ਪਹਿਲੀ ਫੋਟੋ: ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਲੋਂ ਪ੍ਰਵਾਸੀ ਲੇਖਕ ਜਰਨੈਲ ਸੇਖਾ ਦਾ ਸਨਮਾਨ। ਦੂਜੀ ਫੋਟੋ ‘ਚ ਗੋਸ਼ਟੀ ਦੌਰਾਨ ਪ੍ਰਧਾਨਗੀ ਮੰਡਲ ਦੇ ਨਾਲ ਨਾਵਲਿਸਟ ਜਰਨੈਲ ਸੇਖਾ ਦਿਖਾਈ ਦੇ ਰਹੇ ਹਨ।
******
ਲੁਧਿਆਣਾ ਵਿਖੇ ਕੈਨੇਡਾ ਵਸਦੇ ਲੇਖਕ ਜਰਨੈਲ ਸੇਖਾ ਦੇ ਨਾਵਲ ‘ਵਿਗੋਚਾ’ ਤੇ ਗੋਸ਼ਟੀ ਹੋਈ - ਰਿਪੋਰਟ
ਆਰਸੀ ਲਈ ਇਹ ਰਿਪੋਰਟ ਸਤੀਸ਼ ਗੁਲਾਟੀ ਜੀ ਵੱਲੋਂ ਭੇਜੀ ਗਈ ਹੈ।
ਲੁਧਿਆਣਾ, 18 ਜਨਵਰੀ (ਹਰਬੀਰ ਭੰਵਰ) ਗੋਬਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਅਦਾਰਾ ਮਾਸਿਕ ‘ਤ੍ਰਿਸ਼ੰਕੂ” ਦੇ ਸਹਿਯੋਗ ਨਾਲ ਬੀਤੇ ਦਿਨ ਨਾਮਵਰ ਪ੍ਰਵਾਸੀ ਨਾਵਲਿਸਟ ਜਰਨੈਲ ਸਿੰਘ ਸੇਖਾ ਦੇ ਨਵ-ਪ੍ਰਕਾਸ਼ਿਤ ਨਾਵਲ “ ਵਿਗੋਚਾ ” ਬਾਰ ਇਕ ਗੋਸ਼ਟੀ ਆਯੋਜਿਤ ਕੀਤੀ ਗਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ. ਜਗਬੀਰ ਸਿੰਘ, ਡਾ. ਦੀਪਕ ਮਨਮੋਹਨ ਸਿੰਘ,ਪ੍ਰੋ. ਨਿਰੰਜਨ ਤਸਨੀਮ, ਮੰਗਾ ਸਿੰਘ ਬਾਸੀ, ਕੇ ਐਲ. ਗਰਗ ਤੇ ਅਮਰਜੀਤ ਸਿੰਘ ਗਰੇਵਾਲ ਸ਼ਾਮਿਲ ਹੋਏ।ਨਾਵਲ ਦੀ ਵਿਸ਼ਾ-ਵਸਤੂ, ਪਾਤਰਾਂ ਦੀ ਉਸਾਰੀ ਤੇ ਪੇਸ਼ਕਾਰੀ ਬਾਰੇ ਭਰਵੀਂ ਬਹਿਸ ਹੋਈ।
------
ਆਪਣੇ ਪ੍ਰਧਾਨਗੀ ਭਾਸ਼ਨ ਵਿਚ ਪ੍ਰਸਿੱਧ ਵਿਦਵਾਨ ਤੇ ਆਲੋਚਕ ਡਾ. ਜਗਬੀਰ ਸਿੰਘ ਨੇ ਕਿਹਾ ਕਿ ਸ੍ਰੀ ਸੇਖਾ ਨੇ ਇਸ ਨਾਵਲ ਵਿਚ ਪੰਜਾਬੀਆਂ ਦੇ ਕੈਨੇਡਾ ਆਉਣ ਤੋਂ ਲੈਕੇ ਇਕ ਸਦੀ ਦੌਰਾਨ ਚਾਰ ਪੀੜ੍ਹੀਆਂ ਵਲੋਂ ਨਸਲਵਾਦ ਤੇ ਵਿਤਕਰੇ ਵਿਰੁਧ ਆਪਣੀ ਸਥਾਪਤੀ, ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਅਤੇ ਡਰੱਗ ਮਾਫੀਏ ਦੀ ਅੰਤਰ-ਰਾਸ਼ਟ੍ਰੀ ਤਸਕਰੀ ਨੂੰ ਬਹੁਤ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ।