
ਰਿਪੋਰਟ: ਅਜ਼ੀਮ ਸ਼ੇਖਰ
ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ( ਲੰਡਨ) ਵੱਲੋਂ ਸਰੋਤਿਆਂ ਨਾਲ ਖਚਾਖਚ ਭਰੇ ਅੰਬੇਦਕਰ ਭਵਨ ਵਿੱਚ ਹਰਜੀਤ ਅਟਵਾਲ ਦੀ ਨਵੀਂ ਪੁਸਤਕ ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਉੱਪਰ ਕਰਵਾਈ ਗਈ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਬਹੁਤ ਹੀ ਕਾਮਯਾਬ ਸਮਾਗਮ ਹੋ ਨਿੱਬੜਿਆ ਜਿਸ ਨੂੰ ਵਰ੍ਹਿਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ । ਸਮਾਗਮ ਦੇ ਸ਼ੁਰੂ ‘ਚ ਜਨਰਲ ਸਕੱਤਰ ਅਜ਼ੀਮ ਸ਼ੇਖਰ ਨੇ ਸੰਸਥਾ ਦੇ ਮਕਸਦ ਅਤੇ ਭਵਿੱਖਮੁਖੀ ਪ੍ਰੋਗਰਾਮਾਂ ਤੇ ਚਾਨਣਾ ਪਾਇਆ । ਪਹਿਲੇ ਭਾਗ ਦੀ ਪ੍ਰਧਾਨਗੀ ਸਰਵ ਸ੍ਰੀ ਪ੍ਰੀਤਮ ਸਿੱਧੂ, ਸੰਤੋਖ ਧਾਲੀਵਾਲ , ਹਰਬਖ਼ਸ਼ ਮਕਸੂਦਪੁਰੀ ਤੇ ਸ੍ਰੀਮਤੀ ਕੁਲਵੰਤ ਢਿੱਲੋਂ ਨੇ ਸਾਂਝੇ ਤੌਰ ‘ਤੇ ਕੀਤੀ ।
-----
ਹਰਜੀਤ ਅਟਵਾਲ ਦੁਆਰਾ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਕੁਝ ਗੱਲਾਂ ਸਾਂਝੀਆਂ ਕਰਨ ਤੋਂ ਬਾਅਦ ਅਵਤਾਰ ਉੱਪਲ ਨੇ ਪੁਸਤਕ ‘ਤੇ ਵਿਸਥਾਰਿਤ ਪਰਚਾ ਪੇਸ਼ ਕਰਦਿਆਂ ਕਿਹਾ ਕਿ ਹਰਜੀਤ ਅਟਵਾਲ ਇੱਕ ਸਫ਼ਲ ਗਲਪਕਾਰ ਹੈ ਜਿਸਨੇ ਨਾਵਲ ਅਤੇ ਕਹਾਣੀ ਦੇ ਖੇਤਰ ਵਿੱਚ ਆਪਣੀ ਪਛਾਣ ਸਥਾਪਿਤ ਕੀਤੀ ਹੈ। ‘ਪਚਾਸੀ ਵਰ੍ਹਿਆਂ ਦਾ ਜਸ਼ਨ’ ਹਰਜੀਤ ਅਟਵਾਲ ਦੇ ਪਿਤਾ ਸ: ਦਰਸ਼ਨ ਸਿੰਘ ਦੀ ਜੀਵਨੀ ਹੈ ਜਿਸਨੂੰ ਉਸਨੇ ਨਾਵਲੀ ਸ਼ੈਲੀ ‘ਚ ਬੇਹੱਦ ਰੌਚਕ ਢੰਗ ਨਾਲ ਲਿਖਿਆ ਹੈ ਤੇ ਇਸਨੂੰ ਵੱਖ-ਵੱਖ ਰਿਸ਼ਤਿਆਂ ਦੇ ਨੁਕਤਾ-ਨਿਗਾਹ ਤੋਂ ਲਿਖਣ ਦਾ ਨਵੇਕਲਾ ਤਜਰਬਾ ਕੀਤਾ ਹੈ। ਉਹ ਕਿਤੇ ਵੀ ਮੋਹ ਵੱਸ ਉਲਾਰ ਨਹੀਂ ਹੋਇਆ। ਇਸ ‘ਚ ਉਸਨੇ ਆਪਣੇ ਪਿਤਾ ਦੇ ਜਨਮ ਤੋਂ ਪਹਿਲਾਂ ਤੇ ਬਾਅਦ ਦੇ ਰਾਜਨੀਤਿਕ, ਸੱਭਿਆਚਾਰਕ ਤੇ ਸਮਾਜਿਕ ਹਾਲਾਤ ਦੀ ਸੁੰਦਰ ਤਸਵੀਰਕਸ਼ੀ ਕੀਤੀ ਹੈ। ਪੁਸਤਕ ‘ਚ ਦਰਜ਼ ਦੂਜੇ ਵਿਸ਼ਵ ਯੁੱਧ ਦੇ ਹਾਲਾਤ ਦੇ ਵਰਨਣ ਦੌਰਾਨ ਹਿੰਦੁਸਤਾਨੀ ਸਿਪਾਹੀਆਂ ਦੁਆਰਾ ਜਪਾਨੀਆਂ ਨਾਲ ਭਾਈਵਾਲੀ ਕਰਨ ਵਾਲੇ ਸੁਭਾਸ਼ ਚੰਦਰ ਬੋਸ ਨੂੰ ਗ਼ੱਦਾਰ ਕਹਿਣ ਨੂੰ ਪਰਚਾਕਾਰ ਨੇ ਮੰਦਭਾਗਾ ਦੱਸਿਆ। ਪਰਚੇ ਉਪਰੰਤ ਹੋਈ ਬਹਿਸ ‘ਚ ਭਾਗ ਲੈਂਦਿਆਂ ਸ਼ਿਵਚਰਨ ਗਿੱਲ, ਡਾ ਅਮਰ ਜਿਉਤੀ, ਚਮਨ ਲਾਲ ਚਮਨ, ਰਾਜਿੰਦਰਜੀਤ, ਸੰਤੋਖ ਧਾਲੀਵਾਲ ਤੇ ਕੁਲਵੰਤ ਢਿੱਲੋਂ ਨੇ ਕੁਝ ਨੁਕਤੇ ਉਠਾਏ ਜਿਨ੍ਹਾਂ ਦਾ ਜਵਾਬ ਅਵਤਾਰ ਉੱਪਲ ਨੇ ਦਿੱਤਾ। ਇਸ ਦੌਰਾਨ ਕਵੀ ਮਿੱਠਾ ਸਿੰਘ ਸੇਖੋਂ ਦੀ ਪੁਸਤਕ ‘ਰੋਹੀ ਦਾ ਜੰਡ’ ਅਤੇ ਉਜਾਗਰ ਸਿੰਘ ਧਾਲੀਵਾਲ ਦੀ ‘ਜੰਗਲ ਦਾ ਫੁੱਲ’ ਜਾਰੀ ਕੀਤੀ ਗਈ। ਸਮਾਗਮ ਦੇ ਇਸ ਭਾਗ ਦਾ ਸੰਚਾਲਨ ਸਾਥੀ ਲੁਧਿਆਣਵੀ ਨੇ ਕੀਤਾ।
-----
No comments:
Post a Comment