Tuesday, May 26, 2009

‘ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ’ ਵੱਲੋਂ ਅਵਤਾਰ ਉੱਪਲ ਦੇ ਨਾਵਲ ‘ਧੁੰਦ ਤੇ ਪ੍ਰਭਾਤ’ ਉੱਪਰ ਗੋਸ਼ਟੀ

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲਵੱਲੋਂ ਅਵਤਾਰ ਉੱਪਲ ਦੇ ਨਾਵਲ ਧੁੰਦ ਤੇ ਪ੍ਰਭਾਤਉੱਪਰ ਗੋਸ਼ਟੀ ਮੌਕੇ ਸਾਹਿਤਕ ਸਮਾਗਮ ਦਾ ਆਯੋਜਨ

ਰਿਪੋਰਟਰ:- ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.

ਸਾਊਥਾਲ:- ਬੀਤੇ ਦਿਨੀਂ ਸਾਊਥਾਲ ਦੇ ਅੰਬੇਦਕਰ ਹਾਲ ਵਿਖੇ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲਦੇ ਵਿਸ਼ੇਸ਼ ਉੱਦਮ ਸਦਕਾ ਨਾਵਲਕਾਰ ਅਵਤਾਰ ਉੱਪਲ ਦੇ ਨਾਵਲ ਧੁੰਦ ਤੇ ਪ੍ਰਭਾਤਉੱਪਰ ਗੋਸ਼ਟੀ ਦਾ ਆਯੋਜਨ ਕੀਤਾ ਗਿਆਇਸ ਸਮਾਗਮ ਦੀ ਪ੍ਰਧਾਨਗੀ ਉੱਘੀਆਂ ਸਾਹਿਤਕ ਹਸਤੀਆਂ ਸਰਵ ਸ੍ਰੀ ਪ੍ਰੀਤਮ ਸਿੱਧੂ, ਡਾ: ਸਵਰਨ ਚੰਦਨ, ਹਰਬਖਸ਼ ਮਖਸੂਦਪੁਰੀ ਅਤੇ ਮੋਤਾ ਸਿੰਘ ਸਰਾਏ ਜੀ ਨੇ ਕੀਤੀਨਾਵਲ ਦੇ ਸੰਦਰਭ ਵਿੱਚ ਪਰਚਾ ਨਾਵਲਕਾਰ ਹਰਜੀਤ ਅਟਵਾਲ ਨੇ ਪੇਸ਼ ਕੀਤਾਜਿਸ ਦੌਰਾਨ ਉਹਨਾਂ ਨਾਵਲਕਾਰ ਵੱਲੋਂ ਨਾਵਲ ਵਿੱਚ ਉਭਾਰੇ ਗਏ ਨੁਕਤਿਆਂ, ਵਰਤੀ ਗਈ ਵਾਰਤਾਲਾਪ ਅਤੇ ਵਿਸ਼ੇ ਸੰਬੰਧੀ ਵਿਸਥਾਰ ਪੂਰਵਕ ਚਾਨਣਾ ਪਾਉਂਦਿਆਂ ਉਸਾਰੂ ਬਹਿਸ ਦਾ ਮੁੱਢ ਬੰਨ੍ਹਿਆਇਸ ਉਪਰੰਤ ਵਿਸ਼ਵ ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ, ਸਾਹਿਤਕਾਰ ਸਾਥੀ ਲੁਧਿਆਣਵੀ, ਨਿਰਮਲ ਲੰਧਾਲਵੀ, ਕੇ.ਸੀ. ਮੋਹਣ, ਦਵਿੰਦਰ ਨੌਰਾ, ਸੁਰਿੰਦਰਪਾਲ, ਗੁਰਪਾਲ ਸਿੰਘ, ਦਰਸ਼ਨ ਬੁਲੰਦਵੀ ਅਤੇ ਸੁਖਦੇਵ ਸਿੰਘ ਸਿੱਧੂ ਆਦਿ ਨੇ ਵੀ ਆਪਣੀਆਂ ਠੋਸ ਦਲੀਲਾਂ ਸਮੇਤ ਨਾਵਲ ਨੂੰ ਸਮੇਂ ਦਾ ਹਾਣੀ ਦੱਸਦਿਆਂ ਨਾਵਲਕਾਰ ਨੂੰ ਉਸਦੀ ਕਿਰਤ ਦੀਆਂ ਵਧਾਈਆਂ ਦਿੱਤੀਆਂ

----

ਸਮਾਗਮ ਦੇ ਦੂਜੇ ਭਾਗ ਦੌਰਾਨ ਵਿਸ਼ਾਲ ਕਵੀ ਦਰਬਾਰ ਦਾ ਆਗਾਜ਼ ਨੌਜਵਾਨ ਬਾਂਸੁਰੀ ਵਾਦਕ ਰਾਜ ਕੁਮਾਰ ਦੇ ਬਾਂਸੁਰੀ ਵਾਦਨ ਨਾਲ ਹੋਇਆਕਵੀ ਦਰਬਾਰ ਵਿੱਚ ਉੱਘੇ ਕਵੀਆਂ ਮੁਸ਼ਤਾਕ ਸਿੰਘ ਮੁਸ਼ਤਾਕ, ਹਰਜੀਤ ਦੌਧਰੀਆ ਕੈਨੇਡਾ, ਸਾਥੀ ਲੁਧਿਆਣਵੀ, ਨਿਰਮਲ ਕੰਧਾਲਵੀ, ਜਸਵਿੰਦਰ ਮਾਨ, ਸੰਤੋਖ ਹੇਅਰ, ਦਰਸ਼ਨ ਬੁਲੰਦਵੀ, ਚੌਧਰੀ ਮੁਹੰਮਦ ਅਨਵਰ ਢੋਲਣ, ਇਜਾਜ ਅਹਿਮਦ ਇਜਾਜ, ਡਾ: ਸਵਰਨ ਚੰਦਨ, ਸੰਤੋਖ ਸਿੰਘ ਸੰਤੋਖ, ਸੁਰਿੰਦਰ ਗਾਖਲ, ਚਮਨ ਲਾਲ ਚਮਨ, ਰਾਜਿੰਦਰਜੀਤ, ਅਜ਼ੀਮ ਸ਼ੇਖਰ, ਮਹਿੰਦਰ ਸਿੰਘ ਦਿਲਬਰ, ਕੁਲਦੀਪ ਬਾਂਸਲ, ਕੁਲਵੰਤ ਕੌਰ ਢਿੱਲੋਂ, ਦਲਵੀਰ ਕੌਰ ਵੁਲਵਰਹੈਂਪਟਨ, ਭਿੰਦਰ ਜਲਾਲਾਬਾਦੀ ਆਦਿ ਨੇ ਆਪਣੀ ਸ਼ਾਇਰੀ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ

----

ਇਸ ਤੋਂ ਇਲਾਵਾ ਸ੍ਰੀ ਰਵਿੰਦਰ ਭੱਠਲ ਦਾ ਕਾਵਿ ਸੰਗ੍ਰਿਹ ਮਨ ਮੰਮਟੀ ਦੇ ਮੋਰ’, ਅਮਰਦੀਪ ਗਿੱਲ ਦਾ ਗੀਤ ਸੰਗ੍ਰਹਿ ਸਿੱਲ੍ਹੀ ਸਿੱਲ੍ਹੀ ਹਵਾ’, ਸ੍ਰੀ ਸਤੀਸ਼ ਬੇਦਾਗ ਦਾ ਕਾਵਿ ਸੰਗ੍ਰਿਹ ਏਕ ਚੁਟਕੀ ਚਾਂਦਨੀਅਤੇ ਰਣਧੀਰ ਸੰਧੂ ਦੇ ਦੋ ਕਾਵਿ ਸੰਗ੍ਰਿਹ ਹੋਰ ਨਾ ਜੰਮੀਂ ਪੀੜਾਂਅਤੇ ਸੋਨੇ ਦੀਆਂ ਵਾਲੀਆਂਆਦਿ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂਇਸ ਸਮਾਗਮ ਦੌਰਾਨ ਮਨਪ੍ਰੀਤ ਸਿੰਘ, ਗਾਇਕ ਰਾਜ ਸੇਖੋਂ, ਚਰਨਜੀਤ ਸਿੰਘ ਸੰਧੂ, ਟੀ. ਵੀ. ਪੇਸ਼ਕਾਰ ਸੁਖਵੀਰ ਸੋਢੀ, ਉਪਿੰਦਰਪਾਲ ਸਿੰਘ, ਉੱਘੇ ਵਪਾਰੀ ਉਮਰਾਓ ਸਿੰਘ ਅਟਵਾਲ, ਮਨਦੀਪ ਖੁਰਮੀ ਹਿੰਮਤਪੁਰਾ,ਜਗਸੀਰ ਧਾਲੀਵਾਲ ਨੰਗਲ, ਤਲਵਿੰਦਰ ਢਿੱਲੋਂ, ਅਜੀਤ ਸਿੰਘ ਖੈਹਰਾ, ਅਨੀਤਾ, ਕਬੀਰ ਕੁੱਸਾ, ਪ੍ਰੋ: ਪੂਰਨ ਸਿੰਘ, ‘ਚਰਚਾ ਪੰਜਾਬਦੇ ਸੰਪਾਦਕ ਦਰਸ਼ਨ ਢਿੱਲੋਂ, ਨਾਵਲਕਾਰ ਮਹਿੰਦਰਪਾਲ ਧਾਲੀਵਾਲ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ




Friday, May 22, 2009

ਕੁਲਵਿੰਦਰ ਦਾ ਗ਼ਜ਼ਲ-ਸੰਗ੍ਰਹਿ ‘ਨੀਲੀਆਂ ਲਾਟਾਂ ਦਾ ਸੇਕ’ ਕੈਲੇਫੋਰਨੀਆਂ 'ਚ ਰਿਲੀਜ਼

ਸ਼ਾਇਰ ਕੁਲਵਿੰਦਰ ਦਾ ਗ਼ਜ਼ਲ-ਸੰਗ੍ਰਹਿ ਨੀਲੀਆਂ ਲਾਟਾਂ ਦਾ ਸੇਕ ਰਿਲੀਜ਼ ਅਤੇ ਸਾਹਿਤਕ ਗੋਸ਼ਟੀ

ਵਿਪਸਾ ਦੀ ਤਿਮਾਹੀ ਬੈਠਕ ਅਤੇ ਪ੍ਰਭਾਵਸ਼ਾਲੀ ਕਵੀ ਦਰਬਾਰ ਸਜਿਆ

ਰਿਪੋਰਟਰ: ਜਗਜੀਤ ਨੌਸ਼ਹਿਰਵੀ (ਜਰਨਲ ਸਕੱਤਰ)

ਵਿਸ਼ਵ ਪੰਜਾਬੀ ਸਾਹਿਤ ਅਕਾਡਮੀ, ਕੈਲੀਫੋਰਨੀਆ

ਫਰੀਮੌਂਟ- ਕੈਲੇਫੋਰਨੀਆ: ਵਿਸ਼ਵ ਪੰਜਾਬੀ ਸਾਹਿਤ ਅਕਾਡਮੀ (ਵਿਪਸਾਅ) ਕੈਲੇਫੋਰਨੀਆ ਵਲੋਂ ਕਰਵਾਏ ਗਏ ਵਿਸ਼ੇਸ਼ ਸਾਹਿਤਕ ਸਮਾਗਮ ਵਿੱਚ ਸ਼ਾਇਰ ਕੁਲਵਿੰਦਰ ਦਾ ਦੂਜਾ ਗ਼ਜ਼ਲ ਸੰਗ੍ਰਹਿ ਨੀਲੀਆਂ ਲਾਟਾਂ ਦਾ ਸੇਕਰਿਲੀਜ਼ ਕੀਤਾ ਗਿਆਮਿਲਪੀਟਸ ਲਾਇਬਰੇਰੀ ਦੇ ਵਿਸ਼ਾਲ ਆਡੀਟੋਰੀਅਮ ਵਿੱਚ ਹੋਏ ਸਮਾਗਮ ਦੇ ਪਹਿਲੇ ਪੜਾਅ ਵਿੱਚ ਕਿਤਾਬ ਰਿਲੀਜ਼ ਅਤੇ ਸਾਹਿਤਕ ਗੋਸ਼ਟੀ ਹੋਈ ਜਿਸ ਵਿੱਚ ਡਾ: ਗੁਰੂਮੇਲ ਸਿੱਧੂ, ਸੁਰਿੰਦਰ ਸੀਰਤ ਅਤੇ ਹਰਜਿੰਦਰ ਕੰਗ ਨੇ ਪਰਚੇ ਪੜ੍ਹੇ ਅਤੇ ਕੁਲਵਿੰਦਰ ਦਾ ਗ਼ਜ਼ਲ ਸੰਗ੍ਰਹਿ ਨੀਲੀਆਂ ਲਾਟਾਂ ਦਾ ਸੇਕਅਤੇ ਭਾਰਤ ਤੋਂ ਆਏ ਮਹਿਮਾਨ ਕਹਾਣੀਕਾਰ ਰਣਜੀਤ ਸਿੰਘ ਭਿੰਡਰ ਦਾ ਕਹਾਣੀ ਸੰਗ੍ਰਹਿ ਸਮਾਂ ਤੇ ਸੁਪਨੇਰਿਲੀਜ਼ ਕੀਤੇ ਗਏਇਸ ਪੜਾਅ ਦੀ ਪ੍ਰਧਾਨਗੀ ਕਰ ਰਹੇ ਸਨ ਡਾ: ਵੇਦ ਵੱਟੁਕ, ਕੁਲਵਿੰਦਰ, ਰਣਜੀਤ ਸਿੰਘ ਭਿੰਡਰ, ਰੇਸ਼ਮ ਸਿੱਧੂ, ਅਤੇ ਸੁਰਿੰਦਰ ਸੀਰਤ ਨੀਲੀਆਂ ਲਾਟਾਂ ਦਾ ਸੇਕਨੂੰ ਡਾ: ਵੇਦ ਵੱਟੁਕ ਨੇ ਰਿਲੀਜ਼ ਕੀਤਾਡਾ: ਵੇਦ ਵੱਟੁਕ ਨੇ ਕੁਲਵਿੰਦਰ ਦੀ ਸ਼ਾਇਰੀ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਉਹ ਕੁਲਵਿੰਦਰ ਦੀ ਨਵੀਂ ਕਿਤਾਬ ਰਿਲੀਜ਼ ਕਰਦਿਆਂ ਉਹ ਮਾਣ ਮਹਿਸੂਸ ਕਰ ਰਹੇ ਹਨ

