Sunday, April 12, 2009

ਪੰਜਾਬੀ ਸੱਥ ਦੀ 19ਵੀਂ ਵਰ੍ਹੇਵਾਰ ਪਰ੍ਹਿਆ – ਸਾਲਾਨਾ ਸਮਾਗਮ ਰਿਪੋਰਟ


ਰਿਪੋਰਟਰ: ਡਾ: ਨਿਰਮਲ ਸਿੰਘ

ਸੇਵਾਦਾਰ ਪੰਜਾਬੀ ਸੱਥ, ਲਾਂਬੜਾ

ਮਾਂ ਬੋਲੀ ਤੇ ਮਾਂ ਮਿੱਟੀ ਦੀ ਆਪਣੇ ਸੀਮਤ ਸਾਧਨਾਂ ਤੇ ਸੋਮਿਆਂ ਤੇ ਟੇਕ ਰੱਖਦਿਆਂ ਹੇਠਲੇ ਪੱਧਰ ਉੱਤੇ ਸੇਵਾ ਕਰਨ ਵਾਲੀ ਪੰਜਾਬੀ ਸੱਥਦੀ ਉਨ੍ਹੀਵੀਂ ਪਰ੍ਹਿਆ ਅਤੇ ਸਨਮਾਨ ਸਮਾਗਮ ਨਿਵੇਕਲੀ ਛਾਪ ਛੱਡਦਾ 23 ਚੇਤ 541 ਨਾਨਕਸ਼ਾਹੀ ਐਤਵਾਰ 5 ਅਪ੍ਰੈਲ, 2005 ਵਾਲੇ ਦਿਨ ਖਾਲਸਾ ਸਕੂਲ ਲਾਂਬੜਾ-ਜਲੰਧਰ ਵਿਖੇ ਨਿਰਵਿਘਨ ਨੇਪਰੇ ਚੜ੍ਹਿਆਮਾਇਆਧਾਰੀ ਨਿਜਾਮ ਦੇ ਵਿਨਾਸ਼ਕਾਰੀ ਦੌਰ ਵਿਚ ਵੀਂ ਕਿੰਨੇ ਹੀ ਮਹਾਨ ਵਿਅਕਤੀ ਤੇ ਅਣਗਿਣਤ ਸੰਸਥਾਵਾਂ ਬਦਲਵੇਂ ਖਾਲਸ ਦੇਸੀ ਸਹਿਜ ਵਿਕਾਸ ਦੇ ਨਮੂਨੇ ਸਿਰਜ ਕੇ ਨਿਰਾ ਮਨੁੱਖਾਂ ਨੂੰ ਹੀ ਨਹੀਂ ਸਮੁੱਚੀ ਕੁਦਰਤ ਨੂੰ ਬਚਾਉਣ ਵਾਸਤੇ ਵਡਮੁੱਲੇ ਕਾਰਜ ਕਰ ਰਹੇ ਹਨਅਜਿਹੀਆਂ ਹੀ ਕੁਝ ਆਦਰਯੋਗ ਹਸਤੀਆਂ ਤੇ ਮਹਾਂਪੁਰਸ਼ਾਂ ਨੂੰ ਸਤਿਕਾਰ ਸਹਿਤ ਤਿਲ ਫੁੱਲ ਭੇਟ ਕਰਕੇ ਸੱਥ ਨੇ ਆਪਣੀ, ਵਿਰਾਸਤ, ਬੋਲੀ, ਸੱਭਿਆਚਾਰ ਤੇ ਅਕੀਦਿਆਂ ਨੂੰ ਬਚਾਉਣ ਦਾ ਨਿਮਾਣਾ ਜਿਹਾ ਜਤਨ ਕੀਤਾ ਹੈ

----

ਪਰ੍ਹਿਆ ਦੀ ਸ਼ੁਰੂਆਤ ਖਾਲਸਾ ਸਕੂਲ ਲਾਂਬੜਾ ਦੀਆਂ ਕੰਜਕਾਂ ਰੂਪੀ ਧੀਆਂ ਵੱਲੋਂ ਅਕਾਲ ਪੁਰਖ ਕੋਲੋਂ ਸ਼ੁਭ ਕਰਮਨਕਰਨ ਦਾ ਵਰ ਮੰਗਣ ਨਾਲ ਹੋਈਸ. ਹਿੰਦ ਪਾਲ ਸਿੰਘ ਚਿੱਟੀ ਨੇ ਸਨਮਾਨੀਆਂ ਜਾਣ ਵਾਲੀਆਂ ਮਹਾਨ ਹਸਤੀਆਂ ਤੇ ਚੜ੍ਹਦੇ ਪੰਜਾਬ ਦੇ ਕੋਨੇ ਕੋਨੇ ਤੋਂ ਆਏ ਸੱਥਾਂ ਦੇ ਸੰਚਾਲਕਾਂ ਤੇ ਹੋਰ ਪੰਜਾਬੀ ਪਿਆਰੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਜੀ ਆਇਆਂ ਕਹਿੰਦਿਆਂ ਸੱਥਦੇ ਸੰਕਲਪ ਰਾਹੀਂ ਵਾਤਾਵਰਣ, ਬੋਲੀ ਤੇ ਭਾਈਚਾਰਾ ਬਚਾਈ ਰੱਖਣ ਅਤੇ ਸਾਰਿਆਂ ਨੂੰ ਇਕ ਜੁੱਟ ਹੋ ਕੇ ਅੱਗੇ ਵਧਣ ਲਈ ਕਿਹਾ

----

ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਦਿਆਂ ਮੰਜਕੀ ਪੰਜਾਬੀ ਸੱਥ ਭੰਗਾਲਾ ਦੇ ਸੰਚਾਲਕ ਪ੍ਰਿੰ. ਕੁਲਵਿੰਦਰ ਸਿੰਘ ਨੇ ਪੰਜਾਬੀ ਦੇ ਦਰਵੇਸ਼ ਸ਼ਾਇਰ ਸੰਤ ਸੰਧੂ ਨੂੰ ਕਵਿਤਾ ਪੇਸ਼ ਕਰਨ ਲਈ ਪਲੇਠਾ ਸੱਦਾ ਦਿੱਤਾ