ਵਿਸਾ-ਵਸਤੂ,ਪਾਤਰਾਂ ਦੀ ਉਸਾਰੀ, ਪੇਸ਼ਕਾਰੀ ਤੇ ਸ਼ੈਲੀ ਬਹੁਤ ਢੁਕਵੀਂ ਹੈ।ਸਮੁਚੇ ਤੋਰ ‘ਤੇ ਇਹ ਇਕ ਸਫ਼ਲ ਨਾਵਲ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਜਰਨੈਲ ਸੇਖਾ ਨੇ ਆਪਣੇ ਪਹਿਲੇ ਨਾਵਲਾਂ “ਦੁਨੀਆਂ ਕੈਸੀ ਹੋਈ” ਅਤੇ “ਭਗੌੜਾ” ਵਾਂਗ ਕੈਨਡਾ ਵਿਚ ਪੰਜਾਬੀਆਂ ਦੇ ਪ੍ਰਵਾਸ ਕਰਨ ਅਤੇ ਜਨ-ਜੀਵਨ ਨੂੰ ਸਫ਼ਲਤਾ ਪੂਰਵਕ ਪੇਸ਼ ਕੀਤਾ ਹੈ।
-----
ਇਸ ਨਾਵਲ ਬਾਰੇ ਆਪਣੇ ਪਰਚਿਆਂ ਵਿਚ ਡਾ. ਸੁਰਜਤਿ ਸਿੰਘ ਬਰਾੜ, ਡਾ. ਗੁਰਇਕਬਾਲ ਸਿੰਘ ਤੇ ਡਾ. ਬਲਵੰਤ ਸਿੰਘ ਸੰਧੂ ਨੇ ਨਾਵਲ ਦੇ ਵਿਸ਼ਾ ਵਸਤੂ, ਵੱਖ-ਵੱਖ ਪਹਿਲੂਆਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਨਾਵਲ ਕੈਨੇਡਾ ਵਿਚ ਪ੍ਰਵਾਸ ਕਰਕੇ ਗਏ ਭਾਰਤੀਆਂ ਵਿਸ਼ੇ ਕਰ ਪੰਜਾਬੀਆਂ ਦੇ ਸਥਾਪਤ ਹੋਣ ਲਈ ਇਕ ਸਦੀ ਦੇ ਇਤਿਹਾਸ ਦਾ ਵਿਰਤਾਂਤ ਹੈ,ਜਿਸ ਵਿਚ ਉਨ੍ਹਾਂ ਨੂੰ ਨਸਲਵਾਦ ਤੇ ਵਿਤਕਰੇ ਕਾਰਨ ਬੜੀ ਜਦੋ-ਜਹਿਦ ਕਰਨੀ ਪਈ। ਭਾਵੇਂ ਬਹੁਤ ਥੋੜ੍ਹੇ ਗੋਰੇ ਨਸਲਵਾਦੀ ਹਨ, ਪਰ ਉਨ੍ਹਾਂ ਦਾ ਵਰਤਾਰਾ ਬਹੁਤ ਮੁਸ਼ਕਿਲਾਂ ਤੇ ਸਮੱਸਿਆਵਾਂ ਪੈਦਾ ਕਰਦਾ ਹੈ।ਨਸਲਵਾਦ ਹੁਣ ਵੀ ਜਾਰੀ ਹੈ, ਭਾਵੇਂ ਦੇ ਰੂਪ ਬਦਲਦੇ ਰਹੇ ਹਨ।ਇਸ ਵਿਚ ਕਾਮਾਗਾਟਾ ਮਾਰੂ ਕਾਂਡ, ਆਪਣੇ ਵਿਰਸੇ ਤੇ ਸਭਿਆਚਾਰ ਨੂੰ ਬਚਾਉਣ ਅਤੇ ਪੰਜਾਬ ਵਿਚ ਹੋ ਰਹੇ ਘਟਨਾਕ੍ਰਮ, ਆਜ਼ਾਦੀ ਦੀ ਲੜਾਈ ਤੇ ਪ੍ਰਾਪਤੀ, 1984 ਦੀਆਂ ਘਟਨਾਵਾਂ ਦਾ ਪ੍ਰਵਾਸੀ ਪੰਜਾਬੀਆਂ ਉਤੇ ਪਏ ਪ੍ਰਭਾਵ ਨੂੰ ਵੀ ਚਿਤਰਿਆ ਗਿਆ ਹੈ । ਡਰੱਗ ਮਾਫੀਆ ਜੋ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਸ ਵਿਚ ਜੜਿਆ ਹੋਇਆ ਤਾਣਾ-ਬਾਣਾ ਹੈ, ਵਿਚ ਪ੍ਰਵਾਸੀ ਪੰਜਾਬੀ ਨੌਜਵਾਨ ਫਸ ਜਾਂਦੇ ਹਨ ਅਤੇ ਚਾਹੁਣ ਦੇ ਬਾਵਜੂਦ ਨਿਕਲ ਨਹੀਂ ਸਕਦੇ ਨੂੰ ਵੀ ਉਘਾੜਿਆ ਗਿਆ ਹੈ। ਨਾਵਲ ਬਾਰੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਵਲਿਸਟ ਪ੍ਰੋ. ਨਿਰੰਜਨ ਤਸਨੀਮ, ਬਲਦੇਵ ਸਿੰਘ ਮੋਗਾ, ਕੇ.