ਰਿਪੋਰਟ: ਅਜਾਇਬ ਔਜਲਾ
ਇੰਟਰਨੈਸ਼ਨਲ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਦੇ ਕਲਾ ਭਵਨ ਵਿਚ ਉੱਘੇ ਰੰਗ ਕਰਮੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕ ਡਾ. ਨਿਰਮਲ ਜੌੜਾ ਰਚਿਤ ਪੰਜਾਬੀ ਨਾਟਕ ‘ਵਾਪਸੀ‘ ਦਾ ਸਫ਼ਲਤਾ ਨਾਲ ਮੰਚਨ ਕੀਤਾ ਗਿਆ ਜਿਸ ਵਿਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਅਤੇ ਮੁੱਖ ਪਾਰਲੀਮਾਨੀ ਸਕੱਤਰ ਹਰੀਸ਼ ਰਾਏ ਢਾਂਡਾ ਵਲੋਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਪਾਇਆ। ਇਹ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਪੰਜਾਬੀ ਨਾਟਕ ਵਿਚ ਦੋ ਮੰਤਰੀਆਂ ਨੇ ਅਦਾਕਾਰੀ ਕੀਤੀ ਹੋਵੇ। ਜਰਨੈਲ ਹੁਸ਼ਿਆਰਪੁਰੀ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤੇ ਇਸ ਨਾਟਕ ਰਾਹੀਂ ਵਿਦੇਸ਼ਾਂ ਦੀ ਚਮਕ ਦਮਕ ਦੇ ਪ੍ਰਭਾਵ ਹੇਠ ਪੰਜਾਬ ਦੀ ਰੁਲ਼ ਰਹੀ ਜਵਾਨੀ ਦਾ ਦ੍ਰਿਸ਼ ਪੇਸ਼ ਕੀਤਾ ਗਿਆ।ਭੋਲੇ-ਭਾਲੇ ਲੋਕਾਂ ਨੂੰ ਡਾਲਰਾਂ ਅਤੇ ਪੌਡਾਂ ਦੇ ਸੁਪਨੇ ਦਿਖਾ ਕੇ ਆਪਣੀਆਂ ਰੋਟੀਆਂ ਸੇਕਦੇ ਟਰੈਵਲ ਏਜੰਟਾਂ ਦਾ ਭਾਂਡਾ ਭੰਨਦਾ ਇਹ ਨਾਟਕ ਨੌਜਵਾਨ ਪੀੜ੍ਹੀ ਨੂੰ ਆਪਣੀ ਧਰਤੀ ਅਤੇ ਆਪਣੇ ਪੁਰਖਿਆਂ ਦੇ ਕਿੱਤੇ ਨਾਲ ਜੁੜਨ ਲਈ ਪ੍ਰੇਰਿਤ ਕਰਦਾ ਹੈ। ਨਾਟਕ ਵਿਚ ਮਾਸਟਰ ਮੋਹਨ ਲਾਲ ਨੇ ਪਿੰਡ ਦੇ ਸਰਪੰਚ ਦੀ ਭੂਮਿਕਾ ਨਿਭਾਈ ਜੋ ਲੋਕਾਂ ਨੂੰ ਆਪਣੀ ਚਾਦਰ ਵਿਚ ਪੈਰ ਪਸਾਰਨ ਲਈ ਪ੍ਰੇਰਦਾ ਹੈ ਜਦੋਂ ਕਿ ਹਰੀਸ਼ ਰਾਏ ਢਾਡਾਂ ਨੇ ਇਕ ਨੇਕ ਪੁਲਿਸ ਅਫਸਰ ਦਾ ਕਿਰਦਾਰ ਕੀਤਾ ਜੋ ਲੋਕਾਂ ਨੂੰ ਅਮਨ ਕਨੂੰਨ ਦੇ ਦਾਇਰੇ ਵਿਚ ਰਹਿ ਕੇ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੰਦਾ ਹੈ। ਲੋਕ ਗਾਇਕ ਮੁਖਤਿਆਰ ਦਿਲ ਵਲੋਂ ਗਾਏ ਪਿਠਵਰਤੀ ਗੀਤਾਂ ਨੇ ਨਾਟਕ ਪੇਸ਼ਕਾਰੀ ਨੂੰ ਚਾਰ ਚੰਨ ਲਾਏ।