ਸੰਤ ਸੰਧੂ ਹੋਰਾਂ ਨੇ ਜਗਤ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਗੁਰਮਤਿ ਵਿਚਾਰਧਾਰਾ ਨੂੰ ਅਮਲੀ ਰੂਪ ਦੇਣ ਅਤੇ ਕਾਰ ਸੇਵਾ ਰਾਹੀਂ ਕਾਲੀ ਵੇਈਂ ਦੀ ਪਵਿੱਤ੍ਰਤਾ ਬਹਾਲ ਕਰਨ ਵਾਲੇ ਬਾਬਾ ਬਲਬੀਰ ਸਿੰਘ ਸੀਚੇਵਾਲ ਸਬੰਧੀ ਕਵਿਤਾ ਜੋਗੀਸੁਣਾ ਕੇ ਸਮਾਗਮ ਦਾ ਨੀਂਹ ਪੱਥਰ ਰੱਖਿਆਬੀਬੀ ਦਲਜੀਤ ਕੌਰ ਦਾਊਂ ਪਆਧੀ ਸੱਥ ਮੁਹਾਲੀ ਵਾਲਿਆਂ ਮਾਵਾਂ ਧੀਆਂ ਦੇ ਪਾਕ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਵਿਰਾਸਤੀ ਗੀਤ ਗਾ ਕੇ ਸਾਰਿਆਂ ਨੂੰ ਪੁਰਾਣੇ ਪੰਜਾਬ ਦੇ ਦਰਸ਼ਨ ਕਰਵਾਏਮਾਝਾ ਪੰਜਾਬੀ ਸੱਥ ਬੁਤਾਲਾ ਅੰਮ੍ਰਿਤਸਰ ਵੱਲੋਂ ਆਈ ਬੀਬੀ ਤਰਨੰਮਪ੍ਰੀਤ ਕੌਰ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿਚ ਬਗੈਰ ਸਾਜਾਂ ਤੋਂ ਮਾਝੇ ਦੇ ਖੂਬਸੂਰਤ ਲੋਕ ਗੀਤ ਦੀਆਂ ਲੈਆਂ ਬਖੇਰੀਆਂਪੰਜਾਬੀ ਸੱਥ ਲਾਂਬੜਾ ਵੱਲੋਂ ਸ਼ਾਸਤਰੀ ਸੰਗੀਤ ਤੇ ਸੂਫੀ ਕਲਾਮ ਦੀ ਗਾਇਕੀ ਦੀ ਪਰਪੱਕ ਪੇਸ਼ਕਾਰੀ ਸੂਬੀ ਬਾਬੇ ਬੁੱਲ੍ਹੇ ਸ਼ਾਹ ਤੇ ਸੁਲਤਾਨ ਬਾਹੂ ਦੀਆਂ ਰਚਨਾਵਾਂ ਗਾ ਕੇ ਪੰਜਾਬ ਦੀ ਅਮੀਰ ਵਿਰਾਸਤ ਦੀ ਵੰਨਗੀ ਬੀਬੀ ਰਾਜਬੀਰ ਕੌਰ ਸੇਖੋਂ ਨੇ ਪੇਸ਼ ਕੀਤੀਇੱਕ ਨਿੱਕੀ ਬੱਚੀ ਨੇ ਆਪਣੇ ਵੱਖਰੇ ਅੰਦਾਜ਼ ਵਿਚ ਕਾਫੀ ਪੇਸ਼ ਕਰਕੇ ਖਾਲਸਾ ਸਕੂਲ ਲਾਂਬੜਾ ਦੀ ਭਰਪੂਰ ਹਾਜ਼ਰੀ ਲਗਵਾਈਏਸ ਸੰਗੀਤਮਈ ਸਮੇਂ ਤੋਂ ਪਿੱਛੋਂ ਪੰਜਾਬੀ ਸੱਥ ਵੱਲੋਂ ਛਾਪੀਆਂ ਤਿੰਨ ਕਿਤਾਬਾਂ ਬਾਰ ਪਰਾਏ ਬੈਸਣਾ’, ਪਰਵਾਸ ਸਬੰਧੀ ਕਵਿਤਾਵਾਂ ਤੇ ਲੇਖਾਂ ਕਹਾਣੀਆਂ ਦਾ ਕਲਮਕਾਰਾਂ ਦਾ ਸੰਗ੍ਰਹਿ, ਬੀਬੀ ਸਵਰਨ ਕੌਰ ਬੱਲ ਦੀ ਪਹਿਲੋਂ ਪੰਜਾਬੀ ਸੱਥ ਵੱਲੋਂ ਛਾਪੀ ਪੁਸਤਕ ਮਾਝੇ ਦੀ ਮੈਂ ਜੰਮੀ ਜਾਈ’ (ਮਾਝੇ ਦੇ ਲੋਕ ਗੀਤ) ਦੀ ਤੀਜੀ ਛਪਤ, ਡਾ. ਨਿਰਮਲ ਸਿੰਘ ਦੀ ਪੰਜਾਬ ਦੀ ਵਿਰਾਸਤ ਨੂੰ ਸਮਝਣ ਜਾਨਣ ਲਈ ਇਕ ਹਜ਼ਾਰ ਇਕ ਸਵਾਲਾਂ ਜਵਾਬਾਂ ਵਾਲੀ ਨਿੱਕੀ ਜਿਹੀ ਕਿਤਾਬ ਅਤੇ ਸਨਮਾਨ ਸਮਾਗਮ ਦੇ ਕਿਤਾਬਚੇ ਦੀ ਮੁੱਖ ਵਿਖਾਈ, ਪ੍ਰੋ. ਨਿਰੰਜਨ ਸਿੰਘ ਢੇਸੀ, ਡਾ. ਗੁਰਬਚਨ ਸਿੰਘ ਖਹਿਰਾ ਡਾ. ਸੁਰਿੰਦਰ ਕੌਰ ਖਹਿਰਾ ਤੇ ਬਾਬਾ ਸੀਚੇਵਾਲ ਹੋਰਾਂ ਨੇ ਕੀਤੀ

