Tuesday, July 7, 2009

ਪੰਜਾਬੀ ਸੱਥ (ਲਾਂਬੜਾ) ਵੱਲੋਂ ਗਿਆਨੀ ਸੰਤੋਖ ਸਿੰਘ ਜੀ ਦਾ ਜੁਲਾਈ 3, 2009 ਨੂੰ ਸਿਡਨੀ, ਆਸਟ੍ਰੇਲੀਆ ਵਿਚ ਸਨਮਾਨ

ਸ. ਮੋਤਾ ਸਿੰਘ, ਸ. ਹਰਜਿੰਦਰ ਸਿੰਘ ਸੰਧੂ, ਬਲਰਾਜ ਸਿੰਘ ਸੰਘਾ, ਜਨਾਬ ਇਜਾਜ਼ ਖ਼ਾਨ ਗਿਆਨੀ ਸੰਤੋਖ ਸਿੰਘ ਜੀ ਨੂੰ ਸਨਮਾਨਿਤ ਕਰਦੇ ਹੋਏਦੂਜੀ ਫੋਟੋ 'ਚ ਗਿਆਨੀ ਜੀ ਸਭ ਦਾ ਧੰਨਵਾਦ ਕਰਦੇ ਹੋਏ।


ਅਸੀਂ ਗਿਅਨੀ ਜੀ ਨੂੰ ਸਨਮਾਨਿਤ ਨਹੀ ਕਰ ਰਹੇ ਸਗੋਂ ਇਹਨਾਂ ਨੇ ਇਹ ਸਨਮਾਨ ਸਵੀਕਾਰ ਕਰਕੇ ਸੱਥ ਦਾ ਸਨਮਾਨ ਕੀਤਾ ਹੈ ਮੋਤਾ ਸਿੰਘ ਸਰਾਏ

ਰਿਪੋਰਟਰ: ਹਰਦੀਪ ਸਿੰਘ, ਆਸਟ੍ਰੇਲੀਆ

ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਨੇ ਬੀਤੀ ਤਿੰਨ ਜੁਲਾਈ ਨੂੰ ਸਿਡਨੀ ਦੇ ਪ੍ਰਸਿੱਧ ਪੈਰਾਵਿਲਾ ਹਾਲ ਵਿੱਚ ਇੱਕ ਸਾਹਿਤਕ ਸ਼ਾਮ ਸ਼ਾਨਦਾਰ ਢੰਗ ਨਾਲ ਮਨਾਈ ਜਿਸ ਵਿੱਚ ਸਿਡਨੀ ਨਿਵਾਸੀ ਪ੍ਰਸਿੱਧ ਲੇਖਕ, ਗਿਆਨੀ ਸੰਤੋਖ ਸਿੰਘ ਜੀ ਨੂੰ ਪੰਜਾਬੀ ਸੱਥ (ਲਾਂਬੜਾ) ਵਲੋਂ ਸ਼ੁੱਧ ਸੋਨੇ ਦੇ ਮੈਡਲ ਨਾਲ ਸਨਮਾਨਿਆ ਗਿਆ