----

ਨੀਲੀਆਂ ਲਾਟਾਂ ਦੇ ਸੇਕਵਿਚਲੀ ਸ਼ਾਇਰੀ ਬਾਰੇ ਬੋਲਦਿਆਂ ਸੁਰਿੰਦਰ ਸੀਰਤ ਨੇ ਕੁਲਵਿੰਦਰ ਨੂੰ ਇਕ ਮੁਕੰਮਲ ਗ਼ਜ਼ਲ-ਗੋ ਮੰਨਿਦਿਆਂ ਕਿਹਾ ਕੁਲਵਿੰਦਰ ਨੇ ਕਾਇਨਾਤ ਦੇ ਅਨੇਕਾਂ ਸੰਦਰਭਾਂ ਵਿੱਚੋਂ ਲੰਘਣ ਦੀ ਪ੍ਰਕਿਰਿਆ ਨਿਭਾਈ ਹੈਉਸ ਨੇ ਕਰਮਕਾਂਡਾਂ ਨੂੰ ਆਪਣੀ ਮਾਨਸਿਕਤਾ ਵਿਚ ਹੰਢਾਇਆ ਹੈਕਦੀ ਤਾਂ ਉਸ ਨੇ ਇਕ ਵਹਿੰਦੀ ਨਦੀ ਦਾ ਅਨੁਭਵ ਗ੍ਰਹਿਣ ਕੀਤਾ ਹੈ, ਕਿਤੇ ਉਚ ਪਹਾੜਾਂ ਦੀਆਂ ਚੋਟੀਆਂ ਤੇ ਵ੍ਹਰ ਰਹੇ ਬਰਫ਼ ਦਿਆਂ ਪੋਛਿਆਂ ਦੀ ਛੋਹ ਦਾ ਲੰਮਸ ਮਾਣਿਆ ਹੈ, ਕਿਤੇ ਦਰਿਆ ਤੋਂ ਸਮੁੰਦਰ ਤੀਕ ਅਪੜਨ ਦੀ ਲਾਲਸਾ ਦਰਸਾਈ ਹੈ, ਕਿਤੇ ਇਕ ਸੜ-ਬਲ ਰਹੇ ਜੰਗਲ ਵਿਚ ਇਕ ਘਣਛੱਤਾ ਬਿਰਖ ਹੋਣ ਦੀ ਅਭਿਲਾਸ਼ਾ ਨੂੰ ਦਰਸਾਇਆ ਹੈ, ਕਿਤੇ ਰੇਤਲੇ ਸਹਿਰਾਅ ਦੀ ਨੰਗੀ ਧੁੱਪ ਦਾ ਆਕਰੋਸ਼ ਸਹੇੜਿਆ ਹੈ, ਕਿਤੇ ਮੋਹ ਵਿਚ ਨਿਰਮੋਹਤਾ ਦਾ ਅਨੁਭਵ, ਕਿਤੇ ਇਸ ਆਰ ਤੋਂ ਉਸ ਪਾਰ ਦਾ ਸੰਕਲਪ ਸਹੇੜਿਆ ਹੈਇੰਝ ਪੂਰੇ ਗਲੋਬ ਚੋਂ ੳਹਨਾਂ ਪ੍ਰਸਥਿਤੀਆਂ ਨੂੰ ਆਪਣੀ ਸੋਚ ਦੇ ਘੇਰੇ ਵਿਚ ਕੇਂਦ੍ਰਿਤ ਕਰਨ ਦੀ ਜਗਿਆਸਾ ਹਿਤ, ਕੁਲਵਿੰਦਰ ਆਪਣੇ ਆਪ ਨਾਲੋਂ ਟੁੱਟ ਚੁਕੇ ਸੰਦਰਭਾਂ ਨੂੰ ਵੇਖਦਾ ਹੈ ਸੀਰਤ ਨੇ ਕਿਹਾ ਕਿ ਕੁਲਵਿੰਦਰ ਉਹਨਾਂ ਪੰਜਾਬੀ ਸ਼ਾਇਰਾਂ ਵਿਚੋਂ ਹੈ ਜਿਨ੍ਹਾਂ ਨੁੰ ਗ਼ਜ਼ਲ ਅਰੂਜ਼ ਉਪਰ ਪੂਰੀ ਪਕੜ ਹਾਸਲ ਹੈ

----

ਡਾ: ਗੁਰੂਮੇਲ ਸਿਧੂ ਨੇ ਕੁਲਵਿੰਦਰ ਨੂੰ ਉਦਾਸ ਸੁਰਾਂ ਦਾ ਸ਼ਾਇਰ ਦਸਦਿਆਂ ਕਿਹਾ ਕਿ ਕੁਲਵਿੰਦਰ ਤਲਖ਼ੀਆਂ ਵਿੱਚੋਂ ਰੰਗੀਨੀਆਂ ਭਾਲਦਾ ਹੈ ਅਤੇ ਤੁਰਸ਼ ਤਰਜ਼ਬਿਆਂ ਨੂੰ ਜ਼ਿੰਦਗੀ ਦੇ ਰੂ-ਬ-ਰੂ ਕਰਕੇ ਉਸ ਨੂੰ ਖ਼ੁਸ਼ਗੁਵਾਰ ਬਣਾਉਣ ਦਾ ਯਤਨ ਕਰਦਾ ਹੈਉਹ ਉਦਾਸ ਭਾਵੀ ਅਤੇ ਕਰੁਣਾਮਈ ਸ਼ਿਅਰਾਂ ਰਾਹੀਂ ਭਾਵਕ ਤਰੰਗ ਪੈਦਾ ਕਰਕੇ ਪਾਠਕਾਂ ਦੇ ਦਿਲਾਂ ਵਿੱਚ ਉਤੇਜਨਾ ਪੈਦਾ ਕਰਦਾ ਹੈ ਜੋ ਉਨ੍ਹਾਂ ਦੇ ਮਨ ਦੀਆਂ ਗੰਢਾਂ ਖੋਲ੍ਹਣ ਵਿੱਚ ਸਹਾਈ ਹੁੰਦੀ ਹੈਇਹ ਇਕ ਪ੍ਰਕਾਰ ਨਾਲ ਜੀਵਨ ਦੀ ਥੈਰੇਪੀ ਹੈ, ਜੀਵਨ ਦਾ ਕਥਾਰਸਿਸ ਹੈਮਨਫ਼ੀ ਨੂੰ ਮਨਫ਼ੀ ਨਾਲ ਕੱਟਕੇ ਜਾਂ ਪੌਜ਼ੇਟਿਵ ਨਾਲ ਮਨਫ਼ੀ ਨੂੰ ਸਾਵਾਂ ਕਰਕੇ ਜੀਵਨ ਨੂੰ ਸੁਖਾਵਾਂ ਬਣਾਉਣ ਦਾ ਸੂਤਰ ਹੈ

----

ਹਰਜਿੰਦਰ ਕੰਗ ਨੇ ਆਪਣੇ ਪਰਚੇ – “ਨੀਲੀਆਂ ਲਾਟਾਂ ਦੇ ਸੇਕ ਦਾ ਸੂਰਜਵਿੱਚ ਕੁਲਵਿੰਦਰ ਵਲੋਂ ਵਰਤੇ ਗਏ ਪ੍ਰਕ੍ਰਿਤਕ ਬਿੰਬਾਂ ਦਾ ਵਿਸਥਾਰ ਪੂਰਵਕ ਜਾਇਜ਼ਾ ਲਿਆਕੰਗ ਨੇ ਕਿਹਾ ਕਿ ਭਾਸ਼ਾਈ ਸ਼ਬਦਾਂ ਨੂੰ ਕਵਿਤਾ ਵਿੱਚ 3 ਰੂਪਾਂ ਵਿੱਚ ਵਰਤਿਆ ਜਾ ਸਕਦਾ ਹੈ, ਹਕੀਕੀ, ਤਕਨੀਕੀ ਅਤੇ ਮਿਜਾਜ਼ੀ ਮਿਸਾਲ ਵਜੋਂ ਕੁਲਵਿੰਦਰ ਨੇ ਸੂਰਜ ਨੂੰ ਬਹੁਤ ਸਾਰੇ ਸ਼ਿਅਰਾਂ ਵਿੱਚ ਹਕੀਕੀ ਰੂਪ ਵਿੱਚ ਵਰਤਿਆ ਹੈ

ਢਲ ਰਿਹਾ ਸੂਰਜ ਸਮੁੰਦਰ ਵਿੱਚ ਨ ਲਹਿ ਜਾਵੇ ਕਿਤੇ

ਸੰਦਲੀ ਆਥਣ ਸਦਾ ਵਿਛੜੀ ਨ ਰਹਿ ਜਾਵੇ ਕਿਤੇ

ਕੁਲਵਿੰਦਰ ਪ੍ਰਕਿਰਤੀ ਨਾਲ ਨੇੜਿਓਂ ਜੁੜਿਆ ਹੋਇਆ ਵਿਅਕਤੀ ਹੈ ਅਤੇ ਉਹ ਆਪਣੇ ਅਲੰਕਾਰ ਅਤੇ ਬਿੰਬ ਏਸੇ ਜ਼ਮੀਨ ਚੋਂ ਚੁਣਕੇ ਸ਼ਿਅਰਾਂ ਨੂੰ ਖ਼ੂਬ ਸ਼ਿੰਗਾਰਨਾ ਜਾਣਦਾ ਹੈ

----

ਜਗਜੀਤ ਨੌਸ਼ਹਿਰਵੀ ਨੇ ਕਿਤਾਬ ਦੀ ਜਾਣ ਪਹਿਚਾਣ ਕਰਵਾਉਂਦਿਆਂ ਕਿਤਾਬ ਵਿਚ ਦਰਜ਼ ਕੁਲਵਿੰਦਰ ਵਲੋਂ ਆਪਣੀ ਰਚਨ ਪ੍ਰਕਿਰਿਆ ਬਾਰੇ ਲਿਖੇ ਗਏ ਲੰਮੇ ਲੇਖ ਦੇ ਕੁੱਝ ਅੰਸ਼ ਸਰੋਤਿਆਂ ਨਾਲ ਸਾਂਝੇ ਕੀਤੇਕਿਤਾਬ ਰਿਲੀਜ਼ ਉਪਰੰਤ ਕੁਲਵਿੰਦਰ ਨੇ ਆਪਣੇ ਬਹੁਤ ਸਾਰੇ ਪ੍ਰਤੀਨਿਧ ਸ਼ਿਅਰ ਸਰੋਤਿਆਂ ਨੂੰ ਸੁਣਾ ਕੇ ਉਹਨਾਂ ਦੀ ਦਾਦ ਹਾਸਲ ਕੀਤੀਸ਼ਿਅਰ ਵੇਖੋ:

ਇਕ ਨਾ ਇਕ ਦਿਨ ਇਸਦੇ ਉਪਰ ਉੱਗ ਹੀ ਪੈਣਾ ਗੁਲਾਬ,

ਜਾਣਦਾ ਹਾਂ ਮੈਂ ਕਿ ਦਿਲ ਦੀ ਧਰਤ ਬੰਜ਼ਰ ਹੈ ਅਜੇ

ਮੈਂ ਨਹੀਂ ਸੂਰਜ ਕਿ ਹਰ ਇਕ ਸ਼ਾਮ ਨੂੰ ਢਲਦਾ ਰਹਾਂਗਾ

ਮੈਂ ਬੜਾ ਨਿੱਕਾ ਜਿਹਾ ਦੀਵਾ ਹਾਂ, ਪਰ ਬਲਦਾ ਰਹਾਂਗਾ

ਮੈਂ ਪਰ ਹੀਣਾ ਪਰਿੰਦਾ ਬੰਦਾ ਹਾਂ ਇਕ ਪਿੰਜਰੇ ਅੰਦਰ,

ਮੇਰੇ ਖਾਬਾਂ ਚ ਐਵੇਂ ਨੀਲ ਅੰਬਰ ਆ ਗਿਆ ਹੈ

----

ਕਹਾਣੀਕਾਰ ਰਣਜੀਤ ਸਿੰਘ ਭਿੰਡਰ ਦੇ ਕਹਾਣੀ ਸੰਗ੍ਰਹਿ ਸਮਾਂ ਤੇ ਸੁਪਨੇਦੀ ਜਾਣ ਪਹਿਚਾਣ ਹਰਜਿੰਦਰ ਕੰਗ ਨੇ ਕਰਾਈ ਅਤੇ ਇਸ ਕਿਤਾਬ ਨੂੰ ਕਹਾਣੀਕਾਰ ਕਰਮ ਸਿੰਘ ਮਾਨ ਨੇ ਰਿਲੀਜ਼ ਕੀਤਾਰਣਜੀਤ ਸਿੰਘ ਭਿੰਡਰ ਨੇ ਆਪਣੇ ਨਵੇਂ ਕਹਾਣੀ ਸੰਗ੍ਰਹਿ ਵਿਚੋਂ ਸਾਂਝਕਹਾਣੀ ਪੜ੍ਹਕੇ ਸੁਣਾਈ ਜੋ ਸਰੋਤਿਆਂ ਵਲੋਂ ਬਹੁਤ ਸਲਾਹੀ ਗਈ

ਸਾਹਿਤਕ ਗੋਸ਼ਟੀ ਨੂੰ ਜਾਰੀ ਰੱਖਦਿਆਂ ਹਰਜਿੰਦਰ ਕੰਗ ਨੇ ਡਾ: ਗੁਰੂਮੇਲ ਸਿੱਧੂ ਦੀ ਕਿਤਾਬ ਖੁੱਲ੍ਹੀ ਕਵਿਤਾ ਦੇ ਮਾਪਦੰਡਬਾਰੇ ਆਪਣਾ ਸੰਖੇਪ ਪਰਚਾ ਪੜ੍ਹਿਆਕੰਗ ਨੇ ਕਿਹਾ ਕਿ ਇਹ ਕਿਤਾਬ ਪੰਜਾਬੀ ਵਿੱਚ ਖੁੱਲ੍ਹੀ ਕਵਿਤਾ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੋਨਾਂ ਲਈ ਹੀ ਕਵਿਤਾ ਦੀਆਂ ਬਰੀਕੀਆਂ ਨੂੰ ਸਮਝਣ ਲਈ ਬਹੁਤ ਹੀ ਲਾਹੇਵੰਦੀ ਸਾਬਤ ਹੋਏਗੀਡਾ: ਸਿੱਧੂ ਹੋਰਾਂ ਇਸ ਕਿਤਾਬ ਵਿੱਚ ਵਿਸਥਾਰ ਸਾਹਿਤ ਖੁਲ੍ਹੀ ਕਵਿਤਾ ਦੇ ਵਿਭਿੰਨ ਮਾਪਦੰਡਾਂ ਦਾ ਜਾਇਜ਼ਾ ਲਿਆ ਹੈਉਹਨਾਂ ਅਨੁਸਾਰ ਖੁਲ੍ਹੀ ਕਵਿਤਾ ਲਈ ਛੰਦ ਵਿਧਾਨ ਅਤੇ ਸੰਗੀਤਕ ਲੈਅ-ਬੱਧਤਾ ਦਾ ਪਾਬੰਦ ਹੋਣਾ ਬਹੁਤ ਜ਼ਰੂਰੀ ਹੈਛੰਦ ਦੀ ਜਾਣਕਾਰੀ ਤੋਂ ਬਿਨਾਂ ਚੰਗੀ ਖੁਲ੍ਹੀ ਕਵਿਤਾ ਨਹੀਂ ਲਿਖੀ ਜਾ ਸਕਦੀਇਸ ਕਿਤਾਬ ਦਾ ਸਭ ਤੋਂ ਮਹੱਤਵਪੂਰਨ ਅਧਿਆਏ ਸਤਰਬੰਦੀ ਅਤੇ ਠਹਿਰਾਉ ਬਾਰੇ ਹੈਲਿਖੀ ਹੋਈ ਖੁੱਲ੍ਹੀ ਕਵਿਤਾ ਦੀ ਸਤਰ ਉਵੇਂ/ਓਥੇ ਟੁੱਟਣੀ ਚਾਹੀਦੀ ਹੈ ਜਿਵੇਂ ਕਵੀ ਕਵਿਤਾ ਸੁਣਾਉਣ ਵੇਲੇ ਕਰਦਾ ਹੈ ਨਹੀਂ ਤਾਂ ਕਵੀ ਦਾ ਭਾਵ ਸਹੀ ਰੂਪ ਵਿੱਚ ਪਾਠਕ ਤੱਕ ਨਹੀਂ ਪਹੁੰਚਦਾ

----

ਉੱਘੇ ਗਾਇਕ ਸੁਖਦੇਵ ਸਾਹਿਲ ਨੇ ਕੁਲਵਿੰਦਰ ਦੀਆਂ ਤਿੰਨ ਗ਼ਜ਼ਲਾਂ ਦਾ ਗਾਇਨ ਕਰਕੇ ਮਹਿਫ਼ਿਲ ਨੂੰ ਹੋਰ ਵੀ ਖ਼ੂਬਸੂਰਤ ਬਣਾ ਦਿੱਤਾਜਗਜੀਤ ਨੌਸ਼ਹਿਰਵੀ ਨੇ ਕਿਹਾ ਕਿ ਸਾਹਿਲ ਅਤੇ ਕੁਲਵਿੰਦਰ ਦੀ ਗਹਿਰੀ ਦੋਸਤੀ ਹੈ ਅਤੇ ਸਾਹਿਲ, ਕੁਲਵਿੰਦਰ ਦੇ ਬਹੁਤ ਸਾਰੇ ਸ਼ੇਅਰਾਂ ਨੂੰ ਪਹਿਲੇ ਰਚਨਾਤਮਕ ਪੜਾਅ ਵਿਚੋਂ ਗੁਜ਼ਰਦਿਆਂ ਹੀ ਆਪਣੀਆਂ ਸੰਗੀਤਕ ਧੁਨਾਂ ਤੇ ਬੰਨ੍ਹਣਾ ਸ਼ੁਰੂ ਕਰ ਦਿੰਦਾ ਹੈਇਸ ਕਿਤਾਬ ਦੀ ਰਚਨਾ ਦੌਰਾਨ ਗਾਇਕ ਸੁਖਦੇਵ ਸਾਹਿਲ, ਸ਼ਾਇਰ ਕੁਲਵਿੰਦਰ ਦੇ ਨਾਲ ਨਾਲ ਵਿਚਰਿਆ ਹੈ ਜਿਸ ਕਰਕੇ ਇਹ ਕਿਤਾਬ ਸਾਹਿਲ ਨੂੰ ਸਮਰਪਤ ਕਰਨਾ ਹੋਰ ਵੀ ਢੁਕਵਾਂ ਲਗਦਾ ਹੈਸਰੋਤਿਆਂ ਦੀ ਫਰਮਾਇਸ਼ ਤੇ ਸੁਖਦੇਵ ਸਾਹਿਲ ਨੇ ਲੋਕ ਗੀਤ ਮਾਹੀਆ ਵੀ ਸੁਣਾਇਆ ਜੋ ਸਭ ਨੇ ਬਹੁਤ ਸਰਾਹਿਆ ਸਮਾਗਮ ਵਿੱਚ ਹਾਜ਼ਰ ਸਾਹਿਤਕਾਰਾਂ ਨੇ ਸ਼ਾਇਰ ਰਵਿੰਦਰ ਸਹਿਰਾਅ ਦੇ ਨੌਜਵਾਨ ਸਪੁੱਤਰ ਅਮਰਿੰਦਰ ਸਿੰਘ ਸਹਿਰਾਅ ਦੀ ਅਚਾਨਕ ਹੋਈ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾਸਹਿਰਾਅ ਪ੍ਰੀਵਾਰ ਨਾਲ ਹਮਰਦਰਦੀ ਦਾ ਪ੍ਰਗਟਾ ਕਰਦੇ ਹੋਏ ਸ਼ੋਕ ਮਤਾ ਪਾਸ ਕੀਤਾ ਅਤੇ ਦੋ ਮਿੰਟ ਦਾ ਮੋਨ ਰੱਖ ਕੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਭੇਟ ਕੀਤੀ

----

ਸਮਾਗਮ ਦੇ ਦੂਸਰੇ ਪੜਾਅ ਵਿੱਚ ਡਾ: ਗੁਰੂਮੇਲ ਸਿਧੂ, ਰਣਜੀਤ ਸਿੰਘ ਭਿੰਡਰ, ਫ਼ਾਰੂਖ ਤਰਾਜ਼, ਦਲਜੀਤ ਸਰਾਂ ਅਤੇ ਆਜ਼ਾਦ ਜਲੰਧਰੀ ਦੀ ਸਦਾਰਤ ਹੇਠ ਬਹੁਤ ਹੀ ਪ੍ਰਭਾਵਸ਼ਾਲੀ ਕਵੀ ਦਰਬਾਰ ਆਯੋਜਤ ਹੋਇਆਕਵੀ ਦਰਬਾਰ ਵਿਚ ਕੁਲਵਿੰਦਰ, ਫ਼ਾਰੂਖ ਤਰਾਜ਼, ਆਜ਼ਾਦ ਜਲੰਧਰੀ, ਈਸ਼ਰ ਸਿੰਘ ਮੋਮਨ, ਡਾ: ਸੁਖਪਾਲ ਸੰਘੇੜਾ, ਜਗਜੀਤ ਨੌਸ਼ਹਿਰਵੀ, ਰੇਸ਼ਮ ਸਿੱਧੂ, ਡਾ: ਵੇਦ ਵੱਟੁਕ, ਹਰਜਿੰਦਰ ਕੰਗ, ਅਮਨਦੀਪ ਬੋਪਾਰਾਏ, ਗੁਰਚਰਨ ਸਿੰਘ ਫ਼ਲਕ, ਸ਼ਾਇਰਾ ਨਵਨੀਤ ਪੰਨੂ, ਹਰਭਜਨ ਸਿੰਘ ਢਿਲੋਂ, ਮੇਜਰ ਭੁਪਿੰਦਰ ਦਲੇਰ, ਸੁਰਿੰਦਰ ਸੀਰਤ, ਕਮਲ ਬੰਗਾ ਆਦਿ ਸ਼ਾਇਰਾਂ ਨੇ ਆਪਣਾ ਕਲਾਮ ਸਰੋਤਿਆਂ ਨਾਲ ਸਾਂਝਾ ਕੀਤਾਸਰੋਤਿਆਂ ਵਿੱਚ ਕੁਲਦੀਪ ਧਾਲੀਵਾਲ, ਪ੍ਰਿਤਪਾਲ ਸਿੰਘ, ਪੰਕਜ਼ ਆਂਸਲ, ਕੁਲਵੰਤ ਸੇਖੋਂ, ਓਮ ਪ੍ਰਕਾਸ਼ ਕਮਲ, ਰੁਬਿੰਦਰ ਬਿਰਦੀ, ਮਨਜੀਤ

ਪਲਾਹੀ, ਧਰਮ ਸਿੰਘ, ਅਵਤਾਰ ਸਿੰਘ ਲਾਖਾ, ਤੇਜਾ ਸਿੰਘ ਬਿਰਦੀ ਅਤੇ ਸੁਰਜੀਤ ਕੌਰ ਬਿਰਦੀ ਸਮੇਤ ਹੋਰ ਬਹੁਤ ਸਾਰੇ ਸਾਹਿਤ ਪ੍ਰੇਮੀ ਹਾਜ਼ਰ ਸਨ

ਇਹ ਰਿਪੋਰਟ ਬੇਅ ਏਰੀਆ ਇਕਾਈ ਦੇ ਜਰਨਲ ਸਕੱਤਰ ਜਗਜੀਤ ਨੌਸ਼ਹਿਰਵੀ ਅਤੇ ਚੇਅਰਮੈਨ ਰੇਸ਼ਮ ਸਿੱਧੂ ਵਲੋਂ ਜਾਰੀ ਕੀਤੀ ਗਈ ਹੈ




































































Tuesday, May 19, 2009

ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ, ਯੂ.ਕੇ. – ਸਾਲਾਨਾ ਸਮਾਗਮ ਰਿਪੋਰਟ

ਲੰਮੇ ਸਮੇਂ ਬਾਅਦ ਵਗਿਆ ਸਾਊਥਾਲ ਵਿੱਚ ਸਾਹਿਤ ਦਾ ਦਰਿਆ

ਰਿਪੋਰਟਰ: ਅਜ਼ੀਮ ਸ਼ੇਖਰ

(ਜਨਰਲ ਸਕੱਤਰ,ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ )

ਲੰਡਨ :- "ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ" ਵੱਲੋਂ ਆਪਣਾ ਪਹਿਲਾ ਸਾਹਿਤਕ ਸਮਾਗਮ ਬਹੁਤ ਸ਼ਾਨ ਨਾਲ ਅੰਬੇਦਕਰ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਯੂ ਕੇ ਭਰ ਦੀਆਂ ਪ੍ਰਸਿੱਧ ਸਾਹਿਤਕ ਸ਼ਖ਼ਸੀਅਤਾਂ ਨੇ ਭਾਗ ਲਿਆ

ਵਿੱਛੜ ਚੁੱਕੇ ਸਾਹਿਤਕਾਰਾਂ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਨ ਤੋਂ ਬਾਦ ਸਮਾਗਮ ਦੀ ਕਾਰਵਾਈ ਆਰੰਭ ਕੀਤੀ ਗਈ

----

ਇਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਸਰਵ ਸ੍ਰੀ ਪ੍ਰੀਤਮ ਸਿੱਧੂ, ਡਾ: ਸਵਰਨ ਚੰਦਨ, ਸ੍ਰੀ ਹਰਬਖਸ਼ ਮਕਸੂਦ ਪੁਰੀ ਅਤੇ ਸ: ਮੋਤਾ ਸਿੰਘ ਸਰਾਏ ਸ਼ੁਸ਼ੋਭਿਤ ਸਨ ਸਮਾਗਮ ਦੇ ਪਹਿਲੇ ਭਾਗ ਵਿੱਚ ਸ੍ਰੀ ਅਵਤਾਰ ਉੱਪਲ ਦੇ ਨਾਵਲ "ਧੁੰਦ ਤੇ ਪ੍ਰਭਾਤ " ਉੱਪਰ ਜਾਣੇ-ਪਛਾਣੇ ਕਥਾਕਾਰ ਸ੍ਰੀ ਹਰਜੀਤ ਅਟਵਾਲ ਵੱਲੋਂ ਵਿਸਥਾਰ-ਪੂਰਵਕ ਪਰਚਾ ਪੜ੍ਹਿਆ ਗਿਆ ਪੜ੍ਹੇ ਗਏ ਪਰਚੇ ਅਤੇ ਨਾਵਲ ਦੇ ਸੰਬੰਧ ਵਿੱਚ ਹਾਜ਼ਰ ਵਿਦਵਾਨਾਂ ਵੱਲੋਂ ਆਪੋ-ਆਪਣੇ ਵਿਚਾਰ ਰੱਖੇ ਗਏ, ਜਿਨ੍ਹਾਂ ਵਿੱਚ ਸ੍ਰੀ ਹਰਬਖ਼ਸ਼ ਮਕਸੂਦਪੁਰੀ, ਸਾਥੀ ਲੁਧਿਆਣਵੀ, ਡਾ਼ ਸਵਰਨ ਚੰਦਨ, ਸ੍ਰੀ ਦਵਿੰਦਰ ਨੌਰਾ, ਸੁਰਿੰਦਰਪਾਲ, ਸੁਖਦੇਵ ਸਿੰਘ ਸਿੱਧੂ, ਨਿਰਮਲ ਸਿੰਘ ਕੰਧਾਲਵੀ, ਦਰਸ਼ਨ ਬੁਲੰਦਵੀ, ਸ਼ਿਵਚਰਨ ਜੱਗੀ ਕੁੱਸਾ, ਸ੍ਰੀ ਕੇ ਸੀ ਮੋਹਨ, ਗੁਰਪਾਲ ਸਿੰਘ ਹੋਰਾਂ ਦੇ ਨਾਮ ਵਰਨਣ ਯੋਗ ਹਨ