----

ਡਾ. ਨਿਰਮਲ ਸਿੰਘ ਸੇਵਾਦਾਰ ਪੰਜਾਬੀ ਸੱਥ ਨੇ ਬੋਲਦਿਆਂ ਕਿਹਾ ਕਿ ਇਹ ਸਨਮਾਨ ਸਮਾਰੋਹ ਪੰਜਾਬ ਦੇ ਆਮ ਲੋਕਾਂ ਦੇ ਆਪਣੇ ਵਿਦਵਾਨਾਂ, ਖੋਜੀਆਂ, ਪੱਤਰਕਾਰਾਂ, ਸਾਹਿਤਕਾਰਾਂ ਤੇ ਸਮਾਜ ਲਈ ਮੁੱਲਵਾਨ ਤੇ ਸਾਰਥਿਕ ਕੰਮ ਕਰਨ ਵਾਲੀਆਂ ਮਹਾਨ ਹਸਤੀਆਂ ਦੇ ਕਾਰਜਾਂ ਅੱਗੇ ਸਿਰ ਝੁਕਾਉਣ ਦਾ ਇਕ ਬਹਾਨਾ ਹੈਅਸੀਂ ਆਪਣੀਆਂ ਜੜਾਂ ਨਾਲ ਜੁੜ ਕੇ ਪੰਜਾਬੀ ਭਾਈਚਾਰੇ ਨੂੰ ਜੋੜਨਾ ਹੈ ਤੋੜਨਾ ਨਹੀਂਜਨੂੰਨਾਂ, ਮਜ਼੍ਹਬੀ ਤੇ ਸਿਆਸੀ ਪਾੜਿਆਂ, ਦੇਸਾਂ ਦੀਆਂ ਵੰਡਾਂ ਵਿਤਕਰਿਆਂ ਤੋਂ ਦੂਰ ਰਹਿੰਦਿਆਂ ਪਿਛਲੇ ਅਠਾਰਾਂ ਵਰ੍ਹਿਆਂ ਵਾਂਗ ਹੀ ਇਸ ਵਾਰ ਵੀ ਚੜ੍ਹਦੇ ਪੰਜਾਬ ਚੋਂ ਚਾਰ ਸਨਮਾਨ ਦਿੱਤੇ ਜਾ ਰਹੇ ਨੇਮਾਝੇ ਦੀ ਧੁਨੀ ਤਰਨਤਾਰਨ ਜਿ਼ਲ੍ਹੇ ਦੇ ਅੱਠਾਂ ਗੁਰੂ ਸਾਹਿਬਨ ਵਲੋਂ ਵਰੋਸਾਏ ਕਸਬੇ ਖਡੂਰ ਸਾਹਿਬ ਤੋਂ ਗੁਰਮਤਿ ਵਿਚਾਰਧਾਰਾ ਨੂੰ ਅਮਲ ਵਿਚ ਲਾਗੂ ਕਰਕੇ ਸਰਬੱਤ ਦਾ ਭਲਾ ਮੰਗਣ ਵਾਲੇ ਬਾਬਾ ਸੇਵਾ ਸਿੰਘ ਜੀ ਨੂੰ ਭਾਈ ਗੁਰਦਾਸ ਪੁਰਸਕਾਰ ਭੇਟ ਕੀਤਾ ਜਾ ਰਿਹਾ ਹੈਬਾਬਾ ਜੀ ਨੇ 150 ਕਿਲੋਮੀਟਰ ਲੰਬੀਆਂ ਸੜਕਾਂ ਤੇ ਛਾਂਦਾਰ ਰੁੱਖ ਲਾ ਕੇ ਭੁੱਲੀ ਭਟਕੀ ਮਨੁੱਖਤਾ ਨੂੰ ਪਵਣ ਗੁਰੂ ਦੇ ਲੜ ਲਾਉਣ ਦਾ ਸਫਲ ਉਪਰਾਲਾ ਕੀਤਾ ਹੈਗਵਾਲੀਅਰ-ਮਧ ਪ੍ਰਦੇਸ਼, ਮਕਰਾਣਾ-ਰਾਜਸਥਾਨ, ਕਰਤਾਰਪੁਰ ਜਲੰਧਰ ਅਤੇ ਖਡੂਰ ਸਾਹਿਬੋਂ ਰਈਆ, ਖਲਚੀਆਂ, ਜੰਡਿਆਲਾ, ਵੈਰੋਵਾਲ, ਗੋਇੰਦਵਾਲ, ਤਰਨਤਾਰਨ ਦੀਆਂ ਸੜਕਾਂ ਦੇ ਦੋਵੇਂ ਬੰਨੇ ਜੀਵਨਦਾਤੀ ਆਕਸੀਜਨ ਦੇ ਰੁੱਖਾਂ ਰੂਪੀ ਸਦੀਵੀ ਲੰਗਰ ਲਾ ਕੇ ਪਰਉਪਕਾਰੀ ਕਾਰਜ ਕੀਤਾ ਹੈਵਿਦਿਅਕ ਸੰਸਥਾਵਾਂ, ਖੇਡ ਅਖਾੜੇ, ਗੁਰੂ ਘਰਾਂ ਦੀਆਂ ਇਮਾਰਤਾਂ ਸੰਗਤਾਂ ਦੇ ਸਹਿਯੋਗ ਨਾਲ ਉਸਾਰ ਕੇ, ਵਿਰਾਸਤ ਨੂੰ ਬਚਾ ਕੇ ਸਮਾਜ ਨੂੰ ਸਮੇਂ ਦੇ ਹਾਣੀ ਬਨਾਉਣ ਦੇ ਸ਼ਲਾਘਾਯੋਗ ਯਤਨ ਕੀਤੇ ਹਨਡਾ. ਰਘਬੀਰ ਸਿੰਘ ਬੈਂਸ ਕੈਨੇਡਾ ਦੇ ਸਹਿਯੋਗ ਨਾਲ ਆਧੁਨਿਕ ਅਜਾਇਬਘਰ ਤੇ ਨਿਸ਼ਾਨ ਏ ਸਿੱਖੀ ਵਰਗੇ ਅਜੂਬੇ ਉਸਾਰ ਕੇ ਵੀ ਨਿਮਰਤਾ, ਹਲੀਮੀ ਅਤੇ ਨੇਕੀ ਦਾ ਪੱਲਾ ਘੁੱਟ ਕੇ ਫੜ੍ਹਿਆ ਹੋਇਆ ਹੈ

----

ਅਜਿਹੀ ਹੀ ਇਕ ਹੋਰ ਮਹਾਨ ਸੰਸਥਾ ਸ. ਕਰਮ ਸਿੰਘ ਅਤੇ ਸ. ਦਲਜੀਤ ਸਿੰਘ ਹੋਰਾਂ ਦੀ ਅਗਵਾਈ ਹੇਠ ਪਿੰਡ ਉੜਾਪੜ ਜ਼ਿਲ੍ਹਾ ਨਵਾਂ ਸ਼ਹਿਰ ਵਿਖੇ ਕਾਰਜਸ਼ੀਲ ਹੈਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਅਮਲ ਵਿਚ ਲਿਆ ਕੇ ਵਿਦਿਆ ਦਾ ਚਾਨਣ ਫੈਲਾਉਣ ਵਾਸਤੇ ਧੀਆਂ ਧਿਆਣੀਆਂ ਲਈ ਕਾਲਜ, ਨਿਮਾਣਿਆਂ ਨਿਤਾਣਿਆਂ ਤੇ ਰੋਗੀਆਂ ਲਈ ਹਸਪਤਾਲ, ਗਿਆਨ ਤੇ ਸੋਝੀ ਦਾ ਸੋਮਾ ਲਾਇਬ੍ਰੇਰੀ ਆਪਣੇ ਬਲਬੂਤੇ ਹੀ ਚੱਲਾ ਰਹੇ ਹਨਆਪਣੇ ਹੱਥੀ ਆਪਣੇ ਕਾਰਜ ਸੰਵਾਰਨ ਦਾ, ਵਿਕਾਸ ਦਾ ਇਹ ਅਦਭੁਤ ਨਮੂਨਾ ਸਿਰਜ ਕੇ ਏਸ ਪਿੰਡ ਤੇ ਇਲਾਕੇ ਨੇ ਖਹਿ ਖਹਿ ਮਰਦੀ ਲੋਕਾਈ ਨੂੰ ਰੋਸ਼ਨੀ ਵਿਖਾਈ ਹੈਏਸ ਕਾਲਜ ਦੀਆਂ ਵਿਦਿਆਰਥਣਾ ਪ੍ਰਸ਼ਾਦੇ ਲੰਗਰ ਵਿੱਚੋਂ ਛੱਕਦੀਆਂ ਹਨ ਤੇ ਪੜ੍ਹਦੀਆਂ ਨੇ ਪੰਜਾਬੋਂ ਬਾਹਰ ਬੈਠੇ ਪਰ ਦਿਲਾਂ ਵਿਚ ਪੰਜਾਬ ਦਾ ਦਰਦ ਮਹਿਸੂਸ ਕਰਕੇ ਦਸਵੰਧ ਕੱਢਦੇ ਪੰਜਾਬੀ ਭੈਣ ਭਰਾਵਾਂ ਦੀ ਇਮਦਾਦ ਨਾਲ