ਪ੍ਰੋਗਰਾਮ ਦਾ ਆਰੰਭ, ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਦੇ ਕੋਆਰਡੀਨੇਟਰ, ਡਾ. ਮਨਿੰਦਰ ਸਿੰਘ ਵਲੋਂ ਸਾਰਿਆਂ ਨੂੰ ਜੀ ਆਇਆਂਕਹਿਣ ਨਾਲ ਹੋਇਆਸਟੇਜ ਸੈਕਟਰੀ ਦੀ ਭੂਮਿਕਾ ਕੌਂਸਲ ਦੇ ਪ੍ਰਧਾਨ, ਡਾ. ਪ੍ਰਭਜੋਤ ਸਿੰਘ ਸੰਧੂ ਨੇ ਨਿਭਾਉਂਦਿਆਂ, ਦੂਰੋਂ ਆਏ ਮਹਿਮਾਨਾਂ ਦੇ ਜੀਵਨ ਤੇ ਪੰਛੀ ਝਾਤ ਪੁਆਈ ਜਿਨ੍ਹਾਂ ਵਿੱਚ ਸਰਦਾਰ ਮੋਤਾ ਸਿੰਘ ਸਰਾਏ, ਉਹਨਾਂ ਨਾਲ ਇੰਗਲੈਂਡ ਤੋਂ ਆਏ ਹੋਏ ਪੰਜਾਬੀ ਕਵੀ, ਸ. ਹਰਜਿੰਦਰ ਸਿੰਘ ਸੰਧੂ ਅਤੇ ਅੰਮ੍ਰਿਤਸਰ ਤੋਂ ਆਏ ਮਿਊਜ਼ਕ ਡਾਇਰੈਕਟਰ, ਸ. ਗੁਰਮੀਤ ਸਿੰਘ ਵੀ ਸ਼ਾਮਲ ਸਨ

----

ਗਿਆਨੀ ਜੀ ਨੂੰ ਗੋਲਡ ਮੈਡਲ ਸਿਰੋਪਾ, ਲੋਈ ਅਤੇ ਸਾਈਟੇਸ਼ਨ ਨਾਲ਼, ਸੱਥ ਵੱਲੋਂ ਸ. ਮੋਤਾ ਸਿੰਘ ਸਰਾਏ ਅਤੇ ਬਾਕੀ ਹਾਜ਼ਰ ਸੱਜਣਾਂ ਨੇ ਸਮੁਚੇ ਤੌਰ ਤੇ ਸਨਮਾਨਤ ਕੀਤਾਇਸਦੇ ਨਾਲ਼ ਹੀ ਸੱਥ ਵੱਲੋਂ ਗਿਆਨੀ ਜੀ ਨੂੰ ਸੱਥ ਦੀ ਆਸਟ੍ਰੇਲੀਅਨ ਇਕਾਈ ਦੇ ਸਰਪ੍ਰਸਤ ਥਾਪ ਕੇ, ਅਗੋਂ ਸੱਥ ਦੀ ਸੰਸਥਾ ਕਾਇਮ ਕਰਨ ਲਈ ਇਹਨਾਂ ਨੂੰ ਜ਼ਿੰਮੇਵਾਰੀ ਦਿਤੀਇਸ ਬਰਾਂਚ ਵਿਚ ਆਸਟ੍ਰੇਲੀਆ ਤੋਂ ਇਲਾਵਾ, ਨਿਊਜ਼ੀਲੈਂਡ, ਫ਼ਿਜੀ ਅਤੇ ਪ੍ਰਸ਼ਾਂਤ ਮਹਾਂਸਾਗਰ ਦੇ ਬਾਕੀ ਦੇ ਦੇਸ਼ ਵੀ ਸਾਮਲ ਹੋਣਗੇ

