Tuesday, August 17, 2010

ਕੈਲੇਫੋਰਨੀਆ ਵਿਖੇ ਪਾਸ਼ ਯਾਦਗਾਰੀ ਸਮਾਗਮ ਕਰਵਾਇਆ ਗਿਆ - ਰਿਪੋਰਟ

ਰਿਪੋਰਟ: ਸੁਰਿੰਦਰ ਧੰਜਲ

(ਕਨਵੀਨਰ, ਪਾਸ ਯਾਦਗਾਰੀ ਕੌਮਾਂਤਰੀ ਟ੍ਰੱਸਟ)

(10 ਜੁਲਾਈ 2010)

ਪਾਸ਼ ਯਾਦਗਾਰੀ ਕੌਮਾਂਤਰੀ ਟ੍ਰੱਸਟ ਵਲੋਂ, ਨਵੀਂ ਸਦੀ ਦਾ ਪਹੁ-ਫੁਟਾਲਾ, ਸਿਰਲੇਖ ਹੇਠਲੀ ਤ੍ਰੈਸਾਲਾ ਵਿਦੇਸ਼ ਸਾਹਿਤਕ ਸਮਾਗਮ ਲੜੀ ਅਧੀਨ, ਹੇਵਰਡ (2003) ਅਤੇ ਨਿਊਆਰਕ (2006) ਤੋਂ ਬਾਅਦ, ਯੂ. ਐੱਸ. ਏ. ਵਿੱਚ ਤੀਜਾ ਪਾਸ਼ ਯਾਦਗਾਰੀ ਸਮਾਗਮ, ਸਨੀਵੇਲ (ਕੈਲੇਫੋਰਨੀਆ) ਦੇ ਸਨੀਵੇਲ ਹਿੰਦੂ ਟੈਂਪਲ ਅਤੇ ਕਮਿਊਨਿਟੀ ਸੈਂਟਰ ਵਿੱਚ ਆਯੋਜਿਤ ਕੀਤਾ ਗਿਆ

-----

ਇਸ ਪ੍ਰੋਗ੍ਰਾਮ ਵਿੱਚ ਪਾਸ਼ ਦੇ ਨਾਲ 1986-87 ਵਿੱਚ ਵਿਚਰਨ ਵਾਲੇ ਐਂਟੀ-47 ਫ਼ਰੰਟ ਅਤੇ ਪੰਜਾਬੀ ਪੀਪਲਜ਼ ਕਲਚਰਲ ਐਸੋਸੀਏਸ਼ਨ (PUPCLA) ਦੇ ਸਾਰੇ ਸਰਗਰਮ ਕਾਮੇ (ਧੀਦੋ, ਪੰਮੀ, ਸੁੱਖਾ, ਹਰਜਿੰਦਰ ਬਾਬਾ, ਟੇਕਾ, ਸ਼ੇਖਰ, ਤਰਸੇਮ ਬਾਸੀ, ਦਵਿੰਦਰ ਪਾਹੜਾ, ਦੇਵ, ਅਮਰੀਕ, ਮੁਹਿੰਦਰਪਾਲ ਗਿੱਲ ਕੁੱਕੀ, ਰੇਸ਼ਮ ਸਿੱਧੂ, ਕੰਬੋਜ, ਜਸਵਿੰਦਰ), ਜਿਸ ਉਤਸ਼ਾਹ ਨਾਲ ਸ਼ਾਮਿਲ ਹੋਕੇ ਪ੍ਰਬੰਧਕੀ ਕੰਮ ਨਿਭਾਅ ਰਹੇ ਸਨ, ਉਹ ਆਪਣੀ ਮਿਸਾਲ ਆਪ ਸੀ

