ਫੋਟੋ: ਸਾਹਿਤ ਸਭਾ ਜੈਤੋ ਵੱਲੋਂ ਉਘੇ ਸ਼ਾਇਰ ਜਸਵਿੰਦਰ ਨੂੰ ਦੀਪਕ ਜੈਤੋਈ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਪ੍ਰੋ. ਗੁਰਦਿਆਲ ਸਿੰਘ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਸਭਾ ਦੇ ਅਹੁਦੇਦਾਰ।
********
ਪੰਜਾਬੀ ਸਾਹਿਤ ਸਭਾ ਜੈਤੋ ਵੱਲੋਂ ਪ੍ਰਸਿੱਧ ਗ਼ਜ਼ਲਗੋ ਜਸਵਿੰਦਰ ਦੀਪਕ ਜੈਤੋਈ ਐਵਾਰਡ ਨਾਲ ਸਨਮਾਨਿਤ
ਰਿਪੋਰਟ-ਹਰਦਮ ਸਿੰਘ ਮਾਨ, ਜਨਰਲ ਸਕੱਤਰ, ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਜ਼ਿਲ੍ਹਾ ਫ਼ਰੀਦਕੋਟ
ਜੈਤੋ-ਪੰਜਾਬੀ ਸਾਹਿਤ ਸਭਾ (ਰਜਿ.) ਜੈਤੋ ਵੱਲੋਂ ਆਪਣਾ ਸਲਾਨਾ ਸਮਾਗਮ 24 ਜਨਵਰੀ 2010 ਨੂੰ ਇਥੇ ਸਾਹਿਤ ਸਦਨ ਵਿਖੇ ਲਾਲਾ ਭਗਵਾਨ ਦਾਸ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪਦਮ ਸ੍ਰੀ ਪ੍ਰੋ. ਗੁਰਦਿਆਲ ਸਿੰਘ, ਨਾਮਵਰ ਸ਼ਾਇਰ ਸੁਰਜੀਤ ਪਾਤਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸੁਲੱਖਣ ਸਰਹੱਦੀ, ਉੱਘੇ ਸ਼ਾਇਰ ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਨਰਿੰਦਰਪਾਲ ਸਿੰਘ ਮਾਨ ਸ਼ਾਮਲ ਹੋਏ। ਸਮਾਗਮ ਦੌਰਾਨ ਸ਼ਾਇਰ ਜਸਵਿੰਦਰ ਅਤੇ ਜਸਵੰਤ ਜ਼ਫਰ ਨੂੰ ਸਨਮਾਨਿਤ ਕੀਤਾ ਗਿਆ।
-----
ਇਸ ਸਮਾਗਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਅਮਰਜੀਤ ਢਿੱਲੋਂ ਦੇ ਸਵਾਗਤੀ ਸ਼ਬਦਾਂ ਨਾਲ ਹੋਈ ਅਤੇ ਫਿਰ ਲੋਕ ਗਾਇਕ ਤਰਲੋਕ ਵਰਮਾ ਅਤੇ ਅਨਮੋਲਪ੍ਰੀਤ ਘਣੀਆਂ ਨੇ ਮਰਹੂਮ ਉਸਤਾਦ ਸ਼ਾਇਰ ਦੀਪਕ ਜੈਤੋਈ ਅਤੇ ਪ੍ਰੋ. ਰੁਪਿੰਦਰ ਮਾਨ ਦੀਆਂ ਗ਼ਜ਼ਲਾਂ ਦਾ ਗਾਇਣ ਕੀਤਾ। ਹਰਮੇਲ ਪਰੀਤ ਨੇ ਦੀਪਕ ਜੈਤੋਈ ਦੀ ਪੰਜਾਬੀ ਗ਼ਜ਼ਲ ਬਾਰੇ ਮਹਾਨ ਦੇਣ ਬਾਰੇ ਚਰਚਾ ਕੀਤੀ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਸੁਰਿੰਦਰਪ੍ਰੀਤ ਘਣੀਆਂ ਨੇ ਪ੍ਰੋ. ਰੁਪਿੰਦਰ ਮਾਨ ਦੀ ਬਹੁਪੱਖੀ ਸ਼ਖ਼ਸੀਅਤ ਅਤੇ ਉਸ ਦੇ ਸਾਹਿਤਕ ਕਾਰਜ ਬਾਰੇ ਚਾਨਣਾ ਪਾਇਆ। ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ ਨੇ ਜਸਵੰਤ ਜ਼ਫਰ ਦੇ ਕਾਵਿ ਖੇਤਰ ਦੀ ਗੱਲ ਕੀਤੀ ਅਤੇ ਡਾ. ਜੈਨਇੰਦਰ ਚੌਹਾਨ ਨੇ ਜਸਵਿੰਦਰ ਦੇ ਸਹਿਤਕ ਜੀਵਨ ਤੇ ਝਾਤ ਪੁਆਈ। ਸਭਾ ਵੱਲੋਂ ਜਸਵਿੰਦਰ ਨੂੰ ਦੀਪਕ ਜੈਤੋਈ ਐਵਾਰਡ ਅਤੇ ਜਸਵੰਤ ਜ਼ਫ਼ਰ ਨੂੰ ਪ੍ਰੋ. ਰੁਪਿੰਦਰ ਮਾਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਦੇਣ ਦੀ ਰਸਮ ਪ੍ਰੋ. ਗੁਰਦਿਆਲ ਸਿੰਘ, ਸੁਰਜੀਤ ਪਾਤਰ, ਸੁਲੱਖਣ ਸਰਹੱਦੀ, ਦਰਸ਼ਨ ਬੁੱਟਰ, ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਸਭਾ ਦੇ ਅਹੁਦੇਦਾਰਾਂ ਨੇ ਅਦਾ ਕੀਤੀ।
-----
ਡਾ. ਸੁਰਜੀਤ ਪਾਤਰ ਨੇ ਮਰਹੂਮ ਦੀਪਕ ਜੈਤੋਈ ਨੂੰ ਸਿਜਦਾ ਕਰਦਿਆਂ ਉਨ੍ਹਾਂ ਵੱਲੋਂ ਪੰਜਾਬੀ ਗ਼ਜ਼ਲ ਲਈ ਕੀਤੀ ਘਾਲਣਾ ਅਤੇ ਉਨ੍ਹਾਂ ਦੀ ਨਿਮਰਤਾ ਦੀ ਗੱਲ ਕੀਤੀ। ਉਨ੍ਹਾਂ ਪ੍ਰੋ. ਰੁਪਿੰਦਰ ਮਾਨ ਨੂੰ ਤੜਪ ਦਾ ਸਮੁੰਦਰ ਦਸਦਿਆਂ ਕਿਹਾ ਕਿ ਉਹ ਪੰਜਾਬ ਦੀ ਧਰਤੀ ਨੂੰ ਬੇਚੈਨੀ ਚੋਂ ਉਭਾਰਨ ਲਈ ਸਾਂਝਾ ਸੁਪਨਾ ਦੇਣ ਲਈ ਯਤਨਸ਼ੀਲ ਸੀ। ਉਨ੍ਹਾਂ ਸਨਮਾਨਿਤ ਸ਼ਾਇਰ ਜਸਵਿੰਦਰ ਵੱਲੋਂ ਪੰਜਾਬੀ ਗ਼ਜ਼ਲ ਵਿਚ ਸੂਖਮਤਾ ਲਿਆਉਣ ਅਤੇ ਧਰਤੀ ਨਾਲ ਸਬੰਧਤ ਬਿੰਬ ਸਿਰਜਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸ਼ਾਇਰਾਂ ਦੀ ਬਦੌਲਤ ਪੰਜਾਬੀ ਗ਼ਜ਼ਲ ਦਾ ਭਵਿੱਖ ਬਹੁਤ ਉਜਲ ਹੈ। ਸ੍ਰੀ ਪਾਤਰ ਨੇ ਕਿਹਾ ਕਿ ਜਸਵੰਤ ਜ਼ਫ਼ਰ ਨੇ ਵਿਵੇਕ, ਸੋਚ ਅਤੇ ਸ਼ਕਤੀ ਦੇ ਜ਼ੋਰ ਨਾਲ ਪੰਜਾਬੀ ਕਾਵਿ ਵਿਚ ਨਵੇਂ ਬਿੰਬ ਅਤੇ ਧਰਾਤਲ ਸਿਰਜੇ ਹਨ। ਵਿਸ਼ੇਸ਼ ਮਹਿਮਾਨ ਬਲਕਾਰ ਸਿੰਘ ਦਲ ਸਿੰਘ ਵਾਲਾ ਅਤੇ ਪਵਨ ਗੋਇਲ ਨੇ ਸਨਮਾਨਿਤ ਸ਼ਾਇਰਾਂ ਨੂੰ ਮੁਬਾਰਕਬਾਦ ਦਿੱਤੀ। ਬਲਕਾਰ ਸਿੰਘ ਦਲ ਸਿੰਘ ਵਾਲਾ ਨੇ ਸਭਾ ਲਈ ਆਰਥਿਕ ਮਦਦ ਦਿੱਤੀ।
