ਪਟਿਆਲਾ ਅਪ੍ਰੈਲ 2010- ‘‘ਮੈਨੂੰ ਪੰਜਾਬ ਅਤੇ ਪੰਜਾਬੀ ਨਾਲ ਸਾਂਝ ਰਾਜਨੀਤਿਕ ਸਮਾਜਿਕ ਅਤੇ ਸਾਂਸਕ੍ਰਿਤਕ ਪਿਛੋਕੜ ਦੇ ਕਾਰਣ ਪੈਦਾ ਹੋਈ ਹੈ। ਮੇਰੀ ਮਾਤਾ ਆਇਰਸ਼ ਅਤੇ ਪਿਤਾ ਅਮਰੀਕਨ ਹਨ। ਕਿਉਂਕਿ ਆਇਰਲੈਂਡ ਵੀ ਬਰਤਾਨੀਆਂ ਦੇ ਵਿਰੁੱਧ ਆਪਣੀ ਵੱਖਰੀ ਹਸਤੀ ਲਈ ਨਿਰੰਤਰ ਸੰਘਰਸ਼ ਕਰ ਰਿਹਾ ਹੈ ਅਤੇ ਅਮਰੀਕਾ ਵੀ ਕਿਸੇ ਸਮੇਂ ਬਰਤਾਨੀਆ ਦੀ ਬਸਤੀ ਸੀ। ਮੈਂ ਆਪਣੀ ਰਿਸਰਚ ਦੇ ਸਬੰਧ’ਚ ਜਦੋਂ ਪੰਜਾਬ ਆਈ ਤਾਂ ਪੰਜਾਬ ਅਤੇ ਪੰਜਾਬੀ ਆਪਣੇ ਪ੍ਰਤੀਤ ਹੋਏ। ਇਹ ਵੀ ਇਤਫ਼ਾਕ ਦੀ ਗੱਲ ਹੈ ਕਿ ਪੰਜਾਬ ਵੀ ਬਰਤਾਨੀਆ ਦੀ ਗ਼ੁਲਾਮੀ ਹੇਠ ਰਿਹਾ ਸੀ ਅਤੇ ਪੰਜਾਬੀਆਂ ਨੇ ਅੰਗਰੇਜ਼ਾਂ ਵਿਰੁੱਧ ਲੰਮੀ ਲੜਾਈ ਲੜ ਕੇ ਅਜ਼ਾਦੀ ਹਾਸਲ ਕੀਤੀ ਸੀ। ਇਨ੍ਹਾਂ ਕਾਰਣਾਂ ਕਰਕੇ ਮੈਂ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਨੂੰ ਆਪਣੀ ਖੋਜ ਅਤੇ ਬੋਲਚਾਲ ਵਜੋਂ ਚੁਣਿਆ।” ਇਹ ਭਾਵ ਯੂਨਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਦੀ ਏਸ਼ੀਅਨ ਸਟੱਡੀਜ਼ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਐੱਨ.ਮਰਫ਼ੀ ਨੇ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਦੋਰਾਨ ਸ਼ੁੱਧ ਪੰਜਾਬੀ ਵਿਚ ਬੋਲਦੇ ਹੋਏ ਅਭਿਵਿਅਕਤ ਕੀਤੇ।
-----
ਉਨ੍ਹਾਂ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਪੰਜਾਬੀ ਅਧਿਆਪਨ ਅਤੇ ਖੋਜ ਕਾਰਜਾਂ ਬਾਰੇ ਦੱਸਿਆ ਕਿ ‘‘ਉਥੇ ਚਾਰ ਦਰਜਨ ਦੇ ਕਰੀਬ ਵਿਦਿਆਰਥੀ ਪੰਜਾਬੀ ਦੀ ਪੜ੍ਹਾਈ ਕਰਦੇ ਹਨ। ਉਥੇ ਖੋਜ ਦਾ ਕਾਰਜ ਵੀ ਵਧੀਆ ਹੋ ਰਿਹਾ ਹੈ ਪਰ ਇਸ ਲਈ ਹੋਰ ਯਤਨ ਕਰਨ ਦੀ ਲੋੜ ਹੈ। ਕਿਉਂਕਿ ਹੋਰ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਭਾਸ਼ਾ ਦੇ ਅਧਿਆਪਨ ਲਈ ਫੈਕਲਟੀ ਮੈਂਬਰਾਂ ਦੀ ਗਿਣਤੀ ਘੱਟ ਹੈ। ਮੈਂ ਲਿੰਗੁਇਸਿਜ਼ਮ ਨੂੰ ਨਸਲੀ ਵਿਤਕਰਾ ਮੰਨਦੀ ਹਾਂ। ਕੈਨੇਡਾ ਵਿਚ ਵੀ ਇਹ ਵਿਤਕਰਾ ਹੁੰਦਾ ਹੈ। ਉਥੇ ਸਮਾਨ ਯੋਗਤਾ ਰੱਖਦੇ ਉਮੀਦਵਾਰਾਂ ਵਿਚੋਂ ਅੰਗਰੇਜ਼ੀ ਨਾਂ ਵਾਲਿਆਂ ਨੂੰ ਦੂਸਰਿਆਂ ਤੋਂ ਪਹਿਲਾਂ ਨੌਕਰੀਆਂ ਮਿਲਦੀਆਂ ਹਨ। ਇਸੇ ਤਰ੍ਹਾਂ ਨਸਲੀ ਵਿਤਕਰੇ ਦੇ ਹੋਰ ਰੂਪ ਜਿਵੇਂ ਕਿ ਜੇਕਰ ਕੋਈ ਇਕੱਲਾ ਪੰਜਾਬੀ ਗੁਨਾਹ ਕਰਦਾ ਹੈ ਤਾਂ ਉਸ ਲਈ ਸਮੁੱਚੀ ਪੰਜਾਬੀ ਕਮਿਊਨਟੀ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਪਰ ਜੇਕਰ ਉਹੀ ਗੁਨਾਹ ਕੋਈ ਹੋਰ ਕਮਿਊਨਿਟੀ ਦਾ ਵਿਅਕਤੀ ਕਰਦਾ ਹੈ ਤਾਂ ਉਸ ਲਈ ਉਹ ਵਿਅਕਤੀ ਨਿਜੀ ਤੌਰ ਤੇ ਜ਼ਿੰਮੇਵਾਰ ਮੰਨਿਆ ਜਾਂਦਾ ਹੈ ਇਸ ਵਿਤਕਰੇ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਕਈ ਵਾਰ ਪੰਜਾਬੀ ਕਮਿਉਨਟੀ ਦੇ ਬਹੁ ਗਿਣਤੀ ਲੋਕ ਵੀ ਇਸ ਪ੍ਰਵਿਰਤੀ ਦਾ ਸ਼ਿਕਾਰ ਹੋ ਕੇ ਆਪਣੀ ਕਮਿਊਨਿਟੀ ਨੂੰ ਹੀ ਨਿੰਦਣ ਤਕ ਚਲੇ ਜਾਂਦੇ ਹਨ।
-----
ਐੱਨ.ਮਰਫ਼ੀ. ਨੇ ਪੰਜਾਬ ਵਿਚ ਕੰਮ ਕਰਦਿਆਂ ਸਵੈ-ਸੇਵੀ ਸੰਸਥਾਵਾਂ ਦੇ ਕਾਰਜਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਪੰਜਾਬੀ ਭਾਸ਼ਾ ਤੇ ਸਭਿਆਚਾਰ ਲਈ ਬਹੁਤ ਵਧੀਆ ਖੋਜ ਕਾਰਜ ਕਰ ਰਿਹਾ ਹੈ ਇਸ ਦੁਆਰਾ ਪ੍ਰਕਾਸ਼ਿਤ ਪਰਚਾ ‘ਜਾਗੋ ਇੰਨਟਰਨੈਸ਼ਨਲ’ ਵਿਗਿਆਨਕ ਚੇਤਨਾ ਪ੍ਰਦਾਨ ਕਰਨ ਵਾਲਾ ਹੈ। ਮੈਨੂੰ ਅੱਜ ਇਹ ਸਨਮਾਨ ਹਾਸਿਲ ਕਰਕੇ ਬਹੁਤ ਖੁਸ਼ੀ ਹੋਈ ਹੈ। ਇਸ ਸਮਾਗਮ ਵਿੱਚ ਡਾ. ਹਰਵਿੰਦਰ ਸਿੰਘ ਭੱਟੀ, ਮੁਖੀ ਸਮਾਜ ਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਪੰਜਾਬ ਦੀਆਂ ਸਮਾਜਕ ਆਰਥਿਕ ਤਬਦੀਲੀਆਂ ਬਾਰੇ ਖੋਜ ਕਰਨ ਦੀ ਬਹੁਤ ਜ਼ਰੂਰਤ ਹੈ। ਇਹ ਕੋਮਾਂਤਰੀ ਪੱਧਰ ਤੇ ਪੰਜਾਬੀਆਂ ਨੂੰ ਜਾਗਰੁਕ ਕਰਨ ਵਾਲੀ ਕਾਰਵਾਈ ਹੋਵੇਗੀ।
-----
ਇਸ ਮੌਕੇ ਪੰਜਾਬੀ ਭਾਸ਼ਾ ਸਾਹਿਤ ਤੇ ਤਕਨੀਕੀ ਵਿਕਾਸ ਦੇ ਉਚਤਮ ਕੇਦਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਵੀ ਭਾਵ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਦੇ ਜਨਰਲ ਸਕੱਤਰ ਡਾ. ਭਗਵੰਤ ਸਿੰਘ ਨੇ ਪੰਜਾਬ ਦੇ ਸਮਾਜਕ, ਸਾਹਿਤਕ ਅਤੇ ਸਭਿਆਚਾਰਕ ਵਿਕਾਸ ਬਾਰੇ ਗੱਲ ਕਰਦੇ ਹੋਏ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਉਨ੍ਹਾਂ ਨੇ ਸੈਂਟਰ ਦੇ ਵਿਕਾਸ ਬਾਰੇ ਗੱਲ ਕਰਦੇ ਹੋਏ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਉਨ੍ਹਾਂ ਨੇ ਸੈਂਟਰ ਦੇ ਖੋਜ ਪ੍ਰੋਜੈਕਟਾਂ ਬਾਰੇ ਦੱਸਿਆ ਕਿ ਸੈਂਟਰ ਕੈਨੇਡਾ ਦੀਆਂ ਸਾਹਿਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬੀ ਵਿਚ ਕੁਝ ਪੁਸਤਕਾਂ ਤਿਆਰ ਕਰ ਰਿਹਾ ਹੈ। ਉਨ੍ਹਾਂ ਦੇ ਗੁਰਦੇਵ ਸਿੰਘ ਮਾਨ ਬਾਰੇ ਪੁਸਤਕ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ। ਪ੍ਰੋ. ਸ਼ੇਰ ਸਿੰਘ ਢਿਲੋਂ ਨੇ ਐੱਨ.ਮਰਫ਼ੀ ਨੂੰ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਸਨਮਾਨਿਤ ਕੀਤਾ ਅਤੇ ਪੁਸਤਕਾਂ ਦੇ ਸੈੱਟ ਭੇਂਟ ਕੀਤੇ। ਇਸ ਸਮਾਗਮ ਵਿਚ ਸਵੀਡਨ ਤੋਂ ਪੀਟਰ ਸਮੇਤ ਹੋਰ ਬੁੱਧੀਜੀਵੀ ਵੀ ਸ਼ਾਮਿਲ ਸਨ।
No comments:
Post a Comment