----

ਬਹਿਸ ਦੌਰਾਨ ਅਕਾਦਮਿਕ- ਭਾਸ਼ਾ ਦੀਆਂ ਗੈਰ-ਜ਼ਰੂਰੀ ਪੇਚੀਦਗੀਆਂ ਤੋਂ ਰਹਿਤ ਸ੍ਰੀ ਹਰਜੀਤ ਅਟਵਾਲ ਦੇ ਪਰਚੇ ਨੂੰ ਬਹੁਤ ਸਲਾਹਿਆ ਗਿਆ ਅਤੇ ਵਿਦਵਾਨਾਂ ਵੱਲੋਂ ਨਾਵਲ "ਧੁੰਦ ਤੇ ਪ੍ਰਭਾਤ" ਨੂੰ ਸਿਆਸੀ ਅਤੇ ਸਮਾਜਿਕ ਸਰੋਕਾਰਾਂ ਦਾ ਬਹੁ-ਪਰਤੀ ਦਰਪਨ ਕਿਹਾ ਗਿਆ ਇਸੇ ਦੌਰਾਨ ਕੁਝ ਪੁਸਤਕਾਂ, ਜਿਨ੍ਹਾਂ ਵਿੱਚ ਸ੍ਰੀ ਰਵਿੰਦਰ ਭੱਠਲ ਦਾ ਕਾਵਿ-ਸੰਗ੍ਰਹਿ "ਮਨ ਮੰਮਟੀ ਦੇ ਮੋਰ", ਅਮਰਦੀਪ ਗਿੱਲ ਦਾ ਗੀਤ-ਸੰਗ੍ਰਹਿ "ਸਿੱਲ੍ਹੀ-ਸਿੱਲ੍ਹੀ ਹਵਾ", ਸ੍ਰੀ ਸਤੀਸ਼ ਬੇਦਾਗ਼ ਦਾ ਕਾਵਿ-ਸੰਗ੍ਰਹਿ "ਏਕ ਚੁਟਕੀ ਚਾਂਦਨੀ"ਅਤੇ ਰਣਧੀਰ ਸੰਧੂ ਦੀਆਂ ਦੋ ਪੁਸਤਕਾਂ " ਹੋਰ ਨਾ ਜੰਮੀਂ ਪੀੜਾਂ" ਅਤੇ "ਸੋਨੇ ਦੀਆਂ ਵਾਲੀਆਂ" ਲੋਕ- ਅਰਪਨ ਕੀਤੀਆਂ ਗਈਆਂ

ਇਸ ਭਾਗ ਦਾ ਸੰਚਾਲਨ ਸ੍ਰੀ ਅਜ਼ੀਮ ਸ਼ੇਖਰ ਨੇ ਬਾ-ਖ਼ੂਬੀ ਨਿਭਾਇਆ

----

ਸਮਾਗਮ ਦੇ ਦੂਸਰੇ ਭਾਗ ਵਿੱਚ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੌਰਾਨ ਪ੍ਰਧਾਨਗੀ ਮੰਡਲ ਵਿੱਚ ਡਾ; ਸਵਰਨ ਚੰਦਨ, ਕੁਲਵੰਤ ਕੌਰ ਢਿੱਲੋਂ, ਦਲਵੀਰ ਕੌਰ ਵੁਲਵਰਹੈਂਪਟਨ, ਹਰਜੀਤ ਦੌਧਰੀਆ ਅਤੇ ਦਰਸ਼ਨ ਬੁਲੰਦਵੀ ਹਾਜ਼ਰ ਸਨ ਕਵੀ ਦਰਬਾਰ ਦਾ ਆਰੰਭ ਸ੍ਰੀ ਰਾਜ ਕੁਮਾਰ ਦੇ ਮਨ-ਮੋਹਕ ਬਾਂਸੁਰੀ -ਵਾਦਨ ਨਾਲ ਹੋਇਆ ਖਚਾਖਚ ਭਰੇ ਹਾਲ ਵਿੱਚ ਸਰੋਤਿਆਂ ਨੇ ਵੱਖ-ਵੱਖ ਵੰਨਗੀ ਦੀ ਸ਼ਾਇਰੀ ਨੂੰ ਮਾਣਿਆਕਵੀ ਦਰਬਾਰ ਵਿੱਚ ਹਾਜ਼ਰ ਪ੍ਰੱਮੁਖ ਕਵੀ ਸਨ ; ਮੁਸ਼ਤਾਕ, ਜਸਵਿੰਦਰ ਮਾਨ, ਸਾਥੀ ਲੁਧਿਆਣਵੀ, ਦਰਸ਼ਨ ਬੁਲੰਦਵੀ, ਸੰਤੋਖ ਹੇਅਰ, ਹਰਜਿੰਦਰ ਸੰਧੂ, ਸੁਰਿੰਦਰ ਗਾਖਲ, ਚਮਨ ਲਾਲ ਚਮਨ, ਸੁਰਿੰਦਰਪਾਲ, ਚੌਧਰੀ ਮੁਹੰਮਦ ਅਨਵਰ ਢੋਲ੍ਹਣ, ਕੁਲਦੀਪ ਬਾਂਸਲ, ਮਹਿੰਦਰ ਸਿੰਘ ਦਿਲਬਰ, ਸੰਤੋਖ ਸਿੰਘ ਸੰਤੋਖ, ਨਿਰਮਲ ਸਿੰਘ ਕੰਧਾਲਵੀ, ਇਜ਼ਾਜ਼ ਅਹਿਮਦ ਇਜ਼ਾਜ਼, ਦਲਵੀਰ ਕੌਰ, ਭਿੰਦਰ ਜਲਾਲਾਬਾਦੀ, ਡਾ; ਸਵਰਨ ਚੰਦਨ, ਰਣਧੀਰ ਸੰਧੂ ਅਤੇ ਅਜ਼ੀਮ ਸ਼ੇਖਰ ਕਵੀ ਦਰਬਾਰ ਦੀ ਕਾਰਵਾਈ ਸ਼ਾਇਰ ਰਾਜਿੰਦਰਜੀਤ ਨੇ ਨਿਭਾਈ

----

ਇਸ ਸਮਾਗਮ ਵਿੱਚ ਪੰਜਾਬੀ ਸੱਥ ਵੱਲੋਂ ਸ੍ਰੀ ਮੋਤਾ ਸਿੰਘ ਸਰਾਏ ਦੀ ਅਗਵਾਈ ਵਿੱਚ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ ਅਤੇ ਮੁਫ਼ਤ ਕਿਤਾਬਾਂ ਭੇਂਟ ਕੀਤੀਆਂ ਗਈਆਂ

ਵਿਸ਼ੇਸ਼ ਰੂਪ ਵਿੱਚ ਪਹੁੰਚਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ, ਪ੍ਰੋ; ਪੂਰਨ ਸਿੰਘ, ਦਰਸ਼ਨ ਢਿੱਲੋਂ, ਮਹਿੰਦਰਪਾਲ ਧਾਲੀਵਾਲ, ਅਜੀਤ ਸਿੰਘ ਖੈਰ੍ਹਾ, ਜਸਵਿੰਦਰ ਛਿੰਦਾ, ਰਾਜ ਸੇਖੋਂ, ਤਲਵਿੰਦਰ ਢਿੱਲੋਂ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਅਨੀਤਾ ਅਤੇ ਮਨਦੀਪ ਖੁਰਮੀ ਵੀ ਹਾਜ਼ਰ ਸਨ






Tuesday, May 5, 2009

ਸਤਿੰਦਰ ਸਰਤਾਜ ਦੀ ਅਵਾਜ਼ ਨੇ ਕੈਨੇਡਾ ਵਾਸੀਆਂ ਤੇ ਕੀਤਾ ਜਾਦੂ – ਸਾਰੇ ਸ਼ਹਿਰਾਂ ‘ਚ ਸ਼ੋਅ ਸੋਲਡ ਆਊਟ - ਨਿਰਮਲ ਜੌੜਾ

ਇਕਬਾਲ ਮਾਹਲ ਸੰਜੀਦਾ ਸੁਰ ਦਾ ਸਫ਼ਲ ਪਾਰਖੂ ਹੈਜਗਜੀਤ ਸਿੰਘ

ਰਿਪੋਰਟਰ: ਨਿਰਮਲ ਜੌੜਾ

ਸਿੱਕੇ ਬੰਦ ਪੰਜਾਬੀ ਸ਼ਾਇਰੀ, ਸੁਰੀਲੀ ਗਾਇਕੀ ਅਤੇ ਸਿਹਤਮੰਦ ਸੰਗੀਤ ਨੂੰ ਵਿਸ਼ਵ ਪੱਧਰ ਤੇ ਉਤਸ਼ਾਹਿਤ ਕਰਨ ਵਿੱਚ ਇਕਬਾਲ ਮਾਹਲ ਨੇ ਅਹਿਮ ਭੂਮਿਕਾ ਨਿਭਾਈ ਹੈਕੈਨੇਡਾ ਵਸਦੇ ਪੰਜਾਬੀਆਂ ਦੀ ਝੋਲੀ ਵਿਚ ਸੰਜੀਦਾ ਸੁਰ ਅਤੇ ਸ਼ਬਦਾਂ ਦਾ ਭੰਡਾਰ ਪਾਉਣ ਵਾਲਾ ਇਕਬਾਲ ਮਾਹਲ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਮੋਤੀਆਂ ਦੀ ਭਾਲ ਵਿਚ ਰਹਿੰਦਾ ਹੈਖ਼ੂਬਸੂਰਤ ਆਵਾਜ਼ ਮਿਲੇ ਤਾਂ ਸਭ ਕੁਝ ਨਿਛਾਵਰ ਕਰ ਦਿੰਦਾ ਹੈ, ਕੁੱਲੀ ਚ ਭਾਵੇਂ ਕੱਖ ਨਾ ਰਹੇਪਿਛਲੇ ਸਾਲ ਉਹ ਪੰਜਾਬ ਆਇਆ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੰਜਾਬੀ ਲੋਕ ਸਾਹਿਤ ਤੇ ਖੋਜ ਕਰ ਰਹੇ ਸੁਰੀਲੇ ਗਾਇਕ ਸਤਿੰਦਰ ਸਰਤਾਜ ਦੀ ਆਵਾਜ਼ ਨੇ ਉਸ ਨੂੰ ਕੀਲ ਲਿਆਇਕਬਾਲ ਮਾਹਲ ਨੇ ਆਪਣੀ ਪੁਖਤਾ ਬੁੱਧੀ ਨਾਲ ਸਰਤਾਜ ਨੂੰ ਕੈਨੇਡਾ ਵਸਦੇ ਪੰਜਾਬੀਆਂ ਦੀਆਂ ਮਹਿਫਲਾਂ ਦਾ ਸ਼ਿੰਗਾਰ ਬਣਾ ਦਿੱਤਾਸਤਿੰਦਰ ਸਰਤਾਜ ਦਾ ਪਹਿਲਾ ਸ਼ੋਅ ਮਈ ਮਹੀਨੇ ਦੇ ਪਹਿਲੇ ਸ਼ਨੀਵਾਰ ਬਰੈਪਟਨ ਵਿਚ ਹੋਇਆ ਦੋ ਹਫਤੇ ਪਹਿਲਾਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਬੁੱਕ ਹੋ ਚੁੱਕੀਆਂ ਸਨਅਸਲ ਵਿਚ ਕੈਨੇਡਾ ਦੇ ਇਲੈਕਟ੍ਰਾਨਿਕ ਮੀਡੀਏ ਰਾਹੀਂ ਸਰਤਾਜ ਦੀ ਸੁਰੀਲੀ ਆਵਾਜ਼ ਅਤੇ ਲੋਕ ਸਾਹਿਤ ਵਿਚੋਂ ਚੁਣੇ ਸ਼ਬਦਾਂ ਨੂੰ ਸੁਣਦਿਆਂ ਹੀ ਕੈਨੇਡਾ ਵਾਸੀਆਂ ਲਈ ਕੁਝ ਨਵਾਂ ਮਿਲਣ ਦੀ ਆਸ ਨੇ ਮਿੰਟੋ-ਮਿੰਟੀ ਹਾਲ ਬੁੱਕ ਕਰ ਦਿੱਤਾ ਅਤੇ ਮਾਹਲ ਸਾਹਿਬ ਨੂੰ ਮੌਕੇ ਤੇ ਹੀ ਇੱਕ ਸ਼ੋਅ ਹੋਰ ਕਰਨ ਦਾ ਐਲਾਨ ਕਰਨਾ ਪਿਆ

-----

ਬਰੈਪਟਨ ਦੇ ਖਚਾਖਚ ਭਰੇ ਸੀ ਕੇ ਐਸ ਹਾਲ ਵਿਚ ਸਰਤਾਜ ਨੂੰ ਪੰਜਾਬੀਆਂ ਦੇ ਰੂਬਰੂ ਕਰਦਿਆਂ ਇਕਬਾਲ ਮਾਹਲ ਨੇ ਕਿਹਾ ਕਿ ਅੱਜ ਵੀ ਪੰਜਾਬੀ ਗਾਇਕੀ ਵਿ¤ਚ ਚੰਗੀਅ ਆਵਾਜ਼ਾਂ ਹਨ ਅਤੇ ਚੰਗੀ ਸ਼ਬਦਾਵਲੀ ਪਈ ਹੈ, ਸੁਣਨ ਵਾਲੇ ਵੀ ਹਨ ਸਿਰਫ ਮਾਹੌਲ ਨੂੰ ਸਿਰਜਣ ਦੀ ਲੋੜ ਹੈਇਸ ਸ਼ੋਅ ਦੇ ਮੁੱਖ ਮਹਿਮਾਨ ਉੱਘੇ ਗਜ਼ਲ ਗਾਇਕ ਜਗਜੀਤ ਨੇ ਸਰਤਾਜ ਨੂੰ ਸੁਰ ਅਤੇ ਸ਼ਾਇਰੀ ਦਾ ਸੁਮੇਲ ਆਖਦਿਆਂ ਪੰਜਾਬੀ ਗਾਇਕੀ ਦੇ ਭਵਿੱਖ ਦਾ ਸਿਤਾਰਾ ਐਲਾਨ ਕੀਤਾਜਗਜੀਤ ਨੇ ਕਿਹਾ ਕਿ ਸਰਤਾਜ ਨੇ ਪੰਜਾਬੀ ਗਾਇਕੀ ਦੇ ਮਾਣਮੱਤੇ ਇਤਿਹਾਸ ਅਤੇ ਪਰੰਪਰਾ ਨੂੰ ਕਾਇਮ ਰੱਖਿਆ ਹੈਪਿਛਲੇ ਕਈ ਦਿਨਾਂ ਤੋਂ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪੰਜਾਬੀਆਂ ਦੇ ਸਾਹਮਣੇ ਆਉਂਦਿਆਂ ਸਰਤਾਜ ਨੇ ਸਪਸ਼ਟ, ਸਰਲ ਅਤੇ ਲੋਕ ਮਨਾਂ ਤੇ ਉਤਰਨ ਵਾਲੀ ਸ਼ਾਇਰੀ ਨਾਲ ਗੱਲ ਸ਼ੁਰੂ ਕੀਤੀਜ਼ਿੰਦਗੀ ਦੀਆਂ ਅਟੱਲ ਸੱਚਾਈਆਂ ਦੀ ਬਾਤ ਪਾਉਂਦੇ ਸਰਤਾਜ ਦੇ ਸੁਰੀਲੇ ਬੋਲ ਲੋਕਾਂ ਦੀ ਰੂਹ ਅਤੇ ਦਿਲ ਦੇ ਧੁਰ ਅੰਦਰ ਤਕ ਆਪ ਮੁਹਾਰੇ ਜਾ ਰਹੇ ਸਨ ਅਤੇ ਚਿਰਾਂ ਤੋਂ ਪਰਵਾਸ ਦੀ ਸਿੱਲ੍ਹ ਵਿਚ ਬੈਠੇ ਪੰਜਾਬੀ ਉਨ੍ਹਾਂ ਬੋਲਾਂ ਨੂੰ ਪੋਹ ਮਾਘ ਦੀ ਧੁੱਪ ਵਾਂਗ ਸੇਕ ਰਹੇ ਸਨਲਗਾਤਾਰ ਚਾਰ ਘੰਟੇ ਇਸ ਸਮਾਗਮ ਵਿਚ ਕੋਈ ਵੀ ਗੈਰ ਜ਼ਰੂਰੀ ਅਤੇ ਅੜਕਵੀਂ ਰਸਮ ਨਹੀਂ ਹੋਈ ਸਿਰਫ ਸਰਤਾਜ, ਉਸ ਦੇ ਬੋਲ ਅਤੇ ਬੋਲਾਂ ਨੂੰ ਮਾਨਣ ਵਾਲੇ ਪੰਜਾਬੀ ਸਨਸਰਤਾਜ ਦੀ ਅਵਾਜ਼ ਵਿਚ ਸੁਹਜ, ਸਫਾਈ ਅਤੇ ਗਹਿਰਾਈ ਸਾਫ਼ ਨਜ਼ਰ ਆਉਂਦੀ ਸੀਪੰਜਾਬੀ ਗਾਇਕੀ ਦੀ ਰਮਕਦੀ ਹਵਾ ਬਣ ਕੇ ਉਸ ਨੇ ਮਹਿਫ਼ਿਲ ਤੇ ਜਾਦੂ ਕਰ ਦਿੱਤਾ

