Saturday, April 4, 2009

ਪੰਜਾਬੀ ਸੱਥ ਵਲੋਂ 5 ਅਪ੍ਰੈਲ, 2009 ਨੂੰ ਖਾਲਸਾ ਸਕੂਲ ਲਾਂਬੜਾ ਜਲੰਧਰ ਵਿਖੇ ਸਾਲਾਨਾ ਸਮਾਗਮ

ਪੰਜਾਬੀ ਸੱਥ ਵਲੋਂ 5 ਅਪ੍ਰੈਲ, 2009 ਨੂੰ ਖਾਲਸਾ ਸਕੂਲ ਲਾਂਬੜਾ ਜਲੰਧਰ ਵਿਖੇ 19ਵੀਂ ਵਰ੍ਹੇਵਾਰ ਪਰ੍ਹਿਆ ਅਤੇ ਵਿਰਾਸਤੀ ਗਾਇਕੀ ਪਿੜ ਮੌਕੇ ਸਨਮਾਨਿਤ ਕੀਤੀਆਂ ਜਾ ਰਹੀਆਂ ਸੰਸਥਾਵਾਂ ਅਤੇ ਹਸਤੀਆਂ

ਪਿਛਲੇ ਦੋ ਦਹਾਕਿਆਂ ਤੋਂ ਪੰਜਾਬੀ ਬੋਲੀ ,ਪੰਜਾਬੀ ਵਿਰਸੇ ,ਪੰਜਾਬੀ ਸਭਿਆਚਾਰ ਅਤੇ ਪੰਜਾਬ ਦੇ ਵਿਗੜ ਰਹੇ ਵਾਤਾਵਰਨ ਨੂੰ ਸੰਭਾਲਣ ਵਿਚ ਕਾਰਜਸ਼ੀਲ 'ਪੰਜਾਬੀ ਸੱਥ' ਐਤਵਾਰ 5 ਅਪ੍ਰੈਲ ਲਾਂਬੜਾ ਦੇ ਖਾਲਸਾ ਹਾਲ ਵਿਚ ਆਪਣੀ 19ਵੀਂ ਪਰ੍ਹਿਆ ਮੌਕੇ ਸਨਮਾਨ ਸਮਾਗਮ ਦੇ ਨਾਲ ਪੰਜਾਬੀ ਵਿਰਾਸਤੀ ਗਾਇਕੀ ਦਾ ਪਿੜ ਵੀ ਲਾ ਰਹੀ ਹੈ। ਜਿਸ ਵਿਚ ਮਾਝੇ, ਮਾਲਵੇ, ਰਿਆੜਕੀ,ਪੁਆਧ ,ਲੱਖੀ ਜੰਗਲ, ਢਾਹੇ ਮੰਜਕੀ ਤੇ ਦੋਨੇ ਦੇ ਗਵੱਈਏ ਹੀਰ, ਕਵੀਸ਼ਰੀ, ਘੋੜੀਆਂ, ਅਲਗੋਜੇ, ਬੋਲੀਆਂ, ਕਲੀਆਂ, ਸ਼ਾਹਣੀ ਕੌਲਾਂ ਤੇ ਮਿਰਜ਼ੇ ਦੀ ਗਾਇਕੀ ਦੀਆ ਵੰਨਗੀਆ ਪੇਸ਼ ਕਰਨਗੇ।

ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਜੀ ਦੀ ਰਹਿਨੁਮਾਈ ਹੇਠ ਹੋਣ ਵਾਲੇ ਇਸ ਸਮਾਗਮ ਦੀ ਪ੍ਰਧਾਨਗੀ ਵਾਤਾਵਰਨ ਬਚਾਉਣ ਵਿਚ ਉੱਘਾ ਯੋਗਦਾਨ ਪਾ ਰਹੇ ਡਾ. ਬਲਬੀਰ ਸਿੰਘ ਭੌਰਾ ਕਰਨਗੇ ।

ਇਸ ਸਮਾਗਮ ਵਿਚ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ਨੂੰ ਲੋਕਾਈ ਦੀ ਸੇਵਾ ਲਈ ਕੀਤੇ ਮਹਾਨ ਕਾਰਜਾਂ, ਨਿਸ਼ਾਨ ਏ ਸਿੱਖੀ ,ਰੁੱਖਾਂ ਦੀ ਮਹਾਨ ਸੇਵਾ ਤੇ ਸੰਭਾਲ ,ਵਿੱਦਿਅਕ ਸੰਸਥਾਵਾਂ ਉਸਾਰਨ ਤੇ ਮਹਾਨ ਲੰਗਰ ਚਲਾਉਣ, ਸਾਦਾ ਗੁਰਮਤਿ ਅਨੁਸਾਰ ਪਹਿਰਾਵਾ ਤੇ ਸਾਦੀ ਰਹਿਣੀ ਬਹਿਣੀ ਲਈ ਉਹਨਾਂ ਦੀ ਮਹਾਨਤਾ ਅੱਗੇ ਸਿਰ ਝੁਕਾਉਣ ਲਈ ਉਹਨਾ ਨੂੰ ਲਾਂਬੜਾ ਵਿਚ ਬੁਲਾਇਆ ਗਿਆ ਹੈ ਤਾਂ ਕੇ ਉਹਨਾਂ ਤੋਂ ਸੇਧ ਲੈ ਕੇ ਲੋਕਾਈ ਨੂੰ ਸੇਵਾ ਦੇ ਮਹਾਨ ਕਾਰਜਾਂ ਨਾਲ ਜੋੜਿਆ ਜਾ ਸਕੇ ।

