ਜੈਪੁਰ ‘ਚ ਪੰਜਵਾਂ ਅੰਤਰਰਾਸ਼ਟਰੀ ਲੇਖਕ ਉਤਸਵ 14 ਅਤੇ 15 ਨਵੰਬਰ ਨੂੰ ਹੋਇਆ
ਰਿਪੋਰਟ: ਸ਼ਾਮ ਸਿੰਘ (ਅੰਗ-ਸੰਗ)
ਦੇਵ ਭਾਰਦਵਾਜ ਦੇ ਅਣਥੱਕ ਯਤਨਾਂ ਨਾਲ ਇੰਡੀਆ ਇੰਟਰ-ਕਾਂਟੀਨੈਂਟਲ ਕਲਚਰਲ ਐਸੋਸੀਏਸ਼ਨ ਅਤੇ ਰਾਈਟਰਜ਼ ਕਲੱਬ ਇੰਟਰਨੈਸ਼ਨਲ ਵਲੋਂ 14 ਅਤੇ 15 ਨਵੰਬਰ ਨੂੰ ਰਾਜਸਥਾਨ ਦੇ ਪਿੰਕ ਸ਼ਹਿਰ ਜੈਪੁਰ ਵਿਖੇ ਪੰਜਵਾਂ ਇੰਟਰਨੈਸ਼ਨਲ ਰਾਈਟਰਜ਼ ਫੈਸਟੀਵਲ ਕਰਵਾਇਆ ਗਿਆ ਜਿਸ ਵਿਚ ਦੇਸ਼ ਵਿਦੇਸ਼ ‘ਚੋਂ ਲਗਭਗ 100 ਲੇਖਕਾਂ ਨੇ ਭਾਗ ਲਿਆ। ਦੋਵੇਂ ਹੀ ਦਿਨ ਸਾਹਿਤਕਾਰਾਂ ਨੇ ਵੱਖ ਵੱਖ ਵਿਸ਼ਿਆਂ ਨੂੰ ਵਿਚਾਰਦਿਆਂ ਉਨ੍ਹਾਂ ਦੀਆਂ ਪਰਤਾਂ ਖੋਲ੍ਹੀਆਂ।
-----
ਮਹਾਂਰਿਸ਼ੀ ਅਰਵਿੰਦ ਇੰਸਟੀਚਿਊਟ ਆਫ ਸਾਇੰਸ ਐਂਡ ਮੈਨੇਜਮੈਂਟ ਦੀ ਮੈਨੇਜਿੰਗ ਕਮੇਟੀ ਦੇ ਸਹਿਯੋਗ ਨਾਲ ਇਸੇ ਇੰਸਟੀਚਿਊਟ ਦੇ ਸੁੰਦਰ ਹਾਲ ਵਿਚ ਹੋਏ ਇਸ ਦੋ-ਦਿਨਾਂ ਉਤਸਵ ਵਿਚ ਸਾਰੇ ਲੇਖਕ ਆਪੋ ਆਪਣਾ ਕਿਰਾਇਆ ਖ਼ਰਚ ਕੇ ਪਹੁੰਚੇ, ਕਮਰਿਆਂ ਦਾ ਕਿਰਾਇਆ ਵੀ ਆਪ ਦਿਤਾ ਅਤੇ ਰੋਟੀ-ਪਾਣੀ ਦੇ ਖ਼ਰਚੇ ਲਈ 500 ਰੁਪਏ ਪੇਸ਼ਗੀ। ਹਰੇਕ ਨੇ ਇਹ ਸਾਰੇ ਖ਼ਰਚ ਚਾਅ ਨਾਲ ਕੀਤੇ ਜੋ ਇਹੋ ਜਿਹੇ ਉਤਸਵਾਂ ਲਈ ਨਵੀਂ ਗੱਲ ਹੈ ਕਿਉਂਕਿ ਉਤਸਵਾਂ ਵਿਚ ਅਜਿਹਾ ਨਹੀਂ ਹੁੰਦਾ।
-----
ਪਹਿਲੇ ਦਿਨ ਸਵੇਰੇ ਉਦਘਾਟਨੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ-ਹਿੰਦੀ ਦੇ ਪ੍ਰਸਿੱਧ ਲੇਖਕ ਅਤੇ ਜੈਪੁਰ ਦੂਰਦਰਸ਼ਨ ਕੋਂਦਰ ਦੇ ਡਿਪਟੀ ਡਾਇਰੈਕਟਰ ਕ੍ਰਿਸ਼ਨ ਕੁਮਾਰ ਰੱਤੂ ਸਨ ਅਤੇ ਪ੍ਰਧਾਨ ਇੰਸਟੀਚਿਊਟ ਦੇ ਚੇਅਰਪਰਸਨ ਸ੍ਰੀਮਤੀ ਭਾਰਤੀ ਪ੍ਰਾਸ਼ਰ ਸਨ। ਸ੍ਰੀ ਰੱਤੂ ਨੇ ਕਿਹਾ ਕਿ ਇਲਮ ਦੀ ਰੋਸ਼ਨੀ ਨਾਲ ਜੁੜੀ ਹੋਈ ਇਸ ਦੁਨੀਆਂ ਨੂੰ ਸੁਪਨਿਆਂ ਦਾ ਨਵਾਂ ਸੰਸਾਰ ਦੇਣ ਦੀ ਕੋਸ਼ਿਸ਼ ਕਰੀਏ, ਉਨ੍ਹਾਂ ਕਿਹਾ ਕਿ ਇਸ ਨਵੀਂ ਸਦੀ ਦਾ ਸਭ ਤੋਂ ਵੱਡਾ ਸੰਕਟ ਪਾਠਕ ਨੂੰ ਗੁੰਮ ਕਰਨ ਦਾ ਹੈ ਅਤੇ ਨਾਲ਼ ਹੀ ਦਰਸ਼ਕ ਗੁੰਮ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਅੱਜ ਚਲਦੇ 500 ਚੈਨਲਾਂ ਵਿਚੋਂ ਇਕ ਵੀ ਸਾਹਿਤਕ ਚੈਨਲ ਨਹੀਂ ਜਿਸ ਲਈ ਸਮਾਜਕ ਤੇ ਰਾਜਨੀਤਕ ਸਥਿਤੀਆਂ ਜ਼ਿੰਮੇਵਾਰ ਹਨ। ਉਨ੍ਹਾਂ ਟਿੱਪਣੀ ਕੀਤੀ ਕਿ ਦੁਨੀਆਂ ਪਲ-ਪਲ ਬਦਲ ਰਹੀ ਹੈ ਜਿਸ ਦੇ ਹਾਣ ਦੇ ਹੋਣ ਦੀ ਅੰਤ ਲੋੜ ਹੈ ਤਾਂ ਹੀ ਅੱਜ ਦੇ ਹਾਸਲਾਂ ਨਾਲ ਕਦਮ ਮਿਲਾ ਕੇ ਤੁਰਿਆ ਜਾ ਸਕਦਾ ਹੈ।
-----
ਸ਼੍ਰੀਮਤੀ ਪ੍ਰਾਸ਼ਰ ਨੇ ਕਿਹਾ ਕਿ ਸਾਰਾ ਸੰਸਾਰ ਇਕ ਪਰਿਵਾਰ ਹੈ ਤਾਂ ਸਾਰਿਆਂ ਨੂੰ ਇਸ ਦੇ ਚੰਗੇ ਮੈਂਬਰ ਬਣਨ ਦੀ ਜ਼ਰੂਰਤ ਹੈ। ਨਾਲ ਦੀ ਨਾਲ ਇਸ ਦੇ ਵਿਕਾਸ ਵਿਚ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਕੋਰੇਸ਼ੀਆ ਤੋਂ ਪਹੁੰਚੇ ਵਿਸ਼ੇਸ਼ ਮਹਿਮਾਨ ਕਸੂਮ ਸਾਨਾ ਨੇ ਕਿਹਾ ਕਿ ਮੌਲਿਕਤਾ ਅਤੇ ਭਾਵਨਾਵਾਂ ਦਾ ਇਹ ਲੇਖਕ ਮੇਲਾ ਸਾਰਿਆਂ ਦੇ ਸਹਿਯੋਗ ਨਾਲ ਭਵਿੱਖ ਦੇ ਨੈਣ-ਨਕਸ਼ ਸੰਵਾਰਨ ਵਿਚ ਆਪਣਾ ਹਿੱਸਾ ਪਾਉਂਦਾ ਹੇਗਾ। ਉਨ੍ਹਾਂ ਆਖਿਆ ਕਿ ਕੋਰੇਸ਼ੀਆ ਵਿਚ 35 ਹਜ਼ਾਰ ਰੋਮਾ ਲੋਕ ਰਹਿੰਦੇ ਹਨ ਜਿਹੜੇ ਭਾਰਤ ਨਾਲ ਸੰਬੰਧਤ ਹਨ ਕਿਉਂਕਿ ਉਨ੍ਹਾਂ ਦੇ ਪੂਰਵਜ ਇਕ ਹਜ਼ਾਰ ਸਾਲ ਪਹਿਲਾਂ ਭਾਰਤ ਤੋਂ ਉਥੇ ਪਹੁੰਚੇ ਸਨ।
----
ਚੰਡੀਗੜ੍ਹ ਦੇ ਸੁਮਿਤ ਮਈਅਰ ਨੇ ਕਿਹਾ ਕਿ ਹਿੰਮਤ ਅੱਗੇ ਕੋਈ ਵੀ ਕਠਨ ਕੰਮ ਨਹੀਂ ਹੁੰਦਾ। ਹਰ ਕੰਮ ਵਾਸਤੇ ਪੁੱਟਿਆ ਗਿਆ ਪਹਿਲਾ ਕਦਮ ਮੰਜ਼ਿਲ ਵੱਲ ਜਾਣ ਵਾਸਤੇ ਸਹਾਈ ਹੁੰਦਾ ਹੈ। ਉਨ੍ਹਾਂ ਜੋਸ਼ੀਲੇ ਢੰਗ ਨਾਲ ਹਿੰਦੀ ਵਿਚ ਇਕ ਕਵਿਤਾ ਵੀ -ਪੜ੍ਹੀ।
-----
ਮੈਂ ਇਸ ਸਮਾਗਮ ‘ਚ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਭ ਤੋਂ ਅੱਛੇ ਸੁਪਨੇ ਉਹ ਹਨ ਜੋ ਜਾਗਦੇ ਹੋਏ ਲੈ ਰਹੇ ਹਾਂ, ਉਹ ਭਵਿੱਖ ਵਿਚ ਚੰਗਾ ਰਾਹ ਬਣਾ ਸਕਦੇ ਹਨ।
-----
ਅਗਲੇ ਸੈਸ਼ਨਾਂ ਵਿਚ 'ਵਿਸ਼ਵ ਸ਼ਾਂਤੀ ਅਤੇ ਸਾਹਿਤ‘ ਦੇ ਵੱਡੇ ਸਿਰਲੇਖ ਹੇਠ ਉੜੀਆ, ਮਲਿਆਲਮ ਅਤੇ ਹਿੰਦੀ ਦੇ ਲੇਖਕਾਂ ਨੇ ਪਰਚੇ ਪੜ੍ਹੇ ਜਿਨ੍ਹਾਂ ਵਿਚ ਇਹ ਵਿਚਾਰਿਆ ਗਿਆ ਕਿ ਸਾਹਿਤ ਦਾ ਵਿਸ਼ਵ ਸ਼ਾਂਤੀ ਕਾਇਮ ਕਰਨ ਵਿਚ ਕੀ ਯੋਗਦਾਨ ਹੋ ਸਕਦਾ ਹੈ। ਜ਼ਿਆਦਾ ਕਰਕੇ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਸੀ ਤਾਂ ਕਿ ਸਾਰੇ ਸਰੋਤਿਆਂ ਤਕ ਗੱਲ ਪਹੁੰਚ ਸਕੇ।
-----
ਸ਼ਾਮ ਨੂੰ ਕਵੀ ਦਰਬਾਰ ਹੋਇਆ ਜਿਸ ਵਿਚ ਕੇਰਲਾ ਤੋਂ ਪਹੁੰਚੇ ਫਿਲੀਪੋਸ ਅਤੇ ਸ੍ਰੀਧਰਨ ਨੇ ਮਲਿਆਲਮ ਵਿਚ ਕਵਿਤਾ ਪਾਠ ਕਰਕੇ ਸ਼ਾਮ ਲੁੱਟ ਲਈ। ਜਯੰਤੀ ਦਲਾਲ, ਭੁਪਿੰਦਰ ਅਧਿਕਾਰੀ, ਕੁੰਤੀ, ਵਿਜੇ ਰਾਠੌਰ ਅਤੇ ਹੋਰ ਕਵੀਆਂ ਨੇ ਵੀ ਆਪੋ ਆਪਣੀਆਂ ਕਵਿਤਾਵਾਂ ਦਾ ਪਾਠ ਕੀਤਾ ਅਤੇ ਸਰੋਤਿਆਂ ਤੱਕ ਪਹੁੰਚਣ ਲਈ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦਾ ਸਹਾਰਾ ਵੀ ਲਿਆ।
-----
