Tuesday, November 18, 2008

ਪੰਜਾਬੀ ਸਾਹਿਤ ਨੂੰ ਪਹਿਲੀ ਵਾਰ ਸੰਸਕ੍ਰਿਤੀ ਪੁਰਸਕਾਰ




ਪੰਜਾਬੀ ਸਾਹਿਤ ਨੂੰ ਪਹਿਲੀ ਵਾਰ ਸੰਸਕ੍ਰਿਤੀ ਪੁਰਸਕਾਰ
ਰਿਪੋਰਟਰ - ਰੀਤੂ ਕਲਸੀ ( ਇੰਡੀਆ)
14 ਨਵੰਬਰ 2008 ਨੂੰ ਇੰਡੀਆ ਇੰਟਰਨੈਸ਼ਨਲ ਸੈਂਟਰ ਦਿੱਲੀ ਵਿਖੇ ਸੰਸਕ੍ਰਿਤੀ ਪੁਰਸਕਾਰ ਵੰਡ ਸਮਾਰੋਹ ਕੀਤਾ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਮੈਗਸਸੇ ਐਵਾਰਡ ਜੇਤੂ ਅਰੁਨਾ ਰਾਏ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸਮਾਗਮ ਦਾ ਸ਼ੁਰੂਆਤੀ ਭਾਸ਼ਣ ਪ੍ਰਸਿੱਧ ਹਿੰਦੀ ਕਵੀ ਅਤੇ ਸੰਸਕ੍ਰਿਤੀ ਐਵਾਰਡ ਕਮੇਟੀ ਦੇ ਚੇਅਰਮੈਨ ਸ਼੍ਰੀ ਅਸ਼ੋਕ ਵਾਜਪਾਈ ਨੇ ਕੀਤਾ। ਉਹਨਾਂ ਆਪਣੇ ਭਾਸ਼ਣ ਵਿਚ ਇਸ ਗੱਲ ਵੱਲ ਉਚੇਚਾ ਧਿਆਨ ਦੁਆਇਆ,‘‘ ਸੰਸਕ੍ਰਿਤੀ ਪੁਰਸਕਾਰ, ਮੁਲਾਂਕਣ, ਆਪਣੀ ਸਿਰਜਨਾਤਮਿਕ ਆਭਾ, ਕਲਪਨਾਸ਼ੀਲਤਾ ਅਤੇ ਉਜਾਲੇ ਦੀ ਪ੍ਰਤਿਸ਼ਟਤਾ ਦਾ ਪੁਰਸਕਾਰ ਹੈ। ਇਹ ਪੁਰਸਕਾਰ ਉਹਨਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਸਲ ਵਿਚ ਕੁੱਝ ਅੱਛਾ ਰਚਨਾਤਮਿਕ ਕੰਮ ਕੀਤਾ ਹੁੰਦਾ ਹੈ ਅਤੇ ਉਹਨਾਂ ਵਿੱਚ ਅੱਗੇ ਤੋਂ ਵੀ ਇਹ ਕੰਮ ਕਰਨ ਦੀ ਸੰਭਾਵਨਾ ਪਾਈ ਜਾਂਦੀ ਹੈ। ਇਹ ਪੁਰਸਕਾਰ ਇਕ ਪਾਰਦਰਸ਼ੀ ਪੁਰਸਕਾਰ ਹੈ, ਕੋਈ ਸਮਝੌਤਾ ਨਹੀਂ ਹੈ।’’