21ਵੀਂ ਸਦੀ ਦਾ ਅਜੂਬਾ-ਨਿਸ਼ਾਨ-ਏ-ਸਿੱਖੀ

ਨਿਸ਼ਾਨ-ਏ-ਸਿੱਖੀ ਦੇ ਮਕਸਦ ਅਤੇ ਨਿਸ਼ਾਨਿਆਂ ਬਾਰੇ ਗੱਲ ਕਰਦਿਆਂ ਡਾ. ਬੈਂਸ ਹੁਰਾਂ ਦਾ ਕਹਿਣਾ ਹੈ ਕਿ ਨਿਸ਼ਾਨ-ਏ-ਸਿੱਖੀ ਨੂੰ ਉਸਾਰਨ ਦਾ ਮਕਸਦ ਹੈ ਨਸ਼ਿਆਂ ਦੀ ਗ੍ਰਿਫਤ ਵਿਚ ਆਈ ਪੰਜਾਬੀ ਜਵਾਨੀ ਨੂੰ ਬਚਾਉਣ ਲਈ ਅਧੁਨਿਕ ਟੈਕਨਾਲੋਜੀ ਅਤੇ ਸਿੱਖ ਧਰਮ ਦੀਆਂ ਸਿਖਿਆਵਾਂ ਦੇ ਸੁਮੇਲ ਨਾਲ ਪ੍ਰਚਾਰ ਕਰਕੇ ਚੰਗੇਰੀ ਸੇਧ ਦੇਣਾਅੱਠ ਮੰਜ਼ਿਲਾਂ ਵਿਚੋਂ ਹਰ ਮੰਜ਼ਿਲ ਇਕ ਖਾਸ ਨਿਸ਼ਾਨੇ ਦੀ ਪੂਰਤੀ ਲਈ ਤਿਆਰ ਕੀਤੀ ਗਈ ਹੈਗਰਾਊਂਡ ਫਲੋਰ ਤੇ ਅਧੁਨਿਕ ਟੈਕਨਾਲੋਜੀ ਨੂੰ ਵਰਤਦਿਆਂ ਦੁਨੀਆ ਦਾ ਬਿਹਤਰੀਨ ਹਾਈ ਟੈਕ ਮਲਟੀਮੀਡੀਆ ਸਿੱਖ ਅਜਾਇਬ ਘਰ ਬਣਾਇਆ ਜਾਵੇਗਾ, ਜਿਥੇ ਸਿੱਖ ਧਰਮ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਟੱਚ ਸਕਰੀਨ ਤੇ ਉਪਲਬੱਧ ਹੋਵੇਗੀਇਸ ਵਿਚ ਸਾਰੇ ਧਰਮਾਂ ਦੀਆਂ ਮਨੁੱਖੀ ਕਦਰਾਂ-ਕੀਮਤਾਂ ਅਤੇ ਸਰੋਕਾਰਾਂ ਬਾਰੇ ਆਤਮਿਕ, ਮਾਨਸਿਕ ਅਤੇ ਦੁਨਿਆਵੀ ਸ਼ਾਂਤੀ ਲਈ ਧਾਰਮਿਕ ਗ੍ਰੰਥਾਂ ਦੀ ਭਾਵਪੂਰਤ ਜਾਣਕਾਰੀ ਨੂੰ ਦਰਸ਼ਕ ਪ੍ਰਾਪਤ ਕਰ ਸਕਣਗੇਦੂਸਰੀ ਮੰਜ਼ਿਲ ਤੇ ਰਿਸੈਪਸ਼ਨ ਅਤੇ ਕਾਨਫਰੰਸ ਰੂਮਜ਼ ਹੋਣਗੇ, ਜਿਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਨੂੰ ਅਯੋਜਿਤ ਕੀਤਾ ਜਾ ਸਕੇਗਾਤੀਸਰੀ ਮੰਜ਼ਿਲ ਤੇ ਰਾਸ਼ਟਰੀ ਅਤੇ ਪ੍ਰਾਂਤਕ ਪ੍ਰਤੀਯੋਗਤਾਵਾਂ ਵਾਸਤੇ ਨੌਜਵਾਨਾਂ ਦੀ ਤਿਆਰੀ ਲਈ ਰਾਖਵੀਂ ਰੱਖੀ ਗਈ ਹੈ ਤਾਂ ਕਿ ਆਈ.ਏ.ਐਸ, ਆਈ.ਪੀ.ਐਸ, ਆਈ. ਐਫ. ਐਸ. ਅਤੇ ਪੀ.ਸੀ.ਐਸ. ਆਦਿ ਪ੍ਰੀਖਿਆਵਾਂ ਲਈ ਸਾਰਥਿਕ ਉਪਰਾਲੇ ਕੀਤੇ ਜਾ ਸਕਣ ਅਤੇ ਉਹਨਾਂ ਨੂੰ ਬਿਹਤਰੀਨ ਟ੍ਰੇਨਿੰਗ ਦੇ ਕੇ ਇਹਨਾਂ ਇਮਤਿਹਾਨਾਂ ਲਈ ਤਿਆਰ ਕੀਤਾ ਜਾ ਸਕੇਇਕ ਮੰਜ਼ਿਲ ਓਲੰਪਿਕਸ ਵਾਸਤੇ ਖਿਡਾਰੀਆਂ ਨੂੰ ਤਿਆਰ ਕਰਨ ਲਈ ਬਣਾਈ ਗਈ ਹੈ ਤਾਂ ਕਿ ਛੋਟੀ ਉਮਰ ਤੋਂ ਹੀ ਖਿਡਾਰੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਆਧੁਨਿਕ ਸਹੂਲਤਾਂ ਦੇ ਕੇ ਖੇਡਾਂ ਵਿਚ ਉਚਤਮ ਪ੍ਰਾਪਤੀਆਂ ਲਈ ਤਿਆਰ ਕਰਦਿਆਂ, ਖੇਡਾਂ ਦੇ ਨਾਲ ਨਾਲ ਪੜ੍ਹਾਈ ਵਿਚ ਵੀ ਮੂਹਰੀ ਰਹਿਣ ਲਈ ਉਤਸ਼ਾਹਤ ਕਰਕੇ, ਉਹਨਾਂ ਦੀ ਸਰਬਪੱਖੀ ਸ਼ਖ਼ਸੀਅਤ ਨੂੰ ਸਿਰਜਿਆ ਜਾ ਸਕੇਇਕ ਮੰਜ਼ਿਲ ਮਨੁੱਖ ਦੀ ਸਦੀਵੀ ਹੋਂਦ ਨੂੰ ਬਚਾਉਣ ਲਈ ਸਮਰਪਿਤ ਹੋਵੇਗੀ, ਜਿਸ ਵਿਚ ਵਾਤਾਵਰਣ ਨੂੰ ਬਚਾਉਣਾ, ਨਸ਼ਿਆਂ ਦੀ ਰੋਕਥਾਮ ਲਈ ਕੌਂਸਲਰ ਅਤੇ ਸਲਾਹ ਕੇਂਦਰ, ਏਡਜ਼, ਐਚ.ਆਈ.ਵੀ. ਆਦਿ ਮਨੁੱਖ-ਮਾਰੂ ਅਲਾਮਤਾਂ ਪ੍ਰਤੀ ਲੋਕਾਂ ਨੂੰ ਸੁਚੇਤ ਕਰਨਾ, ਵੇਸਵਾਗਮਨੀ ਦੀ ਮਾਰ ਹੇਠ ਆ ਰਹੀ ਨਵੀਂ ਪੀੜ੍ਹੀ ਨੂੰ ਜਾਗਰੂਕ ਕਰਨਾ ਅਤੇ ਆਉਣ ਵਾਲੀਆਂ ਨਸਲਾਂ ਨੂੰ ਇਸ ਤੋਂ ਬਚਾਉਣ ਦੇ ਯਤਨਾਂ ਨੂੰ ਸਮਰਪਿਤ ਹੋਵੇਗੀ