----

ਜਗਜੀਤ ਅਤੇ ਇਕਬਾਲ ਮਾਹਲ ਨੇ ਜਦੋਂ ਸਰਤਾਜ ਦੀ ਆਵਾਜ਼ ਵਿਚ ਪਰੋਏ ਗੀਤਾਂ ਦੀ ਇੱਕ ਸੀ. ਡੀ. ਰਿਲੀਜ਼ ਕੀਤੀ ਤਾਂ ਲੋਕ ਪੰਜ ਦਰਿਆਵਾਂ ਦੀ ਇਸ ਆਵਾਜ਼ ਨੂੰ ਆਪਣੇ ਘਰ ਲਿਜਾਣ ਲਈ ਉਤਾਵਲੇ ਹੋ ਉੱਠੇਸਰਤਾਜ ਨੇ ਕਿਹਾ ਕਿ ਤੁਹਾਡੀਆਂ ਤਾੜੀਆਂ ਅਤੇ ਸੁਣਨ ਦਾ ਅੰਦਾਜ਼ ਮੇਰੇ ਲਈ ਸਭ ਤੋਂ ਵੱਡਾ ਮਾਣ ਹੈਹਾਲ ਚੋਂ ਬਾਹਰ ਜਾ ਰਹੇ ਲੋਕ ਇਕਬਾਲ ਮਾਹਲ ਦੀ ਚੋਣ ਅਤੇ ਪ੍ਰਸਤੁਤੀ ਦੇ ਖ਼ੂਬਸੂਰਤ ਅੰਦਾਜ਼ ਨੂੰ ਮੁਬਾਰਕਬਾਦ ਆਖ ਰਹੇ ਸਨਕੈਨੇਡਾ ਦੀ ਧਰਤੀ ਤੇ ਚਿਰਾਂ ਬਾਅਦ ਹੋਏ ਇਸ ਖ਼ੂਬਸੂਰਤ ਸਮਾਗਮ ਦੀ ਪ੍ਰਸਤੁਤੀ ਦੇ ਨਿਰਮਾਤਾ ਇਕਬਾਲ ਮਾਹਲ ਨੇ ਟੋਰਾਂਟੋ ਤੋਂ ਖੁਸ਼ੀ ਭਰੇ ਲਹਿਜੇ ਵਿਚ ਦੱਸਿਆ ਕਿ ਬਰੈਪਟਨ ਵਾਲੇ ਸ਼ੋਅ ਤੋਂ ਬਾਅਦ ਵੈਨਕੂਵਰ, ਕੈਲਗਿਰੀ, ਐਡਮਿੰਟਨ, ਵਿਨੀਪੈਗ ਅਤੇ ਐਬਸਫੋਰਡ ਵਿਖੇ ਸਰਤਾਜ ਦੇ ਸ਼ੋਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ

****************

ਸਤਿੰਦਰ ਸਰਤਾਜ ਦੀ ਸੀ.ਡੀ. ਰਿਲੀਜ਼ ਕਰਦੇ ਹੋਏ ਇਕਬਾਲ ਮਾਹਲ, ਗ਼ਜ਼ਲ ਸਮਰਾਟ ਜਗਜੀਤ ਸਿੰਘ





Sunday, April 12, 2009

ਪੰਜਾਬੀ ਸੱਥ ਦੀ 19ਵੀਂ ਵਰ੍ਹੇਵਾਰ ਪਰ੍ਹਿਆ – ਸਾਲਾਨਾ ਸਮਾਗਮ ਰਿਪੋਰਟ


ਰਿਪੋਰਟਰ: ਡਾ: ਨਿਰਮਲ ਸਿੰਘ

ਸੇਵਾਦਾਰ ਪੰਜਾਬੀ ਸੱਥ, ਲਾਂਬੜਾ

ਮਾਂ ਬੋਲੀ ਤੇ ਮਾਂ ਮਿੱਟੀ ਦੀ ਆਪਣੇ ਸੀਮਤ ਸਾਧਨਾਂ ਤੇ ਸੋਮਿਆਂ ਤੇ ਟੇਕ ਰੱਖਦਿਆਂ ਹੇਠਲੇ ਪੱਧਰ ਉੱਤੇ ਸੇਵਾ ਕਰਨ ਵਾਲੀ ਪੰਜਾਬੀ ਸੱਥਦੀ ਉਨ੍ਹੀਵੀਂ ਪਰ੍ਹਿਆ ਅਤੇ ਸਨਮਾਨ ਸਮਾਗਮ ਨਿਵੇਕਲੀ ਛਾਪ ਛੱਡਦਾ 23 ਚੇਤ 541 ਨਾਨਕਸ਼ਾਹੀ ਐਤਵਾਰ 5 ਅਪ੍ਰੈਲ, 2005 ਵਾਲੇ ਦਿਨ ਖਾਲਸਾ ਸਕੂਲ ਲਾਂਬੜਾ-ਜਲੰਧਰ ਵਿਖੇ ਨਿਰਵਿਘਨ ਨੇਪਰੇ ਚੜ੍ਹਿਆਮਾਇਆਧਾਰੀ ਨਿਜਾਮ ਦੇ ਵਿਨਾਸ਼ਕਾਰੀ ਦੌਰ ਵਿਚ ਵੀਂ ਕਿੰਨੇ ਹੀ ਮਹਾਨ ਵਿਅਕਤੀ ਤੇ ਅਣਗਿਣਤ ਸੰਸਥਾਵਾਂ ਬਦਲਵੇਂ ਖਾਲਸ ਦੇਸੀ ਸਹਿਜ ਵਿਕਾਸ ਦੇ ਨਮੂਨੇ ਸਿਰਜ ਕੇ ਨਿਰਾ ਮਨੁੱਖਾਂ ਨੂੰ ਹੀ ਨਹੀਂ ਸਮੁੱਚੀ ਕੁਦਰਤ ਨੂੰ ਬਚਾਉਣ ਵਾਸਤੇ ਵਡਮੁੱਲੇ ਕਾਰਜ ਕਰ ਰਹੇ ਹਨਅਜਿਹੀਆਂ ਹੀ ਕੁਝ ਆਦਰਯੋਗ ਹਸਤੀਆਂ ਤੇ ਮਹਾਂਪੁਰਸ਼ਾਂ ਨੂੰ ਸਤਿਕਾਰ ਸਹਿਤ ਤਿਲ ਫੁੱਲ ਭੇਟ ਕਰਕੇ ਸੱਥ ਨੇ ਆਪਣੀ, ਵਿਰਾਸਤ, ਬੋਲੀ, ਸੱਭਿਆਚਾਰ ਤੇ ਅਕੀਦਿਆਂ ਨੂੰ ਬਚਾਉਣ ਦਾ ਨਿਮਾਣਾ ਜਿਹਾ ਜਤਨ ਕੀਤਾ ਹੈ

----

ਪਰ੍ਹਿਆ ਦੀ ਸ਼ੁਰੂਆਤ ਖਾਲਸਾ ਸਕੂਲ ਲਾਂਬੜਾ ਦੀਆਂ ਕੰਜਕਾਂ ਰੂਪੀ ਧੀਆਂ ਵੱਲੋਂ ਅਕਾਲ ਪੁਰਖ ਕੋਲੋਂ ਸ਼ੁਭ ਕਰਮਨਕਰਨ ਦਾ ਵਰ ਮੰਗਣ ਨਾਲ ਹੋਈਸ. ਹਿੰਦ ਪਾਲ ਸਿੰਘ ਚਿੱਟੀ ਨੇ ਸਨਮਾਨੀਆਂ ਜਾਣ ਵਾਲੀਆਂ ਮਹਾਨ ਹਸਤੀਆਂ ਤੇ ਚੜ੍ਹਦੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਸੱਥਾਂ ਦੇ ਸੰਚਾਲਕਾਂ ਤੇ ਹੋਰ ਪੰਜਾਬੀ ਪਿਆਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਜੀ ਆਇਆਂ ਕਹਿੰਦਿਆਂ ਸੱਥਦੇ ਸੰਕਲਪ ਰਾਹੀਂ ਵਾਤਾਵਰਣ, ਬੋਲੀ ਤੇ ਭਾਈਚਾਰਾ ਬਚਾਈ ਰੱਖਣ ਅਤੇ ਸਾਰਿਆਂ ਨੂੰ ਇਕ ਜੁੱਟ ਹੋ ਕੇ ਅੱਗੇ ਵਧਣ ਲਈ ਕਿਹਾ

----

ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਦਿਆਂ ਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਸੰਚਾਲਕ ਪ੍ਰਿੰ. ਕੁਲਵਿੰਦਰ ਸਿੰਘ ਨੇ ਪੰਜਾਬੀ ਦੇ ਦਰਵੇਸ਼ ਸ਼ਾਇਰ ਸੰਤ ਸੰਧੂ ਨੂੰ ਕਵਿਤਾ ਪੇਸ਼ ਕਰਨ ਲਈ ਪਲੇਠਾ ਸੱਦਾ ਦਿੱਤਾ

ਸੰਤ ਸੰਧੂ ਹੋਰਾਂ ਨੇ ਜਗਤ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਗੁਰਮਤਿ ਵਿਚਾਰਧਾਰਾ ਨੂੰ ਅਮਲੀ ਰੂਪ ਦੇਣ ਅਤੇ ਕਾਰ ਸੇਵਾ ਰਾਹੀਂ ਕਾਲੀ ਵੇਈਂ ਦੀ ਪਵਿੱਤ੍ਰਤਾ ਬਹਾਲ ਕਰਨ ਵਾਲੇ ਬਾਬਾ ਬਲਬੀਰ ਸਿੰਘ ਸੀਚੇਵਾਲ ਸਬੰਧੀ ਕਵਿਤਾ ਜੋਗੀਸੁਣਾ ਕੇ ਸਮਾਗਮ ਦਾ ਨੀਂਹ ਪੱਥਰ ਰੱਖਿਆਬੀਬੀ ਦਲਜੀਤ ਕੌਰ ਦਾਊਂ ਪਆਧੀ ਸੱਥ ਮੁਹਾਲੀ ਵਾਲਿਆਂ ਮਾਵਾਂ ਧੀਆਂ ਦੇ ਪਾਕ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਵਿਰਾਸਤੀ ਗੀਤ ਗਾ ਕੇ ਸਾਰਿਆਂ ਨੂੰ ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾਏਮਾਝਾ ਪੰਜਾਬੀ ਸੱਥ ਬੁਤਾਲਾ ਅੰਮ੍ਰਿਤਸਰ ਵੱਲੋਂ ਆਈ ਬੀਬੀ ਤਰਨੰਮਪ੍ਰੀਤ ਕੌਰ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿਚ ਬਗੈਰ ਸਾਜਾਂ ਤੋਂ ਮਾਝੇ ਦੇ ਖੂਬਸੂਰਤ ਲੋਕ ਗੀਤ ਦੀਆਂ ਲੈਆਂ ਬਖੇਰੀਆਂਪੰਜਾਬੀ ਸੱਥ ਲਾਂਬੜਾ ਵੱਲੋਂ ਸ਼ਾਸਤਰੀ ਸੰਗੀਤ ਤੇ ਸੂਫੀ ਕਲਾਮ ਦੀ ਗਾਇਕੀ ਦੀ ਪਰਪੱਕ ਪੇਸ਼ਕਾਰੀ ਸੂਬੀ ਬਾਬੇ ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਦੀਆਂ ਰਚਨਾਵਾਂ ਗਾ ਕੇ ਪੰਜਾਬ ਦੀ ਅਮੀਰ ਵਿਰਾਸਤ ਦੀ ਵੰਨਗੀ ਬੀਬੀ ਰਾਜਬੀਰ ਕੌਰ ਸੇਖੋਂ ਨੇ ਪੇਸ਼ ਕੀਤੀਇੱਕ ਨਿੱਕੀ ਬੱਚੀ ਨੇ ਆਪਣੇ ਵੱਖਰੇ ਅੰਦਾਜ਼ ਵਿਚ ਕਾਫੀ ਪੇਸ਼ ਕਰਕੇ ਖਾਲਸਾ ਸਕੂਲ ਲਾਂਬੜਾ ਦੀ ਭਰਪੂਰ ਹਾਜ਼ਰੀ ਲਗਵਾਈਏਸ ਸੰਗੀਤਮਈ ਸਮੇਂ ਤੋਂ ਪਿੱਛੋਂ ਪੰਜਾਬੀ ਸੱਥ ਵੱਲੋਂ ਛਾਪੀਆਂ ਤਿੰਨ ਕਿਤਾਬਾਂ ਬਾਰ ਪਰਾਏ ਬੈਸਣਾ’, ਪਰਵਾਸ ਸਬੰਧੀ ਕਵਿਤਾਵਾਂ ਤੇ ਲੇਖਾਂ ਕਹਾਣੀਆਂ ਦਾ ਕਲਮਕਾਰਾਂ ਦਾ ਸੰਗ੍ਰਹਿ, ਬੀਬੀ ਸਵਰਨ ਕੌਰ ਬੱਲ ਦੀ ਪਹਿਲੋਂ ਪੰਜਾਬੀ ਸੱਥ ਵੱਲੋਂ ਛਾਪੀ ਪੁਸਤਕ ਮਾਝੇ ਦੀ ਮੈਂ ਜੰਮੀ ਜਾਈ’ (ਮਾਝੇ ਦੇ ਲੋਕ ਗੀਤ) ਦੀ ਤੀਜੀ ਛਪਤ, ਡਾ. ਨਿਰਮਲ ਸਿੰਘ ਦੀ ਪੰਜਾਬ ਦੀ ਵਿਰਾਸਤ ਨੂੰ ਸਮਝਣ ਜਾਨਣ ਲਈ ਇਕ ਹਜ਼ਾਰ ਇਕ ਸਵਾਲਾਂ ਜਵਾਬਾਂ ਵਾਲੀ ਨਿੱਕੀ ਜਿਹੀ ਕਿਤਾਬ ਅਤੇ ਸਨਮਾਨ ਸਮਾਗਮ ਦੇ ਕਿਤਾਬਚੇ ਦੀ ਮੁੱਖ ਵਿਖਾਈ, ਪ੍ਰੋ. ਨਿਰੰਜਨ ਸਿੰਘ ਢੇਸੀ, ਡਾ. ਗੁਰਬਚਨ ਸਿੰਘ ਖਹਿਰਾ ਡਾ. ਸੁਰਿੰਦਰ ਕੌਰ ਖਹਿਰਾ ਤੇ ਬਾਬਾ ਸੀਚੇਵਾਲ ਹੋਰਾਂ ਨੇ ਕੀਤੀ

