ਰਿਪੋਰਟਰ: ਨਿਰਮਲ ਜੌੜਾ
ਸਿੱਕੇ ਬੰਦ ਪੰਜਾਬੀ ਸ਼ਾਇਰੀ, ਸੁਰੀਲੀ ਗਾਇਕੀ ਅਤੇ ਸਿਹਤਮੰਦ ਸੰਗੀਤ ਨੂੰ ਵਿਸ਼ਵ ਪੱਧਰ ਤੇ ਉਤਸ਼ਾਹਿਤ ਕਰਨ ਵਿੱਚ ਇਕਬਾਲ ਮਾਹਲ ਨੇ ਅਹਿਮ ਭੂਮਿਕਾ ਨਿਭਾਈ ਹੈ। ਕੈਨੇਡਾ ਵਸਦੇ ਪੰਜਾਬੀਆਂ ਦੀ ਝੋਲੀ ਵਿਚ ਸੰਜੀਦਾ ਸੁਰ ਅਤੇ ਸ਼ਬਦਾਂ ਦਾ ਭੰਡਾਰ ਪਾਉਣ ਵਾਲਾ ਇਕਬਾਲ ਮਾਹਲ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਮੋਤੀਆਂ ਦੀ ਭਾਲ ਵਿਚ ਰਹਿੰਦਾ ਹੈ। ਖ਼ੂਬਸੂਰਤ ਆਵਾਜ਼ ਮਿਲੇ ਤਾਂ ਸਭ ਕੁਝ ਨਿਛਾਵਰ ਕਰ ਦਿੰਦਾ ਹੈ, ਕੁੱਲੀ ’ਚ ਭਾਵੇਂ ਕੱਖ ਨਾ ਰਹੇ। ਪਿਛਲੇ ਸਾਲ ਉਹ ਪੰਜਾਬ ਆਇਆ ਤਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਪੰਜਾਬੀ ਲੋਕ ਸਾਹਿਤ ਤੇ ਖੋਜ ਕਰ ਰਹੇ ਸੁਰੀਲੇ ਗਾਇਕ ਸਤਿੰਦਰ ਸਰਤਾਜ ਦੀ ਆਵਾਜ਼ ਨੇ ਉਸ ਨੂੰ ਕੀਲ ਲਿਆ। ਇਕਬਾਲ ਮਾਹਲ ਨੇ ਆਪਣੀ ਪੁਖਤਾ ਬੁੱਧੀ ਨਾਲ ਸਰਤਾਜ ਨੂੰ ਕੈਨੇਡਾ ਵਸਦੇ ਪੰਜਾਬੀਆਂ ਦੀਆਂ ਮਹਿਫਲਾਂ ਦਾ ਸ਼ਿੰਗਾਰ ਬਣਾ ਦਿੱਤਾ। ਸਤਿੰਦਰ ਸਰਤਾਜ ਦਾ ਪਹਿਲਾ ਸ਼ੋਅ ਮਈ ਮਹੀਨੇ ਦੇ ਪਹਿਲੇ ਸ਼ਨੀਵਾਰ ਬਰੈਪਟਨ ਵਿਚ ਹੋਇਆ । ਦੋ ਹਫਤੇ ਪਹਿਲਾਂ ਸਾਰੀਆਂ ਦੀਆਂ ਸਾਰੀਆਂ ਸੀਟਾਂ ਬੁੱਕ ਹੋ ਚੁੱਕੀਆਂ ਸਨ। ਅਸਲ ਵਿਚ ਕੈਨੇਡਾ ਦੇ ਇਲੈਕਟ੍ਰਾਨਿਕ ਮੀਡੀਏ ਰਾਹੀਂ ਸਰਤਾਜ ਦੀ ਸੁਰੀਲੀ ਆਵਾਜ਼ ਅਤੇ ਲੋਕ ਸਾਹਿਤ ਵਿਚੋਂ ਚੁਣੇ ਸ਼ਬਦਾਂ ਨੂੰ ਸੁਣਦਿਆਂ ਹੀ ਕੈਨੇਡਾ ਵਾਸੀਆਂ ਲਈ ਕੁਝ ਨਵਾਂ ਮਿਲਣ ਦੀ ਆਸ ਨੇ ਮਿੰਟੋ-ਮਿੰਟੀ ਹਾਲ ਬੁੱਕ ਕਰ ਦਿੱਤਾ ਅਤੇ ਮਾਹਲ ਸਾਹਿਬ ਨੂੰ ਮੌਕੇ ਤੇ ਹੀ ਇੱਕ ਸ਼ੋਅ ਹੋਰ ਕਰਨ ਦਾ ਐਲਾਨ ਕਰਨਾ ਪਿਆ।
