ਨਿਰਮਲ ਜੌੜਾ ਦੇ ਪੰਜਾਬੀ ਕਾਵਿ-ਨਾਟਕ ‘ਮਾਤਾ ਗੁਜਰੀ- ਸਾਕਾ ਸਰਹੰਦ’ ਦਾ ਟਰਾਂਟੋ, ਕੈਨੇਡਾ ਵਿਖੇ ਸਫ਼ਲ ਮੰਚਨ
ਰਿਪੋਰਟ: ਹਰਜੀਤ ਬਾਜਵਾ ਟਰਾਂਟੋ
ਟਰਾਂਟੋ, ਕੈਨੇਡਾ :ਗੁਰੂਕੁੱਲ ਆਰਟਸ ਅਕੈਡਮੀ ਟਰਾਂਟੋ ਦੇ ਕਲਾਕਾਰਾਂ ਵੱਲੋਂ ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ ਰਚਿਤ ਪੰਜਾਬੀ ਕਾਵਿ ਨਾਟਕ ‘ਮਾਤਾ ਗੁਜਰੀ- ਸਾਕਾ ਸਰਹੰਦ’ ਦਾ ਬਰੈਂਪਟਨ (ਟਰਾਂਟੋ) ਦੇ ਰੋਜ਼ ਥੀਏਟਰ ਵਿੱਚ ਸਫਲ ਮੰਚਨ ਕੀਤਾ ਗਿਆ । ਵਰਨਣਯੋਗ ਹੈ ਕਿ ਸਿੱਖ ਪੰਥ ਦੀ ਅਦੁੱਤੀ ਸ਼ਹਾਦਤ ਨੂੰ ਦਰਸਾਉਂਦੇ ਇਸ ਪੰਜਾਬੀ ਕਾਵਿ-ਨਾਟਕ ਦੀ ਕੈਨੇਡਾ ਵਿੱਚ ਇਹ ਤੀਸਰੀ ਸਫਲ ਪੇਸ਼ਕਾਰੀ ਸੀ ਇਸ ਤੋਂ ਪਹਿਲਾਂ ਨਿਰਮਲ ਜੌੜਾ ਦੀ ਨਿਰਦੇਸ਼ਨਾ ਵਿੱਚ ਇਸ ਨਾਟਕ ਦੇ ਦੋ ਸਫ਼ਲ ਸ਼ੋਅ ਹੋ ਚੁੱਕੇ ਹਨ ਅਤੇ ਇਸ ਵਾਰ ਫਿਰ ਕੈਨੇਡਾ ਵਸਦੇ ਪੰਜਾਬੀ ਰੰਗਕਰਮੀ ਦੇਵ ਮਾਂਗਟ ਅਤੇ ਜਸਵਿੰਦਰ ਬੱਬੂ ਦੀ ਲਗਨ ਅਤੇ ਮਿਹਨਤ ਸਦਕਾ ਇਸ ਨਾਟਕ ਨੇ ਦਰਸ਼ਕਾਂ ਦੇ ਦਿਲਾਂ ਤੇ ਗਹਿਰੀ ਛਾਪ ਛੱਡੀ । ਨਾਟਕ ਵਿੱਚ ਅਦਾਕਾਰੀ ਕਰਨ ਵਾਲੇ ਛੋਟੀ ਵੱਡੀ ਉਮਰ ਦੇ ਲਗਪਗ ਚਾਲੀ ਕਲਾਕਾਰਾਂ ਰਾਹੀਂ ਮਾਤਾ ਗੁਜਰੀ ਜੀ ਦੇ ਜਨਮ ਤੋਂ ਲੈਕੇ ਸ਼ਹਾਦਤ ਤੱਕ ਦੀਆਂ ਅਹਿਮ ਘਟਨਾਵਾਂ ਨੂੰ ਨਾਟ-ਕਥਾ ਦੇ ਰੂਪ ਵਿੱਚ ਪਿਰੋਕੇ ਪੇਸ਼ ਕੀਤਾ ਗਿਆ ਜੋ ਕਿ ਵਿਦੇਸ਼ਾਂ ਵਿੱਚ ਵਸਦੀ ਨੌਜਵਾਨ ਪੀੜ੍ਹੀ ਲਈ ਮਹੱਤਵਪੂਰਨ ਜਾਣਕਾਰੀ ਹੈ ।
-----
ਇਸ ਨਾਟਕ ਦੀ ਰੰਗਮੰਚੀ ਵਿਧੀ ਦੀ ਵਿਲੱਖਣਤਾ ਇਹ ਸੀ ਕਿ ਸਿੱਖ ਇਤਿਹਾਸ ਦੀਆਂ ਅਹਿਮ ਸ਼ਖ਼ਸੀਅਤਾਂ ਜਿਵੇਂ ਕਿ ਮਾਤਾ ਗੁਜਰੀ ਜੀ , ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ,ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰੇ ਸਾਹਿਬਜ਼ਾਦੇ ਇਸ ਨਾਟ-ਕਥਾ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਇਹਨਾਂ ਸਤਿਕਾਰਯੋਗ ਪਵਿੱਤਰ ਸ਼ਖ਼ਸੀਅਤਾਂ ਨੂੰ ਸਕਰੀਨ ਰਾਹੀਂ ਪੇਸ਼ ਕਰਕੇ ਵਾਰਤਾਲਾਪ ਦਾ ਹਿੱਸਾ ਬਣਾਇਆ ਗਿਆ। ਇਸ ਪੇਸ਼ਕਾਰੀ ਦੀ ਇਹ ਵੀ ਖ਼ੂਬਸੂਰਤੀ ਰਹੀ ਕਿ ਇਸ ਕਾਵਿ ਨਾਟਕ ਵਿੱਚ ਕੰਮ ਕਰਨ ਵਾਲੇ ਸਾਰੇ ਦੇ ਸਾਰੇ ਕਲਾਕਾਰ ਕੈਨੇਡਾ ਦੇ ਜੰਮਪਲ਼ ਸਨ । ਨਾਟਕ ਵਿੱਚ ਕਿਲਾ ਅਨੰਦਪੁਰ ਸਾਹਿਬ, ਵਜੀਦ ਖਾਨ ਦੀ ਕਚਿਹਰੀ , ਠੰਡਾ ਬੁਰਜ , ਗੰਗੂ ਪੰਡਤ ਦਾ ਘਰ ,ਅਤੇ ਹੋਰ ਦ੍ਰਿਸ਼ ਪੇਸ਼ ਕਰਨ ਲਈ ਵਿਸ਼ੇਸ਼ ਸੈੱਟ ਡੀਜ਼ਾਈਨ ਕੀਤਾ ਹੋਣ ਕਰਕੇ ਵਧੇਰੇ ਪ੍ਰਭਾਵਸ਼ਾਲੀ ਸਿੱਧ ਹੋਇਆ । ਗੁਰੂਕੁੱਲ ਆਰਟਸ ਅਕੈਡਮੀ ਦੇ ਸੰਚਾਲਕ ਸ਼੍ਰੀ ਦੇਵ ਮਾਂਗਟ ਅਤੇ ਸੁੱਖੀ ਨਿਝਰ ਨੇ ਸਮੂਹ ਦਰਸ਼ਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ।
No comments:
Post a Comment