ਬਗੈਰ ਕਿਸੇ ਸਰਕਾਰੀ ਸਹਾਇਤਾ ਤੋਂ ਚੁੱਪ ਚੁਪੀਤੇ, ਨੀਵੇਂ ਰਹਿ ਕੇ ਜਿਹੜੀ ਮਿਸਾਲ ਇਹਨਾਂ ਸੱਜਣਾਂ ਨੇ ਕਾਇਮ ਕੀਤੀ ਹੈ, ਉਹਦੇ ਅੱਗੇ ਸਿਰ ਨਿਵਾਉਣ ਲਈ ਹੀ ਪੰਜਾਬੀ ਸੱਥ ਨੇ ਏਸ ਸੰਸਥਾ ਨੂੰ ਭਾਈ ਘਨ੍ਹਈਆ ਪੁਰਸਕਾਰ ਭੇਟ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ ਹੈਏਸ ਪਿੰਡ ਦੀ ਲਾਇਬ੍ਰੇਰੀ ਇਥੋਂ ਦੇ ਜੰਮਪਲ ਪ੍ਰਸਿੱਧ ਨਾਟਕਕਾਰ ਡਾ. ਹਰਚਰਨ ਸਿੰਘ ਦੇ ਨਾਂ ਉੱਤੇ ਉਹਨਾਂ ਦੇ ਜੱਦੀ ਘਰ ਵਿਚ ਸਥਾਪਤ ਹੈ

----

ਪੰਜਾਬ ਵਿਚ ਦੂਰਦਰਸ਼ਨ ਕੇਂਦਰ ਭਾਵੇਂ ਸੱਤਰਵਿਆਂ ਚ ਸਥਾਪਤ ਹੋ ਗਿਆ ਸੀ, ਪਰ ਇਹਨੂੰ ਪੰਜਾਬੀ ਪੁਣੇ ਦੀ ਪਾਹ ਚਾੜ੍ਹਨ ਦਾ ਪੁੰਨ ਡਾ. ਦਲਜੀਤ ਸਿੰਘ ਹੋਰਾਂ ਨੇ ਖੱਟਿਆ ਹੈਸਰਕਾਰੀ ਤੇ ਨੀਮ ਸਰਕਾਰੀ ਅਦਾਰਿਆਂ ਵਿਚ ਵੀ ਜੇ ਕੋਈ ਦੂਰ ਦ੍ਰਿਸ਼ਟੀ ਤੇ ਮੌਲਿਕ ਸੋਚ ਵਾਲਾ ਉਚ ਅਹੁਦੇਦਾਰ ਆ ਜਾਵੇ ਤਾਂ ਉਹ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਰੂਪੀ ਦਸਵੰਧ ਨੂੰ ਅਵਾਮ ਦੀ ਭਲਾਈ ਲਈ ਵਰਤਣ ਦਾ ਕ੍ਰਿਸ਼ਮਾ ਕਰਕੇ ਨਵੀਆਂ ਪ੍ਰਿਤਾਂ ਪਾ ਸਕਦਾ ਹੈਡਾ. ਦਲਜੀਤ ਸਿੰਘ ਨੇ ਸਮੁੱਚੇ ਦੂਰ ਦਰਸ਼ਨ ਕੇਂਦਰ ਦੇ ਅਮਲੇ ਦੇ ਸਹਿਯੋਗ ਨਾਲ ਏਧਰ ਨੂੰ ਪੁਲਾਘਾਂ ਪੁੱਟੀਆਂ ਨੇਨੰਗੇਜਵਾਦ, ਲੱਚਰਪੁਣਾ, ਅੰਧ-ਵਿਸ਼ਵਾਸ, ਹਿੰਸਾ ਤੇ ਕਾਮੁਕਤਾ ਫੈਲਾਉਣ ਵਾਲੇ ਮੁਨਾਫੇਖੋਰਾਂ ਵੱਲੋਂ ਚਲਾਏ ਜਾ ਰਹੇ ਚੈਨਲਾਂ ਦੀ ਭੀੜ ਨਾਲ ਦੂਰਦਰਸ਼ਨ ਜਲੰਧਰ ਨੇ ਸਿੱਧੀ ਟੱਕਰ ਲਾਈ ਹੋਈ ਏਅਸੀਂ ਪੰਜਾਬ ਦੇ ਆਮ ਲੋਕ ਇਹਨਾਂ ਦੀ ਮਾਂ ਬੋਲੀ ਤੇ ਮਾਂ ਧਰਤੀ ਨਾਲ ਜੁੜਨ ਦੀ ਏਸ ਮੁਹਿੰਮ ਨੂੰ ਪ੍ਰਣਾਮ ਕਰਦੇ ਹਾਂ

ਉਸ ਸਮੁੱਚੇ ਕੇਂਦਰ ਨੂੰ ਡਾ. ਦਲਜੀਤ ਸਿੰਘ ਜੀ ਰਾਹੀਂ ਡਾ. ਮਹਿੰਦਰ ਸਿੰਘ ਰੰਧਾਵਾ ਪੁਰਸਕਾਰ ਸਤਿਕਾਰ ਸਹਿਤ ਭੇਟ ਕਰਨ ਦੀ ਪੰਜਾਬੀ ਸੱਥ ਵਾਲਿਆਂ ਨੂੰ ਅਥਾਹ ਖੁਸ਼ੀ ਹੈ