-----
ਬਰੈਪਟਨ ਦੇ ਖਚਾਖਚ ਭਰੇ ਸੀ ਕੇ ਐਸ ਹਾਲ ਵਿਚ ਸਰਤਾਜ ਨੂੰ ਪੰਜਾਬੀਆਂ ਦੇ ਰੂ–ਬਰੂ ਕਰਦਿਆਂ ਇਕਬਾਲ ਮਾਹਲ ਨੇ ਕਿਹਾ ਕਿ ਅੱਜ ਵੀ ਪੰਜਾਬੀ ਗਾਇਕੀ ਵਿ¤ਚ ਚੰਗੀਅ ਆਵਾਜ਼ਾਂ ਹਨ ਅਤੇ ਚੰਗੀ ਸ਼ਬਦਾਵਲੀ ਪਈ ਹੈ, ਸੁਣਨ ਵਾਲੇ ਵੀ ਹਨ ਸਿਰਫ ਮਾਹੌਲ ਨੂੰ ਸਿਰਜਣ ਦੀ ਲੋੜ ਹੈ। ਇਸ ਸ਼ੋਅ ਦੇ ਮੁੱਖ ਮਹਿਮਾਨ ਉੱਘੇ ਗਜ਼ਲ ਗਾਇਕ ਜਗਜੀਤ ਨੇ ਸਰਤਾਜ ਨੂੰ ਸੁਰ ਅਤੇ ਸ਼ਾਇਰੀ ਦਾ ਸੁਮੇਲ ਆਖਦਿਆਂ ਪੰਜਾਬੀ ਗਾਇਕੀ ਦੇ ਭਵਿੱਖ ਦਾ ਸਿਤਾਰਾ ਐਲਾਨ ਕੀਤਾ।ਜਗਜੀਤ ਨੇ ਕਿਹਾ ਕਿ ਸਰਤਾਜ ਨੇ ਪੰਜਾਬੀ ਗਾਇਕੀ ਦੇ ਮਾਣਮੱਤੇ ਇਤਿਹਾਸ ਅਤੇ ਪਰੰਪਰਾ ਨੂੰ ਕਾਇਮ ਰੱਖਿਆ ਹੈ।ਪਿਛਲੇ ਕਈ ਦਿਨਾਂ ਤੋਂ ਇਸ ਸ਼ੋਅ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਪੰਜਾਬੀਆਂ ਦੇ ਸਾਹਮਣੇ ਆਉਂਦਿਆਂ ਸਰਤਾਜ ਨੇ ਸਪਸ਼ਟ, ਸਰਲ ਅਤੇ ਲੋਕ ਮਨਾਂ ਤੇ ਉਤਰਨ ਵਾਲੀ ਸ਼ਾਇਰੀ ਨਾਲ ਗੱਲ ਸ਼ੁਰੂ ਕੀਤੀ। ਜ਼ਿੰਦਗੀ ਦੀਆਂ ਅਟੱਲ ਸੱਚਾਈਆਂ ਦੀ ਬਾਤ ਪਾਉਂਦੇ ਸਰਤਾਜ ਦੇ ਸੁਰੀਲੇ ਬੋਲ ਲੋਕਾਂ ਦੀ ਰੂਹ ਅਤੇ ਦਿਲ ਦੇ ਧੁਰ ਅੰਦਰ ਤਕ ਆਪ ਮੁਹਾਰੇ ਜਾ ਰਹੇ ਸਨ ਅਤੇ ਚਿਰਾਂ ਤੋਂ ਪਰਵਾਸ ਦੀ ਸਿੱਲ੍ਹ ਵਿਚ ਬੈਠੇ ਪੰਜਾਬੀ ਉਨ੍ਹਾਂ ਬੋਲਾਂ ਨੂੰ ਪੋਹ ਮਾਘ ਦੀ ਧੁੱਪ ਵਾਂਗ ਸੇਕ ਰਹੇ ਸਨ। ਲਗਾਤਾਰ ਚਾਰ ਘੰਟੇ ਇਸ ਸਮਾਗਮ ਵਿਚ ਕੋਈ ਵੀ ਗੈਰ ਜ਼ਰੂਰੀ ਅਤੇ ਅੜਕਵੀਂ ਰਸਮ ਨਹੀਂ ਹੋਈ । ਸਿਰਫ ਸਰਤਾਜ, ਉਸ ਦੇ ਬੋਲ ਅਤੇ ਬੋਲਾਂ ਨੂੰ ਮਾਨਣ ਵਾਲੇ ਪੰਜਾਬੀ ਸਨ। ਸਰਤਾਜ ਦੀ ਅਵਾਜ਼ ਵਿਚ ਸੁਹਜ, ਸਫਾਈ ਅਤੇ ਗਹਿਰਾਈ ਸਾਫ਼ ਨਜ਼ਰ ਆਉਂਦੀ ਸੀ। ਪੰਜਾਬੀ ਗਾਇਕੀ ਦੀ ਰਮਕਦੀ ਹਵਾ ਬਣ ਕੇ ਉਸ ਨੇ ਮਹਿਫ਼ਿਲ ਤੇ ਜਾਦੂ ਕਰ ਦਿੱਤਾ।
