+by+Sukhinder.jpg)
ਫ਼ੋਟੋ: ਖੱਬੇ ਤੋਂ ਸੱਜੇ: ਸੁਖਿੰਦਰ, ਗੁਰਦੇਵ ਸਿੰਘ ਮਾਨ, ਤਰਲੋਚਨ ਸਿੰਘ ਗਿੱਲ, ਡਾ. ਜਤਿੰਦਰ ਕੌਰ ਰੰਧਾਵਾ, ਮੇਜਰ ਸਿੰਘ ਨਾਗਰਾ
ਰਿਪੋਰਟ: ਮੇਜਰ ਸਿੰਘ ਨਾਗਰਾ, ਬਰੈਂਪਟਨ
ਬਰੈਂਪਟਨ –ਬੀਤੇ ਵੀਕਐਂਡ ਦੌਰਾਨ ਬਰੈਂਪਟਨ ਸ਼ਹਿਰ ਦੇ ਰੋਇਲ ਬੈਂਕੁਇਟ ਹਾਲ ਵਿਖੇ ਪ੍ਰਸਿੱਧ ਪੰਜਾਬੀ ਲੇਖਕ ਸੁਖਿੰਦਰ ਦੀ ਸਮੀਖਿਆ ਦੀ ਕਿਤਾਬ “ਕੈਨੇਡੀਅਨ ਪੰਜਾਬੀ ਸਾਹਿਤ” ਲੇਖਕਾਂ ਅਤੇ ਬੁੱਧੀਜੀਵੀਆਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤੀ ਗਈ। ਕੈਨੇਡਾ ਵਿੱਚ ਰਹਿਣ ਵਾਲੇ 57 ਪੰਜਾਬੀ ਲੇਖਕਾਂ, ਕਵੀਆਂ ਅਤੇ ਕਹਾਣੀਕਾਰਾਂ ਦੀਆਂ ਪੁਸਤਕਾਂ ‘ਤੇ ਰਚਨਾਵਾਂ ਅਤੇ ਉਨ੍ਹਾਂ ਦੇ ਜੀਵਨ ‘ਤੇ ਝਾਤ ਪਾਉਂਦੀ ਇਹ ਵੱਡਅਕਾਰੀ ਪੁਸਤਕ ਸੁਖਿੰਦਰ ਦੀ ਬੀਤੇ ਲੰਮੇ ਸਮੇ ਦੀ ਅਣਥਕ ਮਿਹਨਤ ਦਾ ਨਤੀਜਾ ਹੈ।ਇਸ ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਮੇਜਰ ਸਿੰਘ ਨਾਗਰਾ ਨੇ ਸਾਰਿਆਂ ਮਹਿਮਾਨਾਂ ਦਾ ਸੁਆਗਤ ਕਰਦਿਆਂ ਕੀਤੀ। ਕੈਨੇਡੀਅਨ ਪੰਜਾਬੀ ਗਾਇਕ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਦੋ ਗ਼ਜ਼ਲਾਂ ਨਾਲ ਪ੍ਰੋਗ੍ਰਾਮ ਦੇ ਸ਼ੁਰੂ ਵਿੱਚ ਹੀ ਸਾਰਿਆਂ ਨੂੰ ਮੰਤਰ ਮੁਗਧ ਕਰ ਦਿੱਤਾ।
-----
ਇਸ ਪੁਸਤਕ ਰੀਲੀਜ਼ ਪ੍ਰੋਗ੍ਰਾਮ ਦੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਨਾਮਵਰ ਸ਼ਖ਼ਸੀਅਤਾਂ ਵਿੱਚ ਪ੍ਰੋਫੈਸਰ ਤਰਲੋਚਨ ਸਿੰਘ ਗਿੱਲ, ਡਾ. ਜਤਿੰਦਰ ਕੌਰ ਰੰਧਾਵਾ ਅਤੇ ਗੁਰਦੇਵ ਸਿੰਘ ਮਾਨ ਹਾਜ਼ਿਰ ਸਨ, ਜਿਨ੍ਹਾਂ ਨਾਲ ਲੇਖਕ ਸੁਖਿੰਦਰ ਵੀ ਮੰਚ ‘ਤੇ ਬਿਰਾਜਮਾਨ ਸਨ। ਸ. ਪੂਰਨ ਸਿੰਘ ਪਾਂਧੀ ਨੇ “ਕੈਨੇਡੀਅਨ ਪੰਜਾਬੀ ਸਾਹਿਤ” ਦੀ ਇਸ ਅਦੁੱਤੀ ਪੁਸਤਕ ਬਾਰੇ ਆਪਣਾ ਪਰਚਾ ਪੜ੍ਹਿਆ। ਗੁਰਦੇਵ ਸਿੰਘ ਮਾਨ ਨੇ ਲੇਖਕਾਂ ਨੂੰ ਪ੍ਰੋਤਸਾਹਨ ਦੇਣ ਅਤੇ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਖ਼ਰੀਦ ਕੇ ਪੜ੍ਹਨ ‘ਤੇ ਜ਼ੋਰ ਦਿੰਦਿਆਂ ਅਪੀਲ ਕੀਤੀ ਕਿ ਲੇਖਕ ਕਿਸੀ ਵੀ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਸ ਮੌਕੇ ਸੁਖਮਿੰਦਰ ਰਾਮਪੁਰੀ ਨੇ ਆਪਣਾ ਗੀਤ ਤਰੰਨੁਮ ਵਿੱਚ ਪੇਸ਼ ਕੀਤਾ। ਉਪਰੰਤ ਡਾ. ਰਵਿੰਦਰ ਕੌਰ ਚੀਮਾ ਨੇ “ਕੈਨੇਡੀਅਨ ਪੰਜਾਬੀ ਸਾਹਿਤ” ਪੁਸਤਕ ਬਾਰੇ ਆਪਣਾ ਪਰਚਾ ਪੜ੍ਹਿਆ ਅਤੇ ਇਸ ਸਮੀਖਿਆ ਦੀ ਕਿਤਾਬ ਦੀ ਸੂਖਮਤਾ ਨਾਲ ਪੜਚੋਲ ਕੀਤੀ। ਟੋਰੰਟੋ ਵਸਦੇ ਕਵੀ ਅਮਰੀਕ ਸਿੰਘ ਰਵੀ ਅਤੇ ਮੋਹਨ ਪਟਿਆਲਵੀ ਨੇ ਵੀ ਆਪਣੇ ਗੀਤ ਅਤੇ ਗ਼ਜ਼ਲਾਂ ਨਾਲ ਹਾਜ਼ਰੀ ਲਗਵਾਈ। ਹਰਜੀਤ ਬਾਜਵਾ ਨੇ ਆਪਣੀ ਕਵਿਤਾ “ਜਾਨਵਰ ਬਣੋ ਜਾਨਵਰ” ਪੇਸ਼ ਕਰਕੇ ਸਾਰਿਆਂ ਨੂੰ ਮੌਜੂਦਾ ਸਮਿਆਂ ‘ਚ ਇਨਸਾਨੀ ਰਿਸ਼ਤਿਆਂ ਵਿੱਚ ਆ ਰਹੇ ਨਿਘਾਰਾਂ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਸੁਰਜਨ ਜ਼ੀਰਵੀ ਨੇ ਵੀ “ਕੈਨੇਡੀਅਨ ਪੰਜਾਬੀ ਸਾਹਿਤ” ਬਾਰੇ ਅਤੇ ਸੁਖਿੰਦਰ ਦੀ ਲੇਖਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਹਿੰਦੀ ਦੀ ਕਵਿੱਤਰੀ ਭੁਵਨੇਸ਼ਵਰੀ ਪਾਂਡੇ ਨੇ ਵੀ ਸੁਖਿੰਦਰ ਨੂੰ ਵਧਾਈ ਦਿੱਤੀ। ਪਿਆਰਾ ਸਿੰਘ ਕੁੱਦੋਵਾਲ ਅਤੇ ਪ੍ਰਿੰਸੀਪਲ ਪਾਖਰ ਸਿੰਘ ਨੇ ਵੀ ਸੁਖਿੰਦਰ ਦੀ ਇਸ ਉੱਦਮ ਲਈ ਭਰਪੂਰ ਸ਼ਲਾਘਾ ਕਰਦਿਆਂ ਵਧਾਈ ਦਿੱਤੀ। ਸ੍ਰੀ ਦੁੱਗਲ ਨੇ ਆਪਣੇ ਨਵੇਕਲੇ ਅੰਦਾਜ਼ ਵਿੱਚ ਵਧਾਈ ਸੰਦੇਸ਼ ਪੜ੍ਹਿਆ।
-----
ਇਸ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਨਾਹਰ ਸਿੰਘ ਔਜਲਾ, ਅਵਤਾਰ ਕੌਰ ਔਜਲਾ, ਚੇਤਨਾ ਤੋਂ ਸੁਰਿੰਦਰ ਪਾਮਾ, ਨੌਜਵਾਨ ਆਗੂ ਵਿਕਰਮਜੀਤ ਸਿੰਘ ਅੱਲਾਬਖ਼ਸ਼ , ਦਵਿੰਦਰ ਬਾਂਸਲ, ਦਲਜੀਤ ਸਿੰਘ ਸਕਾਈਡੋਮ ਆਟੋ, ਡਾ. ਵਰਿਆਮ ਸਿੰਘ ਸੰਧੂ, ਕਿਰਪਾਲ ਸਿੰਘ ਪੰਨੂ, ਅਮਰਜੀਤ ਮਾਨ, ਸੁਰਜੀਤ ਕੌਰ, ਵਕੀਲ ਕਲੇਰ ਅਤੇ ਹੋਰ ਕਈ ਪਤਵੰਤੇ ਹਾਜ਼ਰ ਹੋਏ। ਪ੍ਰਧਾਨਗੀ ਭਾਸ਼ਣ ਵਿੱਚ ਪ੍ਰੋ ਤਰਲੋਚਨ ਸਿੰਘ ਗਿੱਲ ਨੇ ਪੰਜਾਬੀ ਪੁਸਤਕਾਂ ਨੂੰ ਲੋਕਾਂ ਦੇ ਹੱਥਾਂ ਤੱਕ ਪਹੁੰਚਾਉਣ ਬਾਰੇ ਗੰਭੀਰ ਵਿਚਾਰ ਦਿੱਤੇ। ਸਮਾਗਮ ਦੇ ਸਮਾਪਨ ‘ਤੇ ਸੁਖਿੰਦਰ ਨੇ ਸਾਰੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। “ਕੈਨੇਡੀਅਨ ਪੰਜਾਬੀ ਸਾਹਿਤ” ਪੁਸਤਕ ਪ੍ਰਾਪਤ ਕਰਨ ਲਈ ਸੁਖਿੰਦਰ ਨਾਲ 416 858 7077 ‘ਤੇ ਸੰਪਰਕ ਕੀਤਾ ਜਾ ਸਕਦਾਹੈ।
No comments:
Post a Comment