨ ਤੇ ਕਰਨੈਲ ਸਿੰਘ ਨਿੱਝਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਤਸਕੀਨ ਨੇ ਜਿੱਥੇ ਜਗਵਿੰਦਰ ਯੋਧਾ ਅਤੇ ਡਾ.ਰਾਮ ਮੂਰਤੀ ਦੀ ਗੱਲ ਨੂੰ ਅੱਗੇ ਤੋਰਿਆ ਉੱਥੇ ਕਰਨੈਲ ਸਿੰਘ ਨਿੱਝਰ ਨੇ ਕਿਹਾ ਕਿ ਇਸ ਪੁਸਤਕ ਦੇ ਕਾਵਿ ’ਚੋਂ ਇੰਦਰਜੀਤ ਨੰਦਨ ਦੀ ਲਗਨ ਤੇ ਮਿਹਨਤ ਝਲਕਦੀ ਹੈ। ਉਹਨਾਂ ਇਹ ਵੀ ਕਿਹਾ ਕਿ ਪੁਸਤਕ ਦਾ ਪਾਠ ਕਰਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਵਿੱਤਰੀ ਨੇ ਕਿੰਨਾ ਅਧਿਐਨ ਕੀਤਾ ਹੈ। ਬਾਅਦ ਵਿਚ ਪ੍ਰੋ: ਜਗਮੋਹਨ ਸਿੰਘ ਨੇ ਪੁਸਤਕ ਲਈ ਜਿੱਥੇ ਇੰਦਰਜੀਤ ਦੀ ਇਸ ਕਾਵਿ ਲਈ ਕੀਤੀ ਗਈ ਮਿਹਨਤ ਨੂੰ ਸਰਾਹਿਆ ਉੱਥੇ ਹੀ ਉਹਨਾਂ ਭਗਤ ਸਿੰਘ ਦੁਆਰਾ ਕੀਤੇ ਗਏ ਪੁਸਤਕਾਂ ਦੇ ਅਧਿਐਨ ਬਾਰੇ ਵਿਸਥਾਰ ਵਿੱਚ ਦੱਸਿਆ। ਅੰਤ ਵਿੱਚ ਕਵਿੱਤਰੀ ਨੇ ਆਲੋਚਕਾਂ ਦੁਆਰਾ ਪੁਸਤਕ ਸਬੰਧੀ ਉਠਾਏ ਗਏ ਨੁਕਤਿਆਂ ਬਾਰੇ ਚਰਚਾ ਕੀਤੀ । ਇਸ ਮੌਕੇ ’ਤੇ ਪ੍ਰੇਮ ਪ੍ਰਕਾਸ਼ ਪ੍ਰੋ. ਜਗਮੋਹਨ ਸਿੰਘ, ਡਾ. ਜਸ ਮੰਡ, ਮੋਹਨ ਸਪਰਾ, ਕਰਨੈਲ ਸਿੰਘ ਨਿਝਰ, ਕੁਲਦੀਪ ਸਿੰਘ ਬੇਦੀ, ਸੁਕੀਰਤ, ਡਾ ਕੀਰਤੀ ਕੇਸਰ, ਡਾ ਰਜਨੀਸ਼ ਬਹਾਦਰ ਸਿੰਘ, ਬਲਬੀਰ ਪਰਵਾਨਾ, ਡਾ ਬਲਵੇਂਦਰ ਸਿੰਘ, ਪ੍ਰੋ ਸੁਰਜੀਤ ਜੱਜ, ਸੁਖਵੰਤ, ਆਰਿਫ਼ ਗੋਬਿੰਦਪੁਰੀ, ਸ਼ਬਦ ਮੰਡਲ ਵੱਲੋਂ ਰੀਤੂ ਕਲਸੀ, ਨਵਿਅਵੇਸ਼ ਨਵਰਾਹੀ, ਜਸਵੀਰ ਹੁਸੈਨ, ਅਸ਼ੋਕ ਕਾਸਿਦ, ਦੀਪ ਨਿਰਮੋਹੀ ਸ਼ਾਮਿਲ ਸਨ। ਮੰਚ ਸੰਚਾਲਨ ਜਸਵੀਰ ਹੁਸੈਨ ਅਤੇ ਮਨਦੀਪ ਕੌਰ ਕੰਗ ਨੇ ਕੀਤਾ।

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