ਸੰਸਕ੍ਰਿਤੀ ਪੁਰਸਕਾਰਾਂ ਦੇ 29 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਇਹ ਪੁਰਸਕਾਰ ਪੰਜਾਬੀ ਸਾਹਿਤ ਨੂੰ ਦਿੱਤਾ ਗਿਆ ਹੈ। ਪੁਰਸਕਾਰ ਪਾਉਣ ਵਾਲੀ ਪੰਜਾਬੀ ਕਵਿੱਤਰੀ ਇੰਦਰਜੀਤ ਨੰਦਨ ਨੇ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਸੰਸਕ੍ਰਿਤੀ ਪ੍ਰਤਿਸ਼ਠਾਨ ਦਾ ਧੰਨਵਾਦ ਕਰਦਿਆਂ ਕਿਹਾ, ‘‘ ਇਸ ਸੰਸਥਾਨ ਦੁਆਰ ਜਿੱਥੇ ਹੋਰ ਭਾਸ਼ਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ ਉੱਥੇ ਪੰਜਾਬੀ ਸਾਹਿਤ ਨੂੰ ਇਹ ਸੁਭਾਗ ਪਹਿਲੀ ਵਾਰ ਪ੍ਰਾਪਤ ਹੋ ਰਿਹਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਹ ਗੌਰਵ ਮੈਨੂੰ ਹਾਸਿਲ ਹੋਇਆ ਹੈ।’’ ਇੰਦਰਜੀਤ ਨੇ ਇਸੇ ਮੰਚ ਤੋਂ ਆਪਣੀਆਂ ਦੋ ਨਜ਼ਮਾਂ ‘ ਨਜ਼ਮਾਂ ਆਉਂਦੀਆਂ’ ਅਤੇ ‘ਖੜਾਵਾਂ’ ਪੇਸ਼ ਕਰਕੇ ਸਭ ਦੇ ਦਿਲ ਜਿੱਤ ਲਏ। ਇੰਦਰਜੀਤ ਨੂੰ ਉਸਦੀ ਰਚਨਾਤਿਮਕ ਕਾਵਿਕਤਾ ਲਈ ਇਹ ਸਨਮਾਨ ਦਿੱਤਾ ਗਿਆ। ਇੰਦਰਜੀਤ ਪੰਜਾਬੀ ਸਾਹਿਤ ਨੂੰ ਆਪਣੀਆਂ ਚਾਰ ਪੁਸਤਕਾਂ ‘ਦਿਸਹੱਦਿਆਂ ਤੋਂ ਪਾਰ’ (2002), ‘ਚੁੱਪ ਦੇ ਰੰਗ’ (2005), ‘ਜੋਗਿੰਦਰ ਬਾਹਰਲਾ ਜੀਵਨ ਗਾਥਾ’ (2006) ਅਤੇ ਹਾਲ ਹੀ ਵਿਚ ਮਹਾਂਕਾਵਿਕ ਰਚਨਾ ‘ ਸ਼ਹੀਦ ਭਗਤ ਸਿੰਘ ਅਣਥੱਕ ਜੀਵਨ ਗਾਥਾ’ ਦੇ ਚੁੱਕੀ ਹੈ। ਇਸ ਤੋਂ ਇਲਾਵਾ ਪੱਤਰਕਾਰਤਾ ਲਈ ਚਿੱਤਰਾਂਗਦਾ ਚੌਧਰੀ, ਕਲਾ ਲਈ ਰੰਜਨੀ ਸ਼ੇਟਰ, ਜੁਗਲਬੰਦੀ ਸੰਗੀਤ ਲਈ ਰਜਨੀ ਤੇ ਗਾਇਤਰੀ ਨੂੰ ਸਾਂਝਾ ਪੁਰਸਕਾਰ ਅਤੇ ਸਮਾਜਿਕ ਉਪਲੱਬਧੀਆਂ ਲਈ ਅਬਿਲਟੀ ਅਨਲਿਮਿਟਡ ਇੰਡੀਆ ਨੂੰ ਪੁਰਸਕਾਰਿਤ ਕੀਤਾ ਗਿਆ। ਇਹ ਸੰਸਥਾ ਉਨ੍ਹਾਂ ਬੱਚਿਆਂ ਨਾਲ ਥੀਏਟਰ ਕਰਦੀ ਹੈ ਜੋ ਸਰੀਰਕ, ਮਾਨਸਿਕ ਤੌਰ ’ਤੇ ਹੋਰਨਾਂ ਤੋਂ ਵੱਖਰੇ ਹਨ। ਇਸ ਸੰਸਥਾ ਦੇ ਡਾਇਰੈਕਟਰ ਪਾਸ਼ਾ ਨੇ ‘ਰਮਾਇਣ ਆਨ ਵੀਲ ਚੇਅਰ’ , ‘ਗੀਤਾ’ ਆਦਿ ਵੱਖਰੇ ਅੰਦਾਜ ਦੇ ਨਾਟਕ ਪੇਸ਼ ਕੀਤੇ ਹਨ।