----

ਕਾਗਜ਼ ਕਾਲੇ ਕਰ ਕਰ ਊਲ ਜਲੂਲ ਝਰੀਟ ਕੇ ਲੋਕਾਈ ਨੂੰ ਦਰਪੇਸ਼ ਅਸਲ ਮੁੱਦਿਆਂ ਤੋਂ ਭਟਕਾ ਕੇ ਭੌਂਚਲ ਚ ਪਾਈ ਰੱਖਣਾ ਬਹੁਤੇ ਕਲਮਕਾਰਾਂ ਦਾ ਅੱਜ ਦੇ ਬਾਜਾਰੂ ਤੇ ਭੋਗਵਾਦੀ ਜੁੱਗ ਵਿਚ ਕਸਬ ਹੀ ਬਣ ਗਿਆ ਹੈਆਪਣੇ ਆਪ ਨੂੰ ਆਪੇ ਹੀ ਬੁੱਧੀਜੀਵੀ, ਵਿਦਵਾਨ ਸਾਹਿਤਕਾਰ ਗਰਦਾਨ ਕੇ ਲੋਕਾਂ ਨਾਲੋਂ ਟੁੱਟ ਕੇ ਕਾਲਜਾਂ ਯੂਨੀਵਰਸਿਟੀਆਂ ਦੀਆਂ ਉੱਚੀਆਂ ਅਟਾਰੀਆਂ ਤੇ ਘੁਰਨਿਆਂ ਚ ਕੈਦ ਤੋਂ ਉਲਟ ਪੰਜਾਬੀ ਲਿਖਾਰੀ ਸਭਾ ਬਰਨਾਲਾ ਨੇ ਸਨ 1954 ਤੋਂ ਅੱਜ ਤੀਕ ਆਮ ਲੋਕਾਈ ਲਈ ਲਾਹੇਵੰਦ ਕਿਤਾਬਾਂ ਹੀ ਨਹੀਂ ਛਾਪੀਆਂ, ਉਹਨਾਂ ਦੇ ਵਿਚ ਰਹਿ ਕੇ ਪਾਠਕਾਂ ਦਾ ਇਕ ਬਹੁਤ ਵੱਡਾ ਵਰਗ ਵੀ ਕਾਇਮ ਕੀਤਾ ਹੈਮਾਲਵੇ ਦੀ ਧੁਨੀ ਬਰਨਾਲੇ ਦਾ ਆਲਾ ਦੁਆਲਾ ਅੱਜ ਵੀ ਪੰਜਾਬੀ ਪਿਆਰਿਆਂ ਤੇ ਕਿਤਾਬਾਂ ਖਰੀਦ ਕੇ ਪੜ੍ਹਨ ਵਾਲਿਆਂ ਚੋਂ ਮੋਹਰੀ ਸਥਾਨ ਰੱਖਦਾ ਹੈਲੋਕਾਂ ਨਾਲੋਂ ਟੁੱਟੇ ਹੋਏ ਅਖਾਉਤੀ ਵਿਕਸਿਤ ਸ਼ਹਿਰਾਂ ਵਿਚ ਰਹਿਣ ਵਾਲੇ ਸਫੈਦਪੋਸ਼ ਸਾਹਿਤਕਾਰਾਂ ਦੇ ਮੁਕਾਬਲੇ ਮੰਡੀਆਂ, ਪਿੰਡਾਂ, ਛੋਟੇ ਸ਼ਹਿਰਾਂ ਤੇ ਕਸਬਿਆਂ ਚ ਵਸਦੇ ਏਸ ਸਭਾ ਵਾਲਿਆਂ ਨੇ ਦੋ ਸੌ ਤੋਂ ਉੱਪਰ ਕਿਤਾਬਾਂ ਆਪਣੇ ਬਲਬੂਤੇ ਛਾਪ ਕੇ ਪੰਜਾਬੀ ਬੋਲੀ ਦੇ ਮਰਨ ਤੇ ਅਲੋਪ ਹੋ ਜਾਣ ਦੇ ਝੂਠਮ ਝੂਠ ਚੌਤਾਲ ਸੌ ਨੂੰ ਸੱਚ ਦਾ ਸ਼ੀਸ਼ਾ ਵਿਖਾ ਦਿੱਤਾ ਹੈ

----

ਪੰਜਾਬ ਦਾ ਮਾਂ ਜਾਇਆ ਨਿੱਕਾ ਵੀਰ ਹਰਿਆਣਾ, ਯੋਧਿਆਂ, ਸੂਰਬੀਰਾਂ ਦੀ ਧਰਤੀ, ਮਹਾਂਭਾਰਤ ਦੀ ਰਣ ਭੂਮੀ, ਅਧਿਆਤਮਕ ਵਿਚਾਰਧਾਰਾ ਮਹਾਨ ਗੀਤਾ ਦੀ ਜਨਮ ਭੂਮੀ ਭਾਵੇਂ ਸਿਆਸੀ ਤੌਰ ਤੇ ਵੱਖਰਾ ਸੂਬਾ ਹੈ, ਪਰ ਜਾਤਾਂ ਗੋਤਾਂ ਦੀਆਂ ਅੰਗਲੀਆਂ ਸੰਗਲੀਆਂ, ਬੋਲੀ-ਸੱਭਿਆਚਾਰ ਇਤਿਹਾਸ-ਮਿਥਹਾਸ ਦੀ ਪੱਕੀ ਪੀਡੀ ਸਾਂਝ ਕਾਰਨ ਏਸ ਅਪਣੱਤ ਨੂੰ ਸਿਆਸਤਾਂ ਦੀਆਂ ਕੁਚਾਲਾਂ ਵੀ ਤੋੜ ਨਹੀਂ ਸਕੀਆਂਬੋਲੀ ਦੀ ਸਾਂਝ ਨੂੰ ਵਧਾਉਣ ਲਈ ਜਿਹੜਾ ਕਾਰਜ ਸਾਡੇ ਵੀਰ ਸ਼੍ਰੀ ਛੋਟੂ ਰਾਮ ਮੌਦਗਿੱਲ ਨੇ ਹਰਿਆਣਾ ਪੰਜਾਬੀ ਅਕਾਦਮੀ ਰਾਹੀਂ ਕੀਤਾ ਹੈ, ਉਹ ਇਤਿਹਾਸਕ ਵੀ ਹੈ ਤੇ ਮੁੱਲਵਾਨ ਵੀਉਹਨਾਂ ਨੇ ਬੋਲੀ ਨੂੰ ਤੰਗ ਮਜ਼੍ਹਬੀ ਤੇ ਰਾਜਨੀਤਿਕ ਦਾਇਰਿਆਂ ਚੋਂ ਕੱਢ ਕੇ ਉਹਦਾ ਸਹੀ ਰੁਤਬਾ ਬਹਾਲ ਕਰਨ ਵਿਚ ਵਡਮੁੱਲਾ ਹਿੱਸਾ ਪਾਇਆ ਹੈਉਹ ਆਪ ਪ੍ਰੋੜ ਲੇਖਕ, ਡੂੰਘੇ ਸੋਝੀਵਾਨ ਤੇ ਵਧੀਆ ਇਨਸਾਨ ਹੋਣ ਕਰਕੇ ਮਾਂ ਬੋਲੀ ਨੂੰ ਚੜ੍ਹਦੀਆਂ ਕਲਾਂ ਵਿਚ ਲਿਜਾਣ ਲਈ ਨਿਰੰਤਰ ਯਤਨਸ਼ੀਲ ਰਹਿੰਦੇ ਹਨਸੱਥ ਨੇ ਮੌਦਗਿਲ ਜੀ ਨੂੰ ਭਾਈ ਸੰਤੋਖ ਸਿੰਘ ਪੁਰਸਕਾਰ ਦੇ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਛੋਟੀ ਜੇਹੀ ਕੋਸ਼ਿਸ਼ ਕੀਤੀ ਹੈ

----

ਲਹਿੰਦਾ ਪੰਜਾਬ ਵੱਡਾ ਭਰਾ ਏਸਿਆਸਤਦਾਨਾਂ ਜਨੂੰਨੀਆਂ ਨੇ ਨਕਸਿ਼ਆਂ ਉੱਤੇ ਲਕੀਰਾਂ ਵਾਹ ਕੇ ਨਵੇਂ ਦੇਸ ਤੇ ਸੂਬੇ ਬੇਸ਼ੱਕ ਉਲੀਕ ਲਏ ਨੇ, ਪਰ ਪੰਜਾਬੀ ਬੋਲੀ, ਵਿਰਾਸਤ ਤੇ ਸਭਿਆਚਾਰ ਵੰਡੇ ਨਹੀਂ ਜਾ ਸਕੇਸੱਥ ਵੱਲੋਂ ਕਿੰਨੇ ਹੀ ਵਰ੍ਹਿਆਂ ਤੋਂ ਬਾਬਾ ਸ਼ੇਖ ਫਰੀਦ ਦੇ ਨਾਂ ਤੇ ਸਾਂਝਾਂ ਦਾ ਪੁਲ ਪੁਰਸਕਾਰਓਧਰ ਵੱਸਦੇ ਅਦੀਬਾਂ ਸੂਝਵਾਨ ਸਿਆਣਿਆਂ ਨੂੰ ਦਿੱਤਾ ਜਾਂਦਾ ਏਪੰਜਾਂ ਪਾਣੀਆਂ ਦੀ ਧਰਤੀ ਦੀ ਖੈਰ ਮੰਗਣ ਵਾਲੇ ਪੰਜਾਬੀ ਪਰਚੇ ਪੰਚਮਦੇ ਐਡੀਟਰ ਲਾਹੌਰੀਏ ਮਕਸੂਦ ਸਾਕਿਬ ਹੋਰਨਾਂ ਨੇ ਖ਼ੁਦ ਸਮਾਗਮ ਵਿਚ ਆਉਣ ਦੀ ਠਾਣੀ ਹੋਈ ਸੀ, ਪਰ ਵੇਲੇ ਦੀਆਂ ਹਕੂਮਤੀ ਬੰਦਸ਼ਾਂ ਕਾਰਨ ਉਹ ਨਹੀਂ ਪੁੱਜ ਸਕੇਉਹਨਾਂ ਦਾ ਸਨਮਾਨ ਪੰਜਾਬ ਦੇ ਟੋਟਿਆਂ ਦੀ ਸਾਂਝ ਵਧਾਉਣ ਚ ਜੁਟੇ ਰੋਜ਼ਾਨਾ ਅਜੀਤ ਦੇ ਸਹਿ ਸੰਪਾਦਕ ਸ. ਸਤਨਾਮ ਸਿੰਘ ਮਾਣਕ ਨੂੰ ਦਿੰਦਿਆਂ ਬੇਨਤੀ ਕੀਤੀ ਗਈ ਕਿ ਉਹ ਇਹਨੂੰ ਸਾਕਿਬ ਹੋਰਾਂ ਤੀਕ ਅੱਪੜਦਾ ਕਰਨ

----

ਪੰਜਾਬੋਂ ਬਾਹਰਲੀਆਂ ਯੂਰਪ, ਕੈਨੇਡਾ, ਅਮਰੀਕਾ, ਆਸਟ੍ਰਖੇਲੀਆ ਦੀਆਂ ਸੱਥਾਂ ਦਾ ਜ਼ਿਕਰ ਕਰਦਿਆਂ ਡਾ. ਸਾਹਿਬ ਨੇ ਉਨ੍ਹਾਂ ਦੇ ਗਰਮੀਆਂ ਵਿਚ ਹੋਣ ਵਾਲੇ ਸਮਾਗਮ ਸਬੰਧੀ ਜਾਣਕਾਰੀ ਦਿੱਤੀਯੂਰਪੀ ਪੰਜਾਬੀ ਸੱਥ ਦੇ ਕਿਤਾਬਾਂ ਤੇ ਕੈਲੰਡਰ ਵੰਡਣ ਦੀ ਸਹਾਇਤਾ ਲਈ ਸੰਚਾਲਕ ਸ. ਮੋਤਾ ਸਿੰਘਸ ਰਾਏ ਅਤੇ ਉਨ੍ਹਾਂ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕੀਤਾਇੰਗਲੈਂਡ ਵਿਚ ਯੂਪੀ ਸੱਥਵਲੋਂ ਐਲਾਨੇ ਅਖਬਾਰ ਦੇਸ ਪਰਦੇਸ ਸਾਊਥਹਾਲ ਤੇ ਬੀਬੀ ਰਾਣੀ ਮਲਿਕ ਦੇ ਨਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਦਾ ਜਿ਼ਕਰ ਕੀਤਾਪੰਜਾਬੀ ਸੱਥ ਸਰੀ ਕੈਨੇਡਾ ਦੀ ਇਕਾਈ ਵੱਲੋਂ ਹਰਭਜਨ ਸਿੰਘ ਅਠਵਾਲ ਤੋਂ ਸ. ਮਹਿੰਦਰ ਸਿੰਘ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੱਸਿਆ ਕਿ ਉਥੇ ਯੂ.ਬੀ.ਸੀ. ਯੂਨੀਵਰਸਿਟੀ ਵਿਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਨਿਊਯਾਰਕ ਜਨਮੀ ਮੂਲ ਆਇਰਲੈਂਡ ਵਾਲੀ ਬੀਬੀ ਐਨ ਮਰਫੀ ਨੂੰ ਸਨਮਾਨਤ ਕਰਨ ਦੀ ਜਾਣਕਾਰੀ ਦਿੱਤੀ