----
ਜਗਜੀਤ ਅਤੇ ਇਕਬਾਲ ਮਾਹਲ ਨੇ ਜਦੋਂ ਸਰਤਾਜ ਦੀ ਆਵਾਜ਼ ਵਿਚ ਪਰੋਏ ਗੀਤਾਂ ਦੀ ਇੱਕ ਸੀ. ਡੀ. ਰਿਲੀਜ਼ ਕੀਤੀ ਤਾਂ ਲੋਕ ਪੰਜ ਦਰਿਆਵਾਂ ਦੀ ਇਸ ਆਵਾਜ਼ ਨੂੰ ਆਪਣੇ ਘਰ ਲਿਜਾਣ ਲਈ ਉਤਾਵਲੇ ਹੋ ਉੱਠੇ। ਸਰਤਾਜ ਨੇ ਕਿਹਾ ਕਿ ਤੁਹਾਡੀਆਂ ਤਾੜੀਆਂ ਅਤੇ ਸੁਣਨ ਦਾ ਅੰਦਾਜ਼ ਮੇਰੇ ਲਈ ਸਭ ਤੋਂ ਵੱਡਾ ਮਾਣ ਹੈ। ਹਾਲ ਚੋਂ ਬਾਹਰ ਜਾ ਰਹੇ ਲੋਕ ਇਕਬਾਲ ਮਾਹਲ ਦੀ ਚੋਣ ਅਤੇ ਪ੍ਰਸਤੁਤੀ ਦੇ ਖ਼ੂਬਸੂਰਤ ਅੰਦਾਜ਼ ਨੂੰ ਮੁਬਾਰਕਬਾਦ ਆਖ ਰਹੇ ਸਨ। ਕੈਨੇਡਾ ਦੀ ਧਰਤੀ ਤੇ ਚਿਰਾਂ ਬਾਅਦ ਹੋਏ ਇਸ ਖ਼ੂਬਸੂਰਤ ਸਮਾਗਮ ਦੀ ਪ੍ਰਸਤੁਤੀ ਦੇ ਨਿਰਮਾਤਾ ਇਕਬਾਲ ਮਾਹਲ ਨੇ ਟੋਰਾਂਟੋ ਤੋਂ ਖੁਸ਼ੀ ਭਰੇ ਲਹਿਜੇ ਵਿਚ ਦੱਸਿਆ ਕਿ ਬਰੈਪਟਨ ਵਾਲੇ ਸ਼ੋਅ ਤੋਂ ਬਾਅਦ ਵੈਨਕੂਵਰ, ਕੈਲਗਿਰੀ, ਐਡਮਿੰਟਨ, ਵਿਨੀਪੈਗ ਅਤੇ ਐਬਸਫੋਰਡ ਵਿਖੇ ਸਰਤਾਜ ਦੇ ਸ਼ੋਆਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
1 comment:
Main Satinder Sartaj di gayaki suni hai, usde sur sadhe hoe han, usdi shairi bahut buland hai, geetaan diaan satraan bilkul hi navein andaaz diaan han, behad bhaavpoorat han, usnu sun laina changge bhaagaan di nishaani hai....
Post a Comment