----

ਡਾ. ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਨੇ ਬੋਲਦਿਆਂ ਕਿਹਾ ਕਿ ਇਹ ਸਨਮਾਨ ਸਮਾਰੋਹ ਪੰਜਾਬ ਦੇ ਆਮ ਲੋਕਾਂ ਦੇ ਆਪਣੇ ਵਿਦਵਾਨਾਂ, ਖੋਜੀਆਂ, ਪੱਤਰਕਾਰਾਂ, ਸਾਹਿਤਕਾਰਾਂ ਤੇ ਸਮਾਜ ਲਈ ਮੁੱਲਵਾਨ ਤੇ ਸਾਰਥਿਕ ਕੰਮ ਕਰਨ ਵਾਲੀਆਂ ਮਹਾਨ ਹਸਤੀਆਂ ਦੇ ਕਾਰਜਾਂ ਅੱਗੇ ਸਿਰ ਝੁਕਾਉਣ ਦਾ ਇਕ ਬਹਾਨਾ ਹੈਅਸੀਂ ਆਪਣੀਆਂ ਜੜਾਂ ਨਾਲ ਜੁੜ ਕੇ ਪੰਜਾਬੀ ਭਾਈਚਾਰੇ ਨੂੰ ਜੋੜਨਾ ਹੈ ਤੋੜਨਾ ਨਹੀਂਜਨੂੰਨਾਂ, ਮਜ਼੍ਹਬੀ ਤੇ ਸਿਆਸੀ ਪਾੜਿਆਂ, ਦੇਸਾਂ ਦੀਆਂ ਵੰਡਾਂ ਵਿਤਕਰਿਆਂ ਤੋਂ ਦੂਰ ਰਹਿੰਦਿਆਂ ਪਿਛਲੇ ਅਠਾਰਾਂ ਵਰ੍ਹਿਆਂ ਵਾਂਗ ਹੀ ਇਸ ਵਾਰ ਵੀ ਚੜ੍ਹਦੇ ਪੰਜਾਬ ਚੋਂ ਚਾਰ ਸਨਮਾਨ ਦਿੱਤੇ ਜਾ ਰਹੇ ਨੇਮਾਝੇ ਦੀ ਧੁਨੀ ਤਰਨਤਾਰਨ ਜਿ਼ਲ੍ਹੇ ਦੇ ਅੱਠਾਂ ਗੁਰੂ ਸਾਹਿਬਨ ਵਲੋਂ ਵਰੋਸਾਏ ਕਸਬੇ ਖਡੂਰ ਸਾਹਿਬ ਤੋਂ ਗੁਰਮਤਿ ਵਿਚਾਰਧਾਰਾ ਨੂੰ ਅਮਲ ਵਿਚ ਲਾਗੂ ਕਰਕੇ ਸਰਬੱਤ ਦਾ ਭਲਾ ਮੰਗਣ ਵਾਲੇ ਬਾਬਾ ਸੇਵਾ ਸਿੰਘ ਜੀ ਨੂੰ ਭਾਈ ਗੁਰਦਾਸ ਪੁਰਸਕਾਰ ਭੇਟ ਕੀਤਾ ਜਾ ਰਿਹਾ ਹੈਬਾਬਾ ਜੀ ਨੇ 150 ਕਿਲੋਮੀਟਰ ਲੰਬੀਆਂ ਸੜਕਾਂ ਤੇ ਛਾਂਦਾਰ ਰੁੱਖ ਲਾ ਕੇ ਭੁੱਲੀ ਭਟਕੀ ਮਨੁੱਖਤਾ ਨੂੰ ਪਵਣ ਗੁਰੂ ਦੇ ਲੜ ਲਾਉਣ ਦਾ ਸਫਲ ਉਪਰਾਲਾ ਕੀਤਾ ਹੈਗਵਾਲੀਅਰ-ਮਧ ਪ੍ਰਦੇਸ਼, ਮਕਰਾਣਾ-ਰਾਜਸਥਾਨ, ਕਰਤਾਰਪੁਰ ਜਲੰਧਰ ਅਤੇ ਖਡੂਰ ਸਾਹਿਬੋਂ ਰਈਆ, ਖਲਚੀਆਂ, ਜੰਡਿਆਲਾ, ਵੈਰੋਵਾਲ, ਗੋਇੰਦਵਾਲ, ਤਰਨਤਾਰਨ ਦੀਆਂ ਸੜਕਾਂ ਦੇ ਦੋਵੇਂ ਬੰਨੇ ਜੀਵਨਦਾਤੀ ਆਕਸੀਜਨ ਦੇ ਰੁੱਖਾਂ ਰੂਪੀ ਸਦੀਵੀ ਲੰਗਰ ਲਾ ਕੇ ਪਰਉਪਕਾਰੀ ਕਾਰਜ ਕੀਤਾ ਹੈਵਿਦਿਅਕ ਸੰਸਥਾਵਾਂ, ਖੇਡ ਅਖਾੜੇ, ਗੁਰੂ ਘਰਾਂ ਦੀਆਂ ਇਮਾਰਤਾਂ ਸੰਗਤਾਂ ਦੇ ਸਹਿਯੋਗ ਨਾਲ ਉਸਾਰ ਕੇ, ਵਿਰਾਸਤ ਨੂੰ ਬਚਾ ਕੇ ਸਮਾਜ ਨੂੰ ਸਮੇਂ ਦੇ ਹਾਣੀ ਬਨਾਉਣ ਦੇ ਸ਼ਲਾਘਾਯੋਗ ਯਤਨ ਕੀਤੇ ਹਨਡਾ. ਰਘਬੀਰ ਸਿੰਘ ਬੈਂਸ ਕੈਨੇਡਾ ਦੇ ਸਹਿਯੋਗ ਨਾਲ ਆਧੁਨਿਕ ਅਜਾਇਬਘਰ ਤੇ ਨਿਸ਼ਾਨ ਏ ਸਿੱਖੀ ਵਰਗੇ ਅਜੂਬੇ ਉਸਾਰ ਕੇ ਵੀ ਨਿਮਰਤਾ, ਹਲੀਮੀ ਅਤੇ ਨੇਕੀ ਦਾ ਪੱਲਾ ਘੁੱਟ ਕੇ ਫੜ੍ਹਿਆ ਹੋਇਆ ਹੈ

----

ਅਜਿਹੀ ਹੀ ਇਕ ਹੋਰ ਮਹਾਨ ਸੰਸਥਾ ਸ. ਕਰਮ ਸਿੰਘ ਅਤੇ ਸ. ਦਲਜੀਤ ਸਿੰਘ ਹੋਰਾਂ ਦੀ ਅਗਵਾਈ ਹੇਠ ਪਿੰਡ ਉੜਾਪੜ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਕਾਰਜਸ਼ੀਲ ਹੈਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਮਲ ਵਿਚ ਲਿਆ ਕੇ ਵਿਦਿਆ ਦਾ ਚਾਨਣ ਫੈਲਾਉਣ ਵਾਸਤੇ ਧੀਆਂ ਧਿਆਣੀਆਂ ਲਈ ਕਾਲਜ, ਨਿਮਾਣਿਆਂ ਨਿਤਾਣਿਆਂ ਤੇ ਰੋਗੀਆਂ ਲਈ ਹਸਪਤਾਲ, ਗਿਆਨ ਤੇ ਸੋਝੀ ਦਾ ਸੋਮਾ ਲਾਇਬ੍ਰੇਰੀ ਆਪਣੇ ਬਲਬੂਤੇ ਹੀ ਚੱਲਾ ਰਹੇ ਹਨਆਪਣੇ ਹੱਥੀ ਆਪਣੇ ਕਾਰਜ ਸੰਵਾਰਨ ਦਾ, ਵਿਕਾਸ ਦਾ ਇਹ ਅਦਭੁਤ ਨਮੂਨਾ ਸਿਰਜ ਕੇ ਏਸ ਪਿੰਡ ਤੇ ਇਲਾਕੇ ਨੇ ਖਹਿ ਖਹਿ ਮਰਦੀ ਲੋਕਾਈ ਨੂੰ ਰੋਸ਼ਨੀ ਵਿਖਾਈ ਹੈਏਸ ਕਾਲਜ ਦੀਆਂ ਵਿਦਿਆਰਥਣਾ ਪ੍ਰਸ਼ਾਦੇ ਲੰਗਰ ਵਿੱਚੋਂ ਛੱਕਦੀਆਂ ਹਨ ਤੇ ਪੜ੍ਹਦੀਆਂ ਨੇ ਪੰਜਾਬੋਂ ਬਾਹਰ ਬੈਠੇ ਪਰ ਦਿਲਾਂ ਵਿਚ ਪੰਜਾਬ ਦਾ ਦਰਦ ਮਹਿਸੂਸ ਕਰਕੇ ਦਸਵੰਧ ਕੱਢਦੇ ਪੰਜਾਬੀ ਭੈਣ ਭਰਾਵਾਂ ਦੀ ਇਮਦਾਦ ਨਾਲ

ਬਗੈਰ ਕਿਸੇ ਸਰਕਾਰੀ ਸਹਾਇਤਾ ਤੋਂ ਚੁੱਪ ਚੁਪੀਤੇ, ਨੀਵੇਂ ਰਹਿ ਕੇ ਜਿਹੜੀ ਮਿਸਾਲ ਇਹਨਾਂ ਸੱਜਣਾਂ ਨੇ ਕਾਇਮ ਕੀਤੀ ਹੈ, ਉਹਦੇ ਅੱਗੇ ਸਿਰ ਨਿਵਾਉਣ ਲਈ ਹੀ ਪੰਜਾਬੀ ਸੱਥ ਨੇ ਏਸ ਸੰਸਥਾ ਨੂੰ ਭਾਈ ਘਨ੍ਹਈਆ ਪੁਰਸਕਾਰ ਭੇਟ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ ਹੈਏਸ ਪਿੰਡ ਦੀ ਲਾਇਬ੍ਰੇਰੀ ਇਥੋਂ ਦੇ ਜੰਮਪਲ ਪ੍ਰਸਿੱਧ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਂ ਉੱਤੇ ਉਹਨਾਂ ਦੇ ਜੱਦੀ ਘਰ ਵਿਚ ਸਥਾਪਤ ਹੈ

----

ਪੰਜਾਬ ਵਿਚ ਦੂਰਦਰਸ਼ਨ ਕੇਂਦਰ ਭਾਵੇਂ ਸੱਤਰਵਿਆਂ ਚ ਸਥਾਪਤ ਹੋ ਗਿਆ ਸੀ, ਪਰ ਇਹਨੂੰ ਪੰਜਾਬੀ ਪੁਣੇ ਦੀ ਪਾਹ ਚਾੜ੍ਹਨ ਦਾ ਪੁੰਨ ਡਾ. ਦਲਜੀਤ ਸਿੰਘ ਹੋਰਾਂ ਨੇ ਖੱਟਿਆ ਹੈਸਰਕਾਰੀ ਤੇ ਨੀਮ ਸਰਕਾਰੀ ਅਦਾਰਿਆਂ ਵਿਚ ਵੀ ਜੇ ਕੋਈ ਦੂਰ ਦ੍ਰਿਸ਼ਟੀ ਤੇ ਮੌਲਿਕ ਸੋਚ ਵਾਲਾ ਉਚ ਅਹੁਦੇਦਾਰ ਆ ਜਾਵੇ ਤਾਂ ਉਹ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਰੂਪੀ ਦਸਵੰਧ ਨੂੰ ਅਵਾਮ ਦੀ ਭਲਾਈ ਲਈ ਵਰਤਣ ਦਾ ਕ੍ਰਿਸ਼ਮਾ ਕਰਕੇ ਨਵੀਆਂ ਪ੍ਰਿਤਾਂ ਪਾ ਸਕਦਾ ਹੈਡਾ. ਦਲਜੀਤ ਸਿੰਘ ਨੇ ਸਮੁੱਚੇ ਦੂਰ ਦਰਸ਼ਨ ਕੇਂਦਰ ਦੇ ਅਮਲੇ ਦੇ ਸਹਿਯੋਗ ਨਾਲ ਏਧਰ ਨੂੰ ਪੁਲਾਘਾਂ ਪੁੱਟੀਆਂ ਨੇਨੰਗੇਜਵਾਦ, ਲੱਚਰਪੁਣਾ, ਅੰਧ-ਵਿਸ਼ਵਾਸ, ਹਿੰਸਾ ਤੇ ਕਾਮੁਕਤਾ ਫੈਲਾਉਣ ਵਾਲੇ ਮੁਨਾਫੇਖੋਰਾਂ ਵੱਲੋਂ ਚਲਾਏ ਜਾ ਰਹੇ ਚੈਨਲਾਂ ਦੀ ਭੀੜ ਨਾਲ ਦੂਰਦਰਸ਼ਨ ਜਲੰਧਰ ਨੇ ਸਿੱਧੀ ਟੱਕਰ ਲਾਈ ਹੋਈ ਏਅਸੀਂ ਪੰਜਾਬ ਦੇ ਆਮ ਲੋਕ ਇਹਨਾਂ ਦੀ ਮਾਂ ਬੋਲੀ ਤੇ ਮਾਂ ਧਰਤੀ ਨਾਲ ਜੁੜਨ ਦੀ ਏਸ ਮੁਹਿੰਮ ਨੂੰ ਪ੍ਰਣਾਮ ਕਰਦੇ ਹਾਂ