----

ਇਸ ਮੌਕੇ ਤੇ ਬੋਲਦੇ ਹੋਏ ਪੰਜਾਬੀ ਸੱਥ (ਯੂਰਪੀਅਨ) ਦੇ ਸੰਚਾਲਕ, ਸਰਦਾਰ ਮੋਤਾ ਸਿੰਘ ਸਰਾਏ, ਨੇ ਦੱਸਿਆ, “ਗਿਆਨੀ ਸੰਤੋਖ ਸਿੰਘ ਹੋਰਾਂ ਵਲੋਂ ਪੰਜਾਬੀ ਸਾਹਿਤ ਦੀ ਕੀਤੀ ਜਾ ਰਹੀ ਸੇਵਾ ਕਾਰਨ, ਪੰਜਾਬੀ ਸੱਥ (ਲਾਂਬੜਾ) ਨੇ 2008 ਵਿੱਚ ਪ੍ਰੋ. ਪੂਰਨ ਸਿੰਘ ਐਵਾਰਡ ਗਿਆਨੀ ਜੀ ਹੋਰਾਂ ਨੂੰ ਦੇਣ ਦਾ ਫੈਸਲਾ ਕੀਤਾ ਸੀ ਪਰ ਸੱਥ ਚਾਹੁੰਦੀ ਸੀ ਕਿ ਇਹ ਸਨਮਾਨ ਗਿਆਨੀ ਜੀ ਹੋਰਾਂ ਦੀ ਆਪਣੀ ਕਰਮ ਭੂਮੀ, ਆਸਟ੍ਰੇਲੀਆ ਵਿੱਚ ਹੀ ਜਾ ਕੇ ਦਿੱਤਾ ਜਾਵੇਇਸ ਕਰਕੇ ਪੰਜਾਬੀ ਸੱਥ ਵਾਲਿਆਂ ਨੇ ਇਹ ਜਿੰਮੇਵਾਰੀ ਮੈਨੂੰ ਸੌਂਪੀ ਸੀ ਤੇ ਅੱਜ ਮੈ ਉਹ ਜ਼ਿੰਮੇਵਾਰੀ ਨਿਭਾਉਣ ਲਈ ਏਥੇ ਆਇਆ ਹਾਂ

----

ਸ. ਮੋਤਾ ਸਿੰਘ ਨੇ ਹੋਰ ਅੱਗੇ ਗਿਆਨੀ ਜੀ ਦੀ ਲੇਖਣੀ ਬਾਰੇ ਚਾਨਣਾ ਪਾਉਂਦਿਆਂ ਹੋਇਆਂ ਦੱਸਿਆ ਕਿ ਉਹਨਾਂ ਦੀ ਕਲਮੀ ਸਾਂਝ, ਇਹਨਾਂ ਨਾਲ਼ ਕੁਝ ਸਾਲਾਂ ਤੋਂ ਸੰਸਾਰ ਭਰ ਵਿਚ ਛਪ ਰਹੇ ਪੰਜਾਬੀ ਪੱਤਰਾਂ ਵਿਚਲੇ, ਇਹਨਾਂ ਦੇ ਲੇਖਾਂ ਰਾਹੀਂ ਬਣੀਇਹਨਾਂ ਦੇ ਲਿਖੇ ਲੇਖ ਪੜ੍ਹ ਕੇ ਸੱਥ ਵਾਲ਼ਿਆਂ ਨੂੰ ਪਤਾ ਲੱਗਾ ਕਿ ਚਾਰ ਦਹਾਕਿਆਂ ਦੇ ਕਰੀਬ, ਪੰਜਾਬੋਂ ਬਾਹਰ ਫਿਰਨ ਵਾਲਾ ਇਕ ਫ਼ਕੀਰ ਬਿਰਤੀ ਦਾ ਵਿਦਵਾਨ ਸੱਜਣ, ਪੰਜਾਬੀ ਮਾਂ ਬੋਲੀ ਦੀ ਕਲਮ ਤੇ ਭਾਸ਼ਨਾਂ ਰਾਹੀਂ ਸੇਵਾ ਕਰ ਰਿਹਾ ਹੈਅਜਿਹੇ ਸਿਰੜੀ ਪੰਜਾਬੀ ਦੀ ਹੌਸਲਾ-ਅਫ਼ਜ਼ਾਈ ਕਰਨੀ ਚਾਹੀਦੀ ਹੈਭਾਵੇਂ ਕਿ ਇਹਨਾਂ ਨੇ ਅਜਿਹੇ ਕਿਸੇ ਮਾਣ ਸਨਮਾਨ ਦੀ ਆਸ ਤੇ ਨਹੀ ਇਹ ਕਾਰਜ ਕੀਤਾ ਪਰ ਸੱਥ ਦਾ ਇਹ ਫ਼ਰਜ਼ ਬਣਦਾ ਹੈ ਕਿ ਇਹਨਾਂ ਦੀ ਸੇਵਾ ਨੂੰ ਮਾਨਤਾ ਦਈਏ