ਸਾਡੀ ਰੱਬ ਅੱਗੇ ਅਰਦਾਸ ਏ ਕਿ ਉਹ ਅਜੇਹੇ ਮਹਾਂਪੁਰਸ਼ਾਂ ਦੀ ਸੁਯੋਗ ਰਹਿਨੁਮਾਈ ਦਾ ਵਰਦਾਨ, ਸਾਡੇ ਵਰਗੇ ਅਦਨੇ ਜਹੇ ਆਦਮੀਆਂ ਨੂੰ ਬਖਸ਼ਦਾ ਰਹੇ ਤਾਂ ਕਿ ਧਰਮ ਦੇ ਸੱਚੇ ਸੁੱਚੇ ਅਰਥ, ਮਨੁੱਖ ਦਾ ਮਸਤਕ-ਚਿਰਾਗ ਬਣ, ਰਾਹਾਂ ਰੁਸ਼ਨਾਉਂਦੇ ਰਹਿਣਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲੇ, ਠੁਕਰਾਲ ਪਰਿਵਾਰ ਅਤੇ ਡਾ. ਰਘਬੀਰ ਸਿੰਘ ਬੈਂਸ ਨੂੰ ਸਦੀਆਂ ਤੀਕ ਚਿਰੰਜੀਵ ਰਹਿਣ ਵਾਲੀ ਅਜੇਹੀ ਨਰੋਈ ਅਤੇ ਅਜ਼ੀਮ ਪਹਿਲਕਦਮੀ ਲਈ ਢੇਰ ਸਾਰੀਆਂ ਮੁਬਾਰਕਾਂਪੰਜਾਬੀ ਸੱਥ ਵਲੋਂ ਡਾ. ਕੁਲਵੰਤ ਕੌਰ ਪਟਿਆਲਾ ਦੇ ਪਰਿਵਾਰ ਵਲੋਂ ਆਪਣੇ ਪਿਤਾ ਸ. ਮਨਸ਼ਾ ਸਿੰਘ ਜੀ ਦੀ ਯਾਦ ਵਿਚ ਬਾਬਾ ਸੇਵਾ ਸਿੰਘ ਜੀ ਨੂੰ ਸਨਮਾਨਤ ਕਰਨ ਦਾ ਮੂਲ ਮਕਸਦ ਵੀ ਗੁਰਮਤਿ ਵਿਚਾਰਧਾਰਾ ਨੂੰ ਸਹੀ ਅਰਥਾਂ ਵਿਚ ਅਮਲ ਕਰਨ ਵਾਲੀਆਂ ਸਮੂਹ ਸੰਗਤਾਂ ਦਾ ਸਤਿਕਾਰ ਹੈਭਾਈ ਗੁਰਬਖਸ਼ ਦੇ ਉੱਚੇ ਸੁੱਚੇ ਨਾਂ ਤੇ ਦਿੱਤੇ ਜਾ ਰਹੇ ਇਸ ਪੁਰਸਕਾਰ ਦੀਆਂ ਕਾਰ ਸੇਵਾ ਖਡੂਰ ਸਾਹਿਬ ਵਾਲੇ ਸਾਰੇ ਸੇਵਕਾਂ ਨੂੰ ਹਾਰਦਿਕ ਵਧਾਈਆਂ

********

ਸਾਝਾਂ ਦੇ ਪੁਲ ਦਾ ਉਸਰੱਈਆ ਲਾਹੌਰੀਆ ਮਕਸੂਦ ਸਾਕਿਬ

ਜਨਾਬ ਮਕਸਦੂ ਸਾਕਿਬ ਦਾ ਨਾਂ ਲੈਂਦਿਆਂ ਹੀ ਜ਼ਿਹਨ ਚ ਇਕ ਅਜਿਹੇ ਇਨਸਾਨ ਦਾ ਚਿਹਰਾ-ਮੋਹਰਾ ਤੇ ਅਕਸ ਆ ਜਾਂਦਾ ਏ, ਜਿਹੜਾ ਕਾਲੇ ਕਲੂਟੇ ਸੰਤਾਲੀ ਤੋਂ ਬਾਅਦ ਜਨਮਣ ਦੇ ਬਾਵਜੂਦ ਸਾਂਝੀ ਪੰਜਾਬੀ ਰਹਿਤਲ ਨਾਲ ਪੱਕੀ ਪੀਡੀ ਤਰ੍ਹਾਂ ਜੁੜਿਆ ਹੋਇਆ ਏਪੰਜਾਹ ਪਚਵੰਜਾ ਵਰ੍ਹਿਆਂ ਦੀ ਉਮਰ ਵਿਚ ਈ ਉਹ ਪ੍ਰੋੜ, ਦਾਨਾ, ਸਿਆਣਾ, ਸੂਝਵਾਨ ਕਲਮਕਾਰ ਈ ਨਹੀਂ ਬੇਹੱਦ ਸੰਜੀਦਾ, ਫ਼ਿਕਰਮੰਦ, ਫਲਸਫੀ ਜਾਪਦਾ ਹੈ

ਸਾਂਦਲ ਬਾਰ ਦੀ ਧਰਤੀ ਸੇਖੂਪੁਰੇ ਤੋਂ ਉੱਠ ਅੱਜ ਕੱਲ੍ਹ ਉਹ ਲਾਹੌਰ ਰਹਿੰਦਾ ਹੋਇਆ ਵੀ ਹਮੇਸ਼ਾ ਲੋਕਾਂ ਨਾਲ ਖੜਾ ਹੁੰਦਾ ਹੈਅਜੋਕੇ ਨਿਜਾਮ ਦੀ ਲੁੱਟ-ਪੁੱਟ ਤੇ ਖੋਹ ਖਿੰਝ ਨੂੰ ਬਾਖੂਬੀ ਸਮਝਦਾ ਹੋਇਆ ਆਪਣੀਆਂ ਲਿਖਤਾਂ ਰਾਹੀਂ ਉਹ ਇਹਨੂੰ ਬਦਲਣ ਲਈ ਸਦਾ ਪੰਜਾਬੀਆਂ ਨੂੰ ਬਾਖਬਰ ਕਰਦਾ ਰਹਿੰਦਾ ਹੈਪਹਿਲੋਂ ਮਹੀਨੇਵਾਰ ਮਾਂ ਬੋਲੀਤੇ ਅੱਜ ਕੱਲ੍ਹ ਰਿਸਾਲੇ ਪੰਚਮਰਾਹੀਂ ਉਹਨੇ ਆਪਣੀ ਇਕ ਆਜ਼ਾਦ ਹੋਂਦ ਹਸਤੀ ਤੇ ਪਛਾਣ ਬਣਾਉਣ ਵਿਚ ਕਾਮਯਾਬੀ ਹਾਸਲ ਕਰ ਲਈ ਹੈ

ਪੰਜਾਬੀ ਅਦਬੀ ਜਗਤ ਵਿਚ ਮਕਸੂਦ ਸਾਕਿਬ ਦਾ ਆਪਣਾ ਖ਼ਾਸ ਮੁਕਾਮ ਹੈਮਾਂ ਬੋਲੀ ਤੇ ਮਾਂ ਮਿੱਟੀ ਨਾਲ ਉਹਦੀ ਜੁੜਤ ਸਿਰਫ ਜਜ਼ਬਾਤੀ ਨਹੀਂ, ਸਾਇੰਸੀ ਨਜ਼ਰੀਏ ਅਤੇ ਸਭ ਦੀ ਭਲਾਈ ਵਾਲੇ ਨਵੇਂ ਨਮੂਨੇ ਦੇ ਨਿਜਾਮ ਦਾ ਉਹ ਅਲੰਬਰਦਾਰ ਹੈਪੰਜਾਬੀ ਦੇ ਸੰਜੀਦਾ ਪਰਚਿਆਂ ਵਿਚ ਸੇਧਦਿੱਲੀ ਤੋਂ ਪਿੱਛੋਂ ਪੰਚਮਲਾਹੌਰ ਨੂੰ ਜਿਹੜੀ ਇੱਜ਼ਤ ਮਿਲੀ ਏ ਉਸਦੀ ਵਜਾਹ ਮਕਸੂਦ ਸਾਕਿਬ ਦੀ ਸੋਚ, ਹਿੰਮਤ ਤੇ ਮਿਹਨਤ ਹੈ

ਮਜ਼੍ਹਬੀ, ਸਿਆਸੀ, ਇਲਾਕਾਈ ਤੇ ਵਿਚਾਰਾਂ ਦੇ ਵੰਡ ਵਲੇਵਿਆਂ ਨੂੰ ਉਲੰਘਦਾ ਸਾਕਿਬ ਧੁਰ ਅੰਦਰੋਂ ਪੰਜਾਬ ਦੀ ਤੇ ਕੁੱਲ ਜਗਤ ਦੇ ਆਮ ਲੋਕਾਂ ਦੀ ਬੇਹਤਰੀ ਦਾ ਖ਼ਾਹਿਸ਼ਮੰਦ ਹੈਉਹ ਜਨੂੰਨੀ ਤੇ ਕਤਈ ਵੀ ਨਹੀਂ, ਪਰ ਆਪਣੀ ਬੋਲੀ ਨੂੰ ਫਾਰਸੀ, ਉਰਦੂ ਤੇ ਸੰਸਕ੍ਰਿਤ, ਹਿੰਦੀ ਦੀ ਪੁੱਠ ਚਾੜ੍ਹਨ ਤੋਂ ਉਹਨੂੰ ਗੁਰੇਜ਼ ਹੈਅੰਗਰੇਜ਼ੀ ਦੇ ਪ੍ਰਛਾਵੇਂ ਤੋਂ ਵੀ ਵਾਹ ਲੱਗਦਿਆਂ ਬਚ ਕੇ ਹੀ ਲੰਘਦਾ ਹੈਅੱਜ ਦੇ ਬਾਜਾਰੂ ਤੇ ਮੁਨਾਫੇਖੋਰੀ, ਸ਼ੌਹਰਤਬਾਜ਼ੀ ਦੇ ਦੌਰ ਵਿਚ ਆਪਣੇ ਆਪ ਨੂੰ ਅਵਾਮ ਨਾਲ ਜੋੜ ਕੇ ਰੱਖਣ ਲਈ ਬੜੇ ਜ਼ਫ਼ਰ ਜਾਲਣੇ ਪੈਂਦੇ ਨੇਜਨਾਬ ਮਕਸੂਦ ਸਾਕਿਬ ਪੰਜਾਬ ਦੀ ਇਕਜੁੱਟ ਵਿਰਾਸਤ ਨੂੰ ਸੰਭਾਲਣ, ਅੱਗੇ ਵਧਾਉਣ, ਬੋਲੀ ਦੀ ਪਾਕੀਜ਼ਗੀ ਤੇ ਪਹਿਰਾ ਦੇਣ ਦਾ ਕਿਰਦਾਰ ਨਿਭਾਅ ਕੇ ਪੰਜਾਬ ਦੇ ਟੋਟਿਆਂ ਨੂੰ ਆਪਸ ਵਿਚ ਜੋੜਨ ਦਾ ਜਿਹੜਾ ਕੰਮ ਕਰ ਰਹੇ ਨੇ, ਉਹਦੇ ਅੱਗੇ ਅਸੀਂ ਪੰਜਾਬੀ ਸੱਥ ਵਾਲੇ ਸਿਰ ਨਿਵਾਉਂਦੇ ਹਾਂਉਹਨਾਂ ਨੂੰ ਬਾਬਾ ਸ਼ੱਕਰ ਗੰਜ ਦੇ ਨਾਂ ਤੇ ਇੱਜ਼ਤ ਮਾਣ ਦੇ ਕੇ ਸਾਨੂੰ ਬੇਹੱਦ ਖੁਸ਼ੀ ਹੋ ਰਹੀ ਹੈ

ਇਹ ਨਿੱਕਾ ਜੇਹਾ ਐਵਾਰਡ ਭਾਵੇਂ ਉਹਨਾਂ ਦੇ ਕੱਦ ਕਾਠ ਜੇਡਾ ਤੇ ਨਹੀਂ ਪਰ ਸਾਡੇ ਦਿਲਾਂ ਚੋਂ ਉੱਠੀ ਤਰੰਗ ਨੇ ਪੰਚਮ’ ‘ਤੇ ਮਾਂ ਬੋਲੀਦੀਆਂ ਲਿਖਤਾਂ ਰਾਹੀਂ ਮਕਸਦੂ ਸਾਕਿਬ ਦੀ ਦੱਸ ਪਾਈ ਏਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡਾ ਇਹ ਐਵਾਰਡ ਸਾਕਿਬ ਹੋਰਾਂ ਮਨਜ਼ੂਰ ਕਰਕੇ ਪੰਜਾਬੀਆਂ ਦਾ ਮਾਣ ਵਧਾਇਆ ਏ

ਰੱਬ ਸੱਚਾ ਸਾਡੇ ਏਸ ਨਿੱਕੇ ਭਰਾ ਨੂੰ ਸਦਾ ਤੰਦਰੁਸਤੀ ਬਖਸ਼ੇ ਤਾਂ ਜੋ ਇਹ ਆਪਣੀ ਮਾਂ ਧਰਤੀ ਤੇ ਮਾਂ ਬੋਲੀ ਦਾ ਪਰਚਮ ਬੁਲੰਦ ਰੱਖਦਿਆਂ ਸਦਾ ਚੜ੍ਹਦੀਆਂ ਕਲਾਂ ਵਿਚ ਰਵ੍ਹੇਸਾਡੀ ਦਿਲੀ ਤਮੰਨਾ ਹੈ ਕਿ ਅਸੀਂ ਸਰਹੱਦੀ ਬੂਹੇ ਬਾਰੀਆਂ ਨੂੰ ਹੋਰ ਮੋਕਲਿਆਂ ਕਰਨ ਵਾਸਤੇ ਇਕ ਦੂਜੇ ਦੇ ਬਾਂਹ ਬੇਲੀ ਬਣ ਕੇ ਅੱਗੇ ਵਧੀਏ

***********

ਮਾਂ ਬੋਲੀ ਦੀ ਸਾਂਭ ਸੰਭਾਲ ਅਤੇ ਸਾਹਿਤ ਸਿਰਜਣਾ ਦਾ ਵਗਦਾ ਦਰਿਆ ਲਿਖਾਰੀ ਸਭਾ ਬਰਨਾਲਾ (ਰਜਿ.)