----

ਮੋੜਵੇਂ ਰੂਪ ਵਿਚ ਸ਼੍ਰੀ ਮੌਦਗਿਲ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੀਆਂ ਪ੍ਰਾਪਤੀਆਂ ਦਾ ਵਰਨਣ ਕਰਦੇ ਹੋਏ ਮਾਂ ਬੋਲੀ ਦੇ ਅਖਾਉਤੀ ਠੇਕੇਦਾਰਾਂ ਦੀਆਂ ਕੁਚਾਲਾਂ ਕਾਰਨ ਜ਼ੁਬਾਨ ਦੇ ਹੋ ਰਹੇ ਘਾਣ ਸਬੰਧੀ ਦੱਸਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਸਮੁੱਚੀ ਮਨੁੱਖਤਾ ਦਾ ਰਹਿਬਰ ਆਖਦਿਆਂ ਸੱਥ ਦਾ ਧੰਨਵਾਦ ਕੀਤਾਡਾ. ਦਲਜੀਤ ਸਿੰਘ ਨੇ ਦੂਰਦਰਸ਼ਨ ਜਲੰਧਰ ਨੂੰ ਲੋਕਾਂ ਦੇ ਮੁੱਦਿਆਂ ਨੂੰ ਸਬੰਧਤ ਹੋ ਕੇ ਸਿਹਤਮੰਦ ਪ੍ਰਸਾਰਣ ਦੀ ਗੱਲ ਕੀਤੀਬਾਬਾ ਸੇਵਾ ਸਿੰਘ ਜੀ ਨੇ ਬਗੈਰ ਕੁਝ ਬੋਲਿਆਂ ਹੀ ਬਹੁਤ ਕੁਝ ਕਹਿ ਦਿੱਤਾਸ. ਦਲਜੀਤ ਸਿੰਘ ਉੜਾਪੜ ਨੇ ਆਪਣੇ ਮਸਲੇ ਆਪ ਨਜਿੱਠਣ ਦਾ ਮਸ਼ਵਰਾ ਦਿੰਦਿਆਂ ਮਿਲ ਬੈਠਣ ਦੀ ਸਲਾਹ ਦਿੱਤੀਸ. ਪ੍ਰੀਤਮ ਸਿੰਘ ਰਾਹੀ ਜੀ ਨੇ ਸ਼ੋਹਰਤਬਾਜ਼ੀ ਤੇ ਝੂਠ ਤੋਂ ਬਚ ਕੇ ਮਾਂ ਬੋਲੀ ਦੀ ਖਿਦਮਤ ਕਰਨ ਦਾ ਪ੍ਰਣ ਦੁਹਰਾਉਂਦਿਆਂ ਆਪਣੀ ਇਕ ਖੂਬਸੂਰਤ ਕਾਵਿ ਰਚਨਾ ਪੇਸ਼ ਕੀਤੀਸਤਨਾਮ ਸਿੰਘ ਮਾਣਕ ਨੇ ਥੋੜੇ ਸ਼ਬਦਾਂ ਵਿਚ ਪੰਜਾਬੀ ਜ਼ੁਬਾਨ, ਪਛਾਣ ਤੇ ਭਾਰਤ ਪਾਕਿ ਮਿੱਤਰਤਾਈ ਆਮ ਲੋਕਾਂ ਦੀ ਪੱਧਰ ਤੇ ਵਧਾਉਣ ਦੀ ਸਲਾਹ ਦਿੱਤੀਉਹਨਾਂ ਪੰਜਾਬੀ ਸੱਥ ਦੀ ਪਿਛਲੇ ਵੀਹ ਸਾਲਾਂ ਦੀ ਕਾਰਗੁਜ਼ਾਰੀ ਦਾ ਵੀ ਸਿਹਤਮੰਦ ਮੁਲਾਂਕਣ ਕੀਤਾਸਰਪ੍ਰਸਤ ਦੀ ਹੈਸੀਅਤ ਵਿਚ ਬੋਲਦਿਆਂ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਖਾਸ ਕਰਕੇ ਪੰਜਾਬ ਦੇ ਜ਼ਹਿਰੀਲੇ ਹੋਏ ਦਰਿਆਵਾਂ, ਵੇਈਆਂ ਤੇ ਨਹਿਰਾਂ ਦਾ ਵਿਸਥਾਰਤ ਜਿ਼ਕਰ ਕੀਤਾਬਿਮਾਰੀਆਂ ਦੀਆਂ ਆ ਰਹੀਆਂ, ਚੋਣਾਂ ਵਿਚ ਪ੍ਰਦੂਸ਼ਣ ਨੂੰ ਮੁੱਖ ਮੁੱਦਾ ਬਣਾਉਣ ਲਈ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ

----

ਏਸ ਤੋਂ ਪਿੱਛੋਂ ਆਪਣੀ ਖਾਲਸ ਵਿਰਾਸਤੀ ਗਾਇਕੀ ਦਾ ਪਿੜ ਬੱਝਿਆਬਾਜਾਰੂ, ਨਕਲੀ, ਲੱਚਰ, ਨੰਗੇਜਤ ਹਿੰਸਕ ਪ੍ਰਵਿਰਤੀ ਨੂੰ ਸਭਿਆਚਾਰਕ ਪ੍ਰੋਗਰਾਮ ਆਖਣ ਤੋਂ ਐਨ ਉਲਟ ਪੰਜਾਬੀ ਸੱਥ ਦਾ ਜੜਾਂ ਨਾਲ ਜੁੜਨ ਦਾ ਇਹ ਨਿਵੇਕਲਾ ਉੱਦਮ ਬਹੁਤ ਪ੍ਰਭਾਵਸ਼ਾਲੀ ਰਿਹਾਪੰਜਾਬ ਵਿਚਲੀਆਂ ਸਾਰੀਆਂ ਇਕਾਈਆਂ ਤੋਂ ਸੱਥਾਂ ਦੇ ਸੰਚਾਲਕਾਂ ਨਾਲ ਆਏ ਗਮੰਤ੍ਰੀਆਂ ਨੇ ਵੱਖਰਾ ਹੀ ਮਾਹੌਲ ਸਿਰਜ ਕੇ ਆਪਣਾ ਲੋਹਾ ਮਨਵਾਇਆ