ਦੂਜੇ ਦਿਨ ਫੇਰ ਸਵੇਰੇ ਹੋਰ ਪਰਚੇ ਪੜ੍ਹੇ ਗਏ ਅਤੇ ਉਨ੍ਹਾਂ ਬਾਰੇ ਬਹਿਸ ਕਰਨ ਲਈ ਲੇਖਕ ਮੈਦਾਨ ਵਿਚ ਆਏ। ਹਰ ਕੋਈ ਆਪੋ ਆਪਣੀ ਸਪੱਸ਼ਟ ਰਾਏ ਦੇ ਰਿਹਾ ਸੀ ਤਾਂ ਕਿ ਵਿਸ਼ੇ ਬਾਰੇ ਸਪੱਸ਼ਟਤਾ ਅਤੇ ਨਿਖਾਰ ਹੋ ਸਕੇ। ਕਦੇ ਕਦੇ ਲੇਖਕਾਂ ਵਿਚ ਮਤਭੇਦ ਵੀ ਹੁੰਦੇ ਰਹੇ ਅਤੇ ਕਦੇ ਕਦੇ ਥੋੜ੍ਹੀ ਤਲਖ਼-ਕਲਾਮੀ ਵੀ। ਫੇਰ ਵੀ ਪ੍ਰੋਗਰਾਮ ਨਿਰਵਿਘਨ ਰਵਾਂ ਰਵਾਂ ਚੱਲਦੇ ਰਹੇ।
-----
ਕੋਰੇਸ਼ੀਆ, ਬੰਗਲਾਦੇਸ਼, ਮੌਰੀਸ਼ਸ ਅਤੇ ਉਜ਼ਬੇਕਿਸਤਾਨ ਸਮੇਤ ਭਾਰਤ ਦੇ 18-20 ਸੂਬਿਆਂ ਤੋਂ ਆਏ ਲੇਖਕ ਵੱਖ ਵੱਖ ਫੁੱਲਾਂ ਦੇ ਰੰਗਾਂ ਵਾਲੇ ਸਨ ਅਤੇ ਵੱਖ ਵੱਖ ਖ਼ੁਸ਼ਬੂਆਂ ਵਾਲੇ ਸਨ। ਬੰਗਲਾਦੇਸ਼ ਦੇ ਪ੍ਰੋ. ਰਫ਼ੀਕ ਉਲਾ ਖਾਨ, ਮੌਰੀਸ਼ਸ ਤੋਂ ਡਾ. ਸੁਰੇਸ਼ ਰਾਮਬਰਨ, ਕੋਰੇਸ਼ੀਆ ਤੋਂ ਕਸੂਮ ਸਾਨਾ ਦੇ ਨਾਲ ਦਿਨਕੋ ਟੈਲੀਕਨ ਅਤੇ ਉਜ਼ਬੇਕਿਸਤਾਨ ਤੋਂ ਉਕਤਾਮੋਇ ਨੇ ਵਿਚਾਰ ਵੀ ਰੱਖੇ ਅਤੇ ਕਵਿਤਾ ਪਾਠ ਵੀ ਕੀਤਾ।
-----
ਕੇਰਲਾ, ਮਹਾਂਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕ, ਮੱਧ ਪ੍ਰਦੇਸ਼, ਆਸਾਮ, ਗੋਆ, ਉਤਰਾਖੰਡ, ਯੂ. ਪੀ., ਝਾਰਖੰਡ, ਉੜੀਸਾ, ਤਾਮਿਲਨਾਡੂ, ਛਤੀਸਗੜ੍ਹ, ਦਿੱਲੀ, ਪੰਜਾਬ, ਮਿਜ਼ੋਰਾਮ, ਮੇਘਾਲਿਆ, ਹਰਿਆਣਾ, ਰਾਜਿਸਥਾਨ, ਹਿਮਾਚਲ ਪ੍ਰਦੇਸ਼, ਗੁਜਰਾਤ, ਜੰਮੂ ਤੇ ਚੰਡੀਗੜ੍ਹ ਤੋਂ ਵੱਖ ਵੱਖ ਜ਼ੁਬਾਨਾਂ ਦੇ ਲੇਖਕਾਂ ਨੇ ਆਪਣੀ ਆਪਣੀ ਭਾਸ਼ਾ ਵਿਚ ਵਿਚਾਰ ਪ੍ਰਗਟ ਕੀਤੇ ਅਤੇ ਅੰਗਰੇਜ਼ੀ ਹਿੰਦੀ ਵੀ। ਜਦੋਂ ਉਹ ਆਪੋ ਆਪਣੀ ਭਾਸ਼ਾ ਵਿਚ ਕਵਿਤਾ ਪਾਠ ਕਰਦੇ ਸਨ ਤਾਂ ਸਮਝ ਭਾਵੇਂ ਘੱਟ ਆਉਂਦੀ ਪਰ ਭਾਸ਼ਾਵਾਂ ਦੇ ਅੰਦਾਜ਼ ਪ੍ਰਭਾਵਤ ਕਰਦੇ ਸਨ।
