ਪਟਿਆਲਾ:-ਪੰਜਾਬ ਦੇ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਮਸਲਿਆਂ ਬਾਰੇ ਵਿਗਿਆਨਕ ਦ੍ਰਿਸ਼ਟੀ ਤੋਂ ਖੋਜ਼ ਕਰਨ ਲਈ ਨਿਰੰਤਰ ਕਾਰਜਸ਼ੀਲ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਸੂਖ਼ਮ ਕਲਾਵਾਂ ਬਾਰੇ ਵੀ ਬਾਹਰਮੁਖੀ ਗਤੀਵਿਧੀਆਂ ਕਰਦਾ ਰਹਿੰਦਾ ਹੈ। ਇਸ ਦਿਸ਼ਾ ਵਿੱਚ ਵਿਸ਼ਵ ਪ੍ਰਸਿੱਧ ਤਬਲਵਾਦਕ ਪਾਰਥਾਸਾਰਥੀ ਮੁਖਰਜੀ ਨਾਲ ਇਕ ਸ਼ਾਮ ਦਾ ਆਯੋਜਨ ਕੀਤਾ ਗਿਆ। 23 ਫਰਵਰੀ 1967 ਨੂੰ ਕਲਕੱਤੇ ਦੇ ਨੇੜੇ ਚੰਦਨ ਨਗਰ ਜੋ ਕਿਸੇ ਵਕਤ ਫਰਾਂਸੀਸੀ ਕਲੋਨੀ ਸੀ ਵਿਚ ਜਨਮੇ ਪਾਰਸਾਰਥੀ ਨੇ ਦੱਸਿਆ ਕਿ ਇਸ ਮਿਤੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਪੈਦਾ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਹਿਲੇ ਗੁਰੂ ਪਿਤਾ ਅਸ਼ੋਕ ਕੁਮਾਰ ਮੁਖਰਜੀ ਸਨ ਫਿਰ ਪੰਡਿਤ ਸਾਮਤਾ ਪ੍ਰਸਾਦ ਜੀ ਤੋਂ ਕਠੋਰ ਸਾਧਨਾ ਰਾਹੀਂ ਸਿੱਖਿਆ ਗ੍ਰਹਿਣ ਕੀਤੀ। ਉਹ ਵਿਸ਼ਵ ਭਰ ਵਿੱਚ ਤਿੰਨ ਹਜ਼ਾਰ ਤੋਂ ਵੱਧ ਪ੍ਰੋਗਰਾਮ ਪੇਸ਼ ਕਰ ਚੁੱਕੇ ਹਨ। ਅਮਰੀਕਾ, ਕੈਨੇਡਾ, ਇੰਗਲੈਂਡ, ਜਰਮਨੀ, ਫਿਨਲੈਂਡ, ਸਪੇਨ, ਜਾਪਾਨ, ਡੈਨਮਾਰਕ, ਸਿੰਘਾਪੁਰ, ਅਸਟ੍ਰੇਲੀਆ, ਇਜ਼ਰਾਈਲ, ਟਿਊਨੀਸ਼ੀਆ ਆਦਿ ਦੇਸ਼ਾਂ ਵਿਚ ਵੱਡੀ ਗਿਣਤੀ ਸਰੋਤਿਆਂ ਨੇ ਉਨ੍ਹਾਂ ਦੇ ਪ੍ਰੋਗਰਾਮਾਂ ਵਿੱਚ ਸ਼ਿਰਕਤ ਕੀਤੀ, ਉਨ੍ਹਾਂ ਨੇ ਓਲੰਪਿਕ ਗੇਮਾਂ ਵਿਚ ਤਬਲਾਵਾਦਨ ਕਰਕੇ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।
-----