ਪ੍ਰੀਤਮ ਸ਼ਬਦਾਂ ਤੋਂ ਭਾਵ ਹੈ ‘‘ਪਿਆਰਾ ਸੱਚਾ ਮਿੱਤਰ’’ ਲਿਖਾਰੀ ਸਭਾ ਬਰਨਾਲਾ (ਰਜਿ.) ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਸਭਾ ਦਾ ਸ਼ੁਭ ਆਗਮਨ ਵੇਲੇ ਸੱਚੇ ਮਿੱਤਰ ਦਾ ਭਾਵ ਦੱਸਣ ਵਾਲਾ ਇਕ ਪ੍ਰੀਤਮ ਸਿੰਘ ਨਹੀਂ ਸਗੋਂ ਪ੍ਰਧਾਨ, ਸੈਕਟਰੀ ਅਤੇ ਖਜ਼ਾਨਚੀ ਦੀ ਸਥਾਪਤੀ ਲਈ ਸਭਾ ਨੂੰ ਮਾਣਯੋਗ ਪ੍ਰੀਤਮ ਸਿੰਘ ਪ੍ਰੇਮੀ, ਪ੍ਰੀਤਮ ਸਿੰਘ ਰਸੀਆ ਅਤੇ ਪ੍ਰੀਤਮ ਸਿੰਘ ਰਾਹੀ ਵਰਗੇ ਤਿੰਨ ਸੱਚੇ ਮਿੱਤਰ ਪ੍ਰਾਪਤ ਹੋਏਇਸ ਲਿਖਾਰੀ ਸਭਾ ਦੀ ਸਥਾਪਤੀ ਕੇਂਦਰੀ ਪੰਜਾਬੀ ਲੇਖਕ ਸਭਾ ਤੋਂ ਵੀ ਪਹਿਲਾਂ 1954 ਈਸਵੀ ਵਿਚ ਹੋਈਅੱਜ ਅੱਧੀ ਸਦੀ ਤੋਂ ਜ਼ਿਆਦਾ 55 ਸਾਲ ਦਾ ਸਮਾਂ ਬੀਤ ਜੀਣ ਤੇ ਇਸ ਲਿਖਾਰੀ ਸਭਾ ਦੀ ਜਿੰਦ ਜਾਨ ਸਭਾ ਦੇ ਸੈਕਟਰੀ ਮਸ਼ਹੂਰ ਪੱਤਰਕਾਰ ਜਗੀਰ ਸਿੰਘ ਜਗਤਾਰ ਅਤੇ ਪ੍ਰੋ. ਪ੍ਰੀਤਮ ਸਿੰਘ ਰਾਹੀ ਦੀ ਪ੍ਰਧਾਨਗੀ ਹੇਠ ਸਭਾ ਪੰਜਾਬੀ ਸਾਹਿਤ ਦੀ ਸਿਰਜਣਾ, ਪੰਜਾਬੀ ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਇਕ ਪਲ ਵੀ ਅਜਾਈਂ ਨਾ ਜਾਣ ਦਿੰਦੀ ਹੋਈ ਲਗਾਤਾਰ ਵਗਦੇ ਦਰਿਆ ਵਾਂਗ ਵਹਿ ਰਹੀ ਹੈਸਭਾ ਦੀ ਸਥਾਪਤੀ ਵੇਲੇ ਤੋਂ ਲੈ ਕੇ ਸਭਾ ਦੀਆਂ ਆਸ਼ਾਵਾਂ ਨੂੰ ਬੂਰ ਹੀ ਨਹੀਂ ਪਿਆ, ਸਗੋਂ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੀ ਹੋਈ ਆਪਣੀਆਂ ਆਸ਼ਾਵਾਂ ਨੂੰ ਵੀ ਪਾਰ ਕਰਦੀ ਅਗਾਂਹ ਵਧ ਰਹੀ ਹੈਇਸ ਸਭਾ ਨੂੰ ਬਰਨਾਲਾ ਜਾਂ ਇਸ ਇਲਾਕੇ ਦੇ ਨੇੜੇ ਤੇੜੇ ਦੀ ਸਭਾ ਨਹੀਂ ਕਿਹਾ ਜਾ ਸਕਦਾ, ਸਗੋਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਰੂਪੀ ਇਸ ਬਰੋਟੇ ਦੀਆਂ ਜੜ੍ਹਾਂ ਦੂਰ ਪਾਤਾਲ ਤੱਕ ਫੈਲੀਆਂ ਹੋਈਆਂ ਹਨ, ਇਸ ਦਾ ਤਣਾ, ਡਾਹਣੇ ਅਤੇ ਟਾਹਣੀਆਂ ਪੰਜਾਬ ਤੱਕ ਫੈਲੀਆਂ ਹੋਈਆਂ ਹਨ, ਇਸ ਦੀਆਂ ਛਾਵਾਂ, ਠੰਡੀਆਂ ਹਵਾਵਾਂ ਤੇ ਖੁਸ਼ਬੋਆਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ

ਲਿਖਾਰੀ ਸਭਾ ਬਰਨਾਲਾ ਵਲੋਂ ਉਨ੍ਹਾਂ ਦਾ ਕਹਿਣਾ ਹੈ ਕਿ ‘‘ਬੁੱਧੀਜੀਵੀਆਂ ਲੇਖਕ, ਕਵੀਆਂ, ਗ਼ਜ਼ਲਗੋਆਂ, ਪੱਤਰਕਾਰਾਂ, ਸਾਹਿਤਕਾਰਾਂ ਤੋਂ ਇਲਾਵਾ ਹਰ ਪੰਜਾਬੀ ਪਿਆਰੇ ਨੂੰ ਆਪਣੀ ਮਾਂ ਬੋਲੀ ਨੂੰ ਸਾਂਭਣ, ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਅਤੇ ਵਿਕਾਸ ਲਈ ਅੱਗੇ ਆਉਣਾ ਚਾਹੀਦਾ ਹੈਮਾਂ ਬੋਲੀ ਦੀ ਸੇਵਾ ਸਭ ਤੋਂ ਵੱਡਮੁੱਲੀ ਸੇਵਾ ਹੈ’’ ਉਨ੍ਹਾਂ ਆਖਿਆ, ‘‘ਸਰਕਾਰਾਂ ਆਪਣੇ ਤੌਰ ਤੇ ਜੋ ਕਰਦੀਆਂ ਹਨ ਕਰੀ ਜਾਣ ਕਈ ਵਾਰ ਸਰਕਾਰ ਦੇ ਬਣਾਏ ਕਾਨੂੰਨ ਰਾਸ ਵੀ ਆ ਸਕਦੇ ਹਨ, ਪਰ ਸਾਨੂੰ ਸਰਕਾਰਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ, ਸਗੋਂ ਆਪਣੇ ਕਾਰਜ ਆਪਣੇ ਹੱਥੀਂ ਆਪ ਹੀ ਕਰਨ ਨਾਲ ਅਸੀਂ ਸਫਲਤਾਵਾਂ ਦਾ ਵਿਕਾਸ ਦਾ ਸਹੀ ਮਾਰਗ ਦਰਸ਼ਨ ਕਰ ਸਕਾਂਗੇਸਰਕਾਰਾਂ ਸਾਡੀ ਲਿਖਾਰੀ ਸਭਾ ਲਈ ਅਨੇਕਾਂ ਵਾਰ ਲੱਖਾਂ ਰੁਪਿਆਂ ਦਾ ਐਲਾਨ ਕਰਕੇ ਗਈਆਂ ਹਨ ਪਰ ਪੈਸਾ ਕਦੇ ਕਿਸੇ ਨੇ ਇਕ ਨਹੀਂ ਦਿੱਤਾ’’