ਐਲ ਗਰਗ,ਪ੍ਰੋ. ਰਵਿੰਦਰ ਭੱਠਲ, ਡਾ. ਗੁਰਜੀਤ ਸਿੰਘ, ਡਾ. ਗੁਰਪਾਲ ਸਿੰਘ ਸੰਧੂ, ਅਮਰਜੀਤ ਸਿੰਘ ਗਰੇਵਾਲ, ਪ੍ਰਵਾਸੀ ਲੇਖਕ ਮੰਗਾ ਸਿੰਘ ਬਾਸੀ, ਹਰੀ ਸਿੰਘ ਤਾਤਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
-----
ਨਾਵਲਿਸਟ ਜਰਨੈਲ ਸੇਖਾ ਨੇ ਦਸਿਆ ਕਿ ਕੈਨੇਡਾ ਵਿਚ ਡਰੱਗ ਮਾਫੀਆ ਦੇ ਗੈਗਾਂ ਵਿਚ ਅਨੇਕਾਂ ਪੰਜਾਬੀ ਨੌਜਵਾਨ ਫਸ ਕੇ ਆਪਸੀ “ਗੈਂਗ ਵਾਰ” ਵਿਚ ਮਾਰੇ ਗਏ ਹਨ।ਇਨ੍ਹਾਂ ਵਿਚ ਉਹ ਨੌਜਵਾਨ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਪੁਰਖਿਆਂ ਨੇ ਕੈਨੇਡਾ ਆ ਕੇ ਨਸਲਵਾਦ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਲੰਬੀ ਜਦੋ-ਜਹਿਦ ਕੀਤੀ, ਜਿਨ੍ਹਾਂ ਦਾ ਨਾਂ ਅਜ ਵੀ ਬੜੇ ਮਾਣ ਨਾਲ ਲਿਆ ਜਾਂਦਾ ਹੈ। ਨਾਵਲ ਲਿਖਣ ਲਈ ਉਨ੍ਹਾ ਨੇ ਲਗਭਗ ਸੌ ਵਿਅਕਤੀਆਂ ਨਾਲ ਗੱਲਬਾਤ ਕੀਤੀ ਹੈ।ਕਾਲਜ ਦੇ ਪ੍ਰਿੰਸੀਪਲ ਹਰਦਿਲਜੀਤ ਸਿੰਘ ਗੋਸਲ ਤੇ ਪ੍ਰਬੰਧਕੀ ਕਮੇਟੀ ਦੇ ਸਕੱਤਰ ਬਲਬੀਰ ਸਿੰਘ ਨੇ ਸ੍ਰੀ ਸੇਖਾ ਤੇ ਦੂਜੇ ਸਾਰੇ ਵਿਦਵਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ। ਉਨ੍ਹਾਂ ਵਲੋਂ ਸ੍ਰੀ ਸੇਖਾ ਨੂੰ ਇਕ ਸ਼ਾਲ ਤੇ ਸਿਮ੍ਰਤੀ ਚਿੰਨ੍ਹ ਦੇ ਕੇ ਸਨਾਮਾਨਿਤ ਵੀ ਕੀਤਾ ਗਿਆ।ਇਸ ਮੌਕੇ ‘ਤੇ ਹੋਰਨਾਂ ਤੋਂ ਬਿਨਾਂ ਨਾਵਲਿਸਟ ਜਸਵੰਤ ਸਿੰਘ ਅਮਨ, ਨਛੱਤਰ ਸਿੰਘ ਬਰਾੜ, ਸਤੀਸ਼ ਗੁਲਾਟੀ, ਮਿੱਤਰ ਰਾਸ਼ਾ, ਪ੍ਰਿੰਸੀਪਲ ਸ਼ਿੰਦਰਪਾਲ ਸਿੰਘ, ਪਰਦੁਮਨ ਸਿੰਘ ਬੇਦੀ, ਹਰਬੀਰ ਸਿੰਘ ਭੰਵਰ, ਨਵਨੀਤ ਸਿੰਘ ਆਰਟਿਸਟ ਅਤੇ ਕਾਲਜ ਦੇ ਅਧਿਆਪਕ ਤੇ ਪ੍ਰਬੰਧਕੀ ਕਮੇਟੀ ਦੇ ਕਈ ਮੈਂਬਰ ਹਾਜ਼ਰ ਸਨ।
No comments:
Post a Comment