-----
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰ ਬਾਰੇ ਮੰਤਰੀ ਸ. ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਉਤਪਤੀ ਦੇ ਨਾਲ-ਨਾਲ ਆਪਣੇ ਵਿਰਸੇ ਨਾਲ ਜੁੜਨ ਦਾ ਸੁਨੇਹਾ ਦਿੰਦੀਆਂ ਕਲਾ ਕ੍ਰਿਤਾਂ ਹਮੇਸ਼ਾ ਜਿਊਂਦੀਆਂ ਰਹਿਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਆਪਣੀ ਅਮੀਰ ਵਿਰਾਸਤ ਤੋਹਫ਼ੇ ਵਜੋਂ ਦੇ ਸਕੀਏ। ਉਹਨਾਂ ਕਿਹਾ ਕਿ ‘ਵਾਪਸੀ’ ਵਰਗੇ ਲੋਕ ਚੇਤਨਾ ਪੈਦਾ ਕਰਦੇ ਨਾਟਕ ਸਕੂਲਾਂ, ਕਾਲਜਾਂ ਦੇ ਨਾਲ ਨਾਲ ਪਿੰਡਾ ਦੀਆਂ ਸੱਥਾਂ ਵਿਚ ਹੋਣੇ ਚਾਹੀਦੇ ਹਨ ਤਾਂ ਕਿ ਲੋਕਾਂ ਨੂੰ ਵਿਦੇਸ਼ੀ ਚਮਕ ਦਮਕ ਦੀ ਅਸਲੀਅਤ ਪਤਾ ਲੱਗੇ। ਨਾਟਕ ਵਿਚ ਮਨਦੀਪ, ਗੌਰਵ ਸ਼ਰਮਾ, ਆਸ਼ਾ ਸਕਲਾਨੀ, ਕੁਲਵਿੰਦਰ ਰਾਣੋ, ਹਰਭਜਨ ਸਿੰਘ ਅਤੇ ਸੁਰਿੰਦਰ ਕੋਹਲੀ ਨੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਨਾਟਕ ਦੇ ਲੇਖਕ ਨਿਰਮਲ ਜੌੜਾ ਅਤੇ ਫਿਲਮ ਕਲਾਕਾਰ ਬਾਲ ਮੁਕੰਦ ਸ਼ਰਮਾ ਨੂੰ ਰੰਗ ਮੰਚ ਪੁਰਸਕਾਰ ਦਿਤਾ ਗਿਆ। ਇਸ ਮੌਕੇ ਸ੍ਰੀ. ਐਨ. ਕੇ. ਸ਼ਰਮਾ, ਸ੍ਰੀ. ਐਨ. ਐਸ. ਰਤਨ, ਬੀਬੀ ਹਰਜਿੰਦਰ ਕੌਰ ਅਤੇ ਸ. ਨਿਰੰਜਨ ਸਿੰਘ ਨੇ ਨਾਟਕ ‘ਵਾਪਸੀ‘ ਪੇਸ਼ਕਾਰੀ ਦੀ ਸ਼ਲਾਘਾ ਕੀਤੀ।ਸਮਾਗਮ ਦੇ ਮੁੱਖ ਪ੍ਰਬੰਧਕ ਉੱਘੇ ਅਦਾਕਾਰ ਮੁਖਤਿਆਰ ਦਿਲ ਨੇ ਧੰਨਵਾਦੀ ਸ਼ਬਦਾਂ ਦੌਰਾਨ ਦੱਸਿਆ ਕਿ ਇਹ ਨਾਟਕ ਦਾ ਵਿਸ਼ਾ ਸਮੇਂ ਦੀ ਮੰਗ ਹੈ ਇਸ ਲਈ ਇਸ ਨਾਟਕ ਦੇ ਹੋਰ ਸ਼ੋਅ ਵੀ ਕੀਤੇ ਜਾਣਗੇ।
No comments:
Post a Comment