-----
ਪ੍ਰੋ. ਗੁਰਦਿਆਲ ਸਿੰਘ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿਚ ਕਿਹਾ ਕਿ ਪੰਜਾਬੀ ਅਜੇ ਤੱਕ ਪੜ੍ਹਾਕੂ ਨਹੀਂ ਬਣ ਸਕੇ ਇਹ ਸਰੋਤੇ ਹੀ ਹਨ। ਉਨ੍ਹਾਂ ਕਿਹਾ ਸਮਾਜ ਤੋਂ ਟੁੱਟਿਆ ਹੋਇਆ ਕੋਈ ਵੀ ਸਾਹਿਤ ਕਹਾਉਣ ਦਾ ਹੱਕਦਾਰ ਨਹੀਂ। ਉਨ੍ਹਾਂ ਪੰਜਾਬੀ ਦੇ ਕੁੱਝ ਆਧੁਨਿਕ ਕਵੀਆਂ ਵੱਲੋਂ ਪੰਜਾਬੀ ਕਵਿਤਾ ਨੂੰ ਯੂਰਪੀ ਮਾਡਲ ਵਿਚ ਫਿੱਟ ਕਰਨ ਦੀ ਆਲੋਚਨਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜਿੰਨੇ ਦੁੱਖ ਪਿਛਲੇ ਢਾਈ ਹਜ਼ਾਰ ਸਾਲਾਂ ਦੌਰਾਨ ਪੰਜਾਬੀਆਂ ਨੇ ਆਪਣੇ ਜਿਸਮਾਂ ਤੇ ਸਹੇ ਹਨ ਓਨੇ ਹੋਰ ਕਿਸੇ ਨੇ ਨਹੀਂ ਸਹੇ। ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੁਰਜੀਤ ਪਾਤਰ, ਜਸਵਿੰਦਰ, ਜਸਵੰਤ ਜ਼ਫਰ, ਦਰਸ਼ਨ ਬੁੱਟਰ, ਸੁਲੱਖਣ ਸਰਹੱਦੀ, ਰਾਜਿੰਦਰਜੀਤ, ਸੁਨੀਲ ਚੰਦਿਆਣਵੀ, ਸਤਵਰਨ ਦੀਪਕ, ਮਨਜੀਤ ਕੋਟੜਾ, ਕੁਲਵਿੰਦਰ ਬੱਛੋਆਣਾ, ਡਾ. ਦਵਿੰਦਰ ਸ਼ਰਮਾ ਅਤੇ ਗੁਰਪੀ੍ਰਤ ਸਿੰਘ ਨੇ ਆਪਣਾ ਕਲਾਮ ਪੇਸ਼ ਕੀਤਾ। ਇਸ ਸਮਾਗਮ ਵਿਚ ਹਰਜਿੰਦਰ ਢਿੱਲੋਂ, ਮੰਗਤ ਰਾਮ ਸ਼ਰਮਾ, ਭੁਪਿੰਦਰ ਜੈਤੋ, ਗੁਰਮੀਤ ਸਿੰਘ ਧਾਲੀਵਾਲ, ਬਲਦੇਵ ਬੰਬੀਹਾ, ਨਰੇਸ਼ ਰੁਪਾਣਾ, ਸੁੰਦਰ ਪਾਲ ਪ੍ਰੇਮੀ, ਬਲਦੇਵ ਸਿੰਘ ਸੰਧੂ, ਖੁਸ਼ਵੰਤ ਬਰਗਾੜੀ, ਮਾਸਟਰ ਕਰਤਾ ਰਾਮ, ਬਲਵੀਰ ਸਿੰਘ ਜਿਗਰੀ, ਬਲਕਰਨ ਸੂਫੀ, ਤੇਜਾ ਸਿੰਘ ਜੇ. ਈ., ਗੁਰਸਾਹਿਬ ਸਿੰਘ ਬਰਾੜ ਐਡਵੋਕੇਟ ਅਤੇ ਵੱਡੀ ਗਿਣਤੀ ਵਿਚ ਸਾਹਿਤ ਦੇ ਪਾਠਕ ਸ਼ਾਮਲ ਹੋਏ। ਸਟੇਜ ਦਾ ਸੰਚਾਲਣ ਸਭਾ ਦੇ ਜਨਰਲ ਸਕੱਤਰ ਹਰਦਮ ਸਿੰਘ ਮਾਨ ਨੇ ਕੀਤਾ। ਸਮਾਗਮ ਦੇ ਅਖੀਰ ਵਿਚ ਸਭਾ ਦੇ ਮੀਤ ਪ੍ਰਧਾਨ ਹਰਜਿੰਦਰ ਸਿੰਘ ਸੂਰੇਵਾਲੀਆ ਨੇ ਸਭਨਾਂ ਦਾ ਧੰਨਵਾਦ ਕੀਤਾ।
No comments:
Post a Comment