ਉਸ ਸਮੁੱਚੇ ਕੇਂਦਰ ਨੂੰ ਡਾ. ਦਲਜੀਤ ਸਿੰਘ ਜੀ ਰਾਹੀਂ ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਸਤਿਕਾਰ ਸਹਿਤ ਭੇਟ ਕਰਨ ਦੀ ਪੰਜਾਬੀ ਸੱਥ ਵਾਲਿਆਂ ਨੂੰ ਅਥਾਹ ਖੁਸ਼ੀ ਹੈ

----

ਕਾਗਜ਼ ਕਾਲੇ ਕਰ ਕਰ ਊਲ ਜਲੂਲ ਝਰੀਟ ਕੇ ਲੋਕਾਈ ਨੂੰ ਦਰਪੇਸ਼ ਅਸਲ ਮੁੱਦਿਆਂ ਤੋਂ ਭਟਕਾ ਕੇ ਭੌਂਚਲ ਚ ਪਾਈ ਰੱਖਣਾ ਬਹੁਤੇ ਕਲਮਕਾਰਾਂ ਦਾ ਅੱਜ ਦੇ ਬਾਜਾਰੂ ਤੇ ਭੋਗਵਾਦੀ ਜੁੱਗ ਵਿਚ ਕਸਬ ਹੀ ਬਣ ਗਿਆ ਹੈਆਪਣੇ ਆਪ ਨੂੰ ਆਪੇ ਹੀ ਬੁੱਧੀਜੀਵੀ, ਵਿਦਵਾਨ ਸਾਹਿਤਕਾਰ ਗਰਦਾਨ ਕੇ ਲੋਕਾਂ ਨਾਲੋਂ ਟੁੱਟ ਕੇ ਕਾਲਜਾਂ ਯੂਨੀਵਰਸਿਟੀਆਂ ਦੀਆਂ ਉੱਚੀਆਂ ਅਟਾਰੀਆਂ ਤੇ ਘੁਰਨਿਆਂ ਚ ਕੈਦ ਤੋਂ ਉਲਟ ਪੰਜਾਬੀ ਲਿਖਾਰੀ ਸਭਾ ਬਰਨਾਲਾ ਨੇ ਸਨ 1954 ਤੋਂ ਅੱਜ ਤੀਕ ਆਮ ਲੋਕਾਈ ਲਈ ਲਾਹੇਵੰਦ ਕਿਤਾਬਾਂ ਹੀ ਨਹੀਂ ਛਾਪੀਆਂ, ਉਹਨਾਂ ਦੇ ਵਿਚ ਰਹਿ ਕੇ ਪਾਠਕਾਂ ਦਾ ਇਕ ਬਹੁਤ ਵੱਡਾ ਵਰਗ ਵੀ ਕਾਇਮ ਕੀਤਾ ਹੈਮਾਲਵੇ ਦੀ ਧੁਨੀ ਬਰਨਾਲੇ ਦਾ ਆਲਾ ਦੁਆਲਾ ਅੱਜ ਵੀ ਪੰਜਾਬੀ ਪਿਆਰਿਆਂ ਤੇ ਕਿਤਾਬਾਂ ਖਰੀਦ ਕੇ ਪੜ੍ਹਨ ਵਾਲਿਆਂ ਚੋਂ ਮੋਹਰੀ ਸਥਾਨ ਰੱਖਦਾ ਹੈਲੋਕਾਂ ਨਾਲੋਂ ਟੁੱਟੇ ਹੋਏ ਅਖਾਉਤੀ ਵਿਕਸਿਤ ਸ਼ਹਿਰਾਂ ਵਿਚ ਰਹਿਣ ਵਾਲੇ ਸਫੈਦਪੋਸ਼ ਸਾਹਿਤਕਾਰਾਂ ਦੇ ਮੁਕਾਬਲੇ ਮੰਡੀਆਂ, ਪਿੰਡਾਂ, ਛੋਟੇ ਸ਼ਹਿਰਾਂ ਤੇ ਕਸਬਿਆਂ ਚ ਵਸਦੇ ਏਸ ਸਭਾ ਵਾਲਿਆਂ ਨੇ ਦੋ ਸੌ ਤੋਂ ਉੱਪਰ ਕਿਤਾਬਾਂ ਆਪਣੇ ਬਲਬੂਤੇ ਛਾਪ ਕੇ ਪੰਜਾਬੀ ਬੋਲੀ ਦੇ ਮਰਨ ਤੇ ਅਲੋਪ ਹੋ ਜਾਣ ਦੇ ਝੂਠਮ ਝੂਠ ਚੌਤਾਲ ਸੌ ਨੂੰ ਸੱਚ ਦਾ ਸ਼ੀਸ਼ਾ ਵਿਖਾ ਦਿੱਤਾ ਹੈ

----

ਪੰਜਾਬ ਦਾ ਮਾਂ ਜਾਇਆ ਨਿੱਕਾ ਵੀਰ ਹਰਿਆਣਾ, ਯੋਧਿਆਂ, ਸੂਰਬੀਰਾਂ ਦੀ ਧਰਤੀ, ਮਹਾਂਭਾਰਤ ਦੀ ਰਣ ਭੂਮੀ, ਅਧਿਆਤਮਕ ਵਿਚਾਰਧਾਰਾ ਮਹਾਨ ਗੀਤਾ ਦੀ ਜਨਮ ਭੂਮੀ ਭਾਵੇਂ ਸਿਆਸੀ ਤੌਰ ਤੇ ਵੱਖਰਾ ਸੂਬਾ ਹੈ, ਪਰ ਜਾਤਾਂ ਗੋਤਾਂ ਦੀਆਂ ਅੰਗਲੀਆਂ ਸੰਗਲੀਆਂ, ਬੋਲੀ-ਸੱਭਿਆਚਾਰ ਇਤਿਹਾਸ-ਮਿਥਹਾਸ ਦੀ ਪੱਕੀ ਪੀਡੀ ਸਾਂਝ ਕਾਰਨ ਏਸ ਅਪਣੱਤ ਨੂੰ ਸਿਆਸਤਾਂ ਦੀਆਂ ਕੁਚਾਲਾਂ ਵੀ ਤੋੜ ਨਹੀਂ ਸਕੀਆਂਬੋਲੀ ਦੀ ਸਾਂਝ ਨੂੰ ਵਧਾਉਣ ਲਈ ਜਿਹੜਾ ਕਾਰਜ ਸਾਡੇ ਵੀਰ ਸ਼੍ਰੀ ਛੋਟੂ ਰਾਮ ਮੌਦਗਿੱਲ ਨੇ ਹਰਿਆਣਾ ਪੰਜਾਬੀ ਅਕਾਦਮੀ ਰਾਹੀਂ ਕੀਤਾ ਹੈ, ਉਹ ਇਤਿਹਾਸਕ ਵੀ ਹੈ ਤੇ ਮੁੱਲਵਾਨ ਵੀਉਹਨਾਂ ਨੇ ਬੋਲੀ ਨੂੰ ਤੰਗ ਮਜ਼੍ਹਬੀ ਤੇ ਰਾਜਨੀਤਿਕ ਦਾਇਰਿਆਂ ਚੋਂ ਕੱਢ ਕੇ ਉਹਦਾ ਸਹੀ ਰੁਤਬਾ ਬਹਾਲ ਕਰਨ ਵਿਚ ਵਡਮੁੱਲਾ ਹਿੱਸਾ ਪਾਇਆ ਹੈਉਹ ਆਪ ਪ੍ਰੋੜ ਲੇਖਕ, ਡੂੰਘੇ ਸੋਝੀਵਾਨ ਤੇ ਵਧੀਆ ਇਨਸਾਨ ਹੋਣ ਕਰਕੇ ਮਾਂ ਬੋਲੀ ਨੂੰ ਚੜ੍ਹਦੀਆਂ ਕਲਾਂ ਵਿਚ ਲਿਜਾਣ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨਸੱਥ ਨੇ ਮੌਦਗਿਲ ਜੀ ਨੂੰ ਭਾਈ ਸੰਤੋਖ ਸਿੰਘ ਪੁਰਸਕਾਰ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਛੋਟੀ ਜੇਹੀ ਕੋਸ਼ਿਸ਼ ਕੀਤੀ ਹੈ

----

ਲਹਿੰਦਾ ਪੰਜਾਬ ਵੱਡਾ ਭਰਾ ਏਸਿਆਸਤਦਾਨਾਂ ਜਨੂੰਨੀਆਂ ਨੇ ਨਕਸਿ਼ਆਂ ਉੱਤੇ ਲਕੀਰਾਂ ਵਾਹ ਕੇ ਨਵੇਂ ਦੇਸ ਤੇ ਸੂਬੇ ਬੇਸ਼ੱਕ ਉਲੀਕ ਲਏ ਨੇ, ਪਰ ਪੰਜਾਬੀ ਬੋਲੀ, ਵਿਰਾਸਤ ਤੇ ਸਭਿਆਚਾਰ ਵੰਡੇ ਨਹੀਂ ਜਾ ਸਕੇਸੱਥ ਵੱਲੋਂ ਕਿੰਨੇ ਹੀ ਵਰ੍ਹਿਆਂ ਤੋਂ ਬਾਬਾ ਸ਼ੇਖ ਫਰੀਦ ਦੇ ਨਾਂ ਤੇ ਸਾਂਝਾਂ ਦਾ ਪੁਲ ਪੁਰਸਕਾਰਓਧਰ ਵੱਸਦੇ ਅਦੀਬਾਂ ਸੂਝਵਾਨ ਸਿਆਣਿਆਂ ਨੂੰ ਦਿੱਤਾ ਜਾਂਦਾ ਏਪੰਜਾਂ ਪਾਣੀਆਂ ਦੀ ਧਰਤੀ ਦੀ ਖੈਰ ਮੰਗਣ ਵਾਲੇ ਪੰਜਾਬੀ ਪਰਚੇ ਪੰਚਮਦੇ ਐਡੀਟਰ ਲਾਹੌਰੀਏ ਮਕਸੂਦ ਸਾਕਿਬ ਹੋਰਨਾਂ ਨੇ ਖ਼ੁਦ ਸਮਾਗਮ ਵਿਚ ਆਉਣ ਦੀ ਠਾਣੀ ਹੋਈ ਸੀ, ਪਰ ਵੇਲੇ ਦੀਆਂ ਹਕੂਮਤੀ ਬੰਦਸ਼ਾਂ ਕਾਰਨ ਉਹ ਨਹੀਂ ਪੁੱਜ ਸਕੇਉਹਨਾਂ ਦਾ ਸਨਮਾਨ ਪੰਜਾਬ ਦੇ ਟੋਟਿਆਂ ਦੀ ਸਾਂਝ ਵਧਾਉਣ ਚ ਜੁਟੇ ਰੋਜ਼ਾਨਾ ਅਜੀਤ ਦੇ ਸਹਿ ਸੰਪਾਦਕ ਸ. ਸਤਨਾਮ ਸਿੰਘ ਮਾਣਕ ਨੂੰ ਦਿੰਦਿਆਂ ਬੇਨਤੀ ਕੀਤੀ ਗਈ ਕਿ ਉਹ ਇਹਨੂੰ ਸਾਕਿਬ ਹੋਰਾਂ ਤੀਕ ਅੱਪੜਦਾ ਕਰਨ

----

ਪੰਜਾਬੋਂ ਬਾਹਰਲੀਆਂ ਯੂਰਪ, ਕੈਨੇਡਾ, ਅਮਰੀਕਾ, ਆਸਟ੍ਰਖੇਲੀਆ ਦੀਆਂ ਸੱਥਾਂ ਦਾ ਜ਼ਿਕਰ ਕਰਦਿਆਂ ਡਾ. ਸਾਹਿਬ ਨੇ ਉਨ੍ਹਾਂ ਦੇ ਗਰਮੀਆਂ ਵਿਚ ਹੋਣ ਵਾਲੇ ਸਮਾਗਮ ਸਬੰਧੀ ਜਾਣਕਾਰੀ ਦਿੱਤੀਯੂਰਪੀ ਪੰਜਾਬੀ ਸੱਥ ਦੇ ਕਿਤਾਬਾਂ ਤੇ ਕੈਲੰਡਰ ਵੰਡਣ ਦੀ ਸਹਾਇਤਾ ਲਈ ਸੰਚਾਲਕ ਸ. ਮੋਤਾ ਸਿੰਘਸ ਰਾਏ ਅਤੇ ਉਨ੍ਹਾਂ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾਇੰਗਲੈਂਡ ਵਿਚ ਯੂਪੀ ਸੱਥਵਲੋਂ ਐਲਾਨੇ ਅਖਬਾਰ ਦੇਸ ਪਰਦੇਸ ਸਾਊਥਹਾਲ ਤੇ ਬੀਬੀ ਰਾਣੀ ਮਲਿਕ ਦੇ ਨਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਦਾ ਜਿ਼ਕਰ ਕੀਤਾਪੰਜਾਬੀ ਸੱਥ ਸਰੀ ਕੈਨੇਡਾ ਦੀ ਇਕਾਈ ਵੱਲੋਂ ਹਰਭਜਨ ਸਿੰਘ ਅਠਵਾਲ ਤੋਂ ਸ. ਮਹਿੰਦਰ ਸਿੰਘ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਉਥੇ ਯੂ.ਬੀ.ਸੀ. ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਨਿਊਯਾਰਕ ਜਨਮੀ ਮੂਲ ਆਇਰਲੈਂਡ ਵਾਲੀ ਬੀਬੀ ਐਨ ਮਰਫੀ ਨੂੰ ਸਨਮਾਨਤ ਕਰਨ ਦੀ ਜਾਣਕਾਰੀ ਦਿੱਤੀ