-----

ਯੂ. ਐੱਸ. ਏ. ਦੇ ਨਾਮਵਰ ਸਾਹਿਤਕਾਰਾਂ - ਸ਼ਸ਼ੀ ਸਮੁੰਦਰਾ, ਡਾ. ਵੇਦ ਵਟੁਕ, ਪ੍ਰੋ. ਹਰਭਜਨ ਸਿੰਘ, ਕੁਲਵਿੰਦਰ ਪਲਾਹੀ, ਆਜ਼ਾਦ ਜਲੰਦਰੀ, ਹਿੰਮਤ ਸਿੰਘ ਹਿੰਮਤ, ਰੇਸ਼ਮ ਸਿੱਧੂ, ਪੰਕਜ ਆਂਸਲ, ਜਗਜੀਤ ਨੁਸ਼ਿਹਰਵੀ, ਪ੍ਰਿੰ. ਹਰਜਿੰਦਰ ਮੱਟੂ, ਪ੍ਰੋ. ਸੰਤੋਖ ਮਿਨਹਾਸ, ਅਮਨਦੀਪ ਬੋਪਾਰਾਏ, ਪਰਮਿੰਦਰ ਪਰਵਾਨਾ ਅਤੇ ਅਮਰੀਕ ਖਡਾਲੀਆ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ

-----

ਕੈਨੇਡਾ ਤੋਂ ਉਚੇਚੇ ਤੌਰ ਤੇ ਸ਼ਾਮਿਲ ਹੋਏ ਪ੍ਰਸਿੱਧ ਕਹਾਣੀਕਾਰ ਅਮਰਜੀਤ ਚਾਹਲ ਨੇ ਪਾਸ਼ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਇਕ ਨਵੀ ਕਵਿਤਾ ਨਾਲ, ਅਤੇ ਨਰਿੰਦਰ ਅਰਸ਼ੀ ਬਾਈਆਨੇ ਨਵੀਂ ਗ਼ਜ਼ਲ ਨਾਲ ਆਪਣੀ ਹਾਜ਼ਰੀ ਲਗਵਾਈ

-----

ਪਾਸ਼ ਦੀ ਇਕਲੌਤੀ ਬੇਟੀ ਵਿੰਕਲ ਦੁਆਰਾ ਪੜ੍ਹੀ ਪਾਸ਼ ਦੀ ਕਵਿਤਾ ਸੁਪਨੇ ਹਰ ਕਿਸੇ ਨੂੰ ਨਹੀਂ ਆਉਂਦੇ, ਅਤੇ ਸੁਖਦੇਵ ਸਾਹਿਲ ਦੀ ਗਾਈ ਪਾਸ਼ ਦੀ ਗ਼ਜ਼ਲ ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ ਨੇ ਭਾਵਕ ਅਤੇ ਜੋਸ਼ੀਲੇ ਮਾਹੌਲ ਦੀ ਅਜਿਹੀ ਸ਼ੁਰੂਆਤ ਕੀਤੀ ਕਿ ਸਰੋਤੇ ਮੰਤਰ ਮੁਗਧ ਹੋ ਗਏਕੂਲ ਪੰਜਾਬੀ ਵਿਰਸਾ ਗਰੁਪ ਸਟਾਕਟਨ ਦੇ ਪਰਮਜੀਤ ਅਤੇ ਰੇਨੂ ਸਿੰਘ ਦਾ ਪਾਸ਼ ਦੀਆਂ ਕਵਿਤਾਵਾਂ ਤੇ ਆਧਾਰਿਤ ਸੰਗੀਤ-ਕਾਵਿ-ਨਾਟਿ ਅਤੇ ਐਂਪਾਇਰ ਭੰਗੜਾ ਟੀਮ ਵੱਲੋਂ ਪਾਸ਼ ਦੀਆਂ ਬੋਲੀਆਂ ਅਤੇ ਗੀਤਾਂ ਤੇ ਆਧਾਰਿਤ ਭੰਗੜਾ ਨਿਰਸੰਦੇਹ ਇਸ ਪ੍ਰੋਗਰਾਮ ਦੀ ਕਲਾਤਮਿਕ ਸਿਖਰ ਸਨਪੰਜਾਬੀ ਦੀ ਸੀਮਤ ਜਾਣਕਾਰੀ ਰੱਖਣ ਵਾਲੇ, ਅਮਰੀਕਾ ਦੇ ਜੰਮਪਲ ਬੱਚਿਆਂ ਤੋਂ ਏਨਾ ਵਧੀਆ ਭੰਗੜਾ ਤਿਆਰ ਕਰਵਾਉਣਾ ਟੀਮ ਕੈਪਟਨ ਸ਼ਾਨਜੀਤ ਸਿੰਘ ਗਿੱਲ, ਅਤੇ PUPCLA ਦੇ ਸਰਗਰਮ ਮੈਂਬਰਾਨ ਸੁੱਖਾ ਗਿੱਲ ਅਤੇ ਮੈਰਿਲਿਨ ਗਿੱਲ ਦੀ ਘਾਲਣਾ ਦਾ ਕਮਾਲ ਸੀ

