ਯੂ.ਕੇ. ਵਸਦੇ ਪ੍ਰਸਿੱਧ ਲੇਖਕ/ ਚਿੰਤਕ ਪੂਰਨ ਸਿੰਘ ਦੀ ਪੁਸਤਕ 'ਸੋਚ ਦਾ ਸਫ਼ਰ’ ਰਾਈਟਰਜ਼ ਕਲੱਬ ਚੰਡੀਗੜ੍ਹ ਵੱਲੋਂ ਰਿਲੀਜ਼
ਰਿਪੋਰਟ: ਅਮਰ ਗਿਰੀ (ਚੰਡੀਗੜ੍ਹ)
ਰਾਈਟਰਜ਼ ਕਲੱਬ ਚੰਡੀਗੜ੍ਹ ਦੁਆਰਾ ਉਤਮ ਰੈਸਟੋਰੈਂਟ ਸੈਕਟਰ-46 ਵਿਖੇ ਆਯੋਜਿਤ ਇਕ ਸਾਹਿਤਕ ਪ੍ਰੋਗਰਾਮ ‘ਚ ਪੰਜਾਬੀ ਦੇ ਉਘੇ ਲੇਖਕ ਗੁਰਦੇਵ ਚੌਹਾਨ ਵੱਲੋਂ ਸੰਪਾਦਤ ਕੈਨੇਡੀਅਨ ਸਾਹਿਤ ਕਲਾ ਅਤੇ ਸੱਭਿਆਚਾਰ ਨਾਲ ਸਬੰਧਤ ਤਿਮਾਹੀ ਮੈਗਜ਼ੀਨ 'ਸਾਊਥ ਏਸ਼ੀਅਨ ਏਨਸੈਂਬਲ' ਦਾ ਪਲੇਠਾ ਅੰਕ ਸ਼ਿੰਗਾਰਾ ਸਿੰਘ ਭੁੱਲਰ ਅਤੇ ਰੁਪਿੰਦਰ ਸਿੰਘ ਨੇ ਲੋਕ-ਅਰਪਣ ਕੀਤਾ। ਸ੍ਰੀ ਚੌਹਾਨ ਅੱਜ-ਕੱਲ੍ਹ ਕੈਨੇਡਾ ਵਿਖੇ ਰਹਿ ਰਹੇ ਹਨ ਅਤੇ ਉਨ੍ਹਾਂ ਵੱਲੋਂ ਮੈਗਜ਼ੀਨ ਦਾ ਸੰਪਾਦਨ ਕਰਨਾ ਇਕ ਸ਼ਲਾਘਾਯੋਗ ਉਦਮ ਹੈ। ਇਸ ਕਾਰਜ ਲਈ ਹਾਜ਼ਰ ਲੇਖਕਾਂ ਨੇ ਗੁਰਦੇਵ ਚੌਹਾਨ ਨੂੰ ਵਧਾਈ ਦਿੱਤੀ।
-----
ਇਸ ਮੌਕੇ ਯੂ.ਕੇ. ਵਿਚ ਵਸਦੇ ਉਘੇ ਚਿੰਤਕ ਤੇ ਦਾਰਸ਼ਨਿਕ ਪੂਰਨ ਸਿੰਘ ਦੀ ਪੁਸਤਕ 'ਸੋਚ ਦਾ ਸਫ਼ਰ’ ਦਾ ਦੂਜਾ ਭਾਗ ਧਿਆਨ ਸਿੰਘ, ਡਾ. ਸੁਰੇਸ਼ ਰਤਨ ਅਤੇ ਮੋਹਨ ਭੰਡਾਰੀ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਦਵਿੰਦਰਜੀਤ ਕੌਰ ਅਤੇ ਧਿਆਨ ਸਿੰਘ ਸ਼ਾਹ ਸਿਕੰਦਰ ਨੇ ਪੁਸਤਕ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੇ ਇਸ ਪੁਸਤਕ ਨੂੰ ਸਾਹਿਤਕ ਦਾਰਸ਼ਨਿਕ ਬੌਧਿਕ ਜੀਵਨ ਜਾਚ ਤੇ ਵਿਗਿਆਨਕ ਸੋਚ ਦੇਣ ਵਾਲੀ ਕਿਹਾ। ਇਸ ਭਾਗ ‘ਚ ਦਸੰਬਰ 1997 ਤੱਕ ਦਾ ਵੇਰਵਾ 33 ਭਾਗਾਂ ਵਿਚ ਵੰਡਿਆ ਮਿਲਦਾ ਹੈ। ਪੁਸਤਕ ਅਤੇ ਲੇਖਕ ਬਾਰੇ ਡਾ. ਸੁਰੇਸ਼ ਰਤਨ ਅਤੇ ਮੋਹਨ ਭੰਡਾਰੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਕਰਵਾਏ ਕਵੀ ਦਰਬਾਰ ‘ਚ ਮਨਜੀਤ, ਬਲਬੀਰ ਸੂਫ਼ੀ, ਸਿਰੀ ਰਾਮ ਅਰਸ਼, ਬਾਬੂ ਰਾਮ ਦੀਵਾਨਾ, ਮਲਕੀਤ ਬਸਰਾ ਅਤੇ ਹੋਰ ਕਵੀਆਂ ਨੇ ਕਵਿਤਾਵਾਂ ਪੇਸ਼ ਕੀਤੀਆਂ। ਸ਼ਾਮ ਸਿੰਘ (ਅੰਗ ਸੰਗ) ਅਤੇ ਦੇਵ ਭਾਰਦਵਾਜ ਨੇ ਆਏ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ‘ਚ ਵੱਡੀ ਗਿਣਤੀ ‘ਚ ਲੇਖਕਾਂ ਨੇ ਹਿੱਸਾ ਲਿਆ।
No comments:
Post a Comment