------
ਇਕ ਵੇਲਾ ਉਦੋਂ ਆਇਆ ਜਦ ਮੈਂ ਪੰਜਾਬੀ ਦੇ ਕਵੀਆਂ ਨੂੰ ਮੰਚ ਤੇ ਪੇਸ਼ ਕੀਤਾ। ਇਸ ਵਿਚ ਡਾ. ਗੁਰਮਿੰਦਰ ਸਿੱਧੂ, ਮਨਜੀਤ ਇੰਦਰਾ, ਸਵਰਨਜੀਤ ਸਵੀ, ਗਰਤੇਜ ਪਾਰਸਾ ਅਤੇ ਮੈਂ ਖ਼ੁਦ ਕਵਿਤਾਵਾਂ ਪੰਜਾਬੀ ਵਿਚ ਪੜ੍ਹੀਆਂ ਜਿਨ੍ਹਾਂ ਦਾ ਸਰੋਤਿਆਂ ਨੇ ਭਰਵਾਂ ਹੁੰਗਾਰਾ ਭਰਿਆ। ਕਿਸੇ ਵੀ ਹੋਰ ਭਾਸ਼ਾ ਵਿਚ ਅਨੁਵਾਦ ਨਹੀਂ ਕੀਤਾ। ਇਸ ਮੌਕੇ ‘ਤੇ ਅੰਗਸੰਗ ਪੰਜਾਬ ਪੁਸਤਕ ਲੜੀ ਨੰਬਰ-2 ਵੀ ਰਿਲੀਜ਼ ਕੀਤਾ ਗਿਆ।
-----
ਸਮਾਗਮ ਦੇ ਅੰਤ ਵਿਚ ਲੇਖਕ ਉਤਸਵ ਦੇ ਡਾਇਰੈਕਟਰ ਦੇਵ ਭਾਰਦਵਾਜ ਨੇ ਅਰਜੁਨ ਜੈਪੁਰੀ ਨੂੰ ਗ਼ਜ਼ਲਾਂ ਗਾਉਣ ਲਈ ਮੰਚ ੳਤੇ ਬੁਲਾਇਆ ਤਾਂ ਸਾਰੰਗੀ ਤੇ ਉਨ੍ਹਾਂ ਦਾ ਸਾਥ ਮੁਉਈਨੁਦੀਨ ਖ਼ਾਨ ਨੇ ਦਿੱਤਾ। ਉਨ੍ਹਾਂ ਸ਼ਾਮ ਨੂੰ ਸੁਰਾਂ ‘ਤੇ ਸਵਾਰ ਕਰ ਦਿਤਾ। ਉਨ੍ਹਾਂ ਤੋਂ ਬਾਅਦ ਆਸਾਮ ਤੋਂ ਆਈ ਪ੍ਰੋਣੀਤਾ ਗੋਸਵਾਮੀ ਨੇ ਗਾਇਕੀ ਦਾ ਅਜਿਹਾ ਅਨੋਖਾ ਮਾਹੌਲ ਪੈਦਾ ਕਰ ਦਿਤਾ ਜਿਸ ਵਿਚ ਸਭ ਦੇ ਸਭ ਸਰੋਤੇ ਮੰਤਰ ਮੁਗਧ ਹੋ ਗਏ। ਉਸ ਦੇ ਗਾਏ 'ਓਮ ਨਮੋ ਸ਼ਿਵਾ‘ ਨੇ ਤਾਂ ਉਨ੍ਹਾਂ ਨੂੰ ਵੀ ਆਪਣੇ ਵਸ ਵਿਚ ਕਰ ਲਿਆ, ਜਿਨ੍ਹਾਂ ਨੇ ਸੰਗੀਤ ਵੱਲ ਕਦੇ ਧਿਆਨ ਤਕ ਨਹੀਂ ਧਰਿਆ। ਵਿਛੜਨ ਵੇਲੇ ਕਈ ਰਾਜਾਂ ਤੋਂ ਅਗਲੇ ਲੇਖਕ ਉਤਸਵ ਦੀਆਂ ਪੇਸ਼ਕਸ਼ਾਂ ਆਈਆਂ। ਸੁਰੇਸ਼ ਰਾਮਬਨ ਨੇ ਤਾਂ ਆਉਂਦੇ ਮਾਰਚ ਵਿਚ ਮੌਰੀਸ਼ਸ ਲੇਖਕ ਉਤਸਵ ਕਰਵਾਉਣ ਦਾ ਐਲਾਨ ਵੀ ਕਰ ਦਿਤਾ।
No comments:
Post a Comment