-----

ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਤਿਆਰ ਕਰਵਾਈ ਹੋਈ ਦਸਤਾਵੇਜ਼ੀ ਫਿਲਮ ਆਪਣਾ ਪਾਸ਼ (ਜਿਸ ਵਿੱਚ ਪਾਸ਼ ਬਾਰੇ ਗੁਰਸ਼ਰਨ ਸਿੰਘ, ਨਿਰੁਪਮਾ ਦੱਤ, ਸੁਰਜੀਤ ਪਾਤਰ, ਨਾਗੁਰਜਨ, ਪ੍ਰਿ: ਸੁਜਾਨ ਸਿੰਘ, ਕੇਵਲ ਧਾਲੀਵਾਲ, ਲਖਵਿੰਦਰ ਉੱਗੀ, ਕਾ. ਚੈਨ ਸਿੰਘ ਚੈਨ, ਮੁਹਿੰਦਰ ਸਿੰਘ ਸੰਧੂ ਅਤੇ ਪਾਸ਼ ਦੇ ਮਾਤਾ-ਪਿਤਾ ਦੀਆਂ ਟਿੱਪਣੀਆਂ ਵੀ ਸ਼ਾਮਿਲ ਹਨ) ਦੇ ਕੁਝ ਅੰਸ਼ ਵੀ ਦਿਖਾਏ ਗਏਪ੍ਰੋਗ੍ਰਾਮ ਦੇ ਅੰਤਲੇ ਪਲਾਂ ਵਿੱਚ ਪ੍ਰਸਿੱਧ ਚਿੰਤਕ ਡਾ. ਤੇਜਵੰਤ ਸਿੰਘ ਗਿੱਲ (ਭਾਰਤ) ਅਤੇ ਡਾ. ਗੁਰੂਮੇਲ (ਯੂ. ਐੱਸ. ਏ.) ਵੀ ਸ਼ਾਮਿਲ ਸਨਪ੍ਰੋਗ੍ਰਾਮ ਵਿੱਚ ਪਾਸ਼ ਟ੍ਰੱਸਟ ਦੀਆਂ ਕੁਝ ਚੋਣਵੀਆਂ ਪ੍ਰਕਾਸ਼ਨਾਵਾਂ- ਸੰਪੂਰਨ ਪਾਸ਼-ਕਾਵਿ, ਸਾਹਿਤ ਦਾ ਸਾਗਰ: ਪਾਸ਼, ਪਾਸ਼ ਤਾਂ ਸੂਰਜ ਸੀ, ਅਤੇ Pash: The Poet of Impossible Dreams (ਸੰਪਾਦਕ: ਪ੍ਰੋ. ਘਈ) ਤੋਂ ਬਿਨਾਂ, ਪਾਕਿਸਤਾਨ ਵਿੱਚ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸਿ਼ਤ ਪੁਸਤਕਾਂ- ਪਾਸ਼ ਦੀ ਸਾਰੀ ਸ਼ਾਇਰੀ, ਅਤੇ ਇਨਕਾਰ (ਪਾਸ਼ ਦੀਆਂ ਚੋਣਵੀਆਂ ਕਵਿਤਾਵਾਂ) ਦੀ ਜਾਣ ਪਛਾਣ ਕਰਵਾਈ ਗਈ

