ਸ਼ਬਦ ਮੰਡਲ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਹਾਣੀਕਾਰ ਸੁਖਜੀਤ ਦੀ ਨਵੀਂ ਪੁਸਤਕ ‘ਮੈਂ ਰੇਪ ਨੂੰ ਇੰਜੁਆਏ ਕਰਦੀ ਹਾਂ’ ’ਤੇ ਵਿਚਾਰ ਗੋਸ਼ਟੀ ਕਰਵਾਈ ਗਈ। ਨਵਾਂ ਜ਼ਮਾਨਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਭਰਵੀ ਗੋਸ਼ਟੀ ਵਿੱਚ ਡਾ. ਰਜਨੀਸ਼ ਬਹਾਦਰ ਸਿੰਘ ਨੇ ਪੁਸਤਕ ‘ਤੇ ਪੇਪਰ ਪੜ੍ਹਿਆ। ਪੇਪਰ ਵਿੱਚ ਉਨ੍ਹਾਂ ਨਵੀਂ ਪੰਜਾਬੀ ਕਹਾਣੀ ਦੇ ਪ੍ਰਸੰਗ ਵਿੱਚ ਸੁਖਜੀਤ ਦੀਆਂ ਕਹਾਣੀਆਂ ਦੇ ਕਈ ਨੁਕਤਿਆਂ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਇਹ ਕਹਾਣੀਆਂ ਮਰਿਆਦਾਵਾਂ ਦੀਆਂ ਕਈ ਮਿੱਥਾਂ ਨੂੰ ਤੋੜਦੀਆਂ ਹਨ। ਕਹਾਣੀਆਂ ਦਾ ਮੁੱਖ ਸੂਤਰ ਔਰਤ ਦੀ ਸਮਾਜਿਕ ਹੋਂਦ ਨਾਲ ਜੁੜਿਆ ਹੋਇਆ ਹੈ। ਸਾਡੀ ਸਮਾਜਿਕ ਵਿਵਸਥਾ ਵਿੱਚ ਕਾਮ ‘ਤੇ ਅਧਾਰਿਤ ਨੈਤਿਕਤਾ ਦੇ ਵੱਡੇ ਸਵਾਲ ਔਰਤ ਨਾਲ ਜੁੜੇ ਹੋਏ ਹਨ। ਔਰਤ ਦੀ ਨੈਤਿਕਤਾ ਨਾਲ ਜੁੜੀਆਂ ਕਹਾਣੀਆਂ ਹੋਰ ਕਈ ਕਹਾਣੀਆਂ ਨੂੰ ਜਨਮ ਦਿੰਦੀਆਂ ਹਨ। ਇਹ ਕਹਾਣੀਆਂ ਮਾਨਵੀ ਭਾਵਨਾਵਾਂ ਅਤੇ ਸਮਾਜਿਕ ਮਰਿਆਦਾਵਾਂ ਵਿੱਚ ਤਣਾਓ ਸਿਰਜਣ ਵਾਲੀਆਂ ਸੰਸਥਾਵਾਂ ਸਾਹਮਣੇ ਕਈ ਪ੍ਰਸ਼ਨ ਖੜ੍ਹੇ ਕਰਦੀਆਂ ਹਨ। ਇਨ੍ਹਾਂ ਪ੍ਰਸ਼ਨਾਂ ਦਾ ਵਿਸਤਾਰ ਘਟਨਾਵਾਂ ਅਤੇ ਪਾਤਰਾਂ ਦੇ ਕਾਰਜ ਦੁਆਰਾ ਕਿਰਿਆਸ਼ੀਲ ਹੁੰਦਾ ਹੈ। ਇਸ ਚਿੰਤਨ ਅਤੇ ਦ੍ਰਿਸ਼ਟੀ ਨੂੰ ਸੁਖਜੀਤ ਕਿੰਨਾ ਅੱਗੇ ਚਲਾਉਂਦਾ ਹੈ, ਇਹ ਉਹਦੀਆਂ ਆਉਣ ਵਾਲੀਆਂ ਕਹਾਣੀਆਂ ਹੀ ਤੈਅ ਕਰਨਗੀਆਂ।
----
ਪਰਚੇ ‘ਤੇ ਬਹਿਸ ਦੀ ਸ਼ੁਰੂਆਤ ਡਾ. ਮਨਿੰਦਰ ਸਿੰਘ ਕਾਂਗ ਨੇ ਕੀਤੀ। ਉਨ੍ਹਾਂ ਪੰਜਾਬੀ ਕਹਾਣੀ ਖੇਤਰ ਵਿੱਚ ਅਜਿਹੇ ਬੇਬਾਕ ਵਿਸ਼ੇ ਲੈਣ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਹਾਣੀਆਂ ਬਾਰੇ ਹੋਰ ਕਈ ਨੁਕਤਿਆਂ ਨੂੰ ਵੀ ਵਿਸਥਾਰ ਨਾਲ ਵਿਚਾਰਿਆ। ਕਹਾਣੀਕਾਰ ਪ੍ਰੇਮ ਪ੍ਰਕਾਸ਼ ਨੇ ਕਿਹਾ ਕਿ ਸੁਖਜੀਤ ਦੀਆਂ ਇਹ ਕਹਾਣੀਆਂ ਬੜੀਆਂ ਸ਼ਕਤੀਸ਼ਾਲੀ ਹਨ। ਇਨ੍ਹਾਂ ਨੇ ਆਲੋਚਕਾਂ ਨੂੰ ਛੇੜਿਆ ਹੈ। ਉਨ੍ਹਾਂ ਭਾਰਤੀ ਸਾਹਿਤ ਵਿਚਲੇ ਕਾਮ ਦੇ ਸੰਕਲਪ ਰਾਹੀਂ ਸੁਖਜੀਤ ਦੀਆਂ ਕਹਾਣੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਆਦਮੀ ਦੇ ਮਨ ਦੇ ਕਈ ਸ਼ੇਡ ਪੇਸ਼ ਕਰਦੀਆਂ ਹ। ਇਹੀ ਸਮਰੱਥਾ ਉਹਦੀ ਪ੍ਰਾਪਤੀ ਹੈ। ਕਹਾਣੀਆਂ ਦੇ ਪਾਤਰ ਜਾਨਦਾਰ ਹਨ। ਪਾਤਰ ਉਸਾਰੀ ਕਮਾਲ ਦੀ ਹੈ। ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਸੁਖਜੀਤ ਇਨ੍ਹਾਂ ਕਹਾਣੀਆਂ ਵਿੱਚ ਉਹ ਟੂਲ ਪੂਰੀ ਸਮਰੱਥਾ ਨਾਲ ਵਰਤਦਾ ਹੈ, ਜਿਹੜੇ ਅਸਲ ਵਿੱਚ ਦਿਖਾਈ ਨਹੀਂ ਦੇ ਰਹੇ ਹੁੰਦੇ। ਕਹਾਣੀਆਂ ਵਿੱਚ ਉਹ ਝੂਠ ਦੇ ਦੋਵੇਂ ਰੂਪ ਬੜੀ ਬਾਰੀਕੀ ਅਤੇ ਸਫਲਤਾ ਨਾਲ ਚਿਤਰਦਾ ਹੈ। ਦੇਸਰਾਜ ਕਾਲੀ ਨੇ ਕਿਹਾ ਕਿ ਸੁਖਜੀਤ ਦੀਆਂ ਕਹਾਣੀਆਂ ਪ੍ਰੇਮ ਪ੍ਰਕਾਸ਼ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਨਹੀਂ, ਸਗੋਂ ਸੁਖਜੀਤ ਉਨ੍ਹਾਂ ਦੀਆਂ ਕਹਾਣੀਆਂ ਤੋਂ ਅੱਗੇ ਦੀ ਗੱਲ ਕਰਦਾ ਹੈ। ਇਸਤੋਂ ਇਲਾਵਾ ਪ੍ਰੋ: ਜਗਵਿੰਦਰ ਜੋਧਾ, ਗਿਆਨ ਸਿੰਘ ਬੱਲ ਅਤੇ ਡਾ. ਹਰੀਸ਼ ਮਲਹੋਤਰਾ (ਯੂ.ਕੇ.) ਨੇ ਵੀ ਕਹਾਣੀਆਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰਧਾਨਗੀ ਮੰਡਲ ਵਿੱਚ ਡਾ. ਜਸ ਮੰਡ, ਹਿੰਦੀ ਸਾਹਿਤਕਾਰ ਸੁਰੇਸ਼ ਸੇਠ ਅਤੇ ਪ੍ਰਮਿੰਦਰਜੀਤ ਸ਼ਾਮਿਲ ਸਨ।
---
ਸੁਰੇਸ਼ ਸੇਠ ਨੇ ਕਹਾਣੀਆਂ ਬਾਰੇ ਹਿੰਦੀ ਸਾਹਿਤ ਦੇ ਹਵਾਲੇ ਨਾਲ ਵਿਚਾਰ ਪੇਸ਼ ਕੀਤੇ। ਉਨ੍ਹਾਂ ਸ਼ਬਦ ਮੰਡਲ ਦੇ ਕੰਮ ਨੂੰ ਵੀ ਸਲਾਹਿਆ। ਪ੍ਰਮਿੰਦਰਜੀਤ ਅਤੇ ਡਾ. ਜਸ ਮੰਡ ਨੇ ਵੀ ਕਹਾਣੀਆਂ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਗੋਸ਼ਟੀ ਵਿੱਚ ਆਰਿਫ਼ ਗੋਬਿੰਦਪੁਰੀ, ਜਿੰਦਰ, ਭਗਵੰਤ ਰਸੂਲਪੁਰੀ, ਵਿਸ਼ਾਲ, ਪ੍ਰੋ: ਮਲਵਿੰਦਰ, ਡਾ. ਕੀਰਤੀ ਕੇਸਰ, ਮੋਹਨ ਸਪਰਾ, ਯਕਮ, ਪ੍ਰੋ: ਅਨਿਲ ਧੀਮਾਨ, ਡਾ: ਅਵਿਨਾਸ਼ ਸ਼ਰਮਾ, ਡਾ: ਅਜੈ ਸ਼ਰਮਾ, ਗੀਤਾ ਡੋਗਰਾ ਅਤੇ ਸ਼ਬਦ ਮੰਡਲ ਵੱਲੋਂ ਰੀਤੂ ਕਲਸੀ, ਨਵਿਅਵੇਸ਼ ਨਵਰਾਹੀ, ਮਨਦੀਪ ਸਨੇਹੀ, ਦੀਪ ਨਿਰਮੋਹੀ, ਅਸ਼ੋਕ ਕ਼ਾਸਿਦ ਅਤੇ ਰਾਕੇਸ਼ ਆਨੰਦ ਸ਼ਾਮਿਲ ਸਨ। ਮੰਚ ਸੰਚਾਲਨ ਜਸਵੀਰ ਹੁਸੈਨ ਨੇ ਕੀਤਾ।
No comments:
Post a Comment