----

ਮੋੜਵੇਂ ਰੂਪ ਵਿਚ ਸ਼੍ਰੀ ਮੌਦਗਿਲ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀਆਂ ਪ੍ਰਾਪਤੀਆਂ ਦਾ ਵਰਨਣ ਕਰਦੇ ਹੋਏ ਮਾਂ ਬੋਲੀ ਦੇ ਅਖਾਉਤੀ ਠੇਕੇਦਾਰਾਂ ਦੀਆਂ ਕੁਚਾਲਾਂ ਕਾਰਨ ਜ਼ੁਬਾਨ ਦੇ ਹੋ ਰਹੇ ਘਾਣ ਸਬੰਧੀ ਦੱਸਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਦਾ ਰਹਿਬਰ ਆਖਦਿਆਂ ਸੱਥ ਦਾ ਧੰਨਵਾਦ ਕੀਤਾਡਾ. ਦਲਜੀਤ ਸਿੰਘ ਨੇ ਦੂਰਦਰਸ਼ਨ ਜਲੰਧਰ ਨੂੰ ਲੋਕਾਂ ਦੇ ਮੁੱਦਿਆਂ ਨੂੰ ਸਬੰਧਤ ਹੋ ਕੇ ਸਿਹਤਮੰਦ ਪ੍ਰਸਾਰਣ ਦੀ ਗੱਲ ਕੀਤੀਬਾਬਾ ਸੇਵਾ ਸਿੰਘ ਜੀ ਨੇ ਬਗੈਰ ਕੁਝ ਬੋਲਿਆਂ ਹੀ ਬਹੁਤ ਕੁਝ ਕਹਿ ਦਿੱਤਾਸ. ਦਲਜੀਤ ਸਿੰਘ ਉੜਾਪੜ ਨੇ ਆਪਣੇ ਮਸਲੇ ਆਪ ਨਜਿੱਠਣ ਦਾ ਮਸ਼ਵਰਾ ਦਿੰਦਿਆਂ ਮਿਲ ਬੈਠਣ ਦੀ ਸਲਾਹ ਦਿੱਤੀਸ. ਪ੍ਰੀਤਮ ਸਿੰਘ ਰਾਹੀ ਜੀ ਨੇ ਸ਼ੋਹਰਤਬਾਜ਼ੀ ਤੇ ਝੂਠ ਤੋਂ ਬਚ ਕੇ ਮਾਂ ਬੋਲੀ ਦੀ ਖਿਦਮਤ ਕਰਨ ਦਾ ਪ੍ਰਣ ਦੁਹਰਾਉਂਦਿਆਂ ਆਪਣੀ ਇਕ ਖੂਬਸੂਰਤ ਕਾਵਿ ਰਚਨਾ ਪੇਸ਼ ਕੀਤੀਸਤਨਾਮ ਸਿੰਘ ਮਾਣਕ ਨੇ ਥੋੜੇ ਸ਼ਬਦਾਂ ਵਿਚ ਪੰਜਾਬੀ ਜ਼ੁਬਾਨ, ਪਛਾਣ ਤੇ ਭਾਰਤ ਪਾਕਿ ਮਿੱਤਰਤਾਈ ਆਮ ਲੋਕਾਂ ਦੀ ਪੱਧਰ ਤੇ ਵਧਾਉਣ ਦੀ ਸਲਾਹ ਦਿੱਤੀਉਹਨਾਂ ਪੰਜਾਬੀ ਸੱਥ ਦੀ ਪਿਛਲੇ ਵੀਹ ਸਾਲਾਂ ਦੀ ਕਾਰਗੁਜ਼ਾਰੀ ਦਾ ਵੀ ਸਿਹਤਮੰਦ ਮੁਲਾਂਕਣ ਕੀਤਾਸਰਪ੍ਰਸਤ ਦੀ ਹੈਸੀਅਤ ਵਿਚ ਬੋਲਦਿਆਂ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਖਾਸ ਕਰਕੇ ਪੰਜਾਬ ਦੇ ਜ਼ਹਿਰੀਲੇ ਹੋਏ ਦਰਿਆਵਾਂ, ਵੇਈਆਂ ਤੇ ਨਹਿਰਾਂ ਦਾ ਵਿਸਥਾਰਤ ਜਿ਼ਕਰ ਕੀਤਾਬਿਮਾਰੀਆਂ ਦੀਆਂ ਆ ਰਹੀਆਂ, ਚੋਣਾਂ ਵਿਚ ਪ੍ਰਦੂਸ਼ਣ ਨੂੰ ਮੁੱਖ ਮੁੱਦਾ ਬਣਾਉਣ ਲਈ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ

----

ਏਸ ਤੋਂ ਪਿੱਛੋਂ ਆਪਣੀ ਖਾਲਸ ਵਿਰਾਸਤੀ ਗਾਇਕੀ ਦਾ ਪਿੜ ਬੱਝਿਆਬਾਜਾਰੂ, ਨਕਲੀ, ਲੱਚਰ, ਨੰਗੇਜਤ ਹਿੰਸਕ ਪ੍ਰਵਿਰਤੀ ਨੂੰ ਸਭਿਆਚਾਰਕ ਪ੍ਰੋਗਰਾਮ ਆਖਣ ਤੋਂ ਐਨ ਉਲਟ ਪੰਜਾਬੀ ਸੱਥ ਦਾ ਜੜਾਂ ਨਾਲ ਜੁੜਨ ਦਾ ਇਹ ਨਿਵੇਕਲਾ ਉੱਦਮ ਬਹੁਤ ਪ੍ਰਭਾਵਸ਼ਾਲੀ ਰਿਹਾਪੰਜਾਬ ਵਿਚਲੀਆਂ ਸਾਰੀਆਂ ਇਕਾਈਆਂ ਤੋਂ ਸੱਥਾਂ ਦੇ ਸੰਚਾਲਕਾਂ ਨਾਲ ਆਏ ਗਮੰਤ੍ਰੀਆਂ ਨੇ ਵੱਖਰਾ ਹੀ ਮਾਹੌਲ ਸਿਰਜ ਕੇ ਆਪਣਾ ਲੋਹਾ ਮਨਵਾਇਆ

ਮਾਝਾ ਪੰਜਾਬੀ ਸੱਥ ਵਲੋਂ ਸ. ਰਘਬੀਰ ਸਿੰਘ ਤੀਰ ਹੋਰਾਂ ਨਾਲ ਆਏ ਝਬਾਲੀਏ ਬਾਬੇ ਗੁਰਬਚਨ ਸਿੰਘ ਨੇ ਬੁੱਢੇ ਵਾਰੇ ਵਾਰਸ ਦੀ ਹੀਰ ਦੀਆਂ ਹੋਕਾਂ ਨਾਲ ਛਹਿਬਰ ਲਾਈਪਿੰਡ ਕੱਟੂ-ਬਰਨਾਲਾ ਤੋਂ ਡਾ. ਬਲਬੀਰ ਸਿੰਘ ਨਾਮਧਾਰੀ ਮਲਵਈ ਸੱਥ ਵਾਲਿਆਂ ਨਾਲ ਆਈ ਮਲਵਈਆਂ ਦੀ ਟੋਲੀ ਨੇ ਬੋਲੀਆਂ ਪਾ ਕੇ ਵੱਖਰਾ ਈ ਨਜ਼ਾਰਾ ਪੇਸ਼ ਕਰ ਦਿੱਤਾਪੰਜਾਬੀ ਸੱਥ ਬਰਵਾਲੀ ਵਾਲੇ ਗੁਰਦੀਪ ਸਿੰਘ ਕੰਗ ਹੋਰਾਂ ਨਾਲ ਇਤਿਹਾਸਕ ਪਿੰਡ ਜਰਗ ਤੋਂ ਆਏ ਅੱਲ੍ਹੜ ਜਿਹੇ ਮੁੰਡਿਆਂ ਨੇ ਹਜ਼ੂਰਾ ਸਿੰਘ ਦੀ ਹੀਰ ਦੀਆਂ ਕਲੀਆਂ ਦੀਆਂ ਵਾਜਾਂ ਸੁਣਾਂ ਕੇ ਸਰੋਤਿਆਂ ਨੂੰ ਅਸ਼-ਅਸ਼ ਕਰਨ ਲਾ ਦਿੱਤਾਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ ਵੱਲੋਂ ਸ. ਲਾਭ ਸਿੰਘ ਸੰਧੂ ਨਾਲ ਆਏ ਕਵੀਸ਼ਰਾਂ ਨੂੰ ਬਾਬੂ ਰਜਬ ਅਲੀ ਦੀਆਂ ਮਾਂ ਬੋਲੀ ਬਾਬਤ ਟੁਕੜੀਆਂ ਸੁਣਾ ਕੇ ਸਰੋਤਿਆਂ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾਸੁਖਵਿੰਦਰ ਸਿੰਘ ਸੁਤੰਤਰ ਤੇ ਸੰਧੂ ਭਰਾਵਾਂ ਦੇ ਨਾਲ ਈ ਅੱਸੀਆਂ ਨੂੰ ਢੁੱਕੀ ਪਿੰਡ ਬਾਜਕ ਵਾਲੀ ਮਾਤਾ ਸੁਰਜੀਤ ਕੌਰ ਨੇ ਜਦੋਂ ਬੋਲੀਆਂ ਪਾਈਆਂ ਤਾਂ ਸਾਰੇ ਦੰਗ ਰਹਿ ਗਏਵਲੈਤੋਂ ਆਏ ਮਲਵਈ ਬਾਈ ਨਾਹਰ ਸਿੰਘ ਗਿੱਲ ਨੇ ਕਾਵਿ ਨਾਟਕ ਰਾਹੀਂ ਚੰਗਾ ਰੰਗ ਬੰਨ੍ਹਿਆਬੁਤਾਲਾ-ਅੰਮ੍ਰਿਤਸਰ ਵਾਲੀ ਮਾਝਾ ਸੱਥ ਤੋਂ ਬੀਬੀ ਸਵਰਨ ਕੌਰ ਤੇ ਉਹਨਾਂ ਨਾਲ ਆਈਆਂ ਬੀਬੀਆਂ ਨੇ ਜਦੋਂ ਬਗੈਰ ਕਿਸੇ ਸਾਜ ਬਾਜ ਤੋਂ ਹੀ ਆਪਣੀਆਂ ਦਮਦਾਰ ਆਵਾਜ਼ਾਂ ਨਾਲ ਲੋਕ ਗੀਤ ਛੋਹਿਆ ਤਾਂ ਪੁਰਾਣਾ ਪੰਜਾਬ ਪ੍ਰਤੱਖ ਦਿੱਸਣ ਲੱਗ ਪਿਆਮੰਜਕੀ ਸੱਥ ਵਾਲਿਆਂ ਦੀ ਪੇਸ਼ਕਾਰੀ ਤਾਂ ਅਨੂਠੀ ਸੀਪ੍ਰਿੰ. ਕੁਲਵਿੰਦਰ ਸਿੰਘ ਸਰਾਏ ਹੋਰਾਂ ਸੱਥ ਨਾਲ ਮਦੋਕੋ ਮੋਗਿਓਂ ਆਏ ਬਾਈ ਸੁਖਦੇਵ ਸਿੰਘ ਤੇ ਸਾਥੀਆਂ ਨੇ ਤੂੰਬੇ ਤੇ ਅਲਗੋਜਿਆਂ ਨਾਲ ਸ਼ਾਹਣੀ ਕੌਲਾਂਦੀ ਪੇਸ਼ਕਾਰੀ ਕਰ ਕੇ ਇਕ ਵਾਰ ਤੇ ਸਮੇਂ ਨੂੰ ਬੰਨ੍ਹ ਹੀ ਦਿੱਤਾਪੁਆਧੀ ਸੱਥ ਮੁਹਾਲੀ ਤੋਂ ਸ. ਮਨਮੋਹਨ ਸਿੰਘ ਦਾਊਂ ਨਾਲ ਆਏ ਵੀਰ ਬੱਗੇ ਨੇ ਅਲਗੋਜਿਆਂ ਰਾਹੀਂ ਲੋਕ ਧੁਨਾ, ਮਿਰਜ਼ਾ, ਕੌਲਾਂ ਤੇ ਹੀਰ ਸੁਣਾ ਕੇ ਆਪਣੀ ਛਾਪ ਛੱਡੀਅਤਲੀ ਪੇਸ਼ਕਾਰੀ ਸ. ਮਹਿੰਦਰ ਸਿੰਘ ਗੋਲਾ ਚੱਕ ਦੀ ਸੂਬੇਦਾਰ ਸਿ਼ਵ ਸਿੰਘ ਦੋਨਾ ਸੱਥ ਦੀ ਅਗਵਾਈ ਵਿਚ ਸੀਮਿਰਜ਼ੇ ਨੂੰ ਢੱਡ ਸਾਰੰਗੀ ਨਾਲ ਗਾ ਕੇ ਮਿਰਜੇ ਦੀ ਰੂਹ ਦੇ ਨਾਲ ਸਰੋਤਿਆਂ ਦੀ ਵੀ ਰੂਹ ਰਾਜੀ ਕੀਤੀ

----

ਡਾ. ਬਲਬੀਰ ਸਿੰਘ ਭੌਰਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਮੁੱਚੇ ਦਰਸ਼ਕਾਂ, ਸਰੋਤਿਆਂ, ਗਾਇਕਾਂ, ਸਾਜਿੰਦਿਆਂ, ਕਵੀਆਂ, ਪੁਰਸਕਾਰ ਹਾਸਲ ਕਰਨ ਵਾਲਿਆਂ, ਖਾਲਸਾ ਸਕੂਲ ਦੀ ਕਮੇਟੀ, ਅਧਿਆਪਕਾਂ, ਬੱਚਿਆਂ ਦਾ ਧੰਨਵਾਦ ਕੀਤਾਉਹਨਾਂ ਥੋੜ੍ਹੇ ਸ਼ਬਦਾਂ ਵਿਚ ਬਹੁਤਾ ਕੁਝ ਕਹਿ ਕੇ ਆਪਣੀ ਬੋਲੀ, ਵਿਰਾਸਤ, ਵਾਤਾਵਰਣ ਤੇ ਸੱਭਿਆਚਾਰ ਨੂੰ ਬਚਾਉਣ ਲਈ ਗੁਰੂ ਸਾਹਿਬਾਨਾਂ, ਸੂਫੀਆਂ ਤੇ ਭਗਤਾਂ ਤੋਂ ਸੇਧ ਲੈ ਕੇ ਸਹਿਜ ਨਾਲ ਅੱਗੇ ਵਧਣ ਦੀ ਸਲਾਹ ਦਿੱਤੀਆਪਣੇ ਵਿਛੜ ਚੁੱਕੇ ਜੀਆਂ ਦੀ ਯਾਦ ਨੂੰ ਸਾਰਿਆਂ ਦੇ ਭਲੇ ਵਾਸਤੇ ਚੇਤੇ ਰੱਖਣ ਲਈ ਉਹਨਾਂ ਦੇ ਨਾਂ ਉੱਤੇ ਸਨਮਾਨ ਸਥਾਪਤ ਕਰਨ ਦੀ ਪ੍ਰਿਤ ਵਿਚ ਆਪਣਾ ਯੋਗਦਾਨ ਪਾਉਣ ਲਈ ਆਖਿਆ, ਉਪਰੰਤ ਲੰਗਰ ਵਰਤਾਇਆ ਗਿਆ


ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