************

ਪੰਜਾਬੀ ਮਾਂ-ਬੋਲੀ ਦਾ ਸੱਚਾ ਹਿਤੈਸ਼ੀ - ਸੀ. ਆਰ. ਮੌਦਗਿਲ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ

ਪੰਜਾਬੀ ਸਾਹਿਤ ਖੇਤਰ ਵਿਚ ਸ਼੍ਰੀ ਛੋਟੂ ਰਾਮ ਮੌਦਗਿਲ ਇਕ ਹਰਮਨ ਪਿਆਰੀ ਸ਼ਖ਼ਸੀਅਤ ਹੈਲੰਮੇ ਸਮੇਂ ਤੋਂ ਆਪ ਜੀ ਸਿਰਜਣ ਪ੍ਰਕਿਰਿਆ ਰਾਹੀਂ ਆਪਣੀ ਮਾਂ-ਬੋਲੀ ਦੀ ਸੇਵਾ ਨਿਭਾਉਂਦੇ ਆ ਰਹੇ ਹੋਆਪ ਦੀਆਂ ਕਹਾਣੀਆਂ ਵਿਚ ਮਲਵਈ ਉਪ-ਭਾਸ਼ਾ ਦੀ ਖ਼ੂਬਸੂਰਤ ਰੰਗਤ ਹੈਮਾਲਵਾ ਖਿੱਤੇ ਦੇ ਜਨ-ਜੀਵਨ ਅਤੇ ਆਚਾਰ-ਵਿਹਾਰ ਦਾ ਸਜੀਵ ਚਿਤਰਨ ਪਾਠਕ ਨੂੰ ਮੋਹ ਲੈਂਦਾ ਹੈਆਪ ਦੀ ਵਾਰਤਕ ਵਿਚਲੀ ਹਲਕੀ-ਫੁਲਕੀ ਵਿਅੰਗਆਤਮਕ ਨਿਬੰਧ ਸਿਰਜਣਾ ਆਪ ਦੇ ਹਸਮੁੱਖ ਅਤੇ ਮਿਲਾਪੜੇ ਸੁਭਾਅ ਦੀ ਤਰਜਮਾਨੀ ਕਰਦੀ ਹੈ

ਸਹਿਜ, ਸੁਭਾਵਕਤਾ, ਸਪੱਸ਼ਟਤਾ, ਸੁਹਿਰਦਤਾ ਅਤੇ ਨਿਰਪੱਖ ਦ੍ਰਿਸ਼ਟੀ, ਆਪ ਜੀ ਦੀਆਂ ਰਚਨਾਵਾਂ ਦੇ ਪ੍ਰਮੁੱਖ ਗੁਣ ਹਨਆਪ ਜੀ ਦੀਆਂ ਕਵਿਤਾਵਾਂ ਸੁਰ, ਵਿਸ਼ੇ ਤੇ ਯਥਾਰਥਕ ਗੁਣਾਂ ਕਰਕੇ ਅਨਮੋਲ ਖ਼ਜ਼ਾਨਾ ਹਨਆਪ ਜੀ ਦੀ ਉਸਾਰੂ ਤੇ ਉਤਸ਼ਾਹ ਵਾਲੀ ਬਿਰਤੀ ਹੋਰ ਲੇਖਕਾਂ ਨੂੰ ਪ੍ਰੇਰਨਾ ਦੇਣ ਵਿਚ ਬਹੁਤ ਸਹਾਈ ਹੁੰਦੀ ਹੈ

ਆਪ ਜੀ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦਾ ਬਤੌਰ ਡਾਇਰੈਕਟਰ ਦਾ ਅਹੁਦਾ ਸੰਭਾਲ ਕੇ ਹਰਿਆਣਾ ਪ੍ਰਾਂਤ ਵਿਚ ਪੰਜਾਬੀ-ਭਾਸ਼ਾ ਨੂੰ ਉਤਸ਼ਾਹਤ ਤੇ ਪ੍ਰਫੁੱਲਤ ਕਰਨ ਲਈ ਇਕ ਲਹਿਰ ਵਾਂਗ ਅਦੁੱਤੀ-ਸੇਵਾ ਕਰਕੇ ਪੰਜਾਬੀ ਜਗਤ ਵਿਚ ਸ਼ੋਭਾ ਖੱਟੀ ਹੈਅਕਾਦਮੀ ਦੇ ਕਾਰਜਾਂ ਵਿਚ ਕ੍ਰਾਂਤੀ ਰੂਪ ਤਬਦੀਲੀ ਕਰ ਵਿਖਾਈ ਹੈਮਾਂ-ਬੋਲੀ ਦਾ ਹਿਤੈਸ਼ੀ ਸਪੂਤ ਦਾ ਪ੍ਰਮਾਣ ਦੇ ਕੇ ਪੰਜਾਬੀ ਭਾਸ਼ਾ ਅਤੇ ਸਾਹਿਤ ਲਈ ਆਪ ਦੀ ਅਨੂਠੀ ਸੇਵਾ ਪ੍ਰਸ਼ੰਸ਼ਾਯੋਗ ਹੈ