----

ਗਿਆਨੀ ਜੀ ਦੀ ਲਿਖਤ ਉਪਰ, “ਜੇਹਾ ਡਿਠਾ ਮੈ ਤੇਹੋ ਕਹਿਆਅਨੁਸਾਰ ਚਸ਼ਮਦੀਦ ਗਵਾਹੀ ਵਾਲ਼ੀ ਬਾਤ ਢੁਕਦੀ ਹੈਇਹਨਾਂ ਦੀ ਸੋਚ ਅਤੇ ਲਿਖਤ ਉਪਰ ਗੁਰਬਾਣੀ, ਸਿੱਖ ਸਾਹਿਤ ਅਤੇ ਸਿੱਖ ਇਤਿਹਾਸ ਤੋਂ ਪ੍ਰਾਪਤ ਸੰਦੇਸ਼, ਸਰਬ ਸਾਂਝੀਵਾਲਤਾ, ਦਾ ਬਹੁਤ ਹੀ ਜ਼ਿਆਦਾ ਪ੍ਰਭਾਵਤ ਹੈਗੁਰਮਤਿ ਮਨੁਖਤਾ ਨੂੰ ਸਰਬੱਤ ਦਾ ਭਲਾ ਲੋਚਣ ਤੇ ਸੋਚਣ ਲਈ ਪ੍ਰੇਰਨਾ ਕਰਦੀ ਹੈਸੰਸਾਰ ਵਿਚ ਵੱਸ ਅਤੇ ਵਿਚਰ ਰਹੇ ਪੰਜਾਬੀ ਸਮਾਜ ਵਿਚ ਇਹਨਾਂ ਦੇ ਭਾਸ਼ਨਾਂ ਅਤੇ ਲੇਖਾਂ ਨੂੰ ਉਤਸੁਕਤਾ ਨਾਲ਼ ਉਡੀਕਿਆ ਜਾਂਦਾ ਹੈਸ੍ਰੋਤਿਆਂ, ਪਾਠਕਾਂ ਅਤੇ ਪ੍ਰਸ਼ੰਸ਼ਕਾਂ ਵਲੋਂ ਜੋਰ ਦੇਣ ਤੇ, ਪਿਛਲੇ ਤਿੰਨ ਕੁ ਸਾਲਾਂ ਤੋਂ ਗਿਆਨੀ ਜੀ ਨੇ ਆਪਣੇ ਲੇਖਾਂ ਨੂੰ, ਕਿਤਾਬੀ ਰੂਪ ਵਿਚ ਵੀ ਪਾਠਕਾਂ ਦੀ ਭੇਟਾ ਕਰਨ ਦਾ ਉਦਮ ਕੀਤਾ ਹੈਇਸ ਸਮੇ ਵਿਚ ਹੀ ਇਹਨਾਂ ਨੇ ਤਿੰਨ ਕਿਤਾਬਾਂ ਪਾਠਕਾਂ ਦੀ ਭੇਟਾ ਕੀਤੀਆਂ ਹਨਧਾਰਮਿਕ ਲੇਖਾਂ ਦੀ ਇਹਨਾਂ ਦੀ ਪਹਿਲੀ ਕਿਤਾਬ ਸਚੇ ਦਾ ਸਚਾ ਢੋਆਦੇ ਤਾਂ ਤਿੰਨ ਐਡੀਸ਼ਨ ਵੀ ਛਪ ਚੁੱਕੇ ਹਨਦੂਜੀਆਂ ਦੋ ਕਿਤਾਬਾਂ, ਉਜਲ ਕੈਹਾਂ ਚਿਲਕਣਾ ਅਤੇ ਯਾਦਾਂ ਭਰੀ ਚੰਗੇਰ, ਇਹਨਾਂ ਦੇ ਆਪਣੇ ਨਿਜੀ ਤਜੱਰਬੇ ਹਨ, ਜੋ ਕਿ ਨਿਜੀ ਨਾ ਰਹਿ ਕੇ, ਸਾਰੇ ਸਿੱਖ ਸਮਾਜ ਦੇ ਬਣ ਚੁੱਕੇ ਹਨਇਹਨਾਂ ਕਿਤਾਬਾਂ ਵਿਚ, ਸੰਸਾਰ, ਪੰਜਾਬ, ਸਿੱਖ ਅਤੇ ਅਕਾਲੀ ਦਲ ਦਾ, ਪਿਛਲੇ ਛੇ ਦਹਾਕਿਆਂ ਦਾ ਅੱਖੀਂ ਵੇਖਿਆ ਇਤਿਹਾਸ ਹੈਇਹਨਾਂ ਦੀ ਲੇਖਣੀ ਕੁੱਜੇ ਵਿਚ ਸਮੁੰਦਰਸਮਾਨ ਹੈਸੱਚਾਈ ਬਿਆਨ ਕਰਦਿਆਂ ਵੀ ਇਹ ਕਿਸੇ ਦੇ ਸਨਮਾਨ ਨੂੰ ਠੇਸ ਨਹੀ ਪੁਚਾਉਂਦੇਕੁਝ ਵਿਦਵਾਨਾਂ ਦਾ ਤਾਂ ਇਹ ਵੀ ਵਿਚਾਰ ਹੈ ਕਿ ਗਿਆਨੀ ਜੀ ਦੀਆਂ ਇਹ ਤਿੰਨ ਕਿਤਾਬਾਂ ਪੜ੍ਹ ਕੇ, ਕੋਈ ਵਿਦਵਾਨ ਪੰਜਾਬ ਅਤੇ ਅਕਾਲੀ ਸਿਆਸਤ ਉਪਰ ਡਾਕਟ੍ਰੇਟ ਕਰ ਸਕਦਾ ਹੈਉਹਨਾਂ ਨੇ ਅੰਤ ਵਿਚ ਇਹ ਕਿਹਾ ਕਿ ਅਸੀਂ ਗਿਅਨੀ ਜੀ ਨੂੰ ਸਨਮਾਨਿਤ ਨਹੀ ਕਰ ਰਹੇ ਸਗੋਂ ਇਹਨਾਂ ਨੇ ਇਹ ਸਨਮਾਨ ਸਵੀਕਾਰ ਕਰਕੇ ਸੱਥ ਦਾ ਸਨਮਾਨ ਕੀਤਾ ਹੈ