ਕੈਨੇਡਾ ਵਿਚ ਵਿਰਾਸਤ ਫਾਉਂਡੇਸ਼ਨ (ਵੈਨਕੂਵਰ) ਦੇ ਸਹਿਯੋਗ ਨਾਲ ਤਬਲਾਵਾਦਨ ਦੇ ਅਨੇਕਾਂ ਵਿਦਿਆਰਥੀਆਂ ਨੂੰ ਪ੍ਰਵੀਨ ਕਰ ਰਹੇ ਹਨ। ਪਾਰਸਾਥਾਰਥੀ ਨੇ ਦੱਸਿਆ ਕਿ ਤਬਲੇ ਦੀ ਬਾਡੀ ਤਾਂਬੇ ਦੀ ਬਣਾ ਕੇ ਉਸ ਉਪਰ ਬੱਕਰੇ ਦੀ ਖੱਲ ਮੜ੍ਹੀ ਜਾਂਦੀ ਹੈ। ਉਨ੍ਹਾਂ ਨੇ ਤਬਲਾ ਵਾਦਨ ਕਰਦੇ ਹੋਏ ਤੀਨ ਤਾਲ ਵਿਚ ਵਿਭਿੰਨ ਚੀਜਾਂ ਸੁਣਾਈਆਂ, ਜਿਨ੍ਹਾਂ ਵਿਚ ਕਾਇਦੇ, ਲੱਕੀ, ਟੁਕੜੇ ਅਤੇ ਪਰਕ ਸ਼ਾਮਲ ਸੀ। ਉਨ੍ਹਾਂ ਨੇ ਦਾਦਰਾ ਤਾਲ ਬਹੁਤ ਸੂਖ਼ਮ ਤੇ ਸੁਹਜਤਾ ਨਾਲ ਸੁਣਾ ਕੇ ਸਰੋਤਿਆਂ ਨੂੰ ਕੀਲ ਲਿਆ। ਤੀਨਤਾਲ ਬਾਰੇ ਉਨ੍ਹਾਂ ਦੱਸਿਆ ਕਿ ਇਹ ਸਭ ਤੋਂ ਪ੍ਰਮੁੱਖ ਤੇ ਪ੍ਰਚਲਿਤ ਤਾਲ ਹੈ। ਇਹ 16 ਮਾਤਰਾਂ ਦਾ ਹੁੰਦਾ ਹੈ ਇਸ ਤੋਂ ਸਿੱਖਣਾ ਸ਼ੁਰੂ ਹੁੰਦਾ ਹੈ।
ਮਾਲਵਾ ਰਿਸਰਚ ਸੈਂਟਰ ਦੇ ਜਨਰਲ ਸਕੱਤਰ ਦਾ ਭਗਵੰਤ ਸਿੰਘ ਨੇ ਪਾਰਥਾਸਾਰਥੀ ਨਾਲ ਕੈਨੇਡਾ ਵਿੱਚ ਗੁਜ਼ਾਰੇ ਪਲਾਂ ਨੂੰ ਯਾਦ ਕੀਤਾ ਅਤੇ ਸੈਂਟਰ ਦੇ ਅਗਲੇਰੇ ਕਾਰਜਾਂ ਬਾਰੇ ਦੱਸਿਆ ਕਿ ਭਵਿੱਖ ਵਿੱਚ ਕੇਂਦਰ ਹੋਰ ਸੰਸਥਾਵਾਂ ਨਾਲ ਮਿਲ ਕੇ ਕੌਮੀ ਤੇ ਕੌਮਾਂਤਰੀ ਪੱਧਰ ਤੇ ਸਮਾਗਮ ਕਰੇਗਾ। ਮਾਲਵਾ ਰਿਸਰਚ ਸੈਂਟਰ ਪਟਿਆਲਾ ਵੱਲੋਂ ਪਾਰਥਾਸਾਰਥੀ ਮੁਖਰਜੀ ਨੂੰ ਸਨਮਾਨਿਤ ਕਰਦੇ ਹੋਏ, ਸਨਮਾਨ ਚਿੰਨ੍ਹ ਸਿਰੋਪਾ ਤੇ ਪੁਸਤਕਾਂ ਦੇ ਸੈੱਟ ਭੇਂਟ ਕੀਤੇ ਗਏ। ਪ੍ਰੋ. ਸ਼ੇਰ ਸਿੰਘ ਢਿੱਲੋਂ ਨੇ ਧੰਨਵਾਦ ਕਰਦੇ ਹੋਏ ਭਾਰਤੀ ਦਰਸ਼ਨ ਤੇ ਨਿਰਮਲ ਪੰਥ ਬਾਰੇ ਵੀ ਦੱਸਿਆ। ਪਾਰਥਾਸਾਰਥੀ ਨਾਲ ਉਨ੍ਹਾਂ ਦੀ ਪਤਨੀ ਜੋ ਜਲੰਧਰ ਦੀ ਜੰਮਪਲ ਪੰਜਾਬਣ ਹੈ ਵੀ ਪ੍ਰੋਗਰਾਮ ਵਿਚ ਸ਼ਾਮਿਲ ਹੋਈ।
No comments:
Post a Comment