**************

ਦੂਰਦਰਸ਼ਨ ਜਲੰਧਰ ਨੂੰ ਪੰਜਾਬ ਅਤੇ ਪੰਜਾਬੀਅਤ ਨਾਲ ਜੋੜਨ ਵਾਲੇ ਡਾ. ਦਲਜੀਤ ਸਿੰਘ

ਅਜੋਕੇ ਦੌਰ ਨੂੰ ਸੰਚਾਰ ਤੇ ਜਾਣਕਾਰੀ ਦੇ ਵਿਸਫੋਟ ਦਾ ਯੁਗ ਆਖਿਆ ਜਾਂਦਾ ਹੈਇਹ ਹਕੀਕਤ ਵਿਚ ਇਹ ਮੀਡੀਏ ਤੇ ਉਹ ਵੀ ਟੈਲੀਵੀਜ਼ਨ ਦਾ ਯੁਗ ਹੈਟੈਲੀਵੀਜ਼ਨ ਦੀ ਆਮਦ ਨੇ ਇਨਸਾਨੀ ਜਿੰਦਗੀ ਦੇ ਹਰ ਪਸਾਰ ਨੂੰ ਨਿਰਾ ਪ੍ਰਭਾਵਿਤ ਹੀ ਨਹੀ ਕੀਤਾ ਸਗੋਂ ਉਹਦੇ ਵਿਚ ਗੁਣਾਤਮਕ ਬਦਲਾਓ ਵੀ ਲਿਆਂਦੇ ਹਨਸਮਾਜ ਵਾਸਤੇ ਇਹਨਾ ਚੋਂ ਕੁਝ ਤਬਦੀਲੀਆਂ ਬਹੁਤ ਹੀ ਲਾਭਦਾਇਕ ਤੇ ਸੇਧ ਦੇਣ ਵਾਲੀਆ ਵੀ ਹਨਪਰ ਬਹੁਤੀਆ ਸਾਨੂੰ ਕੁਰਾਹੇ ਪਾਉਣ ਤੇ ਲੀਹੋਂ ਲਾਹੁੰਣ ਵਾਲੀਆਂ ਸਾਬਤ ਹੋਈਆਂ ਹਨਪੰਜਾਬ ਵਿਚ ਟੀ.ਵੀ. 1970 ਤੋਂ ਪਿੱਛੋਂ ਦੂਰਦਰਸ਼ਨ ਦੇ ਰੂਪ ਵਿਚ ਸ਼ੁਰੂ ਹੋਇਆ

ਨੱਬੇਵਿਆ ਵਿਚ ਆ ਕੇ ਤਾਂ ਸੰਸਾਰੀਕਰਨ ਦੀ ਚੜ੍ਹਤ ਨੇ ਪ੍ਰਾਈਵੇਟ ਟੀ.ਵੀ.ਚੈਨਲਾਂ ਦੀ ਹਨੇਰੀ ਹੀ ਲੈ ਆਦੀਸਾਡੀਆਂ ਸਾਰੀਆਂ ਕਦਰਾਂ ਕੀਮਤਾ, ਰਿਸ਼ਤੇ ਨਾਤੇ , ਗੀਤ, ਸੰਗੀਤ ,ਗਿਆਨਵਿਗਿਆਨ ,ਸਾਹਿਤ,ਵਿਦਿਆ ,ਇਤਿਹਾਸਮਿਥਿਹਾਸ ,ਧਰਮਫਲਸਫਾ ,ਕਲਾ ਸੰਸਕ੍ਰਿਤੀ ਏਸ ਹਨੇਰੀ ਵਿਚ ਇਕ ਵਾਰ ਤੇ ਲਗਭੱਗ ਉੱਡ-ਪੁੱਡ ਹੀ ਗਏਟੈਲੀਵਿਜ਼ਨ ਦੀ ਪਹੁੰਚ ਝੁਗੀਆਂ, ਝੌਪੜੀਆਂ ਤੋਂ ਲੈ ਕੇ ਪਿੰਡਾਂ,ਕਸਬਿਆਂ ਅਤੇ ਸ਼ਹਿਰਾਂ ਦੇ ਹਰ ਘਰ ਵਿਚ ਹੋਣ ਕਾਰਨ ਨਵੀ ਪੀੜੀ ਖਾਸ ਕਰ ਬਾਲਾਂ, ਗੱਭਰੂਆਂ ਤੇ ਮੁਟਿਆਰਾਂ ਨੇ ਇਹਦੇ ਭੈੜੇ ਅਸਰ ਵੱਧ ਕਬੂਲੇ ਅਤੇ ਚੰਗੇ ਨਾ ਮਾਤਰਦੂਰਦਰਸ਼ਨ ਵੀ ਇਕ ਵਾਰ ਤਾਂ ਜਾਪਦਾ ਸੀ ਕਿ ਏਸ ਹੂੜਮੱਤ ਦੀ ਹਨੇਰੀ ਤੋਂ ਹਾਰ ਗਿਆ ਹੈ

ਕਹਿੰਦੇ ਨੇ ਕੁਝ ਇਨਸਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਭਿਅੰਕਰ ਤੂਫਾਨਾਂ ਦੇ ਵੀ ਮੂੰਹ ਮੋੜ ਸਕਦੇ ਹਨਪ੍ਰਮਾਤਮਾ ਨੇ ਉਹਨਾਂ ਨੂੰ ਅਜਿਹੀ ਦੂਰ-ਦ੍ਰਿਸ਼ਟੀ, ਸਮਝ ਤੇ ਸੋਝੀ ਪ੍ਰਦਾਨ ਕੀਤੀ ਹੁੰਦੀ ਹੈ ਕਿ ਉਹ ਭੈੜੇ ਤੋਂ ਭੈੜੇ ਹਾਲਾਤਾਂ ਨੂੰ ਵੀ ਸਮਾਜ ਲਈ ਲਾਹੇਬੰਦ ਬਣਾ ਸਕਣ ਦੀ ਸਮਰੱਥਾ ਰਖਦੇ ਹਨਡਾ. ਦਲਜੀਤ ਸਿੰਘ ਜੀ ਨੇ ਦੂਰਦਰਸ਼ਨ ਜਲੰਧਰ ਦੀ ਵਾਗ ਡੋਰ ਸੰਭਾਲ ਕੇ ਇਹ ਕ੍ਰਿਸ਼ਮਾ ਥੋੜੇ ਜਹੇ ਸਮੇਂ ਵਿਚ ਹੀ ਕਰ ਕੇ ਦਿਖਾ ਦਿੱਤਾ ਹੈਪੰਜਾਬ ਦੀਆ ਜੜ੍ਹਾ ਨਾਲ ਜੋੜ ਕੇ ਕੋਈ ਵਿਰਲੇ ਵਾਂਝੇ ਪ੍ਰੋਗਰਾਮ ਤਾਂ ਪਹਿਲੋਂ ਵੀ ਪ੍ਰਸਾਰਤ ਹੁੰਦੇ ਰਹਿੰਦੇ ਸਨ

ਖ਼ਬਰਾਂ ਵੀ ਲੋਕੀ ਦੂਰਦਰਸ਼ਨ ਦੀਆਂ ਹੀ ਸੁਣਦੇ ਸਨਪਰ ਭਖਦੇ ਮੁੱਦਿਆਂ ਜਿਵੇਂ ਪੰਜਾਬੀ ਉਚਾਰਨ ਤੇ ਵਿਸ਼ਿਆਂ ਪੱਖੋਂ ਜਿਹੜਾ ਬਦਲਾਅ ਪਿੱਛੇ ਜਿਹੇ ਆਇਆ ਹੈ ਉਹ ਸ਼ਲਾਘਾਯੋਗ ਹੈਬਾਜਾਰੂਕਰਣ ਦੇ ਸਮੇਂ ਵਿਚ ਲੋਕਾਂ ਦੀ ਭਲਾਈ ਤੇ ਸੂਝ-ਬੂਝ ਵਧਾਉਣ ਲਈ ਸੋਚਣਾ ਤੇ ਇਸ ਸੋਚ ਨੂੰ ਅਮਲ ਵਿਚ ਲਿਆ ਕੇ ਆਪਣੇ ਵਿਰਾਸਤੀ ਸਭਿਆਚਾਰ ਨੂੰ ਪੁਨਰ ਸਥਾਪਿਤ ਕਰਨ ਲਈ ਦੂਰਦਰਸ਼ਨ ਕੇਂਦਰ ਜਲੰਧਰ ਦਾ ਸਾਰਾ ਹੀ ਅਮਲਾ ਵਧਾਈ ਦਾ ਹੱਕਦਾਰ ਹੈਸਿਹਤ, ਵਿਦਿਆ, ਵਾਤਾਵਰਣ, ਨਸ਼ੇ, ਸੰਗੀਤ, ਕਲਾ, ਇਤਿਹਾਸ, ਫਲਸਫੇ, ਸੈਰ-ਸਪਾਟਾ, ਮਨੋਰੰਜਨ, ਜਾਣਕਾਰੀ ਨੂੰ ਆਮ ਲੋਕਾ ਤੀਕਰ ਉਹਨਾਂ ਦੇ ਆਪਣੇ ਪੱਧਰ ਤੇ ਲਿਆ ਕੇ ਪੇਸ਼ ਕਰਨਾ ਏਸ ਕੇਂਦਰ ਦੀ ਕਮਾਲ ਦੀ ਪ੍ਰਾਪਤੀ ਹੈ