----

ਗਿਆਨੀ ਜੀ ਨੇ ਆਪਣੇ ਸੰਖੇਪ ਭਾਸ਼ਨ ਵਿਚ ਪੰਜਾਬੀ ਬੋਲੀ ਦਾ ਇਤਿਹਾਸ ਅਤੇ ਖੇਤਰ ਦਾ ਵਿਦਵਤਾ ਪੂਰਣ ਵਰਨਣ ਕਰਦਿਆਂ ਦੱਸਿਆ ਕਿ ਇਸ ਦਾ ਖੇਤਰ ਦਰਿਆ ਜਮਨਾ ਤੋਂ ਲੈ ਕੇ ਸਿੰਧ ਅਤੇ ਆਰੰਭ, ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਰਿਗ ਵੇਦਤੋਂ ਸ਼ੁਰੂ ਹੁੰਦਾ ਹੈ

ਇਸ ਸਮੇ ਬੋਲਦਿਆਂ ਸਿਡਨੀ ਨਿਵਾਸੀ, ਸ. ਪਰਮਜੀਤ ਸਿੰਘ ਨੇ ਆਪਣੇ ਸੰਖੇਪ ਭਾਸ਼ਨ ਵਿੱਚ ਪੰਜਾਬੀ ਸੱਥ (ਲਾਂਬੜਾ) ਦਾ, ਗਿਆਨੀ ਸੰਤੋਖ ਸਿੰਘ ਦਾ ਸਨਮਾਨ ਕਰਨ ਲਈ ਧੰਨਵਾਦ ਕੀਤਾ ਅਤੇ ਗਿਆਨੀ ਜੀ ਦੀ ਸਾਹਿਤ ਤੇ ਧਾਰਮਿਕ ਵਿਦਿਅਕ ਯੋਗਤਾ ਬਾਰੇ ਚਾਨਣਾ ਪਾਇਆਉਹਨਾਂ ਨਾਲ਼ ਆਪਣੀ ਤਿੰਨ ਦਹਾਕੇ ਪੁਰਾਣੀ ਸਾਂਝ ਦਾ ਜਜ਼ਬਾਤੀ ਜ਼ਿਕਰ ਵੀ ਕੀਤਾਉਹਨਾਂ ਨੇ ਵਿਚਾਰ ਪਰਗਟ ਕੀਤੇ ਕਿ ਗਿਆਨੀ ਜੀ ਦੀ ਯੋਗਤਾ ਅਤੇ ਮਨੁਖਤਾ ਦੀ ਸੇਵਾ ਅਜਿਹੇ ਸਨਮਾਨਾਂ ਤੋਂ ਵੀ ਉਚੇਰੀ ਹੈ ਅਤੇ ਕਿਸੇ ਵੀ ਸੰਸਥਾ ਨੂੰ. ਇਹਨਾਂ ਦਾ ਸਨਮਾਨ ਕਰਦਿਆਂ, ਆਪਣਾ ਸਨਮਾਨ ਹੋਇਆ ਸਮਝਣਾ ਚਾਹੀਦਾ ਹੈ

----

ਕੌਂਸਲ ਦੇ ਪ੍ਰਧਾਨ ਡਾ. ਪ੍ਰਭਜੋਤ ਸਿੰਘ ਸੰਧੂ ਹੋਰਾਂ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਸਿੱਖ ਗਿਆਨੀ ਜੀ ਦੀਆਂ, ਧਾਰਮਿਕ, ਸਮਾਜਕ ਅਤੇ ਸਾਹਿਤਕ ਸੇਵਾਵਾਂ ਤੋਂ ਭਲੀ-ਭਾਂਤ ਜਾਣੂ ਹਨਇਹਨਾਂ ਦੀਆਂ ਕੌਮੀ ਸੇਵਾਵਾਂ ਅਤੇ ਵਿਦਵਤਾ ਦਾ ਮਾਣ ਕਰਦਿਆਂ ਹੋਇਆਂ, ਕੁਝ ਸਾਲ ਪਹਿਲਾਂ, ਆਪਣੇ ਪਹਿਲੇ ਸਮਾਗਮ ਸਮੇ, ਪੰਜਾਬੀ ਕੌਂਸਲ ਨੇ ਵੀ ਇਹਨਾਂ ਨੂੰ, ‘ਪੰਜਾਬੀਅਤ ਦਾ ਮਾਣਭਗਤ ਪੂਰਨ ਸਿੰਘਐਵਾਰਡ ਦੇ ਕੇ ਸਨਮਾਨਤ ਕੀਤਾ ਸੀ