ਪ੍ਰਸਿੱਧ ਸਮਾਜਿਕ ਕਰਮੀ ਅਤੇ ਮੈਗਸਸੇ ਐਵਾਰਡ ਜੇਤੂ ਅਰੁਨਾ ਰਾਏ ਨੇ ਸੰਸਕ੍ਰਿਤੀ ਪੁਰਸਕਾਰ ਪ੍ਰਦਾਨ ਕੀਤੇ ਅਤੇ ਖਾਸ ਤੌਰ ’ਤੇ ਪੰਜਾਬੀ ਕਵਿੱਤਰੀ ਇੰਦਰਜੀਤ ਦੀ ਕਵਿਤਾ ‘ਖੜਾਵਾਂ’ ਨੂੰ ਸਰਾਹੁੰਦਿਆਂ ਆਸ ਕੀਤੀ ਕਿ ਉਹ ਵੀ ਉਹਨਾਂ ਦੇ ਸਮਾਜਿਕ ਕਾਰਜਾਂ ਵਿਚ ਹਿੱਸਾ ਪਾਵੇਗੀ। ਅਰੁਨਾ ਰਾਏ ਨੇ ਕਿਹਾ ਕਿ ਇਹਨਾਂ ਯੁਵਕਾਂ ਤੋਂ ਉਮੀਦ ਕਰਦੀ ਹਾਂ ਕਿ ਇਹ ਆਪਣੇ ਕਰਤੱਵਾਂ ਨੂੰ ਸਮਝਣਗੇ ਅਤੇ ਇਹਨਾਂ ਵੱਲ ਦੇਖ ਕੇ ਉਮੀਦ ਜਾਗਦੀ ਹੈ ਕਿ ਆਉਣ ਵਾਲੀ ਪੀੜ੍ਹੀ ਵੀ ਆਪਣੇ ਫ਼ਰਜਾਂ ਨੂੰ ਪਛਾਣਦੀ ਹੈ। ਉਹਨਾਂ ਨੇ ਚਿਤਰਾਂਗਦਾ ਦੀ ਪੱਤਰਕਾਰਤਾ ਨੂੰ ਸਰਹਾਇਆ ਅਤੇ ਭਵਿੱਖ ਵਿਚ ਉਸਤੋਂ ਹੋਰ ਉਮੀਦਾਂ ਕੀਤੀਆਂ।
'ਆਰਸੀ' ਦੇ ਸਮੂਹ ਪਾਠਕ / ਲੇਖਕ ਪਰਿਵਾਰ ਵੱਲੋਂ ਇੰਦਰਜੀਤ ਨੰਦਨ ਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਤੇ ਬਹੁਤ-ਬਹੁਤ ਮੁਬਾਰਕਾਂ!!

1 comment:

ਤਨਦੀਪ 'ਤਮੰਨਾ' said...

ਪਹਿਲਾ ਤਾਂ ਇੰਦਰਜੀਤ ਨੰਦਨ ਨੂੰ ਵਧਾਈ

ਤੁਹਾਨੂੰ ਹਿੰਦੀ ਭਾਸ਼ਾ ਦਾ ਖਾਸਾ ਗਿਆਨ ਹੈ॥
ਚੰਗੀ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ

कृप्‍या ये वर्ड् वेरिफिकेशन को हटा दें तो हमको कमेंट करने में आसानी हो जाएगी

मोहन वशिष्‍ठ
ਇੰਡੀਆ

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