-----

ਇੰਡੋ ਯੂ. ਐੱਸ. ਹੈਰੀਟੇਜ ਐਸੋਸੀਏਸ਼ਨ ਫਰੈਜ਼ਨੋ ਦੇ ਸਹਿਯੋਗ ਨਾਲ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਪਾਸ਼ ਦੀ ਕਵਿਤਾ ਰੱਬ ਤੋਂ ਬਿਨਾਂ ਵਾਲਾ ਪੋਸਟਰ ਰਿਲੀਜ਼ ਕੀਤਾ ਗਿਆਇਸ ਸਾਰੇ ਪ੍ਰੋਗ੍ਰਾਮ ਦੀ ਤਿਆਰੀ ਵਿੱਚ ਪਾਸ਼ ਦੇ ਸਤਿਕਾਰਯੋਗ ਪਿਤਾ ਜੀ ਸੋਹਣ ਸਿੰਘ ਸੰਧੂ ਦਾ ਆਗੂ ਰੋਲ ਪ੍ਰਤੱਖ ਸੀਸਟੇਜ ਦੀਆਂ ਜ਼ਿੰਮੇਵਾਰੀਆਂ ਪਾਸ਼ ਟ੍ਰੱਸਟ ਦੇ ਯੂ. ਐੱਸ. ਏ. ਦੇ ਮੈਂਬਰ ਸੁਖਵਿੰਦਰ ਕੰਬੋਜ ਅਤੇ ਟ੍ਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਨੇ ਨਿਭਾਈਆਂ

-----

ਹਕੂਮਤੀ ਅਤੇ ਫਿਰਕੂ ਦਹਿਸ਼ਤਗਰਦੀ ਦੇ ਜਿਸ ਸਮਾਜਕ-ਰਾਜਨੀਤਕ ਦੌਰ ਚੋਂ ਅਸੀਂ ਗੁਜ਼ਰ ਰਹੇ ਹਾਂ, ਉਸ ਦੌਰ ਵਿੱਚ ਅਜਿਹੇ ਪ੍ਰੋਗ੍ਰਾਮਾਂ ਦੀ ਅਹਿਮ ਭੂਮਿਕਾ ਹੈਪਾਸ਼ ਵਾਲੀ ਕ੍ਰਾਂਤੀਕਾਰੀ ਸਪਿਰਿਟ ਦਾ ਜਿਉਂਦੇ ਰਹਿਣਾ, ਲਹੂ ਦਾ ਗਰਮ ਰਹਿਣਾ, ਮੁਰਦਾ ਸ਼ਾਂਤੀ ਨਾਲ ਭਰਨ ਤੋਂ ਸੁਚੇਤ ਰਹਿਣਾ ਅਤੀ ਜ਼ਰੂਰੀ ਹੈਯੂ. ਐੱਸ. ਏ., ਕੈਨੇਡਾ ਅਤੇ ਭਾਰਤ ਦੇ ਸਾਹਿਤਕਾਰਾਂ, ਕਲਾਕਾਰਾਂ ਅਤੇ ਰਾਜਸੀ ਕਾਮਿਆਂ ਨੇ, ਚਾਰ ਘੰਟੇ ਲੰਮੇ ਇਸ ਸਮਾਗਮ ਵਿੱਚ, ਜਿਸ ਸਿਦਕ ਅਤੇ ਸਿਰੜ ਨਾਲ, ਪਾਸ਼ ਕਾਵਿ ਦੀ ਕੌਮਾਂਤਰੀ ਸਾਰਥਿਕਤਾ ਨੂੰ ਉਘਾੜਿਆ, ਓਸ ਸਦਕਾ ਇਹ ਪ੍ਰੋਗ੍ਰਾਮ ਸਹੀ ਅਰਥਾਂ ਵਿੱਚ ਕੌਮਾਂਤਰੀ ਪ੍ਰੋਗ੍ਰਾਮਸੀ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