ਇਸੇ ਦੌਰਾਨ ਬਦੇਸ਼ੀ ਸੱਥਾਂ ਦੇ ਸਨਮਾਨ ਸਮਾਗਮ ਹੁਨਾਲ ਰੁੱਤੇ ਯੂਰਪ ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਦੀਆਂ ਇਕਾਈਆਂ ਵਲੋਂ ਮਈ ਤੋਂ ਸਤੰਬਰ ਤੀਕ ਹੋਣਗੇਯੂਰਪੀ ਪੰਜਾਬੀ ਸੱਥ ਦੇ ਸੰਚਾਲਕ ਸ. ਮੋਤਾ ਸਿੰਘ ਸਰਾਏ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਜੂਨ/ਜੂਲਾਈ ਵਿਚ ਮਿੱਡਲੈਂਡਜ਼ ਇਲਾਕੇ ਦੇ ਕਿਸੇ ਥਾਂ ਹੋਵੇਗਾਇਸ ਮੌਕੇ ਅੱਧੀ ਸਦੀ ਤੋਂ ਪ੍ਰਦੇਸੀ ਧਰਤੀ ਉੱਤੇ ਮਾਂ ਬੋਲੀ ਦੀ ਸੇਵਾ ਵਿਚ ਜੁਟੇ ਹਫਤਾਵਾਰ ਅਖਬਾਰ ਦੇਸ ਪ੍ਰਦੇਸਸਾਊਥਹਾਲ-ਲੰਡਨ ਅਤੇ ਲਹਿੰਦੇ ਪੰਜਾਬ ਦੀ ਪਿਛੋਕੜ ਵਾਲੀ ਮਾਂ ਬੋਲੀ ਦੀ ਖ਼ਿਦਮਤਗਾਰ ਪ੍ਰਸਿੱਧ ਲੇਖਿਕਾ ਬੀਬੀ ਰਾਣੀ ਮਲਿਕ ਨੂੰ ਸਨਮਾਨਿਤ ਕੀਤਾ ਜਾਵੇਗਾ

ਪੰਜਾਬੀ ਸੱਥ ਸਰੀ ਕੈਨੇਡਾ ਦੇ ਸਮਾਗਮ ਮੌਕੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿਚ ਪੰਜਾਬੀ ਪੜ੍ਹਾ ਰਹੀ ਬੀਬੀ ਐਨ. ਮਰਫੀ ਨੂੰ ਸਾਡੀ ਬੋਲੀ ਲਈ ਕੀਤੀਆਂ ਖਿਦਮਤਾਂ ਦੀ ਸ਼ੁਕਰਗੁਜ਼ਾਰੀ ਮੌਕੇ ਉਥੋਂ ਦੀ ਸੱਥ ਵਲੋਂ ਸ. ਹਰਭਜਨ ਸਿੰਘ ਅਠਵਾਲ ਅਤੇ ਹਰਵਿੰਦਰ ਸਿੰਘ ਚਾਹਲ ਸੱਥ ਜੋੜ ਕੇ ਸਨਮਾਨਤ ਕਰਨਗੇ

ਡਾ. ਸਵਰਾਜ ਸਿੰਘ ਅਮਰੀਕਾ ਵਿਚ, ਸ. ਪਰਮਜੀਤ ਸਿੰਘ ਸੰਧੂ, ਟਰਾਂਟੋ ਵਿਚ ਅਤੇ ਕੈਲੇਫੋਰਨੀਆ ਅਤੇ ਆਸਟ੍ਰੇਲੀਆ ਦੀਆਂ ਸੱਥਾਂ ਵਾਲੇ ਆਪੋ-ਆਪਣੇ ਸਮਾਗਮ ਰਚਾਉਣਗੇ

ਰਿਪੋਰਟਰ: ਡਾ. ਨਿਰਮਲ ਸਿੰਘ

ਸੇਵਾਦਾਰ ਪੰਜਾਬੀ ਸੱਥ

No comments:

ਤੁਹਾਡੇ ਧਿਆਨ ਹਿੱਤ ਜ਼ਰੂਰੀ ਸੂਚਨਾ

ਦੋਸਤੋ! ਆਰਸੀ ਸਰਗਰਮੀਆਂ ਕਾਲਮ ਦੇ ਤਹਿਤ ਸਿਰਫ਼ ਕਿਸੇ ਖ਼ਾਸ ਸਾਹਿਤਕ ਸਮਾਗਮ ਦੀਆਂ ਰਿਪੋਰਟਾਂ ਅਤੇ ਫ਼ੋਟੋਆਂ ਹੀ ਪੋਸਟ ਕੀਤੀਆਂ ਜਾਂਦੀਆਂ ਹਨ। ਕਿਰਪਾ ਕਰਕੇ ਹਫ਼ਤੇਵਾਰ/ਮਹੀਨੇਵਾਰ ਮੀਟਿੰਗਾਂ ਦੀਆਂ ਰਿਪੋਰਟਾਂ ਨਾ ਭੇਜੀਆਂ ਜਾਣ। ਰਿਪੋਰਟ ਨੂੰ ਜਿੰਨਾ ਸੰਖੇਪ ਰੱਖ ਸਕੋਂ, ਬੇਹਤਰ ਹੋਵੇਗਾ। ਫ਼ੋਟੋਆਂ ਵੀ ਵੱਧ ਤੋਂ ਵੱਧ ਚਾਰ ਕੁ ਹੀ ਭੇਜੀਆਂ ਜਾਣ, ਤਾਂ ਕਿ ਬਹੁਤਾ ਵਕ਼ਤ ਅਸੀਂ ਸਾਰੇ ਰਲ਼ ਕੇ ਸਾਹਿਤ ਵਾਲ਼ੇ ਪਾਸੇ ਲਗਾ ਸਕੀਏ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ
ਤਨਦੀਪ ਤਮੰਨਾ