-----

ਪੰਜਾਬੀ ਕੌਂਸਲ ਦੇ ਬੋਰਡ ਮੈਂਬਰਾਨ ਡਾ. ਮਨਿੰਦਰ ਸਿੰਘ, ਡਾ. ਪ੍ਰਭਜੋਤ ਸਿੰਘ ਸੰਧੂ, ‘ਪੰਜਾਬ ਐਕਸਪ੍ਰੈਸਦੇ ਮੁਖ ਸੰਪਾਦਕ ਰਾਜਵੰਤ ਸਿੰਘ ਜ਼ੀਰਾ, ਮੁਹਾਲੀ ਵਾਲੇ ਕਮਲਜੀਤ ਸਿੰਘ ਵਾਲੀਆ, ਮਨਧੀਰ ਸਿੰਘ ਸੰਧਾ, ਬਲਰਾਜ ਸਿੰਘ ਸੰਘਾ ਆਦਿ ਵਲੋਂ, ਇੰਗਲੈਂਡ ਤੋਂ ਆਏ, ਸ. ਮੋਤਾ ਸਿੰਘ ਸਰਾਏ ਅਤੇ ਸ. ਹਰਜਿੰਦਰ ਸਿੰਘ ਸੰਧੂ ਨੂੰ, ‘ਪੰਜਾਬੀਅਤ ਦਾ ਮਾਣਸਨਮਾਨ ਨਾਲ ਸਨਮਾਨਤ ਕੀਤਾ ਗਿਆਇਸ ਪ੍ਰੋਗਰਾਮ ਦੌਰਾਨ ਸਮੇ ਸਮੇ ਤੇ ਉਚ ਪਾਏ ਦੀ ਗਾਇਕੀ ਅਤੇ ਕਵਿਤਾਵਾਂ ਦਾ ਦੌਰ ਵੀ ਚੱਲਿਆਅੰਮ੍ਰਿਤਸਰ ਤੋਂ ਆਏ ਗੁਰਮੀਤ ਸਿੰਘ ਹੋਰਾਂ:

ਤੂੰ ਬਾਪੂ ਓਦੋਂ ਨਾ ਆਇਆ ਜਦੋਂ ਲੋਕ ਘੂਰਦੇ ਸੀ ਸੁਣਾਇਆਪੰਜਾਬੀ ਗਾਇਕ ਕੂਲਜੀਤ ਸੰਧੂ ਨੇ ਉੱਚ-ਪੱਧਰ ਦੇ ਸਾਹਿਤਕ ਗੀਤ ਪੇਸ਼ ਕਰਕੇ, ਮਾਹੌਲ ਨੂੰ ਵੱਖਰਾ ਰੰਗ ਚਾੜ੍ਹ ਦਿੱਤਾ

----

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ, ਪ੍ਰਸਿੱਧ ਪੰਜਾਬੀ ਰੇਡੀਓ ਮੇਲਾ ਗੀਤਾਂ ਦਾਤੋਂ ਹਰਜੀਤ ਸਿੰਘ ਕਾਲਾ ਅਤੇ ਸ਼ਾਮ ਕੁਮਾਰ ਜੀ, ‘ਨਵਾਂ ਜ਼ਮਾਨਾਦੇ ਸਾਬਕਾ ਪੱਤਰਕਾਰ ਜਤਿੰਦਰ ਪੂਨੀਆ, ਮੋਹਣ ਸਿੰਘ ਸੇਖੋਂ, ਕਾਮਰੇਡ ਜਤਿੰਦਰ ਪੰਨੂੰ ਦਾ ਬੇਟਾ ਅਮਿੱਟਜੋਤ ਪੰਨੂੰ ਅਤੇ ਭਾਣਜਾ ਡਿੰਪੀ ਸੰਧੂ ਆਦਿ ਵੀ ਹਾਜ਼ਰ ਸਨ

ਪ੍ਰੋਗਰਾਮ ਦੀ ਸਮਾਪਤੀ ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਵਲੋਂ ਸਾਰਿਆਂ ਦੇ ਧੰਨਵਾਦ ਅਤੇ ਪੈਰਾਵਿਲਾ ਫੰਕਸ਼ਨ ਸੈਂਟਰ ਦੇ ਮਾਲਕ, ਕਮਲਜੀਤ ਸਿੰਘ ਅਠਵਾਲ ਵਲੋਂ ਦਿੱਤੇ ਸ਼ਾਨਦਾਰ ਖਾਣੇ ਨਾਲ ਹੋਈ


No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