ਮਾਝਾ ਪੰਜਾਬੀ ਸੱਥ ਵਲੋਂ ਸ. ਰਘਬੀਰ ਸਿੰਘ ਤੀਰ ਹੋਰਾਂ ਨਾਲ ਆਏ ਝਬਾਲੀਏ ਬਾਬੇ ਗੁਰਬਚਨ ਸਿੰਘ ਨੇ ਬੁੱਢੇ ਵਾਰੇ ਵਾਰਸ ਦੀ ਹੀਰ ਦੀਆਂ ਹੋਕਾਂ ਨਾਲ ਛਹਿਬਰ ਲਾਈਪਿੰਡ ਕੱਟੂ-ਬਰਨਾਲਾ ਤੋਂ ਡਾ. ਬਲਬੀਰ ਸਿੰਘ ਨਾਮਧਾਰੀ ਮਲਵਈ ਸੱਥ ਵਾਲਿਆਂ ਨਾਲ ਆਈ ਮਲਵਈਆਂ ਦੀ ਟੋਲੀ ਨੇ ਬੋਲੀਆਂ ਪਾ ਕੇ ਵੱਖਰਾ ਈ ਨਜ਼ਾਰਾ ਪੇਸ਼ ਕਰ ਦਿੱਤਾਪੰਜਾਬੀ ਸੱਥ ਬਰਵਾਲੀ ਵਾਲੇ ਗੁਰਦੀਪ ਸਿੰਘ ਕੰਗ ਹੋਰਾਂ ਨਾਲ ਇਤਿਹਾਸਕ ਪਿੰਡ ਜਰਗ ਤੋਂ ਆਏ ਅੱਲ੍ਹੜ ਜਿਹੇ ਮੁੰਡਿਆਂ ਨੇ ਹਜ਼ੂਰਾ ਸਿੰਘ ਦੀ ਹੀਰ ਦੀਆਂ ਕਲੀਆਂ ਦੀਆਂ ਵਾਜਾਂ ਸੁਣਾਂ ਕੇ ਸਰੋਤਿਆਂ ਨੂੰ ਅਸ਼-ਅਸ਼ ਕਰਨ ਲਾ ਦਿੱਤਾਲੱਖੀ ਜੰਗਲ ਪੰਜਾਬੀ ਸੱਥ ਬਠਿੰਡਾ ਵੱਲੋਂ ਸ. ਲਾਭ ਸਿੰਘ ਸੰਧੂ ਨਾਲ ਆਏ ਕਵੀਸ਼ਰਾਂ ਨੂੰ ਬਾਬੂ ਰਜਬ ਅਲੀ ਦੀਆਂ ਮਾਂ ਬੋਲੀ ਬਾਬਤ ਟੁਕੜੀਆਂ ਸੁਣਾ ਕੇ ਸਰੋਤਿਆਂ ਨੂੰ ਸੋਚਣ ਤੇ ਮਜ਼ਬੂਰ ਕਰ ਦਿੱਤਾਸੁਖਵਿੰਦਰ ਸਿੰਘ ਸੁਤੰਤਰ ਤੇ ਸੰਧੂ ਭਰਾਵਾਂ ਦੇ ਨਾਲ ਈ ਅੱਸੀਆਂ ਨੂੰ ਢੁੱਕੀ ਪਿੰਡ ਬਾਜਕ ਵਾਲੀ ਮਾਤਾ ਸੁਰਜੀਤ ਕੌਰ ਨੇ ਜਦੋਂ ਬੋਲੀਆਂ ਪਾਈਆਂ ਤਾਂ ਸਾਰੇ ਦੰਗ ਰਹਿ ਗਏਵਲੈਤੋਂ ਆਏ ਮਲਵਈ ਬਾਈ ਨਾਹਰ ਸਿੰਘ ਗਿੱਲ ਨੇ ਕਾਵਿ ਨਾਟਕ ਰਾਹੀਂ ਚੰਗਾ ਰੰਗ ਬੰਨ੍ਹਿਆਬੁਤਾਲਾ-ਅੰਮ੍ਰਿਤਸਰ ਵਾਲੀ ਮਾਝਾ ਸੱਥ ਤੋਂ ਬੀਬੀ ਸਵਰਨ ਕੌਰ ਤੇ ਉਹਨਾਂ ਨਾਲ ਆਈਆਂ ਬੀਬੀਆਂ ਨੇ ਜਦੋਂ ਬਗੈਰ ਕਿਸੇ ਸਾਜ ਬਾਜ ਤੋਂ ਹੀ ਆਪਣੀਆਂ ਦਮਦਾਰ ਆਵਾਜ਼ਾਂ ਨਾਲ ਲੋਕ ਗੀਤ ਛੋਹਿਆ ਤਾਂ ਪੁਰਾਣਾ ਪੰਜਾਬ ਪ੍ਰਤੱਖ ਦਿੱਸਣ ਲੱਗ ਪਿਆਮੰਜਕੀ ਸੱਥ ਵਾਲਿਆਂ ਦੀ ਪੇਸ਼ਕਾਰੀ ਤਾਂ ਅਨੂਠੀ ਸੀਪ੍ਰਿੰ. ਕੁਲਵਿੰਦਰ ਸਿੰਘ ਸਰਾਏ ਹੋਰਾਂ ਸੱਥ ਨਾਲ ਮਦੋਕੋ ਮੋਗਿਓਂ ਆਏ ਬਾਈ ਸੁਖਦੇਵ ਸਿੰਘ ਤੇ ਸਾਥੀਆਂ ਨੇ ਤੂੰਬੇ ਤੇ ਅਲਗੋਜਿਆਂ ਨਾਲ ਸ਼ਾਹਣੀ ਕੌਲਾਂਦੀ ਪੇਸ਼ਕਾਰੀ ਕਰ ਕੇ ਇਕ ਵਾਰ ਤੇ ਸਮੇਂ ਨੂੰ ਬੰਨ੍ਹ ਹੀ ਦਿੱਤਾਪੁਆਧੀ ਸੱਥ ਮੁਹਾਲੀ ਤੋਂ ਸ. ਮਨਮੋਹਨ ਸਿੰਘ ਦਾਊਂ ਨਾਲ ਆਏ ਵੀਰ ਬੱਗੇ ਨੇ ਅਲਗੋਜਿਆਂ ਰਾਹੀਂ ਲੋਕ ਧੁਨਾ, ਮਿਰਜ਼ਾ, ਕੌਲਾਂ ਤੇ ਹੀਰ ਸੁਣਾ ਕੇ ਆਪਣੀ ਛਾਪ ਛੱਡੀਅਤਲੀ ਪੇਸ਼ਕਾਰੀ ਸ. ਮਹਿੰਦਰ ਸਿੰਘ ਗੋਲਾ ਚੱਕ ਦੀ ਸੂਬੇਦਾਰ ਸਿ਼ਵ ਸਿੰਘ ਦੋਨਾ ਸੱਥ ਦੀ ਅਗਵਾਈ ਵਿਚ ਸੀਮਿਰਜ਼ੇ ਨੂੰ ਢੱਡ ਸਾਰੰਗੀ ਨਾਲ ਗਾ ਕੇ ਮਿਰਜੇ ਦੀ ਰੂਹ ਦੇ ਨਾਲ ਸਰੋਤਿਆਂ ਦੀ ਵੀ ਰੂਹ ਰਾਜੀ ਕੀਤੀ

----

ਡਾ. ਬਲਬੀਰ ਸਿੰਘ ਭੌਰਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਸਮੁੱਚੇ ਦਰਸ਼ਕਾਂ, ਸਰੋਤਿਆਂ, ਗਾਇਕਾਂ, ਸਾਜਿੰਦਿਆਂ, ਕਵੀਆਂ, ਪੁਰਸਕਾਰ ਹਾਸਲ ਕਰਨ ਵਾਲਿਆਂ, ਖਾਲਸਾ ਸਕੂਲ ਦੀ ਕਮੇਟੀ, ਅਧਿਆਪਕਾਂ, ਬੱਚਿਆਂ ਦਾ ਧੰਨਵਾਦ ਕੀਤਾਉਹਨਾਂ ਥੋੜ੍ਹੇ ਸ਼ਬਦਾਂ ਵਿਚ ਬਹੁਤਾ ਕੁਝ ਕਹਿ ਕੇ ਆਪਣੀ ਬੋਲੀ, ਵਿਰਾਸਤ, ਵਾਤਾਵਰਣ ਤੇ ਸੱਭਿਆਚਾਰ ਨੂੰ ਬਚਾਉਣ ਲਈ ਗੁਰੂ ਸਾਹਿਬਾਨਾਂ, ਸੂਫੀਆਂ ਤੇ ਭਗਤਾਂ ਤੋਂ ਸੇਧ ਲੈ ਕੇ ਸਹਿਜ ਨਾਲ ਅੱਗੇ ਵਧਣ ਦੀ ਸਲਾਹ ਦਿੱਤੀਆਪਣੇ ਵਿਛੜ ਚੁੱਕੇ ਜੀਆਂ ਦੀ ਯਾਦ ਨੂੰ ਸਾਰਿਆਂ ਦੇ ਭਲੇ ਵਾਸਤੇ ਚੇਤੇ ਰੱਖਣ ਲਈ ਉਹਨਾਂ ਦੇ ਨਾਂ ਉੱਤੇ ਸਨਮਾਨ ਸਥਾਪਤ ਕਰਨ ਦੀ ਪ੍ਰਿਤ ਵਿਚ ਆਪਣਾ ਯੋਗਦਾਨ ਪਾਉਣ ਲਈ ਆਖਿਆ, ਉਪਰੰਤ ਲੰਗਰ ਵਰਤਾਇਆ ਗਿਆ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